*ਭਾਰਤ ਦੇ ਪੈਟੋਰਲੀਅਮ ਮੰਤਰੀ ਹਰਦੀਪ ਪੁਰੀ ਦੇ ਅਸਤੀਫੇ ਦੀ ਮੰਗ
*ਬਿਲਗੇਟਸ ਤੇ ਐਲਨ ਮਸਕ ਵੀ ਐਪਸਟੀਨ ਦੇ ਸਨ ਸੰਪਰਕ ‘ਚ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਅਤੇ ਇਜ਼ਰਾਇਲ ਇੱਕ ਪਾਸੇ ਇਰਾਨ ਨਾਲ ਜੰਗ ਲਈ ਮਿਜ਼ਾਈਲਾਂ ਤਾਣੀ ਖਲੋਤੇ ਹਨ, ਦੂਜੇ ਪਾਸੇ ਉਨ੍ਹਾਂ ਦੇ ਆਪਣੇ ਦੇਸ਼ਾਂ ਵਿੱਚ ਉਨ੍ਹਾਂ ਦੀਆਂ ਸਰਕਾਰਾਂ ਖਿਲਾਫ ਪ੍ਰਦਰਸ਼ਨ ਹੋ ਰਹੇ ਹਨ; ਲੋਕ ਉਨ੍ਹਾਂ ਤੋਂ ਮੂੰਹ ਮੋੜ ਰਹੇ ਹਨ। ਸੈਨਿਟ ਵਿੱਚ ਸਰਕਾਰ ਵਿਰੋਧੀ ਆਵਾਜ਼ਾਂ ਤੇਜ਼ ਹੋ ਗਈਆਂ ਹਨ। ਅਮਰੀਕਾ ਦੇ ਹੀ ਵਸਨੀਕ ਇੱਕ ਯਹੂਦੀ ਦੇਹ ਵਪਾਰੀ ਜੈਫਰੀ ਐਪਸਟੀਨ ਨਾਲ ਡੋਨਾਲਡ ਟਰੰਪ ਦੀ ਯਾਰੀ ਦੇ ਚਰਚੇ ਹੋ ਰਹੇ ਹਨ,
ਜਿਸ ਦੀ ਮਾਲਕੀ ਵਾਲੇ ਇੱਕ ਪ੍ਰਾਈਵੇਟ ਟਾਪੂ ਉੱਤੇ ਨਾਬਾਲਗ ਕੁੜੀਆਂ ਨਾਲ ਬਲਾਤਕਾਰ ਹੁੰਦੇ ਰਹੇ। ਇਨ੍ਹਾਂ ਨਾਬਾਲਗ ਕੁੜੀਆਂ ਨੂੰ ਉਹ ਆਪਣੇ ਨਵੇਂ ਗਾਹਕਾਂ/ਮਿੱਤਰਾਂ ਕੋਲ ਵਸਤਾਂ ਵਾਂਗ ਸਪਲਾਈ ਕਰਦਾ ਰਿਹਾ। ਇਸ ਕੇਸ ਵਿੱਚ ਅਮਰੀਕਾ ਦੇ ਜਸਟਿਸ ਵਿਭਾਗ ਵੱਲੋਂ 30 ਲੱਖ 83 ਹਜ਼ਾਰ ਤੋਂ ਵੱਧ ਡਾਕੂਮੈਂਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 40 ਫੀਸਦੀ ਹਾਲੇ ਜਨਤਕ ਕੀਤੇ ਜਾਣੇ ਬਾਕੀ ਹਨ। ਜਾਰੀ ਹੋਏ ਦਸਤਾਵੇਜ਼ਾਂ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਨਾਂ 40,000 ਵਾਰ ਆਇਆ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜੈਫਰੀ ਐਪਸਟੀਨ ਨਾਲ ਭਾਵੇਂ ਕੋਈ ਸਿੱਧਾ ਨਾਤਾ ਸਾਹਮਣੇ ਨਹੀਂ ਆਇਆ, ਪਰ ਉਨ੍ਹਾਂ ਦੇ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਕਾਰੋਬਾਰੀ ਅਨਿਲ ਅੰਬਾਨੀ ਦੀਆਂ ਜੈਫਰੀ ਐਪਸਟੀਨ ਨਾਲ ਨਜ਼ਦੀਕੀਆਂ ਸਾਹਮਣੇ ਆਈਆਂ ਹਨ। ਨਾਬਾਲਗ ਕੁੜੀਆਂ ਦੇ ਸੋਸ਼ਣ ਨਾਲ ਜੁੜੇ ਇਸ ਵਿਅਕਤੀ ਦੇ ਸਕੈਂਡਲ ਵਿੱਚ ਨਾਮ ਸਾਹਮਣੇ ਆਉਣ ‘ਤੇ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਉਹ ਡਿਜ਼ੀਟਲ ਇੰਡੀਆ ਦੇ ਵਿਕਾਸ ਲਈ ਜੈਫਰੀ ਐਪਸਟੀਨ ਨੂੰ ਮਿਲਦਾ ਰਿਹਾ ਹੈ, ਪਰ ਉਨ੍ਹਾਂ ਨੇ ‘ਉਹ ਕੰਮ’ ਨਹੀਂ ਕੀਤਾ, ਜਿਸ ਕਰਕੇ ਐਪਸਟੀਨ ਨਿਆਂ ਵਿਭਾਗ ਅਤੇ ਐਫ.ਬੀ.ਆਈ. ਦੇ ਸ਼ਿਕੰਜੇ ਵਿੱਚ ਆਇਆ ਹੈ।
ਇਸ ਦਰਮਿਆਨ ਪਾਰਲੀਮੈਂਟ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਹਰਦੀਪ ਪੁਰੀ ਦੇ ਮੰਤਰੀ ਦੇ ਅਹੁਦੇ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਪਵਨ ਖੇੜਾ ਨੇ ਇਸ ਸੰਬੰਧ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਹਰਦੀਪ ਸਿੰਘ ਪੁਰੀ ਨੂੰ ਅਹੁਦੇ ਤੋਂ ਅਸਤੀਫੇ ਦੇ ਨਾਲ-ਨਾਲ ਬਹੁਤ ਸਾਰੇ ਸਵਾਲਾਂ ਦੇ ਜੁਆਬ ਦੇਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸੱਤ ਦੇਸ਼ਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਉੱਚ ਅਹੁਦਿਆਂ ਤੋਂ ਅਸਤੀਫੇ ਦਿੱਤੇ ਹਨ। ਉਨ੍ਹਾਂ ਹੋਰ ਕਿਹਾ ਕਿ ਹਰਦੀਪ ਸਿੰਘ ਪੁਰੀ 2014 ਤੋਂ ਪਹਿਲਾਂ ਰਿਟਾਇਰ ਹੋ ਚੁੱਕੇ ਸਨ, ਫਿਰ ਉਹ ਕਿਸ ਹੈਸੀਅਤ ਵਿੱਚ ਐਪਸਟੀਨ ਨਾਲ ਡਿਜ਼ੀਟਲ ਇੰਡੀਆ ਬਾਰੇ ਗੱਲ ਚਲਾ ਰਹੇ ਸਨ? ਉਨ੍ਹਾਂ ਪੁੱਛਿਆ ਕਿ 2014 ਵਿੱਚ ਭਾਜਪਾ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਉਹ ਡਿਜੀਟਲ ਇੰਡੀਆ ਦਾ ਸੁਪਨਾ ਕਿਸ ਦੀ ਸ਼ਹਿ ‘ਤੇ ਲੈ ਰਹੇ ਸਨ? ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਭਾਰਤ ਸਰਕਾਰ ਭਾਰਤੀ ਜਨਤਾ ਪਾਰਟੀ ਅਤੇ ਉਸ ਦੇ ਭਾਈਵਾਲਾਂ ਵੱਲੋਂ ਨਹੀਂ, ਕਿਸੇ ਬਾਹਰਲੇ ਬਲਾਤਕਾਰੀ ਗੈਂਗ ਵੱਲੋਂ ਚਲਾਈ ਜਾ ਰਹੀ ਹੈ। ਹਰਦੀਪ ਪੁਰੀ ਦੀਆਂ ਐਪਸਟੀਨ ਨਾਲ 62 ਈ-ਮੇਲਾਂ ਸਾਂਝੀਆਂ ਹੋਈਆਂ ਹਨ। ਆਪਸ ਵਿੱਚ 14 ਮੀਟਿੰਗਾਂ ਹੋਈਆਂ। ਇਸ ਵਿੱਚ ਭੱਦੀਆਂ ਈਮੇਲਾਂ ਵੀ ਹਨ।
ਯਾਦ ਰਹੇ, ਅਮਰੀਕਾ ਵਿੱਚ ਰਾਜਦੂਤ ਦੇ ਅਹੁਦੇ ਤੋਂ ਮੁਕਤ ਹੋਣ ਤੋਂ ਬਾਅਦ ਹਰਦੀਪ ਸਿੰਘ ਪੁਰੀ ਨਿਊ ਯਾਰਕ ਵਿੱਚ ਰਹੇ। ਆਲੋਚਕ ਇਹ ਵੀ ਸੁਆਲ ਚੁੱਕਦੇ ਹਨ ਕਿ ਇੰਨੇ ਮਹਿੰਗੇ ਸ਼ਹਿਰ ਵਿੱਚ ਉਨ੍ਹਾਂ ਦਾ ਖਰਚਾ ਕੌਣ ਚੁੱਕਦਾ ਸੀ? ਉਨ੍ਹਾਂ ਨੇ ਜਨੇਵਾ ਵਿੱਚ ਇੱਕ ਫਲੈਟ ਵੀ ਖਰੀਦਿਆ ਸੀ। ਇਹਦੇ ਬਾਰੇ ਵੀ ਕਾਂਗਰਸ ਨੇ ਪੜਤਾਲ ਮੰਗੀ ਹੈ। ਇਸ ਕੇਸ ਦਾ ਇੱਕ ਹੋਰ ਪੱਖ ਵੀ ਸੋਸ਼ਲ ਮੀਡੀਆ ਵਿੱਚ ਸਾਹਮਣੇ ਆਇਆ ਹੈ। ਯੂ.ਐਨ.ਓ. ਨਾਲ ਸੰਬੰਧਤ ਰਹੇ ਇੱਕ ਜਗਤ ਪ੍ਰਸਿਧ ਵਕੀਲ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਐਪਸਟੀਨ ਕੱਟੜ ਯਹੂਦੀ (ਜਿਉਨਿਸਟ) ਸੀ ਅਤੇ ਇਹ ਸਾਰਾ ਕਾਰੋਬਾਰ ਇਜ਼ਰਾਇਲ ਦੇ ਹਿੱਤ ਵਿੱਚ ਉੱਚ ਪੱਧਰੇ ਸੰਬੰਧਾਂ ਨੂੰ ਵਰਤਣ ਲਈ ਕਰ ਰਿਹਾ ਸੀ। ਉਸ ਨੇ ਆਪਣੇ ਸੰਬੰਧਾਂ ਨੂੰ ਇਜ਼ਰਾਇਲ ਦੇ ਬਚਾਅ ਲਈ ਯੂ.ਐਨ.ਓ. ਵਿੱਚ ਕਈ ਵਾਰੀ ਵਰਤਿਆ। ਇਸ ਜਾਣਕਾਰੀ ਨਾਲ ਜੈਫਰੀ ਐਪਸਟੀਨ ਦਾ ਉਹ ਰਾਜਨੀਤਿਕ ਮੁਫ਼ਾਦ ਵੀ ਸਾਹਮਣੇ ਆ ਜਾਂਦਾ ਹੈ, ਜਿਸ ਕਰਕੇ ਉਸ ਵੱਲੋਂ ਇੱਡਾ ਵੱਡਾ ਤਾਣਾ-ਬਾਣਾ ਉਸਾਰਿਆ ਗਿਆ ਸੀ। ਕੁਝ ਲੋਕ ਇਹ ਵੀ ਆਖ ਰਹੇ ਹਨ ਕਿ ਉਹ ਅੰਦਰਖਾਤੇ ਇਜ਼ਰਾਇਲੀ ਖੁLਫੀਆ ਏਜੰਸੀ ‘ਮੋਸਾਦ’ ਦਾ ਏਜੰਟ ਵੀ ਹੋ ਸਕਦਾ ਹੈ।
ਇਸ ਲਿੰਗ ਪੂਜਕ ਜਿਓਨਿਸਟ ਦਾ ਪਰਦਾ ਉਦੋਂ ਫਾਸ਼ ਹੋਇਆ, ਜਦੋਂ ਅਮਰੀਕਾ ਦੇ ਸ਼ਹਿਰ ਮਿਆਮੀ ਦੇ ਇੱਕ ਛੋਟੇ ਜਿਹੇ ਅਖ਼ਬਾਰ ਨਾਲ ਜੁੜੀ ਮਹਿਲਾ ਪੱਤਰਕਾਰ ਜੂਲੀ ਕੇ. ਬਰਾਊਨ ਨੇ ਲਗਾਤਾਰ ਪਿੱਛਾ ਕਰਕੇ ਮੈਨਹਟਨ/ਨਿਊ ਯਾਰਕ ਤੋਂ ਲੈ ਕੇ ਵਰਜੀਨੀਆ ਆਈਲੈਂਡ ਤੱਕ ਫੈਲੀ ਵੇਸ਼ਵਾਗਮਨੀ ਦੀ ਕਾਲੀ ਸੁਰੰਗ ਦੀ ਥਾਹ ਪਾ ਲਈ। ਇਸ ਦਰਮਿਆਨ ਉਸ ਨੂੰ ਬਹੁਤ ਸਾਰੀਆਂ ਧਮਕੀਆਂ ਅਤੇ ਖ਼ਤਰਿਆਂ ਦਾ ਸਾਹਮਣਾ ਕਰਨਾ ਪਿਆ। ਉਸ ਦੀ ਇੱਕੋ ਇੱਕ ਧੀਅ ਦਾ ਪਿੱਛਾ ਕੀਤਾ ਜਾਂਦਾ ਰਿਹਾ; ਪਰ ਇਹ ਸਾਰਾ ਕੁਝ ਉਸ ਨੂੰ ਆਪਣੇ ਮਕਸਦ ਤੋਂ ਥਿੜਕਾ ਨਾ ਸਕਿਆ। ਅਸਲ ਵਿੱਚ ਸਾਲ 2005 ਵਿੱਚ ਉਸ ਨੂੰ ਵਰਜੀਨੀਆ ਪੁਲਿਸ ਦੀ 53 ਪੰਨਿਆਂ ਦੀ ਫਾਈਲ ਮਿਲੀ। ਇਹ ਇੱਕ ਨਾਬਾਲਗ ਕੁੜੀ ਵਰਜੀਨੀਆ ਰੋਬਰਟਸ ਦੇ ਜੈਫਰੀ ਐਪਸਟੀਨ ਵੱਲੋਂ ਕੀਤੇ ਗਏ ਜਿਣਸੀ ਸੋਸ਼ਣ ਬਾਰੇ ਸੀ। ਇਸ ਕੇਸ ਨੂੰ ਸਥਾਨਕ ਪੁਲਿਸ ਵੱਲੋਂ ਡਿੱਸਮਿਸ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸ ਨੇ ਹੋਰਾਂ ਕੁੜੀਆਂ ਨੂੰ ਕਿਸੇ ਤਰ੍ਹਾਂ ਲੱਭਿਆ, ਜਿਹੜੀਆਂ ਜੈਫਰੀ ਐਪਸਟੀਨ ਦੇ ਕਾਲੇ ਧੰਦੇ ਦਾ ਸ਼ਿਕਾਰ ਬਣੀਆਂ ਸਨ। ਪੱਤਰਕਾਰ ਜੂਲੀ ਨੂੰ ਹਰ ਕੇਸ ਨਾਲ ਸੰਬੰਧਤ ਤਿੰਨ-ਤਿੰਨ ਸੋਮਿਆਂ ਤੋਂ ਜਾਣਕਾਰੀ ਹਾਸਲ ਕਰਨੀ ਪਈ। ਇਹ ਸ਼ਰਤ ਉਸ ਅਖ਼ਬਾਰ ਨੇ ਲਗਾ ਦਿੱਤੀ ਸੀ, ਜਿਸ ਨੇ ਇਸ ਸਟੋਰੀ ਨੂੰ ਪ੍ਰਕਾਸ਼ਿਤ ਕਰਨ ਦਾ ਵਾਅਦਾ ਕੀਤਾ ਸੀ। ਵਰਜੀਨੀਆ ਰੌਬਰਟਸ ਨੂੰ ਐਪਸਟੀਨ ਦੀ ਭਾਈਵਾਲ ਇੱਕ ਨਰਸ ਜਿਸਲਾਨ ਮੈਕਸਵੈਲ ਨੇ ਮਿਲਾਇਆ। ਮੈਕਸਵੈਲ ਜੈਫਰੀ ਦੇ ਕਾਲੇ ਧੰਦੇ ਵਿੱਚ ਉਸ ਦੀ ਭਾਈਵਾਲ ਸੀ। ਇਸ ਕੇਸ ਵਿੱਚ ਇਹ ਇੱਕੋ ਇੱਕ ਔਰਤ ਹੈ, ਜਿਹੜੀ ਹੁਣ ਤੱਕ ਜੇਲ੍ਹ ਵਿੱਚ ਹੈ। ਅਦਾਲਤ ਵੱਲੋਂ ਉਸ ਨੂੰ 20 ਸਾਲ ਦੀ ਸਖਤ ਸਜ਼ਾ ਸੁਣਾਈ ਗਈ ਹੈ।
ਐਪਸਟੀਨ ਫਾਈਲਾਂ ਖੁੱਲ੍ਹਣ ਦੇ ਨਾਲ ਹੀ ਦੁਨੀਆਂ ਦੇ ਵੱਡੇ ਵੱਡੇ ਲੀਡਰਾਂ, ਖ਼ਾਸ ਕਰਕੇ ਅਮਰੀਕਾ, ਇੰਗਲੈਂਡ ਅਤੇ ਇਜ਼ਰਾਇਲ ਦੇ, ਨਾਮ ਇਸ ਧੰਦੇ ਨਾਲ ਜੁੜ ਗਏ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿੱਲ ਕਲਿੰਟਨ, ਬਰਤਾਨੀਆ ਦੇ ਸ਼ਾਹੀ ਪਰਿਵਾਰ ਨਾਲ ਸੰਬੰਧਤ ਪ੍ਰਿੰਸ ਐਂਡਰਿਊ, ਦੁਨੀਆਂ ਦੇ ਮਸ਼ਹੂਰ ਕਾਰੋਬਾਰੀ ਅਤੇ ਸਮਾਜ ਸੇਵਾ ਦਾ ਦੰਭ ਕਰਨ ਵਾਲੇ ਬਿੱਲ ਗੇਟਸ, ਪੋਪ ਜੋਨ ਪਾਲ, ਕਿਊਬਾ ਦੇ ਮਰਹੂਮ ਡਿਕਟੇਟਰ ਫੀਦਲ ਕਾਸਤਰੋ, ਸਾਊਦੀ ਅਰਬ ਦੇ ਬਾਦਸ਼ਾਹ ਮੁਹੰਮਦ ਬਿਨ ਸਲਮਾਨ, ਅਮਰੀਕੀ ਕਾਰੋਬਾਰੀ ਐਲਨ ਮਸਕ, ਅਮਰੀਕਾ ਵਿੱਚ ਇੰਗਲੈਂਡ ਦੇ ਇੱਕ ਰਾਜਦੂਤ ਆਦਿ ਦੀਆਂ ਐਪਸਟੀਨ ਨਾਲ ਸਾਂਝਾਂ ਵੀ ਜੱਗ ਜ਼ਾਹਰ ਹੋ ਗਈਆਂ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਬਿਲ ਗੇਟਸ ਦੀ ਪੂਰਬ ਪਤਨੀ ਮਲਿੰਦਾ ਗੇਟਸ ਦਾ ਤਲਾਕ ਵੀ ਅਪਸਟੀਨ ਵਾਲੇ ਸੰਬੰਧਾਂ ਕਰਕੇ ਹੀ ਹੋਇਆ ਸੀ। ਈਮੇਲਾਂ ਵਿੱਚ ਇਹ ਤੱਥ ਵੀ ਸਾਹਮਣੇ ਆਇਆ ਹੈ ਕਿ ਬਿਲ ਗੇਟਸ ਦੀ ਪਤਨੀ ਨੂੰ ਸ਼ਰੀਰਕ ਸੰਬੰਧਾਂ ਨਾਲ ਹੋਣ ਵਾਲੀ ਇੱਕ ਗੰਭੀਰ ਬਿਮਾਰੀ ਵੀ ਹੋ ਗਈ ਸੀ, ਜਿਸ ਕਾਰਨ ਉਸ ਨੂੰ ਬਿਲ ਗੇਟਸ ਵੱਲੋਂ ਦਵਾਈ ਦਿੱਤੀ ਜਾਂਦੀ ਰਹੀ। ਇਸ ਬਾਰੇ ਜਦੋਂ ਮਲਿੰਦਾ ਗੇਟਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕੋਈ ਵੀ ਉੱਤਰ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਆਪਣੇ ਇਸ ਪਾਸਟ ਨੂੰ ਬਹੁਤ ਪਿੱਛੇ ਛੱਡ ਆਈ ਹੈ। ਮਲਿੰਦਾ ਨੇ ਕਿਹਾ, ‘ਇਹ ਬਹੁਤ ਦੁਖਦਾਈ ਸੀ, ਮੈਂ ਇਸ ਨੂੰ ਦੁਹਰਾਉਣਾ ਨਹੀਂ ਚਾਹੁੰਦੀ।’ ਇਸ ਬਾਰੇ ਬਿੱਲ ਗੇਟਸ ਹੀ ਕੁਝ ਦੱਸ ਸਕਦੇ ਹਨ।
ਇਸ ਕਾਂਡ ਦੇ ਬਹਾਨੇ ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਅਮਰੀਕੀ ਰਾਸ਼ਟਰਪਤੀ ਨੂੰ ਖੁਸ਼ ਕਰਨ ਲਈ 4 ਤੋਂ 6 ਜੁਲਾਈ ਤੱਕ ਇਜ਼ਰਾਇਲ ਵਿੱਚ ਹੋਏ ਇੱਕ ਡਾਂਸ ਐਂਡ ਸੌਂਗ ਪ੍ਰੋਗਰਾਮ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਥਿਤ ਫਿਲਮੀ ਗੀਤ ‘ਤੇ ਡਾਂਸ ਕੀਤਾ ਸੀ। ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਯਹੂਦਾ ਬਰਾਕ ਦੇ ਵੀ ਐਪਸਟੀਨ ਨਾਲ ਨਜ਼ਦੀਕੀ ਸੰਬੰਧ ਸਾਹਮਣੇ ਆਏ ਹਨ। ਉਸਦਾ ਤਾਂ ਕਾਰੋਬਾਰ ਵੀ ਜੈਫਰੀ ਨਾਲ ਸਾਂਝਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਉੱਤੇ 13-14 ਸਾਲਾਂ ਦੀਆਂ ਕੁੜੀਆਂ ਦੇ ਰੇਪ ਕਰਨ ਦੇ ਦੋਸ਼ ਲੱਗ ਰਹੇ ਹਨ। ਖੱਬੇ ਪੱਖੀਆਂ ਲਈ ਪੂਜਨੀਕ ਰਹੇ ਇੱਕ ਅਮਰੀਕੀ ਬੁੱਧੀਜੀਵੀ ‘ਨੋਆਮ ਚੌਮਸਕੀ’ ਦੀਆਂ ਈ-ਮੇਲਾਂ ਅਤੇ ਫੋਟੋਆਂ ਵੀ ਜੈਫਰੀ ਐਪਸਟੀਨ ਨਾਲ ਸਾਂਝੀਆਂ ਪਾਈਆਂ ਗਈਆਂ ਹਨ। ਚੌਮਸਕੀ ਦੁਨੀਆਂ ਦਾ ਮਸ਼ਹੂਰ ਭਾਸ਼ਾ ਵਿਗਿਆਨੀ ਹੈ, ਜਿਸ ਨੇ ਛੋਟੇ ਬੱਚਿਆਂ ਦੇ ਭਾਸ਼ਾ ਸਿੱਖਣ ਦੀ ਸਮਰੱਥਾ ਬਾਰੇ ਨਵੀਨ ਖੋਜ ਕੀਤੀ ਸੀ। ਉਸ ਨੇ ਰਾਜਨੀਤੀ ‘ਤੇ ਵੀ ਕਿਤਾਬਾਂ ਲਿਖੀਆਂ ਹਨ।
