ਉਡੀਕ ਕਰੋ, ਜਾਗੇਗੀ ਕਿਤਾਬ

ਸਾਹਿਤਕ ਤੰਦਾਂ

ਸੁਸ਼ੀਲ ਦੁਸਾਂਝ
ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ
ਕੋਈ ਫ਼ਰਕ ਨਹੀਂ ਹੁੰਦਾ,
ਕੁਝ ਕਿਤਾਬਾਂ ਦਾ ਅਸੀਂ
ਮੁੱਖ ਪੰਨਾ ਦੇਖਦੇ ਹਾਂ
ਅੰਦਰੋਂ ਬੋਰ ਕਰਦੀਆਂ ਨੇ

ਪੰਨੇ ਪਰਤਦੇ ਹਾਂ ਤੇ ਰੱਖ ਦੇਂਦੇ ਹਾਂ,
ਕੁਝ ਕਿਤਾਬਾਂ ਅਸੀਂ ਰੱਖਦੇ ਹਾਂ ਸਿਰ੍ਹਾਣੇ
ਅਚਾਨਕ ਜਦੋਂ ਜਾਗ ਆਉਂਦੀ ਹੈ
ਤਾਂ ਪੜ੍ਹਨ ਲੱਗਦੇ ਹਾਂ
ਕੁਝ ਕਿਤਾਬਾਂ ਦਾ ਸ਼ਬਦ ਸ਼ਬਦ ਪੜ੍ਹਦੇ ਹਾਂ
ਬਾਰ ਬਾਰ ਪੜ੍ਹਦੇ ਹਾਂ
ਤੇ ਰੂਹ ਤੱਕ ਰਚਾ ਲੈਂਦੇ ਹਾਂ,
ਕੁਝ ਕਿਤਾਬਾਂ `ਤੇ
ਰੰਗ-ਬਿਰੰਗੇ ਨਿਸ਼ਾਨ ਲਾਉਂਦੇ ਹਾਂ
ਹਰੇਕ ਸਤਰ `ਤੇ ਰੀਝਦੇ ਹਾਂ
ਤੇ
ਕੁਝ ਕਿਤਾਬਾਂ ਦੇ ਸੁਹਲ ਪੰਨਿਆਂ `ਤੇ
ਨਿਸ਼ਾਨ ਲਾਉਣੋਂ ਵੀ ਤ੍ਰਹਿੰਦੇ ਹਾਂ
ਪਿਆਰ ਕਰਨ ਤੇ ਕਿਤਾਬ ਪੜ੍ਹਨ ਵਿੱਚ
ਕੋਈ ਫ਼ਰਕ ਨਹੀਂ ਹੁੰਦਾ।
ਇਹ ਸ਼ਾਇਰ ਸੁਤਿੰਦਰ ਸਿੰਘ ਨੂਰ ਦੀ ਨਜ਼ਮ ‘ਪਿਆਰ ਅਤੇ ਕਿਤਾਬ’ ਹੈ। ਗੱਲ ਸੌ ਫੀਸਦੀ ਸੱਚ ਹੈ ਕਿ ਜਿਹੜਾ ਬੰਦਾ ਜ਼ਿੰਦਗੀ ਨੂੰ ਮੁਹੱਬਤ ਕਰਦਾ ਹੈ, ਉਹ ਕਿਤਾਬ ਤੋਂ ਮੁਨਕਰ ਨਹੀਂ ਹੋ ਸਕਦਾ; ਕਿਉਂਕਿ ਕਿਤਾਬ ਸਿਰਫ਼ ਪੜ੍ਹਨ ਦੀ ਚੀਜ਼ ਨਹੀਂ, ਇਹ ਮਨੁੱਖੀ ਅਹਿਸਾਸਾਂ, ਤਜਰਬਿਆਂ ਅਤੇ ਸੋਚ ਦੀ ਲੰਮੀ ਯਾਤਰਾ ਦਾ ਦਰਵਾਜ਼ਾ ਹੈ। ਪਰ ਅੱਜ ਦਾ ਦੌਰ ਕਿਤਾਬ ਨੂੰ ਮਾਰ ਦੇਣ ਦੀ ਸਾਜਿਸ਼ ਦਾ ਦੌਰ ਹੈ।
