ਬਾਰਾਂ ਸਾਲ ਬਾਅਦ ਬੈੱਲ ਗੱਡੀਆਂ ਦੀਆਂ ਦੌੜਾਂ ਹੋਣਾ ਇਤਿਹਾਸਕ ਗੱਲ!
ਗੁਰਭਜਨ ਗਿੱਲ (ਪ੍ਰੋ.)
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਮੌਕੇ ਪਿਛਲੇ ਦਿਨੀਂ ਬੈਲ ਗੱਡੀਆਂ ਦੀਆਂ ਦੌੜਾਂ ਸ਼ੁਰੂ ਕਰਵਾਉਣ ਪੰਜਾਬ ਦੇ ਖੇਤੀ ਤੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਪੁੱਜੇ। ਭਗਵੰਤ ਸਿੰਘ ਮਾਨ ਸਰਕਾਰ ਬੈਲ ਗੱਡੀ ਚਾਲਕਾਂ ਦੀਆਂ ਰੀਝਾਂ ਉਮੰਗਾਂ ਨੂੰ ਪੂਰਾ ਕਰਕੇ ਜੱਸ ਖੱਟਿਆ ਹੈ। ਹੁਣ ਇਹ ਜ਼ਿੰਮੇਵਾਰੀ ਬੈਲ ਗੱਡੀ ਚਾਲਕਾਂ ਦੀ ਹੈ ਕਿ ਉਹ ਨਵੇਂ ਬਣੇ ਵਿਧੀ ਵਿਧਾਨ ਤੋਂ ਲਾਂਭੇ ਨਾ ਜਾਣ।
ਕਿਲ੍ਹਾ ਰਾਏਪੁਰ ਦੀਆਂ ਖੇਡਾਂ ਮੈਂ ਪਹਿਲੀ ਵਾਰ 1974-75 ਵਿੱਚ ਵੇਖੀਆਂ ਸਨ। ਉਸ ਸਾਲ ਰਾਸ਼ਟਰਪਤੀ ਵੀ.ਵੀ. ਗਿਰੀ ਨੇ ਆਉਣਾ ਸੀ। ਧੂੜ ਤੇ ਧੁੰਦ ਕਾਰਨ ਜਹਾਜ਼ ਉਤਰ ਨਾ ਸਕਿਆ ਤੇ ਉਹ ਉਨ੍ਹੀਂ ਪੈਰੀਂ ਵਾਪਸ ਪਰਤ ਗਏ। ਸ. ਬਰਜਿੰਦਰ ਸਿੰਘ ਹਮਦਰਦ ਦੀ ਪ੍ਰੇਰਨਾ ਸਦਕਾ ਮੈਂ ਉਨ੍ਹਾਂ ਦੇ ਮਾਸਿਕ ਪੱਤਰ “ਦ੍ਰਿਸ਼ਟੀ” ਲਈ ਇਨ੍ਹਾਂ ਖੇਡਾਂ ਬਾਰੇ ਲੇਖ ਲਿਖਿਆ। ਇਸ ਵਿੱਚ ਗੁੱਜਰਵਾਲ ਵਾਲੇ ਬੋਤਾ ਚਾਲਕ ਤੇਜਾ ਸਿੰਘ ਦੀ ਤਸਵੀਰ ਸੀ। ਚਾਰ-ਚਾਰ ਬੈਲ ਗੱਡੀਆਂ ਇਕੱਠੀਆਂ ਭੱਜਦੀਆਂ ਸਨ। ਇਸ ਦੌੜ ਦੇ ਬਾਨੀ ਸ. ਬਖਸ਼ੀਸ਼ ਸਿੰਘ ਗਰੇਵਾਲ ਨੂੰ ਪਹਿਲੀ ਵਾਰ ਪਰਮਜੀਤ ਪੰਮੀ ਨੇ ਮਿਲਾਇਆ। ਉਨ੍ਹਾਂ ਦਾ ਬੇਟਾ ਸੁਰਜੀਤ ਸਿੰਘ ਗਰੇਵਾਲ ਕਈ ਸਾਲ ਇਨ੍ਹਾਂ ਖੇਡਾਂ ਦਾ ਆਗੂ ਰਿਹਾ। ਕਈ ਸਾਲ ਬਾਅਦ ਅਸਾਂ ਉਨ੍ਹਾਂ ਦੀ ਪੇਂਟਿੰਗ ਪੀ.ਏ.ਯੂ. ਅਧਿਆਪਕ ਸੁਖਵਿੰਦਰ ਸੱਗੂ ਤੋਂ ਤਿਆਰ ਕਰਵਾਈ। ਆਕਾਸ਼ਵਾਣੀ ਦੇ ਸਹਾਇਕ ਨਿਰਦੇਸ਼ਕ ਹਰਭਜਨ ਸਿੰਘ ਬਟਾਲਵੀ ਨੇ ਬਖਸ਼ੀਸ਼ ਸਿੰਘ ਦੀ ਰੇਡੀਉ ਲਈ ਇੰਟਰਵਿਊ ਕੀਤੀ ਤੇ ਲੇਖ ਵੀ ਲਿਖਿਆ। ਕਿਲ੍ਹਾ ਰਾਏਪੁਰ ਖੇਡਾਂ ਦੇ ਸੋਵੀਨਰ ਵਿੱਚ ਇਹ ਲੇਖ ਛਪਿਆ। ਨਾਮ ਸੀ: “ਬਖਸ਼ੀ ਚਾਲਕ ਨਹੀਂ ਕਿਸੇ ਬਣ ਜਾਣਾ, ਘਰ ਘਰ ਪੁੱਤ ਜੰਮਦੇ।”
ਹੁਣ ਸ. ਬਟਾਲਵੀ ਸੰਸਾਰ `ਤੇ ਨਹੀਂ ਹਨ, ਬਾਪੂ ਬਖਸ਼ੀਸ਼ ਸਿੰਘ ਵੀ ਨਹੀਂ, ਪਰ ਯਾਦ ਸਲਾਮਤ ਹੈ।
ਦਸੰਬਰ 1978 ਵਿੱਚ ਮੇਰੀ ਸ਼ਾਦੀ ਕਿਲ੍ਹਾ ਰਾਏਪੁਰ ਵਿੱਚ ਨਿਰਪਜੀਤ ਨਾਲ ਹੋਣ ਨਾਲ ਇੱਥੋਂ ਦੇ ਪਰਿਵਾਰਕ ਮਿੱਤਰਾਂ, ਹਰਭਜਨ ਕੋਚ, ਜਿੰਦੂ ਬਾਈ, ਦਲਜੀਤ ਸਿੰਘ ਗਰੇਵਾਲ, ਹਰਜੀਤ ਸਿੰਘ ਹਰੀ, ਪੰਮੀ ਘੁੱਗੀ, ਬਿੱਲੂ, ਦਾਰਾ, ਗਿਆਨ, ਸਰਬਾ, ਨੋਤੀ, ਮੀਤਾ, ਕਮਲ, ਰਾਜਵਿੰਦਰ ਤੇ ਗਿਆਨੀ ਹਰਜੀਤ ਦੇ ਅੰਗ-ਸੰਗ ਰਹਿ ਕੇ ਖੇਡਾਂ ਲਈ ਕਈ ਸਾਲ ਲਿਖਣ ਪੜ੍ਹਨ ਤੇ ਲੋਕ ਗਾਇਕਾਂ ਨੂੰ ਬੁਲਾਉਣ ਵਿੱਚ ਵੀ ਮਦਦ ਕਰਦਾ ਰਿਹਾ।
