*ਸਾਬਕਾ ਟਰਾਂਸਪੋਰਟ ਮੰਤਰੀ ਦੇ ਸਤਾਏ ਅਫਸਰ ਨੇ ਖੁਦਕੁਸ਼ੀ ਕੀਤੀ
*ਪਰਿਵਾਰ ਅਤੇ ਵਿਰੋਧੀ ਪਾਰਟੀਆਂ ਨੇ ਸੀ.ਬੀ.ਆਈ. ਦੀ ਜਾਂਚ ਮੰਗੀ
ਪੰਜਾਬੀ ਪਰਵਾਜ਼ ਬਿਊਰੋ
ਪੰਜਾਬ ਦੇ ਮਾਝਾ ਖੇਤਰ ਦੇ ਪੱਟੀ ਅਸੈਂਬਲੀ ਹਲਕੇ ਦੇ ਐਮ.ਐਲ.ਏ. ਅਤੇ ਸਾਬਕਾ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੰਮ੍ਰਿਤਸਰ ਵੇਅਰਹਾਊਸ ਦੇ ਜ਼ਿਲ੍ਹਾ ਮੁਖੀ ਨੂੰ ਕਥਿਤ ਤੌਰ ‘ਤੇ ਖੁਦਕੁਸ਼ੀ ਲਈ ਮਜਬੂਰ ਕਰਕੇ ਆਮ ਆਦਮੀ ਪਾਰਟੀ ਲਈ ਇੱਕ ਨਵਾਂ ਸਿਆਸੀ ਸੰਕਟ ਖੜ੍ਹਾ ਕਰ ਦਿੱਤਾ ਹੈ। ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਪੀੜਤ ਪਰਿਵਾਰ ਦੇ ਪੱਖ ਵਿੱਚ ਆ ਗਈਆਂ ਹਨ ਅਤੇ ਮਾਮਲੇ ਦੀ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕਰ ਰਹੀਆਂ ਹਨ। ਇਹ ਮੁੱਦਾ ਲੋਕ ਸਭਾ ਵਿੱਚ ਵੀ ਗੂੰਜਿਆ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇ ਸੰਸਦ ਮੈਂਬਰ ਲਿਖ ਕੇ ਦੇ ਦੇਣ ਤਾਂ ਉਹ ਸੀ.ਬੀ.ਆਈ. ਤੋਂ ਜਾਂਚ ਲਈ ਤਿਆਰ ਹਨ।
ਲਾਲਜੀਤ ਸਿੰਘ ਭੁੱਲਰ ਵੱਲੋਂ ਪੰਜਾਬ ਵੇਅਰਹਾਊਸ ਵਿਭਾਗ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਫਸਰ ਗਗਨਦੀਪ ਸਿੰਘ ਰੰਧਾਵਾ ਨੂੰ ਪੱਟੀ ਵਿਖੇ ਆਪਣੇ ਘਰ/ਦਫਤਰ ਵਿੱਚ ਬੁਲਾ ਕੇ ਨਾ ਸਿਰਫ ਬੇਇੱਜ਼ਤ ਕੀਤਾ ਗਿਆ, ਸਗੋਂ ਉਸ ਦੀ ਕੁੱਟਮਾਰ ਵੀ ਕੀਤੀ ਗਈ। ਇਹ ਸਭ ਕੁਝ ਇਸ ਲਈ ਕਿ ਸੰਬੰਧਤ ਮੰਤਰੀ ਅਫਸਰ ਦੇ ਮਹਿਕਮੇ ਦੇ ਬਣਨ ਵਾਲੇ ਗੁਦਾਮਾਂ ਦਾ ਠੇਕਾ ਆਪਣੇ ਪਿਉ ਸੁਖਦੇਵ ਸਿੰਘ ਭੁੱਲਰ ਨੂੰ ਦਿਵਾਉਣਾ ਚਾਹੁੰਦਾ ਸੀ। ਪਰਿਵਾਰ ਅਨੁਸਾਰ ਗਗਨਦੀਪ ਕਹਿੰਦਾ ਰਿਹਾ ਕਿ ਟੈਂਡਰ ਪਾਸ ਕਰਨਾ ਉਸ ਦੇ ਅਖਤਿਆਰ ‘ਚ ਨਹੀਂ। ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ਥਾਣੇ ਵਿੱਚ ਗਗਨਦੀਪ ਸਿੰਘ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ। ਲਾਲਜੀਤ ਸਿੰਘ ਭੁੱਲਰ ਦੇ ਪਿਤਾ ਸੁਖਦੇਵ ਸਿੰਘ ਭੁੱਲਰ ਅਤੇ ਉਨ੍ਹਾਂ ਦੇ ਪੀ.ਏ. ਦਿਲਬਾਗ ਸਿੰਘ ਦੇ ਵੀ ਐਫ.ਆਈ.ਆਰ. ਵਿੱਚ ਨਾਮ ਹਨ। ਐਫ.ਆਈ.ਆਰ. ਵਿੱਚ ਕਿਹਾ ਗਿਆ ਹੈ ਕਿ ਸੁਖਦੇਵ ਸਿੰਘ ਭੁੱਲਰ ਇਹ ਆਖ ਕੇ ਆਪਣੇ ਪੁੱਤਰ ਨੂੰ ਉਕਸਾਉਂਦਾ ਰਿਹਾ ਕਿ ਤੂੰ ਕਾਹਦਾ ਮੰਤਰੀ ਹੈਂ, ਇੱਕ ਛੋਟਾ ਜਿਹਾ ਟੈਂਡਰ ਵੀ ਨਹੀਂ ਪਾਸ ਕਰਵਾ ਸਕਿਆ। ਮੰਤਰੀ ਦਾ ਪੀ.ਏ. ਵੀ ਧੌਲ ਧੱਫਾ ਕਰਨ ਵਿੱਚ ਸ਼ਾਮਲ ਸੀ। ਇਹ ਸਾਰਾ ਭਾਣਾ ਇਸ ਦੇ ਬਾਵਜੂਦ ਵਾਪਰਿਆ ਕਿ ਮਰਨ ਵਾਲੇ ਸ਼ਖਸ ਨੇ ਪੰਜਾਬ ਰਾਜ ਗੁਦਾਮ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਨੂੰ ਆਪਣੇ ਨਾਲ ਹੋਈ ਵਾਪਰੀ ਦੀ ਜਾਣਕਾਰੀ ਦਿੱਤੀ ਸੀ ਤੇ ਆਪਣੇ ਲਈ ਇਨਸਾਫ ਦੀ ਮੰਗ ਕੀਤੀ ਸੀ।
ਉਨ੍ਹਾਂ ਆਪਣੇ ਪੱਤਰ ਵਿੱਚ ਲਿਖਿਆ ਕਿ, “13 ਮਾਰਚ 2026 ਨੂੰ ਲਾਲਜੀਤ ਸਿੰਘ ਭੁੱਲਰ ਨੇ ਉਨ੍ਹਾਂ ਨੂੰ ਆਪਣੇ ਪੱਟੀ ਵਿਖੇ ਮੌਜੂਦ ਦਫਤਰ ਵਿੱਚ ਬੁਲਾਇਆ ਸੀ। ਇਸ ਦੌਰਾਨ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਅਤੇ ਬਹੁਤ ਹੀ ਮੰਦੀ ਭਾਸ਼ਾ ਦੀ ਵਰਤੋਂ ਕੀਤੀ। ਗਾਲ੍ਹਾਂ ਦਾ ਪ੍ਰਯੋਗ ਕੀਤਾ ਗਿਆ। ਮੈਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਤੈਨੂੰ ਅਤੇ ਤੇਰੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਉਨ੍ਹਾਂ ਵੱਲੋਂ ਮੇਰੇ ਨਾਲ ਕੁੱਟ ਮਾਰ ਕਰਕੇ ਜ਼ਬਰਦਸਤੀ ਇੱਕ ਵੀਡੀਓ ਬਣਾਈ ਗਈ, ਜਿਸ ਵਿੱਚ ਮੈਥੋਂ ਕਬੂਲ ਕਰਵਾਇਆ ਗਿਆ ਕਿ ਮੈਂ ਬਾਬਾ ਨਾਗਾ ਉਸਮਾਂ ਤੋਂ 10 ਲੱਖ ਰੁਪਏ ਲੈ ਕੇ ਟੈਂਡਰ ਉਨ੍ਹਾਂ ਨੂੰ ਦੇ ਦਿੱਤਾ ਹੈ। ਜਦਕਿ ਟੈਂਡਰ ਪ੍ਰਕਿਰਿਆ ਵਿੱਚ ਮੇਰੇ ਵੱਲੋਂ ਅਤੇ ਕਮੇਟੀ ਵੱਲੋਂ ਸਿਰਫ ਸਾਂਝੀ ਨਿਰੀਖਣ ਰਿਪੋਰਟ ਬਣਾ ਕੇ ਮੁੱਖ ਦਫਤਰ ਨੂੰ ਭੇਜੀ ਗਈ ਸੀ। ਕਿਸੇ ਦਾ ਟੈਂਡਰ ਪਾਸ ਕਰਨਾ ਜਾਂ ਰੱਦ ਕਰਨਾ ਮੇਰੇ ਇਕੱਲੇ ਦੇ ਵੱਸ ਵਿੱਚ ਨਹੀਂ ਹੈ।”
ਡਿਪਟੀ ਕਮਿਸ਼ਨਰ ਸਮੇਤ ਸੰਬੰਧਤ ਉੱਚ ਅਧਿਕਾਰੀਆਂ ਨੂੰ ਭੇਜਿਆ ਗਿਆ ਇਹ ਪੱਤਰ ਗਗਨਦੀਪ ਸਿੰਘ ਵੱਲੋਂ 16 ਮਾਰਚ ਨੂੰ ਲਿਖਿਆ ਗਿਆ। ਗਗਨਦੀਪ ਦੇ ਪਰਿਵਾਰ ਦਾ ਦੋਸ਼ ਹੈ ਕਿ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਦੇ ਬਾਵਜੂਦ ਮਰਨ ਵਾਲੇ ਦੇ ਬਚਾਅ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਉਧਰ ਦਿਲਚਸਪ ਜਾਣਕਾਰੀ ਇਹ ਹੈ ਕਿ ਪੰਜਾਬ ‘ਆਪ’ ਦੇ ਪ੍ਰਧਾਨ ਅਮਨ ਅਰੋੜਾ ਸਮੇਤ ਮਨੀਸ਼ ਸਿਸੋਦੀਆ ਦੀ ਅਗਵਾਈ ਵਿੱਚ ਦਿੱਲੀ ਵਾਲੀ ਲੌਬੀ ਲਾਲਜੀਤ ਸਿੰਘ ਭੁੱਲਰ ਦਾ ਬਚਾਅ ਕਰਨ ਦੇ ਯਤਨ ਕਰਦੀ ਰਹੀ। ਉਸ ਦੇ ਹੱਕ ਵਿੱਚ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਗਈਆਂ ਕਿ ਉਹ ਅਜਿਹਾ ਕਰ ਹੀ ਨਹੀਂ ਸਕਦਾ। ਇਸ ਤੋਂ ਇਲਾਵਾ ਪੰਚਾਂ-ਸਰਪੰਚਾਂ ਨੂੰ ਉਸ ਦੇ ਹੱਕ ਵਿੱਚ ਖਲੋਣ ਲਈ ਲਾਮਬੰਦ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਅੰਦਰਲੇ ਸਰੋਤ ਦੱਸਦੇ ਹਨ ਕਿ ਮੁੱਖ ਮੰਤਰੀ ਇਸ ਘਟਨਾ ‘ਤੇ ਕਾਫੀ ਨਾਰਾਜ਼ ਨਜ਼ਰ ਆਏ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਦਿਨਾਂ ਵਿੱਚ ਆਪਣੇ ਰਾਜ ਦੌਰਾਨ ਕੀਤੀਆਂ ਗਈਆਂ ਪ੍ਰਾਪਤੀਆਂ ਗਿਣਾ ਕੇ ਚੋਣ ਮੁਹਿੰਮ ਦੀ ਤਿਆਰੀ ਵਿੱਚ ਰੁਝੇ ਹੋਏ ਹਨ। ਇਸ ਪ੍ਰਚਾਰ ਦਾ ਅਸਰ ਵੀ ਵਿਖਾਈ ਦੇ ਰਿਹਾ ਸੀ ਅਤੇ ‘ਆਪ’ ਦੀ ਪੰਜਾਬ ਵਿੱਚ ਸਥਿਤੀ ਕੁਝ ਸੁਧਰਨ ਵੀ ਲੱਗੀ ਸੀ, ਪਰ ਲਾਲਜੀਤ ਸਿੰਘ ਵਾਲੀ ਘਟਨਾ ਨੇ ਇਹ ਸਾਰੇ ਪ੍ਰਭਾਵ ਉਲਟੇ ਕਰ ਦਿੱਤੇ ਹਨ। ਜੇ ਇਸ ਕੇਸ ਨੂੰ ਚੰਗੀ ਤਰ੍ਹਾਂ ਹੈਂਡਲ ਨਾ ਕੀਤਾ ਗਿਆ ਤਾਂ ਇਹ ਮਾਮਲਾ ਆਮ ਆਦਮੀ ਪਾਰਟੀ ਦਾ ਭੱਠਾ ਬਿਠਾਉਣ ਵਿੱਚ ਕੇਂਦਰੀ ਭੂਮਿਕਾ ਨਿਭਾਅ ਸਕਦਾ ਹੈ। ਵਿਰੋਧੀ ਪਾਰਟੀਆਂ ਨੇ ਇਸ ਮਸਲੇ ਨੂੰ ਚੁੱਕਣ ਵਿੱਚ ਦੇਰ ਵੀ ਨਹੀਂ ਲਾਈ। ਬੜੀ ਦੇਰ ਬਾਅਦ ਇਹ ਪਹਿਲੀ ਵਾਰ ਹੈ ਕਿ ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਇਸ ਮੁੱਦੇ ‘ਤੇ ਇਕੱਠੀਆਂ ਹੋ ਗਈਆਂ ਹਨ।
ਉਂਝ ਮੁੱਖ ਮੰਤਰੀ ਨੇ ਇਹ ਕਦਮ ਸਹੀ ਤੇ ਸਮੇਂ ਸਿਰ ਚੁੱਕਿਆ ਕਿ ਭੁੱਲਰ ਤੋਂ ਟਰਾਂਸਪੋਰਟ ਮੰਤਰਾਲਾ ਵਾਪਸ ਲੈ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਟਰਾਂਸਪੋਰਟ ਮੰਤਰੀ ਤੋਂ ਅਸਤੀਫਾ ਇਸ ਕਰਕੇ ਲਿਆ ਗਿਆ ਹੈ ਤਾਂ ਕਿ ਜਾਂਚ ਨਿਰਪੱਖ ਢੰਗ ਨਾਲ ਕਰਵਾਈ ਜਾ ਸਕੇ। ਉਂਝ ਗਗਨਦੀਪ ਸਿੰਘ ਦਾ ਪਰਿਵਾਰ ਜਾਂਚ ਹਾਈਕੋਰਟ ਦੇ ਕਿਸੇ ਸਿਟਿੰਗ ਜੱਜ ਜਾਂ ਸੀ.ਬੀ.ਆਈ. ਤੋਂ ਕਰਵਾਉਣ ਦੀ ਮੰਗ ਕਰ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਵੀ ਸੀ.ਬੀ.ਆੲ. ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਅਫਸਰਸ਼ਾਹੀ ਨੂੰ ਗਲਤ ਕੰਮ ਕਰਨ ਲਈ ਮਜਬੂਰ ਕਰ ਰਹੀ ਹੈ। ਵਿਰੋਧੀ ਪਾਰਟੀਆਂ ਦੇ ਆਗੂਆਂ ਨੇ 21 ਮਾਰਚ ਨੂੰ ਇਸ ਮਾਮਲੇ ਵਿੱਚ ਕੇਸ ਦਰਜ ਕਰਵਾਉਣ ਲਈ ਥਾਣੇ ਦਾ ਘਿਰਾਓ ਵੀ ਕੀਤਾ। ਇਸ ਮੌਕੇ ਅਕਾਲੀ ਦਲ (ਬਾਦਲ) ਦੇ ਆਗੂ ਸੁਖਬੀਰ ਸਿੰਘ ਬਾਦਲ, ਕਾਂਗਰਸ ਵੱਲੋਂ ਪ੍ਰਤਾਪ ਸਿੰਘ ਬਾਜਵਾ ਸਾਬਕਾ, ਓਮ ਪ੍ਰਕਾਸ਼ ਸੈਨੀ, ਬਿਕਰਮਜੀਤ ਸਿੰਘ ਮਜੀਠੀਆ, ਸਾਬਕਾ ਮੰਤਰੀ ਅਨਿਲ ਜੋਸ਼ੀ ਅਤੇ ਹਰਮਿੰਦਰ ਸੰਧੂ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ। ਬਿਕਰਮਜੀਤ ਸਿੰਘ ਮਜੀਠੀਆ ਨੇ ਵੀ ਇਸ ਮਾਮਲੇ ਵਿੱਚ ਸੀ.ਬੀ.ਆਈ. ਦੀ ਜਾਂਚ ਦੀ ਮੰਗ ਕੀਤੀ। ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ, ਪੰਜਾਬ ਪ੍ਰਧਾਨ ਸੁਨੀਲ ਜਾਖੜ, ਸੁਖਬੀਰ ਸਿੰਘ ਬਾਦਲ, ਦਲਜੀਤ ਸੰਘ ਚੀਮਾ ਨੇ ਵੀ ਇਸ ਮਾਮਲੇ ਵਿੱਚ ਸਾਬਕਾ ਮੰਤਰੀ ਨੂੰ ਫੌਰੀ ਗ੍ਰਿਫਤਾਰ ਕਰਨ ਅਤੇ ਸੀ.ਬੀ.