ਜਾਣੇ-ਪਛਾਣੇ ਸ਼ਾਇਰ ਅਤੇ ਲੇਖਕ ਰਵਿੰਦਰ ਸਹਿਰਾਅ ਵੱਲੋਂ ਪਾਕਿਸਤਾਨ ਦੀਆਂ ਦੋ ਯਾਤਰਾਵਾਂ ‘ਤੇ ਆਧਾਰਤ ‘ਲਾਹੌਰ ਨਾਲ਼ ਗੱਲਾਂ’ ਸਫਰਨਾਮਾ ਸਾਨੂੰ ਸਾਂਝੇ ਲਾਹੌਰ ਭਾਵ ਏਧਰਲੇ ਤੇ ਓਧਰਲੇ ਪੰਜਾਬ ਨਾਲ਼ ਜੋੜਦਾ ਹੈ। ਲਾਹੌਰ ਨਾਲ ਸਿੱਖ/ਪੰਜਾਬੀ ਭਾਈਚਾਰੇ ਦੀ ਸਾਂਝ ਜੁੜੀ ਹੋਈ ਹੈ। ਇਹ ਸਫ਼ਰਨਾਮਾ ਇਤਿਹਾਸਕ ਪਿਛੋਕੜ ਦੇ ਵੇਰਵਿਆਂ ਨਾਲ ਵੀ ਭਰਪੂਰ ਹੈ ਅਤੇ ਪਾਠਕ ਦੀਆਂ ਬਾਹਵਾਂ ਦਾ ਮੁਹੱਬਤੀ ਕਲਾਵਾ ਮੋਕਲਾ ਕਰਦਾ ਹੈ। ਪੇਸ਼ ਹੈ ਨੌਵੀਂ ਕਿਸ਼ਤ, ਜਿਸ ਵਿੱਚ ਤਾਹਿਰ ਦੇ ਦਫ਼ਤਰ, ਲਾਹੌਰ ਨੂੰ ਅਲਵਿਦਾ ਆਖਣ ਅਤੇ ਦੂਜੀ ਫੇਰੀ ਦੌਰਾਨ ਲਾਹੌਰ ਨੂੰ ਫਿਰ ਆ ਮਿਲਣ ਦਾ ਸੰਖੇਪ ਵੇਰਵਾ ਦਰਜ ਹੈ…
ਰਵਿੰਦਰ ਸਹਿਰਾਅ
ਫੋਨ: 219-900-1115
ਤਾਹਿਰ ਦੇ ਦਫ਼ਤਰ ਵਿੱਚ
ਗੌਰਮਿੰਟ ਕਾਲਜ ਯੂਨੀਵਰਸਿਟੀ ਤੋਂ ਵਿਹਲੇ ਹੋ ਕੇ ਅਸੀਂ ਤਾਹਿਰ ਦੇ ਦਫ਼ਤਰ ਵਿੱਚ ਗਏ। ਉਥੇ ਬਾਬਾ ਨਜ਼ਮੀ ਸਾਡੀ ਉਡੀਕ ਕਰ ਰਹੇ ਸਨ। ਬਾਬਾ ਜੀ ਦੀਆਂ ਮਨਮੋਹਣੀਆਂ ਗੱਲਾਂ ਨੇ ਸਾਡਾ ਦਿਲ ਲਾਈ ਰੱਖਿਆ। ਬਾਬਾ ਜੀ ਵਿੱਚ-ਵਿੱਚ ਸ਼ੇਅਰੋ-ਸ਼ਾਇਰੀ ਵੀ ਕਰਦੇ ਰਹੇ। ਉਨ੍ਹਾਂ ਤਾਹਿਰ ਦੇ ਕੰਨ ਵਿੱਚ ਕੁੱਝ ਕਿਹਾ ਪਰ ਸਾਨੂੰ ਸੁਣਿਆ ਨਾ। ਤਾਹਿਰ ਕਹਿੰਦਾ, ‘ਬਾਬਾ ਜੀ ਪੁੱਛ ਕੇ ਦੇਖਦਾਂ।’ ਮੈਂ ਕਿਹਾ, ‘ਬਈ ਕੀ ਗੱਲ ਹੈ ਸਾਨੂੰ ਵੀ ਤਾਂ ਪਤਾ ਲੱਗੇ।’
ਤਾਹਿਰ ਨੇ ਦੱਸਿਆ ਕਿ ਬਾਬਾ ਜੀ ਤੁਹਾਡਾ ਮਾਣ ਸਨਮਾਨ ਕਰਨਾ ਚਾਹੁੰਦੇ ਹਨ। ਅਸੀਂ ਨਾਂਹ ਕੀਤੀ, ਪਰ ਉਨ੍ਹਾਂ ਬਹੁਤ ਹੀ ਜ਼ੋਰ ਨਾਲ਼ ਤੇ ਬੜੇ ਪਿਆਰ ਨਾਲ਼ ਫਿਰ ਆਖਿਆ ਤਾਂ ਅਸੀਂ ਚੁੱਪ ਹੋ ਗਏ। ਬਾਬਾ ਨਜ਼ਮੀ ਜੀ ਨੀਰੂ ਲਈ ਸ਼ਾਲ ਤੇ ਮੇਰੇ ਲਈ ਲੋਈ ਲੈ ਕੇ ਆਏ ਸਨ। ਅਸੀਂ ਉਨ੍ਹਾਂ ਦੇ ਪਿਆਰ ਅੱਗੇ ਝੁਕ ਕੇ ਇਹ ਸਵੀਕਾਰ ਕਰ ਲਿਆ। ਬਾਬਾ ਜੀ ਦੀ ਲੜਕੀ ਜੋ ਪਹਿਲਾਂ ਮੈਰੀਲੈਂਡ ’ਚ ਰਹਿੰਦੀ ਸੀ, ਅੱਜ ਕਲ੍ਹ ਸ਼ਿਕਾਗੋ ਵਿੱਚ ਹੈ। ਅਸੀਂ ਬਾਬਾ ਜੀ ਨੂੰ ਕਿਹਾ ਕਿ ਜਦੋਂ ਤੁਹਾਡਾ ਅਮਰੀਕਾ ਦੀ ਫੇਰੀ ਦਾ ਬਣੇ ਤਾਂ ਸਾਨੂੰ ਜ਼ਰੂਰ ਦੱਸਣਾ; ਕਿਉਂਕਿ ਸ਼ਿਕਾਗੋ ਸਾਡੇ ਕੋਲੋਂ 60 ਮੀਲ ਦੀ ਦੂਰੀ ’ਤੇ ਹੀ ਹੈ। ਅਸੀਂ ਤੁਹਾਨੂੰ ਲੈ ਆਵਾਂਗੇ। ਉਨ੍ਹਾਂ ਨੇ ਸਾਡੇ ਨਾਲ਼ ਵਾਅਦਾ ਕੀਤਾ ਕਿ ਜਦੋਂ ਵੀ ਅਮਰੀਕਾ ਦਾ ਵੀਜ਼ਾ ਲੱਗਿਆ, ਮੈਂ ਜ਼ਰੂਰ ਮਿਲਾਂਗਾ।