ਸ. ਜੋਗਿੰਦਰ ਸਿੰਘ ਗਰੇਵਾਲ ਪੀ.ਟੀ. ਸਾਹਿਬ ਬੜੀ ਜੀਵੰਤ ਕੁਮੈਂਟਰੀ ਕਰਦੇ। ਫਿਰ ਦਾਰਾ ਸਿੰਘ ਨੇ ਮਾਈਕ ਫੜ ਲਿਆ। ਫਿਰ ਗਿਆਨੀ ਹਰਜੀਤ ਤੇ ਕਿੰਨੇ ਹੋਰ। ਪੇਂਡੂ ਖੇਡ ਮੇਲਿਆਂ ਦੀ ਕੁਮੈਂਟਰੀ ਦੇ ਜਨਮ ਦਾਤਾ ਸ. ਜੋਗਿੰਦਰ ਸਿੰਘ ਪੀ.ਟੀ. ਸਾਹਿਬ ਨੂੰ ਹੀ ਮੰਨਿਆ ਜਾ ਸਕਦਾ ਹੈ। ਪੀ.ਟੀ. ਸਾਹਿਬ ਬਹੁਤ ਮੁਹੱਬਤੀ ਜੀਅ ਸਨ। ਉਹੀ ਕਰਮਜੀਤ ਸਿੰਘ ਧੂਰੀ ਨੂੰ ਖੇਡਾਂ `ਤੇ ਹਰ ਸਾਲ ਲਿਆਉਂਦੇ। ਉਸ ਨੂੰ ਕਾਕਾ ਧੂਰੀ ਵਾਲਾ ਖ਼ਿਤਾਬ ਵੀ ਉਨ੍ਹਾਂ ਨੇ ਹੀ ਦਿੱਤਾ ਹੋਇਆ ਸੀ। ਕਰਮਜੀਤ ਜਨਮ ਜਾਤ ਦੋਆਬੇ ਦਾ ਮਝੈਲ ਜੰਮਪਲ ਸੀ। ਬਿਆਸ ਦਰਿਆ ਦੇ ਬਿਲਕੁਲ ਕੰਢੇ ਉਸ ਦਾ ਜੱਦੀ ਪਿੰਡ ਸੀ ਮੰਡ ਬੁਤਾਲਾ। ਦਰਿਆਉਂ ਪਾਰਲੇ ਬੁਤਾਲੇ ਦੀ ਬਿਆਸ ਪਾਰਲਾ ਟੋਟਾ। ਬੱਲ ਗੋਤ ਸੀ, ਪਰ ਉਸ ਲਿਖਿਆ ਕਦੇ ਨਾ। ਚੰਗਾ ਗਾਉਣ ਕਰਕੇ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਉਸਨੂੰ ਮਾਤਾ ਗੁਜਰੀ ਕਾਲਿਜ ਫ਼ਤਹਿਗੜ੍ਹ ਸਾਹਿਬ ਲੈ ਗਏ।
ਕਿਲ੍ਹਾ ਰਾਏਪੁਰ ਖੇਡਾਂ `ਤੇ ਹੀ ਉਸ ਤੋਂ ਮੈਂ ਬੇਨਤੀ ਕਰਕੇ ਗੁਰਦੇਵ ਸਿੰਘ ਮਾਨ ਦਾ ਲਿਖਿਆ ਤੇ ਉਸ ਦਾ ਗਾਇਆ ਗੀਤ
“ਬਈ ਮਿੱਤਰਾ ਦੀ ਲੂਣ ਦੀ ਡਲ਼ੀ,
ਨੀ ਤੂੰ ਮਿਸ਼ਰੀ ਬਰੋਬਰ ਜਾਣੀਂ।
ਨੀ ਮਿੱਤਰਾਂ ਦੀ ਗੜਵੀ ਦਾ,
ਮਿੱਠਾ ਸ਼ਰਬਤ ਵਰਗਾ ਪਾਣੀ…।”
ਉਸ ਤੋਂ ਲਾਈਵ ਸੁਣਿਆ ਸੀ।
