ਕਿਸਾਨ ਭਰਾਵਾਂ ਦੀਆਂ ਖੁਦਕਸ਼ੀਆਂ ਨੇ ਵਧਾਇਆ ਪੰਜਾਬ ਸਰਕਾਰ ਦਾ ਸੰਕਟ

ਖਬਰਾਂ ਵਿਚਾਰ-ਵਟਾਂਦਰਾ

*ਲਾਲਜੀਤ ਸਿੰਘ ਭੁੱਲਰ ਅਤੇ ਉਸ ਦਾ ਪੀ.ਏ. ਗ੍ਰਿਫਤਾਰ
*ਡਾ. ਗਗਨਦੀਪ ਸਿੰਘ ਦੀ ਪਤਨੀ ਨੂੰ ਮਿਲ ਰਹੀਆਂ ਧਮਕੀਆਂ

ਜਸਵੀਰ ਸਿੰਘ ਸ਼ੀਰੀ
ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿੱਚ ਦੋ ਜਵਾਨ ਭਰਾਵਾਂ ਵੱਲੋਂ ਕੀਤੀਆਂ ਗਈਆਂ ਖੁਦਕਸ਼ੀਆਂ ਨੇ ਪੰਜਾਬ ਸਰਕਾਰ ਦਾ ਸਿਆਸੀ ਸੰਕਟ ਹੋਰ ਵਧਾ ਦਿੱਤਾ ਹੈ। ਹਾਲ ਹੀ ਵਿੱਚ ਪੰਜਾਬ ਵੇਅਰਹਾਊਸ ਵਿਭਾਗ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਮੁਖੀ ਡਾ. ਗਗਨਦੀਪ ਸਿੰਘ ਰੰਧਾਵਾ ਵੱਲੋਂ ਕੀਤੀ ਗਈ ਖੁਦਕਸ਼ੀ ‘ਤੇ ਵਿਵਾਦ ਨੇ ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਨੂੰ ਇੱਕ ਸਿਆਸੀ ਝਮੇਲੇ ਵਿੱਚ ਪਾ ਦਿੱਤਾ ਸੀ।
ਇਹ ਖ਼ਬਰ ਬੇਹੱਦ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਫਰੀਦਕੋਟ ਜ਼ਿਲ੍ਹੇ ਦੇ ਦੋ ਜਵਾਨ ਜਹਾਨ ਕਿਸਾਨਾਂ ਨੇ ਇਕੱਠਿਆਂ ਜੋਟੀ ਪਾ ਕੇ ਰੇਲਗੱਡੀ ਅੱਗੇ ਛਾਲ ਮਾਰ ਦਿੱਤੀ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਮੌਤ ਹੋ ਗਈ। ਇਨ੍ਹਾਂ ਵਿੱਚੋਂ ਜਸਕਰਨ ਸਿੰਘ ਦੀ ਉਮਰ 38 ਸਾਲ ਸੀ ਅਤੇ ਉਸ ਦੇ ਭਰਾ ਜਸਵਿੰਦਰ ਸਿੰਘ ਦੀ 34 ਸਾਲ ਦੀ। ਇਹ ਕਿਸਾਨ ਛੋਟੇ ਜ਼ਿਮੀਂਦਾਰ ਸਨ ਅਤੇ ਜ਼ਮੀਨ ਠੇਕੇ ‘ਤੇ ਲੈ ਕੇ ਖੇਤੀ ਕਰਦੇ ਸਨ। ਆਲੂਆਂ ਦੀ ਫਸਲ ਇਸ ਵਾਰ ਪੰਜਾਬ ਵਿੱਚ ਰੁਲ਼ ਗਈ ਹੈ ਅਤੇ ਇਸ ਕਾਰਨ ਪਏ ਘਾਟੇ ਨੇ ਹੀ ਇਨ੍ਹਾਂ ਕਿਸਾਨਾਂ ਨੂੰ ਖੁਦਕੁਸ਼ੀ ਵਾਲਾ ਅੱਤਿ ਦਾ ਕਦਮ ਚੁੱਕਣ ਲਈ ਮਜਬੂਰ ਕੀਤਾ। ਅੰਮ੍ਰਿਤਸਰ ਦੇ ਵੇਅਰਹਾਊਸ ਦੇ ਐਮ.