ਇਤਿਹਾਸ ਤੋਂ ਵਰਤਮਾਨ ਤੱਕ… ਕੌਡੀ ਤੋਂ ਕਬੱਡੀ

ਗੂੰਜਦਾ ਮੈਦਾਨ

*ਪੰਜਾਬ ਦੀ ਮਾਂ ਖੇਡ ਕਬੱਡੀ ਆਖਿਰ ਕਿਉਂ ਨਹੀਂ ਕਰ ਸਕੀ ਉਲੰਪਿਕ ਦਾ ਸਫਰ
*ਡਰੱਗਜ਼ ਦੇ ਲੱਗੇ ਧੱਬੇ ਨੇ ਇਸ ਦੇ ਰਾਹ ‘ਚ ਰੋੜੇ ਅਟਕਾਏ ਤੇ ਇਸ ਦੇ ਵੱਕਾਰ ਨੂੰ ਮਾਰੀ ਸੱਟ
ਸੰਤੋਖ ਸਿੰਘ ਮੰਡੇਰ ਅਤੇ ਡਾ. ਜਤਿੰਦਰ ਸਾਬੀ
ਕਿਸੇ ਵੇਲੇ ਪੰਜਾਬ ਦੇ ਹਰ ਪਿੰਡ ਦੇ ਰੇਤੇ ਵਾਲੇ ਟਿੱਬਿਆਂ ਅਤੇ ਨਿਆਈ ਵਾਲੇ ਵਾਹਣਾਂ ਦੇ ‘ਦੇਸੀ ਖੇਡ ਮੈਦਾਨਾਂ’ ਦੀ ਸ਼ਾਨ ਤੇ ਪੰਜਾਬੀਆਂ ਦੀ ਹਰਮਨ ਪਿਆਰੀ ਮਾਂ ਖੇਡ ਕਬੱਡੀ ਨੂੰ ਸਾਰੇ ਪੰਜਾਬੀ ਦਿਲ ਤੋਂ ਪਿਆਰ ਕਰਦੇ ਹਨ| 1947 ਦੀ ਵੰਡ ਤੋਂ ਪਹਿਲਾਂ ਤੇ ਪਿਛੋਂ ਪੂਰਬੀ ਪੰਜਾਬ (ਭਾਰਤ) ਤੇ ਪੱਛਮੀ ਪੰਜਾਬ (ਪਾਕਿਸਤਾਨ) ਦੇ ਨਾਮੀ ਪਿੰਡਾਂ ਵਿੱਚ ‘ਕੌਡੀ’ ਦੇ ਛੋਟੇ ਤੇ ਵੱਡੇ ਖੇਡ ਟੂਰਨਾਮੈਂਟ (ਮੈਚ) ਇਲਾਕੇ ਦੇ ਜੈਲਦਾਰਾਂ-ਨੰਬਰਦਾਰਾਂ, ਪਿੰਡ ਦੀ ਪੰਚਾਇਤ ਅਤੇ ‘ਨੌਜਵਾਨ ਸਭਾ’ ਵੱਲੋਂ ਬੜੇ ਚਾਅ ਨਾਲ ਕਰਵਾਏ ਜਾਂਦੇ ਸਨ|

ਜੇਤੂ ਟੀਮਾਂ ਨੂੰ ਇਨਾਮ ਵਿੱਚ ਸਾਬਣਦਾਨੀਆਂ, ਬਾਲਟੀਆਂ, ਜੱਗ, ਤੌਲੀਏ ਤੇ ਸਭ ਤੋਂ ਵੱਡੀ ਛਾਲ ਇਨਾਮ ਦੀ ‘ਅਟੈਚੀ ਕੇਸ’ ਹੁੰਦਾ ਸੀ| ‘ਕੌਡੀ’ ਦੀ ਖੇਡ ਚੀਨਿਆਂ-ਜਾਪਾਨੀਆਂ-ਕੋਰੀਅਨਾਂ ਦੀਆਂ ਮਾਰਸ਼ਲ ਖੇਡਾਂ ਜੂਡੋ, ਕਰਾਟੇ, ਵੁਸ਼ੂ ਵਾਂਗ ਪੰਜਾਬੀਆਂ ਦੀ ਮਾਰਸ਼ਲ ਟੀਮ ਖੇਡ ਹੈ, ਜੋ ਸੰਸਾਰ ਭਰ ਵਿੱਚ ਸਿਰਫ ਪੰਜਾਬੀ ਕਬੱਡੀ ਖਿਡਾਰੀਆਂ ਨਾਲ ਪੰਜਾਬੀ ਪ੍ਰਬੰਧਕਾਂ ਵੱਲੋਂ ਹੀ ਖਿਡਾਈ ਜਾਂਦੀ ਹੈ| ਪੰਜਾਬੀ ਪ੍ਰਬੰਧਕਾਂ ਜਾਂ ਸੰਸਥਾਵਾਂ ਨੇ ਕਬੱਡੀ ਨੂੰ ਐਸਾ ਨਾਗਵਲ਼ ਜੱਫਾ ਪਾਇਆ ਹੋਇਆ ਹੈ ਕਿ ਪਿਛਲੇ 40-50 ਸਾਲਾਂ ਵਿੱਚ ਭਾਰਤੀ ਪੰਜਾਬ ਜਾਂ ਪਾਕਿਸਤਾਨੀ ਪੰਜਾਬ ਦੀਆਂ ਸਰਕਾਰਾਂ ਤੋਂ ਬਿਨਾ ਕਿਸੇ ਵੀ ਦੇਸ਼ ਦੀ ਸਰਕਾਰ, ਉਲੰਪਿਕ ਸੰਸਥਾ ਜਾਂ ਫੈਡਰੇਸ਼ਨ ਨੇ ਕਬੱਡੀ ਖੇਡ ਦਾ ਸੰਸਾਰ ਪੱਧਰ ਦਾ ਮਾਨਤਾ ਪ੍ਰਾਪਤ ‘ਕਬੱਡੀ ਵਰਲਡ ਕੱਪ’, ‘ਕਬੱਡੀ ਲੀਗ’ ਜਾਂ ‘ਕਬੱਡੀ ਚੈਂਪੀਅਨਸ਼ਿਪ’ ਦਾ ਪ੍ਰਬੰਧ ਕੀਤਾ ਹੋਵੇ! ਇੰਗਲੈਂਡ ਤੇ ਯੂਰਪ ਵਿੱਚ ਸਿੱਖ ਗੁਰੂਘਰਾਂ ਦੇ ਪ੍ਰਧਾਨ ਤੇ ਪ੍ਰਬੰਧਕ; ਕੈਨੇਡਾ, ਅਮਰੀਕਾ ਵਿੱਚ ਬੇਰੀਆਂ-ਬਦਾਮਾਂ ਦੇ ਫਾਰਮਾਂ ਵਾਲੇ ਤੇ ਟਰੱਕਾਂ-ਟਰਾਲਿਆਂ ਦੀਆਂ ਫਲੀਟਾਂ ਵਾਲੇ ਕਬੱਡੀ ਮੇਲਿਆਂ ਵਿੱਚ ਮੋਹਰੀ ਰਹੇ ਹਨ|
ਪਿਛਲੇ ਕੁਝ ਸਾਲਾਂ ਤੋਂ ਜਦੋਂ ਪੰਜਾਬੀ ਪ੍ਰਬੰਧਕਾਂ ਨੇ ਵਿਦੇਸ਼ਾਂ ਵਿੱਚ ‘ਕਬੱਡੀ ਮੇਲੇ’ ਕਰਵਾਉਣੇ ਸ਼ੁਰੂ ਕੀਤੇ ਹਨ- ਗੋਰੇ, ਕਾਲੇ ਤੇ ਮੈਕਸੀਕੇ ਕਬੱਡੀ ਖਿਡਾਰੀ ਵੀ ‘ਕਬੱਡੀ ਡਾਲਰਾਂ’ ਦੀ ਚਮਕ-ਦਮਕ ਨਾਲ ਕਬੱਡੀ ਮੈਦਾਨ ਵਿੱਚ ‘ਵੜ’ ਗਏ ਹਨ| ਵਰਤਮਾਨ ਸਮੇਂ ਵਿੱਚ ਫਿਰ ਵੀ ਕਬੱਡੀ ਸਰਕਲ ਸਟਾਇਲ ਬਿਨਾ ਕਿਸੇ ‘ਸਿਰ-ਪੈਰ’ ਤੇ ‘ਹਿਸਾਬ-ਕਿਤਾਬ’ ਦੇ ਵਿਸ਼ਵ ਦੇ 26 ਮੁਲਕਾਂ ਅੰਦਰ ਖੇਡੀ ਜਾਂਦੀ ਹੈ| ਈਰਾਨ ਦੇ ਗੋਰੇ ਚਿੱਟੇ ਪਹਿਲਵਾਨ ਤੇ ਬਾਡੀਬਿਲਡਰ, ਕੀਨੀਆ ਤੇ ਸਿਆਰਾਲੋਨ ਦੇ ਹਾਥੀਆਂ ਵਰਗੇ ‘ਕਾਲੇ ਕੌਡੀ ਵਾਲੇ’ ਜਦੋਂ ਕਬੱਡੀ ਖੇਡਣੀ ਸਿੱਖ ਗਏ ਤਾਂ ਬਾਕੀਆਂ ਦੇ ‘ਨਾਸੀਂ ਧੂੰਆਂ’ ਲਿਆ ਦੇਣਗੇ| ਕਿਸੇ ਵੇਲੇ ਕੱਖਾਂ ਦੀ ‘ਕੌਡੀ’ ਨੂੰ ਪੰਜਾਬੀਆਂ ਨੇ ਆਪਣੇ ਜੋਸ਼, ਜਜ਼ਬੇ ਤੇ ਸਖਤ ਮਿਹਨਤ ਨਾਲ ਕਰੋੜਾਂ ਦੀ ‘ਕਬੱਡੀ’ ਬਣਾ ਕੇ ਪੂਰੇ ‘ਪੰਜਾਬੀ ਜਗਤ’ ਵਿੱਚ ਇਸ ਦੀ ਵੱਖਰੀ ਪਛਾਣ ਬਣਾਈ ਹੈ| ਵਿਸ਼ਵ ਵਿੱਚ ਪ੍ਰਚਲਤ ਪੰਜਾਬੀਆਂ ਦੀ ਕੌਮੀ ਖੇਡ ਕਬੱਡੀ ਸਰਕਲ ਸਟਾਇਲ ਵਿੱਚ ਅਥਲੈਟਿਕਸ, ਰੈਸਲਿੰਗ, ਜਿਮਨਾਸਟਿਕ, ਬੌਕਸਿੰਗ ਆਦਿ ਵਿਸ਼ਵ ਦੀਆਂ ਨਾਮੀ ਖੇਡਾਂ ਦਾ ਭਰਵਾਂ ਸੁਮੇਲ ਹੈ|
ਭਾਰਤੀ ਪੰਜਾਬ ਤੇ ਹਰਿਆਣਾ ਪ੍ਰਾਂਤ ਵਿੱਚ ਸਮੇਂ ਦੀਆਂ ਸਰਕਾਰਾਂ ਦਾ ਵੀ ਕਬੱਡੀ ਖੇਡ ਵੱਲ ਧਿਆਨ ਖਿੱਚਿਆ ਗਿਆ ਤੇ ਸਰਕਾਰਾਂ ਨੇ ਆਪਣੀ ਸਰਕਾਰ ਦੇ ਪ੍ਰਚਾਰ-ਪ੍ਰਸਾਰ ਲਈ ਇਸ ਦੇ ਵੱਡੇ ਵੱਡੇ ‘ਵਰਲਡ ਕਬੱਡੀ ਕੱਪ’ ਪੂਰਬੀ ਤੇ ਪੱਛਮੀ ਪੰਜਾਬ ਵਿੱਚ ਕਰੋੜਾਂ ਰੁਪਏ ਖਰਚ ਕੇ ਕਰਵਾਉਣ ਲਈ ਉਪਰਾਲੇ ਕੀਤੇ, ਜੋ ਕਾਫੀ ਹੱਦ ਤੱਕ ਸਫਲ ਵੀ ਹੋਏ| ਦੱਖਣੀ ਭਾਰਤ ਅੰਦਰ ਮਹਾਰਾਸ਼ਟਰ ਸੂਬੇ ਦੀ ਰਾਜਧਾਨੀ ਮੁੰਬਈ ਵਿੱਚ ਕਬੱਡੀ ਨੈਸ਼ਨਲ ਸਟਾਇਲ ਦੀ ‘ਕਬੱਡੀ ਪਰੋ ਲੀਗ’ ਵਿੱਚ ਵੱਖੋ-ਵੱਖ, ਭਾਰਤੀ ਫਿਲਮਾਂ ਦੇ ਐਕਟਰਾਂ, ਸਨਅਤਕਾਰਾਂ ਤੇ ਮੁਲਕ ਦੇ ਸਿਰਕੱਢ ਧਨਾਢਾਂ ਵੱਲੋਂ ਕਬੱਡੀ ਟੀਮਾਂ ਲਈ ਦੇਸ਼-ਵਿਦੇਸ਼ ਦੇ ਕਬੱਡੀ ਖਿਡਾਰੀਆਂ ਲਈ ‘ਕਰੋੜਾਂ ਰੁਪਏ’ ਦੀ ਬੋਲੀ ਲਗਦੀ ਹੈ| ਕਬੱਡੀ ਪਰੋ ਲੀਗ ਬਹੁਤ ਹੀ ਸ਼ਾਨਦਾਰ ਢੰਗ ਨਾਲ ਸੰਸਾਰ ਭਰ ਅੰਦਰ ‘ਸੋਨੀ ਸਪੋਰਟਸ ਟੀ.ਵੀ.’ ਅਤੇ ਹੋਰ ਨਾਮੀ ਟੀ.ਵੀ. ਚੈਨਲਾਂ ਉਪਰ ਦਿਖਾਈ ਜਾਂਦੀ ਹੈ, ਜਿਸ ਦੀਆਂ ਮਿੰਟਾਂ-ਸੈਕਿੰਟਾਂ ਦੀਆਂ ਰੰਗਦਾਰ ਮਸ਼ਹੂਰੀਆਂ ਨਾਲ ਲੱਖਾਂ-ਕਰੋੜਾਂ ਦਾ ਅੰਤਰਰਾਸ਼ਟਰੀ ਵਪਾਰ ‘ਕਬੱਡੀ ਪਰੋ ਲੀਗ’ ਰਾਹੀਂ ਹੁੰਦਾ ਹੈ|
ਪਹਿਲੇ ਸਮਿਆਂ ਵਿੱਚ ਕਬੱਡੀ ਸਰਕਲ ਸਟਾਇਲ ਪੰਜਾਬ ਦੇ ਪਿੰਡਾਂ ਵਿੱਚ ਸ਼ੌਕ-ਸ਼ੁਗਲ, ਤਾਕਤ-ਧਾਕ ਤੇ ਜ਼ੋਰ-ਜਵਾਨੀ ਲਈ ਖੇਡੀ ਜਾਂਦੀ ਸੀ| ਹੌਲੀ ਹੌਲੀ ਖੇਡ ਕਬੱਡੀ ਵਿੱਚ ਡਾਲਰਾਂ, ਪੌਡਾਂ ਤੇ ਪੈਸੇ ਦੀ ਮੋਟੀ ਕਮਾਈ ਦੇ ਨਾਲ ਨਾਲ ਡਰੱਗ ਤੇ ਨਸ਼ਿਆਂ ਨੇ ਵੀ ਇਸ ਨੂੰ ਆਪਣੇ ਲਪੇਟੇ ‘ਚ ਲੈ ਲਿਆ| ਇਸ ਨਾਲ ਕਬੱਡੀ ਦਾ ਮਿਆਰ ਲਗਾਤਾਰ ਗਿਰਾਵਟ ਵੱਲ ਚਲਾ ਗਿਆ, ਜਿਸ ਲਈ ਅਸੀਂ ਸਾਰੇ ਜ਼ਿੰਮੇਵਾਰ ਹਾਂ| ਕਬੱਡੀ ਦੇ ਮੌਕਾਪ੍ਰਸਤ ਰਸੂਖਦਾਰਾਂ ਨੇ ਇਸ ਨੂੰ ਆਪਣੇ ਕਬਜੇ ‘ਚ ਰੱਖਣ ਲਈ ਕਈ ਤਰ੍ਹਾਂ ਦੇ ਹਥਕੰਡੇ ਵਰਤੇ, ਜਿਸ ਨਾਲ ਖੇਡ ਕਬੱਡੀ ਕੁਝ ਸਰਮਾਏਦਾਰਾਂ, ਅਖੌਤੀ ਕਬੱਡੀ ਫੈਡਰੇਸ਼ਨਾਂ ਤੇ ਕਬੱਡੀ ਅਕੈਡਮੀਆਂ ਦੀ ਖੇਡ ਬਣ ਕੇ ਰਹਿ ਗਈ| ਇਨ੍ਹਾਂ ਕਬੱਡੀ ਪ੍ਰਬੰਧਕਾਂ-ਪ੍ਰਧਾਨਾਂ, ਆਪੇ ਬਣੇ ਕਬੱਡੀ ਕੋਚਾਂ ਤੇ ਖਿਡਾਰੀਆਂ ਵੱਲੋਂ ਮੋਟੇ ਪੈਸੇ ਦੀ ਮੰਗ ਦੇ ਨਾਲ, ਉਨ੍ਹਾਂ ਨੂੰ ਭਾਂਤ-ਭਾਂਤ ਦੇ ਨਸ਼ਿਆਂ ਤੇ ਭਿਆਨਕ ਡਰੱਗਾਂ ਦੇ ਲਪੇਟੇ ‘ਚ ਆਉਣ ਕਰਕੇ ਹੁਣ ਲੋਕਾਂ ਨੇ ਕਬੱਡੀ ਤੋਂ ਕੰਨੀ ਕਤਰਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਤੇ ਵਿਸ਼ਵ ਪੰਜਾਬੀ ਜਗਤ ਦੇ ਖੇਡ ਖੇਤਰ ਦੀ ਮਿੱਟੀ ਨਾਲ ਜੁੜੀ ਮਾਂ ਖੇਡ ਕਬੱਡੀ ਸਰਕਲ ਸਟਾਇਲ, ਇਸ ਵੇਲੇ ਆਪਣੇ ਬਹੁਤ ਹੀ ਨਾਜ਼ੁਕ ਦੌਰ ਵਿੱਚੋਂ ਗੁਜਰ ਰਹੀ ਹੈ। ਇਸ ਦੀਆਂ ਗਲਤ ਰਵਾਇਤਾਂ, ਕਾਇਦੇ ਕਾਨੂੰਨ ਨਾ ਹੋਣਾ ਅਤੇ ਨਸ਼ੇ ਤੇ ਡਰੱਗਾਂ ਦੇ ਲੱਗੇ ਵੱਡੇ ਦਾਗਾਂ ਨੇ ਇਸ ਦਾ ਏਸ਼ੀਅਨ, ਕਾਮਨਵੈਲਥ ਅਤੇ ਉਲੰਪਿਕ ਖੇਡਾਂ ‘ਚ ਪੁੱਜਣ ਦਾ ਸੁਫਨਾ ਪੂਰਾ ਨਹੀਂ ਹੋਣ ਦਿੱਤਾ ਹੈ| ਜਿਸ ਉਦੇਸ਼ ਨਾਲ ਇਸ ਦੇ ਵੱਡੇ-ਵੱਡੇ ਇਨਾਮਾਂ ਦੇ ਖੇਡ ਟੂਰਨਾਮੈਂਟ, ਅੰਤਰਰਾਸ਼ਟਰੀ ਕਬੱਡੀ ਗੋਲਡ ਕੱਪ, ਵਰਲਡ ਕਬੱਡੀ ਲੀਗ, ਵਰਲਡ ਕਬੱਡੀ ਕੱਪ, ਪੰਜਾਬ ਤੇ ਪਰਦੇਸਾਂ ਵਿੱਚ ਪਰਵਾਸੀ ਭਾਰਤੀ, ਖੇਡ ਪ੍ਰੋਮੋਟਰ ਤੇ ਸਾਰੇ ਪੰਜਾਬੀ ਬੜੀ ਸ਼ਾਨ ਨਾਲ ਵੱਖ-ਵੱਖ ਦੇਸ਼ਾਂ ਵਿੱਚ ਕਰਵਾਉਂਦੇ ਸਨ ਤੇ ਸਮੇਂ ਦੀਆਂ ਸਰਕਾਰਾਂ ਵੀ ਉਨ੍ਹਾਂ ਦਾ ਸਾਥ ਦਿੰਦੀਆਂ ਸਨ।
ਕਬੱਡੀ ਸਰਕਲ ਸਟਾਇਲ ਦੀ ਖੇਡ ਵਿੱਚ ਨਸ਼ਾ ਤੇ ਮਾੜੀਆਂ ਰਵਾਇਤਾਂ ਲਈ ਕੋਈ ਇਕੱਲਾ ਇਨਸਾਨ, ਕਮੇਟੀ, ਕਬੱਡੀ ਕਲੱਬ, ਸੰਸਥਾ ਜਾਂ ਫੈਡਰੇਸ਼ਨ ਜ਼ਿੰਮੇਵਾਰ ਨਹੀਂ ਹੈ। ਇਹ ਸਾਡੇ ਪੰਜਾਬੀ ਸਮਾਜ ਦੀ ਵੱਡੀ ਲਾਪਰਵਾਹੀ, ਸਾਡੀਆਂ ਨਿੱਜੀ ਖਾਹਿਸ਼ਾਂ, ਆਪਹੁਦਰੀਆਂ ਦੋਹਰੀਆਂ ਨੀਤੀਆਂ ਲਈ ਅਸੀਂ ਸਾਰੇ ਸਾਂਝੇ ਤੌਰ `ਤੇ ਜ਼ਿੰਮੇਵਾਰ ਹਾਂ| ਇਸ ਨੂੰ ਸਾਨੂੰ ਕਬੂਲ ਵੀ ਕਰਨਾ ਚਾਹੀਦਾ ਹੈ, ਪਰ ਅਫ਼ਸੋਸ ਦੀ ਗੱਲ ਹੈ ਕਿ ਅਸੀ ਸਾਂਝੀ ਜ਼ਿੰਮੇਵਾਰੀ ਲੈਣ ਲਈ ਵੀ ਤਿਆਰ ਨਹੀਂ ਹਾਂ! ਵਿਸ਼ਵ ਭਰ ਵਿੱਚ ਕਬੱਡੀ ਦੇ ਆਪੇ ਬਣੇ ‘ਰਖਵਾਲੇ’ ਕਬੱਡੀ ਪ੍ਰਧਾਨ, ਪ੍ਰਬੰਧਕ, ਕੋਚ, ਰੈਫਰੀ, ਕੁਮੈਂਟਰੀ ਕਲਾਕਾਰ ਤੇ ਹੋਰ ‘ਕਬੱਡੀ ਤੌਲੀਆ ਚੁੱਕ’ ਅਧਿਕਾਰੀ ਇੱਕ-ਦੂਜੇ `ਤੇ ਦੂਸ਼ਣਬਾਜ਼ੀ ਲਾ ਕੇ ਦੂਜੇ ਨੂੰ ਜ਼ਿੰਮੇਵਾਰ ਸਿੱਧ ਕਰਨ ਲਈ ਅੱਡੀ ਚੋਟੀ ਦਾ ਪੂਰਾ ਜ਼ੋਰ ਲਾ ਰਹੇ ਹਨ ਤੇ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਕੋਈ ਵੀ ਇਹ ਕਸੂਰ ਮੰਨਣ ਲਈ ਤਿਆਰ ਨਹੀਂ ਹੈ।
ਪੰਜਾਬ ਦੇ ਪਿੰਡਾਂ ਦੀ ‘ਕੌਮੀ ਖੇਡ ਕਬੱਡੀ’ ਦੀ ਮਾੜੀ ਹਾਲਤ ਨਾ ਤਾਂ ਕਿਸੇ ਰਾਜਨੇਤਾ ਨੇ ਕੀਤੀ, ਨਾ ਕਿਸੇ ਖੇਡ ਪ੍ਰਬੰਧਕ ਨੇ ਕੀਤੀ, ਨਾ ਹੀ ਕਿਸੇ ਇੱਕ ਖਿਡਾਰੀ ਦੀ ਇਹ ਕਾਰਵਾਈ ਹੈ ਤੇ ਨਾ ਕਿਸੇ ਇੱਕ ਟੀਮ ਜਾਂ ਖੇਡ ਪ੍ਰੋਮੋਟਰ ਨੇ ਬਣਾਈ ਹੈ। ਇਸ ਲਈ ਹੇਠਲੇ ਪੱਧਰ ਦੇ ਖਿਡਾਰੀਆਂ ਤੋਂ ਲੈ ਕੇ ‘ਅਖੌਤੀ ਦੇਸੀ-ਵਿਦੇਸ਼ੀ ਕਬੱਡੀ ਫੈਡਰੇਸ਼ਨਾਂ’ ਤੱਕ, ਖੇਡ ਕਬੱਡੀ ਨਾਲ ਜੁੜਿਆ ਹਰ ਪੱਖ ਕਿਸੇ ਨਾ ਕਿਸੇ ਹੱਦ ਤੱਕ ਇਸ ਨੂੰ ਨਿਵਾਣ ਵੱਲ ਲੈ ਕੇ ਜਾਣ ਦਾ ਅਸਲ ਦੋਸ਼ੀ ਹੈ| ਇਸ ਕੌੜੇ ਸੱਚ ਨੂੰ ਸਾਨੂੰ ਸਾਰਿਆਂ ਨੂੰ ਕਬੂਲ ਵੀ ਕਰਨਾ ਚਾਹੀਦਾ ਹੈ| ਸਾਨੂੰ ਇਸ ਦੇ ਅਸਲ ਤੇ ਸਹੀ ਕਾਰਨਾਂ ਨੂੰ ਲੱਭ ਕੇ ਉਨ੍ਹਾਂ ਨੂੰ ਠੀਕ ਕਰਨ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ, ਤਾਂ ਹੀ ਸਾਡੀ ਪੰਜਾਬ ਦੀ ਕੌਮੀ ਖੇਡ ਕਬੱਡੀ ਮੁੜ ਤੋਂ ਆਪਣੀਆਂ ਪੁਰਾਣੀਆਂ ਲੀਹਾਂ `ਤੇ ਚੜ੍ਹ ਸਕੇਗੀ।
ਭਾਰਤ ਤੋਂ 1947 ਵਿੱਚ ਵੱਖ ਹੋਏ ਨਵੇਂ ਮੁਸਲਿਮ ਦੇਸ਼ ਪਾਕਿਸਤਾਨ ਵਿੱਚ ‘ਪਾਕਿਸਤਾਨ ਕਬੱਡੀ ਫੈਡਰੇਸ਼ਨ’ ਅਤੇ ਈਰਾਨ ਵਿੱਚ ‘ਈਰਾਨ ਕਬੱਡੀ ਫੈਡਰੇਸ਼ਨ’ ਸਾਡੀ ਕੌਮੀ ਖੇਡ ਕਬੱਡੀ ਸਰਕਲ ਸਟਾਇਲ ਦੀ ‘ਡਿਵੈਲਪਮੈਂਟ’ ਲਈ ਅੰਤਾਂ ਦਾ ਕੰਮ ਸਮੇਂ ਦੀ ਸਰਕਾਰ ‘ਉਲੰਪਿਕ ਕੌਂਸਲ ਆਫ ਏਸ਼ੀਆ’ ਤੇ ‘ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ-ਕੁਵੈਤ’ ਨਾਲ ਮਿਲ ਕੇ ਕਰ ਰਹੀਆਂ ਹਨ| ਏਸ਼ੀਆ ਮਹਾਂਦੀਪ ਦੇ ਨਾਮੀ ਦੇਸ਼ਾਂ- ਚੀਨ, ਜਾਪਾਨ ਤੇ ਕੋਰੀਆ ਨੇ ਆਪਣੀਆਂ ਕੁਝ ਰਵਾਇਤੀ ਕੌਮੀ ਖੇਡਾਂ ਨੂੰ ਵਿਸ਼ਵ ਚੈਂਪੀਅਨਸ਼ਿਪ ਤੇ ਉਲੰਪਿਕ ਖੇਡਾਂ ਦੇ ਪੱਧਰ ਤੱਕ ਪਹੁੰਚਾ ਵੀ ਦਿੱਤਾ ਹੈ| ਵਿਸ਼ਵ ਭਰ ਦੇ ਪੰਜਾਬੀਆਂ ਦੀ ਕੌਮੀ ਖੇਡ ਕਬੱਡੀ ਵੀ ਇਸ ਦੀ ਹੱਕਦਾਰ ਹੈ|

‘ਜਿਸ ਦਾ ਫੀਲਡ, ਉਸ ਦੀ ਸ਼ੀਲਡ’ ਨੇ ਚਕਾਚੌਂਧ ਕੀਤੇ ਕਬੱਡੀ ਦੇ ਹੀਰੇ
ਭਾਰਤੀ ਪੰਜਾਬ ਤੇ ਪਾਕਿਸਤਾਨੀ ਪੰਜਾਬ ਦੇ ਪਿੰਡਾਂ ਅੰਦਰ ਪੰਜਾਬੀ ਪਰਿਵਾਰਾਂ ਵਿੱਚ ‘ਕਬੱਡੀ’ ਤੇ ‘ਕੁਸ਼ਤੀ’ ਨੂੰ ਪੰਜਾਬੀਆਂ ਦੀਆਂ ਰਵਾਇਤੀ ਖੇਡਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ| ਪਿੰਡਾਂ ਦੇ ਪੰਜਾਬੀ ਖਿਡਾਰੀਆਂ ਦੇ ਮਾਪੇ ਆਪਣੇ ਪੁੱਤਾਂ ਨੂੰ ਘਿਉ-ਦੁੱਧ ਨਾਲ ਪਾਲ ਕੇ ਖੇਡ ਮੈਦਾਨ ‘ਚ ਆਪਣੇ ਪਰਿਵਾਰ, ਪਿੰਡ ਤੇ ਇਲਾਕੇ ਦਾ ਨਾਮ ਰੌਸ਼ਨ ਕਰਨ ਲਈ ਤਿਆਰ ਕਰਕੇ ਭੇਜਦੇ ਹਨ। ਸੰਨ 1964-65 ਵਿੱਚ ਪੰਜਾਬ ਦੇ ਜ਼ਿਲਾ ਲੁਧਿਆਣੇ ਦੇ ਪਿੰਡ ਕਿਲਾ ਰਾਏਪੁਰ ਦੀਆਂ ‘ਗਰੇਵਾਲ ਖੇਡਾਂ’ ਵਿੱਚ ਕਲਕੱਤੇ ਦੇ ਟਰਾਂਸਪੋਟਰ ਸਰਦਾਰ ਦਲੀਪ ਸਿੰਘ ਗਰੇਵਾਲ ਨੇ ਚੰਗੇ ਕਬੱਡੀ ਖਿਡਾਰੀਆਂ ਨੂੰ 10 ਰੁਪਏ ਦੇਣ ਦੀ ਪਿਰਤ ਪਾਈ ਸੀ ਤੇ ਕਬੱਡੀ ਦੇ ‘ਫੰਨੇ ਖਾਂ’ ਨੂੰ 100 ਰੁਪਿਆ ਦਿੰਦਾ ਸੀ| 30 ਸਾਲਾਂ ਬਾਅਦ 1994-95 ਵਿੱਚ ਬ੍ਰਿਟਿਸ਼ ਕੋਲੰਬੀਆ-ਕੈਨੇਡਾ ਦੇ ‘ਪੁਰੇਵਾਲ ਬਲਿਊਬੇਰੀ ਫਾਰਮ’ ਦੇ ਮਾਲਕਾਂ ਤੇ ਸਾਬਕਾ ਕਬੱਡੀ ਖਿਡਾਰੀ ਭਰਾਵਾਂ- ਮਲਕੀਤ ਸਿੰਘ, ਚਰਨ ਸਿੰਘ ਅਤੇ ਗੁਰਜੀਤ ਸਿੰਘ ਪੁਰੇਵਾਲ ਪਰਿਵਾਰ ਨੇ ਪੰਜਾਬ ਦੇ ਆਪਣੇ ਪਿੰਡ ਹਕੀਮਪੁਰ-ਮੁਕੰਦਪੁਰ ਵਿਖੇ ‘ਪੁਰੇਵਾਲ ਖੇਡ ਮੇਲੇ’ ਵਿੱਚ ਕਬੱਡੀ ਦੀਆਂ ਟੀਮਾਂ ਨੂੰ ਇਨਾਮਾਂ ਵਿੱਚ ਲੱਖਾਂ ਰੁਪਏ ਦੇਣ ਦੀ ਸ਼ੁਰੂਆਤ ਕੀਤੀ ਸੀ| ਤਿੰਨ ਦਿਨ ਦੇ ‘ਪੁਰੇਵਾਲ ਰੂਰਲ ਉਲੰਪਿਕ’ ਸਮੇਂ ਕਬੱਡੀ ਮੈਚਾਂ ਵਿੱਚ ਕਬੱਡੀ ਦੇ ‘ਸਟਾਪਰ’ ਤੇ ‘ਰੇਡਰ’ ਨੂੰ ਪ੍ਰਾਹੁਣੇ ਵਿਦੇਸ਼ੀ ਮਹਿਮਾਨਾਂ ਵੱਲੋਂ ਰੁਪਈਆਂ ਦੀ ਥਾਂ ਡਾਲਰ, ਪੌਂਡ ਚਾਅ ਨਾਲ ਦਿੱਤੇ ਜਾਂਦੇ ਸਨ|
ਜਲੰਧਰ ਜ਼ਿਲੇ ਦੇ ਪਿੰਡ ਸ਼ੰਕਰ ਦੇ ਤੱਖਰਾਂ ਦੀ ‘ਕੁਸ਼ਤੀ ਦੀ ਛਿੰਜ’ ਵੀ ਬੜੀ ਮਸ਼ਹੂਰ ਹੁੰਦੀ ਸੀ| ਸਮੇਂ ਦੀ ਤੋਰ ਨਾਲ ਹੌਲੀ ਹੌਲੀ ਕਬੱਡੀ ਮੈਚਾਂ ਦੇ ਵਿੱਚ ਹਰ ਰੇਡ ਜਾਂ ਨੰਬਰ ਉਪਰ ਲੱਗਣ ਵਾਲੇ ‘ਨਕਦ ਪੈਸੇ-ਰੁਪਿਆਂ’ ਦੀ ਇਨਾਮੀ ਰਾਸ਼ੀ ਨੇ ਕਿਸੇ ਹੋਰ ਪਾਸੇ ਨੂੰ ਮੋੜਾ ਪਾ ਲਿਆ| ਦੇਸ਼-ਵਿਦੇਸ਼ ਵਿੱਚ ਕਬੱਡੀ ਦੇ ਨਾਮੀਂ ਰਸੂਖਦਾਰਾਂ, ਪ੍ਰਬੰਧਕਾਂ, ਫੈਡਰੇਸ਼ਨਾਂ ਤੇ ਅਖੌਤੀ ਕੋਚਾਂ ਨੇ ਇਸ ਨੂੰ ਆਪਣੀ ਕਮਾਈ ਦਾ ਇੱਕ ਵੱਡਾ ਸਾਧਨ ਬਣਾ ਲਿਆ ਤੇ ਖਿਡਾਰੀਆਂ ਨੂੰ ਜਿੱਤ ਵਾਲੀ ‘ਮੁਫਤ ਦੀ ਮਸ਼ੀਨ’| ਕਬੱਡੀ ਦੇ ਕਈ ਖਿਡਾਰੀ ਜਿੱਤ ਦੀ ਹਰ ਕੋਸ਼ਿਸ, ਸ਼ਹੁਰਤ ਅਤੇ ਪੈਸੇ ਦੇ ਲਾਲਚ ਵਿੱਚ ਇਹ ਭੁੱਲ ਗਏ ਕਿ ਕਬੱਡੀ ਸਿਰਫ਼ ਤਾਕਤ ਦੀ ਨਹੀਂ, ਅਨੁਸ਼ਾਸਨ, ਸਬਰ ਅਤੇ ਇਖ਼ਲਾਕ ਦੀ ਖੇਡ ਹੈ| ਉਨ੍ਹਾਂ ਨੇ ਜਿੱਤਣ ਦੇ ਲਈ ਕਬੱਡੀ ਦੇ ਮੁਢਲੇ ਅਸੂਲਾਂ ਨੂੰ ਤੋੜਨ ਤੋਂ ਕੋਈ ਵੀ ਸੰਕੋਚ ਨਹੀਂ ਕੀਤਾ| ਇੱਕ ਚੰਗੇ ਭਲੇ ਜਵਾਨ ਤੰਦਰੁਸਤ ਫਰਾਟੇ ਮਾਰਦੇ ਤੇ ਅੱਗ ਕੱਢਦੇ ਸਰੀਰ ਵਿੱਚ ਤਾਕਤ ਵਧਾਉਣ ਵਾਲੀਆਂ ਦਵਾਈਆਂ ਤੇ ਟੀਕਿਆਂ ਨੇ ਜਿੱਤ ਦੇ ਲਾਲਚ ‘ਚ ਖਿਡਾਰੀਆਂ ਨੂੰ ਗਲਤ ਰਾਹ ਵੱਲ ਧੱਕ ਦਿੱਤਾ। ਕਬੱਡੀ ਖਿਡਾਰੀ, ਜੋ ਗਲਤ ਜਾਣਦੇ ਹੋਏ ਵੀ ਚੁੱਪ ਰਹੇ, ਉਹ ਵੀ ਉਨ੍ਹਾਂ ਜਿੰਨੇ ਹੀ ਦੋਸ਼ੀ ਹਨ ਜੋ ਖੁੱਲ੍ਹ ਕੇ ਮਾਰੂ ਤੇ ਗਲਤ ਕੰਮ ਕਰਦੇ ਰਹੇ ਅਤੇ ਉਨ੍ਹਾਂ ਤੋਂ ਇਹ ਗਲਤ ਕੰਮ ਆਪਣੇ ਸੌੜੇ ਹਿੱਤਾਂ ਲਈ ਕਰਵਾਉਂਦੇ ਰਹੇ। ਖਿਡਾਰੀਆਂ ਵਿੱਚ ਸਭ ਤੋਂ ਵੱਡੀ ਸਮੱਸਿਆ ਦਵਾਈਆਂ ਬਾਰੇ ਅਗਿਆਨਤਾ ਹੈ ਅਤੇ ਉਹ ਇਸ ਨੂੰ ਮੌਕੇ ਅਨੁਸਾਰ ਵੱਧ ਤਾਕਤ ਲੈ ਕੇ ਖੇਡਣ ਦਾ ਜ਼ਰੀਆ ਮੰਨ ਰਹੇ ਹਨ| ਕਬੱਡੀ ਖਿਡਾਰੀ ਇਸ ਦੇ ਮਾਰੂ ਤੇ ਘਾਤਕ ਅਸਰ ਨੂੰ ਨਹੀਂ ਜਾਣਦੇ ਕਿ ਖੇਡਾਂ ਵਿੱਚ ਜੋ ਤਾਕਤ ਵਧਾਉਣ ਵਾਲੀਆਂ ਦਵਾਈਆਂ ਲੈਦੇ ਹਨ, ਉਸ ਦੀ ਸਰੀਰ ਤੋਂ ਰਿਕਵਰੀ ਕਿਸ ਤਰ੍ਹਾਂ ਤੇ ਕਿਵੇਂ ਕਰਨੀ ਹੈ! ਇਸ ਦੀ ਸਹੀ ਵਰਤੋਂ ਲਈ ਸਪੋਰਟਸ ਮੈਡੀਸਨ ਦੇ ਮਾਹਿਰ ਡਾਕਟਰਾਂ ਨਾਲ ਸਲਾਹ ਮਸ਼ਵਰਾ ਕਿਵੇਂ ਕਰਨਾ ਹੈ! ਉਨ੍ਹਾਂ ਨੇ ਖੇਡ ਮੈਦਾਨ ਦੇ ਵਿੱਚ ਡੋਪਿੰਗ ਤੋਂ ਕਿਵੇਂ ਬਚਾਉ ਕਰਨਾ ਹੈ, ਤੋਂ ਵੀ ਅਣਜਾਣ ਸਨ, ਜਿਸ ਕਾਰਨ ਕਈ ਕਬੱਡੀ ਖਿਡਾਰੀ ਖੇਡ ਮੈਦਾਨ ਵਿੱਚ ਹੀ ‘ਫੁੜਕ’ ਗਏ| ਖਿਡਾਰੀਆਂ ਵਿੱਚ ਆਪਣੇ ਆਪ ਵੇਖੋ ਵੇਖੀ ਬਿਨਾ ਕਿਸੇ ਸਪੋਰਟਸ ਮੈਡੀਸਨ ਦੇ ਮਾਹਿਰ ਡਾਕਟਰ ਦੀ ਸਲਾਹ ਦੇ ਦਵਾਈਆਂ ਲੈਣਾ ਖਿਡਾਰੀਆਂ ਦੀ ਸਿਹਤ ਅਤੇ ਭਵਿੱਖ- ਦੋਵਾਂ ਲਈ ਘਾਤਕ ਸਿੱਧ ਹੋਇਆ| ਇਸ ਨੇ ਖਿਡਾਰੀਆਂ ਦੀ ਸਿਹਤ ਨਾਲ ਖਿਲਵਾੜ ਕੀਤਾ ਤੇ ਕਈ ਮੌਤ ਦੇ ਮੂੰਹ ਵਿੱਚ ਜਾ ਪਏ| ਹੌਲੀ ਹੌਲੀ ਸਾਡੀ ਖੇਡ ਕਬੱਡੀ ਨਸ਼ੇ ਦੀ ਦਲਦਲ ‘ਚ ਧੱਸਦੀ ਗਈ ਤੇ ਖੇਡ ਮੈਦਾਨ ਦੇ ਅਸੂਲਾਂ ਤੇ ਅਮਲਾਂ ਤੋਂ ਦੂਰ ਹੁੰਦੀ ਚਲੀ ਗਈ।

‘ਠੋਸ ਤੇ ਪੱਕੀ ਨਿਯਮਾਵਲੀ ਤੋਂ ਸੱਖਣੀ ਰਹੀ ਖੇਡ ਕਬੱਡੀ’