ਕਈ ਸਾਲ ਪਹਿਲਾਂ ਉਸ ਦਾ ਸਟੇਜ ਮੁਕਾਬਲਾ ਜਗਮੋਹਨ ਕੌਰ ਨਾਲ ਹੋ ਗਿਆ। ਦੋਹਾਂ ਨੂੰ ਹੀ ਪੰਜਾਬੀ ਤੇ ਉਰਦੂ ਸ਼ਾਇਰੀ ਓੜਕਾਂ ਦੀ ਯਾਦ ਸੀ। ਇੱਕ ਹਟੇ, ਦੂਜਾ ਮਾਈਕ `ਤੇ ਆਣ ਖਲੋਵੇ। ਮੁਕਾਬਲਾ ਡੇਢ ਘੰਟਾ ਚੱਲਿਆ। ਏਨਾ ਦਿਲਚਸਪ ਤੇ ਰਸਵੰਤਾ ਮੁਕਾਬਲਾ ਮੈਂ ਸਾਰੀ ਉਮਰ ਨਹੀਂ ਵੇਖ ਸਕਿਆ।
ਇਨ੍ਹਾਂ ਖੇਡਾਂ `ਤੇ ਦੋ ਵਾਰ ਸ. ਗੁਰਸ਼ਰਨ ਸਿੰਘ ਦੇ ਨਾਟਕ ਵੀ ਕਰਵਾਏ। ਇੱਕ ਵਾਰ ਤਰਕਸ਼ੀਲ ਸ਼ੋਅ ਵੀ।
ਸਵਰਗੀ ਗਾਇਕ ਸੁਰਜੀਤ ਬਿੰਦਰਖੀਆ ਨੂੰ ਪੰਮੀ ਬਾਈ ਦੇ ਕਹਿਣ `ਤੇ ਅਤੇ ਜੇਜੀ ਬੈਂਸ ਨੂੰ ਸ਼ਮਸ਼ੇਰ ਸਿੰਘ ਸੰਧੂ ਦੇ ਸੰਗ-ਸਾਥ ਪਹਿਲੀ ਵਾਰ ਇੱਥੇ ਅਸਾਂ ਹੀ ਪੇਸ਼ ਕੀਤਾ। ਮੈਨੂੰ ਯਾਦ ਹੈ, ਸੁਰਜੀਤ ਬਿੰਦਰਖੀਆ ਬੱਸ `ਤੇ ਆਇਆ ਸੀ ਪਿੰਡੋਂ। ਪੰਮੀ ਕਿਰਾਇਆ ਭਾੜਾ ਵੀ ਪੂਰਾ ਨਹੀਂ ਸੀ ਦੇ ਰਿਹਾ, ਪਰ ਅਗਲੇ ਸਾਲ ਕੈਸਿਟ ਆਉਣ ਕਾਰਨ ਸ਼ਮਸ਼ੇਰ ਸਿੰਘ ਸੰਧੂ ਦੀ ਸਿਫ਼ਾਰਿਸ਼ `ਤੇ ਪ੍ਰਬੰਧਕਾਂ ਨੇ ਦਸ ਹਜ਼ਾਰ ਦੇ ਕੇ ਬੁਲਾਇਆ।
ਜੇਜੀ ਬੈਂਸ ਨੂੰ ਸ਼ਮਸ਼ੇਰ ਲੈ ਕੇ ਆਇਆ ਸੀ। ਸੁਖਸ਼ਿੰਦਰ ਸ਼ਿੰਦਾ ਤੇ ਇੰਦਰਜੀਤ ਬੈਂਸ ਉਸ ਦੇ ਪੇਸ਼ਕਾਰ ਸਨ।
ਪਹਿਲਾਂ ਤਾਂ ਪ੍ਰਬੰਧਕ ਟਾਈਮ ਨਾ ਦੇਣ, ਪਰ ਮਰ ਕੇ ਇੱਕ ਗੀਤ ਦਾ ਸਮਾਂ ਮਿਲਿਆ। ਉਸਨੇ ਬੁਲੰਦ ਆਵਾਜ਼ ਵਿੱਚ ਜਦ ਪਹਿਲਾ ਗੀਤ ‘ਘੁੱਗੀਆਂ ਦਾ ਜੋੜਾ’ ਗਾਇਆ ਤਾਂ ਸਰੋਤੇ ਇੱਕ ਹੋਰ ਇੱਕ ਹੋਰ ਦੇ ਹੋਕਰੇ ਦੇਣ ਲੱਗੇ। ਉਸ ਇੱਥੇ ਤਿੰਨ ਗੀਤ ਹੋਰ ਗਾਏ। ਉਸ ਦਾ ਵੇਸ ਤੇ ਨਾਮ ਅੱਜ ਵਾਲਾ ਨਹੀਂ ਸੀ। ਉਸ ਨੂੰ ਤਾਂ ਭਾਵੇਂ ਇਹ ਘਟਨਾ ਵਿੱਸਰ ਗਈ ਹੋਵੇ, ਪਰ ਮੈਨੂੰ ਯਾਦ ਹੈ।
ਇੱਥੇ ਹੀ ਯੋਗ ਜਾਏ, ਕਰਮ ਸਿੰਘ, ਸਵਦੇਸ਼ ਤਲਵਾਰ, ਠਾਕੁਰ ਦਲੀਪ ਸਿੰਘ, ਜਨਮੇਜਾ ਸਿੰਘ ਜੌਹਲ, ਹਰਭਜਨ ਸਿੰਘ ਬਾਜਵਾ, ਸੰਤੋਖ ਸਿੰਘ ਮੰਡੇਰ, ਸਤਵੰਤ ਸਿੰਘ ਨੰਦੜਾ, ਤੇਜਪਰਤਾਪ ਸਿੰਘ ਸੰਧੂ, ਰਣਜੋਧ ਸਿੰਘ, ਹਰਿੰਦਰ ਢਿੱਲੋਂ ਤੇ ਕਿੰਨੇ ਹੋਰ ਫੋਟੋਗਰਾਫ਼ੀ ਕਰਕੇ ਦੇਸ਼-ਦੇਸ਼ਾਂਤਰ ਵਿੱਚ ਆਭਾ ਮੰਡਲ ਪਸਾਰਦੇ। ਦੇਸ਼ ਪ੍ਰਦੇਸ਼ ਲੰਡਨ, ਇੰਡੋ ਕੈਨੇਡੀਅਨ ਟਾਈਮਜ਼ ਮੁੱਖ ਪੰਨੇ `ਤੇ ਇਨ੍ਹਾਂ ਕਲਾਕਾਰਾਂ ਦੀਆਂ ਖਿੱਚੀਆਂ ਤਸਵੀਰਾਂ ਛਾਪਦੇ।
1986 ਵਿੱਚ ਮੈਂ ਕਿਲ੍ਹਾ ਰਾਏਪੁਰ ਖੇਡਾਂ ਲਈ ਖੇਡ ਗੀਤ ਲਿਖਿਆ। ਇਸ ਨੂੰ ਨਰਿੰਦਰ ਬੀਬਾ ਨੇ ਰੀਕਾਰਡ ਕੀਤਾ, ਜੋ ਕਈ ਸਾਲ ਖੇਡਾਂ ਦੌਰਾਨ ਵੱਜਦਾ ਰਿਹਾ।
ਆਕਾਸ਼ਵਾਣੀ ਦੇ ਦੇਹਾਤੀ ਪ੍ਰੋਗਰਾਮ ਵਿੱਚ ਵੀ ਇਹ ਪ੍ਰਸਾਰਤ ਹੋਇਆ। ਗੀਤ ਇਹ ਸੀ,
ਖੇਡਾਂ ਖੇਡੋ ਤੇ ਖਿਡਾਓ
ਐ ਪੰਜਾਬ ਵਾਸੀਓ!
ਜੜ੍ਹੋਂ ਈਰਖਾ ਮੁਕਾਓ
ਐ ਪੰਜਾਬ ਵਾਸੀਓ!
ਖੇਡਾਂ ਖੇਡਣਾ ਖਿਡਾਉਣਾ
ਸਾਡਾ ਧਰਮ ਨਿਸ਼ਾਨ।
ਸਾਡੇ ਵਾਸਤੇ ਹੈ ਏਹੀ
ਹੁਣ ਦੀਨ ਤੇ ਈਮਾਨ।
ਸਾਰੇ ਰਲ ਮਿਲ ਗਾਓ
ਐ ਪੰਜਾਬ ਵਾਸੀਓ!
ਸਾਰੇ ਧਰਮਾਂ ਦੇ ਲੋਕ
ਰਲ ਖੇਡਦੇ ਕਬੱਡੀ।
ਕਦੇ ਆਵੇ ਨਾ ਧਿਆਨ
ਕਿਹੜੀ ਜਾਤ ਛੋਟੀ ਵੱਡੀ।
ਏਹੀ ਸਬਕ ਪੜ੍ਹਾਓ
ਐ ਪੰਜਾਬ ਵਾਸੀਓ!
ਬੈਲਗੱਡੀਆਂ ਦੀ ਦੌੜ ਦਾ
ਨਜ਼ਾਰਾ ਵੇਖ ਲਓ।
ਏਕਾ ਬੌਲਦਾਂ ਦਾ ਜਿੱਤਦਾ
ਇਸ਼ਾਰਾ ਵੇਖ ਲਓ।
ਪਿਆਰ ਚੇਤਨਾ ਵਧਾਓ
ਐ ਪੰਜਾਬ ਵਾਸੀਓ!
ਪਵੇ ਕਿੱਕਲੀ ਤੇ ਗਿੱਧਾ
ਬੋਲੀ ਪਾਉਣ ਮੁਟਿਆਰਾਂ।
ਲੱਗੇ ਅੰਬਰਾਂ ਤੋਂ ਲੱਥੀਆਂ ਨੇ
ਕੂੰਜਾਂ ਦੀਆਂ ਡਾਰਾਂ।
ਕੂੰਜਾਂ ਅੱਗ ਤੋਂ ਬਚਾਓ
ਐ ਪੰਜਾਬ ਵਾਸੀਓ!
ਜੜ੍ਹੋਂ ਈਰਖਾ ਮੁਕਾਓ
ਐ ਪੰਜਾਬ ਵਾਸੀਓ!
ਇਸ ਗੀਤ ਨੂੰ ਮੈਂ ਆਪਣੇ ਗੀਤ ਸੰਗ੍ਰਹਿ ‘ਫੁੱਲਾਂ ਦੀ ਝਾਂਜਰ’ ਵਿੱਚ ਵੀ ਸ਼ਾਮਲ ਕੀਤਾ।
ਇਹ ਗੱਲ ਵੀ ਮੇਰੇ ਲਈ ਮਾਣਮੱਤੀ ਬਣ ਗਈ ਕਿ ਮੇਰੇ ਬੇਨਤੀ ਕਰਨ `ਤੇ ਸਿਰਮੌਰ ਗੀਤਕਾਰ ਇੰਦਰਜੀਤ ਹਸਨਪੁਰੀ, ਹਰਦੇਵ ਦਿਲਗੀਰ ਤੇ ਪਾਲੀ ਦੇਤਵਾਲੀਆ ਨੇ ਵੀ ਕਿਲ੍ਹਾ ਰਾਏਪੁਰ ਖੇਡਾਂ ਬਾਰੇ ਖੇਡ ਗੀਤ ਲਿਖੇ।
ਸਮਾਂ ਬੀਤ ਗਿਆ ਤੇਜ਼ ਰਫਤਾਰੀ ਵਿੱਚ। ਕਿਸੇ ਖੇਡ ਲਿਖਾਰੀ ਨੂੰ ਇਨ੍ਹਾਂ ਖੇਡਾਂ ਬਾਰੇ ਮੁਕੰਮਲ ਕਿਤਾਬ ਲਿਖਣੀ ਚਾਹੀਦੀ ਹੈ।
ਬਾਰਾਂ ਸਾਲ ਬਾਅਦ ਬੈੱਲ ਗੱਡੀਆਂ ਦੀਆਂ ਦੌੜਾਂ ਹੋਣਾ ਇਤਿਹਾਸਕ ਗੱਲ ਹੈ, ਜਿਸ ਲਈ ਪੰਜਾਬ ਵਿਧਾਨ ਸਭਾ ਤੇ ਪੰਜਾਬ ਸਰਕਾਰ ਮੁਬਾਰਕ ਦੀ ਹੱਕਦਾਰ ਹੈ।
