ਹਵਾ ਵਿੱਚ ਲਟਕੀ ਨੇਤਨਯਾਹੂ ਦੀ ਕੁਰਸੀ

ਸਿਆਸੀ ਹਲਚਲ ਖਬਰਾਂ

*ਕਿਸੇ ਪਾਰਟੀ ਨੂੰ ਨਾ ਮਿਲੀ ਬਹੁਮਤਿ ਇਜ਼ਰਾਇਲੀ ਚੋਣਾਂ ’ਚ
*ਫਲਿਸਤੀਨ ਹਮਦਰਦ ਅਰਬ ਪਾਰਟੀਆਂ ਨੇ 19 ਸੀਟਾਂ ਜਿੱਤੀਆਂ
ਪੰਜਾਬੀ ਪਰਵਾਜ਼ ਬਿਊਰੋ
ਇਜ਼ਰਾਇਲ ਵਿੱਚ ਆਏ ਚੋਣ ਨਤੀਜਿਆਂ ਨੇ ਇਸ ਮੁਲਕ ਨੂੰ ਇੱਕ ਇਤਿਹਾਸਕ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ। ਲੰਘੀ 27 ਅਕਤੂਬਰ ਨੂੰ ਇਜ਼ਰਾਇਲੀ ਪਾਰਲੀਮੈਂਟ ਦੀਆਂ ਵੋਟਾਂ ਪਈਆਂ ਹਨ। ਬਾਅਦ ਵਿੱਚ ਆਏ ਚੋਣ ਨਤੀਜਆਂ ਵਿੱਚ ਨੇਤਨਾਯਾਹੂ ਵਾਲਾ ਜਾਇਨਿਸਟ ਕੁਲੀਸ਼ਨ ਗਰੁੱਪ 53 ਸੀਟਾਂ ਜਿੱਤਣ ਵਿੱਚ ਕਾਮਯਾਬ ਰਿਹਾ, ਜਦਕਿ ਸਾਬਕਾ ਫੌਜੀ ਮੁਖੀ ਆਈਜ਼ਨਕੋਟ ਦੀ ਅਗਵਾਈ ਵਾਲੇ ਯਹੂਦੀ ਗੁੱਟਾਂ ਨੂੰ 48 ਸੀਟਾਂ ਮਿਲੀਆਂ ਹਨ।

ਇਸ ਵਿਚਕਾਰ ਫਲਿਸਤੀਨ ਪੱਖੀ ਅਰਬ ਪਾਰਟੀਆਂ 19 ਸੀਟਾਂ ਜਿੱਤਣ ਵਿੱਚ ਕਾਮਯਾਬ ਹੋ ਗਈਆਂ ਹਨ। ਕੁੱਲ 120 ਸੀਟਾਂ ਵਾਲੀ ਇਜ਼ਰਾਇਲੀ ਪਾਰਲੀਮੈਂਟ ਵਿੱਚ ਸਰਕਾਰ ਬਣਾਉਣ ਲਈ ਆਈਜ਼ਨਕੋਟ ਜਾਂ ਨੇਤਨਯਾਹੂ ਨੂੰ 61 ਸੀਟਾਂ ਚਾਹੀਦੀਆਂ ਹਨ। ਇਸ ਮਕਸਦ ਲਈ ਆਈਜ਼ਨਕੋਟ ਵਾਲੇ ਗਰੁੱਪ ਦੀ ਅਰਬ ਪਾਰਟੀਆਂ ਨਾਲ ਭਾਵੇਂ ਗੱਲਬਾਤ ਚੱਲ ਰਹੀ ਹੈ, ਪਰ ਇਸ ਆਗੂ ਵੱਲੋਂ ਵੀ ਇਸ ਗੱਠਜੋੜ ਦੀ ਕਾਇਮੀ ਲਈ ਅਰਬ ਪਾਰਟੀਆਂ ਅੱਗੇ ਕੁਝ ਅਸੰਭਵ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਇਜ਼ਰਾਇਲ ਦੀ ਆਜ਼ਾਦੀ ਨੂੰ ਸਵੀਕਾਰ ਕਰਨਾ ਅਤੇ ਫੌਜ ਵਿੱਚ ਭਰਤੀ ਹੋ ਕੇ ਸੇਵਾਵਾਂ ਨਿਭਾਉਣਾ ਆਦਿ ਸ਼ਾਮਲ ਹਨ।
