*ਮੌਜੂਦਾ ਹਾਲਾਤ ਦੀ ਕਰੋਨਾ ਕਾਲ ਨਾਲ ਤੁਲਨਾ
*ਦੇਸ਼ ਦੇ ਆਗੂਆਂ ਤੇ ਲੋਕਾਂ ਨੂੰ ਇਕਜੁਟ ਰਹਿਣ ਦੀ ਅਪੀਲ
ਜਸਵੀਰ ਸਿੰਘ ਮਾਂਗਟ
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਗ ਸ਼ੁਰੂ ਹੋਣ ਤੋਂ 24 ਦਿਨ ਬਾਅਦ ਇਰਾਨ, ਇਜ਼ਰਾਇਲ ਅਤੇ ਅਮਰੀਕਾ ਵਿਚਕਾਰ ਚੱਲ ਰਹੀ ਜੰਗ ‘ਤੇ ਆਪਣਾ ਪੱਖ, ‘ਨਿਰਪੱਖ’ ਢੰਗ ਨਾਲ ਪੇਸ਼ ਕੀਤਾ ਹੈ। ਲੋਕ ਸਭਾ ਵਿੱਚ ਇਸ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਖਾੜੀ ਖੇਤਰ ਵਿੱਚ ਚੱਲ ਰਹੀ ਜੰਗ ਦਾ ਮਸਲਾ ਆਪਸੀ ਗੱਲਬਾਤ ਅਤੇ ਕੂਟਨੀਤੀ ਨਾਲ ਹੀ ਹੱਲ ਕੀਤਾ ਜਾ ਸਕਦਾ ਹੈ। ਨਾਲ ਉਨ੍ਹਾਂ ਇਰਾਨ ਦੀ ਟੇਢੇ ਢੰਗ ਨਾਲ ਆਲੋਚਨਾ ਕਰਦਿਆਂ ਕਿਹਾ ਕਿ ਹੌਰਮੂਜ਼ ਦੇ ਅੰਤਰਰਾਸ਼ਟਰੀ ਪਾਣੀਆਂ ਵਿੱਚ ਸਮੁੰਦਰੀ ਮਾਰਗ ਨੂੰ ਬੰਦ ਕਰਨਾ ਠੀਕ ਨਹੀਂ ਹੈ। ਇਸ ਨਾਲ ਇਸ ਖੇਤਰ ਦੇ ਹੋਰ ਮੁਲਕਾਂ ਦਾ ਕਾਰੋਬਾਰ ਵੀ ਚਲਦਾ ਹੈ। ਉਨ੍ਹਾਂ ਚਲਦੀ ਗੱਲਬਾਤ ਦੌਰਾਨ ਅਮਰੀਕਾ ਅਤੇ ਇਜ਼ਰਾਇਲ ਵੱਲੋਂ ਇਰਾਨ ‘ਤੇ ਬਿਨਾ ਕਾਰਨ ਕੀਤੇ ਗਏ ਹਮਲੇ ਤੇ ਆਇਤੁਲਾ ਖੁਮੇਨੀ ਸਮੇਤ ਇਰਾਨ ਦੇ ਕਈ ਫੌਜੀ ਅਫਸਰਾਂ ਨੂੰ ਮਾਰਨ ਅਤੇ ਇਸ ਨਾਲ ਜੰਗ ਸ਼ੁਰੂ ਹੋਣ ਬਾਰੇ ਕੁਝ ਨਾ ਕਹਿਣ ਵਿੱਚ ਹੀ ਭਲਾ ਸਮਝਿਆ। ਉਂਝ ਉਨ੍ਹਾਂ ਇਸ ਖੇਤਰ ਵਿੱਚ ਕੰਮ ਕਰਦੇ ਭਾਰਤੀ ਕਾਮਿਆਂ ਅਤੇ ਸੈਲਾਨੀਆਂ ਬਾਰੇ ਜ਼ਰੂਰ ਚਿੰਤਾ ਜ਼ਾਹਰ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖਾੜੀ ਮੁਲਕਾਂ ਵਿੱਚ ਕੰਮ ਕਰਦੇ ਭਾਰਤੀ ਸਫਾਰਤਖਾਨੇ ਉਥੇ ਕੰਮ ਕਰਦੇ ਭਾਰਤੀ ਕਾਮਿਆਂ ਅਤੇ ਸੈਲਾਨੀਆਂ ਵਗੈਰਾ ਨੂੰ ਲੋੜੀਂਦੀਆਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸਾਡੇ ਇੱਕ ਕਰੋੜ ਕਾਮੇ ਕੰਮ ਕਰਦੇ ਹਨ। ਇਸ ਤੋਂ ਇਲਾਵਾ ਪਾਣੀ ਵਾਲੇ ਜਹਾਜ਼ਾਂ ਵਿੱਚ ਵੀ ਸਾਡੇ ਬਹੁਤ ਸਾਰੇ ਲੋਕ ਕੰਮ ਕਰਦੇ ਹਨ। ਇਸ ਲਈ ਭਾਰਤ ਦੇ ਮਾਨਵੀ ਸਰੋਕਾਰ ਇਸ ਖੇਤਰ ਨਾਲ ਗਹਿਰੀ ਤਰ੍ਹਾਂ ਜੁੜੇ ਹੋਏ ਹਨ। ਇਸ ਤੋਂ ਇਲਾਵਾ ਹੌਰਮੂਜ਼ ਚੈਨਲ ਦੇ ਬੰਦ ਹੋਣ ਨਾਲ ਜਿਸ ਤਰ੍ਹਾਂ ਸਾਰੀ ਦੁਨੀਆਂ ਪ੍ਰਭਾਵਤ ਹੋ ਰਹੀ ਹੈ, ਉਸੇ ਤਰ੍ਹਾਂ ਭਾਰਤੀ ਆਰਥਿਕਤਾ ‘ਤੇ ਵੀ ਇਸ ਦੇ ਪ੍ਰਭਾਵ ਪੈ ਰਹੇ ਹਨ। ਹੌਰਮੂਜ਼ ਲਾਂਘਾ ਫਾਰਸ ਦੀ ਖਾੜੀ ਦਾ ਉਮਾਨ ਅਤੇ ਇਰਾਨ ਵਿਚਾਲੇ 33 ਕਿਲੋਮੀਟਰ ਚੌੜਾ ਖੇਤਰ ਹੈ, ਜਿਸਨੂੰ ਜੰਗ ਛਿੜਨ ਬਾਅਦ ਇਰਾਨ ਨੇ ਬੰਦ ਕਰ ਦਿੱਤਾ ਹੈ।
ਪ੍ਰਧਾਨ ਮੰਤਰੀ ਨੇ ਮੌਜੂਦਾ ਸਥਿਤੀ ਦੀ ਕਰੋਨਾ ਕਾਲ ਨਾਲ ਤੁਲਨਾ ਕਰਦਿਆਂ ਕਿਹਾ ਕਿ ਸੰਕਟ ਵਾਲੀਆਂ ਹਾਲਤਾਂ ਵਿੱਚ ਵੀ ਸਾਨੂੰ ਆਪਣਾ ਧੀਰਜ ਬਣਾ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖਾੜੀ ਜੰਗ ਦੇ ਮਸਲੇ ‘ਤੇ ਭਾਰਤੀ ਸੰਸਦ ਵਿੱਚੋਂ ਇਕਜੁੱਟ ਆਵਾਜ਼ ਬਾਹਰ ਜਾਣੀ ਚਾਹੀਦੀ ਹੈ। ਉਨ੍ਹਾਂ ਭਾਰਤੀ ਨਾਗਰਿਕਾਂ ਤੋਂ ਵੀ ਕਰੋਨਾ ਕਾਲ ਵਾਂਗ ਏਕਤਾ ਬਣਾਈ ਰੱਖਣ ਅਤੇ ਮਿਲ ਕੇ ਸੰਕਟ ਵਿੱਚੋਂ ਨਿਕਲਣ ਲਈ ਕੰਮ ਕਰਨ ਦੀ ਅਪੀਲ ਕੀਤੀ।
ਇੱਥੇ ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਮੌਜੂਦਾ ਖਾੜੀ ਜੰਗ ਸ਼ੁਰੂ ਹੋਣ ਤੋਂ ਇੱਕ-ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਇਲ ਦਾ ਦੌਰਾ ਕੀਤਾ ਸੀ ਅਤੇ ਇਜ਼ਰਾਇਲੀ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਕਾਫੀ ਨੇੜਤਾ ਵਿਖਾਈ ਸੀ। ਇਰਾਨ ਅਤੇ ਅਮਰੀਕਾ ਵੱਲੋਂ 28 ਫਰਵਰੀ ਨੂੰ ਚਲਦੀ ਗੱਲਬਾਤ ਛੱਡ ਕੇ ਇਰਾਨ ‘ਤੇ ਅਚਾਨਕ ਕੀਤੇ ਗਏ ਹਮਲੇ ਅਤੇ ਇਰਾਨ ਦੇ ਸੁਪਰੀਮ ਲੀਡਰ ਆਇਤੁਲਾ ਖੁਮੇਨੀ ਦੀ ਮੌਤ ‘ਤੇ ਭਾਰਤ ਵੱਲੋਂ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਸੀ ਕੀਤਾ ਗਿਆ। ਭਾਰਤ ਨੇ ਇਸ ‘ਤੇ ਰਸਮੀ ਅਫਸੋਸ ਜ਼ਾਹਰ ਕਰਨ ਲਈ ਵੀ ਕਈ ਦਿਨ ਲਏ, ਜਦੋਂ ਵਿਦੇਸ਼ ਸਕੱਤਰ ਨੇ ਭਾਰਤ ਵਿਚਲੇ ਇਰਾਨੀ ਸਫਾਰਤਖਾਨੇ ਵਿੱਚ ਪੁੱਜ ਕੇ ਲਿਖਤੀ ਰੂਪ ਵਿੱਚ ਆਪਣਾ ਅਫਸੋਸ ਜ਼ਾਹਰ ਕੀਤਾ। ਵਿਰੋਧੀ ਧਿਰ ਦੇ ਆਗੂਆਂ ਖਾਸ ਕਰਕੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਇਸ ਮੁੱਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਜ਼ਬਰਦਸਤ ਆਲੋਚਨਾ ਕੀਤੀ ਸੀ। ਆਮ ਆਦਮੀ ਪਾਰਟੀ ਦੇ ਆਗੂ ਤਾਂ ਆਪਣਾ ਅਫਸੋਸ ਜ਼ਾਹਰ ਕਰਨ ਲਈ ਇਰਾਨ ਵੀ ਪੁੱਜੇ ਸਨ।
ਇੱਥੇ ਇਹ ਪੱਖ ਵੀ ਧਿਆਨਯੋਗ ਹੈ ਕਿ ਹੌਰਮੂਜ਼ ਸਟਰੇਟ ਬੰਦ ਹੋਣ ਨਾਲ ਉਥੇ ਭਾਰਤ ਦੇ 22 ਤੇਲ ਢੋਣ ਵਾਲੇ ਜਹਾਜ਼ ਫਸੇ ਖੜ੍ਹੇ ਹਨ, ਜਦਕਿ ਦੋ ਜਹਾਜ਼ ਭਾਰਤ ਦੇ ਪ੍ਰਧਾਨ ਮੰਤਰੀ ਨੇ ਇਰਾਨੀ ਵਿਦੇਸ਼ ਮੰਤਰੀ ਨਾਲ ਗੱਲਬਾਤ ਕਰਨ ਤੋਂ ਬਾਅਦ ਲੰਘਵਾ ਲਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਨੂੰ ਇਸ ਮਸਲੇ ‘ਤੇ ਸੰਬੋਧਨ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਦੇਸ਼ ਕੋਲ ਕਾਫੀ ਮਾਤਰਾ ਵਿੱਚ ਤੇਲ ਤੇ ਗੈਸ ਅਤੇ ਰਸਾਇਣਕ ਖਾਦਾਂ ਦੇ ਭੰਡਾਰ ਹਨ, ਇਸ ਲਈ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ। ਝੂਠੀਆਂ ਖਬਰਾਂ ਤੋਂ ਬਚਿਆ ਜਾਣਾ ਚਾਹੀਦਾ ਹੈ।
ਜ਼ਿਕਰਯੋਗ ਹੈ ਕਿ ਤੇਲ ਅਤੇ ਗੈਸ ਦੇ ਨਾਲ-ਨਾਲ ਖਾੜੀ ਦੇ ਦੇਸ਼ ਵੱਡੀ ਮਾਤਰਾ ਵਿੱਚ ਰਸਾਇਣਕ ਖਾਦਾਂ ਅਤੇ ਹੀਲੀਅਮ ਵੀ ਬਰਾਮਦ ਕਰਦੇ ਹਨ। ਹੌਰਮੂਜ਼ ਸਮੁੰਦਰੀ ਲਾਂਘਾ ਇਰਾਨ ਵੱਲੋਂ ਬੰਦ ਕਰ ਦਿੱਤੇ ਜਾਣ ਨਾਲ ਦੁਨੀਆਂ ਭਰ ਵਿੱਚ ਇਸ ਸਾਰੇ ਕੁਝ ਦੀ ਕਿੱਲਤ ਮਹਿਸੂਸ ਹੋਣ ਲੱਗੀ ਹੈ। ਇਰਾਨ ਵੱਲੋਂ ਅਮਰੀਕਾ ਦੇ ਸਹਿਯੋਗੀ ਖਾੜੀ ਮੁਲਕਾਂ ਦੇ ਗੈਸ ਅਤੇ ਤੇਲ ਰਿਫਾਈਨਰੀਆਂ ‘ਤੇ ਕੀਤੇ ਗਏ ਹਮਲਿਆਂ ਨਾਲ ਯੂਰਪ ਵਿੱਚ ਗੈਸ ਦਾ ਸੰਕਟ ਅਸਰਅੰਦਾਜ਼ ਹੋਣ ਲੱਗਾ ਹੈ। ਇਸ ਦੇ ਸਿੱਟੇ ਵਜੋਂ ਸਾਰੀ ਦੁਨੀਆਂ ਵਿੱਚ ਹੀ ਸਿੱਕੇ ਦੇ ਫੈਲਾਅ ਅਤੇ ਮਹਿੰਗਾਈ ਨੇ ਵੀ ਮਾਰ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਅਮਰੀਕੀ ਸਦਰ ਡੋਨਾਲਡ ਟਰੰਪ ਨੇ ਇਰਾਨ ਨੂੰ ਧਮਕੀ ਦਿੱਤੀ ਸੀ ਕਿ ਉਹ ਹੌਰਮੂਜ਼ ਸਟਰੇਟ ’ਤੇ ਲਾਇਆ ਨਾਕਾ ਹਟਾ ਲਵੇ, ਨਹੀਂ ਤਾਂ ਉਸ ਦੇ ਬਿਜਲੀ ਪੈਦਾ ਕਰਨ ਵਾਲੇ ਸਰੋਤਾਂ ਨੂੰ ਤਬਾਹ ਕਰ ਦਿੱਤਾ ਜਾਵੇਗਾ। ਇਸ ਐਕਸ਼ਨ ਲਈ ਇਰਾਨ ਨੂੰ ਟਰੰਪ ਨੇ 48 ਘੰਟੇ ਦੀ ਮੋਹਲਤ ਦਿੱਤੀ ਸੀ। ਪਰ 48 ਘੰਟੇ ਪੂਰੇ ਹੋਣ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਨੇ ਆਖ ਦਿੱਤਾ ਕਿ ਬੀਤੇ ਦੋ ਦਿਨ ਦੀ ਇਰਾਨ ਦੇ ਨੁਮਾਇੰਦਿਆਂ ਨਾਲ ਗੱਲਬਾਤ ਵਿੱਚ ਇਰਾਨ ਨੇ ਸਕਾਰਾਤਮਕ ਰੁਖ ਅਖਤਿਆਰ ਕੀਤਾ ਹੈ। ਇਸ ਲਈ ਅਗਲੇ ਪੰਜ ਦਿਨ ਇਰਾਨ ਦੇ ਊਰਜਾ ਟਿਕਾਣਿਆਂ ‘ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ।
ਕੁਝ ਇਰਾਨੀ ਬੁੱਧੀਜੀਵੀਆਂ ਦਾ ਆਖਣਾ ਹੈ ਕਿ ਇਰਾਨ ਨਾਲ ਅਮਰੀਕਾ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ। ਅਮਰੀਕੀ ਸਦਰ ਵੱਲੋਂ ਅਜਿਹੇ ਬਿਆਨ ਮਾਰਕੀਟ ਨੂੰ ਪ੍ਰਭਾਵਤ ਕਰਨ ਲਈ ਦਿੱਤੇ ਜਾ ਰਹੇ ਹਨ। ਸੋਮਵਾਰ ਨੂੰ ਟਰੰਪ ਵੱਲੋਂ ਇਹ ਬਿਆਨ ਦਿੱਤੇ ਜਾਣ ਤੋਂ ਬਾਅਦ ਕਿ ਅਗਲੇ ਪੰਜ ਦਿਨ ਲਈ ਇਰਾਨ ਦੇ ਊਰਜਾ ਸਰੋਤਾਂ ‘ਤੇ ਕੋਈ ਹਮਲਾ ਨਹੀਂ ਕੀਤਾ ਜਾਵੇਗਾ, ਨਾਲ ਅੰਤਰਰਾਸ਼ਟਰੀ ਮਾਰਕਿਟ ਵਿੱਚ ਤੇਲ ਦੇ ਭਾਅ 110 ਡਾਲਰ ਪ੍ਰਤੀ ਬੈਰਲ ਤੋਂ ਘਟ ਕੇ 85 ਡਾਲਰ ਪ੍ਰਤੀ ਬੈਰਲ ਰਹਿ ਗਏ ਹਨ। ਇਸ ਨਾਲ ਅਮਰੀਕੀ ਸਟਾਕ ਐਕਸਚੇਂਜ ਵੀ ਉਪਰ ਉਠਿਆ। ਜਿਉਂ ਹੀ ਤੇਲ ਦੀਆਂ ਕੀਮਤਾਂ ਵਧਣ ਲਗਦੀਆਂ ਹਨ, ਇਸ ਨਾਲ ਸਟਾਕ ਅਕਸਚੇਂਜ ਵੀ ਡਿੱਕ ਡੋਲੇ ਖਾਣ ਲਗਦੇ ਹਨ। ਟਰੰਪ ਵੱਲੋਂ ਉਪਰੋਕਤ ਬਿਆਨ ਸਟਾਕ ਮਾਰਕਿਟ ਰਾਹੀਂ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਵੀ ਦਿੱਤੇ ਗਏ ਹੋ ਸਕਦੇ ਹਨ।
ਉਂਝ ਅਪੁਸ਼ਟ ਸੂਤਰਾਂ ਤੋਂ ਅਜਿਹੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ ਕਿ ਮਿਸਰ ਸਾਉਦੀ ਅਰਬ ਅਤੇ ਤੁਰਕੀ ਦੇ ਵਿਦੇਸ਼ ਮੰਤਰੀਆਂ ਦੀ ਇੱਕ ਮੀਟਿੰਗ ਆਪਸ ਵਿੱਚ ਹੋਈ ਹੈ, ਜਿਸ ਵਿੱਚ ਖਾੜੀ ਜੰਗ ਨੂੰ ਖਤਮ ਕਰਨ ਲਈ ਕੂਟਨੀਤਿਕ ਯਤਨ ਮੁੜ ਆਰੰਭ ਕੀਤੇ ਜਾਣ ਨੂੰ ਲੈ ਕੇ ਚਰਚਾ ਹੋਈ ਹੈ। ਇਰਾਨ ਵੱਲੋਂ ਵਾਰ-ਵਾਰ ਹਮਲੇ ਕੀਤੇ ਜਾਣ ਦੇ ਬਾਵਜੂਦ ਖਾੜੀ ਦੇ ਦੂਜੇ ਦੇਸ਼ ਇਸ ਲੜਾਈ ਨੂੰ ਵਧਾਉਣ ਤੋਂ ਗੁਰੇਜ਼ ਕਰ ਰਹੇ ਹਨ। ਉਮਾਨ ਨੇ ਵੀ ਇੱਕ ਸੁਲਾਹਕੁਲ ਬਿਆਨ ਦਿੰਦਿਆਂ ਕਿਹਾ ਹੈ ਕਿ ਇਹ ਜੰਗ ਇਰਾਨ ਵੱਲੋਂ ਸ਼ੁਰੂ ਨਹੀਂ ਕੀਤੀ ਗਈ ਹੈ। ਹਾਲਾਂਕਿ ਇਰਾਨ ਉਮਾਨ ‘ਤੇ ਵੀ ਹਮਲੇ ਕਰ ਚੁੱਕਾ ਹੈ।