ਦਫ਼ਤਰ ਤੋਂ ਵਿਹਲੇ ਹੋ ਕੇ ਤਾਹਿਰ ਸਾਨੂੰ ਇੱਕ ਰੈਸਟੋਰੈਂਟ ਵਿੱਚ ਲੰਚ ਵਾਸਤੇ ਲੈ ਗਿਆ। ਅਸੀਂ ਇਕੱਠਿਆਂ ਲੰਚ ਕੀਤਾ ਤੇ ਦੋਵਾਂ ਦਾ ਧੰਨਵਾਦ ਕੀਤਾ।
ਉਧਰ ਮੁਸ਼ਤਾਕ ਸੂਫ਼ੀ ਸਾਨੂੰ ਪਿਲਾਕ ਵਿੱਚ ਉਡੀਕ ਰਿਹਾ ਸੀ। ਸੋ ਡਰਾਈਵਰ ਸਾਨੂੰ ਉਥੇ ਲੈ ਗਿਆ। ਅਸਲ ਵਿੱਚ ਬਾਬਾ ਨਜ਼ਮੀ ਤੇ ਸੂਫ਼ੀ ਹੋਰੀਂ ਸਾਨੂੰ ਆਪੋ ਆਪਣੇ ਘਰ ਬੁਲਾਉਣਾ ਚਾਹੁੰਦੇ ਸਨ, ਪਰ ਵਕਤ ਦੀ ਕਮੀ ਕਾਰਨ ਅਸੀਂ ਇੰਜ ਨਾ ਕਰ ਸਕੇ ਤੇ ਉਨ੍ਹਾਂ ਨੂੰ ਬਾਹਰ ਹੀ ਮਿਲ ਲਿਆ ਗਿਆ। ਸਵੇਰੇ ਸਾਡੀ ਵਾਪਸੀ ਜੋ ਸੀ। ਰੱਜ ਕੇ ਗੱਲਾਂ ਵੀ ਹੋਈਆਂ। ਖ਼ਾਕਾਨ ਗਾਜੀ ਹੋਰੀਂ ਪਾਰਖੂ ਵੀ ਨੇ ਤੇ ਗੀਤਕਾਰ ਵੀ। ਫ਼ਿਲਮ ‘ਮੌਲਾ ਜੱਟ’ ਵਿੱਚ ਉਨ੍ਹਾਂ ਦੇ ਗੀਤ ਬੜੇ ਸਲਾਹੇ ਗਏ ਹਨ। ਅਸੀਂ ਫਿਰ ਮਿਲਣ ਦਾ ਵਾਅਦਾ ਕਰਕੇ ਉਨ੍ਹਾਂ ਤੋਂ ਵਿਦਾਇਗੀ ਲਈ।
ਅਲਵਿਦਾ ਲਾਹੌਰ
ਪੰਜ ਦਸੰਬਰ ਦੀ ਸ਼ਾਮ ਨੂੰ ਹੀ ਅਸੀਂ ਤਾਹਿਰ ਸੰਧੂ ਨਾਲ਼ ਸਲਾਹ ਕਰਕੇ ਤੈਅ ਕਰ ਲਿਆ ਸੀ ਕਿ ਉਹ ਅਤੇ ਸ਼ਾਹਜੇਬ ਸਵੇਰੇ ਅੱਠ ਵਜੇ ਸਾਡੇ ਕੋਲ ਹੋਟਲ ਪਹੁੰਚ ਜਾਣ ਤੇ ਅਸੀਂ ਉਥੋਂ ਨਾਸ਼ਤਾ ਕਰਕੇ ਹੀ ਵਾਹਗਾ ਬਾਰਡਰ ਵੱਲ ਚਾਲੇ ਪਾਵਾਂਗੇ। ਸਾਡਾ ਡਰਾਈਵਰ ਅਜ਼ਾਜ ਵਕਤ ਦਾ ਬੜਾ ਪਾਬੰਦ ਸੀ। ਉਹ ਸੱਤ ਵਜੇ ਹੀ ਤਾਹਿਰ ਦੇ ਘਰ ਪਹੁੰਚ ਗਿਆ ਤੇ ਠੀਕ ਅੱਠ ਵਜੇ ਉਹ ਸਾਡੇ ਕੋਲ ਹੋਟਲ ਵਿੱਚ ਸਨ।
ਅਸੀਂ ਵੀ ਤਿਆਰ-ਬਰ-ਤਿਆਰ ਸੀ। ਹੋਟਲ ਦੀ ਛੱਤ ਉੱਪਰ ਬਣੇ ਰੈਸਟੋਰੈਂਟ ਵਿੱਚ ਅਸੀਂ ਲੋੜ ਅਨੁਸਾਰ ਖਾਣਾ ਖਾਧਾ। ਛੱਤ ਤੋਂ ਸਵੇਰੇ ਧੁੰਦ ਕਾਰਨ ਲਾਹੌਰ ਥੋੜ੍ਹਾ ਧੁੰਦਲਾ-ਧੁੰਦਲਾ ਦਿਸ ਰਿਹਾ ਸੀ। ਉਂਜ ਦਿਨ ਵੇਲੇ ਦੂਰ ਤਕ ਬੜਾ ਸਾਫ਼ ਨਜ਼ਾਰਾ ਦਿਸਦਾ ਹੈ। ਏਨੇ ਦਿਨ ਇੱਥੇ ਰਹਿਣ ਕਰਕੇ ਹੋਟਲ ਅਤੇ ਰੈਸਟੋਰੈਂਟ ਦਾ ਸਾਰਾ ਸਟਾਫ਼ ਸਾਡੇ ਨਾਲ਼ ਘੁਲ-ਮਿਲ ਗਿਆ ਸੀ। ਨੌਜੁਆਨ ਮੈਨੇਜਰ ਕੁੜੀ (ਜਿਸਦਾ ਨਾਮ ਸ਼ਾਇਦ ਉਮਾ ਸੀ) ਤਾਂ ਸਾਨੂੰ ਬੱਚਿਆਂ ਵਾਂਗ ਪਿਆਰ ਕਰਦੀ ਸੀ। ਉਂਜ ਤਾਂ ਹੋਟਲ ਵਿੱਚ ਰਹਿਣ ਵਾਲੇ ਹੀ ਫ਼ਰੀ ਨਾਸ਼ਤਾ ਕਰ ਸਕਦੇ ਸਨ, ਪਰ ਸਾਡੇ ਨਾਲ਼ ਤਾਹਿਰ ਹੋਰੀਂ ਵੀ ਸ਼ਾਮਲ ਹੋ ਜਾਣ ਦੇ ਬਾਵਜੂਦ ਉਹਨੇ ਕਦੀ ਇਤਰਾਜ਼ ਨਹੀਂ ਕੀਤਾ। ਮੈਂ ਹੱਸਦਿਆਂ ਕਿਹਾ, “ਉਮਾ ਤੈਨੂੰ ਅਮਰੀਕਾ ਨਾਲ਼ ਲੈ ਚੱਲੀਏ?” ਤਾਂ ਕਹਿੰਦੀ ਮੇਰੇ ਬੰਦੇ ਦਾ ਕੀ ਬਣੂ ਫਿਰ। ਉਸਦਾ ਵਿਆਹ ਹੋਇਆਂ ਅਜੇ ਥੋੜ੍ਹਾ ਚਿਰ ਹੀ ਹੋਇਆ ਸੀ।
ਨਾਸ਼ਤੇ ਤੋਂ ਬਾਅਦ ਤੁਰਨ ਲੱਗਿਆਂ ਨੀਰੂ ਨੇ ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਪੰਜ-ਪੰਜ ਸੌ ਰੁਪਏ ਦੀ ਟਿੱਪ ਦਿੱਤੀ। ਉਨ੍ਹਾਂ ਸਾਡੇ ਨਾਲ਼ ਫ਼ੋਟੋਆਂ ਵੀ ਖਿਚਵਾਈਆਂ। ਕਹਿੰਦੇ ਅਗਲੀ ਵੇਰ ਆਉਗੇ ਤਾਂ ਸਾਡੇ ਕੋਲ ਹੀ ਠਹਿਰਿਉ। ਅਗਲੀ ਵੇਰ ਭਾਵੇਂ ਕਿਸੇ ਨੂੰ ਵੀ ਨਹੀਂ ਪਤਾ ਕੀ ਹੋਣਾ ਹੈ, ਪਰ ਅਸੀਂ ਜਿਵੇਂ ਕਹਿੰਦੇ ਹੁੰਦੇ ਨੇ, ‘ਜੀਵੇ ਆਸਾ ਤੇ ਮਰੇ ਨਿਰਾਸਾ’ ਮੁਤਾਬਕ ਉਨ੍ਹਾਂ ਨਾਲ਼ ਵਾਅਦਾ ਕੀਤਾ ਕਿ ਜ਼ਰੂਰ ਆਵਾਂਗੇ; ਤੇ ਜੇਕਰ ਤੁਸੀਂ ਇੱਥੇ ਹੀ ਕੰਮ ਕਰਦੇ ਹੋਏ ਤਾਂ ਮਿਲਾਂਗੇ ਵੀ। ਸੱਚ-ਮੁੱਚ ਹੀ ਉਹ ਸਾਰੇ ਮੁਲਾਜ਼ਮ ਜੋ ਸਾਡਾ ਬੜਾ ਖ਼ਿਆਲ ਰੱਖਦੇ ਸਨ, ਸਾਨੂੰ ਸਾਡੇ ਪਰਿਵਾਰ ਦੇ ਜੀਅ ਹੀ ਲੱਗ ਰਹੇ ਸਨ।
ਥੱਲੇ ਆਏ ਤਾਂ ਸੁਰੱਖਿਆ ਮੁਲਾਜ਼ਮ ਵੀ ਬੜੀ ਹੀ ਮੁਹੱਬਤ ਨਾਲ਼ ਮਿਲੇ। ਸਾਡਾ ਡਰਾਈਵਰ ਅਜ਼ਾਜ ਅਹਿਮਦ ਵੀ ਬੜਾ ਉਦਾਸ ਲੱਗ ਰਿਹਾ ਸੀ। ਕਹਿੰਦਾ, “ਅੱਜ ਤੱਕ ਮੈਨੂੰ ਕਿਸੇ ਵੀ ਗਾਹਕ ਨੇ ਆਪਣਿਆਂ ਵਰਗਾ ਸਲੂਕ ਨਹੀਂ ਕੀਤਾ।” ਨੀਰੂ ਨੂੰ ਕਹਿੰਦਾ, “ਬਾਜੀ ਅੱਜ ਮੈਨੂੰ ਇੰਜ ਲੱਗ ਰਿਹਾ ਜਿਵੇਂ ਮੇਰਾ ਟੱਬਰ ਮੇਰੇ ਕੋਲੋਂ ਵਿੱਛੜ ਰਿਹਾ ਹੋਵੇ।” ਉਸ ਦੀਆਂ ਗੱਲਾਂ ਨੇ ਸਾਨੂੰ ਵੀ ਭਾਵੁਕ ਕਰ ਦਿੱਤਾ।
ਹੁਣ ਉਸਦੀ ਕਾਰ ਲਾਹੌਰ-ਵਾਹਗਾ ਸੜਕ ’ਤੇ ਦੌੜ ਰਹੀ ਸੀ। ਲਾਹੌਰ ਤੋਂ ਵਾਹਗਾ ਭਾਵੇਂ ਚੌਵੀ-ਪੰਝੀ ਕਿਲੋਮੀਟਰ ਹੈ, ਪਰ ਸੜਕ ’ਤੇ ਆਵਾਜਾਈ ਜ਼ਿਆਦਾ ਹੋਣ ਕਾਰਨ ਇੱਕ ਘੰਟੇ ਦੇ ਕਰੀਬ ਲੱਗ ਜਾਂਦਾ ਹੈ। ਉਂਜ ਵੀ ਸਾਡਾ ਜੀਅ ਹੀ ਨਹੀਂ ਸੀ ਕਰਦਾ ਕਿ ਇਹ ਸਫ਼ਰ ਛੇਤੀ-ਛੇਤੀ ਮੁੱਕੇ। ਲਾਹੌਰ ਦੀਆਂ ਮਿੱਠੀਆਂ ਯਾਦਾਂ ਦੀ ਲੜੀ ਸਾਡੀ ਸੋਚ ਨੂੰ ਜਕੜੀ ਬੈਠੀ ਸੀ। ਅੰਗਰੇਜ਼ੀ ਵਾਲੇ ਕਹਿੰਦੇ ਹਨ ਕਿ ‘Lਅਹੋਰੲ ਸਿ Lਅਹੋਰੲ।’ (ਲਾਹੌਰ, ਲਾਹੌਰ ਈ ਆ।) ਇਹ ਗੱਲ ਬਿਲਕੁਲ ਠੀਕ ਨਿਕਲੀ। ਲਾਹੌਰ ਨੂੰ ਬਾਗ਼ਾਂ ਦਾ ਸ਼ਹਿਰ ਜਾਂ ਮੁਗ਼ਲ ਬਾਗ਼ਾਂ ਦਾ ਸ਼ਹਿਰ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਇੱਕ ਮਿੱਥ ਮੁਤਾਬਕ ਲਾਹੌਰ ਦਾ ਨਾਂ ਰਾਮਚੰਦਰ ਦੇ ਪੁੱਤਰ ‘ਲਵ’ ਤੋਂ ਪਿਆ ਅਤੇ ਇਸੇ ਤਰ੍ਹਾਂ ਦੂਜੇ ਪੁੱਤਰ ‘ਕੁਸ਼’ ਤੋਂ ਕਸੂਰ ਦਾ ਨਾਮ ਪਿਆ। ਪਰ ਕਈ ਇਤਿਹਾਸਕਾਰ ਇਸ ਨਾਲ਼ ਸਹਿਮਤ ਨਹੀਂ। ਪਰ ਇਹ ਕਦੀਮੀ (ਬਹੁਤ ਪੁਰਾਣਾ) ਸ਼ਹਿਰ ਹੈ। ਵੰਡ ਤੋਂ ਪਹਿਲਾਂ ਇਹ ਸੱਭਿਆਚਾਰ, ਫ਼ਿਲਮ ਇੰਡਸਟਰੀ ਅਤੇ ਹੋਰ ਸਰਗਰਮੀਆਂ ਲਈ ਮਸ਼ਹੂਰ ਸੀ। ਹੁਣ ਵੀ ਇਹ ਵਿਦਿਅਕ ਅਦਾਰਿਆਂ, ਸੂਫ਼ੀ ਕਵੀਆਂ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕਾਰਨ ਲੋਕਾਂ ਦੇ ਚੇਤਿਆਂ ਵਿੱਚ ਉੱਕਰਿਆ ਹੋਇਆ ਹੈ।
ਵਾਹਗਾ ਗੇਟ ’ਤੇ ਆ ਕੇ ਤਾਹਿਰ ਹੋਰਾਂ ਸਾਨੂੰ ਮੁਹੱਬਤੀ ਗਲ਼ਵਕੜੀਆਂ ਨਾਲ਼ ਵਿਦਾ ਕੀਤਾ ਤੇ ਅਸੀਂ ਫਿਰ ਆਉਣ ਦਾ ਵਾਅਦਾ ਕੀਤਾ।
ਇਮੀਗ੍ਰੇਸ਼ਨ ਵਾਲੇ (ਪਾਕਿ ਸਾਈਡ) ਕਹਿੰਦੇ, “ਸਰਦਾਰ ਜੀ ਸਾਡਾ ਮੁਲਕ ਕਿਹੋ ਜਿਹਾ ਲੱਗਿਆ?”
ਮੈਂ ਕਿਹਾ, “ਅਸੀਂ ਏਨੀ ਮੁਹੱਬਤ ’ਕੱਠੀ ਕਰਕੇ ਲੈ ਚੱਲੇ ਆਂ ਕਿ ਸਾਡੀਆਂ ਝੋਲੀਆਂ ਡੁੱਲ੍ਹ-ਡੁੱਲ੍ਹ ਪੈਂਦੀਆਂ ਨੇ।” ਇਹ ਗੱਲ ਹੈ ਵੀ ਸੱਚੀ ਸੀ।
ਅਲਵਿਦਾ ਲਾਹੌਰ…। ਫਿਰ ਮਿਲਾਂਗੇ।
ਦੂਜੀ ਵੇਰ ਵਾਹਗਾ ਬਾਰਡਰ ’ਤੇ
ਸਾਡੀ ਪਹਿਲੀ ਲਾਹੌਰ ਫੇਰੀ ਦੀਆਂ ਪੋਸਟਾਂ ਪੜ੍ਹ ਕੇ ਅਤੇ ਫ਼ੋਟੋਆਂ ਦੇਖ ਕੇ ਬਹੁਤ ਸਾਰੇ ਦੋਸਤਾਂ ਦੇ ਫ਼ੋਨ, ਕੁਮੈਂਟ ਆਏ ਕਿ ਉੱਥੋਂ ਦਾ ਕੀ ਹਾਲ ਹਵਾਲ ਹੈ। ਸਿਆਸੀ ਹਾਲਾਤ ਕਿਵੇਂ ਹਨ, ਕੀ ਉੱਥੇ ਜਾਣਾ ਸੁਰੱਖਿਅਤ ਹੈ ਤੇ ਕੀ ਸਾਡੇ ਪਾਸਪੋਰਟ ਉੱਪਰ ਪਾਕਿਸਤਾਨ ਦੀ ਮੋਹਰ ਲੱਗ ਜਾਣ ਕਾਰਨ ਸਾਨੂੰ ਕੋਈ ਮੁਸ਼ਕਲ ਤਾਂ ਨਹੀਂ ਆਵੇਗੀ; ਆਦਿ ਆਦਿ। ਮੇਰੇ ਭਰਾਵਾਂ ਵਰਗੇ ਦੋਸਤ ਕਮਲਜੀਤ ਵਿਰਕ ਤੇ ਸੁਖਜਿੰਦਰ (ਰਾਣਾ ਵਿਰਕ) ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਕੁਝ ਹੋਰ ਜਾਣਕਾਰਾਂ ਨੇ ਵੀ ਸਾਡੇ ਨਾਲ਼ ਜਾਣ ਦਾ ਪ੍ਰੋਗਰਾਮ ਉਲੀਕ ਲਿਆ। ਅਸੀਂ ਫ਼ਰਵਰੀ-ਮਾਰਚ ’ਚ ਜਾਣ ਦਾ ਸੋਚਿਆ। ਬਾਲਟੀਮੋਰ ’ਤੋਂ ਸੁਰਿੰਦਰ ਸਿੰਘ ਗਿੱਲ (ਡਾ.) ਨੇ ਗਿਆਰਾਂ ਜਣਿਆਂ ਦੇ ਸੱਦਾ ਪੱਤਰ ਵੀ ਮੰਗਵਾ ਲਏ, ਪਰ ਅਚਾਨਕ ਮਨਜੀਤ ਵਿਰਕ ਦੇ ਪਿਤਾ ਦੀ ਸਿਹਤ ਵਿਗੜ ਗਈ ਤੇ ਉਨ੍ਹਾਂ ਨੂੰ ਐਮਰਜੈਂਸੀ ਵਿੱਚ ਲਿਜਾਣਾ ਪਿਆ। ਉਨ੍ਹਾਂ ਸਾਰਿਆਂ ਨੇ ਜਾਣ ਦਾ ਮੁਲਤਵੀ ਕਰ ਦਿੱਤਾ, ਪਰ ਅਸੀਂ ਕਿਉਂਕਿ ਪਹਿਲਾਂ ਹੀ ਇੰਡੀਆ ਦੀਆਂ ਟਿਕਟਾਂ ਖ਼ਰੀਦ ਲਈਆਂ ਸਨ ਤੇ ਕੈਂਸਲ ਕਰਵਾਉਣ ਦੀ ਵਾਹਵਾ ਰਕਮ ਦੇਣੀ ਪੈਣੀ ਸੀ, ਸੋ ਅਸੀਂ ਦੋਵਾਂ ਜੀਆਂ ਨੇ ਹੀ ਜਾਣ ਦਾ ਤੈਅ ਕਰ ਲਿਆ। ਕੁਝ ਹਫ਼ਤੇ ਪੰਜਾਬ ਵਿੱਚ ਰਹਿਣ ਤੋਂ ਬਾਅਦ ਅਸੀਂ 25 ਫਰਵਰੀ 2024 ਨੂੰ ਵਾਹਗਾ ਬਾਰਡਰ ’ਤੇ ਪਹੁੰਚ ਗਏ।
ਪਹਿਲਾਂ ਗਏ ਹੋਣ ਕਾਰਨ ਅਸੀਂ ਅਰਾਮ ਨਾਲ਼ ਹੀ ਬਾਰਡਰ ਪਾਰ ਗਏ। ਪਿਛਲੀ ਵੇਰ ਇਮੀਗ੍ਰੇਸ਼ਨ ਦੀ ਦੇਰੀ ਕਾਰਨ ਅਸੀਂ ਤਾਹਿਰ ਸੰਧੂ ਨੂੰ ਲੇਟ ਆਉਣ ਲਈ ਕਹਿ ਦਿੱਤਾ ਸੀ, ਪਰ ਹੋਇਆ ਉਸਦੇ ਉਲਟ। ਅਸੀਂ ਬੜੀ ਜਲਦੀ ਫਾਰਗ ਹੋ ਗਏ। ਤਾਹਿਰ ਅਜੇ ਲਾਹੌਰ ਆਪਣੇ ਘਰ ਹੀ ਸੀ। ਉਹਨੇ ਸਾਨੂੰ ਉਡੀਕ ਕਰਨ ਨੂੰ ਕਿਹਾ। ਯਾਦ ਦੁਆ ਦਈਏ ਕਿ ਤਾਹਿਰ ਸੰਧੂ ਲਾਹੌਰ ਦੇ ਹੋਰ ਪੰਜਾਬੀ ਪਿਆਰਿਆਂ ਨਾਲ਼ ਰਲ਼ ਕੇ ਪੰਜਾਬੀ ਜ਼ੁਬਾਨ ਲਈ ਹਮੇਸ਼ਾ ਤਿਆਰ-ਬਰ-ਤਿਆਰ ਰਹਿੰਦਾ ਹੈ। ਅਸੀਂ ਬਾਰਡਰ ਦੇ ਲਾਹੌਰ ਵਾਲੇ ਪਾਸੇ ਬਣੀਆਂ ਕੁਝ ਦੁਕਾਨਾਂ ਮੂਹਰੇ ਬੈਠੇ ਉਡੀਕ ਕਰ ਰਹੇ ਸੀ ਤਾਂ ਪਿਛਲੇ ਸਾਲ ਜਿਸ ਕਾਮੇ ਨੇ (ਕੁਲੀ ਨੇ) ਸਾਡਾ ਸਮਾਨ ਚੁੱਕਿਆ ਸੀ, ਉਸਨੇ ਨੀਰੂ ਨੂੰ ਪਛਾਣ ਲਿਆ ਤੇ ਸਾਡੇ ਕੋਲ ਆ ਕੇ ਦੁਆ ਸਲਾਮ ਕੀਤੀ। ਨਾਮ ਉਹਦਾ ਤਾਰਿਕ ਮਹਿਮੂਦ ਸੀ। ਉਸ ਦੀ ਰਿਸ਼ਤੇਦਾਰੀ ਵਿੱਚ ਕੋਈ ਫ਼ੌਤ ਹੋ ਗਿਆ ਸੀ ਤੇ ਉਹ ਕੰਮ ਛੱਡ ਕੇ ਘਰ ਜਾਣ ਲਈ ਤਿਆਰ ਸੀ। ਸਾਡੇ ਬਿਨਾਂ ਪੁੱਛਿਆਂ ਦੱਸਿਆਂ ਹੀ ਦੁਕਾਨ ਤੋਂ ਦੋ ਪਾਣੀ ਦੀਆਂ ਬੋਤਲਾਂ, ਚਿਪਸ ਅਤੇ ਹੋਰ ਨਿੱਕ-ਸੁੱਕ ਖ਼ਰੀਦ ਲਿਆਇਆ ਤੇ ਸਾਡੇ ਟੇਬਲ ਉੱਪਰ ਰੱਖ ਦਿੱਤਾ। ਅਸੀਂ ਹੈਰਾਨ ਵੀ ਹੋਏ ਅਤੇ ਉਸ ਉਪਰ ਮੋਹ ਭਰਿਆ ਮਾਣ ਵੀ ਹੋਇਆ, ਪਰ ਅਸੀਂ ਜ਼ਿੱਦ ਕਰਕੇ ਪਾਣੀ ਦੀਆਂ ਬੋਤਲਾਂ ਤਾਂ ਰੱਖ ਲਈਆਂ ਪਰ ਦੂਜੀਆਂ ਸ਼ੈਆਂ ਵਾਪਸ ਕਰਵਾ ਦਿੱਤੀਆਂ। ਉਸ ਕਿਰਤੀ ਦੇ ਹੱਥ ਤਿਲ-ਫੁੱਲ ਦਿੱਤਾ ਅਤੇ ਸ਼ੁਕਰਾਨਾ ਕੀਤਾ। ਕਿਉਂਕਿ ਅਸੀਂ ਤਾਂ ਤਾਹਿਰ ਨੂੰ ਉਡੀਕ ਰਹੇ ਸੀ ਤੇ ਉਹਦੇ ਘਰ ਪਹੁੰਚਣਾ ਸੀ, ਉਸਨੇ ਕਿਸੇ ਹੋਰ ਕਾਮੇ (ਕੁਲੀ) ਨੂੰ ਸਾਡੇ ਸਮਾਨ ਦੀ ਜ਼ਿੰਮੇਵਾਰੀ ਸੰਭਾਲ ਦਿੱਤੀ। ਅੱਜ ਵੀ ਉਹਦੀ ਸ਼ਕਲ ਅੱਖਾਂ ਮੂਹਰੇ ਆਉਂਦੀ ਹੈ ਤਾਂ ਉਸ ’ਤੇ ਫ਼ਖ਼ਰ ਜਿਹਾ ਮਹਿਸੂਸ ਹੁੰਦਾ ਹੈ।