ਉਪਰੋਕਤ ਲਟਕਵੇਂ ਨਤੀਜਿਆਂ ਨੂੰ ਅਸਵੀਕਾਰ ਕਰਦਿਆਂ ਇਜ਼ਰਾਇਲ ਦੇ ਕੇਅਰਟੇਕਰ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਅਰਬ ਪਾਰਟੀਆਂ ਨੇ ਵੋਟਾਂ ਦੇ ਮਾਮਲੇ ਵਿੱਚ ਫਰਾਡ ਕੀਤਾ ਹੈ। ਉਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਪਾਰਟੀਆਂ ਨੇ ਇਜ਼ਰਾਇਲੀ ਚੋਣ ਚੋਰੀ ਕੀਤੀ ਹੈ। ਨੇਤਨਯਾਹੂ ਨੇ ਕਿਹਾ ਕਿ ਕਤਰ ਨੇ ਅਰਬ ਪਾਰਟੀਆਂ ਨੂੰ ਫੰਡਿੰਗ ਕੀਤੀ।
ਨੇਤਨਯਾਹੂ ਵੱਲੋਂ ਅਰਬ ਪਾਰਟੀਆਂ ਨਾਲ ਸਮਝੌਤੇ ਦਾ ਤੇ ਸਵਾਲ ਹੀ ਨਹੀਂ ਉੱਠਦਾ, ਪਰ ਆਈਜ਼ਨਕੋਟ ਵੱਲੋਂ ਇਸ ਕਿਸਮ ਦੇ ਸਮਝੌਤੇ ਦੀ ਸੰਭਾਵਨਾ ਬਣ ਸਕਦੀ ਹੈ। ਖਾਸ ਕਰਕੇ ਉਸ ਹਾਲਤ ਵਿੱਚ ਜਦੋਂ ਇਜ਼ਰਾਇਲ ਵਿੱਚ ਇਸ ਸਮਝੌਤੇ ਦੇ ਹੱਕ ਵਿੱਚ ਹਜ਼ਾਰਾਂ ਲੋਕਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਇਸ ਦਾ ਦਬਾਅ ਵੀ ਇਜ਼ਰਾਇਲ ਦੀਆਂ ਵਿਰੋਧੀ ਯਹੂਦੀ ਅਤੇ ਅਰਬ ਪਾਰਟੀਆਂ ਮਹਿਸੂਸ ਕਰ ਰਹੀਆਂ ਹਨ। ਇਸ ਸਮਝੌਤੇ ਦੀ ਅਣਹੋਂਦ ਵਿੱਚ ਨੇਤਨਯਾਹੂ ਇਜ਼ਰਾਇਲ ਦਾ ਕੇਅਰ ਟੇਕਰ ਪ੍ਰਧਾਨ ਮੰਤਰੀ ਬਣਿਆ ਰਹੇਗਾ। ਇਸ ਉਲਝਵੀਂ ਸਥਿਤੀ ਵਿੱਚ ਆਉਣ ਵਾਲੇ ਹਫਤਿਆਂ ਵਿੱਚ ਰਾਜਨੀਤਿਕ ਪਾਰਟੀਆਂ ਵਿਚਾਲੇ ਇੱਕ ਲੰਮੀ ਜੋੜ-ਤੋੜ ਦਾ ਦੌਰ ਚੱਲ ਸਕਦਾ ਹੈ। ਆਈਜ਼ਨਕੋਟ ਨਾਲ ਜੁੜੀ ਇੱਕ ਕੱਟੜ ਯਹੂਦੀ ਪਾਰਟੀ, ਜਿਸ ਕੋਲ 7 ਪਾਰਲੀਮੈਂਟ ਮੈਂਬਰ ਹਨ, ਅਰਬ ਪਾਰਟੀਆਂ ਨਾਲ ਸਮਝੌਤੇ ਦਾ ਸਖਤ ਵਿਰੋਧ ਕਰ ਰਹੀ ਹੈ। ਨੇਤਨਯਾਹੂ ਇਸ ਪਾਰਟੀ ਸਮੇਤ ਕੁਝ ਹੋਰ ਯਹੂਦੀ ਪਾਰਲੀਮਾਨੀ ਮੈਂਬਰਾਂ ‘ਤੇ ਡੋਰੇ ਪਾਉਣ ਦਾ ਯਤਨ ਕਰ ਸਕਦਾ ਹੈ।