ਖੇਡ ਕਬੱਡੀ ਲਈ ਸਮੇਂ ਸਮੇਂ ਤੇ ਵੱਖੋ-ਵੱਖ ਆਪੇ ਬਣੀਆਂ ‘ਕਬੱਡੀ ਫੈਡਰੇਸ਼ਨਾਂ’ ਨੇ ਇਸ ਲਈ ਆਪੋ ਆਪਣੇ ਖੇਡ ਨਿਯਮ ਬਣਾਏ, ਜੋ ਉਨ੍ਹਾਂ ਨੂੰ ਆਪਣੇ ਕਬੱਡੀ ਟੂਰਨਾਮੈਂਟਾਂ ਵਿੱਚ ਰਾਸ ਆਉਂਦੇ ਸਨ। ਕਦੇ ਵੀ ਇਨ੍ਹਾਂ ਨੇ ਨਾ ਜ਼ਿਲਾ, ਸੂਬੇ, ਰਾਜ ਜਾਂ ਦੇਸ਼ ਦੀ ਪ੍ਰਮੁੱਖ ਖੇਡ ਸੰਸਥਾ ‘ਸਟੇਟ ਉਲੰਪਿਕ ਐਸੋਸੀਏਸ਼ਨ’ ਤੇ ਦੇਸ਼-ਵਿਦੇਸ਼ ਦੀ ‘ਰਾਸ਼ਟਰੀ ਉਲੰਪਿਕ ਫੈਡਰੇਸ਼ਨ’ ਵੱਲੋਂ ਬਣਾਏ ਮਾਪਦੰਡ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ‘ਨੈਸ਼ਨਲ ਸਟਾਇਲ ਕਬੱਡੀ’ ਵਾਂਗ ਆਪਣੇ ਐਨ.ਆਈ.ਐਸ. (ਨੈਸ਼ਨਲ ਇੰਸਟੀਚੀਊਟ ਆਫ ਸਪੋਰਟਸ-ਪਟਿਆਲਾ) ਦੇ ਕੋਚਿੰਗ ਡਿਪਲੋਮਾ ਕੋਚ ਤਿਆਰ ਕੀਤੇ ਤੇ ਨਾ ਹੀ ਇਸ ਲਈ ਕੋਈ ਠੋਸ ਉਪਰਾਲਾ ਕੀਤਾ| ਕਬੱਡੀ ਨੈਸ਼ਨਲ ਸਟਾਇਲ ਪੰਜਾਬ ਤੇ ਭਾਰਤ ਦੇ ਸਾਰੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਨੈਸ਼ਨਲ ਸਕੂਲ ਗੇਮਜ਼ ਆਫ ਇੰਡੀਆ, ਇੰਟਰ ਯੂਨੀਵਰਸਿਟੀ ਸਪੋਰਟਸ ਬੋਰਡ ਆਫ ਇੰਡੀਆ, ਆਲ ਇੰਡੀਆ ਪੁੱਲਸ ਗੇਮਜ਼, ਇੰਡੀਅਨ ਰੇਲਵੇ, ਸਰਵਿਸਿਜ਼ (ਮਿਲਟਰੀ) ਸਪੋਟਰਸ ਬੋਰਡ ਆਫ ਇੰਡੀਆ ਆਦਿ ਵਿੱਚ ਮਾਨਤਾ ਪ੍ਰਾਪਤ ਖੇਡ ਹੈ| ਕਬੱਡੀ ਸਰਕਲ ਸਟਾਇਲ ਪੰਜਾਬ ਤੇ ਹਰਿਆਣਾ- ਦੋ ਰਾਜਾਂ ਤੇ ‘ਪਾਕਿਸਤਾਨੀ ਪੰਜਾਬ’ ਦੇ ਪਿੰਡਾਂ ਦੀ ਦੇਸੀ ਕੌਮੀ ਖੇਡ ਹੈ ਜਾਂ ਵਿਦੇਸ਼ਾਂ ਵਿੱਚ ਆਪਣੇ ‘ਪੈਸੇ ਦੀ ਹੈਂਕੜ’ ਦਿਖਾਉਣ ਲਈ ‘ਸ਼ਹਿਰਾਂ ਦੇ ਕਬੱਡੀ ਟੂਰਨਾਮੈਂਟਾਂ’, ‘ਇੰਟਰਨੈਸ਼ਨਲ ਕਬੱਡੀ ਕੱਪਾਂ’ ਜਾਂ ‘ਗੁਰਦਵਾਰਾ ਕਬੱਡੀ ਮੇਲਿਆਂ’ ਤੱਕ ਸੀਮਤ ਹੈ| ਜੇ ‘ਅਮਰੀਕਾ ਦੀ ਟਰੰਪ ਸਰਕਾਰ’ ਨੇ ‘50% ਟੈਰਿਫ’ ਲਗਾ ਦਿੱਤਾ ਤਾਂ ਵਿਦੇਸ਼ੀ ਪੰਜਾਬੀਆਂ ਦਾ ਇਹ ‘ਸ਼ੁਗਲ’ ਵੀ ਬੰਦ ਹੋ ਸਕਦਾ ਹੈ| ਦੇਸ਼-ਵਿਦੇਸ਼ ਦੇ ਕਬੱਡੀ ਜਗਤ ਵਿੱਚ ਸਾਡੇ ‘ਕਬੱਡੀ ਸਰਕਲ ਸਟਾਇਲ’ ਦੇ ਖਿਡਾਰੀ ਚੰਗੀ ਸਰੀਰਕ ਟਰੇਨਿੰਗ, ਸਪੋਰਟਸ ਕੋਚਿੰਗ ਅਤੇ ਖੇਡਾਂ ਦੀ ਆਧੁਨਿਕ ਖੇਡ ਸਿਖਲਾਈ ਤੋਂ ਵਾਂਝੇ ਰਹੇ ਹਨ| ਪੰਜਾਬ ਤੇ ਹਰਿਆਣਾ ਰਾਜਾਂ ਵਿੱਚ ‘ਸਰਕਲ ਸਟਾਇਲ ਕਬੱਡੀ’ ਦਾ ਵੱਡਾ ਹਿੱਸਾ ਅਨਪੜ੍ਹ ਅਤੇ ਆਪੇ ਬਣੇ ਅਣ ਸਿਖਾਂਦਰੂ ਕੋਚਾਂ, ਪ੍ਰਬੰਧਕਾਂ, ਨਾ-ਮਾਲੂਮ ਮੋਬਾਈਲ ਚੈਨਲਾਂ-ਰੀਲਾਂ, ਕੁਮੈਂਟਰੀ ਕਲਾਕਾਰਾਂ ਤੇ ਰੈਫਰੀਆਂ ਦੇ ਹੱਥਾਂ ਵਿੱਚ ਚਲਾ ਗਿਆ ਹੈ। ਉਨ੍ਹਾਂ ਲਈ ਖੇਡ ਕਬੱਡੀ ਇੱਕ ਹਰਮਨ ਪਿਆਰੀ ਖੇਡ ਨਹੀਂ, ਸਗੋਂ ਪੈਸਾ-ਧੰਦਾ, ਆਪਣੀ ਸ਼ੋਹਰਤ, ਆਪਣੇ ਵਿਦੇਸ਼ੀ ਆਕਾਵਾਂ ਨੂੰ ਖੁਸ਼ ਕਰਨ ਤੇ ਮਨਪ੍ਰਚਾਵੇ ਦਾ ਮੁੱਖ ਮਕਸਦ ਬਣ ਕੇ ਰਹਿ ਗਈ ਹੈ, ਜਿਸ ਨਾਲ ਖੇਡ ਕਬੱਡੀ ਅਸਲੀ ਨਿਸ਼ਾਨੇ ਤੋਂ ਖੁੰਝ ਗਈ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ‘ਯੂਨੀਵਰਸਿਟੀ ਖੇਡ ਡਾਇਰੈਕਟਰ’ ਰਾਜ ਕੁਮਾਰ ਸ਼ਰਮਾ ਦੇ ਉੱਦਮ ਨਾਲ ਨੌਰਥ ਇੰਡੀਆ ਇੰਟਰ ਯੂਨੀਵਰਸਿਟੀ ਗੇਮਜ਼ ਦੇ ਕੈਲੰਡਰ ਵਿੱਚ ਕਬੱਡੀ ਸਰਕਲ ਸਟਾਇਲ ਲਾਗੂ ਹੋ ਗਈ ਹੈ ਅਤੇ ਉੱਤਰੀ ਭਾਰਤ ਦੇ ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਬਾਕੀ ਖੇਡਾਂ ਹਾਕੀ, ਫੁਟਬਾਲ, ਅਥਲੈਟਿਕਸ ਆਦਿ ਵਾਂਗ ਅੰਤਰ ਕਾਲਜ ਤੇ ਅੰਤਰ ਯੂਨੀਵਰਸਿਟੀ-ਨੌਰਥ ਇੰਡੀਆ ਜੋਨ, ਕਬੱਡੀ ਸਰਕਲ ਸਟਾਇਲ ਦੇ ਮੁਕਾਬਲੇ ਵੀ ਹੁੰਦੇ ਹਨ| ਮੈਂ (ਸੰਤੋਖ ਸਿੰਘ ਮੰਡੇਰ) ਕਬੱਡੀ ਨੈਸ਼ਨਲ ਸਟਾਇਲ ਦੇ ਖਿਡਾਰੀ ਵਜੋਂ ਸਪੋਰਟਸ ਸਕੂਲ-ਕਮ-ਕਾਲਜ ਜਲੰਧਰ (ਪੰਜਾਬ) ਵਿੱਚ ਪੜ੍ਹਿਆ ਹਾਂ| ਕਬੱਡੀ ਕੋਚ ਸਰਦਾਰ ਅਜੀਤ ਸਿੰਘ ਮਾਲੜੀ ਤੋਂ ਕਬੱਡੀ ਦੀ ਮੈਦਾਨੀ ਸਿਖਲਾਈ ਲਈ ਤੇ ਡੰਡਿਆਂ ਦੀ ਮਾਰ ਵੀ ਖਾਧੀ| ਨੈਸ਼ਨਲ ਸਕੂਲ ਗੇਮਜ਼ ਆਫ ਇੰਡੀਆ, ਪੰਜਾਬ ਯੂਨੀਵਰਸਿਟੀ-ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ-ਪਟਿਆਲਾ ਵੱਲੋਂ ਇੰਟਰ ਯੂਨੀਵਰਸਿਟੀ ਕਬੱਡੀ ਮੁਕਾਬਲਿਆਂ ਵਿੱਚ ਮੱਲਾਂ ਮਾਰੀਆਂ| ਐਸ. ਡੀ. (ਸਨਾਤਨ ਧਰਮ) ਕਾਲਜ, ਅੰਬਾਲਾ ਕੈਂਟ (ਹਰਿਆਣਾ) ਦੀ ਕਬੱਡੀ ਟੀਮ ਨੈਸ਼ਨਲ ਸਟਾਇਲ, ਸੰਨ 1973-74 ਲਈ ਪੰਜਾਬ ਯੂਨੀਵਰਸਿਟੀ ਦੀ ਚੈਂਪੀਅਨ ਬਣੀ ਸੀ| ਪੰਜਾਬ ਖੇਡ ਵਿਭਾਗ ਵਿੱਚ ਜ਼ਿਲਾ ਕਬੱਡੀ ਕੋਚ ਸੰਗਰੂਰ, ਰੋਪੜ ਤੇ ਲੁਧਿਆਣਾ ਦੇ ਸਕੂਲਾਂ-ਕਾਲਜਾਂ ਵਿੱਚ ਕਬੱਡੀ ਖੇਡ ਦੀਆਂ ਕੋਚਿੰਗ ਸੇਵਾਵਾਂ ਦਿੱਤੀਆਂ| ਭਾਰਤ ਵਿੱਚ ਕਬੱਡੀ ਦੀ ਸਿਰਮੌਰ ਸੰਸਥਾ ‘ਐਮਚਿਉਰ ਕਬੱਡੀ ਫੈਡਰੇਸ਼ਨ ਆਫ ਇੰਡੀਆ’ ਦਾ ‘ਏ-ਕਲਾਸ ਕਬੱਡੀ ਅੰਪਾਇਰ’ ਰਿਹਾ| ਕੈਨੇਡਾ, ਅਮਰੀਕਾ, ਇੰਗਲੈਂਡ, ਯੂਰਪ, ਈਰਾਨ, ਪਾਕਿਸਤਾਨ ਤੇ ਭਾਰਤੀ ਪੰਜਾਬ ਵਿੱਚ ਕਬੱਡੀ ਸਰਕਲ ਸਟਾਇਲ ਦੇ 40 ਸਾਲ ਅਨੇਕਾਂ ਮੈਚ ਤੇ ਮੇਲੇ ਕਰਵਾਏ ਹਨ| ਕੈਨੇਡਾ-ਅਮਰੀਕਾ ਦੇ ਕਬੱਡੀ ਖੇਡ ਮੈਦਾਨਾਂ ਵਿੱਚ ਨਵੇਂ ‘ਕਬੱਡੀ ਭਲਵਾਨ’ ਜਖਮੀ ਤਾਹਨਾ ਕਿ ‘ਤੈਨੂੰ ਕੀ ਪਤਾ ਹੈ’, ਮਾਰ ਜਾਂਦੇ ਹਨ|
ਸੰਨ 1976 ਵਿੱਚ ਮੇਰੀ ਕਬੱਡੀ ਕੋਚ ਵਜੋਂ ਡਿਊਟੀ ਪਟਿਆਲਾ ਜ਼ਿਲੇ ਦੇ ਮਸ਼ਹੂਰ ਪਿੰਡ ਚਨਾਰਥੱਲ (ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਪਿੰਡ) ਜਿੱਥੋਂ ਦਾ ਦੁਸ਼ਹਿਰਾ ਬੜਾ ਮਸ਼ਹੂਰ ਹੈ, ‘ਦੁਸ਼ਹਿਰੇ ਦੇ ਕੌਮੀ ਤਿਉਹਾਰ’ ਸਮੇਂ ਕਬੱਡੀ ਸਰਕਲ ਸਟਾਇਲ ਦਾ ਮੈਚ ਕਰਵਾਉਣ ਦੀ ਲੱਗੀ, ਜਿੱਥੇ ਪੰਜਾਬ ਸਰਕਾਰ ਵੱਲੋਂ ‘ਫਸਟ ਪ੍ਰਾਈਜ਼’ 5000 ਰੁਪਏ ਦਾ ਰੱਖਿਆ ਗਿਆ ਸੀ, ਜੋ ਉਸ ਸਮੇਂ ਦਾ ਇਹ ਬਹੁਤ ਵੱਡਾ ਇਨਾਮ ਸੀ| ਪਿਛਲੇ 50 ਸਾਲਾਂ ਵਿੱਚ ਸੰਨ 2026 ਤੱਕ ਹਜ਼ਾਰਾਂ ਵਾਲੀ ਕਬੱਡੀ ਲੱਖਾਂ ਤੋਂ ਕਰੋੜਾਂ ਦੀ ਹੋ ਗਈ ਹੈ| ਸਾਡੇ ਸਮੇਂ ਇੱਕ ਟੀਮ ਲਈ ਇੱਕ ਚੀਫ ਕੋਚ (ਮੁੱਖ ਕੋਚ) ਹੁੰਦਾ ਸੀ ਅਤੇ ਸਾਰੀ ਟੀਮ ਦੀ ਕਮਾਨ ਤੇ ਕਪਤਾਨ ਉਸ ਦੀ ਦੇਖ-ਰੇਖ ਥੱਲੇ ਹੁੰਦਾ ਸੀ, ਪਰ ਅੱਜ ਇੱਕ ਖਿਡਾਰੀ ਨਾਲ ਦੋ-ਤਿੰਨ ਕੋਚ, ਸਹਾਇਕ ਕੋਚ, ਮੈਨੇਜਰ, ਸਹਾਇਕ ਮੈਨੇਜਰ, ਤੌਲੀਏ ਵਾਲਾ, ਬੰਦੂਕਾਂ ਵਾਲੇ ਬਾਡੀਗਾਰਡ, ਮੋਬਾਈਲ ਫੋਨਾਂ ਨਾਲ ਸੋਸ਼ਲ ਮੀਡੀਆ ਦੀਆਂ ਰੀਲਾਂ ਬਣਾਉਣ ਵਾਲੇ ਅਖੌਤੀ ਪੱਤਰਕਾਰ, ਭਾੜੇ ਦੇ ਰੈਫਰੀ ਤੇ ਕਾਗਜ਼ੀ ਕੁਮੈਂਟਰੀ ਕਲਾਕਾਰ ਹਰ ਕਬੱਡੀ ਮੈਚ ਵਿੱਚ ਆਮ ਵੇਖੇ ਜਾ ਸਕਦੇ ਹਨ| ਵਿਸ਼ਵ ਭਰ ਦੀਆਂ ਖੇਡਾਂ ਵਿੱਚ ਖਿਡਾਰੀਆਂ, ਰੈਫਰੀਆਂ ਤੇ ਅੰਪਾਇਰਾਂ ਤੋਂ ਬਿਨਾ ਕੋਈ ਵੜ ਨਹੀਂ ਸਕਦਾ| ਇਸ ਵੱਡੇ ਖਿਲਾਰੇ ਕਰਕੇ ਖੇਡ ਕਬੱਡੀ ਦੁਨੀਆ ਵਿੱਚ ਤਰੱਕੀ ਕਰਨ ਦੀ ਬਜਾਏ, ਖੇਡ ਮੈਦਾਨ ਤੱਕ ਹਰਮਨ ਪਿਆਰੀ ਖੇਡ ਬਣਨ ਦੀ ਥਾਂ ਇਸ ਵਿੱਚ ਦਿਖਾਵਾ ਭਾਰੂ ਹੋ ਗਿਆ ਹੈ ਅਤੇ ‘ਖੇਡ ਕਬੱਡੀ’ ਅਸਲੀ ਨਿਸ਼ਾਨੇ ਤੋਂ ਲਗਾਤਾਰ ਭਟਕਦੀ ਚਲੀ ਗਈ। ‘ਅਖੌਤੀ ਮੋਬਾਈਲ ਵੀਡੀਓ ਚੈਨਲਾਂ’ ਨੇ ਸੋਸ਼ਲ ਮੀਡੀਆ ਉਪਰ ਕਬੱਡੀ ਖਿਡਾਰੀਆਂ ਦੀ ਸਹੀ ਜਾਣਕਾਰੀ ਦੇਣ ਦੀ ਥਾਂ, ਵਿਦੇਸ਼ਾਂ ਵਿੱਚ ਬੈਠੇ ‘ਦਾਨੀ ਪੁਰਸ਼ਾਂ’ ਦੀ ਮਹਿੰਮਾ ਤੇ ਹਉਮੈ ਨੂੰ ਵੱਡੀ ਥਾਂ ਦਿੱਤੀ ਹੈ| ਇਸ ਨਾਲ ਫੋਕੀ ਸ਼ੋਹਰਤ, ਝਗੜਿਆਂ ਤੇ ਅਫ਼ਵਾਹਾਂ ਦਾ ਬੋਲਬਾਲਾ ਵੱਧ ਹੋਇਆ ਹੈ| ਕਬੱਡੀ ਖੇਡ ਮੈਦਾਨਾਂ ‘ਚ ਕਈ ਤਰ੍ਹਾਂ ਦੇ ਕਬੱਡੀ ਮੈਚਾਂ ‘ਚ ਹੰਗਾਮੇ ਵੀ ਵੇਖਣ ਨੂੰ ਮਿਲੇ ਤੇ ਹਲਕੇ ਲਾਈਕਾਂ ਅਤੇ ਵਿਊਜ਼ ਲਈ ਬਣੇ ਕਈ ਨਕਲੀ ਪੇਜ ਬਿਨਾ ਤਸਦੀਕ ਦੇ ਖ਼ਬਰਾਂ ਚਲਾਉਂਦੇ ਰਹੇ| ਇਨ੍ਹਾਂ ਦੀਆਂ ਅਧੂਰੀਆਂ ਕਹਾਣੀਆਂ ਅਤੇ ਭੜਕਾਊ ਸਿਰਲੇਖਾਂ ਨੇ ਕਈ ਕਾਬਲ ਖਿਡਾਰੀਆਂ ਦੀ ਇੱਜ਼ਤ, ਮਾਨ ਤੇ ਸਨਮਾਨ ਨੂੰ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਖੇਡ ਕਬੱਡੀ ਤਰੱਕੀ ਕਰਨ ਦੀ ਥਾਂ, ਫੋਕੀ ਸ਼ੋਹਰਤ ਤੇ ਹੰਕਾਰ ਨਾਲ ਲਗਾਤਾਰ ਹੇਠਾਂ ਨੂੰ ਖਿਸਕਦੀ ਗਈ| ਕਬੱਡੀ ਖਿਡਾਰੀਆਂ ਨੇ ਕਬੱਡੀ ਮੈਦਾਨ ਵਿੱਚ ਆਪਣੇ ਆਪ ਨੂੰ ‘ਝੋਟਾ ਜਾਫੀ’ ਤੇ ‘ਹਵਾ ਹਵਾਈ ਰੇਡਰ’ ਸਾਬਤ ਕਰਨ ਲਈ ਕਈ ਤਰ੍ਹਾਂ ਦੇ ਨਸ਼ੇ, ਡਰੱਗ, ਟੀਕਿਆਂ ਵਾਲੀ ਆਰਜੀ ਤਾਕਤ ਦੀ ਵਰਤੋਂ ਕੀਤੀ, ਜਿਸ ਨਾਲ ‘ਖੇਡ ਕਬੱਡੀ’ ਐਮਾਜ਼ੋਨ ਦੇ ਘਣੇ ਜੰਗਲਾਂ ਦੇ ਹਨੇਰਿਆਂ ਵਾਂਗ ਇਨਸਾਨੀ ਨਸ਼ਿਆਂ ਦੀ ਦਲਦਲ ਵਿੱਚ ਧੱਸਦੀ ਚਲੀ ਗਈ|
ਮੈਂ ਸੰਨ 1998 ਵਿੱਚ ਪਹਿਲੀ ਵਾਰ ਕੈਨੇਡਾ ਤੋਂ ਜਾ ਕੇ ‘ਆਫੀਸ਼ਲ’ ਪਾਕਿਸਤਾਨ ਦੀ ਕੌਮੀ ‘ਪਾਕਿਸਤਾਨ ਕਬੱਡੀ ਟੀਮ’ ਪਾਕਿਸਤਾਨ ਕਬੱਡੀ ਫੈਡਰੇਸ਼ਨ ਦੇ ਸਕੱਤਰ ਜਰਨਲ ਮਰਹੂਮ ਖਵਾਜਾ ਮੁਹੰਮਦ ਅਲੀ ਵੱਲੋਂ ਕੋਚ ਜਨਾਬ ਮੁਜੱਫ਼ਰ ਭੱਟੀ ਦੇ ਨਾਲ ਪੰਜਾਬ ਉਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਮਰਹੂਮ ਸ. ਸੁਖਦੇਵ ਸਿੰਘ ਢੀਂਡਸਾ ਤੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਵਾਨਗੀ ਨਾਲ ਪੰਜਾਬ ਲੈ ਕੇ ਆਇਆ ਸੀ| ਫਰੀਦਕੋਟ, ਸੰਗਰੂਰ, ਖੰਨਾ, ਮਾਲੇਰਕੋਟਲਾ ਆਦਿ ਪੰਜਾਬ ਦੇ ਸ਼ਹਿਰਾਂ ਵਿੱਚ ਜਿੱਥੇ ਵੀ ਕਬੱਡੀ ਦੇ ਮੈਚ ਹੋਏ, ਦਰਸ਼ਕਾਂ ਦੀ ਬੇਹਿਸਾਬ ਅੰਤਾਂ ਦੀ ਭੀੜ ਸੀ, ਜੋ ਪੰਜਾਬੀ ਪੇਂਡੂ ਦਰਸ਼ਕਾਂ ਦਾ ਆਪਣੀ ਕੌਮੀ ਖੇਡ ਕਬੱਡੀ ਲਈ ਸਿਰੇ ਦਾ ਮੋਹ ਸੀ|

Leave a Reply

Your email address will not be published. Required fields are marked *