ਦਰਅਸਲ, ਮਨੁੱਖ ਨੂੰ ਮਸ਼ੀਨ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਵਿੱਚ ਜੁਟੀਆਂ ਗਲੋਬਲ ਸ਼ਕਤੀਆਂ ਨੂੰ ਇਲਮ ਹੈ ਕਿ ਉਨ੍ਹਾਂ ਦੇ ਸਾਜਿਸ਼ੀ ਘੋੜਿਆਂ ਦੇ ਰਾਹਾਂ ਵਿੱਚ ਕਿਤਾਬ ਹੀ ਸਭ ਤੋਂ ਵੱਡੀ ਰੁਕਾਵਟ ਹੈ। ਕਿਤਾਬ ਹੀ ਹੈ, ਜਿਹੜੀ ਮਨੁੱਖ ਦੇ ਅੰਦਰ ਨੂੰ ਚੇਤਨਾ ਦੀਆਂ ਰੁਸ਼ਨਾਈਆਂ ਨਾਲ ਜਗਮਗ-ਜਗਮਗ ਕਰਨ ਦੀ ਤਾਕਤ ਰੱਖਦੀ ਹੈ।
ਜਦੋਂ ਕੋਈ ਮਨੁੱਖ ਕਿਤਾਬ ਪੜ੍ਹਦਾ ਹੈ ਤਾਂ ਉਹ ਸਿਰਫ਼ ਜਾਣਕਾਰੀ ਨਹੀਂ ਲੈਂਦਾ, ਉਹ ਸੋਚਣ ਲੱਗ ਪੈਂਦਾ ਹੈ। ਸੋਚਣਾ ਹੀ ਸਭ ਤੋਂ ਵੱਡੀ ਆਜ਼ਾਦੀ ਹੈ। ਜਿਹੜਾ ਮਨੁੱਖ ਸੋਚਣਾ ਸਿੱਖ ਲੈਂਦਾ ਹੈ, ਉਹ ਕਿਸੇ ਵੀ ਤਰ੍ਹਾਂ ਦੀ ਗੁਲਾਮੀ ਨੂੰ ਸਦੀਵੀ ਤੌਰ ’ਤੇ ਕਬੂਲ ਨਹੀਂ ਕਰਦਾ। ਇਹੀ ਕਾਰਨ ਹੈ ਕਿ ਇਤਿਹਾਸ ਵਿੱਚ ਹਰ ਜੁਲਮੀ ਦੌਰ ਕਿਤਾਬਾਂ ਤੋਂ ਡਰਿਆ ਹੈ।
ਕਿਤਾਬ ਮਨੁੱਖ ਦੇ ਅੰਦਰ ਦੀ ਰੌਸ਼ਨੀ ਨੂੰ ਜਗਾਉਂਦੀ ਹੈ। ਇਹ ਰੌਸ਼ਨੀ ਹੀ ਉਹ ਤਾਕਤ ਹੈ, ਜੋ ਅੰਧੇਰੇ ਨੂੰ ਚੁਣੌਤੀ ਦਿੰਦੀ ਹੈ। ਇਸੇ ਲਈ ਬਿਜਲਈ ਯੁੱਗ ਵਿੱਚ ਕਿਤਾਬ ਨੂੰ ਜ਼ਿੰਦਗੀ ਵਿੱਚੋਂ ਖਾਰਜ ਕਰ ਦੇਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ। ਮੋਬਾਈਲ ਸਕਰੀਨਾਂ ਦੀ ਚਮਕ ਅਤੇ ਤੁਰੰਤ ਮਨੋਰੰਜਨ ਦੇ ਇਸ ਦੌਰ ਵਿੱਚ ਪੜ੍ਹਨ ਦੀ ਆਦਤ ਨੂੰ ਹਾਸ਼ੀਏ ’ਤੇ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਸ਼ਕਤੀਆਂ ਜਾਣਦੀਆਂ ਹਨ ਕਿ ਜੇਕਰ ਕਿਤਾਬ ਰਹੇਗੀ ਤਾਂ ਗਿਆਨ ਰਹੇਗਾ ਤੇ ਜੇ ਗਿਆਨ ਰਹੇਗਾ ਤਾਂ ਉਨ੍ਹਾਂ ਦੇ ਮਨੁੱਖ ਨੂੰ ਨਿਰਜਿੰਦ ਕਰ ਦੇਣ ਦੇ ਯਤਨ ਕਦੇ ਸਫ਼ਲ ਨਹੀਂ ਹੋਣ ਲੱਗੇ।
ਕਿਤਾਬ ਨੂੰ ਜ਼ਿੰਦਗੀ ਵਿੱਚੋਂ ਮਨਫ਼ੀ ਕਰ ਦੇਣ ਦੇ ਇਸ ਦੌਰ ਦਾ ਟਾਕਰਾ ਕਿਹਨੇ ਕਰਨਾ ਹੈ? ਇਹ ਸਵਾਲ ਬੇਚੈਨ ਕਰਨ ਵਾਲਾ ਹੈ; ਕਿਉਂਕਿ ਜਿਨ੍ਹਾਂ ਲੋਕਾਂ ਦੇ ਜ਼ਿੰਮੇ ਇਹ ਇਤਿਹਾਸਕ ਕਾਰਜ ਹੈ, ਉਨ੍ਹਾਂ ਦੇ ਪੈਰ ਵੀ ਆਪਣੀ ਜ਼ਮੀਨ ਤੋਂ ਉਖੜਦੇ ਦਿਖਾਈ ਦੇ ਰਹੇ ਹਨ। ਨਿੱਕੇ ਨਿੱਕੇ ਨਿੱਜੀ ਲਾਭਾਂ ਲਈ ਕਿਤਾਬ ਕੁਰਬਾਨ ਕੀਤੀ ਜਾ ਰਹੀ ਹੈ।
ਅਸਲ ਵਿੱਚ ਕਿਤਾਬ ਸਿਰਫ਼ ਲੇਖਕ ਦੀ ਨਹੀਂ ਹੁੰਦੀ, ਇਹ ਪੂਰੇ ਸਮਾਜ ਦੀ ਸੰਪਤੀ ਹੁੰਦੀ ਹੈ। ਜਦੋਂ ਸਮਾਜ ਕਿਤਾਬ ਤੋਂ ਦੂਰ ਹੋ ਜਾਂਦਾ ਹੈ ਤਾਂ ਉਹ ਆਪਣੇ ਆਪ ਤੋਂ ਵੀ ਦੂਰ ਹੋਣ ਲੱਗਦਾ ਹੈ। ਅਜਿਹੇ ਸਮੇਂ ਵਿੱਚ ਮਨੁੱਖੀ ਸੋਚ ਵੀ ਥੋੜ੍ਹੀ ਥੋੜ੍ਹੀ ਕਰ ਕੇ ਸੁੰਗੜਨ ਲੱਗ ਪੈਂਦੀ ਹੈ।
ਮੁਲਕ ਦੀਆਂ ਬਾਕੀ ਭਾਸ਼ਾਵਾਂ ਵਾਂਗ ਹੀ ਪੰਜਾਬੀ ਭਾਸ਼ਾ ਵਿੱਚ ਦੀ ਕਿਤਾਬ ਦੀ ਸਥਿਤੀ ਵੀ ਘਰੋਂ ਬੇਘਰ ਕਰਨ ਦੀ ਬਣੀ ਹੋਈ ਹੈ। ਪੰਜਾਬੀ ਪੁਸਤਕਾਂ ਦੇ ਤਿੰਨ-ਚਾਰ ਵੱਡੇ ਪ੍ਰਕਾਸ਼ਕਾਂ ਦੀ ਟੇਕ ਆਮ ਪਾਠਕਾਂ ’ਤੇ ਨਾ ਹੋ ਕੇ ਲਾਇਬਰੇਰੀਆਂ ਅਤੇ ਅਕਾਦਮੀਆਂ ਹਨ। ਜਿਹੜੇ ਇੱਕਾ-ਦੁੱਕਾ ਪਾਠਕ-ਮੁਖੀ ਪ੍ਰਕਾਸ਼ਕ ਹਨ ਵੀ, ਉਨ੍ਹਾਂ ਕੋਲ ਆਮ ਪਾਠਕਾਂ ਤੱਕ ਪਹੁੰਚ ਕਰਨ ਦੇ ਵਸੀਲੇ ਹੀ ਨਹੀਂ ਹਨ।
