ਕ੍ਰਿਸ਼ਨ ਪ੍ਰਤਾਪ ਸਿੰਘ
ਸੀਨੀਅਰ ਪੱਤਰਕਾਰ
ਭਾਰਤ ਦੇ ਲੋਕਤੰਤਰ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਮੰਨੀ ਜਾਂਦੀ ਹੈ। ਇਹ ਸਿਰਫ਼ ਸਰਕਾਰ ਦੀ ਆਲੋਚਨਾ ਕਰਨ ਵਾਲੀ ਤਾਕਤ ਨਹੀਂ ਹੁੰਦੀ, ਸਗੋਂ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਵਾਲਾ ਇੱਕ ਮਜਬੂਤ ਸਤੰਭ ਵੀ ਹੁੰਦੀ ਹੈ। ਮਸ਼ਹੂਰ ਰਾਜਨੀਤਿਕ ਵਿਚਾਰਕ ਹੈਰਾਲਡ ਲਾਸਕੀ ਦਾ ਮੰਨਣਾ ਸੀ ਕਿ ਕਿਸੇ ਵੀ ਲੋਕਤੰਤਰ ਦੀ ਸਫਲਤਾ ਵਿਰੋਧੀ ਧਿਰ ਤੋਂ ਬਿਨਾ ਸੰਭਵ ਨਹੀਂ। ਉਹ ਕਹਿੰਦੇ ਸਨ ਕਿ ਵਿਰੋਧੀ ਧਿਰ ਸਰਕਾਰ ਨੂੰ ਜ਼ਿੰਮੇਵਾਰ ਬਣਾਉਂਦੀ ਹੈ ਅਤੇ ਉਸ ਨੂੰ ਤਾਨਾਸ਼ਾਹੀ ਵੱਲ ਜਾਣ ਤੋਂ ਰੋਕਦੀ ਹੈ।
ਲਾਸਕੀ ਅਨੁਸਾਰ, ਜੇ ਵਿਰੋਧੀ ਧਿਰ ਨਾ ਹੋਵੇ ਤਾਂ ਸੱਤਾ ਬੇਕਾਬੂ ਹੋ ਸਕਦੀ ਹੈ। ਵਿਰੋਧੀ ਧਿਰ ਸਰਕਾਰ ਦੀਆਂ ਨੀਤੀਆਂ ਦੀ ਸਮੀਖਿਆ ਕਰਦੀ ਹੈ, ਗ਼ਲਤੀਆਂ ਨੂੰ ਸਾਹਮਣੇ ਲਿਆਉਂਦੀ ਹੈ ਅਤੇ ਲੋਕਾਂ ਨੂੰ ਵੱਖਰਾ ਦ੍ਰਿਸ਼ਟੀਕੋਣ ਦਿੰਦੀ ਹੈ। ਇਸ ਨਾਲ ਲੋਕਾਂ ਵਿੱਚ ਰਾਜਨੀਤਿਕ ਚੌਕਸੀ ਵੀ ਵਧਦੀ ਹੈ।
ਮੌਜੂਦਾ ਹਾਲਾਤ ਤੇ ਸਵਾਲ: ਅੱਜ ਦੇ ਭਾਰਤ ਵਿੱਚ ਸਵਾਲ ਉੱਠ ਰਹੇ ਹਨ ਕਿ ਕੀ ਵਿਰੋਧੀ ਧਿਰ ਨੂੰ ਉਸਦੀ ਯੋਗ ਜਗ੍ਹਾ ਮਿਲ ਰਹੀ ਹੈ? ਖ਼ਾਸ ਕਰ ਕੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਨਾਲ ਹੋ ਰਿਹਾ ਵਤੀਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਸ਼ ਲਗ ਰਹੇ ਹਨ ਕਿ ਮੌਜੂਦਾ ਸਰਕਾਰ ਵਿਰੋਧੀ ਧਿਰ ਨੂੰ ਸਾਥੀ ਦੀ ਬਜਾਏ ਵਿਰੋਧੀ ਜਾਂ ਦੁਸ਼ਮਣ ਵਜੋਂ ਦੇਖਦੀ ਹੈ। ਇਸ ਕਰ ਕੇ ਉਸ ਦੇ ਸਵਾਲਾਂ ਨੂੰ ਗੰਭੀਰਤਾ ਨਾਲ ਸੁਣਨ ਦੀ ਥਾਂ ਉਨ੍ਹਾਂ ਨੂੰ ਅਣਡਿੱਠਾ ਕੀਤਾ ਜਾਂਦਾ ਹੈ ਜਾਂ ਉਲਟਾ ਉਸ ’ਤੇ ਹੀ ਨਿਸ਼ਾਨਾ ਸਾਧਿਆ ਜਾਂਦਾ ਹੈ।
ਵਿਰੋਧੀ ਧਿਰ ਦੇ ਆਗੂ ਨਾਲ਼ ਵਰਤਾਓ: ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਦਰਜਾ ਕੈਬਨਿਟ ਮੰਤਰੀ ਦੇ ਬਰਾਬਰ ਹੁੰਦਾ ਹੈ। ਇਸ ਅਹੁਦੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਰਕਾਰ ਨੂੰ ਜਵਾਬਦੇਹ ਬਣਾਏ ਅਤੇ ਲੋਕਾਂ ਦੇ ਮੁੱਦੇ ਉਠਾਏ। ਪਰ ਪਿਛਲੇ ਕੁੱਝ ਸਾਲਾਂ ਤੋਂ ਇਹ ਵੇਖਿਆ ਗਿਆ ਹੈ ਕਿ ਜਦੋਂ ਵਿਰੋਧੀ ਧਿਰ ਦਾ ਆਗੂ ਸਵਾਲ ਪੁੱਛਦਾ ਹੈ, ਤਾਂ ਉਸ ਦਾ ਸਿੱਧਾ ਜਵਾਬ ਦੇਣ ਦੀ ਥਾਂ ਉਸ ਦੀ ਨਿੰਦਿਆ ਕੀਤੀ ਜਾਂਦੀ ਹੈ ਜਾਂ ਉਸ ਦਾ ਮਜ਼ਾਕ ਬਣਾਇਆ ਜਾਂਦਾ ਹੈ। ਕਈ ਵਾਰ ਉਨ੍ਹਾਂ ਨੂੰ ਬੋਲਣ ਤੋਂ ਵੀ ਰੋਕਿਆ ਜਾਂਦਾ ਹੈ।
ਇਹ ਹਾਲਾਤ ਲੋਕਤੰਤਰਕ ਰਵਾਇਤਾਂ ਦੇ ਖ਼ਿਲਾਫ਼ ਮੰਨੇ ਜਾ ਰਹੇ ਹਨ। ਲੋਕਤੰਤਰ ਵਿੱਚ ਵਿਚਾਰਾਂ ਦਾ ਟਕਰਾਅ ਸਧਾਰਨ ਗੱਲ ਹੈ, ਪਰ ਨਿੱਜੀ ਹਮਲੇ ਜਾਂ ਅਪਮਾਨ ਇਸ ਦੀ ਸਿਹਤਮੰਦ ਪ੍ਰਕਿਰਿਆ ਨੂੰ ਕਮਜ਼ੋਰ ਕਰਦੇ ਹਨ।
ਜਵਾਬਦੇਹੀ ਤੋਂ ਕਿਨਾਰਾ: ਲੋਕਤੰਤਰ ਵਿੱਚ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ ਫ਼ੈਸਲਿਆਂ ਅਤੇ ਕਾਰਜਾਂ ਲਈ ਜਵਾਬ ਦੇਵੇ। ਪਰ ਜਦੋਂ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ ਜਾਂਦਾ, ਤਾਂ ਇਹ ਜਵਾਬਦੇਹੀ ਕਮਜ਼ੋਰ ਹੋ ਜਾਂਦੀ ਹੈ।
ਕਈ ਮਹੱਤਵਪੂਰਨ ਮੁੱਦਿਆਂ- ਜਿਵੇਂ ਆਰਥਿਕ ਨੀਤੀਆਂ, ਬੇਰੋਜ਼ਗਾਰੀ, ਵਿਦੇਸ਼ ਨੀਤੀ ਅਤੇ ਸੰਸਥਾਵਾਂ ਦੀ ਦੁਰਵਰਤੋਂ ’ਤੇ ਪੁੱਛੇ ਗਏ ਸਵਾਲਾਂ ਦੇ ਸਪਸ਼ਟ ਜਵਾਬ ਨਹੀਂ ਮਿਲੇ। ਇਸ ਨਾਲ ਇਹ ਧਾਰਨਾ ਬਣਦੀ ਹੈ ਕਿ ਸਰਕਾਰ ਗੰਭੀਰ ਚਰਚਾ ਤੋਂ ਕਤਰਾਉਂਦੀ ਹੈ।
ਸੰਸਦੀ ਪਰੰਪਰਾਵਾਂ ’ਤੇ ਅਸਰ: ਭਾਰਤ ਦੀ ਸੰਸਦੀ ਪਰੰਪਰਾ ਵਿੱਚ ਇਹ ਰਿਵਾਜ ਰਿਹਾ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਵੇਂ ਇੱਕ-ਦੂਜੇ ਦਾ ਸਤਿਕਾਰ ਕਰਦੇ ਹਨ। ਭਾਵੇਂ ਵਿਚਾਰਾਂ ਵਿੱਚ ਵੱਡਾ ਅੰਤਰ ਹੋਵੇ, ਪਰ ਸੰਵਾਦ ਦਾ ਦਰਵਾਜ਼ਾ ਖੁੱਲ੍ਹਾ ਰਹਿੰਦਾ ਹੈ। ਪਿਛਲੇ ਸਮਿਆਂ ਵਿੱਚ ਵੀ ਤਿੱਖੀਆਂ ਬਹਿਸਾਂ ਹੁੰਦੀਆਂ ਰਹੀਆਂ ਹਨ, ਪਰ ਇਸ ਤਰ੍ਹਾਂ ਦੀ ਤੀਖਣਤਾ ਘੱਟ ਹੀ ਵੇਖੀ ਗਈ ਹੈ, ਜਿੱਥੇ ਵਿਰੋਧੀ ਧਿਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਜਾਵੇ ਜਾਂ ਉਸ ਦੀ ਆਵਾਜ਼ ਦਬਾਈ ਜਾਵੇ।
ਵਿਰੋਧੀ ਧਿਰ ਦੀ ਭੂਮਿਕਾ ਕਿਉਂ ਜ਼ਰੂਰੀ ਹੈ?
ਵਿਰੋਧੀ ਧਿਰ ਸਰਕਾਰ ਦੀਆਂ ਗ਼ਲਤੀਆਂ ਨੂੰ ਉਜਾਗਰ ਕਰਦੀ ਹੈ; ਨੀਤੀਆਂ ’ਤੇ ਸੰਤੁਲਿਤ ਚਰਚਾ ਕਰਵਾਉਂਦੀ ਹੈ; ਲੋਕਾਂ ਦੇ ਮੁੱਦੇ ਸੰਸਦ ਤੱਕ ਲਿਆਉਂਦੀ ਹੈ ਅਤੇ ਲੋਕਤੰਤਰ ਵਿੱਚ ਤਾਕਤ ਦਾ ਸੰਤੁਲਨ ਬਣਾਈ ਰੱਖਦੀ ਹੈ। ਜੇ ਇਹ ਭੂਮਿਕਾ ਕਮਜ਼ੋਰ ਹੋ ਜਾਵੇ, ਤਾਂ ਲੋਕਤੰਤਰ ਵੀ ਕਮਜ਼ੋਰ ਹੋ ਜਾਂਦਾ ਹੈ।
ਅੰਤਰਰਾਸ਼ਟਰੀ ਤਜਰਬਾ ਕੀ ਕਹਿੰਦਾ ਹੈ?
ਦੁਨੀਆ ਦੇ ਕਈ ਪੱਕੇ ਲੋਕਤੰਤਰਾਂ ਵਿੱਚ ਵਿਰੋਧੀ ਧਿਰ ਨੂੰ ਬਹੁਤ ਇੱਜ਼ਤ ਨਾਲ ਦੇਖਿਆ ਜਾਂਦਾ ਹੈ। ਉੱਥੇ ‘ਵਫ਼ਾਦਾਰ ਵਿਰੋਧ’ (ਲੋੇਅਲ ੋਪਪੋਸਟਿiੋਨ) ਦਾ ਸੰਕਲਪ ਮੰਨਿਆ ਜਾਂਦਾ ਹੈ, ਜਿਸ ਦਾ ਅਰਥ ਹੈ ਕਿ ਵਿਰੋਧੀ ਧਿਰ ਸਰਕਾਰ ਦੀ ਆਲੋਚਨਾ ਕਰਦੀ ਹੈ, ਪਰ ਦੇਸ਼ ਦੇ ਹਿੱਤਾਂ ਨਾਲ ਵਫ਼ਾਦਾਰ ਰਹਿੰਦੀ ਹੈ।
ਬਰਤਾਨੀਆ ਵਰਗੇ ਦੇਸ਼ਾਂ ਵਿੱਚ ਵਿਰੋਧੀ ਧਿਰ ਦੇ ਆਗੂ ਨੂੰ ਵਿਸ਼ੇਸ਼ ਦਰਜਾ ਮਿਲਦਾ ਹੈ ਅਤੇ ਉਹ ਸਰਕਾਰ ਦੇ ਹਰ ਮਹੱਤਵਪੂਰਨ ਫ਼ੈਸਲੇ ’ਤੇ ਆਪਣੀ ਰਾਇ ਰੱਖਦਾ ਹੈ। ਇਸ ਨਾਲ ਫ਼ੈਸਲਾ ਪ੍ਰਕਿਰਿਆ ਹੋਰ ਪਾਰਦਰਸ਼ੀ ਅਤੇ ਸੰਤੁਲਿਤ ਬਣਦੀ ਹੈ। ਭਾਰਤ ਵਿੱਚ ਵੀ ਇਹੀ ਪ੍ਰਣਾਲੀ ਅਪਣਾਈ ਗਈ ਸੀ, ਪਰ ਅੱਜ ਦੇ ਹਾਲਾਤ ਇਸ ਤੋਂ ਵੱਖਰੇ ਦਿਸ ਰਹੇ ਹਨ।
ਮੀਡੀਆ ਅਤੇ ਜਨਮਤ ਦੀ ਭੂਮਿਕਾ: ਇਸ ਮਾਮਲੇ ਵਿੱਚ ਮੀਡੀਆ ਅਤੇ ਜਨਮਤ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਜੇ ਮੀਡੀਆ ਸਿਰਫ਼ ਇੱਕ ਪੱਖ ਨੂੰ ਹੀ ਦਿਖਾਏ ਅਤੇ ਦੂਜੇ ਪੱਖ ਦੀ ਆਵਾਜ਼ ਨੂੰ ਜਗ੍ਹਾ ਨਾ ਦੇਵੇ, ਤਾਂ ਲੋਕਾਂ ਤੱਕ ਪੂਰੀ ਤਸਵੀਰ ਨਹੀਂ ਪਹੁੰਚਦੀ। ਲੋਕਤੰਤਰ ਵਿੱਚ ਜਨਤਾ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਜੇ ਲੋਕ ਸੁਚੇਤ ਰਹਿਣ ਅਤੇ ਸਵਾਲ ਪੁੱਛਣ, ਤਾਂ ਹੀ ਪ੍ਰਣਾਲੀ ਸਹੀ ਤਰੀਕੇ ਨਾਲ ਕੰਮ ਕਰਦੀ ਹੈ।
ਅੱਜ ਦੇ ਨੌਜਵਾਨਾਂ ਲਈ ਇਹ ਸਮਾਂ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੂੰ ਸਮਝਣਾ ਪਵੇਗਾ ਕਿ ਲੋਕਤੰਤਰ ਸਿਰਫ਼ ਵੋਟ ਪਾਉਣ ਤੱਕ ਸੀਮਿਤ ਨਹੀਂ ਹੁੰਦਾ। ਇਹ ਲਗਾਤਾਰ ਸੁਚੇਤ ਰਹਿਣ ਅਤੇ ਪ੍ਰਸ਼ਨ ਕਰਨ ਦੀ ਪ੍ਰਕਿਰਿਆ ਹੈ। ਜੇ ਨੌਜਵਾਨ ਰਾਜਨੀਤੀ ਤੋਂ ਦੂਰ ਰਹਿੰਦੇ ਹਨ, ਤਾਂ ਫ਼ੈਸਲੇ ਉਨ੍ਹਾਂ ਦੇ ਬਿਨਾ ਹੀ ਹੋਣਗੇ। ਇਸ ਲਈ ਜ਼ਰੂਰੀ ਹੈ ਕਿ ਉਹ ਜਾਣਕਾਰੀ ਪ੍ਰਾਪਤ ਕਰਨ, ਚਰਚਾ ਵਿੱਚ ਹਿੱਸਾ ਲੈਣ ਅਤੇ ਆਪਣੇ ਅਧਿਕਾਰਾਂ ਬਾਰੇ ਜਾਗਰੂਕ ਰਹਿਣ।