ਯਾਦ ਰਹੇ, ਨੇਤਨਯਾਹੂ ਵਾਲੀ ਕੁਲੀਸ਼ਨ ਵਿੱਚ ਉਸ ਦੀ ਆਪਣੀ ਪਾਰਟੀ ਲਿਕੁਡ ਨੂੰ 27 ਸੀਟਾਂ ਪ੍ਰਾਪਤ ਹੋਈਆਂ ਹਨ। ਯੂਨਾਈਟਡ ਟੋਰਾਹ ਜੂਡਾਇਜ਼ਮ ਪਾਰਟੀ ਨੂੰ 7, ਓਟਜਾਮ ਯਹੂਦਿਤ ਨੂੰ 7, ਸ਼ਆਸ ਨੂੰ 6 ਅਤੇ ਰਿਲੀਜੀਅਸ ਜੀਓਨਿਜ਼ਮ ਪਾਰਟੀ ਨੂੰ 6 ਸੀਟਾਂ ਪ੍ਰਾਪਤ ਹੋਈਆਂ ਹਨ। ਨੇਤਨਯਾਹੂ ਦਾ ਵਿਰੋਧ ਕਰ ਰਹੇ ਆਈਜ਼ਨਕੋਟ ਦੀ ਅਗਵਾਈ ਵਿੱਚ ਬਣੀ ਯਹੂਦੀ ਕੁਲੀਸ਼ਨ ਵਿੱਚ ਉਸ ਦੀ ਆਪਣੀ ਪਾਰਟੀ ਯਾਸ਼ਰ ਨੂੰ-21, ਬੀ-ਯਾਛਦ ਨੂੰ 12, ਦ ਡੈਮੋਕਰੇਟਸ ਨੂੰ 8 ਅਤੇ ਯਾਰਾਇਲ ਬੇਤਨੂੰ ਨੂੰ 7 ਸੀਟਾਂ ਹਾਸਲ ਹੋਈਆਂ ਹਨ। ਇੰਜ ਇਨ੍ਹਾਂ ਦੀ ਕੁੱਲ ਗਿਣਤੀ 48 ਬਣਦੀ ਹੈ, ਜਦਕਿ ਨੇਤਨਯਾਹੂ ਦੀ ਅਗਵਾਈ ਵਾਲੀਆਂ ਪਾਰਟੀਆਂ ਦੀ 53; ਦੋਹਾਂ ਗੁੱਟਾਂ ਵਿੱਚੋਂ ਕਿਸੇ ਕੋਲ ਵੀ ਬਹੁਮਤਿ ਦਾ ਅੰਕੜਾ ਨਹੀਂ ਹੈ। ਬਹੁਮਤਿ ਲਈ 61 ਸੀਟਾਂ ਹਾਸਲ ਕਰਨ ਦੀ ਲੋੜ ਹੈ। ਅਰਬ ਪਾਰੀਆਂ ਵੱਲੋਂ ਜੋਇੰਟ ਲਿਸਟ ਨੇ 11, ਰਾਅਮ ਨੇ 8 ਸੀਟਾਂ ਪ੍ਰਾਪਤ ਕੀਤੀਆਂ ਹਨ। ਨੇਤਨਯਾਹੂ ਅਸਲ ਵਿੱਚ ਵਿਰੋਧੀ ਯਹੂਦੀ ਗੁੱਟ ਵਿੱਚ ਸ਼ਾਮਲ ਯਸਰਾਇਲ ਬੇਤਨੂੰ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ, ਜਿਸ ਕੋਲ 7 ਪਾਰਲੀਮਾਨੀ ਮੈਂਬਰ ਹਨ। ਇਸ ਸਥਿਤੀ ਵਿੱਚ ਤਿੰਨਾਂ ਕੈਂਪਾਂ ਵਿੱਚ ਟੁੱਟ ਭੱਜ ਦੀ ਸੰਭਾਵਨਾ ਬਣੀ ਹੋਈ ਹੈ। ਅਰਬ ਪਾਰਟੀਆਂ ਯਹੂਦੀ ਗੁੱਟਾਂ ਦੀਆਂ ਸ਼ਰਤਾਂ ਮੰਨਣ ਲਈ ਰਾਜ਼ੀ ਨਹੀਂ ਹਨ, ਪਰ ਨੇਤਨਯਾਹੂ ਵਿਰੋਧੀ ਯਹੂਦੀ ਗੁੱਟ ਨੂੰ ਸਰਕਾਰ ਬਣਾਉਣ ਲਈ ਬਾਹਰੋਂ ਹਮਾਇਤ ਦੇਣ ਲਈ ਤਿਆਰ ਹਨ। ਕੋਈ ਵੀ ਸਮਝੌਤਾ ਨਾ ਬਣਨ ਦੀ ਸੂਰਤ ਵਿੱਚ ਦੇਸ਼ ਦਾ ਰਾਸ਼ਟਰਪਤੀ ਦੋਹਾਂ ਯਹੂਦੀ ਗੁੱਟਾਂ ਦੇ ਆਗੂਆਂ ਨੂੰ ਵਾਰੋ ਵਾਰੀ ਸਰਕਾਰ ਬਣਾਉਣ ਦਾ ਸੱਦਾ ਦੇ ਸਕਦਾ ਹੈ। ਜੇ ਸਾਰੀਆਂ ਕੋਸ਼ਿਸ਼ਾਂ ਅਸਫਲ ਰਹਿੰਦੀਆਂ ਹਨ ਤਾਂ ਨੇਤਨਯਾਹੂ ਇਜ਼ਰਾਇਲ ਦਾ ਕੰਮ ਚਲਾਊ ਪ੍ਰਧਾਨ ਮੰਤਰੀ ਬਣਿਆ ਰਹੇਗਾ ਅਤੇ 90 ਦਿਨਾਂ ਵਿੱਚ ਦੁਬਾਰਾ ਚੋਣਾਂ ਕਰਵਾਉਣੀਆਂ ਪੈਣਗੀਆਂ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੌਜੂਦਾ ਚੋਣ ਨਤੀਜੇ 4 ਨਵੰਬਰ ਨੂੰ ਅਧਿਕਾਰਿਕ ਤੌਰ ‘ਤੇ ਦੇਸ਼ ਦੇ ਰਾਸ਼ਟਰਪਤੀ ਇਸਾਕ ਹੇਰਜੋਗ ਨੂੰ ਸੌਂਪੇ ਜਾਣਗੇ। ਨਵੀਂ ਕੇਨੇਸਟ (ਪਾਰਲੀਮੈਂਟ) 10 ਨਵੰਬਰ ਨੂੰ ਸੌਂਹ ਚੁੱਕੇਗੀ। ਰਾਸ਼ਟਰਪਤੀ ਵੱਲੋਂ 11 ਨਵੰਬਰ ਨੂੰ ਪਾਰਲੀਮੈਂਟ ਦੇ ਇੱਕ ਨਵੇਂ ਮੈਂਬਰ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਜਾਵੇਗਾ। ਅਗਲੇ 28 ਦਿਨਾਂ ਵਿੱਚ ਇਹ ਪਾਰਲੀਮੈਂਟ ਮੈਂਬਰ ਆਪਣੀ ਕੁਲੀਸ਼ਨ ਬਣਾ ਸਕਦੇ ਹਨ। ਫਿਰ ਦੂਜੇ ਗੁੱਟ ਦੇ ਆਗੂ ਨੂੰ ਸੱਦਾ ਦਿੱਤਾ ਜਾਵੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਿਸੇ ਸਾਂਝੇ ਜੁਗਾੜ ਲਈ 14 ਦਿਨ ਹੋਰ ਦਿੱਤੇ ਜਾ ਸਕਦੇ ਹਨ।