ਸਾਨੂੰ ਬੈਠਿਆਂ ਦੇਖ ਕੇ ਇੱਕ ਸਿੱਖ ਨੌਜਵਾਨ ਜਿਸਨੇ ਸਿਰ ’ਤੇ ਪਟਕਾ ਬੰਨਿ੍ਹਆ ਹੋਇਆ ਸੀ, ਕੋਲ ਆਇਆ ਅਤੇ ਕਹਿੰਦਾ, “ਸਾਸਰੀਕਾਲ ਜੀ! ਕਿੱਥੇ ਜਾਣਾ ਹੈ।” ਉਹ ਕੋਈ ਸਵਾਰੀ ਛੱਡਣ ਆਇਆ ਸੀ ਤੇ ਵਾਪਸੀ ’ਤੇ ਖ਼ਾਲੀ ਜਾਣਾ ਸੀ। ਅਸੀਂ ਤਾਂ ਆਪਣੇ ਮਹਿਮਾਨਾਂ ਨੂੰ ਉਡੀਕੇ ਬਿਨਾਂ ਕਿੱਧਰੇ ਨਹੀਂ ਜਾਣਾ ਸੀ, ਪਰ ਉਹ ਖਹਿੜੇ ਹੀ ਪੈ ਗਿਆ। ਕਹਿੰਦਾ ਮੈਨੂੰ ਉਨ੍ਹਾਂ ਦਾ ਫ਼ੋਨ ਦਿਉ ਮੈਂ ਉਨ੍ਹਾਂ ਨੂੰ ਦੱਸ ਦਿੰਦਾ ਹਾਂ ਤੇ ਰਾਹ ਵਿੱਚ ਜਿੱਥੇ ਵੀ ਮੇਲ ਹੋਊਗਾ ਮੈਂ ਤੁਹਾਨੂੰ ਉਤਾਰ ਦਿਆਂਗਾ। ਤੁਸੀਂ ਜਿੰਨਾ ਵੀ ਹੋ ਸਕੇ ਮੈਨੂੰ ਦੇ ਦਿਉ। ਮੈਨੂੰ ਉਹਦੀਆਂ ਗੱਲਾਂ ’ਚੋਂ ਲਾਲਚ ਸਾਫ਼ ਨਜ਼ਰ ਆ ਰਿਹਾ ਸੀ। ਸੋ ਮੈਂ ਨਾਂਹ ਕਰ ਦਿੱਤੀ। ਅੱਧੇ ਕੁ ਘੰਟੇ ਬਾਅਦ ਤਾਹਿਰ ਸੰਧੂ ਅਤੇ ਉਹਦਾ ਵਕੀਲ ਦੋਸਤ ਮੁਸਤਫ਼ਾ ਗਾਜੀ ਵੀ ਆਣ ਪਹੁੰਚੇ। ਹੋਟਲ ਸਾਡਾ ਪਿਛਲੇ ਸਾਲ ਵਾਲਾ ਓਬੈਨ (ੌਭੳਂ) ਹੀ ਸੀ। ਸ਼ਾਮ ਨੂੰ ਤਾਹਿਰ ਤੇ ਉਹਦੇ ਪਰਿਵਾਰ ਨਾਲ਼ ਮਿਲੇ ਅਤੇ ਰਾਤ ਦਾ ਖਾਣਾ ਵੀ ਉਨ੍ਹਾਂ ਦੇ ਨਾਲ਼ ਹੀ ਖਾਧਾ। ਉਸਦੀ ਬੀਵੀ ਸਾਇਮਾ ਤੇ ਬੱਚੀਆਂ ਨਵਾਲ, ਇਸ਼ਾਲ ਤੇ ਪੁੱਤਰ ਹਿਸ਼ਾਮ ਬੜੇ ਖ਼ੁਸ਼ ਸਨ। ਰਾਤ ਅਸੀਂ ਅਗਲੇ ਦਿਨ ਦਾ ਪ੍ਰੋਗਰਾਮ ਬਣਾ ਕੇ ਹੀ ਆਪਣੇ ਹੋਟਲ ਵਿੱਚ ਆ ਗਏ।
ਲਾਹੌਰ ਦਾ ਅੰਦਰੂਨੀ ਹਿੱਸਾ
26 ਫਰਵਰੀ 2024 ਦੇ ਦਿਨ ਅਸੀਂ ਲਾਹੌਰ ਦੇ ਅੰਦਰੂਨੀ ਹਿੱਸੇ ਨੂੰ ਦੇਖਣਾ ਸੀ। ਤਾਹਿਰ ਨੇ ਇਮਰਾਨ ਮੁਹੰਮਦ ਨਾਮ ਦੇ ਡਰਾਈਵਰ ਨੂੰ ਪਹਿਲਾਂ ਹੀ ਸਾਡੇ ਵਾਸਤੇ ਰਾਖਵਾਂ ਕਰ ਲਿਆ ਸੀ। ਅਸੀਂ ਚਾਹੁੰਦੇ ਸੀ ਕਿ ਪਿਛਲੇ ਸਾਲ ਵਾਲਾ ਡਰਾਈਵਰ ਹੀ ਮਿਲ ਜਾਵੇ, ਪਰ ਉਸਨੂੰ ਉਹਦੇ ਮਾਲਕ ਨੇ ਪਹਿਲਾਂ ਹੀ ਕਿਸੇ ਡਿਊਟੀ ’ਤੇ ਭੇਜ ਦਿੱਤਾ ਸੀ। ਇਮਰਾਨ ਮੁਹੰਮਦ ਪੂਰਾ ਨਮਾਜ਼ੀ ਸੀ ਤੇ ਥੋੜ੍ਹੇ ਕੀਤੇ ਸਾਡੀ ਮਜ਼੍ਹਬੀ ਕਿਸਮ ਦੇ ਬੰਦਿਆਂ ਨਾਲ਼ ਬਣਦੀ ਨਹੀਂ; ਪਰ ਉਹਨੇ ਆਪਣਾ ਆਈ.ਡੀ. ਕਾਰਡ ਦਿਖਾਇਆ ਤੇ ਦੱਸਿਆ ਕਿ ਉਹ ਪਾਰਟ ਟਾਈਮ ਫ਼ੌਜ ਦੀ ਨੌਕਰੀ ਵੀ ਕਰਦਾ ਹੈ। ਕਾਰ ਉਸਦੀ ਆਪਣੀ ਸੀ, ਜੋ ਚੰਗੀ ਹਾਲਤ ਵਿੱਚ ਸੀ। ਜਾਣ ਕੇ ਇਹ ਵੀ ਖ਼ੁਸ਼ੀ ਹੋਈ ਕਿ ਉਹ ਸਿਗਰਟ ਵਗ਼ੈਰਾ ਨਹੀਂ ਪੀਂਦਾ ਸੀ। ਉਸਨੇ ਸਾਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਅੰਦਰੂਨੀ ਬਾਜ਼ਾਰਾਂ ਵਿੱਚ ਕਾਰ ਨਹੀਂ ਜਾ ਸਕਦੀ। ਸੋ ਉਹਨੇ ਸਾਨੂੰ ਦਿੱਲੀ ਦਰਵਾਜ਼ੇ ਅੱਗੇ ਉਤਾਰ ਕੇ ਅੱਗੋਂ ਮੋਚੀ ਦਰਵਾਜ਼ੇ ਦੇ ਗੇਟ ਉੱਪਰ ਮਿਲਣਾ ਸੀ।