ਅੱਗੋਂ ਦਾ ਰਾਹ: ਸੰਵਿਧਾਨਕ ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਅਤੇ ਵਿਰੋਧੀ ਧਿਰ ਦੋਹਾਂ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਦੀ ਲੋੜ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਲੋਚਨਾ ਨੂੰ ਸਵੀਕਾਰ ਕਰੇ ਅਤੇ ਉਸ ਦਾ ਤਰਕਸੰਗਤ ਜਵਾਬ ਦੇਵੇ। ਵਿਰੋਧੀ ਧਿਰ ਨੂੰ ਵੀ ਰਚਨਾਤਮਕ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਸੰਵਾਦ, ਸਹਿਯੋਗ ਅਤੇ ਆਪਸੀ ਸਤਿਕਾਰ- ਇਹ ਤਿੰਨ ਤੱਤ ਹੀ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਦੇ ਨਾਲ ਹੀ ਸੰਸਦ ਵਿੱਚ ਨਿਯਮਾਂ ਦੀ ਪਾਲਣਾ, ਬਹਿਸ ਲਈ ਯੋਗ ਸਮਾਂ ਅਤੇ ਹਰ ਪੱਖ ਨੂੰ ਬਰਾਬਰ ਮੌਕਾ ਦੇਣਾ ਵੀ ਜ਼ਰੂਰੀ ਹੈ। ਜੇ ਇਹ ਗੱਲਾਂ ਯਕੀਨੀ ਬਣਾਈਆਂ ਜਾਣ, ਤਾਂ ਕਈ ਸਮੱਸਿਆਵਾਂ ਆਪਣੇ ਆਪ ਹੱਲ ਹੋ ਸਕਦੀਆਂ ਹਨ।
ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦੀ ਘਟਦੀ ਇੱਜ਼ਤ ਸਿਰਫ਼ ਇੱਕ ਵਿਅਕਤੀ ਦਾ ਮਾਮਲਾ ਨਹੀਂ, ਸਗੋਂ ਲੋਕਤੰਤਰ ਦੀ ਸਿਹਤ ਨਾਲ ਜੁੜਿਆ ਮੁੱਦਾ ਹੈ। ਜੇ ਵਿਰੋਧੀ ਧਿਰ ਨੂੰ ਆਪਣੀ ਭੂਮਿਕਾ ਨਿਭਾਉਣ ਦਾ ਮੌਕਾ ਨਹੀਂ ਮਿਲਦਾ, ਤਾਂ ਇਸਦਾ ਨੁਕਸਾਨ ਆਖ਼ਿਰਕਾਰ ਦੇਸ਼ ਦੇ ਲੋਕਾਂ ਨੂੰ ਹੀ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸੰਸਦ ਵਿੱਚ ਸਿਹਤਮੰਦ ਚਰਚਾ ਦਾ ਮਾਹੌਲ ਬਣੇ, ਜਿੱਥੇ ਹਰ ਆਵਾਜ਼ ਨੂੰ ਸੁਣਿਆ ਜਾਵੇ ਅਤੇ ਹਰ ਸਵਾਲ ਦਾ ਜਵਾਬ ਮਿਲੇ। ਇਹੀ ਇੱਕ ਮਜਬੂਤ ਅਤੇ ਜੀਵੰਤ ਲੋਕਤੰਤਰ ਦੀ ਨਿਸ਼ਾਨੀ ਹੈ।