ਸੰਭਾਵਨਾ ਇਹ ਹੈ ਕਿ ਸਭ ਤੋਂ ਵੱਡੀ ਪਾਰਟੀ ਹੋਣ ਦੀ ਸੂਰਤ ਵਿੱਚ ਸਭ ਤੋਂ ਪਹਿਲਾਂ ਨੇਤਨਯਾਹੂ ਨੂੰ ਹੀ ਸਰਕਾਰ ਬਣਾਉਣ ਦਾ ਸੱਦਾ ਮਿਲੇਗਾ। ਪਰ ਜੇ ਅਰਬ ਪਾਰਟੀਆਂ ਦੀ ਹਮਾਇਤ ਵਿਰੋਧੀ ਗੁੱਟ ਨੂੰ ਮਿਲ ਜਾਂਦੀ ਹੈ ਤਾਂ ਇਜ਼ਰਾਇਲੀ ਫੌਜ ਦੇ ਸਾਬਕਾ ਮੁਖੀ ਆਈਜ਼ਨਕੋਟ ਨੂੰ ਵੀ ਆਪਣੀ ਬਹੁਮਤਿ ਸਾਬਤ ਕਰਨ ਵਾਲੀ ਕੁਲੀਸ਼ਨ ਖੜ੍ਹੀ ਕਰਨ ਦਾ ਸੱਦਾ ਦਿੱਤਾ ਜਾ ਸਕਦਾ। ਇਜ਼ਰਾਇਲ ਦੇ ਰਾਸ਼ਟਰਪਤੀ ਹੇਰਡੋਗ ਨੇ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਕੱਟੜ ਵੰਡ ਨੂੰ ਜਾਰੀ ਰੱਖਣ ਦੀ ਬਜਾਏ ਸਿਰਜਣਾਤਮਿਕ ਹੱਲ ਲੱਭਣ ਦਾ ਯਤਨ ਕਰਨ। ਇਸ ਨਾਲ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਜਹਿਮਤ ਤੋਂ ਬਚਿਆ ਜਾ ਸਕਦਾ ਹੈ।
ਇਜ਼ਰਾਇਲੀ ਰਾਸ਼ਟਰਪਤੀ ਨੇ ਕਿਹਾ ਕਿ ਉਹ ਹਰ ਹੀਲੇ ਨਵੇਂ ਸਿਰਿਓਂ ਚੋਣਾਂ ਕਰਵਾਉਣ ਦੇ ਅਮਲ ਤੋਂ ਦੇਸ਼ ਨੂੰ ਬਚਾਉਣ ਦਾ ਯਤਨ ਕਰਨਗੇ। ਉਨ੍ਹਾਂ ਇਹ ਸੰਕੇਤ ਵੀ ਦਿੱਤਾ ਕਿ ਦੋਨੋ ਯਹੂਦੀ ਗੁੱਟਾਂ ਨੂੰ ਮਿਲਾ ਕੇ ਕੌਮੀ ਸਰਕਾਰ ਦਾ ਗਠਨ ਵੀ ਕੀਤਾ ਜਾ ਸਕਦਾ ਹੈ। ਇੱਕ ਵੱਖਰੇ ਮੌਕੇ ਦੇ ਤੌਰ ‘ਤੇ ਕੁਲੀਸ਼ਨ ਤੋਂ ਬਾਹਰੋਂ ਮਿਲਣ ਵਾਲੀ ਅਰਬ ਪਾਰਟੀਆਂ ਦੀ ਹਮਾਇਤ ਨਾਲ ਵੀ ਵਿਰੋਧੀ ਯਹੂਦੀ ਧੜਾ ਸਰਕਾਰ ਬਣਾ ਸਕਦਾ ਹੈ। ਸਾਰੇ ਯਤਨਾਂ ਦੇ ਅਸਫਲ ਹੋ ਜਾਣ ਦੀ ਸੂਰਤ ਵਿੱਚ 90 ਦਿਨਾਂ ਦੇ ਅੰਦਰ ਅੰਦਰ ਨਵੀਆਂ ਚੋਣਾਂ ਕਰਵਾਉਣ ਦਾ ਫੈਸਲਾ ਰਾਸ਼ਟਰਪਤੀ ਵੱਲੋਂ ਲਿਆ ਜਾਵੇਗਾ। ਇਸ ਸਾਰੇ ਸਮੇਂ ਵਿੱਚ ਨੇਤਨਯਾਹੂ ਕੇਅਰ ਟੇਕਰ ਪ੍ਰਧਾਨ ਮੰਤਰੀ ਵਜੋਂ ਕੰਮ ਕਰਦਾ ਰਹੇਗਾ। ਉਧਰ ਦੋਨਾ ਅਰਬ ਪਾਰਟੀਆਂ ਦੇ ਆਗੂਆਂ ਨੇ ਵਿਰੋਧੀ ਯਹੂਦੀ ਗੱਟ ