‘ਪੰਥਕ ਸਲੇਟ’ ਵੱਲੋਂ ਗੁਰੂਘਰ ਦੇ ਸੁਚਾਰੂ ਪ੍ਰਬੰਧਾਂ ਦਾ ਤਹੱਈਆ

ਖਬਰਾਂ ਵਿਚਾਰ-ਵਟਾਂਦਰਾ

ਪੰਜਾਬੀ ਪਰਵਾਜ਼ ਬਿਊਰੋ
ਸ਼ਿਕਾਗੋ: ਲੰਘੇ ਸ਼ਨਿਚਰਵਾਰ, 21 ਮਾਰਚ ਨੂੰ ‘ਪੰਥਕ ਸਲੇਟ’ ਵੱਲੋਂ ਕੀਤੇ ਗਏ ਇੱਕ ਇਕੱਠ ਦੌਰਾਨ ਗੁਰੂਘਰ ਦੇ ਸੁਚਾਰੂ ਪ੍ਰਬੰਧਾਂ ਤੇ ਉਦੇਸ਼ਾਂ, ਗੁਰਮਤਿ ਸਕੂਲ ਦੀਆਂ ਗਤੀਵਿਧੀਆਂ, ਭਾਈਚਾਰੇ ਨਾਲ ਰਾਬਤਾ ਗੂੜ੍ਹਾ ਕਰ ਕੇ ਉਨ੍ਹਾਂ ਦੀ ਗੁਰੂਘਰ ਵਿੱਚ ਵੱਧ ਸ਼ਮੂਲੀਅਤ ਯਕੀਨੀ ਬਣਾਉਣ ਅਤੇ ‘ਕੇਸਾਧਾਰੀ ਸਿੱਖਾਂ ਤੇ ਸਹਿਜਧਾਰੀ ਸਿੱਖਾਂ’ ਵਿਚਾਲੇ ਵਧਦੇ ਕਥਿਤ ਫਾਸਲੇ ਨੂੰ ਦੂਰ ਕਰਨ ਸਮੇਤ ਹੋਰਨਾਂ ਵਿਕਾਸ ਕਾਰਜਾਂ `ਤੇ ਧਿਆਨ ਕੇਂਦਰਿਤ ਕਰਨ ਦਾ ਤਹੱਈਆ ਕੀਤਾ ਗਿਆ ਹੈ।

ਹਾਲਾਂਕਿ ਇਸ ਮੀਟਿੰਗ ਦੌਰਾਨ ਕੁਝ ਬੁਲਾਰਿਆਂ ਨੇ ਇਲੈਕਸ਼ਨ ਦੀ ਥਾਂ ਸਿਲੈਕਸ਼ਨ ਕੀਤੇ ਜਾਣ ਦੀ ਗੱਲ ਵੀ ਆਖੀ; ਪਰ ਅਸਲ ਵਿੱਚ ਦੋਵੇਂ ਧਿਰਾਂ ਹੁਣ ਉਸ ਪੜਾਅ ਤੋਂ ਅੱਗੇ ਨਿਕਲ ਗਈਆਂ ਜਾਪਦੀਆਂ ਹਨ।
ਇਸ ਮੌਕੇ ‘ਪੰਥਕ ਸਲੇਟ’ ਦੇ ਉਮੀਦਵਾਰਾਂ ਨੇ ਵੀ ਆਪਣੇ ਵਿਚਾਰ ਪ੍ਰਗਟਾਏ ਅਤੇ ਕਿਹਾ ਕਿ ਉਹ ਗੁਰਦੁਆਰਾ ਪ੍ਰਬੰਧਾਂ ਨੂੰ ਪਾਰਦਰਸ਼ੀ ਬਣਾਉਣ, ਗੁਰਮਤਿ ਸਿਧਾਂਤ ਤੇ ਸੰਵਿਧਾਨ ਨੂੰ ਸਨਮੁੱਖ ਰੱਖ ਕੇ ਕਾਰਜ ਕਰਨ ਅਤੇ ਬੱਚਿਆਂ ਨੂੰ ਸਿਰਫ ਗੁਰਮਤਿ ਸਕੂਲ ਤੱਕ ਜੋੜਨ ਲਈ ਮਹਿਦੂਦ ਨਹੀਂ ਰਹਿਣਗੇ, ਸਗੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਵੀ ਉਨ੍ਹਾਂ ਦੀਆਂ ਗਤੀਵਿਧੀਆਂ ਲਈ ਯਤਨਸ਼ੀਲ ਹੋਣਗੇ ਤੇ ਬੱਚਿਆਂ ਦੀ ਪੰਜਾਬੀ ਬੋਲੀ ਨਾਲ ਸਾਂਝ ਯਕੀਨੀ ਬਣਾਉਣ ਲਈ ਭਾਈਚਾਰੇ ਦੇ ਸੁਝਾਵਾਂ ਨਾਲ ਹੀ ਅੱਗੇ ਵਧਣਗੇ। ਸਵਾਲ-ਜਵਾਬ ਦੇ ਸੈਸ਼ਨ ਦੌਰਾਨ ਉਮੀਦਵਾਰਾਂ ਨੇ ਆਪਣੇ ਟੀਚਿਆਂ `ਤੇ ਧਿਆਨ ਕੇਂਦਰਿਤ ਕੀਤਾ। ਭਾਈਚਾਰੇ ਨਾਲ ਜੁੜੇ ਗੁਰਮਤਿ ਅਤੇ ਸਮਾਜਿਕ ਮੁੱਦਿਆਂ ਉਤੇ ਵੀ ਚਰਚਾ ਹੋਈ; ਕਿਉਂਕਿ ਜਿਉਂ ਜਿਉਂ ਭਾਈਚਾਰਾ ਵਧ ਰਿਹਾ ਹੈ, ਸਮੱਸਿਆਵਾਂ ਵੀ ਦਰਪੇਸ਼ ਹੋ ਰਹੀਆਂ ਹਨ। ਇਸ ਗੱਲ `ਤੇ ਤਸੱਲੀ ਜਾਹਰ ਕੀਤੀ ਗਈ ਕਿ ਆਪਸੀ ਮਤਭੇਦਾਂ ਦੇ ਬਾਵਜੂਦ ਅਸੀਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹਾਂ।
