*ਗਰਮੀਆਂ ਦੀ ਕਾਰਸੇਵਾ ਦੇ ਉਲੀਕੇ 99% ਕਾਰਜ ਨੇਪਰੇ ਚਾੜ੍ਹੇ
ਪੰਜਾਬੀ ਪਰਵਾਜ਼ ਬਿਊਰੋ
ਸ਼ਿਕਾਗੋ: ਉਂਜ ਤਾਂ ਗੁਰਦੁਆਰਾ ਪੈਲਾਟਾਈਨ ਵਿਖੇ ਸਾਰਾ ਸਾਲ ਹੀ ਨਿਸ਼ਕਾਮ ਕਾਰ ਸੇਵਾ ਚੱਲਦੀ ਰਹਿੰਦੀ ਹੈ, ਪਰ ਗਰਮੀਆਂ ਦੀ ਕਾਰ ਸੇਵਾ ਤਹਿਤ ਲੰਘੇ ਸ਼ਨਿਚਰਵਾਰ ਨੂੰ ਗੁਰੂਘਰ ਵਿਖੇ ਸੰਗਤਾਂ ਵੱਲੋਂ ਨਿਸ਼ਕਾਮ ਕਾਰ ਸੇਵਾ ਦਾ ਇੱਕ ਹੋਰ ਤ੍ਰੌਂਕਾ ਦਿੱਤਾ ਗਿਆ। ਇਸ ਮੌਕੇ ਉਲੀਕੇ ਕਾਰਜਾਂ ਵਿੱਚੋਂ 99% ਕਾਰਜ ਨੇਪਰੇ ਚਾੜ੍ਹੇ ਗਏ। ਮੁੱਖ ਗ੍ਰੰਥੀ ਭਾਈ ਲਖਵਿੰਦਰ ਸਿੰਘ ਵੱਲੋਂ ਅਰਦਾਸ ਕੀਤੇ ਜਾਣ ਉਪਰੰਤ ਕਾਰ ਸੇਵਾ ਸ਼ੁਰੂ ਹੋਈ।
ਸੇਵਕਾਂ ਵੱਲੋਂ ਸੇਵਾ ਭਾਵਨਾ ਦੇ ਜੋਸ਼ ਦੀ ਲਹਿਰ ਨਾਲ ਦਰਬਾਰ ਹਾਲ, ਸੁੱਖਆਸਨ, ਅਖੰਡਪਾਠ ਦੇ ਕਮਰੇ ਅਤੇ ਦੂਸਰੀ ਮੰਜਿਲ ਦੇ ਅੰਦਰੋਂ-ਬਾਹਰੋਂ ਦਰਵਾਜ਼ਿਆਂ, ਬਾਰੀਆਂ ਅਤੇ ਸ਼ੀਸ਼ਿਆਂ ਨੂੰ ਪੇਸ਼ੇਵਰ ਤਰੀਕੇ ਨਾਲ ਸਾਫ ਕੀਤਾ ਗਿਆ। ਕਾਰ ਸੇਵਾ ਜਥੇ ਅਤੇ ਸੰਗਤ ਦੇ ਨਾਲ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਚਨ ਸਿੰਘ ਮੁਲਤਾਨੀ ਵੀ ਸੇਵਾ ਵਿੱਚ ਹੱਥ ਵਟਾਉਂਦੇ ਰਹੇ। ਬੀਬੀ ਅਨੁਪ੍ਰੀਤ ਕੌਰ ਦੇ ਪੰਜ ਮੈਂਬਰੀ ਪਰਿਵਾਰ ਨੇ ਬਹੁਤ ਰੀਝ, ਪਿਆਰ ਅਤੇ ਸਤਿਕਾਰ ਨਾਲ ਸੇਵਾ ਕੀਤੀ।
ਕਾਰਸੇਵਾ ਦੇ ਮੱਦੇਨਜ਼ਰ ਕਰੀਬ ਇੱਕ ਹਫ਼ਤਾ ਪਹਿਲਾ ਬਲਦੇਵ ਸਿੰਘ ਗਿੱਲ ਤੇ ਕੁਲਬੀਰ ਸਿੰਘ ਦਿਓਲ ਨੇ ਸਾਫ-ਸਫ਼ਾਈ ਦੇ ਸਮਾਨ ਦਾ ਹਿਸਾਬ-ਕਿਤਾਬ ਕਰ ਸਫ਼ਾਈ ਦਾ ਸਮਾਨ ਖਰੀਦਿਆ ਅਤੇ ਇਕਬਾਲ ਸਿੰਘ ਜੱਜ ਨੇ ਕਟਾਈ ਦੀਆਂ ਮਸ਼ੀਨਾਂ ਤੇ ਲੋੜੀਂਦੇ ਔਜ਼ਾਰਾਂ ਨੂੰ ਚੰਡ ਕੇ ਜਾਂ ਤਿੱਖਿਆਂ ਕਰ ਤਿਆਰੀ ਕੀਤੀ। ਕੋਆਰਡੀਨੇਟਰ ਅਮਰਜੀਤ ਸਿੰਘ ਅਤੇ ਟੀਮ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੁਚੱਜੇ ਢੰਗ ਨਾਲ ਸ਼ੀਸ਼ੇ ਸਾਫ ਕਰਨ ਦੀ ਵਿਧੀ ਦੱਸ ਕੇ ਉਨ੍ਹਾਂ ਪਾਸੋਂ ਅੰਦਰੋਂ-ਬਾਹਰੋਂ ਸ਼ੀਸ਼ੇ, ਦਰਵਾਜ਼ੇ ਅਤੇ ਖਿੜਕੀਆਂ ਦੀ ਝਾੜ-ਪੂੰਝ ਕਰ ਸਫ਼ਾਈ ਕੀਤੀ ਅਤੇ ਕਰਵਾਈ। ਇਹ ਕਾਰਜ ਕਰਨ ਅਤੇ ਬੱਚਿਆਂ ਨੂੰ ਸੇਵਾ ਵਿੱਚ ਸਿਖਲਾਈ ਤੇ ਸੇਵਾ ਕਰਵਾਉਣ ਦਾ ਬਹੁਤ ਸ਼ਲਾਘਾਯੋਗ ਉਪਰਾਲਾ ਸੀ।
ਸਵੇਰ ਤੋਂ ਹੀ ਚਾਹ ਅਤੇ ਲੰਗਰਾਂ ਦੀ ਸੇਵਾ ਕੁਲਦੀਪ ਸਿੰਘ ਢਿੱਲੋਂ ਤੇ ਪਰਿਵਾਰ, ਗੁਰਮੀਤ ਸਿੰਘ ਜਲੰਧਰ ਜੱਥੇ ਵਾਲੇ ਅਤੇ ਲੰਗਰ ਸੇਵਾਦਾਰ ਹਰਜੀਤ ਸਿੰਘ ਦੀ ਦੇਖ-ਰੇਖ ਵਿੱਚ ਹੋਈ। ਦੁਪਹਿਰ ਦੇ ਭੋਜਨ ਸਮੇਂ ਪੀਜ਼ਾ ਵਰਤਾਇਆ ਗਿਆ। ਕਾਰ ਸੇਵਾ ਵਾਲੇ ਵਿਸ਼ੇਸ਼ ਦਿਨ ਸੰਗਤਾਂ ਬਹੁਤ ਦਿਲਚਸਪੀ ਅਤੇ ਜੋਸ਼ ਨਾਲ ਆਉਂਦੀਆਂ ਹਨ। ਇਸ ਦਿਨ ਵੀ ਬੀਬੀਆਂ ਅਤੇ ਬੱਚਿਆਂ ਨੇ ਗੁਰੂ ਦੀ ਰਸੋਈ, ਲੰਗਰ ਵਰਤਾਉਣ ਵਾਲੀ ਜਗ੍ਹਾ ਅਤੇ ਲੰਗਰ ਹਾਲ ਦੀ ਚੰਗੀ ਤਰ੍ਹਾਂ ਸਫਾਈ ਕੀਤੀ। ਇਸ ਦੇ ਨਾਲ ਨਾਲ ਲੰਗਰ ਦੀ ਰਸਦ ਦੀ ਛਾਂਟੀ ਲੰਗਰ ਸੇਵਾਦਾਰ ਟਰੱਸਟੀ ਸਤਨਾਮ ਸਿੰਘ ਗਿੱਲ ਦੀ ਦੇਖ-ਰੇਖ ਵਿੱਚ ਹੋਈ। ਕੇਹਰ ਸਿੰਘ ਵੀ ਆਪਣੀ ਕੰਪਨੀ ਦੇ ਸੇਵਕਾਂ ਨਾਲ ਸਫ਼ਾਈ ਕਰਨ ਵਾਲੀਆਂ ਮਸ਼ੀਨਾਂ ਲੈ ਗਾਰਬੇਗ ਦੇ ਡੱਬਿਆਂ ਦੀ ਸਫ਼ਾਈ ਪ੍ਰੈਸ਼ਰ ਵਾਸ਼ ਅਤੇ ਬਲੀਚ ਨਾਲ ਸੈਨੇਟਾਈਜ਼ ਕੀਤਾ। ਇਹ ਕਾਰਜ ਕੇਹਰ ਸਿੰਘ ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕਰਦੇ ਆ ਰਹੇ ਹਨ।
ਆਰ.ਕੇ. ਕਾਰਪੈਟ ਵਾਲੇ ਰਵਿੰਦਰ ਰਵੀ ਸ਼ਿਕਾਗੋ ਤੋਂ ਸੈਂਪੂ ਕਰਨ ਵਾਲੀਆਂ ਮਸ਼ੀਨਾਂ ਅਤੇ ਸਾਬਣ ਲੈ ਕੇ ਆਉਂਦੇ ਹੀ ਲੱਗ ਗਏ। ਭਜਨ ਸਿੰਘ ਮਾਂਗਟ ਦੀ ਨਿਗਰਾਨੀ ਵਿੱਚ ਹੋਈ ਇਸ ਸੇਵਾ ਦੌਰਾਨ ਮੈਟਾਂ ਨੂੰ ਵੈਕਯੁਮ ਕੀਤਾ ਗਿਆ ਅਤੇ ਕੈਮੀਕਲ ਨਾਲ ਸਪਰੇਅ ਕਰ ਗੂੜ੍ਹੇ ਦਾਗ ਉਤਾਰੇ ਗਏ। ਅਖੀਰ ਵਿੱਚ ਰਵੀ ਨੇ ਆਪ ਗੁਰੂਘਰ ਦੇ ਸਭ ਮੈਟ, ਰਗ, ਰਨਰ, ਗਲੀਚੇ, ਰਸਤਿਆਂ ਵਾਲੇ ਮੈਟਾਂ ਦੀ ਚੰਗੀ ਤਰ੍ਹਾਂ ਸਫ਼ਾਈ ਕੀਤੀ।
ਕਾਰ ਸੇਵਾ ਜਥੇ ਦੇ ਓਂਕਾਰ ਸਿੰਘ ਢਿੱਲੋਂ, ਭਰਪੂਰ ਸਿੰਘ ਅਤੇ ਕਰਮਬੀਰ ਸਿੰਘ ਨੇ ਫਲ ਤੇ ਫੁਲਦਾਰ ਰੁੱਖਾਂ ਦੀ ਕਾਂਟ-ਛਾਂਟ ਅਤੇ ਫੁੱਲਾਂ ਦੀਆਂ ਕਿਆਰੀਆਂ ਦੀ ਗੋਡੀ ਤੇ ਸੰਭਾਲ ਕੀਤੀ। ਇਹ ਸੇਵਾਦਾਰ ਗਰਮੀਆਂ ਦੀ ਸੇਵਾ ਵਿੱਚ ਬਾਹਰ ਦੇ ਵਾਤਾਵਰਨ ਦੀ ਸੇਵਾ ਸੰਭਾਲ ਜੰਗੀ ਪੱਧਰ ‘ਤੇ ਕਰਦੇ ਹਨ। ਅਸੀਂ ਸਭ ਜਾਣਦੇ ਹਾਂ ਕਿ ਰੁੱਖ ਮਨੁੱਖਤਾ ਵਿੱਚ ਜਾਨ ਭਰਦੇ ਹਨ ਅਤੇ ਸੇਵਕ ਵੀ ਪਿਛਲੇ 18 ਸਾਲਾਂ ਵਿੱਚ ਲਾਏ 800 ਦੇ ਕਰੀਬ ਰੁੱਖਾਂ, ਪੌਦਿਆਂ ਦੀ ਸੇਵਾ-ਸੰਭਾਲ ਕਰਦੇ ਆ ਰਹੇ ਹਨ। ਦੇਸ-ਵਿਦੇਸ਼ ਵਿੱਚੋਂ ਆਉਣ ਵਾਲੀ ਸੰਗਤ ਗੁਰੂ ਘਰ ਦੇ ਅੰਦਰ-ਬਾਹਰ ਦੀ ਦਿੱਖ ਵੇਖ ਕੇ ਸ਼ਲਾਘਾ ਕਰਦੀ ਹੈ।
ਅਗਸਤ 2017 ਵਿੱਚ ਸੁਸਾਇਟੀ ਵੱਲੋਂ ਖਰੀਦੀ ਪ੍ਰਾਪਰਟੀ 1050 ਡੀਅਰ ਐਵੀਨਿਊ ਦੀ ਅੰਦਰੋਂ-ਬਾਹਰੋਂ ਸਾਫ-ਸਫਾਈ ਸਾਬਕਾ ਪ੍ਰਧਾਨ ਜੈਰਾਮ ਸਿੰਘ ਕਾਹਲੋਂ, ਓਂਕਾਰ ਸਿੰਘ ਲਾਲ ਅਤੇ ਇਕਬਾਲ ਸਿੰਘ ਜੱਜ ਨੇ ਕੀਤੀ। ਰੁਮਾਲਾ ਰੂਮ ਦੀ ਸਫਾਈ ਅਤੇ ਇਨਵੈਂਟਰੀ ਦੀ ਸੇਵਾ-ਸੰਭਾਲ ਦੀ ਸੇਵਾ ਬੀਬੀ ਜਸਮੀਤ ਕੌਰ ਨੇ ਸਭਾਲੀ। ਉਨ੍ਹਾਂ ਨੇ ਰੁਮਾਲਿਆਂ ਦੇ ਸੇਟ ਅਨੁਸਾਰ ਦਸਤਾਵੇਜ਼ ਬਣਾਉਣ ਵਿੱਚ ਕਾਰਜਕਾਰੀ ਸਕੱਤਰ ਸੀਰਤ ਕੌਰ ਕਲੇਰ ਨਾਲ ਮਿਲ ਕੇ ਵਿਉਂਤਬੰਦੀ ਕੀਤੀ। ਗੁਰਮਤਿ ਸਕੂਲ ਦੇ ਲੰਬੇ ਰਨਰ ਅਤੇ ਕਮਰਿਆਂ ਦੀ ਵੀ ਸੇਵਕਾਂ ਨੇ ਸਫ਼ਾਈ ਕੀਤੀ। ਗੁਰਦੁਆਰਾ ਦਫਤਰ, ਮੀਟਿੰਗ ਵਾਲੇ ਕਮਰਿਆਂ ਦੀ ਸਾਫ ਸਫ਼ਾਈ ਆਏ ਸੇਵਕ ਪਰਿਵਾਰਾਂ ਨੇ ਬਹੁਤ ਰੀਝ ਨਾਲ ਕੀਤੀ। ਤਰਲੋਚਨ ਸਿੰਘ ਢਿੱਲੋਂ ਅਤੇ ਉਨ੍ਹਾਂ ਦੀ ਟੀਮ ਨੇ ਥੱਲੇ ਵਾਲੇ ਦੋਵਾਂ ਸ਼ੈਂਡੀਲੀਅਰ ਦੇ ਬੱਲਬਾਂ ਦੀ ਬਦਲੀ ਕਰ ਚਾਨਣ ਕੀਤਾ। ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਚੁਫੇਰੇ ਉੱਗੀਆਂ ਜੜੀ-ਬੂਟੀਆਂ ਦੀ ਸੇਵਕਾਂ ਨੇ ਗਰਮੀ ਵਿੱਚ ਜੜ੍ਹਾਂ ਤੋਂ ਪੁੱਟਣ ਦੀ ਸੇਵਾ ਨਿਭਾਈ।
ਗੁਰਦੁਆਰਾ ਸਾਹਿਬ ਦੀ ਲਾਇਬਰੇਰੀ ਦੀ ਇੰਚਾਰਜ ਬੀਬੀ ਪ੍ਰੀਤੀ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੇ ਝਾੜ-ਪੂੰਝ ਅਤੇ ਕਿਤਾਬਾਂ ਨੂੰ ਤਰਤੀਬਬੱਧ ਰੱਖਣ ਦੀ ਸੇਵਾ ਕੀਤੀ। ਮੈਡੀਕਲ ਕਲਿਨਿਕ ਦੀ ਸਫ਼ਾਈ ਇੰਚਾਰਜ ਟਰੱਸਟੀ ਗੁਰਿੰਦਰ ਸਿੰਘ ਸੰਧੂ ਨੇ ਖੁਦ ਕੀਤੀ ਅਤੇ ਸੇਵਕਾਂ ਨੂੰ ਕਰਨ ਵਾਸਤੇ ਉਤਸ਼ਾਹਿਤ ਕੀਤਾ। ਬਾਅਦ ਦੁਪਹਿਰ ਰਹਿ ਗਏ ਕਾਰਜਾਂ ਦੀ ਵਿਸਥਾਰ ਵਿੱਚ ਸੂਚੀ ਬਲਦੇਵ ਸਿੰਘ ਗਿੱਲ ਨੇ ਤਿਆਰ ਕੀਤੀ, ਜਿਸ ਵਿਚ ਜਰੂਰੀ ਕਾਰਜ ਪੈਰ ਧੋਣ ਵਾਲੇ ਸਟੇਸ਼ਨ ਦੀ ਡੂੰਘੀ ਸਫ਼ਾਈ ਸਤਨਾਮ ਸਿੰਘ ਗਿੱਲ, ਕੁਲਦੀਪ ਸਿੰਘ ਢਿੱਲੋਂ ਅਤੇ ਸੇਵਕਾਂ ਨੇ ਕੀਤੀ।
ਕਾਰਸੇਵਾ ਜਥੇ ਦੇ ਮੋਹਰੀ ਸੇਵਾਦਾਰ ਸਤਨਾਮ ਸਿੰਘ ਔਲਖ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਪ੍ਰੀਤਵਾਨ ਸੇਵਕ ਭੁਪਿੰਦਰ ਸਿੰਘ ਝੱਜ, ਮੱਖਣ ਸਿੰਘ ਜੌਹਲ, ਜਗਜੀਤ ਸਿੰਘ ਢੀਂਡਸਾ, ਸੁਖਦੇਵ ਸਿੰਘ ਧਾਲੀਵਾਲ, ਸੰਤੋਖ ਸਿੰਘ ਭਟਨੂਰਾ ਆਦਿ ਦਾਨੀ ਸੱਜਣਾਂ ਨੇ ਗੁਰੂ ਦੇ ਖਜ਼ਾਨੇ ਵਿੱਚ 1450 ਡਾਲਰ ਪਾਏ, ਜੋ ਨਿਸ਼ਕਾਮ ਕਾਰ ਸੇਵਾ ਦੇ ਕਾਰਜਾਂ ਵਾਸਤੇ ਵਰਤੇ ਜਾਣਗੇ। ਸ. ਔਲਖ ਨੇ ਗੁਰਦੁਆਰਾ ਸਾਹਿਬ ਦੇ ਫਾਉਂਡਰ ਮੈਂਬਰ ਸ. ਬਲਵੰਤ ਸਿੰਘ ਹੰਸਰਾ ਦਾ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਗਰਮੀਆਂ ਦੀ ਸੇਵਾ ਵਿੱਚ ਪਹੁੰਚ ਕੇ ਸੇਵਕਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਨਿਸ਼ਕਾਮ ਕਾਰ ਸੇਵਾ ਦੇ ਕਾਰਜਾਂ ਵਾਸਤੇ ਚੈੱਕ ਵੀ ਦਿੱਤਾ।
ਸੇਵਕ ਗੁਰਦੀਪ ਸਿੰਘ ਵਿਰਕ ਅਤੇ ਸਮੂਹ ਪਰਿਵਾਰ ਨੇ ਜੋੜਾਘਰ, ਕੋਟ ਹੈਂਗਰ ਰੂਮ ਅਤੇ ਸਿੱਖ ਇਨਫਰਮੇਸ਼ਨ ਗੈਲਰੀ ਦੀ ਸਫ਼ਾਈ ਕੀਤੀ। ਓਂਕਾਰ ਸਿੰਘ ਢਿੱਲੋਂ ਗੁਰਦੁਆਰਾ ਸਾਹਿਬ ਵਿਖ਼ੇ ਨਿਸ਼ਕਾਮ ਸੇਵਾਵਾਂ ਕਰਦੇ ਆ ਰਹੇ ਹਨ ਅਤੇ ਵਾਤਾਵਰਣ ਨੂੰ ਹੈਲਦੀ ਤੇ ਸਾਫ ਸੁਥਰਾ ਬਣਾਉਣ ਵਾਸਤੇ ਕਈ ਰੁੱਖ ਪੌਦੇ ਖੁਦ ਖਰੀਦ, ਟੋਏ ਪੁੱਟ, ਰੁੱਖ ਪੌਦੇ ਲਾਏ ਹਨ ਤੇ ਸੇਵਾ ਸੰਭਾਲ ਕਰਦੇ ਹਨ।