ਆਈ. ਜਾਂ ਹਾਈਕੋਰਟ ਦੇ ਸਿਟਿੰਗ ਜੱਜ ਕੋਲੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜਦਕਿ ਮੁੱਖ ਮੰਤਰੀ ਨੇ ਇਸ ਦੀ ਜਾਂਚ ਦਾ ਮਾਮਲਾ ਪੰਜਾਬ ਦੇ ਮੁੱਖ ਸਕੱਤਰ ਨੂੰ ਸੌਂਪਿਆ ਹੈ। ਮੁੱਖ ਮੰਤਰੀ ਨੇ ਅਜਿਹੀਆਂ ਕਾਰਵਾਈ ਤੋਂ ਪਾਰਟੀ ਆਗੂਆਂ ਨੂੰ ਗੁਰੇਜ਼ ਕਰਨ ਲਈ ਕਿਹਾ ਹੈ। ਉਨ੍ਹਾਂ ਆਤਮ ਹੱਤਿਆ ਕਰ ਗਏ ਅਫਸਰ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਇਜ਼ਹਾਰ ਵੀ ਕੀਤਾ ਹੈ।
ਦੂਜੇ ਪਾਸੇ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕੀਤੀ ਕਿ “ਹਾਲ ਹੀ ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇੱਕ ਮੰਤਰੀ ‘ਤੇ ਗੰਭੀਰ ਇਲਜ਼ਾਮ ਲੱਗੇ। ਸਾਡੀ ਸਰਕਾਰ ਨੇ ਬਿਨਾਂ ਕਿਸੇ ਦੇਰੀ ਜਾਂ ਪੱਖਪਾਤ ਦੇ ਉਸ ਮੰਤਰੀ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਅਤੇ ਉਸ ਨੂੰ ਨਾ ਸਿਰਫ਼ ਅਹੁਦੇ ਤੋਂ ਹਟਾਇਆ, ਸਗੋਂ ਗ੍ਰਿਫ਼ਤਾਰ ਵੀ ਕਰਵਾਇਆ। ਦੂਜੇ ਪਾਸੇ ਕੁਝ ਸਮਾਂ ਪਹਿਲਾਂ ਹਰਿਆਣਾ ਵਿੱਚ ਇੱਕ ਏ.ਡੀ.ਜੀ.ਪੀ. ਨੇ ਖ਼ੁਦਕੁਸ਼ੀ ਕਰ ਲਈ। ਕਈ ਲੋਕਾਂ ‘ਤੇ ਗੰਭੀਰ ਇਲਜ਼ਾਮ ਲੱਗੇ, ਪਰ ਉਨ੍ਹਾਂ ਦੀ ਪੂਰੀ ਪਾਰਟੀ ਅਤੇ ਸਰਕਾਰ ਦੋਸ਼ੀਆਂ ਦੇ ਹੱਕ ਵਿੱਚ ਨਿੱਤਰ ਆਈ। ਇਹੀ ਫ਼ਰਕ ਹੈ- ਆਮ ਆਦਮੀ ਪਾਰਟੀ ਅਤੇ ਭਾਜਪਾ ਵਿੱਚ। ਜਦੋਂ ਗੱਲ ਇਨਸਾਫ਼ ਦੀ ਹੋਵੇ ਤਾਂ ਆਮ ਆਦਮੀ ਪਾਰਟੀ ਆਪਣੀ ਹੀ ਸਰਕਾਰ ਦੇ ਮੰਤਰੀ ‘ਤੇ ਵੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟਦੀ, ਜਦਕਿ ਭਾਜਪਾ ਆਪਣੇ ਲੋਕਾਂ ਨੂੰ ਬਚਾਉਣ ਲਈ ਨਿਆਂ ਦੀ ਹੀ ਬਲੀ ਚੜ੍ਹਾ ਦਿੰਦੀ ਹੈ।”
