ਇਰਾਨ ਕਿਸ ਯੁੱਗ ਵਿੱਚ ਜਾਵੇ, ਇਹ ਹੁਣ ਜੰਗ ਦੀ ਮਰਜ਼ੀ!

ਖਬਰਾਂ ਵਿਚਾਰ-ਵਟਾਂਦਰਾ

ਜਸਵੀਰ ਸਿੰਘ ਸ਼ੀਰੀ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਦੇ ਨਾਂ ਇਕ ਸੰਦੇਸ਼ ਵਿੱਚ ਇਸ ਕਿਸਮ ਦੀਆਂ ਸਵੈ-ਵਿਰੋਧੀ ਗੱਲਾਂ ਕੀਤੀਆਂ ਕਿ ਦੁਨੀਆਂ ਦੇ ਮੀਡੀਏ ਨੇ ਇਸ ਨੂੰ ਮਨ-ਭਾਉਂਦੀਆਂ ਸੁਰਖੀਆਂ ਵਿੱਚ ਬਦਲ ਲਿਆ। ਕੁਝ ਨੂੰ ਲੱਗਾ ਕਿ ਟਰੰਪੀਅਨ ਕਮਲਪਾਅ ਦੋ ਕੁ ਹਫਤੇ ਇਰਾਨ ਵਿੱਚ ਅੰਨ੍ਹੇਵਾਹ ਬੰਬ ਸੁਟੇਗਾ ਅਤੇ ਬਾਅਦ ਵਿੱਚ ਇਰਾਨ ਵੱਲੋਂ ਹੌਰਮੂਜ਼ ਵਿੱਚ ਲਾਇਆ ਨਾਕਾ ਜਿਉਂ ਦਾ ਤਿਉਂ ਛੱਡ ਕੇ ਚਲਾ ਜਾਵੇਗਾ। ਕਈ ਹੋਰਾਂ ਨੂੰ ਲੱਗਾ ਕਿ ਇਸ ਭਾਸ਼ਨ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਵਿੱਚ ਜੰਗ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

ਰਾਸ਼ਟਰਪਤੀ ਟਰੰਪ ਦੀ ਅਮਰੀਕਨ ਰਾਸ਼ਟਰਪਤੀ ਵਜੋਂ ਭਾਸ਼ਨਬਾਜ਼ੀ ਅਤੇ ਬਿਆਨੀਆ ਹਮੇਸ਼ਾ ਹੀ ਇਸ ਕਿਸਮ ਦਾ ਰਿਹਾ ਕਿ ਦੁਨੀਆ ਲੱਖਣ ਲਾਉਂਦੀ ਰਹਿੰਦੀ ਹੈ ਕਿ ਅਗਾਂਹ ਕੀ ਹੋਣ ਵਾਲਾ ਹੈ!
ਕਿਸੇ ਵਿਦਵਾਨ ਜਾਂ ਸੋਚਵਾਨ ਵਿਅਕਤੀ ਲਈ ਇਹ ਖੁੱਲ੍ਹ ਹੁੰਦੀ ਹੈ ਕਿ ਉਹ ਥੋੜ੍ਹੀ-ਥੋੜ੍ਹੀ ਦੇਰ ਬਾਅਦ ਆਪਣੀ ਵਿਚਾਰਕ ਪੁਜੀਸ਼ਨਾਂ ਸੋਧ ਜਾਂ ਮੁੜ ਨਵਿਆ ਸਕਦਾ ਹੈ; ਪਰ ਕਿਸੇ ਚੰਗੇ ਸਿਆਸਤਦਾਨ ਤੋਂ ਲੋਕ ਆਪਣੇ ਵਿਚਾਰਾਂ ਅਤੇ ਐਕਸ਼ਨਾਂ ਵਿੱਚ ਮੁਕਾਬਲਾਤਨ ਸਥਿਰਤਾ ਦੀ ਆਸ ਰੱਖਦੇ ਹਨ। ਇਹਦਾ ਕਾਰਨ ਸ਼ਾਇਦ ਇਹ ਹੈ ਕਿ ਸਿਆਸਤ ਨੇ ਦੁਨੀਆਂ ਦੀ ਠੋਸ ਅਤੇ ਪ੍ਰੈਕਟੀਕਲ ਸੱਚਾਈ ਨਾਲ ਡੀਲ ਕਰਨਾ ਹੁੰਦਾ। ਡੋਨਾਲਡ ਟਰੰਪ ਦੀ ਗੱਲਬਾਤ ਵਿੱਚ ਜਿਹੜਾ ਸ਼ਬਦ ਸਭ ਤੋਂ ਵੱਧ ਸਥਿਰ ਹੈ, ਉਹ ਅਸਲ ਵਿੱਚ ‘ਡੀਲ ਮੇਕਰ’ ਹੀ ਹੈ। ਡੀਲਾਂ ਕਰਨ ਦੇ ਉਹ ਆਪਣੇ ਆਪ ਨੂੰ ਮਾਹਿਰ ਮੰਨਦੇ ਹਨ। ਕਦੀ ਕਦੀ ਬਿਗਾਨੀਆਂ ਡੀਲਾਂ ‘ਤੇ ਵੀ ਆਪਣਾ ਮਾਰਕਾ ਚਿਪਕਾਉਣ ਦਾ ਯਤਨ ਕਰਦੇ ਹਨ। ਕਾਰੋਬਾਰ ਦੀ ਦੁਨੀਆਂ ਵਿੱਚ ਹੁਣ ਅਜਿਹਾ ਆਮ ਹੁੰਦਾ ਹੈ। ਚੀਜ਼ਾਂ/ਵਸਤਾਂ ਬਣਦੀਆਂ ਕਿਤੇ ਹੋਰ ਹਨ ਅਤੇ ਮਾਰਕਾ ਕਿਸੇ ਹੋਰ ਕੰਪਨੀ ਦਾ ਚਿਪਕਾ ਦਿੱਤਾ ਜਾਂਦਾ ਹੈ। ਅਮਰੀਕੀ ਸਦਰ ਕਾਰੋਬਾਰ ਦੇ ਇਸ ਚਲਨ ਨੂੰ ਸਿਆਸਤ ਦੀ ਦੁਨੀਆਂ ਵਿੱਚ ਵੀ ਲਾਗੂ ਕਰਨ ਦਾ ਯਤਨ ਕਰ ਰਹੇ ਹਨ।
ਅਮਰੀਕੀ ਰਾਸ਼ਟਰਪਤੀ ਨੇ 19 ਮਿੰਟ ਦੇ ਆਪਣੇ ਉਪਰੋਕਤ ਭਾਸ਼ਨ ਵਿੱਚ ਕਈ ਕੁਝ ਕਿਹਾ, ਪਰ ਸਭ ਤੋਂ ਵੱਧ ਜਿਸ ਕਥਨ ਦੀ ਚਰਚਾ ਹੋਈ, ਉਹ ਸੀ ਕਿ ਅਸੀਂ ਇਰਾਨ ਨੂੰ ਪੱਥਰ ਯੁੱਗ ਵਿੱਚ ਵਾਪਸ ਭੇਜ ਦੇਵਾਂਗੇ (ਵੀ ਵਿਲ ਬਰਿੰਗ ਬੈਕ ਟੂ ਯੂ ਟੂ ਸਟੋਨ ਏਜ਼)। ਇਹ ਅਸਲ ਵਿੱਚ ਇਰਾਨ ਨੂੰ ਸੰਦੇਸ਼ ਸੀ ਕਿ ਸਾਡੀਆਂ ਸ਼ਰਤਾਂ ‘ਤੇ ਡੀਲ ਕਰ ਲਓ, ਨਹੀਂ ਤਾਂ ਤੁਹਡੇ ‘ਤੇ ਇੰਨੇ ਬੰਬ ਸੁੱਟਾਂਗੇ ਕਿ ‘ਸਟੋਨ ਏਜ’ ਵਿੱਚ ਵਾਪਸ ਭੇਜ ਦਿੱਤਾ ਜਾਵੇਗਾ; ਪਰ ਇਰਾਨ ਨੇ ਜਵਾਬ ਦਿੱਤਾ ਕਿ ਸਾਡਾ ਮੁਲਕ ਉਸ ਸਮੇਂ ਵੀ ਇੱਕ ਸੱਭਿਅਤਾ ਸੀ, ਜਦੋਂ ਤੁਹਾਡੇ ਪੁਰਖੇ ਹਨੇਰ ਢੋਅ (ਡਾਰਕ ਏਜ) ਰਹੇ ਸਨ।
ਸੱਭਿਅਤਾਵਾਂ/ਜੀਵਨ ਸ਼ੈਲੀਆਂ ਦੇ ਭੇੜ ਵਿੱਚ ਇਸ ਕਿਸਮ ਦੇ ਤਾਹਨੇ-ਮਿਹਣੇ ਕੁਦਰਤੀ ਹਨ; ਪਰ ਦਿਲਚਸਪ ਤੱਥ ਇਹ ਹੈ ਕਿ ਇਰਾਨ ਨੂੰ ਸਟੋਨ ਏਜ ਵਿੱਚ ਭੇਜਣ ਦਾ ਖਿਆਲ ਪ੍ਰਗਟ ਕਰਨ ਵਾਲੇ ਟਰੰਪ ਪਹਿਲੇ ਰਾਸ਼ਟਰਪਤੀ ਨਹੀਂ ਹਨ, ਸਗੋਂ ਇਸ ਤੋਂ ਪਹਿਲਾਂ ਵੀ ਇੱਕ ਹੋਰ ਦੇਸ਼ ਨੂੰ ਇਸ ਧਮਕੀ ਦੀ ਵਰਤੋਂ ਅਮਰੀਕਾ ਦੇ ਹੀ ਕਿਸੇ ਹੋਰ ਰਾਸ਼ਟਰਪਤੀ ਵੱਲੋਂ ਕੀਤੀ ਜਾ ਚੁੱਕੀ ਹੈ। 9 ਸਤੰਬਰ 2001 ਨੂੰ ਅਮਰੀਕਾ ਦੇ ਦੋ ਜੌੜੇ ਟਰੇਡ ਟਾਵਰਾਂ ‘ਤੇ ਹਮਲੇ ਤੋਂ ਬਾਅਦ ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਜਾਰਜ ਬੁਸ਼ ਨੇ ਟੈਲੀਫੋਨ ‘ਤੇ ਪਾਕਿਸਤਾਨ ਦੇ ਹਾਕਮ ਪ੍ਰਵੇਜ਼ ਮੁਸ਼ਰਫ ਨੂੰ ਇਹ ਧਮਕੀ ਦਿੱਤੀ ਸੀ ਕਿ ਇਸਲਾਮਕ ਅਤਿਵਾਦ ਵਿਰੁਧ ਜੰਗ ਵਿੱਚ ਜਿਹੜੇ ਸਾਡੇ ਨਾਲ ਨਹੀਂ, ਉਹ ਵਿਰੋਧੀ ਖੇਮੇ ਵਿੱਚ ਸਮਝੇ ਜਾਣਗੇ। ਵਿਚ ਵਿਚਾਲੇ ਕੋਈ ਰਾਹ ਨਹੀਂ ਹੈ। ਸਿੱਧੇ ਹੋ ਕੇ ਸਾਡੇ ਨਾਲ ਖਲੋ ਜਾਵੋ, ਨਹੀਂ ਤੇ ਤੁਹਾਨੂੰ ਪੱਥਰ ਯੁੱਗ ਵਿੱਚ ਧੱਕ ਦੇਵਾਂਗੇ (ਵੁਈ ਵਿਲ ਰਡਿਊਸ ਟੂ ਯੂ ਟੂ ਦ ਸਟੋਨ ਏਜਿਸ)। ਉਸ ਸਮੇਂ ਅਮਰੀਕਨ ਸਾਮਰਾਜ ਜੋਬਨ ‘ਤੇ ਸੀ ਅਤੇ ਪਾਕਿਸਤਾਨੀ ਹਾਕਮ ਨੇ ਭਿੱਜੀ ਹੋਈ ਬਿੱਲੀ ਬਣ ਕੇ ਅਮਰੀਕਾ ਨੂੰ ਆਪਣੀਆਂ ਫੌਜੀ ਹਵਾਈ ਪੱਟੀਆਂ ਅਫਗਾਨਿਸਤਾਨ ‘ਤੇ ਹਮਲੇ ਲਈ ਵਰਤਣ ਵਾਸਤੇ ਦੇ ਦਿੱਤੀਆਂ ਸਨ। ਪਹਿਲਾਂ ਹੀ ਲਗਪਗ ਪੱਥਰ ਯੁੱਗ ਵਿੱਚ ਰਹਿ ਰਹੇ ਇੱਕ ਮੁਲਕ ਨੂੰ ਇਹ ਪੱਥਰ ਬਣਾ ਦੇਣ ਦਾ ਯਤਨ ਸੀ। ਅਫਗਾਨਿਸਤਾਨ ਵਿੱਚ ਉਦੋਂ ਤਾਲਿਬਾਨ ਦਾ ਰਾਜ ਸੀ। ਮੁੱਲਾਂ ਮੁਹੰਮਦ ਉਮਰ ਉਦੋਂ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦਾ ਮੁਖੀ ਸੀ। ਅਮਰੀਕਾ ਨੇ ਮੁੱਲਾਂ ਉਮਰ ਨੂੰ ਬਿਨ ਲਾਦੇਨ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਕਿਹਾ, ਪਰ ਮੁੱਲਾਂ ਉਮਰ ਅਤੇ ਉਸ ਦੇ ਬਾਕੀ ਸਾਥੀਆਂ ਨੇ ਲਾਦੇਨ ਨਾਲ ਯਾਰੀ ਨਿਭਾਉਣ ਨੂੰ ਪਹਿਲ ਦਿੱਤੀ ਅਤੇ ਉਸ ਨੂੰ ਅਮਰੀਕਾ ਦੇ ਹਵਾਲੇ ਕਰਨ ਤੋਂ ਇਨਕਾਰ ਕਰ ਦਿੱਤਾ। 6 ਸਾਲ ਰਾਜ ਕਰਨ ਤੋਂ ਬਾਅਦ ਤਾਲਿਬਾਨ ਲੜਾਕੇ ਗੱਦੀਆਂ ਨੂੰ ਲੱਤ ਮਾਰ ਕੇ ਫਿਰ ਅਫਗਾਨਿਸਤਾਨ ਦੀਆਂ ਪਹਾੜੀ ਕੁੰਦਰਾਂ ਵਿੱਚ ਰੂਪੋਸ਼ ਹੋ ਗਏ ਸਨ।
ਇਸ ਤੋਂ ਬਾਅਦ ਅਮਰੀਕਾ ਅਤੇ ਉਸ ਦੇ ਭਾਈਵਾਲਾਂ ਨੇ ਅਫਗਾਨਿਸਤਾਨ ਵਿੱਚ ਮਣਾਂਮੂੰਹ ਬਾਰੂਦ ਸੁੱਟਿਆ। ਚੱਪਲਾਂ, ਤੰਬਿਆਂ ਅਤੇ ਢੱਠੀਆਂ ਜਿਹੀਆਂ ਪੱਗਾਂ ਵਾਲੇ ਤਾਲਿਬਾਨੀ ਲੜਾਕਿਆਂ ਨੇ ਈਨ ਨਾ ਮੰਨੀ। ਆਪਣਾ ਛਾਪਾ ਮਾਰ ਯੁੱਧ ਜਾਰੀ ਰੱਖਿਆ। ਅਮਰੀਕਾ ਨੇ ਇੱਥੇ ਆਪਣੀਆਂ ਜ਼ਮੀਨੀ ਫੌਜਾਂ ਵੀ ਉਤਾਰੀਆਂ। ਆਪਣੀ ਮਰਜ਼ੀ ਦਾ ਹਾਕਮ ਗੱਦੀ ‘ਤੇ ਬਿਠਾ ਲਿਆ। ਅਮਰੀਕੀ ਫੌਜ ਸਾਹਮਣੇ ਉਹੀ ਤਾਲਿਬਾਨ ਸਨ, ਜਿਨ੍ਹਾਂ ਨੂੰ ਕਦੀ ਅਮਰੀਕੀ ਫੌਜਾਂ ਨੇ ਸੋਵੀਅਤ ਯੂਨੀਅਨ ਦੇ ਖਿਲਾਫ ਆਪ ਟਰੇਨਿੰਗ ਦਿੱਤੀ ਸੀ ਤੇ ਨਾਲ ਲੜਨ ਲਈ ਅਸਲਾ ਵੀ। ਅੱਜ ਉਹ ੳਸੇ ਨਾਲ ਲੋਹਾ ਲੈਣ ਲਈ ਮੈਦਾਨ ਵਿੱਚ ਉਤਰ ਆਏ ਸਨ। ਤਕਰੀਬਨ 20 ਸਾਲ ਅਮਰੀਕਨ ਫੌਜਾਂ ਇੱਥੇ ਰਹੀਆਂ ਅਤੇ ਪਿਛਲੇ ਰਾਸ਼ਟਰਪਤੀ ਜੋਅ ਬਾਇਡਨ ਦੀ ਸਰਕਾਰ ਵੇਲੇ ਕਤਰ ਨੇ ਵਿੱਚ ਪੈ ਕੇ ਸਮਝੌਤਾ ਕਰਵਾਇਆ।
ਅਮਰੀਕੀ ਫੌਜ ਜਦੋਂ ਅਫਗਾਨਿਸਤਾਨ ਵਿੱਚੋਂ ਵਾਪਸ ਜਾਣ ਲੱਗੀ ਤਾਂ ਹਵਾਈ ਜਹਾਜ਼ਾਂ ਸਮੇਤ ਆਪਣਾ ਬਹੁਤ ਸਾਰਾ ਸਾਜ਼ੋ-ਸਾਮਾਨ ਪਿੱਛੇ ਛੱਡ ਗਈ। ਇਹਦੇ ਵਿੱਚ ਵੱਡੀ ਗਿਣਤੀ ਵਿੱਚ ਰਾਈਫਲਾਂ ਅਤੇ ਹੋਰ ਅਸਲਾ ਵੀ ਸ਼ਾਮਲ ਸੀ। ਜਦੋਂ ਆਖਰੀ ਅਮਰੀਕੀ ਜਹਾਜ਼ ਆਪਣੇ ਅਮਲੇ ਫੈਲੇ ਨੂੰ ਵਾਪਸ ਲੈ ਕੇ ਉਡੇ ਤਾਂ ਉਨ੍ਹਾਂ ਤੰਬਿਆਂ ਵਾਲੇ ਪਠਾਣਾਂ ਦੀ ਨਵੀਂ ਪਨੀਰੀ ਨੇ ਗੋਲੀਆਂ ਦਾ ਮੀਂਹ ਵਰ੍ਹਾ ਕੇ ਜਸ਼ਨ ਮਨਾਇਆ। ਤਾਲਿਬਾਨ ਦਾ ਰਾਜ ਆਉਂਦਿਆਂ ਹੀ ਉਨ੍ਹਾਂ ਔਰਤਾਂ ਨੂੰ ਘਰਾਂ ਦੀ ਚਾਰ-ਦੀਵਾਰੀ ਵਿੱਚ ਬੰਦ ਕਰ ਦਿੱਤਾ। ਉਨ੍ਹਾਂ ਲਈ ਕਾਲਾ ਅੱਖਰ ਮੈ੍ਹਸ ਬਰਾਬਰ ਹੋ ਗਿਆ।