ਇਸ ਮੌਕੇ ਮੰਚ ਸੰਭਾਲਦਿਆਂ ‘ਪੰਥਕ ਸਲੇਟ’ ਦੇ ਇੱਕ ਨੁਮਾਇੰਦੇ ਸੰਤ ਬਲਬੀਰ ਸਿੰਘ ਨੇ ਦੱਸਿਆ ਕਿ ‘ਪੰਥਕ ਸਲੇਟ’ 2006 ਵਿੱਚ ਹੋਂਦ ਵਿੱਚ ਆਈ ਸੀ। ਉਸ ਤੋਂ ਪਹਿਲਾਂ ਬਹੁਤ ਕਮੇਟੀਆਂ ਆਈਆਂ, ਉਨ੍ਹਾਂ ਨੇ ਵੀ ਗੁਰਦੁਆਰਾ ਸਾਹਿਬ ਦੀ ਬਿਹਤਰੀ ਲਈ ਬਹੁਤ ਕੰਮ ਕੀਤੇ, ਪਰ ਬਾਅਦ ਵਿੱਚ ‘ਪੰਥਕ ਸਲੇਟ’ ਨੇ ਵੀ ਕਾਫੀ ਕੁਝ ਕੀਤਾ। ਸਾਲ 2008 ਤੋਂ ਕਾਰਸੇਵਾ ਦਾ ਪ੍ਰਾਜੈਕਟ ਨਿਰੰਤਰ ਚੱਲ ਰਿਹਾ ਹੈ, ਗੁਰਦੁਆਰਾ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਵਧੀ ਹੈ ਅਤੇ ਵਿੱਤੀ ਪ੍ਰਬੰਧ ਵਧੀਆ ਹੋਇਆ ਹੈ; ਆਦਿ। ਉਨ੍ਹਾਂ ਕਿਹਾ ਕਿ ਇਹ ਇਕੱਠ ਸਿਰਫ ਵੋਟਾਂ ਲਈ ਨਹੀਂ, ਸਗੋਂ ਇਹੋ ਸਮਾਂ ਹੈ ਕਿ ਅਸੀਂ ਗੁਰੂਘਰ ਨਾਲ ਜੁੜੇ ਮਸਲਿਆਂ ਨੂੰ ਵਿਚਾਰ ਸਕੀਏ ਤੇ ਉਮੀਦਵਾਰ ਨੂੰ ਉਸ ਸਬੰਧੀ ਸਵਾਲ ਕਰ ਸਕੀਏ।
ਗੁਰਦੁਆਰਾ ਪੈਲਾਟਾਈਨ ਦੇ ਸਾਬਕਾ ਪ੍ਰਧਾਨ ਹਰਕੀਰਤ ਸਿੰਘ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ‘ਪੰਥਕ ਸਲੇਟ’ ਵੱਲੋਂ ਨੌਜਵਾਨਾਂ ਨੂੰ ਉਮੀਦਵਾਰ ਐਲਾਨ ਕੇ ਗੁਰੂਘਰ ਦੀ ਵਾਗਡੋਰ ਉਨ੍ਹਾਂ ਹੱਥ ਦੇਣ ਦਾ ਇੱਕ ਸੰਜੀਦਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ‘ਪੰਥਕ ਸਲੇਟ’ ਨੇ ਸ਼ੁਰੂ ਸ਼ੁਰੂ ਵਿੱਚ ਪਹਿਲੀ ਵਾਰ ਇਮਾਰਤ ਲਈ ਫੰਡਰੇਜ਼ ਕਰਕੇ ਵਿਕਾਸ ਕਾਰਜ ਕੀਤੇ। ਲਾਇਬਰੇਰੀ ਤਾਂ ਜ਼ਰੂਰ ਸੀ, ਪਰ ਉਸ ਨੂੰ ਇੱਕ ਸਿਸਟਮ ਤਹਿਤ ਚਲਾਉਣ ਲਈ ਕੰਮ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲ ਦੀ ਟੀਮ ਨੇ ਬੜੇ ਅਹਿਮ ਫੈਸਲੇ ਵੀ ਲਏ ਅਤੇ ਕੰਮ ਵੀ ਕੀਤੇ। ਇਸ ਵਿੱਚ ਉਨ੍ਹਾਂ ਕਾਰਜਕਾਰੀ ਸਕੱਤਰ ਅੱਛਰ ਸਿੰਘ ਤੇ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਦੀ ਵਿਸ਼ੇਸ਼ ਭੂਮਿਕਾ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਰ ਸੰਗਤ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਸਾਡਾ ਯੂਥ ਆਪਣੀ ਵਿਚਾਰਧਾਰਾ ਅਤੇ ਨਵੀਂ ਸੋਚ ਨੂੰ ਸਾਡੇ ਵਿੱਚ ਲੈ ਕੇ ਆ ਰਿਹਾ ਹੈ, ਉਸ ਨੂੰ ਨਿਰਾਸ਼ ਨਾ ਹੋਣ ਦਈਏ।
ਗੁਰਦੁਆਰੇ ਨਾਲ ਸਬੰਧਤ ਲੰਮੀ ਮਿਆਦ (ਲੌਂਗ-ਟਰਮ) ਕਮੇਟੀ ਦੇ ਚੇਅਰਮੈਨ ਸੁਰਿੰਦਰ ਸਿੰਘ ਸੰਘਾ ਨੇ ਕਿਹਾ ਕਿ ਮੌਜੂਦਾ ਕਮੇਟੀ/ਪੰਥਕ ਸਲੇਟ ਵਧੀਆ ਕੰਮ ਕਰ ਰਹੀ ਹੈ ਅਤੇ ਇਸ ਨੂੰ ਨਿਰੰਤਰਤਾ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਗੁਰਦੁਆਰਾ ਪੈਲਾਟਾਈਨ ਬਣਿਆ ਹੈ, ਮੈਂ ਇਸ ਦੇ ਇਤਿਹਾਸ ਤੋਂ ਜਾਣੂੰ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਇਹ ਲਗਾਤਾਰ ਵਧਣਾ ਚਾਹੀਦਾ ਹੈ। ਉਨ੍ਹਾਂ ਉਮੀਦ ਜਤਾਈ ਕਿ ਸਾਨੂੰ ਵੋਟਾਂ ਸਮੇਂ ਨਵੇਂ ਉਮੀਦਵਾਰਾਂ ਦੇ ਵਿਚਾਰ ਘੋਖ ਕੇ ਆਪਣਾ ਬਣਦਾ ਫਰਜ਼ ਨਿਭਾਉਣਾ ਚਾਹੀਦਾ ਹੈ।
ਪੀ.ਸੀ.ਐਸ. ਦੇ ਬੋਰਡ ਆਫ ਗਵਰਨਰਜ਼ ਅਪਿੰਦਰ (ਵਿੱਕ) ਸਿੰਘ ਨੇ ਕਿਹਾ ਕਿ ‘ਪੰਥਕ ਸਲੇਟ’ ਨੇ ਕਾਫੀ ਕੰਮ ਕੀਤੇ ਹਨ ਅਤੇ ਜਿਨ੍ਹਾਂ ਕੋਲ ਸਮਾਂ ਨਹੀਂ ਹੈ, ਉਨ੍ਹਾਂ ਨੂੰ ਮੈਨੇਜਮੈਂਟ ਕਮੇਟੀ ਵਿੱਚ ਸੇਵਾ ਨਹੀਂ ਲੈਣੀ ਚਾਹੀਦੀ। ਗੁਰਦੁਆਰਾ ਸਾਹਿਬ ਦੀ ਇਮਾਰਤ ਸਾਰੀ ਸੰਗਤ ਦੇ ਸਹਿਯੋਗ ਨਾਲ ਬਣੀ ਹੈ ਤੇ ਇਸ ਨੂੰ ਮੈਨੇਜ ਕਰਨਾ ਬਹੁਤ ਅਹਿਮ ਹੈ। ਉਨ੍ਹਾਂ ਕਿਹਾ ਕਿ ਕੰਸਟ੍ਰਕਸ਼ਨ ਦੇ ਕੁਝ ਕੰਮ ਚੰਗੇ ਨਹੀਂ ਹੋਏ, ਜਿਸ ਨਾਲ ਕਾਫੀ ਪੈਸਾ ਖਰਾਬ ਹੋਇਆ। ਰੀਅਲ ਐਸਟੇਟ ਬਿਜ਼ਨਸ ਵਿੱਚ ਹੋਣ ਕਾਰਨ ਉਨ੍ਹਾਂ ਸੁਝਾਅ ਦਿੱਤਾ ਕਿ ਗੁਰਦੁਆਰਾ ਸਾਹਿਬ ਦੀ ਮੌਰਗੇਜ ਹੁਣ ਤੱਕ ਪੇਅ-ਆਫ ਹੋ ਜਾਣੀ ਚਾਹੀਦੀ ਸੀ। ਉਨ੍ਹਾਂ ਕਿਹਾ, ਮੇਰਾ ਨਿਜੀ ਵਿਚਾਰ ਹੈ ਕਿ ਸਾਡੇ ਵਿੱਚ ਕੱਟੜਵਾਦ ਨਹੀਂ ਆਉਣਾ ਚਾਹੀਦਾ; ਜ਼ਿੰਦਗੀ `ਚ ਥੋੜ੍ਹਾ ਓਪਨ ਰਹਿਣਾ ਚਾਹੀਦਾ ਹੈ। ਕੋਈ ਸਹਿਜਧਾਰੀ ਹੈ ਤੇ ਕੋਈ ਅੰਮ੍ਰਿਤਧਾਰੀ ਹੈ, ਪਰ ਅਸੀਂ ਸਾਰੇ ਸਿੱਖ ਹੀ ਹਾਂ। ਜੇ ਅਸੀਂ ਇੱਕਜੁੱਟ ਨਹੀਂ ਹਾਂ ਤਾਂ ਬਾਹਰ ਸਾਨੂੰ ਕੋਈ ਨਹੀਂ ਪੁੱਛੇਗਾ। ਸਾਨੂੰ ਗੁਰਦੁਆਰੇ ਦੇ ਦਾਇਰੇ ਤੋਂ ਬਾਹਰ ਨਿਕਲਣਾ ਚਾਹੀਦਾ ਹੈ।
ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨਾਲ ਜੁੜੇ ਰਹੇ ਬਲਵਿੰਦਰ ਸਿੰਘ ਸੋਹਲ ਨੇ ‘ਪੰਥਕ ਸਲੇਟ’ ਦੇ ਉਮੀਦਵਾਰਾਂ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਉਹ ਪਹਿਲੀਆਂ ਕਮੇਟੀਆਂ ਵੱਲੋਂ ਉਲੀਕੇ ਗਏ ਕਾਰਜਾਂ ਨੂੰ ਅੱਗੇ ਤੋਰਨ ਵਿੱਚ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਆਪਾਂ ਪੰਥ ਨੂੰ ਅੱਗੇ ਰੱਖੀਏ ਅਤੇ ਜਿਹੜੀਆਂ ਚੀਜ਼ਾਂ ਬੁਰੀਆਂ ਲੱਗਦੀਆਂ ਹਨ, ਉਨ੍ਹਾਂ ਨੂੰ ਲਾਗੇ ਨਾ ਆਉਣ ਦਈਏ। ਉਨ੍ਹਾਂ ਇੱਕ ਉਮੀਦਵਾਰ ਤਰਲੋਚਨ ਸਿੰਘ ਮੁਲਤਾਨੀ ਵੱਲੋਂ ਧਾਰਮਿਕ ਸਕੱਤਰ ਦੀ ਸੇਵਾ ਦੌਰਾਨ ਗੁਰਬਾਣੀ ਵਿਆਖਿਆ ਕੀਤੇ ਜਾਣ ਦੀ ਤਾਰੀਫ ਕੀਤੀ।
ਸੰਗਤ ਦੀ ਇੱਕ ਮੈਂਬਰ ਜੈਦੀਪ ਕੌਰ ਨੇ ਚੋਣਾਂ `ਚ ਔਰਤ/ਬੀਬਾ ਉਮੀਦਵਾਰ ਤੋਂ ਔਰਤ ਸਸ਼ਕਤੀਕਰਨ ਦੀ ਆਸ ਪ੍ਰਗਟਾਈ ਅਤੇ ਕੁਝ ਸਮਾਂ ਪਹਿਲਾਂ ਇੱਕ ਸਥਾਨਕ ਔਰਤ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਦੀ ਮਾਨਸਿਕ ਦਸ਼ਾ ਤੇ ਘਰੇਲੂ ਸਮੱਸਿਆਵਾਂ ਨਾਲ ਸਬੰਧਤ ਮਾਮਲੇ ਗੁਰਦੁਆਰਾ ਲਾਬੀ ਵਿੱਚ ਵਿਚਾਰੇ ਜਾਣ ਅਤੇ ਗੁਰਦੁਆਰੇ ਵਿੱਚ ਔਰਤਾਂ ਨੂੰ ਇਸ ਸਬੰਧੀ ਇੱਕ ਵੂਮਨ ਯੂਨਿਟ ਬਣਾਉਣੀ ਚਾਹੀਦੀ ਹੈ ਤੇ ਗੁਰਦੁਆਰਾ ਸਾਹਿਬ ਵਿੱਚ ਹੋਰ ਵਧੇਰੇ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਸੁਝਾਅ ਦਿੱਤਾ ਕਿ ਬੱਚਿਆਂ ਨੂੰ ਵਿਲੱਖਣ ਤਰੀਕੇ ਨਾਲ ਸਿੱਖਇਜ਼ਮ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ।
ਸ਼ੇਰੇ ਪੰਜਾਬ ਸਪੋਰਟਸ ਕਲੱਬ ਸ਼ਿਕਾਗੋ ਦੇ ਨੁਮਾਇੰਦੇ ਹਰਪ੍ਰੀਤ ਸਿੰਘ ਗਿੱਲ ਨੇ ਸੁਝਾਅ ਦਿੱਤਾ ਕਿ ਸਾਡਾ ਧਿਆਨ ਭਾਈਚਾਰੇ ਨੂੰ ਇੱਕਜੁੱਟ ਕਰਨ ਵੱਲ ਹੋਣਾ ਚਾਹੀਦਾ ਹੈ, ਤਾਂ ਜੋ ਸਾਂਝੇ ਮੰਚ ਦੇ ਤੌਰ `ਤੇ ਉਮੀਦਵਾਰਾਂ ਦੀ ਚੋਣ ਕਰ ਲਈਏ ਤੇ ਇਲੈਕਸ਼ਨ ਦੀ ਲੋੜ ਨਾ ਪਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਦਸਤਾਰ ਸਜਾਉਣ ਦੀ ਸਿਖਲਾਈ ਵੀ ਦੇਣੀ ਚਾਹੀਦੀ ਹੈ, ਕਿਉਂਕਿ ਜਦੋਂ ਬੱਚੇ ਸਕੂਲਾਂ/ਕਾਲਜਾਂ ਵਿੱਚ ਜਾਂਦੇ ਹਨ, ਤਾਂ ਉਸ (ਦਸਤਾਰ) ਨਾਲ ਬੱਚਿਆਂ ਦੀ ਸ਼ਨਾਖਤ ਬਣਦੀ ਹੈ। ਉਨ੍ਹਾਂ ਕਿਹਾ ਕਿ ਆਪਣੇ ਭਾਈਚਾਰੇ ਵਿੱਚ ਪੜ੍ਹੇ-ਲਿਖੇ ਲੋਕ ਹਨ, ਉਨ੍ਹਾਂ ਨੂੰ ਬੱਚਿਆਂ ਦੇ ਕਰੀਅਰ ਵਿੱਚ ਸੁਪੋਰਟ ਲਈ ਗੁਰਦੁਆਰੇ ਵਿੱਚ ਕੌਂਸਲਿੰਗ ਕਰਨੀ ਚਾਹੀਦੀ ਹੈ।
