ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਬੱਤ ਖਾਲਸਾ ਬੁਲਾਉਣ ਦਾ ਦਿੱਤਾ ਸੱਦਾ

ਖਬਰਾਂ ਵਿਚਾਰ-ਵਟਾਂਦਰਾ

*ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਦੀ ਹਾਲਤ ਪਤਲੀ
*ਅਖੰਡ ਪਾਠਾਂ ਵਾਸਤੇ ਕੀਤੀ ਜਾ ਰਹੀ ਲੱਖਾਂ ਦੀ ਲੁੱਟ
ਪੰਜਾਬੀ ਪਰਵਾਜ਼ ਬਿਊਰੋ
ਜਲੰਧਰ ਵਿੱਚ ਲੰਘੇ ਦਿਨੀਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਇਹ ਦੋਸ਼ ਲਾਏ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਨ ਅਤੇ ਧਾਰਮਿਕ ਪ੍ਰਕਿਰਿਆਵਾਂ ਵਿੱਚ ਵੱਡੀ ਪੱਧਰ ‘ਤੇ ਭ੍ਰਿਸ਼ਟਾਚਾਰ ਹੋ ਰਿਹਾ ਹੈ। ਉਨ੍ਹਾਂ ਸਿੱਖ ਸੰਸਥਾਵਾਂ ਦੀ ਦਸ਼ਾ ‘ਤੇ ਵਿਚਾਰ ਕਰਨ ਲਈ ਸਰਬੱਤ ਖਾਲਸਾ ਬੁਲਾਏ ਜਾਣ ਦੀ ਵੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਿੱਖ ਆਗੂਆਂ ਵੱਲੋਂ ਆਪਣੇ ਨਿੱਜੀ ਮੁਫਾਦਾਂ ਲਈ ਗੁਰੂ ਘਰਾਂ ਨਾਲ ਸੰਬੰਧਤ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ। ਜਾਂ ਇਨ੍ਹਾਂ ਜ਼ਮੀਨਾਂ ਨੂੰ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਬਹੁਤ ਘੱਟ ਠੇਕੇ ‘ਤੇ ਅਲਾਟ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਤੋਂ ਬਾਅਦ ਸੁਖਬੀਰ ਬਾਦਲ ਨੇ ਉਨ੍ਹਾਂ ‘ਤੇ ਕਈ ਤਰ੍ਹਾਂ ਦੇ ਦਬਾਅ ਪਾਉਣ ਦੇ ਯਤਨ ਕੀਤੇ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਅਖੰਡ ਪਾਠ ਕਰਵਾਉਣ ਲਈ ਮਿੱਥੀ ਭੇਟਾ ਨੂੰ ਨਜ਼ਰਅੰਦਾਜ਼ ਕਰਕੇ ਇੱਕ ਪਾਠ ਦੇ 5-5 ਲੱਖ ਰੁਪਏ ਲਏ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਸਮੇਤ ਸਿੱਖ ਸੰਸਥਾਵਾਂ ਵਿੱਚ ਜੋ ਵੀ ਬੇਨਿਯਮੀਆਂ ਹੋਈਆਂ/ਹੋ ਰਹੀਆਂ ਹਨ, ਉਨ੍ਹਾਂ ਲਈ ਬਾਦਲ ਪਰਿਵਾਰ ਮੁੱਖ ਤੌਰ ‘ਤੇ ਜ਼ਿੰਮੇਵਾਰ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਦੀ ਆਪਣੇ ਨਾਲ ਨਿੱਜੀ ਰੰਜਿਸ਼ ਦੀ ਗੱਲ ਕਰਦਿਆਂ ਕਿਹਾ ਕਿ ਸੁਖਬੀਰ ਦਾ ਆਖਣਾ ਹੈ ਕਿ “ਗਿਆਨੀ ਰਘਬੀਰ ਸਿੰਘ ਨੂੰ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਵੇਖ ਕੇ ਮੈਨੂੰ ਅੱਗ ਲਗਦੀ ਹੈ।”
ਜਲੰਧਰ ਦੇ ਪ੍ਰੈਸ ਕਲੱਬ ਵਿਖੇ 18 ਫਰਵਰੀ ਨੂੰ ਵਿਸ਼ੇਸ਼ ਤੌਰ ‘ਤੇ ਆਯੋਜਤ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਕਿਹਾ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਦੇ ਸਨਮੁੱਖ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਸਵੀਕਾਰ ਕੀਤੇ, ਪਰ ਬਾਅਦ ਵਿੱਚ ਇਹ ਕਹਿ ਕੇ ਮੁੱਕਰ ਗਏ ਇਹ ਦੋਸ਼ ਤਾਂ ਉਨ੍ਹਾਂ ਨੇ ਉਂਝ ਹੀ ਆਪਣੀ ਝੋਲੀ ਪਵਾ ਲਏ ਸਨ। ਇਸ ਤੋਂ ਇਲਾਵਾ ਜਥੇਦਾਰ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦਾ ਲਾਪਤਾ ਹੋਣਾ, ਜਥੇਦਾਰ ਸਾਹਿਬਾਨ ਨੂੰ ਆਪਣੇ ਘਰ ਸੱਦ ਕੇ ਸੌਦਾ ਸਾਧ ਨੂੰ ਮੁਆਫੀ ਦਿਵਾਉਣੀ ਅਤੇ ਉਸ ਦੀ ਫਿਲਮ ਨੂੰ ਚੱਲਣ ਦੀ ਇਜਾਜ਼ਤ ਦੇਣੀ ਆਦਿ ਸਾਰੇ ਗੁਨਾਹਾਂ ਲਈ ਬਾਦਲ ਪਰਿਵਾਰ ਜ਼ਿੰਮੇਵਾਰ ਹੈ। ਉਨ੍ਹਾਂ ਬਰਗਾੜੀ/ਕੋਟਕਪੂਰਾ ਗੋਲੀ ਕਾਂਡ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਇਸ ਬੇਅਦਬੀ ਵਿਰੁਧ ਰੋਸ ਪ੍ਰਗਟ ਕਰ ਰਹੇ ਸਿੰਘਾਂ ‘ਤੇ ਗੋਲੀ ਚਲਾ ਕੇ ਉਨ੍ਹਾਂ ਨੂੰ ਸ਼ਹੀਦ ਕਰਨਾ ਆਦਿ ਸਾਰੇ ਕੁਕਰਮਾਂ ਲਈ ਬਾਦਲ ਪਰਿਵਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਇਲਾਵਾ ਉਨ੍ਹਾਂ ਗੁਰੂ ਦੀ ਗੋਲਕ ਦੀ ਬਾਦਲ ਪਰਿਵਾਰ ਵੱਲੋਂ ਆਪਣੇ ਸਿਆਸੀ ਮਕਸਦ ਲਈ ਦੁਰਵਰਤੋਂ ਦੇ ਦੋਸ਼ ਵੀ ਲਾਏ ਹਨ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੌਦਾ ਸਾਧ ਦੀ ਮੁਆਫੀ ਤੋਂ ਬਾਅਦ ਕਰੋੜਾਂ ਰੁਪਏ ਦੇ ਇਸ਼ਤਿਹਾਰ ਗੁਰੂ ਦੀ ਗੋਲਕ ਵਿੱਚੋਂ ਦਿੱਤੇ ਗਏ। ਇੱਕ ਹੋਰ ਦੋਸ਼ ਲਾਉਂਦਿਆਂ ਸਿੰਘ ਸਾਹਿਬ ਨੇ ਕਿਹਾ ਕਿ ਅਕਾਲ ਤਖਤ ਸਾਹਿਬ ‘ਤੇ ਛੇਵੇਂ ਪਾਤਸ਼ਾਹ ਦੇ ਹੱਥਾਂ ਦੀ ਛੋਹ ਪ੍ਰਾਪਤ ਰਵਾਇਤੀ ਹਥਿਆਰ ਪਏ ਹਨ। ਇਨ੍ਹਾਂ ਵਿੱਚੋਂ ਇੱਕ ਕਿਰਪਾਨ ਦਾ ਮੁੱਠਾ ਟੁੱਟ ਗਿਆ ਸੀ। ਬਾਅਦ ਵਿੱਚ ਇਸ ਕਿਰਪਾਨ ਨੂੰ ਸੋਨੇ ਦਾ ਮੁੱਠਾ ਚੜ੍ਹਾ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਇਹ ਦੱਸਿਆ ਜਾਵੇ ਕਿ ਗੁਰੂ ਜੀ ਦੀ ਛੋਹ ਪ੍ਰਾਪਤ ਅਸਲ ਮੁੱਠਾ ਕਿੱਥੇ ਹੈ? ਇਸ ਤੋਂ ਇਲਾਵਾ ਗੁਰੂ ਸਾਹਿਬ ਦੇ ਦਸਤਖਤਾਂ ਵਾਲੀ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੀੜ ਤੋਸ਼ੇ ਖਾਨੇ ਵਿੱਚ ਮੌਜੂਦ ਹੁੰਦੀ ਸੀ, ਉਹਦੇ ਬਾਰੇ ਵੀ ਇਹ ਪਤਾ ਨਹੀਂ ਲੱਗ ਰਿਹਾ ਕਿ ਇਹ ਬੀੜ ਕਿੱਥੇ ਹੈ ਅਤੇ ਇਸ ਨਾਲ ਕੀ ਕੀਤਾ ਜਾ ਰਿਹਾ ਹੈ।
ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ 2 ਦਸੰਬਰ ਦੇ ਹੁਕਮਨਾਮੇ ਕਾਰਨ ਉਨ੍ਹਾਂ ਨਾਲ ਹੁਣ ਤੱਕ ਕਿੜ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਵੇਲੇ ਉਨ੍ਹਾਂ ਨੂੰ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਕਿਹਾ ਗਿਆ, ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਸਾਬਕਾ ਜਥੇਦਾਰ ਅਨੁਸਾਰ ਉਨ੍ਹਾਂ ਉੱਤੇ ਇਹ ਦਬਾਅ ਵੀ ਪਾਇਆ ਗਿਆ ਕਿ 2 ਦਸੰਬਰ ਦੇ ਹੁਕਮਨਾਮੇ ਬਾਰੇ ਇਹ ਸਪਸ਼ਟੀਕਰਨ ਦੇ ਦੇਣ ਕਿ ਇਹ ਹੁਕਮਨਾਮਾ ਭਾਜਪਾ ਦੇ ਕਹਿਣ ‘ਤੇ ਜਾਰੀ ਕੀਤਾ ਗਿਆ ਸੀ। ਪਰ ਉਨ੍ਹਾਂ ਨੇ ਅਜਿਹਾ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਾਬਕਾ ਜਥੇਦਾਰ ਨੇ ਕਿਹਾ ਕਿ ਅਜਿਹੇ ਹਾਲਾਤ ਵਿੱਚ ਸਿਰਫ ਸਰਬੱਤ ਖਾਲਸਾ ਹੀ ਸਿੱਖ ਸੰਸਥਾਵਾਂ ਨੂੰ ਬਚਾਅ ਸਕਦਾ ਹੈ। ਉਨ੍ਹਾਂ ਸਮੁੱਚੇ ਖਾਲਸਾ ਪੰਥ ਨੂੰ ਅਪੀਲ ਕੀਤੀ ਕਿ ਜਿੰਨੀ ਜਲਦੀ ਹੋ ਸਕੇ, ਸਰਬੱਤ ਖਾਲਸਾ ਦੀ ਇਕੱਤਰਤਾ ਬੁਲਾਈ ਜਾਵੇ ਤਾਂ ਕਿ ਸਿੱਖ ਸੰਸਥਾਵਾਂ ਦੇ ਲਗਾਤਾਰ ਹੋ ਰਹੇ ਪਤਨ ਨੂੰ ਰੋਕਿਆ ਜਾ ਸਕੇ।
ਗਿਆਨੀ ਰਘਬੀਰ ਸਿੰਘ ਵੱਲੋਂ ਕੀਤੀ ਗਈ ਇਸ ਅਪੀਲ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਸਿੱਖ ਵਿਦਵਾਨਾਂ, ਕਾਰਕੁੰਨਾਂ ਅਤੇ ਸਿਆਸੀ ਆਗੂਆਂ ਨੇ ਸਿੱਖ ਸੰਸਥਾਵਾਂ ਵਿੱਚ ਫੈਲੇ ਭ੍ਰਿਸ਼ਟਾਚਾਰ ‘ਤੇ ਆਵਾਜ਼ ਉਠਾਉਣੀ ਸ਼ੁਰੂ ਕਰ ਦਿੱਤੀ ਹੈ। ਸਿੱਖ/ਕਿਸਾਨ ਆਗੂ ਬਲਦੇਵ ਸਿੰਘ ਸਿਰਸਾ ਨੇ ਇੱਕ ਟੈਲੀਵੀਜ਼ਨ ਨਾਲ ਇੰਟਰਵਿਊ ਵਿੱਚ ਕਿਹਾ ਕਿ ਉਨ੍ਹਾਂ ਕੋਲ ਅਜਿਹੀਆਂ 30 ਬੇਨਿਯਮੀਆਂ ਦੇ ਸਬੂਤ ਹਨ ਅਤੇ ਇਨ੍ਹਾਂ ਮਾਮਲਿਆਂ ਵਿੱਚ ਉਨ੍ਹਾਂ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੋਲ ਕੇਸ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਇਹ ਸਬੂਤ ਗਿਆਨੀ ਰਘਬੀਰ ਸਿੰਘ ਨੂੰ ਸੌਂਪਣਗੇ। ਸ. ਸਿਰਸਾ ਨੇ ਕਿਹਾ ਕਿ ਮਸੰਦਾਂ ਤੋਂ ਵੀ ਭੈੜੀ ਜਮਾਤ ਦਾ ਸਿੱਖ ਸੰਸਥਾਵਾਂ ‘ਤੇ ਕਬਜਾ ਹੋ ਗਿਆ ਹੈ, ਇਸ ਸਿੱਖ ਆਵਾਮ ਖਾਸ ਕਰਕੇ ਸਿੱਖ ਜਵਾਨੀ ਨੂੰ ਇਸ ਮਾਮਲੇ ਵਿੱਚ ਸੰਗਠਿਤ ਹੋਣ ਦੀ ਤੁਰੰਤ ਲੋੜ ਹੈ। ਇਸ ਦੌਰਾਨ ਸਿੱਖ ਬੁੱਧੀਜੀਵੀ ਡਾ. ਅਨੁਰਾਗ ਸਿੰਘ ਨੇ ਕਿਹਾ ਕਿ ਬਲਿਊ ਸਟਾਰ ਅਪਰੇਸ਼ਨ ਤੋਂ ਬਾਅਦ ਸਿੱਖ ਰੈਫਰੈਂਸ ਲਾਇਬਰੇਰੀ ਵਿੱਚੋਂ ਫੌਜ ਵੱਲੋਂ ਚੁੱਕੀਆਂ ਗਈਆਂ ਕੁੱਲ ਹੱਥ ਲਿਖਤਾਂ ਵਿੱਚੋਂ 205 ਹੀ ਵਾਪਸ ਕੀਤੀਆਂ ਗਈਆਂ ਹਨ। ਸਵਾ ਦੋ ਸੌ ਦੇ ਕਰੀਬ ਹੋਰ ਹੱਥ ਲਿਖਤਾਂ ਦਾ ਹਾਲੇ ਥਹੁ ਪਤਾ ਨਹੀਂ ਹੈ ਕਿ ਉਹ ਕਿੱਥੇ ਹਨ!
