ਸਕਰੀਨਾਂ ਦੀ ਚਮਕ ਵਿੱਚ ਧੁੰਦਲਾਅ ਰਿਹਾ ਬਚਪਨ

ਵਿਚਾਰ-ਵਟਾਂਦਰਾ

ਬੱਚੇ ਆਨਲਾਈਨ… ਜ਼ਿੰਦਗੀ ਆਫ਼ਲਾਈਨ
*16 ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਲਗੇਗੀ ਪਾਬੰਦੀ?
ਕਮਲ ਦੁਸਾਂਝ
ਬੱਚੇ ਦੇ ਜਾਗਣ ਤੋਂ ਲੈ ਕੇ ਸੌਣ ਤਕ ਭਾਵ ਉਸ ਦੀ ਹਰ ਕਿਰਿਆ ਸੋਸ਼ਲ ਮੀਡੀਆ ਕੰਟਰੋਲ ਕਰਦਾ ਹੈ। ਦਾਦੀਆਂ-ਨਾਨੀਆਂ ਦੀਆਂ ਕਵਿਤਾ, ਕਹਾਣੀਆਂ, ਲੋਰੀਆਂ ਦੀ ਥਾਂ ਸੋਸ਼ਲ ਮੀਡੀਆ ਬੱਚਿਆਂ ਨੂੰ ‘ਕਾਰਟੂਨ’ ਬਣਾ ਰਿਹਾ ਹੈ। ਮਾਪਿਆਂ ਦੀ ਤੇਜ਼-ਰਫ਼ਤਾਰ ਜ਼ਿੰਦਗੀ ਨੇ ਮਾਸੂਮਾਂ ਨੂੰ ਇਨ੍ਹਾਂ ਉਤੇ ਪੂਰੀ ਤਰ੍ਹਾਂ ਨਿਰਭਰ ਕਰ ਦਿਤਾ ਹੈ। ਇਸ ਨਾਲ ਆਏ ਵੱਡੇ ਵਿਕਾਰਾਂ ਮਗਰੋਂ ਹੁਣ ਇਸ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਪਰ ਇਹ ਬਹੁਤ ਵੱਡੀ ਚੁਣੌਤੀ ਬਣ ਕੇ ਸਾਡੇ ਸਾਰਿਆਂ ਸਾਹਮਣੇ ਖੜੀ ਹੈ।

ਭਾਰਤ ਸਰਕਾਰ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਬਾਰੇ ਚਰਚਾ ਕਰ ਰਹੀ ਹੈ। ਭਾਰਤ ਦੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਐਲਾਨ ਕੀਤਾ ਕਿ ਭਾਰਤ ਸੋਸ਼ਲ ਮੀਡੀਆ ਕੰਪਨੀਆਂ ਨਾਲ ਉਮਰ-ਆਧਾਰਤ ਪਾਬੰਦੀਆਂ ‘ਤੇ ਚਰਚਾ ਕਰ ਰਿਹਾ ਹੈ। ਹਾਲ ਹੀ ਵਿੱਚ ਆਸਟਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿਤੀ ਹੈ। ਫਰਾਂਸ ਅਤੇ ਯੂਨਾਈਟਿਡ ਕਿੰਗਡਮ ਨੇ ਮਾਪਿਆਂ ਦੀ ਸਹਿਮਤੀ ਅਤੇ ਉਮਰ ਸੀਮਾਵਾਂ ਸਬੰਧੀ ਸਖ਼ਤ ਕਾਨੂੰਨ ਬਣਾਏ ਹਨ। ਭਾਰਤ ਵਿੱਚ ਵੀ ਇਸੇ ਤਰ੍ਹਾਂ ਦੀ ਪਾਬੰਦੀ ਬਾਰੇ ਚਰਚਾ ਸ਼ੁਰੂ ਹੋ ਗਈ ਹੈ।