ਗੁਰੂਘਰ ਦੇ ਵਿੱਤ ਸਕੱਤਰ ਸ਼ਿਵਇੰਦਰਜੀਤ ਸਿੰਘ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀਆਂ ਗਤੀਵਿਧੀਆਂ ਵਿੱਚ ਬਹੁਤ ਸਮਾਂ ਲੱਗ ਜਾਂਦਾ ਹੈ ਤੇ ਇਹ ਇੱਕ ਵੱਡੀ ਕੁਮਿੱਟਮੈਂਟ ਹੈ। ਉਨ੍ਹਾਂ ਕਿਹਾ ਕਿ ਜੋ ਕਾਰਜ ਹੋਏ ਹਨ, ਉਹ ਗੁਰੂ ਸਾਹਿਬ ਦੀ ਬਖ਼ਸ਼ਿਸ਼ ਤੇ ਸੰਗਤ ਦੇ ਸਹਿਯੋਗ ਨਾਲ ਹੀ ਹੋਏ ਹਨ। ਉਨ੍ਹਾਂ ਕਿਹਾ ਕਿ ਗੁਰਦੁਆਰਾ ਮੈਨੇਜਮੈਂਟ ਨੂੰ ਉਹ ਹੀ ਸੁਚੱਜੇ ਢੰਗ ਨਾਲ ਚਲਾ ਸਕਦੇ ਹਨ, ਜਿਨ੍ਹਾਂ ਕੋਲ ਯੋਗਤਾ ਹੈ। ਉਨ੍ਹਾਂ ਗੁਰੂਘਰ ਦੀਆਂ ਪ੍ਰਾਪਤੀਆਂ ਦਾ ਵੇਰਵਾ ਵੀ ਸਾਂਝਾ ਕੀਤਾ।
ਗੁਰੂਘਰ ਦੇ ਮੌਜੂਦਾ ਬੋਰਡ ਮੈਂਬਰ ਹਰਜੀਤ ਸਿੰਘ ਗਿੱਲ ਨੇ ਇਲੈਕਸ਼ਨ/ਸਿਲੈਕਸ਼ਨ ਸਬੰਧੀ ਵਿਚਾਰ ਪ੍ਰਗਟਾਏ ਕਿ ਸਹਿਮਤੀ ਸਮੇਂ ਥੋੜ੍ਹੀ ਸੰਗਤ ਹੁੰਦੀ ਹੈ ਅਤੇ ਵੋਟਾਂ ਸਮੇਂ ਸਾਰੀ ਸੰਗਤ ਦੀ ਸਹਿਮਤੀ ਹੁੰਦੀ ਹੈ, ਤੇ ਉਦੋਂ ਆਪਾਂ ਸੰਗਤ ਨੂੰ ਜਵਾਬਦੇਹ ਵੀ ਹੁੰਦੇ ਹਾਂ। ਉਨ੍ਹਾਂ ਕਿਹਾ ਕਿ ਜਿੰਨਾ ਯੂਥ (ਖਾਸ ਕਰ ਸੀਰਤ ਕੌਰ ਕਲੇਰ) ਪ੍ਰਬੰਧਾਂ ਵਿੱਚ ਕੰਮ ਕਰ ਰਿਹਾ ਹੈ, ਉਨ੍ਹਾਂ ਦਾ ਕੰਮ ਦੇਖ ਕੇ ਤਿੰਨ ਨੌਜਵਾਨ ਉਮੀਦਵਾਰ ਬਣਾਏ ਗਏ ਹਨ। ਜਿਸ ਤਕਨਾਲੋਜੀ ਨਾਲ ਇਹ ਕੰਮ ਕਰ ਰਹੇ ਹਨ, ਉਸ ਨਾਲ ਹੋਰ ਯੂਥ ਜੁੜਨ ਦੀ ਸੰਭਾਵਨਾ ਹੈ।
ਪੰਜਾਬ ਸਪੋਰਟਸ ਕਲੱਬ ਦੇ ਸਾਬਕਾ ਪ੍ਰਧਾਨ ਜਸਕਰਨ ਸਿੰਘ ਧਾਲੀਵਾਲ ਨੇ ਕਿਹਾ ਕਿ ਸਿਲੈਕਸ਼ਨ ਹੋ ਜਾਂਦੀ ਤਾਂ ਚੰਗਾ ਸੀ, ਕਿਉਂਕਿ ਗੁਰੂਘਰ ਵਿੱਚ ਇਲੈਕਸ਼ਨਾਂ ਚੰਗੀਆਂ ਨਹੀਂ ਲੱਗਦੀਆਂ। ਹਰਮਿੰਦਰ ਸਿੰਘ ਨੇ ਕਿਹਾ ਕਿ ਮੈਂ ਦੋਵੇਂ ਕਮੇਟੀਆਂ ਦਾ ਕੰਮ ਦੇਖਿਆ ਹੈ, ਪਰ ‘ਪੰਥਕ ਸਲੇਟ’ ਦੀ ਕਮੇਟੀ ਗੁਰਦੁਆਰਾ ਸਾਹਿਬ ਨੂੰ ਅੱਗੇ ਲੈ ਕੇ ਗਈ ਹੈ। ਉਨ੍ਹਾਂ ਕਿਹਾ ਕਿ ਆਪਣੇ ਨਿਜੀ ਮਤਭੇਦ ਛੱਡ ਕੇ ਅਸੀਂ ਸਾਰੇ ਮਿਲ ਕੇ ਰਹੀਏ।
