ਕਿਸ਼ਤ-4: ਕਾਂਡ ਦੂਜਾ
ਇਤਿਹਾਸ ਵਿੱਚ ਦਿਲਚਸਪੀ ਰੱਖਣ ਵਾਲੇ ਆਮ ਪਾਠਕ ਹੁਣ ਤੱਕ ਅਣਛੋਹ ਅਤੇ ਅਣਗੌਲੀ ਰਹੀ ਸਮੱਗਰੀ ਉੱਤੇ ਆਧਾਰਿਤ ਇਹ ਲੜੀਵਾਰ ਲਿਖਤਾਂ ਪੜ੍ਹ ਕੇ ਜਾਣ ਸਕਣਗੇ ਕਿ ਇਸ ਵਿੱਚ ਪੇਸ਼ ਜਾਣਕਾਰੀ ਤੋਂ ਬਿਨਾਂ ਪੰਜਾਬ ਦਾ ਇਤਿਹਾਸ ਸੰਪੂਰਨ ਨਹੀਂ ਮੰਨਿਆ ਜਾ ਸਕਦਾ, ਅਤੇ ਇਹ ਵੀ ਕਿ ਆਪਣੀ ਹਕੂਮਤ ਸਥਾਪਤ ਕਰਨ ਵਾਸਤੇ ਅੰਗਰੇਜ਼ਾਂ ਨੇ ਕਿਸ ਤਰ੍ਹਾਂ ਦੇ ਹੱਥਕੰਡੇ ਵਰਤੇ! ਪੇਸ਼ ਹੈ, ਸਤਲੁੱਜ ਤੋਂ ਜਮਨਾ ਤੱਕ ਸਿੱਖ ਰਿਆਸਤਾਂ ਦੇ ਗਠਨ ਨਾਲ ਸਬੰਧਤ ਦੂਜਾ ਕਾਂਡ, ਜਿਸ ਵਿੱਚ ਅੰਗਰੇਜ਼ ਅਧਿਕਾਰੀਆਂ ਨਾਲ ਸੰਪਰਕ ਦਾ ਵੇਰਵਾ ਹੈ… ਪ੍ਰਬੰਧਕੀ ਸੰਪਾਦਕ
ਡਾ. ਗੁਰਦੇਵ ਸਿੰਘ ਸਿੱਧੂ
ਫੋਨ:+91-9417049417
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਇਹ ਇਤਿਹਾਸਕ ਸੱਚਾਈ ਹੈ ਕਿ 1800 ਈਸਵੀ ਤੱਕ ਅੰਗਰੇਜ਼ਾਂ ਨੂੰ ਜਮਨਾ ਤੋਂ ਪਾਰ ਸਿੱਖ ਰਿਆਸਤਾਂ ਅਤੇ ਸਤਲੁਜ ਤੋਂ ਪਾਰ ਰਣਜੀਤ ਸਿੰਘ ਦੇ ਪ੍ਰਭੁਤਾ ਸੰਪੰਨ ਰਾਜ ਬਾਰੇ ਭਰੋਸੇਯੋਗ ਜਾਣਕਾਰੀ ਪ੍ਰਾਪਤ ਨਹੀਂ ਸੀ। ਸਿੱਖਾਂ ਦੇ ਸੰਪਰਕ ਵਿੱਚ ਆਉਣ ਵਾਲੇ ਮੁਢਲੇ ਅੰਗਰੇਜ਼ ਅਧਿਕਾਰੀਆਂ ਵਿੱਚੋਂ ਇੱਕ ਚਾਰਲਸ ਲਾਰਡ ਮੈਟਕਾਫ ਦੀ ਜੀਵਨੀ ਅਤੇ ਪੱਤਰ-ਵਿਹਾਰ ਉੱਤੇ ਆਧਾਰਿਤ ਪੁਸਤਕ ਲਿਖਣ ਵਾਲੇ ਮਿਸਟਰ ਕੇਈ ਜੌਹਨ ਵਿਲੀਅਮ ਨੇ ਲਿਖਿਆ ਹੈ ਕਿ “ਅਸੀਂ ਲੰਮਾ ਸਮਾਂ ਸਿੱਖਾਂ ਬਾਰੇ ਥੋੜ੍ਹਾ ਜਾਣ ਕੇ ਸੰਤੁਸ਼ਟ ਰਹੇ। ਇਸ ਸਦੀ (ਉਨ੍ਹੀਵੀਂ) ਦੇ ਅਰੰਭਿਕ ਸਾਲਾਂ ਦੌਰਾਨ ਬਰਤਾਨਵੀ ਕਾਰਜ ਕਰਤਾ ਉਨ੍ਹਾਂ ਨੂੰ ਬੇਕਾਬੂ ਅਤੇ ਨੀਚ, ਜੋ ਘਰੋਂ ਬਾਹਰ ਹੋਣ ਤਾਂ ਲੁੱਟ ਖੋਹ ਕਰਨ ਵਿੱਚ ਰੁੱਝੇ ਰਹਿਣ ਵਾਲੇ ਜਾਂ ਘਰ ਵਿੱਚ ਰਹਿੰਦਿਆਂ ਹਵਸ ਪੂਰਤੀ ਵਿੱਚ ਖੁੱਭੇ ਕੁਰਾਹੀਏ ਕਹਿੰਦੇ ਰਹੇ। ਉਨ੍ਹੀਂ ਦਿਨੀਂ ਸਾਡੇ ਵਾਸਤੇ ਨਾ ਉਨ੍ਹਾਂ ਦੇ ਖੇਤਰੀ ਬੰਦੋਬਸਤ, ਨਾ ਫੌਜੀ ਸਰੋਤ ਵੱਡੀ ਚਿੰਤਾ ਦਾ ਵਿਸ਼ਾ ਸਨ। ਜੇਕਰ ਅਸੀਂ ਰਾਜਸੀ ਮਨੋਰਥ ਦੀ ਪ੍ਰਾਪਤੀ ਲਈ ਗੋਬਿੰਦ ਦੇ ਪੈਰੋਕਾਰਾਂ ਦੇ ਕੌਮੀ ਚਰਿੱਤਰ ਬਾਰੇ ਕੁੱਝ ਜਾਣਿਆ ਤਾਂ ਇਹ ਨਸਲੀ ਜਾਣਕਾਰੀ ਦੀ ਥਾਂ ਉਨ੍ਹਾਂ ਦੇ ਕੰਮ ਧੰਦੇ ਬਾਰੇ ਸੀ।”
ਜਦ ਈਸਟ ਇੰਡੀਆ ਕੰਪਨੀ ਵੱਲੋਂ ਸਿੰਧੀਆ ਦੇ ਦਰਬਾਰ ਵਿੱਚ ਨਿਯੁਕਤ ਰੈਜ਼ੀਡੈਂਟ ਮਿਸਟਰ ਕੋਲਿਨਜ਼ ਨੇ ਕਲਕੱਤੇ ਬੈਠੇ ਗਵਰਨਰ ਜਨਰਲ ਲਾਰਡ ਵੈਲਜ਼ਲੇ ਨੂੰ ਸ਼ਾਹ ਜ਼ਮਾਨ ਅਤੇ ਲਾਹੌਰ ਦਰਮਿਆਨ ਨੇੜਤਾ ਹੋਣ ਦੀ ਕਨਸੋਅ ਦਿੱਤੀ ਤਾਂ ਉਸ ਨੇ ਲਾਹੌਰ ਦਰਬਾਰ ਪ੍ਰਤੀ ਸ਼ੁਭ ਇੱਛਾ ਪ੍ਰਗਟਾਉਣ ਵਾਸਤੇ ਪ੍ਰਤੀਨਿੱਧ ਭੇਜਣ ਦਾ ਫੈਸਲਾ ਕੀਤਾ। ਉਸਨੇ ਅਜਿਹਾ ਸਿੰਧੀਆ ਰਾਹੀਂ ਹੀ ਕਰਨ ਨੂੰ ਉਚਿਤ ਸਮਝਿਆ ਅਤੇ 1800 ਦੇ ਸ਼ੁਰੂ ਵਿੱਚ ਸਿੰਧੀਆ ਨੂੰ ਸੁਝਾਅ ਦਿੱਤਾ ਕਿ ਉਹ ਸਿੱਖ ਰਾਜਿਆਂ ਵੱਲ ਗੁਪਤ ਸੰਦੇਸ਼-ਵਾਹਕ ਭੇਜ ਕੇ ਸ਼ਾਹ ਜ਼ਮਾਨ ਦਾ ਵਿਰੋਧ ਕਰਨ ਤੇ ਅੰਗਰੇਜ਼ਾਂ ਪ੍ਰਤੀ ਸਦ-ਭਾਵਨਾ ਰੱਖਣ ਦੀ ਪ੍ਰੇਰਨਾ ਕਰੇ। ਅੰਗਰੇਜ਼ ਰੈਜ਼ੀਡੈਂਟ ਦੀ ਸਲਾਹ ਨਾਲ ਸਿੰਧੀਆ ਨੇ ਇਸ ਮਨੋਰਥ ਲਈ ਆਪਣੇ ਅਹਿਲਕਾਰ ਮੀਰ ਯੂਸਫ ਅਲੀ ਦੀ ਚੋਣ ਕੀਤੀ ਅਤੇ ਉਸ ਨੂੰ ਮਈ ਦੇ ਮਹੀਨੇ ਲਾਹੌਰ ਵੱਲ ਨੂੰ ਤੋਰਿਆ। ਉਸ ਦੇ ਲਾਹੌਰ ਨੂੰ ਰਵਾਨਾ ਹੋਣ ਬਾਰੇ ਜਾਣ ਕੇ ਦੌਲਤ ਰਾਓ ਸਿੰਧੀਆ ਦੇ ਦਿੱਲੀ ਵਿੱਚ ਤੈਨਾਤ ਫਰਾਂਸੀਸੀ ਸੈਨਾ ਮੁਖੀ ਪੈਰਨ ਨੇ ਰਾਜਾ ਭਾਗ ਸਿੰਘ ਰਾਹੀਂ ਰਾਜਾ ਰਣਜੀਤ ਸਿੰਘ ਨੂੰ ਕੰਪਨੀ ਦੀਆਂ ਚਾਲਾਂ ਤੋਂ ਸੁਚੇਤ ਰਹਿਣ ਲਈ ਦਾ ਸੁਨੇਹਾ ਭੇਜਿਆ। ਇਸ ਲਈ ਮੀਰ ਯੂਸਫ ਅਲੀ ਨੂੰ ਤਾਂ ਭਾਵੇਂ ਆਪਣੇ ਮਿਸ਼ਨ ਵਿੱਚ ਸਫਲਤਾ ਨਾ ਮਿਲੀ, ਪਰ ਇਸ ਨਾਲ ਈਸਟ ਇੰਡੀਆ ਕੰਪਨੀ ਅਤੇ ਰਣਜੀਤ ਸਿੰਘ ਦਰਮਿਆਨ ਸੰਪਰਕ ਬਣ ਗਿਆ। ਰਣਜੀਤ ਸਿੰਘ ਨੇ ਬਿਨਾਂ ਮੀਰ ਯੂਸਫ ਅਲੀ ਨੂੰ ਦੱਸਿਆਂ ਫਤਿਹ ਗੜ੍ਹ ਵਿਚਲੇ ਕੰਪਨੀ ਦੇ ਰੈਜ਼ੀਡੈਂਟ ਨੂੰ ਖਤ ਅਤੇ ਖਰੀਤਾ ਭੇਜ ਕੇ ਵਿਸ਼ਵਾਸ ਦਵਾਇਆ ਕਿ ਉਹ ਕਿਸੇ ਵੀ ਤਰ੍ਹਾਂ ਸ਼ਾਹ ਜ਼ਮਾਨ ਨਾਲ ਨਜ਼ਦੀਕੀ ਨਹੀਂ ਬਣਾਏਗਾ।
1803 ਵਿੱਚ ਅੰਗਰੇਜ਼ਾਂ ਅਤੇ ਮਰਹੱਟਿਆਂ ਦਰਮਿਆਨ ਲੜਾਈ ਦੀ ਨੌਬਤ ਆਈ ਤਾਂ ਅੰਗਰੇਜ਼ਾਂ ਨੇ ਜਮਨਾ ਤੋਂ ਪੱਛਮ ਵੱਲ ਰਣਜੀਤ ਸਿੰਘ ਸਮੇਤ ਸਾਰੇ ਸਿੱਖ ਰਾਜਿਆਂ ਅਤੇ ਮਿਲਖ ਮਾਲਕਾਂ ਦੀ ਸਹਾਇਤਾ ਦੀ ਲੋੜ ਮਹਿਸੂਸ ਕਰਦੇ ਹੋਏ ਉਨ੍ਹਾਂ ਨਾਲ ਸੰਪਰਕ ਬਣਾਇਆ ਤੇ ਭਰੋਸਾ ਦਿੱਤਾ ਕਿ ਦਿੱਲੀ ਦੀ ਜਿੱਤ ਪਿੱਛੋਂ ਅੰਗਰੇਜ਼ ਸਰਕਾਰ ਵੱਲੋਂ ਉਨ੍ਹਾਂ ਨੂੰ ਸੁਰੱਖਿਆ ਤਾਂ ਦਿੱਤੀ ਹੀ ਜਾਵੇਗੀ, ਸਗੋਂ ਉਨ੍ਹਾਂ ਪਾਸੋਂ ਨਜ਼ਰਾਨਾ ਵਗੈਰਾ ਵੀ ਨਹੀਂ ਲਿਆ ਜਾਵੇਗਾ। ਅੰਗਰੇਜ਼ਾਂ ਦਾ ਯਤਨ ਸੀ ਕਿ ਮਰਹੱਟਿਆਂ ਖਿਲਾਫ ਸਿੱਖ ਰਾਜਿਆਂ ਦੀ ਮਦਦ ਨਾ ਵੀ ਮਿਲੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਨਿਰਪੱਖ ਹੀ ਰੱਖਿਆ ਜਾ ਸਕੇ। ਉੱਤਰ ਵਿੱਚ ਮਰਹੱਟਿਆਂ ਦੇ ਵਰਤਾਓ ਤੋਂ ਦੁਖੀ ਹੋਏ ਸਿੱਖ ਰਾਜਿਆਂ ਨੇ ਅੰਗਰੇਜ਼ੀ ਸੈਨਾ ਦਾ ਸਾਥ ਦੇਣ ਦਾ ਵਾਅਦਾ ਕੀਤਾ, ਪਰ ਕੇਵਲ ਕੈਥਲ ਦਾ ਰਾਜਾ ਭਾਈ ਲਾਲ ਸਿੰਘ ਅਤੇ ਜੀਂਦ ਦਾ ਰਾਜਾ ਭਾਗ ਸਿੰਘ ਖੁਲ੍ਹ ਕੇ ਅੰਗਰੇਜ਼ਾਂ ਦੀ ਮਦਦ ਉੱਤੇ ਆਏ। ਮਰਹੱਟਿਆਂ ਨੂੰ ਹਰਾਉਣ ਪਿੱਛੋਂ ਅੰਗਰੇਜ਼ਾਂ ਨੇ ਆਪਣੀ ਮਦਦ ਕਰਨ ਵਾਲੇ ਰਾਜਾ ਭਾਗ ਸਿੰਘ ਜੀਂਦ ਨੂੰ 26 ਸਤੰਬਰ 1803 ਨੂੰ ਖਰਖੋਦਕ ਮਿਲਖ ਅਤੇ 7 ਮਾਰਚ 1804 ਨੂੰ ਫਰੀਦਪੁਰ, ਗੋਹਾਣਾ ਅਤੇ ਬਰਸਤ ਦਾ ਪਰਗਣਾ ਸੌਂਪਿਆ। ਪਿਛਲੇਰਿਆਂ ਵਿੱਚ ਭਾਈ ਲਾਲ ਸਿੰਘ ਨੂੰ ਵੀ ਹਿੱਸੇਦਾਰ ਰੱਖਿਆ ਗਿਆ ਸੀ।
ਸਤਲੁਜ ਤੋਂ ਪੂਰਬ ਵੱਲ ਦੇ ਸਿੱਖ ਰਾਜਿਆਂ ਅਤੇ ਸਰਦਾਰਾਂ ਵਿੱਚੋਂ ਗੁਰਦਿੱਤ ਸਿੰਘ ਲਾਡਵਾ, ਮਹਿਤਾਬ ਸਿੰਘ ਥਾਨੇਸਰ ਅਤੇ ਕੁਝ ਛੋਟੇ ਸਰਦਾਰ– ਸ਼ੇਰ ਸਿੰਘ ਬੂੜੀਆ, ਰਾਇ ਸਿੰਘ ਜਗਾਧਰੀ, ਜੋਧ ਸਿੰਘ ਕਲਸੀ ਅਤੇ ਕਰਮ ਸਿੰਘ ਸ਼ਹੀਦ ਸਨ, ਜੋ ਮਰਹੱਟਿਆਂ ਦੀ ਸੈਨਾ ਵਿੱਚ ਸ਼ਾਮਲ ਹੋ ਕੇ ਅੰਗਰੇਜ਼ਾਂ ਦੇ ਵਿਰੁੱਧ ਲੜੇ ਸਨ। ਇਨ੍ਹਾਂ ਨੇ ਲੜਾਈ ਖਤਮ ਹੋਣ ਪਿੱਛੋਂ ਵੀ ਅੰਗਰੇਜ਼ੀ ਇਲਾਕੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਕਰਨੀਆਂ ਜਾਰੀ ਰੱਖੀਆਂ। ਅੰਗਰੇਜ਼ਾਂ ਨੇ ਉਨ੍ਹਾਂ ਦੀਆਂ ਕਾਰਵਾਈਆਂ ਨੂੰ ਠੱਲ੍ਹ ਪਾਉਣ ਵਾਸਤੇ ਸਿੱਖ ਰਾਜਿਆਂ ਖਾਸ ਕਰਕੇ ਰਾਜਾ ਭਾਗ ਸਿੰਘ ਜੀਂਦ ਅਤੇ ਭਾਈ ਲਾਲ ਸਿੰਘ ਕੈਥਲ ਦੀ ਮਦਦ ਚਾਹੀ, ਪਰ ਇਨ੍ਹਾਂ ਦੋਵਾਂ ਨੇ ਮਦਦ ਕਰਨ ਤੋਂ ਪਹਿਲਾਂ ਨਵੇਂ ਇਲਾਕੇ ਲੈਣ ਬਾਰੇ ਆਪਣੀਆਂ ਮੰਗਾਂ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੂੰ ਦਿੱਲੀ ਸਥਿਤ ਅੰਗਰੇਜ਼ ਰੈਜ਼ੀਡੈਂਟ ਮਿਸਟਰ ਡੇਵਿਡ ਆਕਟਰਕੋਨੀ ਪਾਸੋਂ ਆਪਣੀਆਂ ਮੰਗਾਂ ਬਾਰੇ ਕੋਈ ਭਰੋਸਾ ਲੈਣ ਵਿੱਚ ਸਾਲ ਦਾ ਸਮਾਂ ਗੁਜ਼ਰ ਗਿਆ। ਜਦ ਤੱਕ ਉਹ ਅੰਗਰੇਜ਼ੀ ਸੈਨਾ ਦੀ ਮਦਦ ਲਈ ਤਿਆਰ ਹੋਏ, ਉਦੋਂ ਤੱਕ ਇਸ ਦੀ ਲੋੜ ਨਹੀਂ ਸੀ ਰਹੀ।
ਮਰਹੱਟਿਆਂ ਦੀ ਮਦਦ ਕਰਨ ਵਾਲੇ ਸਿੱਖ ਸਰਦਾਰਾਂ ਨੂੰ ਸਬਕ ਸਿੱਖਾਉਣ ਵਾਸਤੇ ਅੰਗਰੇਜ਼ਾਂ ਨੇ ਲੈਫਟੀਨੈਂਟ ਕਰਨਲ ਬਰਨ ਨੂੰ ਫੌਜ ਦੇ ਕੇ ਭੇਜਿਆ। ਸਿੱਖ ਸਰਦਾਰ ਉਸ ਨਾਲ ਹੋਈ ਲੜਾਈ ਵਿੱਚ ਹਾਰ ਖਾਣ ਪਿੱਛੋਂ ਕਰਨਾਲ, ਜੋ ਗੁਰਦਿੱਤ ਸਿੰਘ ਲਾਡਵਾ ਦੀ ਮਲਕੀਅਤ ਸੀ, ਵਿੱਚ ਆ ਗਏ। ਉਨ੍ਹਾਂ ਦਾ ਪਿੱਛਾ ਕਰਦਾ ਹੋਇਆ ਬਰਨ ਵੀ ਕਰਨਾਲ ਪਹੁੰਚ ਗਿਆ। ਉਹ ਅਜੇ ਕਿਲ੍ਹੇ ਨੂੰ ਘੇਰਨ ਦੀ ਤਿਆਰੀ ਕਰ ਰਿਹਾ ਸੀ ਕਿ ਗੁਰਦਿੱਤ ਸਿੰਘ ਲਾਡਵਾ ਦੇ ਦੂਤ ਨੇ ਆ ਕੇ ਉਸ ਪਾਸੋਂ ਰਾਜ਼ੀਨਾਮੇ ਦੀਆਂ ਸ਼ਰਤਾਂ ਦੀ ਜਾਣਕਾਰੀ ਮੰਗੀ। ਬਰਨ ਦਾ ਕਹਿਣਾ ਸੀ ਕਿ ਉਹ ਸਰਦਾਰ ਦੇ ਆਤਮ-ਸਮਰਪਣ ਕਰ ਦੇਣ ਤੋਂ ਪਿੱਛੋਂ ਹੀ ਕੁਝ ਕਹੇਗਾ। ਮੌਕਾ ਪਾ ਕੇ ਗੁਰਦਿੱਤ ਸਿੰਘ ਲਾਡਵਾ ਘੇਰੇ ਵਿੱਚੋਂ ਨਿਕਲ ਗਿਆ, ਪਰ ਰਾਇ ਸਿੰਘ ਜਗਾਧਰੀ, ਭੰਗਾ ਸਿੰਘ ਥਾਨੇਸਰ ਅਤੇ ਭਾਗ ਸਿੰਘ ਛਛਰੌਲੀ ਫੜੇ ਗਏ। ਜਦ ਗੁਰਦਿੱਤ ਸਿੰਘ ਲਾਡਵਾ ਨੇ ਮਹਿਸੂਸ ਕੀਤਾ ਕਿ ਉਸ ਦੀ ਜ਼ਿਦ ਦਾ ਕੋਈ ਚੰਗਾ ਸਿੱਟਾ ਨਹੀਂ ਨਿਕਲੇਗਾ ਤਾਂ ਉਸ ਨੇ ਵੀ ਰਾਜ਼ੀਨਾਮੇ ਵਾਸਤੇ ਮਿਸਟਰ ਬਰਨ ਕੋਲ ਕਰਨਾਲ ਭੇਜੇ ਆਪਣੇ ਦੂਤ ਰਾਹੀਂ ਕਰਨਾਲ ਅਤੇ ਜਿਨਜਿਨਾਂ ਦੀ ਮਾਲਕੀ ਛੱਡ ਕੇ ਸਮਝੌਤਾ ਕਰਨ ਦੀ ਪੇਸ਼ਕਸ਼ ਕੀਤੀ। ਲੈਫਟੀਨੈਂਟ ਕਰਨਲ ਬਰਨ ਨੇ ਸਾਰੀ ਸਥਿਤੀ ਦਿੱਲੀ ਸਥਿਤ ਅੰਗਰੇਜ਼ ਰੈਜ਼ੀਡੈਂਟ ਡੇਵਿਡ ਆਕਟਰਲੋਨੀ ਦੇ ਧਿਆਨ ਵਿੱਚ ਲਿਆ ਕੇ ਕੀਤੀ ਜਾਣ ਵਾਲੀ ਕਾਰਵਾਈ ਬਾਰੇ ਅਗਵਾਈ ਮੰਗੀ। ਰੈਜ਼ੀਡੈਂਟ ਖੁਦ ਇਹ ਫੈਸਲਾ ਲੈਣ ਦਾ ਅਧਿਕਾਰੀ ਨਹੀਂ ਸੀ, ਇਸ ਲਈ ਉਸ ਨੇ ਸਾਰਾ ਵੇਰਵਾ ਗਵਰਨਰ ਜਨਰਲ ਨੂੰ ਲਿਖ ਭੇਜਿਆ। ਕਸੂਰਵਾਰਾਂ ਨੂੰ ਸਜ਼ਾ ਦੇਣ ਬਾਰੇ ਉਸ ਨੇ ਦੋ ਸੁਝਾਅ ਦਿੱਤੇ। ਪਹਿਲਾ ਇਹ ਕਿ ਸਤਲੁਜ ਤੱਕ ਦਾ ਸਾਰਾ ਇਲਾਕਾ ਮੁਗਲ ਬਾਦਸ਼ਾਹ ਦੀ ਸਲਤਨਤ ਦੇ ਨਾਉਂ ਹੇਠ ਆਪਣੇ ਰਾਜ ਵਿੱਚ ਮਿਲਾ ਲਿਆ ਜਾਵੇ। ਉਸ ਦਾ ਦੂਜਾ ਸੁਝਾਅ ਇਹ ਸੀ ਕਿ ਇਹ ਸਾਰਾ ਇਲਾਕਾ ਇਸ ਖੇਤਰ ਦੇ ਸ਼ਕਤੀਸ਼ਾਲੀ ਪਟਿਆਲਾ, ਨਾਭਾ, ਜੀਂਦ ਅਤੇ ਕੈਥਲ ਦੇ ਰਾਜਿਆਂ ਵਿੱਚ ਵੰਡ ਦਿੱਤਾ ਜਾਵੇ ਅਤੇ ਬਦਲੇ ਵਿੱਚ ਉਨ੍ਹਾਂ ਪਾਸੋਂ ਉਹ ਹੀ ਨਜ਼ਰਾਨਾ ਲਿਆ ਜਾਵੇ, ਜੋ ਮਰਹੱਟਿਆਂ ਵੇਲੇ ਉਨ੍ਹਾਂ ਕੋਲੋਂ ਲਿਆ ਜਾਂਦਾ ਸੀ।
1805 ਵਿੱਚ ਵੈਲਜ਼ਲੇ ਦੀ ਥਾਂ ਕਾਰਨਵਾਲਸ ਗਵਰਨਰ ਜਨਰਲ ਨਿਯੁਕਤ ਹੋ ਕੇ ਹਿੰਦੁਸਤਾਨ ਆਇਆ। ਜੇ ਵੈਲਜ਼ਲੇ ਗਵਰਨਰ ਜਨਰਲ ਬਣਿਆ ਰਹਿੰਦਾ ਤਾਂ ਸੰਭਵ ਹੈ, ਉਪਰੋਕਤ ਸੁਝਾਵਾਂ ਵਿੱਚੋਂ ਕਿਸੇ ਇੱਕ ਨੂੰ ਪ੍ਰਵਾਨ ਕਰ ਲਿਆ ਜਾਂਦਾ, ਪਰ ਕਾਰਨਵਾਲਸ ਦੀ ਨੀਤੀ ਸਥਾਨਕ ਹਾਕਮਾਂ ਦੀ ਹੋਂਦ ਬਣਾਈ ਰੱਖਦਿਆਂ ਉਨ੍ਹਾਂ ਨੂੰ ਅੰਗਰੇਜ਼ੀ ਸਰਪ੍ਰਸਤੀ ਹੇਠ ਲੈ ਕੇ ਕੰਪਨੀ ਸਰਕਾਰ ਦੀ ਇੱਛਾ ਅਨੁਸਾਰ ਕੰਮ ਕਰਵਾਉਣ ਦੀ ਸੀ। ਇਸ ਲਈ ਗਵਰਨਰ ਜਨਰਲ ਦੇ ਪੱਧਰ ਉੱਤੇ ਰੈਜ਼ੀਡੈਂਟ ਵੱਲੋਂ ਦਿੱਤੇ ਦੋਵੇਂ ਸੁਝਾਅ ਨਾ ਮੰਨਣਯੋਗ ਸਮਝੇ ਗਏ। ਪਹਿਲੇ ਸੁਝਾਅ ਅਨੁਸਾਰ ਕੀਤੀ ਜਾਣ ਵਾਲੀ ਕਾਰਵਾਈ ਨੂੰ ਬੇਇਨਸਾਫੀ ਅਤੇ ਅਨੀਤੀਪੂਰਨ ਮੰਨਿਆ ਗਿਆ ਅਤੇ ਦੂਜੇ ਸੁਝਾਅ ਨੂੰ ਨਜ਼ਰਾਨਾ ਉਗਰਾਹੁਣ ਵਾਸਤੇ ਕੀਤੇ ਜਾਣ ਵਾਲੇ ਮਹਿੰਗੇ ਬੰਦੋਬਸਤ ਕਾਰਨ ਨਾ ਅਮਲਯੋਗ। ਇਸ ਲਈ ਫੈਸਲਾ ਹੋਇਆ ਕਿ ਇਸ ਸਥਿਤੀ ਨੂੰ ਜਿਉਂ ਦੀ ਤਿਉਂ ਹੀ ਰੱਖਿਆ ਜਾਵੇ। ਉਂਝ ਵੀ ਕੰਪਨੀ ਸਰਕਾਰ ਚਾਹੁੰਦੀ ਸੀ ਕਿ ਉਸ ਦੇ ਰਾਜ ਅਤੇ ਰਣਜੀਤ ਸਿੰਘ ਦੇ ਰਾਜ ਵਿਚਕਾਰ ਇਸ ਤਰ੍ਹਾਂ ਦੇ ਛੋਟੇ ਰਾਜ ਹੋਣ।
ਈਸਟ ਇੰਡੀਆ ਕੰਪਨੀ ਦੇ ਅਧਿਕਾਰੀ ਸਮਝਦੇ ਸਨ ਕਿ ਸਤਲੁਜ ਤੋਂ ਪੂਰਬ ਵੱਲ ਦਾ ਇਲਾਕਾ ਗਿਣਤੀ ਦੀਆਂ ਸਿੱਖ ਰਿਆਸਤਾਂ ਵਿੱਚ ਵੰਡਿਆ ਹੋਇਆ ਹੈ, ਪਰ ਜਦ ਇਸ ਇਲਾਕੇ ਨਾਲ ਵਾਹ ਪਿਆ ਤਾਂ ਪਤਾ ਲੱਗਾ ਕਿ ਵੱਡੇ ਰਾਜਿਆਂ ਦੀ ਗਿਣਤੀ ਦੇ ਮੁਕਾਬਲੇ ਛੋਟੇ-ਵੱਡੇ ਹੋਰ ਸਰਦਾਰਾਂ ਦੀ ਗਿਣਤੀ ਕਿਤੇ ਵੱਧ ਹੈ। ਇਸ ਲਈ ਅੰਗਰੇਜ਼ੀ ਸੈਨਾ ਦੇ ਸੈਨਾਪਤੀ ਨੇ ਸਿੱਖ ਸਰਦਾਰਾਂ ਨੂੰ ਕੰਪਨੀ ਸਰਕਾਰ ਦੇ ਨੇੜੇ ਲਿਆਉਣ ਲਈ ਮਾਰਚ 1805 ਵਿੱਚ ਅੰਗਰੇਜ਼ ਵਿਰੁੱਧ ਲੜਨ ਵਾਲੇ ਸਰਦਾਰਾਂ ਸਮੇਤ ਸਭਨਾਂ ਵਾਸਤੇ ਆਮ ਮਾਫੀ ਦਾ ਐਲਾਨ ਕੀਤਾ। ਸ਼ਰਤ ਕੇਵਲ ਇਹ ਸੀ ਕਿ ਦੋਵੇਂ ਧਿਰਾਂ ਆਪਸ ਵਿੱਚ ਸ਼ਾਂਤੀ ਨਾਲ ਰਹਿਣ ਅਤੇ ਨਾ ਲੜਨ ਦਾ ਅਹਿਦ ਕਰਨ। ਇਹ ਐਲਾਨ ਗੁਰਦਿੱਤ ਸਿੰਘ ਲਾਡਵਾ ਤੋਂ ਬਿਨਾਂ ਸਾਰੀਆਂ ਰਿਆਸਤਾਂ ਅਤੇ ਸਿੱਖ ਸਰਦਾਰਾਂ ਨੂੰ ਭੇਜਿਆ ਗਿਆ। ਅਪ੍ਰੈਲ ਵਿੱਚ ਅੰਗਰੇਜ਼ਾਂ ਨੇ ਗੁਰਦਿੱਤ ਸਿੰਘ ਤੋਂ ਕਰਨਾਲ ਦਾ ਇਲਾਕਾ ਖੋਹ ਲਿਆ। ਕੁਝ ਸਮੇਂ ਪਿੱਛੋਂ ਗੁਰਦਿੱਤ ਸਿੰਘ ਲਾਡਵਾ ਨੂੰ ਵੀ ਇਹ ਸੁਨੇਹਾ ਪੁੱਜਦਾ ਕੀਤਾ ਗਿਆ।