ਨਵੀਂ ਦਿੱਲੀ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਮੇਲਨ ਦੌਰਾਨ ਬੋਲਦਿਆਂ ਕੇਂਦਰੀ ਮੰਤਰੀ ਵੈਸ਼ਨਵ ਨੇ ਡੀਪਫੇਕ ‘ਤੇ ਸਖ਼ਤ ਨਿਯਮਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਅਗਲੇ ਦੋ ਸਾਲਾਂ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਵਿੱਚ ਅੰਦਾਜ਼ਨ 200 ਅਰਬ ਡਾਲਰ ਨਿਵੇਸ਼ ਦੀ ਪ੍ਰਸ਼ੰਸਾ ਕੀਤੀ। ਵੈਸ਼ਨਵ ਨੇ ਕਿਹਾ, “ਬੱਚਿਆਂ ਲਈ ਸੋਸ਼ਲ ਮੀਡੀਆ ਦੀ ਵਰਤੋਂ ‘ਤੇ ਪਾਬੰਦੀ ਲਗਾਉਣਾ ਅਜਿਹਾ ਮੁੱਦਾ ਹੈ, ਜਿਸ ਨੂੰ ਬਹੁਤ ਸਾਰੇ ਦੇਸ਼ ਹੁਣ ਪਛਾਣ ਰਹੇ ਹਨ ਅਤੇ ਸੋਚ ਰਹੇ ਹਨ ਕਿ ਉਮਰ-ਆਧਾਰਤ ਪਾਬੰਦੀਆਂ ਦੀ ਲੋੜ ਹੈ। ਅਸੀਂ ਇਸ ਸਮੇਂ ਡੀਪਫੇਕਸ ਅਤੇ ਉਮਰ-ਆਧਾਰਤ ਪਾਬੰਦੀਆਂ ਬਾਰੇ ਕਈ ਸੋਸ਼ਲ ਮੀਡੀਆ ਪਲੈਟਫਾਰਮਾਂ ਨਾਲ ਚਰਚਾ ਕਰ ਰਹੇ ਹਾਂ ਅਤੇ ਇਸ ਮੁੱਦੇ ਨੂੰ ਹੱਲ ਕਰਨ ਲਈ ਢੁਕਵੀਂ ਪਹੁੰਚ ਦੀ ਪੜਚੋਲ ਕਰ ਰਹੇ ਹਾਂ।”
ਇਹ ਚਰਚਾ ਸਿਰਫ਼ ਭਾਰਤ ਤੱਕ ਸੀਮਿਤ ਨਹੀਂ ਹੈ। ਦੁਨੀਆ ਭਰ ਵਿੱਚ ਸਰਕਾਰਾਂ ਅਤੇ ਮਾਹਰ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਸੋਸ਼ਲ ਮੀਡੀਆ ਬੱਚਿਆਂ ਦੀ ਜ਼ਿੰਦਗੀ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ। ਯੂਨੀਸੇਫ਼ ਦੀ ਇੱਕ ਰਿਪੋਰਟ ਅਨੁਸਾਰ ਦੁਨੀਆ ਭਰ ਵਿੱਚ ਲਗਭਗ 33 ਫ਼ੀਸਦੀ ਇੰਟਰਨੈੱਟ ਵਰਤੋਂਕਾਰ ਬੱਚੇ ਹਨ। ਭਾਰਤ ਵਿੱਚ ਹੀ ਲਗਭਗ 85 ਕਰੋੜ ਇੰਟਰਨੈੱਟ ਵਰਤੋਂਕਾਰ ਹਨ ਅਤੇ ਉਨ੍ਹਾਂ ਵਿੱਚੋਂ ਵੱਡੀ ਗਿਣਤੀ ਨਾਬਾਲਗਾਂ ਦੀ ਹੈ। ਇੱਕ ਹਾਲੀਆ ਸਰਵੇਖਣ ਮੁਤਾਬਕ ਭਾਰਤ ਵਿੱਚ 13 ਤੋਂ 17 ਸਾਲ ਦੇ ਲਗਭਗ 75 ਫ਼ੀਸਦੀ ਬੱਚੇ ਰੋਜ਼ਾਨਾ ਸੋਸ਼ਲ ਮੀਡੀਆ ਵਰਤਦੇ ਹਨ ਅਤੇ ਉਨ੍ਹਾਂ ਵਿੱਚੋਂ 40 ਫ਼ੀਸਦੀ ਬੱਚੇ ਦਿਨ ਵਿੱਚ 4 ਘੰਟਿਆਂ ਤੋਂ ਵੱਧ ਸਮਾਂ ਸਕਰੀਨ ‘ਤੇ ਬਿਤਾਉਂਦੇ ਹਨ।
ਕੋਵਿਡ-19 ਮਹਾਂਮਾਰੀ ਤੋਂ ਬਾਅਦ ਇਹ ਰੁਝਾਨ ਹੋਰ ਵਧ ਗਿਆ ਹੈ। ਆਨਲਾਈਨ ਪੜ੍ਹਾਈ ਦੇ ਨਾਂ ‘ਤੇ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਆ ਗਿਆ ਅਤੇ ਹੌਲੀ-ਹੌਲੀ ਇਹ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਅੱਜ ਬਹੁਤ ਸਾਰੇ ਬੱਚੇ ਸਵੇਰੇ ਉੱਠਦਿਆਂ ਹੀ ਮੋਬਾਈਲ ਦੇਖਦੇ ਹਨ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਉਹੀ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਸਰੀਰਕ ਗਤੀਵਿਧੀ ਘੱਟ ਹੋ ਰਹੀ ਹੈ ਅਤੇ ਉਹ ਖੇਡਾਂ, ਕਿਤਾਬਾਂ ਅਤੇ ਪਰਿਵਾਰਕ ਗੱਲਬਾਤ ਤੋਂ ਦੂਰ ਹੋ ਰਹੇ ਹਨ।
ਭਾਰਤੀ ਮਾਹਰਾਂ ਮੁਤਾਬਕ ਮੁੱਖ ਚੁਣੌਤੀਆਂ
ਭਾਰਤੀ ਮਾਹਰਾਂ ਮੁਤਾਬਕ ਸਭ ਤੋਂ ਵੱਡੀ ਮੁਸ਼ਕਲ ਤਾਂ ਉਮਰ ਦੀ ਪੁਸ਼ਟੀ ਕਰਨਾ ਹੈ। ਪਲੈਟਫਾਰਮਾਂ ਨੂੰ ਲਾਜ਼ਮੀ ਬਣਾਉਣਾ ਪਵੇਗਾ ਕਿ ਉਹ ਬੱਚਿਆਂ ਦੀ ਉਮਰ ਚੈੱਕ ਕਰਨ, ਪਰ ਇਹ ਟੈਕਨਾਲੋਜੀ ਅਜੇ ਪੂਰੀ ਤਰ੍ਹਾਂ ਭਰੋਸੇਯੋਗ ਨਹੀਂ। ਫੇਸ ਸਕੈਨ ਜਾਂ ਏ.ਆਈ. ਐਸਟੀਮੇਸ਼ਨ ਵਿੱਚ 25–35 ਫ਼ੀਸਦ ਗ਼ਲਤੀਆਂ ਹੁੰਦੀਆਂ ਹਨ; ਖਾਸ ਕਰ ਕੇ 10–15 ਸਾਲ ਵਾਲਿਆਂ ਵਿੱਚ। ਭਾਰਤ ਵਿੱਚ ਬਹੁਤ ਸਾਰੇ ਅਕਾਊਂਟਸ ਫੈਮਿਲੀ ਮੈਂਬਰ ਜਾਂ ਦੋਸਤਾਂ ਨਾਲ਼ ਬਣਾਏ ਜਾਂਦੇ ਹਨ। ਬੱਚੇ ਵੀ.ਪੀ.ਐਨ., ਫੇਕ ਬਰਥਡੇਅ, ਨਵੇਂ ਅਕਾਊਂਟਸ ਜਾਂ ਅਣ-ਰੈਗੂਲੇਟਿਡ ਐਪਸ ਜਾਂ ਅਣਜਾਣ ਪਲੈਟਫਾਰਮ ਵਰਤ ਕੇ ਬੈਨ ਤੋੜ ਲੈਣਗੇ। ਆਸਟਰੇਲੀਆ ਵਿੱਚ ਵੀ ਇਹੀ ਹੋ ਰਿਹਾ ਹੈ ਅਤੇ ਭਾਰਤ ਵਿੱਚ ਤਾਂ ਵੀ.ਪੀ.ਐਨ. ਬਹੁਤ ਆਸਾਨੀ ਨਾਲ ਮਿਲ ਜਾਂਦੇ ਨੇ। ਇਸ ਨਾਲ ਬੱਚੇ ਹੋਰ ਅਸੁਰੱਖਿਅਤ ਥਾਵਾਂ ‘ਤੇ ਚਲੇ ਜਾਣਗੇ, ਜਿੱਥੇ ਨਿਗਰਾਨੀ ਘੱਟ ਹੈ। ਉਮਰ ਚੈੱਕ ਲਈ ਆਧਾਰ ਕਾਰਡ, ਫੇਸ ਸਕੈਨ ਜਾਂ ਹੋਰ ਆਈ.ਡੀ. ਮੰਗਣ ਨਾਲ ਬੱਚਿਆਂ ਦਾ ਸੈਂਸੇਟਿਵ ਡਾਟਾ ਖ਼ਤਰੇ ਵਿੱਚ ਪੈ ਸਕਦਾ ਹੈ। ਭਾਰਤ ਵਿੱਚ ਪਹਿਲਾਂ ਹੀ ਡਾਟਾ ਬ੍ਰੀਚ ਦੀਆਂ ਘਟਨਾਵਾਂ ਬਹੁਤ ਹਨ। ਇਸ ਤੋਂ ਇਲਾਵਾ ਕਾਨੂੰਨੀ ਅਤੇ ਸੰਵਿਧਾਨਕ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ (ਂਛ੍ਰਭ) ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਸਾਈਬਰ ਅਪਰਾਧਾਂ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। 2022 ਵਿੱਚ ਲਗਭਗ 65,000 ਸਾਈਬਰ ਅਪਰਾਧ ਦਰਜ ਹੋਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਨੌਜਵਾਨਾਂ ਅਤੇ ਬੱਚਿਆਂ ਨਾਲ ਜੁੜੀ ਸੀ। ਇਹ ਦਰਸਾਉਂਦਾ ਹੈ ਕਿ ਆਨਲਾਈਨ ਦੁਨੀਆ ਬੱਚਿਆਂ ਲਈ ਕਿੰਨੀ ਖ਼ਤਰਨਾਕ ਹੋ ਸਕਦੀ ਹੈ।
ਸਮਾਜਕ ਅਤੇ ਮਾਨਸਿਕ ਪ੍ਰਭਾਵ
ਬੱਚੇ ਇਕੱਲਤਾ ਮਹਿਸੂਸ ਕਰ ਸਕਦੇ ਹਨ, ਦੋਸਤਾਂ ਨਾਲ ਸੰਪਰਕ ਟੁੱਟ ਸਕਦੇ ਹਨ ਜਾਂ ਸਟੱਡੀ/ਇਨਫਰਮੇਸ਼ਨ ਗਰੁੱਪਸ ਤੋਂ ਵਾਂਝੇ ਰਹਿ ਸਕਦੇ ਹਨ। ਕੁਝ ਮਾਹਰ ਕਹਿੰਦੇ ਹਨ ਕਿ ਇਹ ਬੱਚਿਆਂ ਨੂੰ ਸਹਿਣਸ਼ੀਲਤਾ ਸਿੱਖਣ ਤੋਂ ਵਾਂਝਾ ਕਰ ਦੇਵੇਗਾ। ਭਾਰਤ ਵਿੱਚ ਨਾਬਾਲਗਾਂ ਨੇ ਪਹਿਲਾਂ ਹੀ ਕਿਹਾ ਹੈ ਕਿ ਉਹ ਇਸ ਨੂੰ ਬਾਈਪਾਸ ਕਰ ਲੈਣਗੇ। ਪਲੈਟਫਾਰਮਾਂ (ਮੈਟਾ, ਗੂਗਲ ਆਦਿ) ਨੂੰ ਭਾਰੀ ਜੁਰਮਾਨੇ ਲੱਗ ਸਕਦੇ ਹਨ, ਪਰ ਉਹ ਕਹਿੰਦੇ ਨੇ ਕਿ ਇਹ ਬਹੁਤ ਮੁਸ਼ਕਲ ਹੈ। ਭਾਰਤ ਦੀ ਵੱਡੀ ਮਾਰਕੀਟ ਵਿੱਚ ਇਹ ਲਾਗੂ ਕਰਨਾ ਆਸਟਰੇਲੀਆ ਨਾਲੋਂ ਵੀ ਵੱਡੀ ਚੁਣੌਤੀ ਹੈ। ਜ਼ਿਆਦਾਤਰ ਮਾਹਰ ਕਹਿੰਦੇ ਹਨ ਕਿ ਸਿਰਫ਼ ਪਾਬੰਦੀ ਨਾਲ ਨਹੀਂ ਚੱਲੇਗਾ, ਬਲਕਿ ਬਿਹਤਰ ਸਿੱਖਿਆ, ਮਾਪਿਆਂ ਦਾ ਕੰਟਰੋਲ ਅਤੇ ਪਲੈਟਫਾਰਮਾਂ ‘ਤੇ ਜ਼ਿੰਮੇਵਾਰੀ ਵਧਾਉਣ ਨਾਲ ਵਧੇਰੇ ਫ਼ਾਇਦਾ ਹੋਵੇਗਾ।
ਮਨੋਵਿਗਿਆਨਕ ਮਾਹਰਾਂ ਮੁਤਾਬਕ ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ ਨਾਲ ਬੱਚਿਆਂ ਵਿੱਚ ਚਿੰਤਾ, ਡਿਪ੍ਰੈਸ਼ਨ ਅਤੇ ਆਤਮ-ਵਿਸ਼ਵਾਸ ਦੀ ਘਾਟ ਵੱਧ ਰਹੀ ਹੈ। ਭਾਰਤ ਦੀ ਇੱਕ ਮਨੋਵਿਗਿਆਨਕ ਸੰਸਥਾ ਦੇ ਅਧਿਐਨ ਅਨੁਸਾਰ ਲਗਭਗ 30 ਫ਼ੀਸਦੀ ਗਭਰੇਟਾਂ ਨੇ ਮੰਨਿਆ ਕਿ ਸੋਸ਼ਲ ਮੀਡੀਆ ਉਨ੍ਹਾਂ ਦੇ ਮਨ ‘ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ। ਇਸ ਤੋਂ ਇਲਾਵਾ ਅੱਖਾਂ ਦੀਆਂ ਸਮੱਸਿਆਵਾਂ, ਨੀਂਦ ਦੀ ਘਾਟ ਅਤੇ ਸਰੀਰਕ ਕਮਜ਼ੋਰੀ ਵੀ ਵੱਧ ਰਹੀ ਹੈ।
ਵਿਸ਼ਵ ਸਿਹਤ ਸੰਸਥਾ (ੱ੍ਹੌ) ਮੁਤਾਬਕ 5 ਤੋਂ 17 ਸਾਲ ਦੇ ਬੱਚਿਆਂ ਨੂੰ ਹਰ ਰੋਜ਼ ਘੱਟੋ-ਘੱਟ ਇੱਕ ਘੰਟਾ ਸਰੀਰਕ ਗਤੀਵਿਧੀ ਕਰਨੀ ਚਾਹੀਦੀ ਹੈ, ਪਰ ਅੱਜ ਦੇ ਬੱਚੇ ਜ਼ਿਆਦਾਤਰ ਸਮਾਂ ਸਕਰੀਨ ਦੇ ਸਾਹਮਣੇ ਬਿਤਾਉਂਦੇ ਹਨ। ਇਸ ਨਾਲ ਉਨ੍ਹਾਂ ਦੀ ਸਿਹਤ ‘ਤੇ ਲੰਬੇ ਸਮੇਂ ਦਾ ਅਸਰ ਪੈ ਸਕਦਾ ਹੈ।
ਸੰਤੁਲਨ ਦੀ ਲੋੜ ਅਤੇ ਭਵਿੱਖ ਦੀ ਚੁਣੌਤੀ