ਵਰਿੰਦਰ ਸਿੰਘ ਪਰਮਾਰ ਨੇ ਆਪਣੇ ਜਜ਼ਬਾਤ ਸਾਂਝੇ ਕੀਤੇ ਕਿ ਬੇਸ਼ਕ ਅਸੀਂ ਦਾਹੜੀ ਨਹੀਂ ਰੱਖੀ ਹੋਈ, ਪਰ ਅਸੀਂ ਦਿਲ ਤੋਂ ਸਿੱਖ ਹੀ ਹਾਂ। ਅਸੀਂ ਆਪਸ ਵਿੱਚ ਜਾਤ-ਬਰਾਦਰੀ ਦੀਆਂ ਵੰਡੀਆਂ ਕਰਕੇ ਆਪਣੀ ਕੌਮ, ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਛੋਟਾ ਨਾ ਕਰੀਏ; ਸਾਨੂੰ ਸਿੱਖੀ ਦਾ ਦਾਇਰਾ ਛੋਟਾ ਕਰਨ ਦੀ ਥਾਂ ਹੋਰ ਕੌਮਾਂ ਨੂੰ ਵੀ ਨਾਲ ਰਲਾਉਣ ਦੀ ਲੋੜ ਹੈ।
ਇਸ ਮੌਕੇ ‘ਪੰਥਕ ਸਲੇਟ’ ਦੇ ਉਮੀਦਵਾਰਾਂ ਨੇ ਆਪੋ ਆਪਣੀ ਜਾਣ-ਪਛਾਣ ਕਰਾਉਂਦਿਆਂ ਆਪਣੇ ਪਿਛੋਕੜ/ਪੜ੍ਹਾਈ/ਪੇਸ਼ੇ ਅਤੇ ਗੁਰਦੁਆਰਾ ਸਾਹਿਬ ਨਾਲ ਸਬੰਧਤ ਆਪਣੇ ਉਦੇਸ਼ਾਂ ਬਾਰੇ ਦੱਸਿਆ। ਗੁਰਦੁਆਰਾ ਸਾਹਿਬ ਦੇ ਵਿੱਤੀ ਪ੍ਰਬੰਧਾਂ ਤੇ ਗੁਰਮਤਿ ਸਕੂਲ ਵਿੱਚ ਸੇਵਾ ਨਿਭਾਅ ਰਹੀ ਸੀਰਤ ਕੌਰ ਕਲੇਰ ਨੇ ਉਮੀਦਵਾਰਾਂ ਨਾਲ ਸਵਾਲ-ਜਵਾਬ ਦਾ ਦੌਰ ਚਲਾਇਆ। ਉਸ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੀ ਸੇਵਾ ਨੇ ਸਿਖਾਇਆ ਹੈ ਕਿ ਸਾਨੂੰ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ।
ਬੀ.ਓ.ਟੀ. ਲਈ ਉਮੀਦਵਾਰ ਗੁਰਕੀਰਤ ਸਿੰਘ ਗਿੱਲ, ਜੋ ਗੁਰਮਤਿ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਅ ਵੀ ਰਹੇ ਹਨ, ਨੇ ਕਿਹਾ ਕਿ ਉਨ੍ਹਾਂ ਦਾ ਵਧੇਰੇ ਧਿਆਨ ਗੁਰਮੁਖੀ ਲਿਪੀ ਵੱਲ ਹੋਵੇਗਾ, ਕਿਉਂਕਿ ਜਿਹੜੇ ਬੱਚੇ ਪੰਜਾਬੀ ਭਾਸ਼ਾ ਨਹੀਂ ਜਾਣਦੇ, ਉਨ੍ਹਾਂ ਨੂੰ ਕੁਝ ਕਮੀ ਮਹਿਸੂਸ ਹੁੰਦੀ ਹੈ। ਕਿਉਂਕਿ ਭਾਸ਼ਾ ਸਾਨੂੰ ਕਲਚਰ, ਧਰਮ ਤੇ ਸਮਾਜ ਨਾਲ ਜੋੜਦੀ ਹੈ। ਉਨ੍ਹਾਂ ਕਿਹਾ ਕਿ ਜੇ ਅਸੀਂ ਬੱਚਿਆਂ ਅਤੇ ਯੂਥ ਨੂੰ ਸਿੱਖੀ ਨਾਲ ਜੋੜਨਾ ਹੈ, ਤਾਂ ਸ਼ੁਰੂਆਤ ਭਾਸ਼ਾ ਤੋਂ ਕਰਨੀ ਪਵੇਗੀ; ਕਿਉਂਕਿ ਇਸ ਨਾਲ ਗੁਰਬਾਣੀ ਦੀ ਸਮਝ ਤੇ ਭਾਈਚਾਰੇ ਨਾਲ ਨੇੜਤਾ ਵਧਦੀ ਹੈ।
ਬੀ.ਓ.ਟੀ. ਲਈ ਮੁੜ ਚੋਣ ਲੜ ਰਹੇ ਤਰਲੋਚਨ ਸਿੰਘ ਮੁਲਤਾਨੀ ਨੇ ਆਪਣੇ ਸੰਬੋਧਨ ਦੌਰਾਨ ਗੁਰਬਾਣੀ ਵਿੱਚ ਸੇਵਾ ਦੇ ਸੰਕਲਪ ਦਾ ਜ਼ਿਕਰ ਕੀਤਾ। ਉਨ੍ਹਾਂ ਕੁਝ ਬੁਲਾਰਿਆਂ ਵੱਲੋਂ ਕੇਸਾਧਾਰੀ ਅਤੇ ਸਹਿਜਧਾਰੀ ਸਿੱਖਾਂ ਦੇ ਸੰਦਰਭ ਵਿੱਚ ਪੈਦਾ ਹੋਏ ਵਿਤਕਰੇ ਦੇ ਹਵਾਲੇ ਨਾਲ ਕਿਹਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਸੰਦੇਸ਼ ਇਹੋ ਹੈ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਾਡੇ ਆਪਣੇ ਅੰਦਰ ਇਹ ਗੱਲ ਆ ਜਾਂਦੀ ਹੈ, ਪਰ ਅਸੀਂ ਸਭ ਬਰਾਬਰ ਹਾਂ। ਸਾਡੀ ਕੋਸ਼ਿਸ਼ ਸਭ ਨੂੰ ਨਾਲ ਲੈ ਕੇ ਚੱਲਣ ਦੀ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਤੋਂ ਬਿਨਾਂ ਹੋਰ ਭਗਤਾਂ ਦੀ ਬਾਣੀ ਵੀ ਦਰਜ ਹੈ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਅਹਾਤੇ ਵਿੱਚ ਪਿਛਲੇ ਸਮੇਂ ਦੌਰਾਨ ਸੰਗਤ ਦੇ ਇੱਕ ਹਿੱਸੇ ਵੱਲੋਂ ਇਹ ਨੋਟ ਕੀਤਾ ਗਿਆ ਹੈ ਕਿ ‘ਕੇਸਾਧਾਰੀ ਸਿੱਖਾਂ ਤੇ ਸਹਿਜਧਾਰੀ ਸਿੱਖਾਂ’ ਵਿਚਾਲੇ ਇੱਕ ਤਰ੍ਹਾਂ ਦੀ ਕਥਿਤ ਕਸ਼ੀਦਗੀ ਹੈ।
ਸੀ.ਆਈ.ਸੀ. ਲਈ ਉਮੀਦਵਾਰ ਕੰਵਲ ਹਰਿੰਦਰ ਸਿੰਘ ਨੇ ਸੰਵਿਧਾਨ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਗੁਰਦੁਆਰਾ ਸਾਹਿਬ ਵਾਸਤੇ ਸਿੱਖ ਰਿਲੀਜੀਅਸ ਸੁਸਾਇਟੀ ਦੇ ਸੰਵਿਧਾਨ ਤੇ ਦਿਸ਼ਾ ਨਿਰਦੇਸ਼ ਹਨ ਅਤੇ ਪਿਛਲੇ ਚਾਰ ਸਾਲਾਂ ਤੋਂ ਕਈ ਨਵੇਂ ਵਿਚਾਰ ਲਾਗੂ ਹੋਏ ਹਨ ਤੇ ਭਵਿੱਖ ਵਿੱਚ ਵੀ ਸੰਵਿਧਾਨ ਤੇ ਨਵੀਨਤਾ ਨੂੰ ਧਿਆਨ ਵਿੱਚ ਰੱਖ ਕੇ ਉਪਰਾਲੇ ਕੀਤੇ ਜਾਣਗੇ।
ਬੀ.ਓ.ਟੀ. ਲਈ ਉਮੀਦਵਾਰ ਸਤਿੰਦਰ ਸਿੰਘ ਬ੍ਰਹਮ ਨੇ ਕਿਹਾ ਕਿ ਪ੍ਰਬੰਧਨ ਹੁਨਰ ਹੋਣ ਕਾਰਨ ਮੇਰਾ ਵਿਚਾਰ ਹੈ ਕਿ ਜੇ ਸਾਡੇ ਵਿੱਚ ਕੋਈ ਹੁਨਰ ਹੈ ਤਾਂ ਉਸ ਜ਼ਰੀਏ ਆਪਣੇ ਭਾਈਚਾਰੇ ਨੂੰ ਵੀ ਕੁਝ ਵਾਪਸ ਦਈਏ। ਉਨ੍ਹਾਂ ਕਿਹਾ ਕਿ ਉਹ ਭਾਈਚਾਰੇ ਵਿੱਚ ਇੱਕ ਬ੍ਰਿਜ ਦੀ ਤਰ੍ਹਾਂ ਕੰਮ ਕਰਨਗੇ।
ਜ਼ਿਕਰਯੋਗ ਹੈ ਕਿ ਗੁਰਦੁਆਰਾ ਪੈਲਾਟਾਈਨ ਵਿੱਚ ਸਿੱਖ ਭਾਈਚਾਰੇ ਤੋਂ ਇਲਾਵਾ ਗੈਰ-ਸਿੱਖ ਭਾਈਚਾਰੇ ਦੇ ਲੋਕ ਵੀ ਆਉਂਦੇ ਹਨ। ਇਸ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਬੀ.ਓ.ਟੀ. ਲਈ ਉਮੀਦਵਾਰ ਪ੍ਰਭਜੀਤ ਕੌਰ ਕਲੇਰ ਨੇ ਕਿਹਾ ਕਿ ਜਦੋਂ ਗੁਰੂ ਘਰ ਵਿਖੇ ਵਿਆਹਾਂ ਜਾਂ ਪ੍ਰੋਗਰਾਮਾਂ ਸਮੇਂ ਵੱਖ-ਵੱਖ ਸੱਭਿਆਚਾਰਾਂ ਦੇ ਲੋਕ ਆਉਂਦੇ ਹਨ, ਤਾਂ ਇਹ ਧਿਆਨ ਵਿੱਚ ਰੱਖਿਆ ਜਾਂਦਾ ਹੈ ਕਿ ਕੋਈ ਬੇਅਦਬੀ ਤਾਂ ਨਹੀਂ ਹੁੰਦੀ! ਉਨ੍ਹਾਂ ਗੁਰਦੁਆਰਾ ਸਾਹਿਬ ਦੀ ਰਹਿਨੁਮਾਈ ਹੇਠ ਬੱਚਿਆਂ ਨੂੰ ਗਤਕਾ ਸਿਖਾਏ ਜਾਣ ਅਤੇ ਲੋਗੋ/ਸਟੈਮਸ ਵਿੱਚ ਪ੍ਰਤਿਭਾ ਨੂੰ ਹੁਲਾਰਾ ਦੇਣ ਲਈ ਕੀਤੀਆਂ ਕੋਸ਼ਿਸ਼ਾਂ ਦਾ ਜ਼ਿਕਰ ਵੀ ਕੀਤਾ।
ਅਖੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਜੈਰਾਮ ਸਿੰਘ ਕਾਹਲੋਂ ਨੇ ਗੁਰਦੁਆਰਾ ਸੰਦਰਭ ਵਿੱਚ ਆਪਣਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਘਰ-ਪਰਿਵਾਰ, ਜੌਬ ਤੇ ਗੁਰਦੁਆਰਾ ਸਾਹਿਬ ਮੇਰੀਆਂ ਤਿੰਨ ਜ਼ਿੰਮੇਵਾਰੀਆਂ ਸਨ। ਜੇ ਅਸੀਂ ਸੇਵਾ ਦੀ ਧਾਰਨਾ ਲੈ ਕੇ ਚੱਲਾਂਗੇ ਤਾਂ ਇਹ ਆਪਣੇ ਆਪ ਤਰਜੀਹੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਮੇਟੀ ਵੱਲੋਂ ਕੁਝ ਲੋੜਾਂ `ਤੇ ਧਿਆਨ ਕੇਂਦਰਿਤ ਕੀਤਾ ਗਿਆ ਸੀ। ਜਦੋਂ ਸਾਨੂੰ ਸਾਰਿਆਂ ਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋ ਗਿਆ ਤੇ ਇਹ ਪਤਾ ਲੱਗ ਗਿਆ ਕਿ ਕਿਹੜਾ ਬੰਦਾ ਕਿਸ ਦੇ ਕਾਬਲ ਹੈ, ਉਨ੍ਹਾਂ ਨੂੰ ਸੰਗਤ ਨੇ ਆਪ ਹੀ ਅੱਗੇ ਕਰ ਦੇਣਾ ਹੈ; ਪਰ ਹਾਲੇ ਅਸੀਂ ਉਥੋਂ ਤੱਕ ਨਹੀਂ ਪਹੁੰਚੇ। ਉਨ੍ਹਾਂ ਕਿਹਾ ਕਿ ਸਾਨੂੰ ਨਿਜੀ ਅਤੇ ਭਾਈਚਾਰਕ ਤੌਰ `ਤੇ ਸੋਚ ਬਦਲਣੀ ਪੈਣੀ ਹੈ। ਅਸੀਂ ਸਿਰ ਜੋੜ ਕੇ ਇਕੱਠੇ ਕੰਮ ਕਰੀਏ, ਕਿਉਂਕਿ ਜਿਸ ਸਟੇਜ `ਤੇ ਅੱਜ ਗੁਰਦੁਆਰਾ ਸਾਹਿਬ ਹੈ, ਭਾਈਚਾਰੇ ਦੀਆਂ ਲੋੜਾਂ ਬਹੁਤ ਜ਼ਿਆਦਾ ਹਨ।
ਸ. ਕਾਹਲੋਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਲੌਂਗ ਟਰਮ ਕਮੇਟੀ ਅਤੇ ਸੰਗਤ ਮੈਂਬਰਾਂ ਦੀ ਗੁਰਦੁਆਰਾ ਐਵਲਿਊਸ਼ਨ (ਮੁਲੰਕਣ) ਕਮੇਟੀ ਨੇ ਦੋ ਸਾਲ ਲਾ ਕੇ ਸੰਗਤ ਦੀਆਂ ਲੋੜਾਂ ਨੂੰ ਮੁੱਖ ਰੱਖਦਿਆਂ ਇੱਕ ਪਲਾਨ ਤਿਆਰ ਕੀਤਾ ਹੈ, ਜਿਸ ਲਈ ਭਵਿੱਖ ਦੇ ਖਰਚਿਆਂ ਲਈ ਘੱਟ ਤੋਂ ਘੱਟ 13-14 ਮਿਲੀਅਨ ਡਾਲਰ ਦੀ ਲੋੜ ਹੈ; ਇਸ ਲਈ ਸਾਨੂੰ ਸਾਰਿਆਂ ਨੂੰ ਰਲ-ਮਿਲ ਦੇ ਤੁਰਨਾ ਪੈਣਾ ਹੈ। ਉਨ੍ਹਾਂ ਸੰਗਤ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ।

Leave a Reply

Your email address will not be published. Required fields are marked *