ਮਹਾਰਾਜਾ ਰਣਜੀਤ ਸਿੰਘ ਦੀਆਂ ਸਤਲੁਜ ਤੋਂ ਪੂਰਬ ਵੱਲ ਜਿੱਤਾਂ
ਮਹਾਰਾਜਾ ਰਣਜੀਤ ਸਿੰਘ ਨੇ ਦਰਿਆ ਸਤਲੁਜ ਤੋਂ ਪੂਰਬ ਵੱਲ ਜਿੱਤਾਂ ਦਾ ਸਿਲਸਿਲਾ 1806 ਈਸਵੀ ਵਿੱਚ ਸ਼ੁਰੂ ਕੀਤਾ। ਦੁਲੱਦੀ ਨਾਉਂ ਦਾ ਇੱਕ ਪਿੰਡ ਨਾਭਾ ਰਿਆਸਤ ਦੇ ਸਦਰ ਮੁਕਾਮ ਨਾਭਾ ਤੋਂ ਕੁਝ ਹੀ ਮੀਲਾਂ ਦੀ ਵਿੱਥ ਉੱਤੇ ਸੀ, ਪਰ ਰਿਆਸਤ ਪਟਿਆਲਾ ਦਾ ਰਾਜਾ ਸਾਹਿਬ ਸਿੰਘ ਵੀ ਇਸ ਪਿੰਡ ਉੱਤੇ ਆਪਣੀ ਮਾਲਕੀ ਦੱਸਦਾ ਸੀ। ਇਉਂ ਇਹ ਪਿੰਡ ਦੋਵਾਂ ਰਿਆਸਤਾਂ ਦਰਮਿਆਨ ਨਿਰੰਤਰ ਝਗੜੇ ਦਾ ਕਾਰਨ ਬਣਿਆ ਹੋਇਆ ਸੀ। ਨਾਭੇ ਦਾ ਰਾਜਾ ਜਸਵੰਤ ਸਿੰਘ ਆਪਣੇ ਵਿਰੋਧੀ ਨਾਲੋਂ ਘੱਟ ਸ਼ਕਤੀ ਦਾ ਮਾਲਕ ਸੀ, ਇਸ ਲਈ ਉਸਨੇ ਜੀਂਦ ਰਿਆਸਤ ਦੇ ਮਾਲਕ ਰਾਜਾ ਭਾਗ ਸਿੰਘ ਦੀ ਸਲਾਹ ਨਾਲ ਰਾਜਾ ਰਣਜੀਤ ਸਿੰਘ ਨੂੰ ਆਪਣੀ ਸਹਾਇਤਾ ਲਈ ਬੁਲਾਇਆ। ਇਸ ਸਮੇਂ ਰਣਜੀਤ ਸਿੰਘ ਫਿਲੌਰ ਦੇ ਘਾਟ ਨੂੰ ਪਾਰ ਕਰਕੇ ਮਾਲਵੇ ਵਿੱਚ ਦਾਖਲ ਹੋਇਆ ਅਤੇ ਲੁਧਿਆਣਾ, ਜਗਰਾਓਂ, ਰਾਏਕੋਟ ਅਤੇ ਮਲੇਰਕੋਟਲਾ ਹੁੰਦਾ ਹੋਇਆ ਪਟਿਆਲੇ ਪਹੁੰਚਿਆ ਅਤੇ ਖੰਨਾ, ਪਾਇਲ ਹੁੰਦਾ ਹੋਇਆ ਵਾਪਸ ਪਰਤਿਆ। ਇਸ ਮੌਕੇ ਰਾਹ ਵਿੱਚ ਪੈਂਦੇ ਕਈ ਇਲਾਕੇ ਰਣਜੀਤ ਸਿੰਘ ਨੇ ਆਪਣੇ ਅਧੀਨ ਕਰ ਲਏ ਅਤੇ ਕੁਝ ਸਰਦਾਰਾਂ ਨੇ ਉਸ ਦੀ ਅਧੀਨਗੀ ਪ੍ਰਵਾਨ ਕੀਤੀ।
ਅਗਲੇ ਹੀ ਸਾਲ ਇੱਕ ਵਾਰ ਫੇਰ ਰਣਜੀਤ ਸਿੰਘ ਹਰੀ ਕੇ ਪੱਤਣ ਤੋਂ ਦਰਿਆ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਆਇਆ। ਇਸ ਵਾਰ ਉਸ ਨੂੰ ਪਟਿਆਲੇ ਦੀ ਰਾਣੀ ਆਸ ਕੌਰ ਨੇ ਸੱਦਾ ਦਿੱਤਾ ਸੀ, ਕਿਉਂਕਿ ਉਹ ਆਪਣੇ ਪਤੀ, ਪਟਿਆਲੇ ਦੇ ਰਾਜੇ ਸਾਹਿਬ ਸਿੰਘ ਨਾਲ ਰਹਿੰਦੀ ਅਣ-ਬਣ ਨੂੰ ਰਣਜੀਤ ਸਿੰਘ ਦੇ ਪ੍ਰਭਾਵ ਨਾਲ ਖ਼ਤਮ ਕਰਵਾਉਣਾ ਚਾਹੁੰਦੀ ਸੀ। ਰਣਜੀਤ ਸਿੰਘ ਨੇ ਹਰੀ ਕੇ ਪੱਤਣ ਤੋਂ ਦਰਿਆ ਸਤਲੁੱਜ ਪਾਰ ਕੀਤਾ ਅਤੇ ਜ਼ੀਰਾ, ਧਰਮਕੋਟ, ਬੱਧਣੀ ਆਦਿ ਹੁੰਦਾ ਹੋਇਆ ਪਟਿਆਲੇ ਪਹੁੰਚਿਆ। ਉਹ ਪਟਿਆਲੇ ਦੇ ਰਾਜੇ ਅਤੇ ਰਾਣੀ ਦਰਮਿਆਨ ਸੁਲਾਹ ਕਰਵਾ ਕੇ ਥਾਨੇਸਰ, ਬੂੜੀਆ, ਅੰਬਾਲਾ ਲੰਘ ਕੇ ਨਰਾਇਣਗੜ੍ਹ ਦੇ ਕਿਲ੍ਹੇ ਉੱਤੇ ਹਮਲਾਵਰ ਹੋਇਆ। ਇਸ ਕਿਲ੍ਹੇ ਨੂੰ ਜਿੱਤਣ ਉਪਰੰਤ ਉਹ ਮਨੀਮਾਜਰਾ, ਖਰੜ, ਖੁਮਾਣੋਂ ਆਦਿ ਵਿੱਚ ਦੀ ਲੰਘਦਿਆਂ ਰੋਪੜ ਦੇ ਸਥਾਨ ਤੋਂ ਦਰਿਆ ਸਤਲੁੱਜ ਪਾਰ ਕਰਕੇ ਆਪਣੇ ਇਲਾਕੇ ਵਿੱਚ ਪਹੁੰਚਿਆ। ਨਰਾਇਣਗੜ੍ਹ ਦੇ ਘੇਰੇ ਦੌਰਾਨ ਰਣਜੀਤ ਸਿੰਘ ਦਾ ਇੱਕ ਸਾਥੀ ਤਾਰਾ ਸਿੰਘ ਗੈਬਾ, ਜੋ ਡੱਲੇਵਾਲੀਆ ਮਿਸਲ ਦਾ ਸਰਦਾਰ ਸੀ, ਮਾਰਿਆ ਗਿਆ। ਇਸ ਮਿਸਲ ਦਾ ਸਦਰ-ਮੁਕਾਮ ਰਾਹੋਂ ਵਿਖੇ ਸੀ। ਵਾਪਸੀ ਸਮੇਂ ਰਣਜੀਤ ਸਿੰਘ ਨੇ ਡੱਲੇਵਾਲੀਆ ਦੇ ਇਲਾਕੇ ਉੱਤੇ ਕਬਜ਼ਾ ਕਰ ਲਿਆ, ਜਿਸ ਨਾਲ ਇਸ ਮਿਸਲ ਦਾ ਦਰਿਆ ਸਤਲੁੱਜ ਤੋਂ ਪੂਰਬ-ਦੱਖਣ ਵਿੱਚ ਮੋਗੇ ਦਾ ਇਲਾਕਾ ਰਾਮੂੰਵਾਲਾ, ਮਾੜੀ ਆਦਿ ਰਣਜੀਤ ਸਿੰਘ ਦੇ ਅਧੀਨ ਆ ਗਿਆ।
ਮਹਾਰਾਜਾ ਰਣਜੀਤ ਸਿੰਘ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਸਤਲੁਜ ਦਰਿਆ ਦੇ ਪੂਰਬ-ਦੱਖਣ ਵੱਲ ਆ ਕੇ ਬਹੁਤ ਸਾਰੇ ਇਲਾਕਿਆਂ ਨੂੰ ਆਪਣੇ ਕਬਜ਼ੇ ਵਿੱਚ ਕਰ ਲੈਣ ਅਤੇ ਅਨੇਕਾਂ ਜਾਗੀਰਦਾਰਾਂ ਨੂੰ ਆਪਣੀ ਈਨ ਮੰਨਵਾ ਲੈਣ ਦੀ ਕਾਰਵਾਈ ਨੇ ਫੂਲਕੀਆਂ ਰਿਆਸਤਾਂ ਅਤੇ ਹੋਰ ਵੱਡੇ ਸਿੱਖ ਸਰਦਾਰਾਂ ਨੂੰ ਆਪਣੀ ਹੋਣੀ ਬਾਰੇ ਚਿੰਤਾ ਵਿੱਚ ਪਾ ਦਿੱਤਾ। ਉਨ੍ਹਾਂ ਨੇ ਰਣਜੀਤ ਸਿੰਘ ਦੀ ਅਧੀਨਗੀ ਤੋਂ ਬਚਣ ਦਾ ਇੱਕੋ ਇੱਕ ਰਾਹ ਦਿੱਲੀ ਵਿੱਚ ਛਾਉਣੀ ਪਾ ਚੁੱਕੀ ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ ਦੀ ਸਰਪ੍ਰਸਤੀ ਹਾਸਲ ਕਰਨ ਵਿੱਚ ਵੇਖਿਆ ਅਤੇ ਇਸ ਮਨੋਰਥ ਲਈ ਸੰਪਰਕ ਕਾਇਮ ਕਰਨ ਦੇ ਯਤਨ ਕੀਤੇ। ਕੰਪਨੀ ਵੀ ਚਾਹੁੰਦੀ ਸੀ ਕਿ ਦਰਿਆ ਸਤਲੁਜ ਅਤੇ ਦਰਿਆ ਜਮਨਾ ਵਿਚਕਾਰਲਾ ਦੁਆਬਾ ਮਹਾਰਾਜਾ ਰਣਜੀਤ ਸਿੰਘ ਦੇ ਪ੍ਰਭਾਵ ਤੋਂ ਮੁਕਤ ਰਹੇ। ਰਣਜੀਤ ਸਿੰਘ ਕੰਪਨੀ ਦੀ ਇਸ ਸੋਚ ਤੋਂ ਭਲੀ-ਭਾਂਤ ਜਾਣੂ ਸੀ। ਉਹ ਜਾਣਦਾ ਸੀ ਕਿ ਜੇ ਉਸ ਨੇ ਸਮੁੱਚੀ ਸਿੱਖ ਕੌਮ ਦਾ ਮਹਾਰਾਜਾ ਬਣਨਾ ਹੈ ਤਾਂ ਇਸ ਤੋਂ ਪਹਿਲਾਂ ਕਿ ਕੰਪਨੀ ਮਾਲਵੇ ਦੇ ਸਿੱਖ ਇਲਾਕੇ ਵੱਲ ਉਸ ਦੇ ਵਧਣ ਉੱਤੇ ਰੋਕ ਲਾਵੇ, ਉਸ ਨੂੰ ਮਾਲਵੇ ਦਾ ਵੱਧ ਤੋਂ ਵੱਧ ਇਲਾਕਾ ਆਪਣੇ ਅਧੀਨ ਕਰ ਲੈਣਾ ਚਾਹੀਦਾ ਹੈ। ਇਸ ਸੋਚ ਨੂੰ ਅਮਲ ਵਿੱਚ ਲਿਆਉਣ ਲਈ ਉਹ ਇੱਕ ਵਾਰ ਫੇਰ 1808 ਈਸਵੀ ਵਿੱਚ ਹਰੀ ਕੇ ਪੱਤਣ ਤੋਂ ਦਰਿਆ ਸਤਲੁਜ ਪਾਰ ਕਰਕੇ ਮਾਲਵੇ ਵਿੱਚ ਦਾਖਲ ਹੋਇਆ ਅਤੇ ਮਾਲਵੇ ਦੇ ਦੱਖਣੀ ਭਾਗ ਦੇ ਚੋਖੇ ਇਲਾਕੇ ਨੂੰ ਕਬਜ਼ੇ ਵਿੱਚ ਲੈ ਕੇ ਵਾਪਸ ਪਰਤਿਆ। ਇਸ ਇਲਾਕੇ ਵਿੱਚ ਮਾਰਚ 1808 ਦੌਰਾਨ ਉਸ ਦੇ ਦੀਵਾਨ ਮੋਹਕਮ ਚੰਦ ਨੇ ਪੱਤੋਂ ਕੀ ਸਮੇਤ ਬੱਧਣੀ ਇਲਾਕੇ ਦੇ 15 ਪਿੰਡ ਲਾਹੌਰ ਦਰਬਾਰ ਦੇ ਅਧਿਕਾਰ ਹੇਠ ਲਏ।
