*ਤਣਾਅ ਜਾਰੀ, ਅਗਲੇ ਕੁਝ ਦਿਨਾਂ ‘ਚ ਇੱਕ ਹੋਰ ਗੱਲਬਾਤ ਤੈਅ
*ਮਿਜ਼ਾਈਲਾਂ ਅਤੇ ਪ੍ਰਮਾਣੂ ਪ੍ਰੋਗਰਾਮ ਸੀਮਤ ਕਰਨ ਤੋਂ ਇਰਾਨ ਆਰੀ
ਜਸਵੀਰ ਸਿੰਘ ਮਾਂਗਟ
ਇਸ ਦੇ ਬਾਵਜੂਦ ਕਿ ਅਮਰੀਕਾ ਵੱਲੋਂ ਇਰਾਨ ਦੇ ਇਰਦ-ਗਿਰਦ ਵੱਖ-ਵੱਖ ਮੁਲਕਾਂ ਵਿੱਚ ਮੌਜੂਦ ਆਪਣੇ ਹਵਾਈ ਟਿਕਾਣਿਆਂ ਵਿੱਚ ਅਤੇ ਪਰਸ਼ੀਅਨ ਖਾੜੀ ਸਮੇਤ ਸਮੁੰਦਰੀ ਖੇਤਰ ਵਿੱਚ ਦੋ ਵੱਡੇ ਯੁੱਧਪੋਤ ਤਾਇਨਾਤ ਕਰ ਦਿੱਤੇ ਗਏ ਹਨ, ਇਰਾਨ ਆਪਣੀ ਮਿਜ਼ਾਈਲ ਪ੍ਰਣਾਲੀ ਅਤੇ ਪ੍ਰਮਾਣੂ ਪ੍ਰੋਗਰਾਮ ਤਿਆਗਣ ਲਈ ਰਾਜ਼ੀ ਨਹੀਂ ਹੈ। ਇਰਾਨ ਨੇ ਵੀ ਇਸ ਜੰਗ ਦਾ ਮੁਕਾਬਲਾ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ।
ਯਾਦ ਰਹੇ, ਇਰਾਨ ਕੋਲ ਲੰਮੀ, ਦਰਮਿਆਨੀ ਅਤੇ ਨਜ਼ਦੀਕੀ ਦੂਰੀ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਵੱਡਾ ਜਖ਼ੀਰਾ ਹੈ। ਬੀਤੇ ਵਰ੍ਹੇ ਇਜ਼ਰਾਇਲ ਨਾਲ ਹੋਈ 12 ਦਿਨ ਦੀ ਜੰਗ ਵਿੱਚ ਇਰਾਨ ਨੇ ਆਪਣੀ ਮਿਜ਼ਾਈਲ ਤਾਕਤ ਨੂੰ ਵਰਤਦਿਆਂ ਤਲਅਵੀਵ ਦਾ ਵੱਡਾ ਨੁਕਸਾਨ ਕੀਤਾ ਸੀ।
ਤਿਆਰ-ਤਣੀਆਂ ਖਲੋਤੀਆਂ ਮਿਜ਼ਾਈਲਾਂ ਦੇ ਦਰਮਿਆਨ ਉਂਝ ਦੋਹਾਂ ਮੁਲਕਾਂ ਨੂੰ ਆਸ ਹੈ ਕਿ ਉਹ ਕਿਸੇ ਨਾ ਕਿਸੇ ਸਮਝੌਤੇ ‘ਤੇ ਅੱਪੜ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੋਹਾਂ ਮੁਲਕਾਂ ਦੇ ਆਗੂਆਂ ਵਿਚਕਾਰ ਓਮਾਨ ਵਿੱਚ ਦੋ ਗੇੜ ਦੀ ਅਸਿੱਧੀ ਗੱਲਬਾਤ ਹੋ ਚੁੱਕੀ ਹੈ ਅਤੇ ਤੀਜੇ ਗੇੜ ਦੀ ਗੱਲਬਾਤ ਆਉਂਦੇ ਸ਼ੁੱਕਰਵਾਰ ਨੂੰ ਜਿਨੇਵਾ ਵਿੱਚ ਹੋਣੀ ਤੈਅ ਹੋਈ ਹੈ। ਹਾਲ ਹੀ ਵਿੱਚ ‘ਅੰਤਰਰਾਸ਼ਟਰੀ ਗਾਜ਼ਾ ਪੀਸ ਬੋਰਡ’ ਦੀ ਪਲੇਠੀ ਮੀਟਿੰਗ ਵਿੱਚ ਬੋਲਦਿਆਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਇਰਾਨ ਨੂੰ ਸਮਝੌਤਾ (ਡੀਲ) ਕਰ ਲੈਣਾ ਚਾਹੀਦਾ ਹੈ, ਨਹੀਂ ਤਾਂ ਬਹੁਤ ਸਾਰੀਆਂ ਮਾੜੀਆਂ ਘਟਨਾਵਾਂ (ਜੰਗ) ਵਾਪਰਨਗੀਆਂ। ਉਂਝ ਇਸ ਕਿਸਮ ਦੀਆਂ ਧਮਕੀਆਂ ਦੇ ਬਾਵਜੂਦ ਇਰਾਨੀ ਲੀਡਰਸ਼ਿੱਪ ਨੇ ਲਾਮਿਸਾਲ ਹੌਸਲਾ ਵਿਖਾਇਆ ਹੈ ਅਤੇ ਅਮਰੀਕਾ ਦੀਆਂ ਸ਼ਰਤਾਂ ‘ਤੇ ਸਮਝੌਤਾ ਕਰਨ ਤੋਂ ਲਗਾਤਾਰ ਇਨਕਾਰ ਕੀਤਾ ਹੈ।
ਇਸ ਦਰਮਿਆਨ ਇਰਾਨੀ-ਅਮਰੀਕੀ ਤਣਾਅ ਅਤੇ ਰੂਸ-ਯੂਕਰੇਨ ਜੰਗ ਰੋਕਣ ਲਈ ਸਰਗਰਮੀ ਨਾਲ ਕੰਮ ਕਰ ਰਹੇ ਟਰੰਪ ਦੇ ਵਿਸ਼ੇਸ਼ ਦੂਤ ਸਟੀਫ ਵਿੱਟਕੌਫ ਅਤੇ ਜਵਾਈ ਕੁਸ਼ਨਰ ਨੇ ਮੰਨਿਆ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੈਰਾਨ ਹਨ ਕਿ ਅਮਰੀਕਾ ਵੱਲੋਂ ਇਰਾਨ ਦੇ ਇਰਦ0-ਗਿਰਦ ਇੱਕ ਲਾਮਿਸਾਲ ਅਤੇ ਇਤਿਹਾਸਕ ਫੌਜੀ ਤਾਇਨਾਤੀ ਦੇ ਬਾਵਜੂਦ ਖਾੜੀ ਦਾ ਇਹ ਮਹਤੱਵਪੂਰਨ ਮੁਲਕ ਸਮਝੌਤੇ ਲਈ ਰਾਜ਼ੀ ਕਿਉਂ ਨਹੀਂ ਹੋ ਰਿਹਾ ਹੈ? ਇੰਜ ਇਰਾਨੀ ਲੀਡਰਸ਼ਿਪ ਦੀ ਇਹ ਨਿਰਭੈਅਤਾ ਅਮਰੀਕੀ ਕੈਂਪ ਵਿੱਚ ਹੋਰ ਵਧੇਰੇ ਹਿਚਕਚਾਹਟ ਨੂੰ ਜਨਮ ਦੇ ਰਹੀ ਹੈ। ਦੋ ਗੇੜਾਂ ਦੀ ਗੱਲਬਾਤ ਤੋਂ ਬਾਅਦ ਪਹਿਲਾਂ ਟਰੰਪ ਨੇ 10 ਦਿਨ ਦਾ ਸਮਾਂ ਹੋਰ ਦਿੱਤਾ ਸੀ, ਜਦਕਿ ਹੁਣ ਇਹ ਸਮਾਂ 15 ਦਿਨਾਂ ਤੱਕ ਵਧਾ ਦਿੱਤਾ ਗਿਆ ਹੈ।
ਮੱਧ ਪੂਰਬ ਵਿੱਚ ਜੰਗੀ ਹਾਲਾਤ ਬਾਰੇ ਮਾਹਿਰਾਂ ਦਾ ਆਖਣਾ ਹੈ ਕਿ ਦੋਹਾਂ ਮੁਲਕਾਂ ਵਿੱਚ ਤਣਾਅ ਜਿਸ ਪੱਧਰ ‘ਤੇ ਪਹੁੰਚ ਗਿਆ ਅਤੇ ਅਮਰੀਕਾ ਨੇ ਜਿੱਡੀ ਵੱਡੀ ਫੌਜੀ ਤਾਇਨਾਤੀ ਇਰਾਨ ਦੇ ਦੁਆਲੇ ਕੀਤੀ ਹੈ, ਉਸ ਤੋਂ ਲਗਦਾ ਹੈ ਕਿ ਅਮਰੀਕਾ ਇਰਾਨ ‘ਤੇ ਹਰ ਹੀਲੇ ਹਮਲਾ ਕਰੇਗਾ। ਹੁਣ ਇਹ ਸੰਭਾਵਨਾ ਹੋਰ ਵੀ ਵਧ ਗਈ ਹੈ, ਜਦੋਂ ਅਮਰੀਕਾ ਦਾ ਦੂਜਾ ਜੰਗੀ ਬੇੜਾ ਵੀ ਇਰਾਨ ਨਾਲ ਲਗਦੇ ਸਮੁੰਦਰੀ ਖੇਤਰ ਵਿੱਚ ਲਗਪਗ ਪਹੁੰਚ ਗਿਆ ਹੈ। ਅਮਰੀਕਾ ਹੁਣ ਆਖ ਰਿਹਾ ਹੈ ਕਿ ਉਹ ਬੀ-2 ਜਹਾਜ਼ਾਂ ਨਾਲ ਸੀਮਤ ਹਮਲਾ ਕਰੇਗਾ। ਇਸ ਪਿੱਛੇ ਰਣਨੀਤੀ ਇਹੀ ਜਾਪਦੀ ਹੈ ਕਿ ਇੱਕ ਪਾਸੇ ਤਾਂ ਇਰਾਨ ਅੰਦਰ ਜਨਤਕ ਵਿਰੋਧ ਭੜਕਾਇਆ ਜਾਵੇ ਅਤੇ ਦੂਜੇ ਪਾਸੇ ਇੱਕ ਤੇਜ਼ ਛੋਟਾ (ਪਰਸੀਜ਼ਨ ਅਟੈਕ) ਕਰਕੇ ਇਰਾਨ ਦੀ ਸਿਖਰਲੀ ਲੀਡਰਸ਼ਿੱਪ ਨੂੰ ਮਾਰ ਦਿੱਤਾ ਜਾਵੇ; ਤੇ ਇਸ ਰੌਲੇ ਗੌਲੇ ਵਿੱਚ ਇਰਾਨ ਵਿੱਚ ਖੁਮੀਨੀ ਸਰਕਾਰ ਦਾ ਤਖਤਾ ਪਲਟ ਦਿੱਤਾ ਜਾਵੇ। ਜਾਂ ਵੈਨੇਜ਼ੂਏਲਾ ਵਾਂਗ ਉਨ੍ਹਾਂ ਤੋਂ ਬਾਅਦ ਅਗਲੀ ਲੀਡਰਸ਼ਿੱਪ ਨਾਲ ਸਮਝੌਤਾ ਕਰ ਲਿਆ ਜਾਵੇ।
ਮੀਡੀਆ ਹਲਕਿਆਂ ਵਿੱਚ ਇਹ ਪੱਖ ਵੀ ਸਾਹਮਣੇ ਆਇਆ ਹੈ ਕਿ ਇਰਾਨ ਦੀ ਨਰਮਦਲੀ ਲੀਡਰਸ਼ਿੱਪ ਅਮਰੀਕਾ ਨਾਲ ਕਿਸੇ ਨਾ ਕਿਸੇ ਸਮਝੌਤੇ ‘ਤੇ ਪੁੱਜਣ ਲਈ ਤਿਆਰ ਹੈ; ਪਰ ਇਰਾਨ ਦੇ ਸੁਪਰੀਮ ਲੀਡਰ ਆਇਤੁਲਾ ਖੁਮੈਨੀ ਅਤੇ ਉਨ੍ਹਾਂ ਦੇ ਨਜ਼ਦੀਕੀ ਸਮਝੇ ਜਾਣ ਵਾਲੇ ਅਲੀ ਲਾਰੀਜ਼ਨੀ ਅਮਰੀਕੀ ਸ਼ਰਤਾਂ ‘ਤੇ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। ਇਸ ਲਈ ਚੋਣਵੇਂ ਆਗੂਆਂ ਦੀਆਂ ਹੱਤਿਆਵਾਂ ਵੀ ਹੋ ਸਕਦੀਆਂ ਹਨ। ਜਿਸ ਤਰ੍ਹਾਂ ਪਿਛਲੇ ਵਰ੍ਹੇ ਬਾਰਾਂ ਦਿਨ ਦੀ ਜੰਗ ਵਿੱਚ ਕੀਤਾ ਗਿਆ ਸੀ। ਉਂਝ ਇਸ ਦੌਰਾਨ ਇਰਾਨ ਦੇ ਵਿਦੇਸ਼ ਮੰਤਰੀ ਨੇ ਅਗਲੀ ਗੱਲਬਾਤ ਵਿੱਚ ਕੁਝ ਸਾਰਥਕ ਸਾਹਮਣੇ ਆਉਣ ਦੀ ਗੱਲ ਕਰਦਿਆਂ ਕਿਹਾ ਹੈ ਕਿ ਇਰਾਨ ਦੋਹਾਂ ਮੁਲਕਾਂ ਵਿਚਕਾਰ ਸਮਝੌਤੇ ਲਈ ਨਵਾਂ ਡਰਾਫਟ ਤਿਆਰ ਕਰ ਰਿਹਾ ਹੈ। ਅਮਰੀਕਾ ਨੇ ਜੇ ਇਸ ਨਵੇਂ ਦਸਤਾਵੇਜ਼ ‘ਤੇ ਸਹਿਮਤੀ ਪ੍ਰਗਟ ਕਰ ਦਿੱਤੀ ਤਾਂ ਸਮਝੌਤਾ ਹੋਣ ਦੀ ਸੰਭਾਵਨਾ ਬਣ ਸਕਦੀ ਹੈ।
ਇਸ ਸਾਰੇ ਕੁਝ ਦੇ ਬਾਵਜੂਦ ਅਮਰੀਕਾ ਦੇ ਕਈ ਸਾਬਕਾ ਜਰਨੈਲ ਇਹ ਗੱਲ ਆਖ ਰਹੇ ਹਨ ਕਿ ਇਰਾਨ ਨੂੰ ਵੈਨੇਜ਼ੂਏਲਾ ਸਮਝਣ ਦੀ ਗਲਤੀ ਅਮਰੀਕਾ ਨੂੰ ਨਹੀਂ ਕਰਨੀ ਚਾਹੀਦੀ। ਇਰਾਨ ਇੱਕ ਸਿਵੇਲਾਈਜੇਸ਼ਨਲ ਮੁਲਕ ਹੈ ਅਤੇ ਇਸ ਦੀ ਹੋਂਦ ਸਦੀਆਂ ਤੋਂ ਕਾਇਮ ਰਹੀ ਹੈ। 