ਪਿਛਲੀ ਫੇਰੀ ਦੀ ਤਰ੍ਹਾਂ ਸ਼ਾਹਜੇਬ ਸਾਡੇ ਨਾਲ਼ ਸੀ ਤੇ ਅਸੀਂ ਭੀੜ ਭਰੇ ਤੰਗ ਬਾਜ਼ਾਰਾਂ ਵਿੱਚ ਪੈਦਲ ਜਾ ਰਹੇ ਸੀ। ਇੱਥੇ ਅਸੀਂ ਕੁਝ ਇਤਿਹਾਸਕ ਥਾਵਾਂ ਦੇਖਣੀਆਂ ਸਨ ਅਤੇ ਨਾਲ਼ ਦੀ ਨਾਲ਼ ਬਾਜ਼ਾਰ ਵੀ ਗਾਹੁਣੇ ਸਨ। ਤੁਰਦੇ-ਤੁਰਦੇ ਅਸੀਂ ਚੂਨਾ ਮੰਡੀ ਵਿੱਚ ਪਹੁੰਚ ਗਏ, ਜਿੱਥੇ ਗੁਰੂ ਰਾਮਦਾਸ ਜੀ ਦੀ ਯਾਦ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਗੁਰੂਘਰ ਉਸਾਰਿਆ ਗਿਆ ਸੀ। ਅਸੀਂ ਸਕਿਊਰਿਟੀ ਕੋਲ ਪਾਸਪੋਰਟ ਜਮ੍ਹਾ ਕਰਵਾ ਕੇ ਉੱਪਰ ਗਏ, ਇੱਕ ਵਕਫ਼ ਬੋਰਡ ਦਾ ਮੁਲਾਜ਼ਮ ਵੀ ਸਾਡੇ ਨਾਲ਼ ਗਿਆ। ਅਸੀਂ ਜੋੜੇ ਤਾਂ ਥੱਲੇ ਹੀ ਉਤਾਰ ਦਿੱਤੇ, ਪਰ ਜ਼ੁਰਾਬਾਂ ਪਾਈ ਰੱਖੀਆਂ ਤੇ ਗੁਰੂਘਰ ’ਚ ਪ੍ਰਕਾਸ਼ ਵਾਲੀ ਜਗ੍ਹਾ ਪਹੁੰਚੇ ਹੀ ਸੀ, ਮੁਲਾਜ਼ਮ ਨੇ ਸਾਡੀਆਂ ਜ਼ੁਰਾਬਾਂ ਵੱਲ ਇਸ਼ਾਰਾ ਕਰ ਕੇ ਕਿਹਾ ਕਿ ਇਹ ਵੀ ਲਾਹ ਕੇ ਆਉਣਾ ਸੀ, ਪਰ ਹੁਣ ਤਾਂ ਦੇਰ ਹੋ ਚੁੱਕੀ ਸੀ। ਸੋ ਉਸਨੇ ਆਖਿਆ ਕਿ ਅੱਗੇ ਤੋਂ ਖ਼ਿਆਲ ਰੱਖਿਓ।
ਅਸੀਂ ਫਿਰ ਬਾਜ਼ਾਰ ਵਿੱਚ ਆ ਗਏ। ਸਾਨੂੰ ਕਿਸੇ ਨੇ ਦੱਸਿਆ ਸੀ ਕਿ ਇੱਥੇ ਖਤਾਈਆਂ ਦੀ ਬੜੀ ਪੁਰਾਣੀ ਅਤੇ ਮਸ਼ਹੂਰ ਦੁਕਾਨ ਹੈ। ਅਸੀਂ ਪੁੱਛਦੇ ਪੁਛਾਉਂਦੇ ਇੱਕ ਤੰਗ ਜਿਹੀ ਗਲੀ ਵਿੱਚ ਉਹ ਦੁਕਾਨ ਵੀ ਲੱਭ ਲਈ। ਦੁਕਨ ਅੰਦਰੋਂ ਕਾਫ਼ੀ ਸਾਫ਼ ਸੁਥਰੀ ਸੀ ਤੇ ਗਾਹਕਾਂ ਦੀ ਲੰਮੀ ਕਤਾਰ ਸੀ। ਅਸੀਂ ਖਤਾਈਆਂ ਪੈਕ ਕਰਵਾ ਕੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ। ਇੱਕ ਮੌਲਵੀ ਕਿਸਮ ਦਾ ਵਿਅਕਤੀ ਸਾਡੇ ਵੱਲ ਬੜੀਆਂ ਕਹਿਰੀਆਂ ਜਿਹੀਆਂ ਅੱਖਾਂ ਨਾਲ਼ ਦੇਖ ਰਿਹਾ ਸੀ, ਪਰ ਉਹ ਬੋਲਿਆ ਕੁਝ ਨਾ। ਉੱਥੋਂ ਨਿਕਲ ਕੇ ਅਸੀਂ ਸਦੀ ਪੁਰਾਣੀ ਪਕੌੜਿਆਂ ਦੀ ਨਿੱਕੀ ਜਿਹੀ ਦੁਕਾਨ ਤੋਂ ਤਾਜ਼ੇ ਗਰਮ ਪਕੌੜੇ ਖਾਧੇ। ਉੱਥੇ ਗਾਹਕ ਸਾਨੂੰ ਮੋਦੀ ਸਬੰਧੀ ਸਵਾਲ ਪੁੱਛਣ ਲੱਗੇ, ਪਰ ਅਸੀਂ ਬੜੇ ਤਰੀਕੇ ਨਾਲ਼ ਉਨ੍ਹਾਂ ਦੇ ਜੁਆਬ ਦਿੱਤੇ। ਸਾਨੂੰ ਪਤਾ ਸੀ ਕਿ ਬਹੁਤੀ ਵੇਰ ਖੁਫ਼ੀਆ ਏਜੰਸੀਆਂ ਦੇ ਬੰਦੇ ਤੁਹਾਡੇ ਮਗਰ ਲੱਗ ਜਾਂਦੇ ਹਨ। ਅਸੀਂ ਕਿਹਾ, ‘ਭਾਈ ਅਸੀਂ ਤਾਂ ਅਮਰੀਕਾ ਤੋਂ ਆਏ ਹਾਂ।’ ਇੱਕ ਦੁਕਾਨ ਤੋਂ ਅਸੀਂ ਤਾਜ਼ੇ ਦਹੀਂ ਦੀ ਮਲਾਈ ਵਾਲੀ ਲੱਸੀ ਪੀਤੀ।