ਅਮਰੀਕਾ ਨੇ ਹੁਣ ਜਦੋਂ 28 ਫਰਵਰੀ ਨੂੰ ਇਰਾਨ ‘ਤੇ ਹਮਲਾ ਕੀਤਾ ਤਾਂ ਖੁਮੀਨੀ ਦੇ ਨਾਲ ਹੀ ਬੱਚੀਆਂ ਦੇ ਸਕੂਲ ‘ਤੇ ਬੰਬ ਸੁੱਟ ਦਿੱਤਾ। ਇਸ ਹਮਲੇ ਵਿੱਚ 168 ਬੱਚੀਆਂ ਦੀ ਜਾਨ ਚਲੀ ਗਈ। ਜਦੋਂ ਵੀ ਜੰਗਾਂ/ਯੁੱਧ ਹੁੰਦੇ ਹਨ, ਔਰਤਾਂ ਅਤੇ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਤ ਹੁੰਦੇ ਹਨ। ਖਾਸ ਕਰਕੇ ਹਮਲੇ ਦੀ ਮਾਰ ਝੱਲ ਰਹੇ ਮੁਲਕਾਂ ਦੇ। ਅਮਰੀਕਨ ਅਤੇ ਇਜ਼ਰਾਇਲੀ ਆਏ ਤਾਂ ਵੈਨੇਜ਼ੂਏਲਾ ਦੀ ਤਰਜ਼ ‘ਤੇ ਇੱਕ ਨਿੱਕਾ ਜਿਹਾ ਤੇ ਤੇਜ਼ ਤਰਾਰ ਉਪਰੇਸ਼ਨ ਕਰਨ ਸਨ; ਪਰ ਜੰਗ ਦਾ ਉਲਝੇਵਾਂ ਅਜਿਹਾ ਕਿ ਮਹੀਨੇ ਤੋਂ ਉੱਪਰ ਸਮਾਂ ਲੱਗ ਜਾਣ ਤੋਂ ਬਾਅਦ ਵੀ ਨਿਪਟਿਆ ਨਹੀਂ, ਸਗੋਂ ਆਪਣੀ ਦਿਸ਼ਾ ਵਿੱਚ ਅੱਗੇ ਵਧ ਗਿਆ। ਗੱਲ ਇਰਾਨ ਵਿੱਚ ਸੱਤਾ ਤਬਦੀਲੀ ਤੋਂ ਅੱਗੇ ਵਧ ਕੇ ਹੁਣ ਹੌਰਮੂਜ਼ ਲਾਂਘਾ ਖੁਲ੍ਹਵਾਉਣ ਤੇ ਪਰਸ਼ੀਆ ਨੂੰ ਪੱਥਰ ਯੁੱਗ ਵਿੱਚ ਭੇਜਣ ‘ਤੇ ਆ ਗਈ ਹੈ। ਇਹ ਸਮੁੰਦਰੀ ਲਾਂਘਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਖੁੱਲ੍ਹਾ ਸੀ। ਛਿੜ ਜਾਣ ਤੋਂ ਬਾਅਦ ਜੰਗ ਆਪਣੀ ਮਰਜ਼ੀ ਕਰਨ ਲਗਦੀ ਹੈ। ਲੰਮੇ ਤਜਰਬਿਆਂ ਤੋਂ ਬਾਅਦ ਵੀ ਜੰਗਬਾਜ਼ ਇਹ ਤੱਥ ਵਾਰ ਵਾਰ ਭੁੱਲ ਜਾਂਦੇ ਹਨ।

Leave a Reply

Your email address will not be published. Required fields are marked *