ਮਹਾਰਾਜਾ ਰਣਜੀਤ ਸਿੰਘ ਨੇ ਇਨ੍ਹਾਂ ਤਿੰਨਾਂ ਅਵਸਰਾਂ ਸਮੇਂ ਜਿੱਤੇ ਇਲਾਕਿਆਂ ਵਿੱਚੋਂ ਬਹੁਤ ਸਾਰੇ ਇਲਾਕੇ ਆਪਣੇ ਮਦਦਗਾਰਾਂ ਵਿੱਚ ਵੰਡ ਦਿੱਤੇ। ਵੰਡੇ ਗਏ ਇਲਾਕਿਆਂ ਦਾ ਵੇਰਵਾ ਇਸ ਪ੍ਰਕਾਰ ਹੈ:
1. ਰਾਜਾ ਜੀਂਦ ਸ. ਭਾਗ ਸਿੰਘ: ਲੁਧਿਆਣਾ, ਸਰਹਿੰਦ, ਕੋਟ, ਜਗਰਾਓਂ, ਬੱਸੀਆਂ ਅਤੇ ਘੁੰਗਰਾਣਾ ਇਲਾਕੇ ਦੇ 90 ਪਿੰਡ, ਜਿਨ੍ਹਾਂ ਦਾ ਸਾਲਾਨਾ ਮਾਲੀਆ 41,700 ਰੁਪਏ ਬਣਦਾ ਸੀ।
2. ਰਾਜਾ ਨਾਭਾ ਸ. ਜਸਵੰਤ ਸਿੰਘ: ਬੱਸੀਆਂ, ਜਗਰਾਓਂ ਅਤੇ ਘੁੰਗਰਾਣਾ ਇਲਾਕੇ ਦੇ 38 ਪਿੰਡ, ਜਿਨ੍ਹਾਂ ਦਾ ਸਾਲਾਨਾ ਮਾਲੀਆ 30,040 ਰੁਪਏ ਬਣਦਾ ਸੀ।
3. ਗੁਰਦਿੱਤ ਸਿੰਘ ਲਾਡਵਾ: ਬੱਦੋਵਾਲ ਅਤੇ ਜਗਰਾਓਂ ਇਲਾਕੇ ਦੇ 32 ਪਿੰਡ, ਜਿਨ੍ਹਾਂ ਦਾ ਸਾਲਾਨਾ ਮਾਲੀਆ 23,500 ਰੁਪਏ ਬਣਦਾ ਸੀ।
4. ਰਾਜਾ ਕਪੂਰਥਲਾ ਸ. ਫਤਹਿ ਸਿੰਘ ਆਹਲੂਵਾਲੀਆ: ਦਾਖਾ, ਕੋਟ, ਬੱਸੀਆਂ, ਜਗਰਾਓਂ ਅਤੇ ਤਲਵੰਡੀ ਇਲਾਕੇ ਦੇ 106 ਪਿੰਡ, ਜਿਨ੍ਹਾਂ ਦਾ ਸਾਲਾਨਾ ਮਾਲੀਆ 40,505 ਰੁਪਏ ਬਣਦਾ ਸੀ।
5. ਦੀਵਾਨ ਮੋਹਕਮ ਚੰਦ: ਬੱਧਣੀ ਦਾ ਇਲਾਕਾ ਜੋ ਪਿੱਛੋਂ ਮਹਾਰਾਜਾ ਰਣਜੀਤ ਸਿੰਘ ਨੇ 15,000 ਰੁਪਏ ਨਜ਼ਰਾਨਾ ਨਾਲ ਲੈ ਕੇ ਆਪਣੀ ਸੱਸ ਰਾਣੀ ਸਦਾ ਕੌਰ ਦੇ ਹਵਾਲੇ ਕੀਤਾ।
ਉਪਰੋਕਤ ਤੋਂ ਬਿਨਾਂ ਬਹੁਤ ਸਾਰੇ ਹੋਰ ਇੱਕਾ-ਦੁੱਕਾ ਪਿੰਡ ਵਿਸ਼ੇਸ਼ ਵਿਅਕਤੀਆਂ ਨੂੰ ਸੌਂਪੇ ਗਏ ਸਨ।
ਸਤਲੁਜ ਤੋਂ ਪੂਰਬ ਵੱਲ ਆਪਣੀਆਂ ਜਿੱਤਾਂ ਕਾਰਨ ਮਹਾਰਾਜਾ ਰਣਜੀਤ ਸਿੰਘ ਨੇ ਬਹਿਕ ਬੋਡਲਾਂ, ਕੋਟਕਪੂਰਾ, ਮੁਕਤਸਰ, ਭਗਤਾ, ਸੈਦੋ ਕੀ, ਅਮਰਾਲਾ, ਸਿੰਘਾਂਵਾਲਾ ਅਤੇ ਮਾਖੋਵਾਲ ਦੇ ਇਲਾਕੇ ਆਪਣੇ ਅਧੀਨ ਰੱਖੇ। ਉਸ ਨੇ ਇਹ ਇਲਾਕੇ ਮੁਸਲਮਾਨ ਹਾਕਮਾਂ ਪਾਸੋਂ ਹੀ ਨਹੀਂ ਸਨ ਖੋਹੇ, ਸਗੋਂ ਸਿੱਖ ਸਰਦਾਰਾਂ ਨੂੰ ਵੀ ਨਹੀਂ ਸੀ ਬਖਸ਼ਿਆ, ਜਿਸ ਕਾਰਨ ਦਰਿਆ ਘੱਗਰ ਤੋਂ ਦਰਿਆ ਜਮਨਾ ਤੱਕ ਰਿਆਸਤਾਂ ਬਣਾ ਚੁੱਕੇ ਸਰਦਾਰ ਉਸ ਤੋਂ ਡਰੇ ਹੋਏ ਸਨ।