ਕੁਝ ਦਿਨ ਪਹਿਲਾਂ ਜਦੋਂ ਇਜ਼ਰਾਇਲ ਨੇ ਇਰਾਨ ਦੇ ਤੇਲ ਭੰਡਾਰਾਂ ‘ਤੇ ਵੱਡੇ ਹਮਲੇ ਕੀਤੇ ਸਨ ਤਾਂ ਅਮਰੀਕੀ ਸਦਰ ਨੇ ਕਿਹਾ ਸੀ ਕਿ ਇਹ ਹਮਲਾ ਉਸ ਨਾਲ ਮਸ਼ਵਰੇ ਤੋਂ ਬਾਅਦ ਨਹੀਂ ਕੀਤਾ ਗਿਆ ਅਤੇ ਉਸ ਨੇ ਨੇਤਨਯਾਹੂ ਨੂੰ ਅਜਿਹੇ ਹਮਲੇ ਨਾ ਕਰਨ ਲਈ ਕਿਹਾ ਹੈ। ਹੁਣ ਊਰਜਾਂ ਸਰੋਤਾਂ ‘ਤੇ ਹਮਲਿਆਂ ਨੂੰ ਪੰਜ ਦਿਨਾਂ ਤੱਕ ਰੋਕਣ ਦਾ ਐਲਾਨ ਕਰਨ ਵੇਲੇ ਵੀ ਟਰੰਪ ਨੇ ਨੇਤਨਯਾਹੂ ਦਾ ਕੋਈ ਜ਼ਿਕਰ ਨਹੀਂ ਕੀਤਾ। ਇਸ ਤੋਂ ਲਗਦਾ ਹੈ ਕਿ ਨੇਤਨਯਾਹੂ ਅਤੇ ਟਰੰਪ ਵਿਚਾਲੇ ਦੂਰੀਆਂ ਵਧ ਰਹੀਆਂ ਹਨ। ਟਰੰਪ ਇਰਾਨ ਨਾਲ ਜੰਗ ਵਿੱਚੋਂ ਬਾਹਰ ਨਿਕਲਣ ਦੇ ਯਤਨ ਵਿੱਚ ਹਨ; ਪਰ ਇਹ ਸਵਾਲ ਵੀ ਅੰਤਰਰਾਸ਼ਟਰੀ ਸੰਬੰਧਾਂ ਦੇ ਮਾਹਿਰਾਂ ਵੱਲੋਂ ਪੁੱਛਿਆ ਜਾ ਰਿਹਾ ਹੈ ਕਿ ਕੀ ਨੇਤਨਯਾਹੂ ਟਰੰਪ ਨੂੰ ਇੱਕਪਾਸੜ ਤੌਰ ‘ਤੇ ਜੰਗ ਵਿੱਚੋਂ ਬਾਹਰ ਨਿਕਲਣ ਦੇਣਗੇ? ਇਹ ਪੱਖ ਤੇ ਸਪਸ਼ਟ ਹੀ ਹੈ ਕਿ ਅਮਰੀਕਾ ਵਿਚਲੀ ਯਹੂਦੀ ਲਾਬੀ ਦੇ ਦਬਾਅ ਵਿੱਚ ਹੀ ਟਰੰਪ ਨੇ 28 ਫਰਵਰੀ ਨੂੰ ਇਰਾਨ ‘ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਲੜਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਜਦਕਿ ਟਰੰਪ ਅਤੇ ਨੇਤਨਯਾਹੂ ਨੂੰ ਯਕੀਨ ਸੀ ਕਿ ਖਮੇਨੀ ਅਤੇ ਕੁਝ ਹੋਰ ਆਗੂਆਂ ਨੂੰ ਮਾਰਨ ਤੋਂ ਬਾਅਦ ਉਹ ਇਰਾਨ ਵਿੱਚ ਸੱਤਾ ਪਲਟਣ ਵਿੱਚ ਕਾਮਯਾਬ ਹੋ ਜਾਣਗੇ, ਪਰ ਹੋਇਆ ਇਸ ਦੇ ਬਿਲਕੁਲ ਹੀ ਉਲਟ। ਸੁਪਰੀਮ ਆਗੂ ਨੂੰ ਮਾਰਨ ਦੀ ਘਟਨਾ ਨੇ ਸਗੋਂ ਇਰਾਨ ਨੂੰ ਹੋਰ ਇਕਜੁੱਟ ਕਰ ਦਿੱਤਾ ਹੈ।
ਇਸ ਦੌਰਾਨ ਇਰਾਨ ਜੰਗ ਰੋਕਣ ਤੋਂ ਪਹਿਲਾਂ ਮੁੜ ਹਮਲਾ ਨਾ ਕਰਨ ਦੀ ਗਾਰੰਟੀ ਅਤੇ ਹੋਏ ਨੁਕਸਾਨ ਲਈ ਹਰਜਾਨਾ ਮੰਗ ਰਿਹਾ ਹੈ। ਟਰੰਪ ਵੱਲੋਂ ਪੰਜ ਦਿਨਾਂ ਲਈ ਇਰਾਨ ਦੇ ਉਰਜਾ ਟਿਕਾਣਿਆਂ ‘ਤੇ ਹਮਲਾ ਨਾ ਕਰਨ ਦੇ ਬਿਆਨ ਦੇਣ ਤੋਂ ਬਾਅਦ ਵੀ ਇਰਾਨ ਵੱਲੋਂ ਫਿਲਹਾਲ ਕੋਈ ਪ੍ਰਤੀਕਰਮ ਪ੍ਰਗਟ ਨਹੀਂ ਕੀਤਾ ਗਿਆ ਹੈ।