1953 ਤੋਂ ਇਰਾਨ ਅਮਰੀਕੀ ਦਖਲਅੰਦਾਜ਼ੀ ਖਿਲਾਫ ਵੀ ਲਗਾਤਾਰ ਲੜਦਾ ਆਇਆ ਹੈ। ਬੀਤੇ ਦਿਨੀਂ ਇਰਾਨ ਦੀ ਇੱਕ ਯੂਨੀਵਰਸਿਟੀ ਵਿੱਚ ਸਰਕਾਰ ਪੱਖੀ ਅਤੇ ਸਰਕਾਰ ਵਿਰੋਧੀ ਵਿਦਿਆਰਥੀਆਂ ਵਿੱਚ ਮੁੜ ਤੋਂ ਪ੍ਰਦਰਸ਼ਨ ਹੋਏ ਹਨ। ਇਨ੍ਹਾਂ ਦੋਹਾਂ ਧਿਰਾਂ ਦੀਆਂ ਆਪਸ ਵਿੱਚ ਝੜਪਾਂ ਵੀ ਹੋਈਆਂ ਹਨ; ਪਰ ਇਨ੍ਹਾਂ ਨੂੰ ਸਮੇਂ ਸਿਰ ਕਾਬੂ ਕਰ ਲਿਆ ਗਿਆ। ਇਸ ਦੇ ਬਾਵਜੂਦ ਇਨ੍ਹਾਂ ਪ੍ਰਦਰਸ਼ਨਾਂ ਨੂੰ ਪੱਛਮੀ ਮੀਡੀਏ ਵਿੱਚ ਵਧਾਅ-ਚੜ੍ਹਾਅ ਕੇ ਪੇਸ਼ ਕੀਤਾ ਜਾ ਰਿਹਾ ਹੈ। ਫਿਰ ਵੀ ਅਗਲੇ ਦਿਨਾਂ ਵਿੱਚ ਇਰਾਨ ਦੀ ਅੰਦਰੂਨੀ ਸਥਿਤੀ ਕਿਹੋ ਜਿਹੀ ਰਹਿੰਦੀ ਹੈ, ਇਸ ‘ਤੇ ਕਾਫੀ ਕੁਝ ਮੁਨੱਸਰ ਕਰੇਗਾ ਕਿ ਅਮਰੀਕਾ ਹਮਲਾ ਕਰਦਾ ਹੈ ਜਾਂ ਨਹੀਂ! ਕਿਉਂਕਿ ਇਸ ਕਿਸਮ ਦੀ ਰਾਏ ਵੀ ਮੱਧਪੂਰਬ ਦੇ ਫੌਜੀ ਮਾਹਿਰਾਂ ਵਿੱਚ ਪਾਈ ਜਾ ਰਹੀ ਹੈ ਕਿ ਅਮਰੀਕਾ ਵੱਲੋਂ ਫੌਜੀ ਤਾਇਨਾਤੀ ਹਮਲਾ ਕਰਨ ਲਈ ਨਹੀਂ, ਸਗੋਂ ਇਰਾਨ ‘ਤੇ ਦਬਾਅ ਬਣਾ ਕੇ ਅਮਰੀਕੀ ਸ਼ਰਤਾਂ ‘ਤੇ ਸਮਝੌਤਾ ਕਰਨ ਲਈ ਕੀਤੀ ਗਈ ਹੈ। ਇਰਾਨ ਖਿਲਾਫ ਇੱਕ ਛੋਟੀ ਕਾਰਵਾਈ ਨੂੰ ਵੱਡੀ ਦਰਸਾ ਕੇ ਅਮਰੀਕਾ ਆਪਣਾ ਖਹਿੜਾ ਛੁਡਾਉਣ ਦਾ ਯਤਨ ਵੀ ਕਰ ਸਕਦਾ ਹੈ; ਕਿਉਂਕਿ ਚੀਨ ਅਤੇ ਰੂਸ ਇਰਾਨ ਦੇ ਪੱਖ ਵਿੱਚ ਉਤਰ ਆਏ ਹਨ।