ਡੀ. ਗਗਨਦੀਪ ਸਿੰਘ ਵੱਲੋਂ ਲਾਲਜੀਤ ਸਿੰਘ ਭੁੱਲਰ ਤੋਂ ਸਤ ਕੇ ਕੀਤੀ ਗਈ ਖੁਦਕੁਸ਼ੀ ਨੇ ਪੰਜਾਬ ਸਰਕਾਰ ਵੱਲੋਂ ਗਿਣਾਈਆਂ ਜਾ ਰਹੀਆਂ ਆਪਣੀ ਪ੍ਰਾਪਤੀਆਂ ਦੀ ਮੁਹਿੰਮ ਉੱਪਰ ਲਗਪਗ ਪਾਣੀ ਫੇਰ ਦਿੱਤਾ ਹੈ। ਖੁਦਕੁਸ਼ੀ ਦੇ ਇਹ ਦੋਨੋ ਮਸਲੇ ਲਗਦਾ ਆਮ ਆਦਮੀ ਪਾਰਟੀ ਦਾ ਆ ਰਹੀਆਂ ਚੋਣਾਂ ਤੱਕ ਸਿਆਸੀ ਖਹਿੜਾ ਛੱਡਣ ਵਾਲੇ ਨਹੀਂ ਹਨ।
ਆਮ ਆਦਮੀ ਪਾਰਟੀ ਅਤੇ ਪੰਜਾਬ ਸਰਕਾਰ ਪਿਛਲੇ ਛੇ ਕੁ ਮਹੀਨੇ ਤੋਂ ਅਗਲੇ ਸਾਲ ਦੇ ਮੁੱਢ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਕਾਰਨ ਆਪਣੀ ਸਰਕਾਰ ਦਾ ਅਕਸ ਸੁਧਾਰਨ ਦਾ ਯਤਨ ਕਰ ਰਹੀ ਹੈ; ਪਰ ਪਾਰਟੀ ਦੇ ਪ੍ਰਚਾਰ ਨਾਲ ਪੇਂਟ ਕੀਤੇ ਸਮਾਜ ਦੀ ਅਸਲੀਅਤ ਵਿੱਚੋਂ ਨਿਕਲ ਰਹੀਆਂ ਘਟਨਾਵਾਂ ਸਰਕਾਰ ਦੇ ਸਾਰੇ ਪ੍ਰਵਚਨ ਨੂੰ ਭੰਗ ਕਰੀਂ ਤੁਰੀ ਜਾਂਦੀਆਂ ਹਨ। ਪੰਜਾਬ ਵਿੱਚ ਖੁਦਕੁਸ਼ੀ ਦਾ ਵਰਤਾਰਾ ਜਿਹੜਾ ਦਹਾਕਾ ਕੁ ਪਹਿਲਾਂ ਤੱਕ ਸਿਰਫ ਕਿਸਾਨਾਂ ਅਤੇ ਮਾੜੀ ਆਰਥਿਕਤਾ ਵਾਲੇ ਹੋਰ ਕਾਮਿਆਂ ਤੱਕ ਸੀਮਤ ਸੀ, ਉਹ ਹੁਣ ਪੰਜਾਬ ਦੀ ਸੀਨੀਅਰ ਅਫਸਰਸ਼ਾਹੀ ਨੂੰ ਵੀ ਪ੍ਰਭਾਵਤ ਕਰ ਲੱਗਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸਾਡੀਆਂ ਸਿਆਸੀ ਪਾਰਟੀਆਂ ਅਤੇ ਰਾਜਸੱਤਾ ਵਿੱਚ ਮੌਜੂਦ ਕੁਲੀਨ ਤਬਕੇ ਵੀ ਅੰਤ ਨੂੰ ਵਿਆਪਕ ਹੋ ਰਹੇ ਸਮਾਜਿਕ ਵਰਤਾਰਿਆਂ ਤੋਂ ਸੁਰੱਖਿਅਤ ਨਹੀਂ ਹਨ। ਜਿਹੜੀਆਂ ਬਿਮਾਰੀਆਂ ਸਮਾਜ ਦੇ ਸਧਾਰਨ ਲੋਕਾਂ ਨੂੰ ਲੱਗਣਗੀਆਂ, ਉਹ ਅਖੀਰ ਨੂੰ ਉਪਰਲੇ ਵਰਗਾਂ ਤੱਕ ਵੀ ਦੇਰ ਸਵੇਰ ਪਹੁੰਚਣਗੀਆਂ। ਗਗਨਦੀਪ ਸਿੰਘ ਦੇ ਮਾਮਲੇ ਵਿੱਚ ਭਾਵੇਂ ਪੰਜਾਬ ਪੁਲਿਸ ਨੇ ਘਟਨਾ ਵਾਪਰਨ ਤੋਂ 60 ਘੰਟੇ ਬਾਅਦ ਲਾਲਜੀਤ ਸਿੰਘ ਭੁੱਲਰ ਨੂੰ ਗ੍ਰਿਫਤਾਰ ਕਰ ਲਿਆ, ਪਰ ਉਸ ਦੇ ਪਿਤਾ ਸੁਖਦੇਵ ਸਿੰਘ ਦੀ ਗ੍ਰਿਫਤਾਰੀ ਹੋਣੀ ਹਾਲੇ ਵੀ ਬਾਕੀ ਹੈ। ਜਦੋਂਕਿ ਸਰਾਕਾਰ ਦੇ ਦਬਾਅ ਹੇਠ ਗਗਨਦੀਪ ਦੇ ਪਰਿਵਾਰ ਨੇ ਪੋਸਟਮਾਰਟਮ ਤੋਂ ਬਾਅਦ ਉਸ ਦੀ ਦੇਹ ਦਾ ਅੰਤਿਮ ਸਸਕਾਰ ਕਰ ਦਿੱਤਾ ਹੈ।
ਇਸ ਮਾਮਲੇ ਵਿੱਚ ਵੇਖਣ ਵਾਲੀ ਗੱਲ ਇਹ ਵੀ ਹੈ ਕਿ ਸੀਨੀਅਰ ਸਰਕਾਰੀ ਅਫਸਰ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਗਈ ਖੁਦਕਸ਼ੀ ਤੋਂ ਬਾਅਦ 18 ਘੰਟੇ ਤੱਕ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ। ਲਾਲਜੀਤ ਭੁੱਲਰ ਦੀ ਗ੍ਰਿਫਤਾਰੀ ਨੂੰ 60 ਘੰਟੇ ਦਾ ਸਮਾਂ ਲੱਗ ਗਿਆ। ਅਖੀਰ ਗਗਨਦੀਪ ਸਿੰਘ ਦੀ ਪਤਨੀ ਅਤੇ ਬੱਚਿਆਂ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਆਣ ਕੇ ਕਹਿਣਾ ਪਿਆ ਕਿ ਜੇ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਗਿਆ ਤਾਂ ਉਹ ਕੁਝ ਵੀ ਕਰਨ ਲਈ ਤਿਆਰ ਹਨ। ਉਨ੍ਹਾਂ ਆਪਣੇ ਇਸ ਬਿਆਨ ਤੋਂ ਅਗਲੇ ਦਿਨ ਇੱਕ ਹੋਰ ਵੱਧ ਮੰਦਭਾਗੀ ਗੱਲ ਕਹੀ ਕਿ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਜੇ ਤੁਸੀਂ ਮਾਮਲੇ ਨੂੰ ਤੂਲ ਦਿੱਤੀ ਤਾਂ ਤੁਹਾਡੇ ਖਿਲਾਫ ਵੀ ਕੋਈ ਝੂਠਾ ਸੱਚਾ ਕੇਸ ਦਰਜ ਕਰ ਦਿੱਤਾ ਜਾਵੇਗਾ।