ਯਾਦ ਰਹੇ, ਗਗਨਦੀਪ ਸਿੰਘ ਵੱਲੋਂ ਮਰਨ ਤੋਂ ਪਹਿਲਾਂ ਇੱਕ ਪੱਤਰ ਲਿਖ ਕੇ ਅਤੇ ਵੀਡੀਓ ਬਣਾ ਕੇ ਸਾਰਾ ਮਾਮਲਾ ਬਿਆਨਿਆ ਗਿਆ ਹੈ। ਇਹ ਇੱਕ ਕਿਸਮ ਦੀ ‘ਡਾਈਂਗ ਡੈਕਲੇਰੇਸ਼ਨ’ ਹੀ ਹੈ। ਡਾਈਂਗ ਡੈਕਲੇਰੇਸ਼ਨ ਨੂੰ ਕਤਲ ਕੇਸ ਵਿੱਚ ਸਭ ਤੋ ਵੱਡਾ ਸਬੂਤ ਮੰਨਿਆ ਜਾਂਦਾ ਹੈ।
—
ਪੰਚਾਂ ਦਾ ਕਿਹਾ ਸਿਰ ਮੱਥੇ, ਪਰਨਾਲਾ ਉਥੇ ਦਾ ਉਥੇ
ਪੰਜਾਬ ਦੇ ਕਿਸੇ ਚੈਨਲ ਦਾ ਬਟਨ ਦੱਬੋ ਸਹੀ, ਨੈਗੇਟਿਵ ਖ਼ਬਰਾਂ ਦੀ ਲੜੀ ਚੱਲ ਪੈਂਦੀ ਹੈ। ਇੱਕ ਤੇ ਮੀਡੀਏ ਦੀ ਇਹ ਸਮੱਸਿਆ ਹੈ ਕਿ ਖ਼ਬਰਾਂ ਆਪਣੀ ਤਾਸੀਰ ਪੱਖੋਂ ਆਮ ਤੌਰ ‘ਤੇ ਹੁੰਦੀਆਂ ਹੀ ਨੈਗੇਟਿਵ ਹਨ। ਕਾਰਨ ਇਸ ਦਾ ਇਹ ਕਿ ਖਬਰਾਂ ਘੜਨ ਦੀ ਕਲਾਸੀਕਲ ਸਿੱਖਿਆ ਅਨੁਸਾਰ ਜਦੋਂ ਆਮ ਨਾਰਮਲ ਜ਼ਿੰਦਗੀ ਚੱਲਦੀ ਹੋਵੇ ਤਾਂ ਇਸ ਦੀ ਕੋਈ ਖ਼ਬਰ ਨਹੀਂ ਬਣਦੀ। ਜਦੋਂ ਕੋਈ ਵਰਤਾਰਾ ਸਹਿ-ਸੁਭਾਅ ਤੁਰੀ ਜਾਂਦੀ ਜ਼ਿੰਦਗੀ ਨੂੰ ਵੱਢ ਮਾਰਦਾ ਹੈ, ਖ਼ਬਰ ਬਣਦੀ ਹੀ ਉਦੋਂ ਹੈ। ਇੱਕ ਆਮ ਉਦਾਹਰਣ ਇਹ ਦਿੱਤੀ ਜਾਂਦੀ ਹੈ ਕਿ ਜੇ ਕੁੱਤਾ ਬੰਦੇ ਨੂੰ ਵੱਢ ਲਵੇ, ਇਹ ਖ਼ਬਰ ਨਹੀਂ ਹੈ। ਜੇ ਬੰਦਾ ਕੁੱਤੇ ਨੂੰ ਵੱਢ ਲਵੇ ਖ਼ਬਰ ਉਦੋਂ ਬਣਦੀ ਹੈ।
ਇਸੇ ਲਈ ਸ਼ਾਇਦ ਪੱਤਰਕਾਰ ਲਾਣਾ ਖ਼ਬਰ ਬਣਾਉਣ ਲਈ ਅਣਹੋਣੀਆਂ ਦੇ ਵਾਪਰਨ ਦੀ ਉਮੀਦ ਨੂੰ ਸੁੰਘਦਾ ਰਹਿੰਦਾ ਹੈ। ਜਿੰਨੀ ਵੱਡੀ ਅਣਹੋਣੀ, ਉਨੀ ਵੱਡੀ ਸੁਰਖ਼ੀ। ਜਿਸ ਦਿਨ ਕੋਈ ਵੱਡਾ ਹਾਦਸਾ ਵਾਪਰ ਜਾਵੇ ਅਤੇ ਸੈਂਕੜੇ ਲੋਕ ਮਰ ਜਾਣ ਤਾਂ ਨਿਊਜ਼ ਡੈਸਕ ‘ਤੇ ਕੰਮ ਕਰਦੇ ਸੰਪਾਦਕਾਂ ਨੂੰ ਬਹੁਤੀ ਮਿਹਨਤ ਨਹੀਂ ਕਰਨੀ ਪੈਂਦੀ, ਵੱਡੀ ਘਟਨਾ ਹੀ ਸੁਰਖੀ ਬਣ ਕੇ ਡਿੱਗਦੀ ਹੈ। ਹਿੰਦੋਸਤਾਨ/ਪੰਜਾਬ ਵਿੱਚ ਇਹ ਹੋਰ ਵੀ ਸੌਖਾ ਹੈ, ਕਿਉਂਕਿ ਹਰ ਆਏ ਦਿਨ ਕੋਈ ਘੁਟਾਲਾ, ਕੋਈ ਪੁਲਿਸ ਮੁਕਾਬਲਾ, ਹਿਰਾਸਤੀ ਹੱਤਿਆਵਾਂ, ਕੋਈ ਸੜਕ ਹਾਦਸਾ, ਕੋਈ ਰੇਲ ਹਾਦਸਾ, ਕੋਈ ਹਵਾਈ ਹਾਦਸਾ, ਕੋਈ ਜਾਤੀ ਜਬਰ, ਕਿਸੇ ਮੰਤਰੀ ਸੰਤਰੀ, ਕਿਸੇ ਪੁਲਿਸ ਅਫਸਰ, ਕਿਸੇ ਹੋਰ ਵੱਡੇ ਅਫਸਰ ਵੱਲੋਂ ਕਿਸੇ ਮੁਲਾਜ਼ਮ/ਸਧਾਰਣ ਬੰਦੇ ਨੂੰ ਮਰਨ ਲਈ ਮਜਬੂਰ ਕਰਨਾ। ਧਰਮ ਆਧਾਰਤ ਕਤਲੇਆਮ, ਧਮਕੀਆਂ, ਧੋਖੇ ਬੇਈਮਾਨੀਆਂ, ਬੇਇਨਸਾਫੀਆਂ- ਇਹ ਸਾਰਾ ਕੁਝ ਵਾਪਰਦਾ ਹੀ ਰਹਿੰਦਾ ਹੈ। ਫਿਰ ਵੀ ਸਾਡੇ ਚੈਨਲ ਹਰ ਨਵੀਂ ਘਟਨਾ ਬਾਰੇ ਪੰਜ ਚਾਰ ਦਿਨ ਰੱਜ ਕੇ ਖਰੂਦ ਕਰਦੇ ਹਨ। ਮਹਿਰਾਂ ਨੂੰ ਸੱਦਦੇ ਹਨ। ਘਟਨਾ ਕਿਉਂ ਵਾਪਰੀ? ਦੋਸ਼ੀ ਫੜੇ ਕਿਉਂ ਨਹੀਂ ਗਏ? ਐਫ.ਆਈ.ਆਰ. ਦਰਜ ਕਿਉਂ ਨਹੀਂ ਹੋਈ? ਕੀ ਹੋਣਾ ਚਾਹੀਦਾ? ਕਿਵੇਂ ਹੋਣਾ ਚਾਹੀਦਾ? ਇਸ ਸਾਰੇ ਕੁਝ ਬਾਰੇ ਸੰਵਿਧਾਨ ਵਿੱਚ ਸੁੱਤੇ ਪਏ ਕਾਨੂੰਨਾਂ ਬਾਰੇ ਸੈਂਕੜੇ ਚੈਨਲ ਸਾਰਾ ਕੁਝ ਦੱਸਦੇ ਹਨ, ਪਰ ਹੁੰਦਾ ਅਖੀਰ ਨੂੰ ਕੁਝ ਨਹੀਂ। ਕੁਝ ਸਮਾਂ ਪਾ ਕੇ ਕਥਿੱਤ ਦੋਸ਼ੀ ਵੀ ਬਰੀ ਹੋ ਜਾਂਦੇ ਹਨ। ਪੰਚਾਂ ਦਾ ਕਿਹਾ ਸਿਰ ਮੱਥੇ, ਪੰਤਾਲਾ ਉਥੇ ਦਾ ਉਥੇ। ਨਾਲੇ ਜਦੋਂ ਬਚਾਅ ਵਾਲੇ ਪੱਖ ਵਿੱਚ ਦਿੱਲੀ ਹੋਵੇ, ਫੇਰ ਲਾਲਜੀਤ ਸਿੰਘ ਭੁੱਲਰ ਵਰਗਿਆਂ ਦਾ ਕੋਈ ਵਾਲ ਵੀ ਵਿੰਗਾ ਕਿਵੇਂ ਕਰ ਸਕਦਾ ਹੈ!
