ਜੰਗ ਜਾਂ ਅਮਨ: ਲੜ ਮਰ ਕੇ ਜਦੋਂ ਥੱਕ ਜਾਣਗੀਆਂ ਸੱਭਿਅਤਾਵਾਂ

ਖਬਰਾਂ ਵਿਚਾਰ-ਵਟਾਂਦਰਾ

*ਗੁਰੂ ਨਾਨਕ ਦੇ ਦਰ ਕੋਲ ਹੀ ਹੋਵੇਗੀ ਆਖਰੀ ਪਨਾਹ
ਜਸਵੀਰ ਸਿੰਘ ਸ਼ੀਰੀ
ਰੂਸੀ ਨਾਵਲਕਾਰ ਤਾਲਸਤਾਏ ਦਾ ਨਾਵਲ ‘ਜੰਗ ਤੇ ਅਮਨ’ ਇਨ੍ਹੀਂ ਦਿਨੀਂ ਫਿਰ ਯਾਦ ਆ ਰਿਹਾ ਹੈ। ਇਹ ਨਾਵਲ ਜੰਗ ਦੀ ਭਿਆਨਕਤਾ ਅਤੇ ਦੁਨੀਆਂਦਾਰ ਆਦਮੀ ਦੀਆਂ ਕਰੂਰਤਾਂ ਨੂੰ ਬੇਹੱਦ ਵਿਸਤ੍ਰਿਤ ਢੰਗ ਨਾਲ ਚਿਤਰਦਾ ਹੈ। ਤਾਲਸਤਾਏ ਦੀ ਮਹਾਨਤਾ ਹੀ ਇਸ ਵਿੱਚ ਹੈ ਕਿ ਉਹ ਚੀਜ਼ਾਂ/ਜੀਵਾਂ ਜਾਂ ਆਪਣੇ ਪਾਤਰਾਂ ਨੂੰ ਬਹੁਤ ਵਿਸਤਾਰ (ਡੀਟੇਲ) ਵਿੱਚ ਚਿਤਰਦਾ ਹੈ।

ਜਿੱਡੇ-ਜਿੱਡੇ ਨਾਵਲ 18-19ਵੀਂ ਸਦੀ ਵਿੱਚ ਰੂਸੀ ਜਾਂ ਫਰਾਂਸੀਸੀ ਨਾਵਲਕਾਰਾਂ ਨੇ ਲਿਖੇ ਹਨ, ਉਨ੍ਹਾਂ ਨੂੰ ਵੇਖ ਕੇ ਜੇਨ-ਜੀ ਵਾਲੀ ਪੀੜ੍ਹੀ ਆਮ ਹੀ ਪੁੱਛ ਲੈਂਦੀ ਹੈ ਕਿ ਇਸ ਧਰਤੀ ‘ਤੇ ਮਨੁੱਖ ਕਦੀ ਇੰਨੇ ਵਿਹਲੇ ਵੀ ਹੁੰਦੇ ਸਨ, ਜਿਹੜੇ ਇੱਡੇ-ਇੱਡੇ ਨਾਵਲ ਲਿਖ-ਪੜ੍ਹ ਲੈਂਦੇ ਸਨ। ਮੇਰੇ ਲਈ ਨਿੱਜੀ ਤੌਰ ‘ਤੇ ਤਾਲਸਤਾਏ ਦਾ ਸਭ ਤੋਂ ਪਿਆਰਾ ਨਾਵਲ ‘ਮੋਇਆਂ ਦੀ ਜਾਗ’ ਹੈ, ਜਿਸ ਵਿੱਚ ਉਸ ਨੇ ਕਮਿਊਨਿਸਟਾਂ ਵਿੱਚ ਵੀਹਵੀਂ ਸਦੀ ਵਿੱਚ ਉਜਾਗਰ ਹੋਈਆਂ ਖਾਮੀਆਂ ਨੂੰ ਉਸ ਵੇਲੇ ਹੀ ਚਿਤਰ ਦਿੱਤਾ ਸੀ। ਪਰ ‘ਜੰਗ ਤੇ ਅਮਨ’ ਵਾਰ ਵਾਰ ਅੱਖਾਂ ਮੂਹਰੇ ਇਸ ਲਈ ਆ ਜਾਂਦਾ ਹੈ, ਕਿਉਂਕਿ ਇਸ ਦਾ ਵਾਸਤਾ ਜ਼ਿੰਦਗੀ ਦੀ ਸਭ ਤੋਂ ਕਰੂਰ ਅਵਸਥਾ ਨਾਲ ਹੈ। ਜੰਗਾਂ ਵਿੱਚ ਹਥਿਆਰ ਫੜ ਕੇ ਲੜਨ ਵਾਲੇ ਫੌਜੀਆਂ ਨਾਲ ਤੇ ਜੋ ਹੁੰਦੀ, ਹੁੰਦੀ, ਪਰ ਆਮ ਸਾਧਾਰਨ ਲੋਕਾਂ ਦੇ ਵਿਹੜੇ ਬਿਨ ਬੁਲਾਇਆਂ ਹੀ ਨਰਕ ਆ ਵੜਦਾ। ਇਰਾਨ-ਇਜ਼ਰਾਇਲ-ਅਮਰੀਕਾ ਦੀ ਮੌਜੂਦਾ ਜੰਗ ਵਿੱਚ 14-15 ਸੌ ਵਿਅਕਤੀ ਮਾਰੇ ਗਏ ਹਨ; ਉਨ੍ਹਾਂ ਵਿੱਚ ਨੱਬੇ ਫੀਸਦੀ ਆਮ ਲੋਕ ਹੋਣਗੇ। ਗਿਣ ਕੇ ਵੇਖ ਲੈਣਾ ਮੇਰੀ ਇਹ ਗੱਲ ਪੱਥਰ ‘ਤੇ ਲਕੀਰ ਵਾਂਗ ਸੱਚ ਨਿਕਲੇਗੀ। ਜੰਗ ਲੜ ਰਹੇ ਦੂਜੇ ਮੁਲਕਾਂ ਵਿੱਚ ਵੀ ਹਾਲਤ ਇਸ ਤੋਂ ਵੱਖਰੀ ਨਹੀਂ ਹੋਵੇਗੀ।
ਪਹਿਲੀ ਵਾਰ ‘ਜੰਗ ਤੇ ਅਮਨ’ ਨਾਵਲ ਮੈਂ 1989-90 ਵਿੱਚ ਪੜ੍ਹਿਆ ਸੀ। ਤਾਲਸਤਾਏ ਦਾ ਹੱਦੋਂ ਵੱਧ ਵਿਸਤਾਰ ਪੜ੍ਹ ਕੇ ਕਈ ਵਾਰ ਮੈਂ ਉਕਤਾ ਜਾਂਦਾ ਸਾਂ, ਪਰ ਉਦੋਂ ਕਿਤਾਬਾਂ ਪੜ੍ਹਨ ਦਾ ਜਿਹੜਾ ਜਨੂੰਨ/ਰਿਵਾਜ਼ ਸੀ, ਉਸ ਨੇ ਮੈਨੂੰ ਇਹ ਨਾਵਲ ਪੂਰਾ ਪੜ੍ਹਨ ਵਿੱਚ ਮਦਦ ਕੀਤੀ। 21ਵੀਂ ਸਦੀ ਦੇ ਇਸ ਦੌਰ ਵਿੱਚ ਤੇ ਹੁਣ 10 ਮਿੰਟ ਵਿੱਚ ਪੜ੍ਹ ਕੇ ਖਤਮ ਕਰਨ ਵਾਲੀਆਂ ਕਿਤਾਬਾਂ ਵੀ ਆ ਗਈਆਂ ਹਨ।
ਸਾਰਾ ਨਾਵਲ ਪੜ੍ਹਨ ਤੋਂ ਬਾਅਦ ਮੈਨੂੰ ਜੋ ਲਾਈਨਾਂ ਯਾਦ ਰਹਿ ਗਈਆਂ ਸਨ, ਉਹ ਸਨ- ਜਦੋਂ ਜੰਗ ਵਿੱਚ ਜ਼ਖਮੀ ਹੋ ਕੇ ਧਰਤੀ ‘ਤੇ ਡਿਗਿਆ ਇੱਕ ਜਰਨੈਲ ਅਨੰਤ ਆਸਮਾਨ ਦੀ ਡੂੰਘੀ ਨਿਲੱਤਣ ਦੇ ਸਾਹਮਣੇ ਆਪਣੀ ਤੁੱਛਤਾ ਦੇ ਸਨਮੁਖ ਹੁੰਦਾ ਹੈ। ਸਾਰਾ ਨਾਵਲ ਪੜ੍ਹਨ ਤੋਂ ਬਾਅਦ ਇਹੀ ਦ੍ਰਿਸ਼ ਸੀ, ਜਿਹੜਾ ਮੇਰੇ ਚੇਤੇ ਵਿੱਚ ਕਿੱਲ ਵਾਂਗ ਖੁਭ ਗਿਆ ਸੀ, ਬਾਕੀ ਵਿਸਤਾਰ ਮੈਨੂੰ ਯਾਦ ਨਹੀਂ ਸੀ ਰਿਹਾ। ਪੰਜਾਬੀ ਦੇ ਇੱਕ ਲੇਖਕ ਨੇ ਸੰਸਾਰ ਦੇ ਪ੍ਰਤੀਨਧ ਨਾਵਲਾਂ ਦਾ ਸੰਖੇਪ ਕਰਕੇ ਚਾਰ ਪੰਜ ਵਾਲੀਅਮਾਂ ਵਿੱਚ ਲਿਖਿਆ ਹੈ। ਨਾਂ ਉਨ੍ਹਾਂ ਦਾ ਮੈਨੂੰ ਯਾਦ ਨਹੀਂ ਰਿਹਾ। ‘ਦੇਸ਼ ਪੰਜਾਬ’ ਮੈਗਜ਼ੀਨ ਦੇ ਸੰਪਾਦਕ ਰਹੇ ਗੁਰਬਚਨ ਸਿੰਘ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ ਹਨ। ਜਲੰਧਰ ਸ਼ਹਿਰ ਵਿੱਚ ਪੜ੍ਹਨ-ਲਿਖਣ ਵਾਲੇ ਲੋਕਾਂ ਦੀ ਗੱਪ-ਸ਼ੱਪ ਲਈ ਕਦੀ ਕਾਫੀ ਹਾਊਸ ਹੁੰਦਾ ਸੀ; ਪਰ ਸਾਡੇ ਤੱਕ ਪਹੁੰਚਦਿਆਂ ਇਹ ਵਕਤ ਦੀ ਗਤੀ ਤੋਂ ਹਾਰ ਗਿਆ ਸੀ। ਫਿਰ ਦੇਸ ਰਾਜ ਕਾਲੀ ਨੇ ਧੂਣੀਂ ਧੁਖਾਈ। ਸ਼ਰਾਬ ਉਹਦੀ ਮਹਿਫਿਲ ਦੇ ਹੱਡਾਂ ਵਿੱਚ ਰਚੀ ਹੋਈ ਸੀ। ਮੇਰੇ ਸਰੀਰ ਨੂੰ ਇਹ ਰਾਸ ਨਹੀਂ ਸੀ ਆਇਆ। ਮੇਰੇ ਕੋਲ ਅਖੀਰ ਗੁਰਬਚਨ ਸਿਘ ਦਾ ਘਰ ਹੀ ਰਹਿ ਗਿਆ ਸੀ, ਜਿੱਥੇ ਬੈਠ ਕੇ ਮਾੜੀ ਮੋਟੀ ਗੱਪ-ਸ਼ੱਪ ਕਰ ਸਕਦੇ ਸਾਂ। ‘ਦੇਸ਼ ਪੰਜਾਬ’ ਮੈਗਜ਼ੀਨ ਕੱਢਣ ਤੋਂ ਪਹਿਲਾਂ ਗੁਰਬਚਨ ਸਿੰਘ ਨਕਸਲੀਆਂ ਦੇ ਪੈਗਾਮ ਗਰੁੱਪ ਨਾਲ ਕੰਮ ਕਰਦੇ ਰਹੇ। ਮੇਰੇ ਹਿਸਾਬ ਨਾਲ ਇਸ ਗਰੁੱਪ ਦਾ ਮਹੀਨਾਵਾਰ ਮੈਗਜ਼ੀਨ ‘ਪੈਗਾਮ’ ਉਨ੍ਹਾਂ ਦੀ ਅਣਖਿਝ ਕਿਰਤ ਦਾ ਹੀ ਸਿੱਟਾ ਸੀ। ਜਲੰਧਰ ਵਿੱਚ ਮੇਰੇ ਲਈ ਉਨ੍ਹਾਂ ਦਾ ਘਰ ਹੀ ਆਖਰੀ ਮਸੀਤ ਰਹਿ ਗਿਆ ਸੀ; ਜਿੱਥੇ ਬੈਠ ਕੇ ਇਤਿਹਾਸ ਨੂੰ ਮੋੜਾ ਦੇਣ ਦਾ ਭਰਮ ਪਾਲ ਸਕਦੇ ਸਾਂ। ਮੁੱਲਾਂ ਦੀ ਦੌੜ ਮਸੀਤਾਂ ਤੱਕ। ਗੁਰਬਚਨ ਦੇ ਘਰੋਂ ਹੀ ਮੈਨੂੰ ਸੰਸਾਰ ਦੇ ਪ੍ਰਤੀਨਿਧ ਨਾਵਲਾਂ ਦੇ ਪੰਜ ਵਾਲੀਅਮ ਮਿਲੇ ਸਨ। ਮੈਂ ਜਦੋਂ ਉਨ੍ਹਾਂ ਨੂੰ ਪੜ੍ਹਿਆ ਤਾਂ ਗੁਰਬਚਨ ਸਿੰਘ ਫੌਤ ਹੋ ਚੁੱਕੇ ਸਨ। ‘ਜੰਗ ਤੇ ਅਮਨ’ ਬਾਰੇ ਜਦੋਂ ਮੈਂ ਇੱਥੇ ਦੁਬਾਰਾ ਪੜ੍ਹਿਆ ਤਾਂ ਮੈਂ ਹੈਰਾਨ ਰਹਿ ਗਿਆ ਕਿ ਗੁਰਬਚਨ ਸਿੰਘ ਨੇ ਬਿਲਕੁਲ ਉਹੀ ਲਾਈਨਾਂ ਅੰਡਰਲਾਈਨ ਕੀਤੀਆਂ ਹੋਈਆਂ ਸਨ, ਜਿਹੜੀਆਂ ਮੇਰੇ ਚੇਤੇ ਵਿੱਚ ਖੁੱਭੀਆਂ ਰਹਿ ਗਈਆਂ ਸਨ। ਮੈਨੂੰ ਤਸੱਲੀ ਹੋਈ ਕਿ ਉਸ ਸਮੇਂ ਏਡੇ ਵੱਡੇ ਲੇਖਕ ਦੇ ਨਾਵਲ ਦਾ ਤੱਤ ਸਾਰ ਮੈਂ ਗਲਤ ਨਹੀਂ ਸੀ ਕੱਢਿਆ। ਗੁਰਬਚਨ ਦੇ ਘਰ ਨੂੰ ਮਹਿਫਿਲ ਲਈ ਮਹਿਫੂਜ਼ ਬਣਾਉਣ ਵਿੱਚ ਬਹੁਤ ਵੱਡਾ ਰੋਲ ਸੀ। ਉਨ੍ਹਾਂ ਨੇ ਸਾਰੀ ਉਮਰ ਘਰ ਆਏ ਗਏ ਦੀ ਸੇਵਾ ਆਪਣੇ ਪੁੱਤਾਂ ਧੀਆਂ ਵਾਂਗ ਕੀਤੀ।
ਜ਼ਿੰਦਗੀ ਦੇ ਜਿਸ ਪੜਾਅ ‘ਤੇ ਹੁਣ ਹਾਂ, ਲਾ-ਪਾ ਕੇ ਸਿਰਫ ਸਿਆਸਤ ਵਿੱਚ ਹੀ ਦਿਲਚਸਪੀ ਰਹਿ ਗਈ ਹੈ। ਜਿੱਦਣ ਦਾ ਇਰਾਨ ‘ਤੇ ਹਮਲਾ ਹੋਇਆ ਹੈ, ਮੈਂ ਸਾਰੀ ਦਿਹੜੀ ਜੰਗ ਬਾਰੇ ਹੀ ਖਬਰਾਂ ਸੁਣੀ ਜਾਨਾਂ- ਸੌਣ ਵੇਲੇ ਵੀ, ਉੱਠਣ ਵੇਲੇ ਵੀ। ਮੇਰੀ ਬੇਟੀ ਆਖੇਗੀ, ਪਾਪਾ ਬੰਦ ਕਰੋ ਹੁਣ ਇਹ ਮਾਰ-ਧਾੜ; ਜਿਦਾਂ ਦੇ ਸ਼ਬਦ ਸੁਣੋਗੇ, ਉਦਾਂ ਦੇ ਹੀ ਸੁਪਨੇ ਆਉਣਗੇ। ਪਰ ਦਿਲ ਹੈ ਕਿ ਮਾਨਤਾ ਨਹੀਂ! ਕਈ ਵਾਰ ਮੈਂ ਸੋਚਦਾਂ ਜੰਗ ਬੰਦ ਵੀ ਹੋ ਜਾਵੇ ਤੇ ਇਰਾਨ ਨੂੰ ਗੋਡੇ ਵੀ ਨਾ ਟੇਕਣੇ ਪੈਣ। ਇਰਾਨ ਨਾਲ ਇਹ ਇੰਨੀ ਮੁਹੱਬਤ ਕਾਹਦੇ ਲਈ? ਇਹਦੇ ਬਾਰੇ ਮੈਨੂੰ ਪਤਾ ਨਹੀਂ।