ਸਥਿਤੀ ਨੂੰ ਥੋੜ੍ਹਾ ਜਿਹਾ ਕਲਪ ਕੇ ਵੇਖੋ, ਸਾਡੀਆਂ ਸਿਆਸੀ ਸਮਾਜਿਕ ਹਾਲਤਾਂ ਕਿੰਨੀਆਂ ਭਿਆਨਕ ਅਤੇ ਬੇਤਰਸ ਹੋ ਚੁੱਕੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਧਰਮ ਨੂੰ ਦਇਆ ਦਾ ਜਾਇਆ ਦੱਸਿਆ ਹੈ (ਧੌਲੁ ਧਰਮੁ ਦਇਆ ਕਾ ਪੂਤੁ)। ਦਿਸਦੀ ਦਇਆ ਕਿਧਰੇ ਪੰਜਾਬੀ ਸਮਾਜ ਵਿੱਚ? ਗੂਰੂ ਨਾਨਕ ਦੇਵ ਜੀ ਨੇ ਉਦੋਂ ਦੇ ਪ੍ਰਚਲਤ ਧਰਮਾਂ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਧਰਮ ਇਸ ਸਮਾਜ ਵਿੱਚੋਂ ਫੰਘ ਲਾ ਕੇ ਉਡ ਗਿਆ ਹੈ, ਕੀ ਮੌਜੂਦਾ ਸਾਡੇ ਸਮਾਜ ਦੀ ਸਥਿਤੀ ਉਸ ਤੋਂ ਵੱਖਰੀ ਹੈ? ਧਰਮ ਹੁਣ ਪੰਜਾਬ ਵਿੱਚੋਂ ਵੀ ਫੰਘ ਲਾ ਕੇ ਉਡ ਗਿਆ ਹੈ। ਧਰਮ ਹੀ ਅਸਲ ਵਿੱਚ ਆਦਰਸ਼ਕ ਸਮਾਜ ਦੀ ਨੀਂਹ ਰੱਖਦਾ ਹੈ। ਜਾਂ ਇਉਂ ਕਹੋ ਧਾਰਮਿਕ ਆਦਰਸ਼ਾਂ ਕਰਕੇ ਹੀ ਸਮਾਜ ਬਣਦਾ ਹੈ; ਇਸ ਤੋਂ ਬਿਨਾ ਮਨੁੱਖ ਜੰਗਲੀ ਪਸ਼ੂ ਦੇ ਸਮਾਨ ਹੀ ਹੈ। ਜਿਹੜੇ ਧਰਮ, ਸਮਾਜ ਅਤੇ ਸਿਆਸਤ ਨੂੰ ਵੱਖ-ਵੱਖ ਕਰਕੇ ਵੇਖਦੇ ਹਨ- ਉਹ ਵੇਖ ਸਕਦੇ ਹਨ ਕਿ ਅਮਰੀਕਾ, ਇਰਾਨ ਅਤੇ ਇਜ਼ਰਾਇਲ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ; ਉਸ ਵਿੱਚ ਧਰਮ ਅਤੇ ਧਰਮ ਆਧਾਰਤ ਸਮਾਜ ਕੇਂਦਰ ਵਿੱਚ ਹਨ। ਇਹ ਇੱਕੀਵੀਂ ਸਦੀ ਦੇ ਤੀਜੇ ਦਹਾਕੇ ਦਾ ਸੱਚ ਹੈ, ਜਿਸ ਤੋਂ ਅੱਖਾਂ ਫੇਰਨ ਨਾਲ ਮਸਲਿਆਂ ਦੇ ਹੱਲ ਸੰਭਵ ਨਹੀਂ ਹਨ।
ਸੁਆਲ ਅਸਲ ਵਿੱਚ ਧਰਮ ਵੱਲੋਂ ਉਭਾਰੇ ਆਦਰਸ਼ਾਂ ਨੂੰ ਸਮਾਜ ਵਿੱਚ ਅਮਲੀ ਰੂਪ ਵਿੱਚ ਲਾਗੂ ਕਰਨ ਦੇ ਯਤਨਾਂ ਦਾ ਹੈ। ਇਹ ਠੀਕ ਹੈ ਕਿ ਮਨੁੱਖ ਦੇ ਰੀਅਲ ਸੈਲਫ ਅਤੇ ਆਦਰਸ਼ਕ ਸੈਲਫ ਵਿਚਕਾਰ ਹਮੇਸ਼ਾ ਪਾੜਾ ਰਿਹਾ ਹੈ ਅਤੇ ਇਹ ਭਵਿੱਖ ਵਿੱਚ ਵੀ ਰਹੇਗਾ, ਪਰ ਮਨੁੱਖੀ ਅਤੇ ਸਮੂਹਿਕ ਸਮਾਜਿਕ ਸੈਲਫ ਨੂੰ ਇੱਕ ਸੁਪਨਮਈ ਆਦਰਸ਼ਕ ਸੈਲਫ ਤੋਂ ਬਿਨਾ ਤੁਸੀਂ ਬਣਾ ਹੀ ਨਹੀਂ ਸਕਦੇ। ਇਸ ਪੱਖੋਂ ਮਾਰਕਸਵਾਦ ਨੇ ਵੀ ਇੱਕ ਆਦਰਸ਼ਕ ਮਨੁੱਖੀ ਸਮਾਜ ‘ਕਮਿਊਨ’ ਦੀ ਕਲਪਨਾ ਹੀ ਕੀਤੀ ਸੀ, ਜਿਸ ਨੂੰ ਵਿਗਿਆਨਕ ਵਿਚਾਰਧਾਰਾ ਦਾ ਲਿਬਾਸ ਪਹਿਨਾਇਆ ਗਿਆ ਸੀ। ਇਸੇ ਕਰਕੇ ਬਹੁਤ ਸਾਰੇ ਕਮਿਊਨਿਸਟਾਂ ਨੇ ਇਸ ਵਿਗਿਆਨਕ ਫਿਲਾਸਫੀ ਨੂੰ ਧਰਮ ਵਾਲੇ ਚੋਗੇ ਵਾਂਗ ਹੀ ਪਹਿਨ ਲਿਆ ਸੀ। ਬਾਅਦ ਵਿੱਚ ਇਸ ਦੇ ਬਹੁਤੇ ਪੈਰੋਕਾਰ ਆਦਰਸ਼ਾਂ ਤੋਂ ਕੋਰੇ ਨਾਸਤਿਕਤਾ ਵਾਲੇ ਘੇਰੇ ਵਿੱਚ ਚਲੇ ਗਏ। ਜੇ ਮੁਹੰਮਦ ਇਕਬਾਲ ਨੂੰ ਕੋਟ ਕਰਾਂ ਤਾਂ ਧਰਮ ਤੋਂ ਬਿਨਾ ਸਮਾਜ ਚੰਗੇਜ਼ ਖਾਨ ਦੀ ਔਲਾਦ ਰਹਿ ਜਾਂਦਾ ਹੈ। ਵੇਖ ਲਓ ਅਮਰੀਕਾ ਅਤੇ ਇਜ਼ਰਾਇਲ ਨੂੰ, ਜਿੱਥੇ ਧਰਮ ਫੰਘ ਲਗਾ ਕੇ ਉਡ ਗਿਆ ਹੈ ਅਤੇ ਬਾਕੀ ਚੰਗੇਜ਼ ਖਾਨ ਦੀ ਔਲਾਦ ਰਹਿ ਗਈ ਹੈ! ਇਸ ਪੱਖ ਤੋਂ ਅੱਜ ਕੱਲ੍ਹ ਮੈਨੂੰ ਮਹਿਸੂਸ ਹੋ ਰਿਹਾ ਕਿ ਮੁਹੰਮਦ ਇਕਬਾਲ ਏਸ਼ੀਆ ਦਾ ਇੱਕ ਸਰਬਉਤਮ ਕਵੀ ਹੈ, ਜਿਸ ਨੂੰ ਬਹੁਤ ਜ਼ਿਆਦਾ ਅਣਗੌਲਿਆ ਕੀਤਾ ਗਿਆ।
ਸੋ, ਇਸ ਚੰਗੇਜ਼ੀ ਨੇ ਹੁਣ ਸਾਡੇ ਇਧਰ ਵੀ ਪੈਰ ਜਮਾ ਲਏ ਹਨ। ਇਹ ਇਸੇ ਕਰਕੇ ਨਹੀਂ ਕਿ ਪੰਜਾਬ ਦੀਆਂ ਦੋ ਯੂਨੀਵਰਸਿਟੀਆਂ ਨੇ ਰਾਜ ਦੇ ਕਿਸਾਨਾਂ ਅਤੇ ਹੋਰ ਕਿਰਤੀਆਂ ਦੀਆਂ ਖੁਦਕੁਸ਼ੀਆਂ ਉੱਪਰ ਵਿਆਪਕ ਅਧਿਅਨ ਕਰ ਦਿੱਤੇ ਹਨ ਅਤੇ ਰਿਪੋਰਟਾਂ ਵੀ ਸਰਕਾਰ ਨੂੰ ਸੌਂਪ ਦਿੱਤੀਆਂ ਹਨ। ਫਿਰ ਵੀ ਇਨ੍ਹਾਂ ਤਬਕਿਆਂ ਵਿੱਚ ਖੁਦਕੁਸ਼ੀਆਂ ਨੂੰ ਰੋਕਣ ਲਈ ਨਾ ਹਿੰਦੁਸਤਾਨ ਦੀ ਕੇਂਦਰ ਸਰਕਾਰ ਨੇ ਕੋਈ ਕਦਮ ਚੁੱਕੇ ਹਨ ਅਤੇ ਨਾ ਹੀ ਕਿਸੇ ਪੰਜਾਬ ਸਰਕਾਰ ਨੇ? ਹੜ੍ਹਾਂ ਵਿੱਚ ਪੰਜਾਬ ਨੇ ਆਪ ਹੀ ਆਪਣੇ ਆਪ ਨੂੰ ਸਾਂਭਿਆ। ਅੱਤਿ ਸੰਕਟਾਂ ਸਾਹਮਣੇ ਪੈਦਾ ਹੋਣ ਵਾਲਾ ਇਕਜੁੱਟ ਜਜ਼ਬਾ ਹੀ ਹੁਣ ਸਾਡੇ ਲਈ ਇੱਕ ਆਸ ਦੀ ਕਿਰਨ ਹੈ।