ਇਸ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਦਰਬਾਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਨੇ ਗੁਰਦੁਆਰਾ ਪ੍ਰਬੰਧ ਉੱਤੇ ਕਾਬਜ ਹੋ ਗਏ ਕਥਿੱਤ ‘ਅਜੋਕੇ ਮਹੰਤਾਂ’ ਖਿਲਾਫ ਸੰਘਰਸ਼ ਵਿੱਢਣ ਲਈ ਅਕਾਲ ਤਖਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਅਹਿਦ ਕੀਤਾ ਹੈ। ਇੱਥੇ ਜ਼ਿਕਰਯੋਗ ਹੈ ਕਿ ਹਾਲੇ ਪਿੱਛੇ ਜਿਹੇ ਹੀ ਪੰਜਾਬ ਸਰਕਾਰ ਨੇ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪਾਂ ਦੇ ਲਾਪਤਾ ਹੋਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦੇ ਇੱਕ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਕਾਊਂਟੈਂਟ ਕੋਹਲੀ ਦੀ ਗ੍ਰਿਫਤਾਰੀ ਵੀ ਹੋਈ ਸੀ। ਇਸ ਤੋਂ ਬਾਅਦ ਪਤਾ ਲੱਗਾ ਸੀ ਕਿ ਇਨ੍ਹਾਂ ਵਿੱਚੋਂ ਕੁਝ ਸਰੂਪ ਅਕਾਲੀ ਸਿਆਸਤਦਾਨਾਂ ਦੀ ਸਿਫਰਾਸ਼ ‘ਤੇ ਨਵਾਂਸ਼ਹਿਰ ਦੇ ਇੱਕ ਡੇਰੇ ਨੂੰ ਦਿੱਤੇ ਗਏ ਸਨ। ਕਿਹਾ ਜਾ ਰਿਹਾ ਹੈ ਕਿ ਇਸ ਡੇਰੇ ਵਿੱਚ ਸਿੱਖ ਰਹਿਤ ਮਰਿਯਾਦਾ ਦਾ ਕੋਈ ਖਿਆਲ ਨਹੀਂ ਰੱਖਿਆ ਜਾਂਦਾ। ਇਨ੍ਹਾਂ 328 ਸਰੂਪਾਂ ਦੇ ਮਾਮਲੇ ਵਿੱਚ ਵੀ ਭਾਈ ਬਲਦੇਵ ਸਿੰਘ ਵਡਾਲਾ ਨੇ ਸ਼੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ ‘ਤੇ ਲਗਾਤਾਰ ਧਰਨਾ ਦਿੱਤਾ ਹੈ। ਉਨ੍ਹਾਂ ਦੇ ਇਸ ਸਿਰੜੀ ਸੰਘਰਸ਼ ਕਾਰਨ ਹੀ ਪੰਜਾਬ ਸਰਕਾਰ ਨੂੰ ਲਾਪਤਾ 328 ਸਰੂਪਾਂ ਦੇ ਮਾਮਲੇ ਵਿੱਚ ਆਖਿਰ ਕਾਰਵਾਈ ਕਰਨੀ ਪਈ। ਪਰ ਇੱਕ ਰੌਲੇ-ਗੌਲੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਹੁਣ ਇਸ ਸੰਬੰਧ ਵਿੱਚ ਗੰਭੀਰ ਕਾਰਵਾਈ ਤੋਂ ਮੁੱਖ ਮੋੜ ਲਿਆ ਗਿਆ ਲਗਦਾ ਹੈ।

Leave a Reply

Your email address will not be published. Required fields are marked *