ਇਹ ਵੀ ਇੱਕ ਤ੍ਰਾਸਦੀ ਹੈ ਕਿ ਜਿਹੜੀ ਭਾਸ਼ਾ/ਬੋਲੀ ਵਿੱਚ ਵੱਡੀ ਗਿਣਤੀ ਲੋਕ ਬੋਲਦੇ ਹਨ, ਉਸ ਭਾਸ਼ਾ ਦੀ ਕਿਤਾਬ ਅਕਸਰ ਆਪਣੇ ਹੀ ਘਰ ਵਿੱਚ ਅਣਗੌਲੀ ਹੋ ਜਾਂਦੀ ਹੈ। ਬਹੁਤ ਸਾਰੇ ਘਰਾਂ ਵਿੱਚ ਅਸੀਂ ਮਹਿੰਗੇ ਮੋਬਾਈਲ ਅਤੇ ਟੈਲੀਵਿਜ਼ਨ ਵੇਖਦੇ ਹਾਂ, ਪਰ ਕਿਤਾਬਾਂ ਲਈ ਕੋਈ ਥਾਂ ਨਹੀਂ ਹੁੰਦੀ।
ਆਮ ਤੌਰ ’ਤੇ ਇਹ ਧਾਰਨਾ ਬਣਦੀ ਹੈ ਕਿ ਪੰਜਾਬੀ ਵਿੱਚ ਪਾਠਕ ਹੈ ਹੀ ਨਹੀਂ। ਅਸਲੀਅਤ ਵਿੱਚ ਇਹ ਬਿਲਕੁਲ ਵੀ ਠੀਕ ਨਹੀਂ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਲੱਗਦੇ ਲੋਕ-ਪੱਖੀ ਮੇਲਿਆਂ, ਲੋਕ-ਰੈਲੀਆਂ ਅਤੇ ਮੁਜਾਹਰਿਆਂ ਵਿੱਚ ਵਿਕਦੀਆਂ ਕਿਤਾਬਾਂ ਇਸ ਗੱਲ ਦਾ ਪ੍ਰਮਾਣ ਹਨ ਕਿ ਇਸ ਬਿਜਲਈ ਯੁੱਗ ਵਿੱਚ ਵੀ ਪੁਸਤਕ ਹੀ ਪ੍ਰਸੰਗਕ ਹੈ।
ਸਮਝਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਪਾਠਕ ਚਾਹੁੰਦਾ ਕੀ ਹੈ?
ਪੰਜਾਬ ਦਾ ਪਾਠਕ ਉਹ ਕਿਤਾਬ ਲੱਭਦਾ ਹੈ, ਜੋ ਉਸਦੀ ਜ਼ਿੰਦਗੀ ਨਾਲ ਗੱਲ ਕਰੇ, ਉਸਦੇ ਦੁੱਖ-ਸੁੱਖ ਨੂੰ ਸਮਝੇ ਅਤੇ ਉਸਦੇ ਸਮੇਂ ਦੀ ਸੱਚਾਈ ਨੂੰ ਸਾਹਮਣੇ ਲਿਆਵੇ। ਜਦੋਂ ਅਜਿਹੀ ਕਿਤਾਬ ਉਸਦੇ ਹੱਥ ਵਿੱਚ ਆਉਂਦੀ ਹੈ ਤਾਂ ਉਹ ਉਸਨੂੰ ਪੜ੍ਹਦਾ ਵੀ ਹੈ ਤੇ ਹੋਰਾਂ ਤੱਕ ਪਹੁੰਚਾਉਂਦਾ ਵੀ ਹੈ।
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਪਾਠਕ ਘਟ ਰਹੇ ਹਨ, ਉਨ੍ਹਾਂ ਲਈ ਇਹ ਸਵਾਲ ਹੋ ਸਕਦਾ ਹੈ ਕਿ ਫਿਰ ਪ੍ਰਕਾਸ਼ਕ ਕਿਉਂ ਵੱਧ ਰਹੇ ਹਨ? ਮਿਸਾਲ ਦੇ ਤੌਰ ’ਤੇ 29 ਸਾਲ ਪਹਿਲਾਂ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿੱਚ ‘ਗਦਰੀ ਬਾਬਿਆਂ ਦਾ ਮੇਲਾ’ ਸ਼ੁਰੂ ਹੋਇਆ ਤਾਂ ਉੱਥੇ ਕਿਤਾਬਾਂ ਦੇ ਤਿੰਨ-ਚਾਰ ਸਟਾਲ ਹੀ ਲੱਗਦੇ ਸਨ, ਪਰ ਹੁਣ ਉਥੇ 100 ਦੇ ਕਰੀਬ ਸਟਾਲ ਲੱਗਦੇ ਹਨ। ਜੇ ਇੰਜ ਹੈ ਤਾਂ ਇਹਦੇ ਸਾਫ ਅਰਥ ਹਨ ਕਿ ਕਿਤਾਬ ਦਾ ਘੇਰਾ ਵਧਿਆ ਹੈ।
ਲੋੜ ਇਹ ਦੇਖਣ ਦੀ ਹੈ ਕਿ ਪਾਠਕ ਚਾਹੁੰਦੇ ਕੀ ਹਨ? ਇਹ ਗੱਲ ਅਸੀਂ ਨਿਰਸੰਕੋਚ ਕਹਿਣਾ ਚਾਹੁੰਦੇ ਹਾਂ ਕਿ ਪੰਜਾਬੀ ਪਾਠਕਾਂ ਦੀ ਕੋਈ ਕਮੀ ਨਹੀਂ ਹੈ, ਸਾਡੇ ਬਹੁਤੇ ਪ੍ਰਕਾਸ਼ਕਾਂ ਦੀਆਂ ਤਰਜੀਹਾਂ ਬਦਲ ਗਈਆਂ ਹਨ। ਉਨ੍ਹਾਂ ਲਈ ਪਾਠਕ ਅਹਿਮ ਨਹੀਂ ਰਿਹਾ। ਉਹ ਪੈਸੇ ਕਮਾਉਣ ਦੀ ਲਾਲਸਾ ਅਧੀਨ 30-40 ਰੁਪਏ ਦੀ ਲਾਗਤ ਨਾਲ ਛਪਾਈ ਪੁਸਤਕ ਨੂੰ 300 ਤੋਂ 500 ਰੁਪਏ ਵਿੱਚ ਵੇਚਣ ਦੇ ਕੁਰਾਹੇ ਪੈ ਚੁੱਕੇ ਹਨ।
ਇਸ ਸਾਰੇ ਦੌਰ ਵਿੱਚ ਲੋੜ ਇਹ ਹੈ ਕਿ ਕਿਤਾਬ ਨੂੰ ਮੁੜ ਸਮਾਜਕ ਜੀਵਨ ਦਾ ਹਿੱਸਾ ਬਣਾਇਆ ਜਾਵੇ। ਪਿੰਡਾਂ ਅਤੇ ਸ਼ਹਿਰਾਂ ਵਿੱਚ ਛੋਟੀਆਂ ਛੋਟੀਆਂ ਲਾਇਬਰੇਰੀਆਂ ਬਣਨ। ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹਨ ਦਾ ਮਾਹੌਲ ਬਣਾਇਆ ਜਾਵੇ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕਿਤਾਬ ਨਾਲ ਦੋਸਤੀ ਕਰਵਾਈ ਜਾਵੇ। ਕਿਉਂਕਿ ਜਦੋਂ ਕੋਈ ਬੱਚਾ ਪਹਿਲੀ ਵਾਰ ਕੋਈ ਚੰਗੀ ਕਿਤਾਬ ਪੜ੍ਹਦਾ ਹੈ ਤਾਂ ਉਸ ਦੀ ਕਲਪਨਾ ਦੀ ਦੁਨੀਆ ਖੁਲ੍ਹ ਜਾਂਦੀ ਹੈ। ਉਹ ਸਵਾਲ ਪੁੱਛਣਾ ਸਿੱਖਦਾ ਹੈ। ਉਹ ਦੁਨੀਆ ਨੂੰ ਸਿਰਫ਼ ਵੇਖਦਾ ਹੀ ਨਹੀਂ, ਉਸਨੂੰ ਸਮਝਣ ਦੀ ਕੋਸ਼ਿਸ਼ ਵੀ ਕਰਦਾ ਹੈ।
ਆਖਰੀ ਗੱਲ ਇਹ ਹੀ ਹੈ ਕਿ ਕਿਤਾਬਾਂ ਦੇ ਰੂਪ ਵਿੱਚ ਮਨੁੱਖ ਨੂੰ ਅਜਿਹਾ ਮਾਧਿਅਮ ਮਿਲਿਆ ਹੈ, ਜਿਹੜਾ ਜ਼ਿੰਦਗੀ ਦੀ ਵਿਕਾਸ ਪ੍ਰਕਿਰਿਆ ਦਾ ਧੁਰਾ ਹੈ। ਕਿਤਾਬ ਮਨੁੱਖੀ ਵਿਕਾਸ ਦਾ ਪੁਲ ਹੈ।
ਅੱਜ ਜਦੋਂ ਕਿਤਾਬ ਨੂੰ ਵੀ ਵਪਾਰੀਆਂ ਨੇ ਆਪਣੀ ਪਟਰਾਣੀ ਬਣਾ ਲਿਆ ਹੈ, ਉਦੋਂ ਪਾਠਕਾਂ ਨੂੰ ਚਾਹੀਦਾ ਹੈ ਕਿ ਉਹ ਜਿਵੇਂ ਵੀ ਸੰਭਵ ਹੋਵੇ, ਇਹਨੂੰ ਆਪਣੇ ਅੰਗ-ਸੰਗ ਰੱਖਣ ਦਾ ਯਤਨ ਕਰਨ। ਪਿੰਡ ਪਿੰਡ ਲਾਇਬਰੇਰੀਆਂ ਖੋਲ੍ਹਣ ਦੀ ਕੋਸ਼ਿਸ਼ ਵਜੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਾਲ ਲਿਆ ਜਾਵੇ। ਪੰਜਾਬੀ ਲੇਖਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਪ੍ਰਕਾਸ਼ਕਾਂ ’ਤੇ ਟੇਕ ਨਾ ਰੱਖ ਕੇ ਪਾਠਕਾਂ ਦੀ ਮਦਦ ਨਾਲ ਕਿਤਾਬਾਂ ਛਾਪਣ ਦੀ ਕੋਸ਼ਿਸ਼ ਕਰਨ।
ਅਖੀਰ ਵਿੱਚ ਪਾਠਕਾਂ ਦੀ ਨਜ਼ਰ ਹੈ ਸ਼ਾਇਰ ਮਿੱਤਰ ਸਵਰਨਜੀਤ ਸਵੀ ਦੀ ਨਜ਼ਮ:
ਕਿਤਾਬ ਜਾਗਦੀ ਹੈ
ਖਰੀਦੋ-ਰੱਖੋ
ਪੜ੍ਹੋ ਨਾ ਪੜ੍ਹੋ
ਘਰ ਦੇ ਰੈਕ ’ਚ ਰੱਖੋ
ਰੱਖੋ ਤੇ ਭੁੱਲ ਜਾਓ
ਜੇ ਤੁਸੀਂ ਪੜ੍ਹ ਨਹੀਂ ਸਕਦੇ
ਯਾਦ ਨਹੀਂ ਰੱਖ ਸਕਦੇ
ਸੌਣ ਦਿਓ ਕਿਤਾਬ ਨੂੰ
ਮਹੀਨੇ ਸਾਲ ਪੀੜ੍ਹੀ ਦਰ ਪੀੜ੍ਹੀ
ਉਡੀਕ ਕਰੋ
ਜਾਗੇਗੀ ਕਿਤਾਬ
ਕਿਸੇ ਦਿਨ ਕਿਸੇ ਪਲ
ਪੜ੍ਹੇਗਾ ਕੋਈ
ਜਿਸਨੇ ਨਹੀਂ ਖਰੀਦਣੀ ਸੀ
ਇਹ ਕਿਤਾਬ।

Leave a Reply

Your email address will not be published. Required fields are marked *