ਗੁਰਦੁਆਰਾ ਨਿਸ਼ਕਾਮ ਸੇਵਕਾਂ ਵੱਲੋਂ ਕੁਝ ਬੇਨਤੀਆਂ
1. ਗੁਰਦੁਆਰਾ ਸਾਹਿਬ ਵਿਖ਼ੇ ਨਿਸ਼ਕਾਮ ਸੇਵਾਵਾਂ ਵਾਸਤੇ ਫਾਰਮ ਕਾਰ ਸੇਵਾ ਦੇ ਕਮਰੇ ਦੇ ਅੰਦਰ-ਬਾਹਰ ਉਪਲਭਦ ਹੈ ਅਤੇ ਹਰ ਨਾਨਕ ਨਾਮ ਲੇਵਾ ਪਰਿਵਾਰ ਦੇ ਇੱਕ ਜੀਅ ਨੂੰ ਨਿਸ਼ਕਾਮ ਸੇਵਾ ਵਿੱਚ ਦਾਖਲਾ ਲੈਣ ਦੀ ਬੇਨਤੀ ਹੈ, ਤਾਂ ਜੋ ਪਤਾ ਲਗਦਾ ਰਹੇ ਕਿ ਗਏ ਕੱਲ੍ਹ ਕੀ ਸੇਵਾ ਹੋਈ, ਅੱਜ ਕੀ ਹੋ ਰਹੀ ਹੈ ਅਤੇ ਆਉਣ ਵਾਲੇ ਕੱਲ੍ਹ ਕੀ ਸੇਵਾ ਹੋਵੇਗੀ। ਸੱਚਾ-ਸੁੱਚਾ ਤਾਲ-ਮੇਲ ਸਫਲਤਾ ਦੀ ਕੁੰਝੀ ਹੈ।
2. ਗਰਮੀਆਂ ਦੀਆਂ ਛੁੱਟੀਆਂ ਵਿੱਚ ਗੁਰਦੁਆਰਾ ਸਾਹਿਬ ਵਿਖ਼ੇ ਵਾਤਾਵਰਨ ਦੀ ਸਾਫ-ਸਫ਼ਾਈ ਵਾਸਤੇ ਬੱਚਿਆਂ ਨੂੰ ਲੈ ਕੇ ਜਰੂਰ ਪਹੁੰਚੋ।
3. ਸਿੱਖ ਧਰਮ ਸੱਚ ਦੀ ਕਮਾਈ ਦਾ ਧਰਮ ਹੈ। ਜਗਤ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੁੱਚੇ ਜੀਵਨ ਕਾਲ ਵਿੱਚ ਸੱਚ ਦੀ ਕਮਾਈ ਕੀਤੀ, ਜੋ ਸਿੱਖ ਧਰਮ ਦੀ ਦੂਸਰੇ ਧਰਮਾਂ ਨਾਲੋ ਵਿਖੱਖਣਤਾ ਹੈ। ਨਾਨਕ ਜੋਤਿ ਨੇ ਖੁਦ ਨਿਸ਼ਕਾਮ ਸੇਵਾਵਾਂ ਕੀਤੀਆਂ, ਕਰਵਾਈਆਂ ਅਤੇ ਸਮੂਹ ਜਗਤ ਨੂੰ ਕਰਨ ਦਾ ਇਹ ਸਰਬਸਾਂਝੀਵਾਲਤਾ ਦਾ ਉਪਦੇਸ਼ ਦਿੱਤਾ। ਨਿਸ਼ਕਾਮ ਸੇਵਾਵਾਂ ਕਰਨ ਨਾਲ ਜੋ ਤਾਕਤ ਵਾਲੀ ਦਵਾਈ ਮਿਲਦੀ ਹੈ, ਉਹ ਕਿਸੇ ਡਾਕਟਰ ਪਾਸੋਂ ਨਹੀਂ ਮਿਲ ਸਕਦੀ।