ਸਾਨੂੰ ਇਤਿਹਾਸਕ ‘ਲਾਲ ਖੂਹੀ’ ਦੇਖਣ ਦੀ ਕਾਹਲ ਸੀ, ਪਰ ਉਹ ਲੱਭ ਨਹੀਂ ਸੀ ਰਹੀ। ਇੱਥੇ ਗੁਰੂ ਅਰਜਨ ਦੇਵ ਜੀ ਨੂੰ ਛੇ ਦਿਨ ਭੁੱਖੇ ਤਿਹਾਏ ਰੱਖ ਕੇ ਤਸੀਹੇ ਦਿੱਤੇ ਗਏ ਸਨ। ਆਖ਼ਰ ਅਸੀਂ ਹੁਣ ਇੱਕ ਤੰਗ ਗਲੀ ਦੇ ਕੋਨੇ ’ਤੇ ਬਣੀ ‘ਲਾਲ ਖੂਹੀ’ ਜਾਂ ‘ਲਾਲ ਖੂਹ’ ਵੀ ਕਿਹਾ ਜਾਂਦਾ ਹੈ, ਨੂੰ ਲੱਭਣ ਵਿੱਚ ਕਾਮਯਾਬ ਹੋ ਗਏ। ਪਰ ਹੁਣ ਤਾਂ ਉੱਥੇ ਇੱਕ ਛੋਟੀ ਜਿਹੀ ਦੀਵਾਰ ਵਿੱਚ ਬਣੀ ਲਾਲ ਰੰਗ ਦੀ ਥਾਂ ਹੈ, ਜਿੱਥੇ ਦੀਵੇ ਬਲ ਰਹੇ ਸਨ। ਇਹ ਦੀਵੇ ਮੁਸਲਮਾਨ ਫ਼ਕੀਰਾਂ, ਦਰਵੇਸ਼ਾਂ ਦੀ ਯਾਦ ਵਿੱਚ ‘ਚਾਰ ਹੱਕ’ ਨਾਮ ਨਾਲ਼ ਜਾਣੇ ਜਾਂਦੇ ਹਨ। ਅਸੀਂ ਮੋਚੀ ਦਰਵਾਜ਼ੇ ਅੱਗੇ ਆ ਨਿਕਲੇ ਤੇ ਸਾਡਾ ਡਰਾਈਵਰ ਉੱਥੇ ਸਾਡੀ ਉਡੀਕ ਕਰ ਰਿਹਾ ਸੀ।
ਸਾਹਮਣੇ ਹੀ ਬਾਦਸ਼ਾਹੀ ਮਸਜਿਦ ਅਤੇ ਇਲਾਮਾ ਇਕਬਾਲ ਦਾ ਮਕਬਰਾ ਸੀ। ਅਸੀਂ ਜੁੱਤੀਆਂ ਜਮ੍ਹਾ ਕਰਵਾ ਕੇ ਮਸਜਿਦ ਦੇ ਅੰਦਰ ਗਏ। ਇਹ ਇੱਕ ਵੱਡ-ਆਕਾਰੀ ਤੇ ਬਹੁਤ ਵੱਡੇ ਵਿਹੜੇ, ਬਰਾਂਡਿਆਂ ਅਤੇ ਕਮਰਿਆਂ ਵਾਲੀ ਮਸਜਿਦ ਹੈ। ਇਸ ਨੂੰ ਬਾਦਸ਼ਾਹ ਔਰੰਗਜ਼ੇਬ ਵੱਲੋਂ 1671-1673 ਦੇ ਕਾਲ ਵਿੱਚ ਬਣਾਇਆ ਦੱਸਿਆ ਜਾਂਦਾ ਹੈ। ਲਾਹੌਰ ਦੇ ਲੈਂਡ ਮਾਰਕ ਥਾਵਾਂ ਵਿੱਚ ਇਸ ਦਾ ਸ਼ੁਮਾਰ ਹੈ। ਇੱਥੇ ਹਰ ਰੋਜ਼ ਨਵੇਂ ਜੋੜਿਆਂ ਦੇ ਨਿਕਾਹ ਵੀ ਕਰਵਾਏ ਜਾਂਦੇ ਹਨ। ਇਸ ਦਿਨ ਵੀ ਦੋ ਨਿਕਾਹ ਹੋ ਰਹੇ ਸੀ। ਅਸੀਂ ਘਰਦਿਆਂ ਦੀ ਇਜਾਜ਼ਤ ਲੈ ਕੇ ਨਿਕਾਹ ਵੀ ਦੇਖੇ ਤੇ ਬੱਚੀਆਂ ਨੂੰ ਆਸ਼ੀਰਵਾਦ ਵੀ ਦਿੱਤਾ। ਕਈ ਬੱਚੀਆਂ ਨੀਰੂ ਦੁਆਲ਼ੇ ਆ ਕੇ ਖਲੋ ਗਈਆਂ ਤੇ ਤਸਵੀਰਾਂ ਖਿਚਵਾਉਣ ਦੀ ਮੰਗ ਕਰਨ ਲੱਗੀਆਂ। ਬੱਚੀਆਂ ਦੇ ਮਾਪਿਆਂ ਨੇ ਸਾਡੇ ਨਾਲ਼ ਬੜਾ ਅਪਣੱਤ ਵਾਲਾ ਵਿਹਾਰ ਕੀਤਾ।
ਅਸੀਂ ਫੂਡ ਸਟਰੀਟ ’ਤੇ ਬਣੀ ਪੁਰਾਣੀ ਹਵੇਲੀ (ਰੈਸਟੋਰੈਂਟ) ਵੀ ਦੇਖੀ, ਪਰ ਉੱਥੇ ਭੀੜ ਬਹੁਤੀ ਸੀ। ਸੋ ਅਸੀਂ ਸੜਕ ਉੱਪਰ ਬਣੀ ਇੱਕ ਚਾਹ ਦੀ ਦੁਕਾਨ ਤੋਂ ਚਾਹ ਮੰਗਵਾਈ। ਕੁਝ ਦੇਰ ਅਰਾਮ ਕੀਤਾ। ਫਿਰ ਅਗਲੇ ਪੜਾਅ ਵੱਲ ਚਾਲੇ ਪਾਏ।