ਅਮਰੀਕੀ ਸਦਰ ਡੋਨਾਲਡ ਟਰੰਪ ਨੇ ਕਿਹਾ ਕਿ ਜੰਗ ਜਲਦੀ ਖਤਮ ਹੋ ਜਾਵੇਗੀ, ਪਰ ਉਸੇ ਸ਼ਾਮ ਨੂੰ ਉਨ੍ਹਾਂ ਦੇ ਡਿਫੈਂਸ ਸੈਕਟਰੀ ਨੇ ਕਹਿ ਦਿੱਤਾ ਕਿ ਇਰਾਨ ‘ਤੇ ਹਮਲੇ ਤੇਜ਼ ਕੀਤੇ ਜਾਣਗੇ ਅਤੇ ਇਰਾਨ ਲਈ ਕਿਆਮਤ ਦਾ ਦਿਨ ਹੋਵੇਗਾ। ਇਰਾਨ ‘ਤੇ ਕੀ ਵਾਪਰੀ, ਮੈਂ ਹਾਲੇ ਖ਼ਬਰਾਂ ਨਹੀਂ ਸੁਣੀਆਂ, ਪਰ ਦਿਨ ਵੇਲੇ ਕਾਲੀ ਰਾਤ ਤਾਂ ਇੱਕ ਦਿਨ ਪਹਿਲਾਂ ਹੀ ਪੈ ਚੁੱਕੀ ਸੀ ਜਦੋਂ ਇਜ਼ਰਾਇਲ ਨੇ ਤਹਿਰਾਨ ਦੀ ਸਭ ਤੋਂ ਵੱਡੀ ਤੇਲ ਰਿਫਾਇਨਰੀ ‘ਤੇ ਹਮਲਾ ਕਰਕੇ ਅੱਗ ਲਗਾ ਦਿੱਤੀ। ਮੋੜਵੇਂ ਰੂਪ ਵਿੱਚ ਇਰਾਨ ਨੇ ਵੀ ਕਹਿ ਦਿੱਤਾ ਕਿ ‘ਅੱਖ ਵੱਟੇ ਅੱਖ, ਸਿਰ ਵੱਟੇ ਸਿਰ’ ਲਿਆ ਜਾਵੇਗਾ। ਪਰਤਵੇਂ ਹਮਲੇ ਵਿੱਚ ਇਰਾਨ ਨੇ ਇਜ਼ਰਾਇਲ ਦੀ ਹਾਈਫਾ ਰਿਫਾਇਨਰੀ ਨੂੰ ਨਿਸ਼ਾਨਾ ਬਣਾਇਆ। ਇਰਾਨ ਭਿਆਨਕ ਬੰਬਾਰੀ ਦਾ ਸ਼ਿਕਾਰ ਹੈ, ਪਰ ਆਪਣੀ ਪੂਰੀ ਤਾਕਤ ਨਾਲ ਹਮਲਿਆਂ ਦਾ ਜਵਾਬ ਦੇ ਰਿਹੈ। ਜ਼ਖਮਾਂ ਨੂੰ ਝੱਲਣ ਅਤੇ ਪੀੜ ਨੂੰ ਜਰਨ ਦੀ ਸਮਰੱਥਾ ਵੀ ਰੱਖਦਾ ਤੇ ਆਖਰੀ ਸਾਹ ਤੱਕ ਲੜਨ ਦਾ ਜਿਗਰਾ ਵੀ; ਜਦਕਿ ਇਜ਼ਰਾਇਲ ਦਾ ਸੱਭਿਅਕ ਜਗਤ ਬੰਕਰਾਂ ਵਿੱਚ ਲੁਕਿਆ ਬੈਠਾ ਹੈ। ਅਮਰੀਕਾ ਨੂੰ ਦੂਜੇ ਮੁਲਕਾਂ ਦੇ ਸੋਮਿਆਂ ‘ਤੇ ਕਬਜ਼ੇ ਕਰਨੇ ਪਸੰਦ ਹਨ, ਆਪਣੇ ਫੌਜੀਆਂ ਦੇ ਮੁੜਦੇ ‘ਬੌਡੀ ਬੈਗ’ ਪਸੰਦ ਨਹੀਂ। ਜੰਗ ਵੀ ਆਪਣੀ ਧਰਤੀ ਤੋਂ ਕਿਧਰੇ ਦੂਰ ਹੀ ਚੰਗੀ ਲਗਦੀ। ਜਦੋਂ 8 ਅਮਰੀਕੀ ਫੌਜੀਆਂ ਦੀ ਮੌਤ ਹੋਈ ਤਾਂ ਟਰੰਪ ਸਾਹਿਬ ਨੇ ਕਿਹਾ ਕਿ ਸ਼ੌਰਟ ਟਾਈਮ ਪੇਨ ਤੇ ਲਾਂਗ ਟਾਈਮ ਗੇਅਨ। ਜੰਗ ਦਾ ਸਾਹਮਣਾ ਕਰ ਰਹੇ ਮੁਲਕਾਂ ਵਿੱਚ ਬਹੁਤ ਸਾਰੇ ਸਾਧਾਰਨ ਲੋਕ ਨੇ, ਜਿਨ੍ਹਾਂ ਦਾ ਨਾ ਜੰਗ ਲਾਉਣ ਵਿੱਚ ਹੱਥ ਹੈ, ਨਾ ਹਟਾਉਣ ਵਿੱਚ; ਪਰ ਉਨ੍ਹਾਂ ਦੇ ਪੱਲੇ ਪੇਨ ਹੀ ਪੇਨ ਹੈ। ਇਨ੍ਹਾਂ ਦੁੱਖਾਂ ਦੀ ਦਾਰੂ ਕਿਸੇ ਕੋਲ ਹੈ? ਮੈਨੂੰ ਪੁਛਦੇ ਹੋ ਤਾਂ ਸਾਰੀ ਮਨੁੱਖਤਾ ਲਈ ਇੱਕੋ ਅੰਤਿਮ ਟਿਕਾਣਾ ਗੁਰੂ ਗ੍ਰੰਥ ਸਾਹਿਬ ਹੀ ਹਨ- ਦੁੱਖ ਦਾਰੂ ਸੁਖ ਰੋਗ ਭਇਆ। ਮਰਹੂਮ ਪੰਜਾਬੀ ਵਿਦਵਾਨ ਗੁਰਭਗਤ ਸਿੰਘ ਦੇ ਸ਼ਬਦਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੇ ਮੈਟਾਫਰ ਤੋਂ ਅੱਗੇ ਜਾ ਵੱਖ-ਵੱਖ ਧਰਮਾਂ-ਨਸਲਾਂ ਨੂੰ ਮਾਨਤਾ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਦੀ ਟੈਕਸਟ ਇਸ ਦੀ ਸਭ ਤੋਂ ਪਵਿੱਤਰ ਉਦਾਹਰਣ ਹੈ। ਵਿਸਮਾਦ ਭੇਦ, ਵੰਨ-ਸਵੰਨਤਾ ਦਾ ਰੂਹਾਨੀ ਜਸ਼ਨ ਹੈ। ਜਦੋਂ ਸੱਭਿਅਤਾਵਾਂ ਲੜ ਲੜ ਕੇ ਥੱਕ ਜਾਣਗੀਆਂ ਤਾਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਵਿੱਚ ਹੀ ਆਖਰੀ ਪਨਾਹ ਮਿਲੇਗੀ।

Leave a Reply

Your email address will not be published. Required fields are marked *