ਪਿਛਲੇ ਕੁਝ ਸਮੇਂ ਵਿੱਚ ਜੇ ਪੰਜਾਬ ਦੇ ਅਖਬਾਰਾਂ ਵਿੱਚ ਖੁਦਕੁਸ਼ੀਆਂ ਨਹੀਂ ਦਿਸਦੀਆਂ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਪੰਜਾਬ ਵਿੱਚ ਮੱਧ ਵਰਗੀ ਕਿਸਾਨਾਂ ਅਤੇ ਕਾਮਿਆਂ ਵਿੱਚ ਖੁਦਕੁਸ਼ੀਆਂ ਬੰਦ ਹੋ ਗਈਆਂ ਹਨ; ਇਹ ਅਖਬਾਰਾਂ ਦੇ ਅੰਦਰਲੇ ਸਫਿਆਂ `ਤੇ ਚਲੇ ਗਈਆਂ ਹਨ। ਗਗਨਦੀਪ ਸਿੰਘ ਦੀ ਆਤਮ ਹੱਤਿਆ ਅਤੇ ਫਰੀਦਕੋਟ ਵਿੱਚ ਦੋ ਕਿਸਾਨਾਂ ਦੀ ਆਤਮ ਹੱਤਿਆ ਨੇ ਇੱਕ ਵਾਰ ਫਿਰ ਉਭਾਰ ਦਿੱਤਾ ਹੈ ਕਿ ਪੰਜਾਬੀ ਸਮਾਜ ਵਿੱਚ ਕੋਈ ਲਾਵਾ ਖੌਲ ਰਿਹਾ ਹੈ; ਜਿਸ ਦੀ ਤਬਾਹਕੁੰਨ ਤਾਕਤ ਫਿਲਹਾਲ ਅੰਤਰਮੁਖੀ ਹੋ ਗਈ ਹੈ, ਜਿਸ ਦਾ ਪ੍ਰਗਟਾਅ ਖੁਦਕਸ਼ੀਆਂ ਦੇ ਰੂਪ ਵਿੱਚ ਹੋ ਰਿਹਾ ਹੈ। ਇਸ ਦਾ ਮੂੰਹ ਬਾਹਰਲੀਆਂ (ਸਮਾਜਿਕ-ਸਿਆਸੀ) ਤਾਕਤਾਂ ਵੱਲ ਖੋਲ੍ਹਣ ਦੀ ਲੋੜ ਹੈ, ਜਿਨ੍ਹਾਂ ਨੇ ਇਹ ਹਾਲਾਤ ਪੈਦਾ ਕੀਤੇ ਹਨ।
ਜਗਤ ਪ੍ਰਸਿੱਧ ਸਮਾਜ ਵਿਗਿਆਨੀ ਦੁਰਖੀਮ ਨੇ ਆਪਣੀ ਕਿਤਾਬ ‘ਖੁਦਕਸ਼ੀ’ ਵਿੱਚ ਇਸ ਭਾਣੇ ਨੂੰ ਸਮਾਜਕ ਵਰਤਾਰਾ ਕਿਹਾ ਹੈ। ਸਾਡੇ ਸਮਾਜਿਕ ਜਿਸਮ ਦੇ ਅੰਦਰ ਬਣ ਰਹੇ ਫੋੜੇ ਦਾ ਮੂੰਹ ਬਾਹਰ ਵੱਲ ਖੋਲ੍ਹਣਾ ਹੀ ਪੈਣਾ ਹੈ। ਭਾਵੇਂ ਇਹ ਚੀਰਾ ਦੇ ਕੇ ਕਿਉਂ ਨਾ ਖੋਲ੍ਹਣਾ ਪਵੇ। ਇਸੇ ਵਿੱਚ ਇਸ ਦਾ ਹੱਲ ਹੈ। ਇੰਝ ਕੀਤਿਆਂ ਹੀ ਇਹ ਸ਼ਾਂਤ/ਤੰਦਰੁਸਤ ਹੋ ਸਕਦਾ ਹੈ।

Leave a Reply

Your email address will not be published. Required fields are marked *