ਇਹ ਸੱਚ ਹੈ ਕਿ ਤਕਨਾਲੋਜੀ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ। ਇਹ ਅੱਜ ਦੇ ਸਮੇਂ ਦੀ ਲੋੜ ਹੈ; ਪਰ ਇਸ ਦੀ ਵਰਤੋਂ ‘ਤੇ ਕੰਟਰੋਲ ਬਹੁਤ ਜ਼ਰੂਰੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਸਕਰੀਨ ਸਮੇਂ ‘ਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਖੇਡਾਂ, ਕਿਤਾਬਾਂ ਅਤੇ ਸਮਾਜਕ ਗਤੀਵਿਧੀਆਂ ਵੱਲ ਪ੍ਰੇਰਿਤ ਕਰਨ।
ਸਰਕਾਰਾਂ ਲਈ ਵੀ ਇਹ ਇੱਕ ਵੱਡੀ ਚੁਣੌਤੀ ਹੈ ਕਿ ਉਹ ਤਕਨਾਲੋਜੀ ਦੇ ਫ਼ਾਇਦਿਆਂ ਨੂੰ ਕਾਇਮ ਰੱਖਦੇ ਹੋਏ ਬੱਚਿਆਂ ਨੂੰ ਇਸ ਦੇ ਨੁਕਸਾਨ ਤੋਂ ਕਿਵੇਂ ਬਚਾਉਣ। ਆਸਟਰੇਲੀਆ ਤੇ ਯੂਰਪ ਦੇ ਕਦਮ ਦਰਸਾਉਂਦੇ ਹਨ ਕਿ ਦੁਨੀਆ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਭਾਰਤ ਵੀ ਇਸ ਦਿਸ਼ਾ ਵਿੱਚ ਕਦਮ ਚੁੱਕ ਰਿਹਾ ਹੈ।
ਅੱਜ ਲੋੜ ਇਸ ਗੱਲ ਦੀ ਹੈ ਕਿ ਅਸੀਂ ਬੱਚਿਆਂ ਨੂੰ ਤਕਨਾਲੋਜੀ ਦੇ ਗੁਲਾਮ ਬਣਨ ਤੋਂ ਬਚਾਈਏ ਅਤੇ ਉਨ੍ਹਾਂ ਨੂੰ ਅਸਲ ਜ਼ਿੰਦਗੀ ਨਾਲ ਜੋੜੀਏ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੱਚੇ ਪੂਰੀ ਤਰ੍ਹਾਂ ਆਨਲਾਈਨ ਹੋ ਜਾਣਗੇ ਅਤੇ ਉਨ੍ਹਾਂ ਦੀ ਜ਼ਿੰਦਗੀ ਆਫ਼ਲਾਈਨ ਰਹਿ ਜਾਵੇਗੀ। ਸਕਰੀਨਾਂ ਦੀ ਚਮਕ ਵਿੱਚ ਬਚਪਨ ਦੀ ਅਸਲੀ ਰੌਸ਼ਨੀ ਧੁੰਦਲੀ ਹੋਣ ਤੋਂ ਬਚਾਉਣਾ ਸਾਡੇ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

Leave a Reply

Your email address will not be published. Required fields are marked *