ਕ੍ਰਿਸ਼ਨ ਪ੍ਰਤਾਪ ਸਿੰਘ
(ਸੀਨੀਅਰ ਪੱਤਰਕਾਰ)
ਅੱਜ ਜੰਗਾਂ ਸਿਰਫ਼ ਮੈਦਾਨਾਂ ਤੱਕ ਸੀਮਿਤ ਨਹੀਂ ਰਹੀਆਂ, ਸਗੋਂ ਉਹ ਮੀਡੀਆ ਦੇ ਪਰਦਿਆਂ ’ਤੇ ਇੱਕ ‘ਦ੍ਰਿਸ਼-ਪ੍ਰਦਰਸ਼ਨ’ ਵਾਂਗ ਪੇਸ਼ ਕੀਤੀਆਂ ਜਾ ਰਹੀਆਂ ਹਨ। ਟੈਲੀਵਿਜ਼ਨ ਚੈਨਲਾਂ ਅਤੇ ਡਿਜ਼ੀਟਲ ਮਾਧਿਅਮਾਂ ’ਤੇ ਜੰਗਾਂ ਦੀਆਂ ਖ਼ਬਰਾਂ ਵਿੱਚ ਜ਼ਿਆਦਾ ਧਿਆਨ ਇਸ ਗੱਲ ’ਤੇ ਦਿੱਤਾ ਜਾਂਦਾ ਹੈ ਕਿ ‘ਦੁਸ਼ਮਣ’ ਨੂੰ ਕਿੰਨਾ ਨੁਕਸਾਨ ਪਹੁੰਚਾਇਆ ਗਿਆ, ਕਿਹੜੇ ਢਾਂਚੇ ਤਬਾਹ ਹੋਏ ਅਤੇ ਕਿਹੜੀਆਂ ਸੈਨਿਕ ਕਾਰਵਾਈਆਂ ਕਿੰਨੀ ਕਾਮਯਾਬ ਰਹੀਆਂ। ਪਰ ਇਸ ਸਾਰੀ ਚਰਚਾ ਵਿੱਚ ਉਹ ਮਾਸੂਮ ਲੋਕ ਲਗਭਗ ਗਾਇਬ ਹਨ, ਜੋ ਇਸ ਜੰਗ ਦੇ ਅਸਲ ਸ਼ਿਕਾਰ ਹੁੰਦੇ ਹਨ।
ਅਸਲ ਵਿਚ, ਮੀਡੀਆ ਵੱਲੋਂ ਜੰਗਾਂ ਨੂੰ ਦਿਖਾਉਣ ਦਾ ਅੰਦਾਜ਼ ਹੌਲੀ-ਹੌਲੀ ਬਦਲਦਾ ਗਿਆ ਹੈ। ਪਹਿਲਾਂ ਜੰਗਾਂ ਦੀਆਂ ਤਸਵੀਰਾਂ ਅਤੇ ਰਿਪੋਰਟਾਂ ਵਿੱਚ ਵੀਰਤਾ, ਕੁਰਬਾਨੀ ਅਤੇ ਦੇਸ਼-ਭਗਤੀ ਨੂੰ ਉਭਾਰਿਆ ਜਾਂਦਾ ਸੀ। ਕ੍ਰਾਈਮੀਆ ਜੰਗ ਤੋਂ ਲੈ ਕੇ ਵਿਸ਼ਵ ਯੁੱਧਾਂ ਤੱਕ, ਕਈ ਵਾਰ ਮੀਡੀਆ ਨੇ ਜੰਗ ਦੀ ਭਿਆਨਕਤਾ ਨੂੰ ਲੁਕਾ ਕੇ ਉਸ ਨੂੰ ਇੱਕ ‘ਵੀਰ ਗਾਥਾ’ ਵਾਂਗ ਪੇਸ਼ ਕੀਤਾ। ਇਹ ਰਵਾਇਤ ਅੱਜ ਵੀ ਜਾਰੀ ਹੈ, ਪਰ ਹੁਣ ਇਸ ਵਿੱਚ ਤਕਨਾਲੋਜੀ ਦਾ ਰੰਗ ਹੋਰ ਵੀ ਗੂੜ੍ਹਾ ਹੋ ਗਿਆ ਹੈ।
ਆਧੁਨਿਕ ਦੌਰ ਵਿੱਚ ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਨੇ ਜੰਗਾਂ ਨੂੰ ਇੱਕ ਤਰ੍ਹਾਂ ਦੇ ‘ਲਾਈਵ ਸ਼ੋਅ’ ਵਿੱਚ ਬਦਲ ਦਿੱਤਾ ਹੈ। ਬੰਬਾਂ ਦੇ ਧਮਾਕੇ, ਮਿਜ਼ਾਈਲਾਂ ਦੇ ਹਮਲੇ ਅਤੇ ਸੈਨਿਕ ਕਾਰਵਾਈਆਂ ਨੂੰ ਨਾਟਕੀ ਸੰਗੀਤ ਅਤੇ ਆਕਰਸ਼ਕ ਗ੍ਰਾਫਿਕਸ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ ਕਿ ਉਹ ਡਰਾਉਣੇ ਦ੍ਰਿਸ਼ਾਂ ਦੀ ਬਜਾਏ ਰੋਮਾਂਚਕ ਦ੍ਰਿਸ਼ ਲੱਗਣ ਲੱਗਦੇ ਹਨ। ਦਰਸ਼ਕਾਂ ਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਜਿਹੜਾ ਦ੍ਰਿਸ਼ ਉਹ ਦੇਖ ਰਹੇ ਹਨ, ਉਹ ਅਸਲ ਵਿੱਚ ਕਿਸੇ ਦੇ ਘਰ ਦਾ ਤਬਾਹ ਹੋਣਾ, ਕਿਸੇ ਪਰਿਵਾਰ ਦਾ ਉਜੜਨਾ ਜਾਂ ਕਿਸੇ ਬੱਚੇ ਦੀ ਜ਼ਿੰਦਗੀ ਦਾ ਖ਼ਤਮ ਹੋਣਾ ਹੈ।
ਖਾੜੀ ਜੰਗ ਦੌਰਾਨ ਪਹਿਲੀ ਵਾਰ ਇਹ ਰੁਝਾਨ ਵੱਡੇ ਪੱਧਰ ’ਤੇ ਸਾਹਮਣੇ ਆਇਆ, ਜਦੋਂ ਟੈਲੀਵਿਜ਼ਨ ਚੈਨਲਾਂ ਨੇ ਜੰਗ ਦੇ ਲਾਈਵ ਦ੍ਰਿਸ਼ ਦਿਖਾਉਣੇ ਸ਼ੁਰੂ ਕੀਤੇ। ਬਗਦਾਦ ’ਤੇ ਹੋ ਰਹੀ ਬੰਬਬਾਰੀ ਨੂੰ ਇਵੇਂ ਦਿਖਾਇਆ ਗਿਆ ਜਿਵੇਂ ਕੋਈ ਆਤਿਸ਼ਬਾਜ਼ੀ ਹੋ ਰਹੀ ਹੋਵੇ। ਇਹੀ ਰੁਝਾਨ ਅਗਲੀਆਂ ਜੰਗਾਂ ਵਿੱਚ ਹੋਰ ਮਜਬੂਤ ਹੋਇਆ, ਜਿਵੇਂ ਇਰਾਕ ਜੰਗ ਜਾਂ ਹੋਰ ਅੰਤਰਰਾਸ਼ਟਰੀ ਟਕਰਾਵਾਂ ਦੌਰਾਨ। ਇਸ ਤਰ੍ਹਾਂ ਜੰਗ ਦੀ ਅਸਲ ਸੱਚਾਈ ਪਿੱਛੇ ਰਹਿ ਗਈ ਅਤੇ ਉਸ ਦੀ ਥਾਂ ਇੱਕ ਬਣਾਵਟੀ ‘ਰੋਮਾਂਚ’ ਨੇ ਲੈ ਲਈ।
ਪਰ ਜੰਗ ਦੀ ਅਸਲ ਤਸਵੀਰ ਇਸ ਤੋਂ ਬਿਲਕੁਲ ਵੱਖਰੀ ਹੈ। ਜੰਗ ਸਿਰਫ਼ ਫ਼ੌਜਾਂ ਦੀ ਲੜਾਈ ਨਹੀਂ ਹੁੰਦੀ, ਇਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਚਕਨਾਚੂਰ ਕਰ ਦਿੰਦੀ ਹੈ। ਸਭ ਤੋਂ ਵੱਡਾ ਨੁਕਸਾਨ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ, ਜਿਨ੍ਹਾਂ ਦਾ ਇਸ ਟਕਰਾਅ ਨਾਲ ਕੋਈ ਸਿੱਧਾ ਲੈਣਾ-ਦੇਣਾ ਨਹੀਂ ਹੁੰਦਾ। ਘਰ ਉੱਜੜ ਜਾਂਦੇ ਹਨ, ਪਰਿਵਾਰ ਟੁੱਟ ਜਾਂਦੇ ਹਨ ਅਤੇ ਲੋਕਾਂ ਨੂੰ ਆਪਣੇ ਹੀ ਦੇਸ਼ ਵਿੱਚ ਸ਼ਰਨਾਰਥੀ ਬਣਨਾ ਪੈਂਦਾ ਹੈ।
ਖ਼ਾਸ ਕਰਕੇ ਬੱਚਿਆਂ ਅਤੇ ਔਰਤਾਂ ਦੀ ਸਥਿਤੀ ਬਹੁਤ ਹੀ ਦੁਖਦਾਈ ਹੁੰਦੀ ਹੈ। ਬੱਚਿਆਂ ਦੀ ਪੜ੍ਹਾਈ ਰੁਕ ਜਾਂਦੀ ਹੈ, ਉਹ ਡਰ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਵੱਡੇ ਹੁੰਦੇ ਹਨ ਅਤੇ ਕਈ ਵਾਰ ਉਨ੍ਹਾਂ ਨੂੰ ਹਥਿਆਰਬੰਦ ਗਰੁੱਪਾਂ ਵਿੱਚ ਸ਼ਾਮਲ ਹੋਣ ਲਈ ਮਜਬੂਰ ਕੀਤਾ ਜਾਂਦਾ ਹੈ। ਔਰਤਾਂ ਨੂੰ ਹਿੰਸਾ, ਸ਼ੋਸ਼ਣ ਅਤੇ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਭੁੱਖ, ਪਾਣੀ ਦੀ ਕਮੀ ਅਤੇ ਦਵਾਈਆਂ ਦੀ ਘਾਟ ਕਾਰਨ ਬਿਮਾਰੀਆਂ ਫੈਲਦੀਆਂ ਹਨ ਅਤੇ ਹਜ਼ਾਰਾਂ ਲੋਕ ਬਿਨਾਂ ਇਲਾਜ ਦੇ ਮਰ ਜਾਂਦੇ ਹਨ।
ਜੰਗਾਂ ਦਾ ਇੱਕ ਹੋਰ ਭਿਆਨਕ ਪੱਖ ਇਹ ਹੈ ਕਿ ਇਹ ਪੂਰੀ ਪੀੜ੍ਹੀਆਂ ਨੂੰ ਤਬਾਹ ਕਰ ਦਿੰਦੀਆਂ ਹਨ। ਜਿਹੜੇ ਬੱਚੇ ਜੰਗ ਦੇ ਦੌਰ ਵਿੱਚ ਵੱਡੇ ਹੁੰਦੇ ਹਨ, ਉਹ ਆਪਣਾ ਬਚਪਨ, ਸਿੱਖਿਆ ਅਤੇ ਸੁਰੱਖਿਆ ਗੁਆ ਬੈਠਦੇ ਹਨ। ਉਨ੍ਹਾਂ ਦੀ ਜ਼ਿੰਦਗੀ ਵਿੱਚ ਡਰ ਅਤੇ ਅਸਥਿਰਤਾ ਐਨੀ ਗਹਿਰੀ ਹੋ ਜਾਂਦੀ ਹੈ ਕਿ ਉਹ ਇਸ ਤੋਂ ਕਦੇ ਵੀ ਪੂਰੀ ਤਰ੍ਹਾਂ ਬਾਹਰ ਨਹੀਂ ਨਿਕਲ ਸਕਦੇ। ਇਸ ਤਰ੍ਹਾਂ ਜੰਗ ਸਿਰਫ਼ ਵਰਤਮਾਨ ਨੂੰ ਹੀ ਨਹੀਂ, ਸਗੋਂ ਭਵਿੱਖ ਨੂੰ ਵੀ ਬਰਬਾਦ ਕਰ ਦਿੰਦੀ ਹੈ।
ਇਸ ਦੇ ਬਾਵਜੂਦ, ਮੀਡੀਆ ਵਿੱਚ ਜੰਗਾਂ ਨੂੰ ਅਕਸਰ ‘ਕਾਮਯਾਬੀ’ ਅਤੇ ‘ਤਾਕਤ’ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਆਰਥਿਕ ਢਾਂਚਿਆਂ ਦੇ ਨੁਕਸਾਨ ਨੂੰ ਵੱਡੀ ਖ਼ਬਰ ਬਣਾਇਆ ਜਾਂਦਾ ਹੈ, ਪਰ ਮਨੁੱਖੀ ਜਾਨਾਂ ਦੇ ਨੁਕਸਾਨ ਨੂੰ ਘੱਟ ਅਹਿਮੀਅਤ ਦਿੱਤੀ ਜਾਂਦੀ ਹੈ। ਇਹ ਰੁਝਾਨ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਅੱਜ ਦੀ ਦੁਨੀਆ ਵਿੱਚ ਮਨੁੱਖੀ ਜ਼ਿੰਦਗੀ ਦੀ ਕਦਰ ਘਟਦੀ ਜਾ ਰਹੀ ਹੈ ਅਤੇ ਆਰਥਿਕ ਤੇ ਰਾਜਨੀਤਿਕ ਲਾਭ ਵੱਧ ਮਹੱਤਵਪੂਰਨ ਬਣ ਗਏ ਹਨ।
ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੀਆਂ ਜੰਗਾਂ- ਚਾਹੇ ਉਹ ਪੱਛਮੀ ਏਸ਼ੀਆ, ਯੂਰਪ ਵਿੱਚ ਜਾਂ ਕਿਸੇ ਹੋਰ ਖੇਤਰ ਵਿੱਚ ਹੋਣ, ਸਭ ਵਿੱਚ ਇੱਕ ਗੱਲ ਸਾਂਝੀ ਹੈ: ਆਮ ਲੋਕਾਂ ਦੀ ਪੀੜਾ। ਹਜ਼ਾਰਾਂ ਕਿਲੋਮੀਟਰ ਦੂਰ ਬੈਠੇ ਦਰਸ਼ਕਾਂ ਲਈ ਇਹ ਸਿਰਫ਼ ਖ਼ਬਰਾਂ ਹੁੰਦੀਆਂ ਹਨ, ਪਰ ਜਿਹੜੇ ਲੋਕ ਇਸ ਨੂੰ ਜੀਅ ਰਹੇ ਹੁੰਦੇ ਹਨ, ਉਨ੍ਹਾਂ ਲਈ ਇਹ ਹਰ ਰੋਜ਼ ਦੀ ਲੜਾਈ ਹੁੰਦੀ ਹੈ-ਜ਼ਿੰਦਾ ਰਹਿਣ ਦੀ ਲੜਾਈ।
ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਜੰਗਾਂ ਨੂੰ ਰੋਕਣ ਦੀ ਗੱਲ ਕਰਨ ਵਾਲੇ ਹੀ ਕਈ ਵਾਰ ਉਨ੍ਹਾਂ ਨੂੰ ਵਧਾਉਣ ਵਿੱਚ ਭੂਮਿਕਾ ਨਿਭਾਉਂਦੇ ਹਨ। ਤਾਕਤ ਦੀ ਰਾਜਨੀਤੀ ਵਿੱਚ ਫਸੇ ਦੇਸ਼ ਆਪਣੇ ਹਿੱਤਾਂ ਨੂੰ ਪਹਿਲ ਦਿੰਦੇ ਹਨ ਅਤੇ ਮਨੁੱਖਤਾ ਪਿੱਛੇ ਰਹਿ ਜਾਂਦੀ ਹੈ। ਇਸ ਕਾਰਨ ਜੰਗਾਂ ਖ਼ਤਮ ਹੋਣ ਦੀ ਥਾਂ ਲੰਬੀਆਂ ਖਿੱਚਦੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਨੁਕਸਾਨ ਹੋਰ ਵਧਦਾ ਜਾਂਦਾ ਹੈ।
ਇਸ ਸਾਰੇ ਪ੍ਰਸੰਗ ਵਿੱਚ ਸਭ ਤੋਂ ਵੱਡੀ ਲੋੜ ਇਹ ਹੈ ਕਿ ਅਸੀਂ ਜੰਗਾਂ ਨੂੰ ਦੇਖਣ ਦਾ ਆਪਣਾ ਨਜ਼ਰੀਆ ਬਦਲੀਏ। ਸਾਨੂੰ ਇਹ ਸਮਝਣਾ ਪਵੇਗਾ ਕਿ ਜੰਗ ਕੋਈ ਮਨੋਰੰਜਨ ਨਹੀਂ ਹੈ, ਨਾ ਹੀ ਇਹ ਕਿਸੇ ਜਿੱਤ ਦਾ ਜਸ਼ਨ ਮਨਾਉਣ ਵਾਲੀ ਘਟਨਾ ਹੈ। ਇਹ ਸਿਰਫ਼ ਤਬਾਹੀ, ਦੁੱਖ ਅਤੇ ਮਨੁੱਖੀ ਹਾਨੀ ਦਾ ਦੂਜਾ ਨਾਮ ਹੈ।
ਮੀਡੀਆ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੰਗਾਂ ਦੀ ਸਹੀ ਤਸਵੀਰ ਲੋਕਾਂ ਸਾਹਮਣੇ ਲਿਆਏ। ਸਿਰਫ਼ ਹਥਿਆਰਾਂ ਦੀ ਤਾਕਤ ਜਾਂ ਸੈਨਿਕ ਕਾਮਯਾਬੀਆਂ ਨੂੰ ਦਿਖਾਉਣ ਦੀ ਬਜਾਏ, ਉਸ ਨੂੰ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਵੀ ਦਿਖਾਉਣੀਆਂ ਚਾਹੀਦੀਆਂ ਹਨ ਜੋ ਇਸ ਦਾ ਅਸਲ ਭਾਰ ਝੱਲ ਰਹੇ ਹਨ। ਜਦੋਂ ਤੱਕ ਅਸੀਂ ਇਹ ਨਹੀਂ ਕਰਦੇ, ਤਦ ਤੱਕ ਜੰਗਾਂ ਇੱਕ ‘ਦ੍ਰਿਸ਼’ ਬਣ ਕੇ ਰਹਿਣਗੀਆਂ ਅਤੇ ਮਨੁੱਖੀ ਪੀੜਾ ਪਿੱਛੇ ਦੱਬੀ ਰਹੇਗੀ।
ਇਹ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਜੰਗ ਕਦੇ ਵੀ ਹੱਲ ਨਹੀਂ ਹੁੰਦੀ। ਇਹ ਸਿਰਫ਼ ਨਵੀਆਂ ਸਮੱਸਿਆਵਾਂ ਪੈਦਾ ਕਰਦੀ ਹੈ ਅਤੇ ਮਨੁੱਖਤਾ ਨੂੰ ਪਿੱਛੇ ਧੱਕਦੀ ਹੈ। ਜੇ ਅਸੀਂ ਇੱਕ ਬਿਹਤਰ ਦੁਨੀਆ ਦੀ ਕਲਪਨਾ ਕਰਦੇ ਹਾਂ, ਤਾਂ ਸਾਨੂੰ ਜੰਗਾਂ ਨੂੰ ਮਹਿਮਾ ਦੇਣ ਦੀ ਥਾਂ ਉਨ੍ਹਾਂ ਦੇ ਵਿਰੁੱਧ ਖੜ੍ਹਾ ਹੋਣਾ ਪਵੇਗਾ।
ਜੰਗਾਂ ਨੂੰ ਉਤਸਵ ਬਣਾਉਣਾ ਮਨੁੱਖਤਾ ਨਾਲ ਸਭ ਤੋਂ ਵੱਡੀ ਬੇਇਨਸਾਫ਼ੀ ਹੈ।