ਯਾਦ ਰਹੇ, ਅਮਰੀਕਾ ਦੀ ਮੰਗ ਹੈ ਕਿ ਇਰਾਨ ਆਪਣਾ ਪ੍ਰਮਾਣੂ ਪ੍ਰੋਗਰਾਮ ਪੂਰੀ ਤਰ੍ਹਾਂ ਤਿਆਗੇ ਅਤੇ ਆਪਣੇ ਮਿਜ਼ਾਈਲ ਪ੍ਰੋਗਰਾਮ ਨੂੰ ਬੰਦ ਕਰ ਦੇਵੇ ਜਾਂ ਆਪਣੀਆਂ ਮਿਜ਼ਾਈਲਾਂ ਦੀ ਮਾਰ ਨੂੰ ਘੱਟ ਦੂਰੀ ਤੱਕ ਸੀਮਤ ਕਰੇ। ਇਰਾਨ ਇਨ੍ਹਾਂ ਵਿੱਚੋਂ ਕੋਈ ਮੰਗ ਵੀ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਰਾਨ ਦੇ ਵਿਦੇਸ਼ ਮੰਤਰੀ ਅਰਗਾਚੀ ਪਜਿਸ਼ਕੀਅਨ ਨੇ ਆਪਣਾ ਇਹ ਸਟੈਂਡ ਵਾਰ-ਵਾਰ ਦੁਹਰਾਇਆ ਹੈ ਕਿ ਉਨ੍ਹਾਂ ਦਾ ਮੁਲਕ ਪ੍ਰਮਾਣੂ ਬੰਬ ਲਈ ਇਸ ਊਰਜਾ ਦੀ ਵਰਤੋਂ ਨਾ ਕਰਨ ਬਾਰੇ ਸਮਝੌਤਾ ਕਰ ਸਕਦਾ ਹੈ। ਪਰ ਨਾ ਤੇ ਆਪਣਾ ਮਿਜ਼ਾਈਲ ਪ੍ਰੋਗਰਾਮ ਤਿਆਗ ਸਕਦਾ ਅਤੇ ਨਾ ਹੀ ਸਿਵਲ ਮਕਸਦਾਂ ਲਈ ਵਰਤੀ ਜਾਣ ਵਾਲੀ ਊਰਜਾ ਪੈਦਾ ਕਰਨ ਲਈ ਜ਼ਰੂਰੀ ਪ੍ਰਮਾਣੂ ਪ੍ਰੋਗਰਾਮ ਨੂੰ ਬੰਦ ਕਰ ਸਕਦਾ ਹੈ। ਇਸ ਦੇ ਨਾਲ ਹੀ ਇਹ ਸਵੀਕਾਰ ਕੀਤਾ ਜਾ ਰਿਹਾ ਹੈ ਕਿ ਸਮਝੌਤੇ ਤੋਂ ਬਾਅਦ ਇਰਾਨ ਪ੍ਰਮਾਣੂ ਬੰਬ ਨਹੀਂ ਬਣਾਏਗਾ ਅਤੇ ਇਸ ਮਕਸਦ ਲਈ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ ਨਾਲ ਸਹਿਯੋਗ ਕਰਨ ਲਈ ਵੀ ਤਿਆਰ ਹੈ; ਪਰ ਇਰਾਨ ਦੀ ਸ਼ਰਤ ਹੈ ਕਿ ਇਸ ਬਦਲੇ ਅਮਰੀਕਾ ਅਤੇ ਹੋਰ ਕੌਮਾਂਤਰੀ ਏਜੰਸੀਆਂ ਵੱਲੋਂ ਇਰਾਨ ਖਿਲਾਫ ਲਗਾਈਆਂ ਗਈਆਂ ਆਰਥਕ ਪਾਬੰਦੀਆਂ ਤੁਰੰਤ ਹਟਾਉਣੀਆਂ ਹੋਣਗੀਆਂ।
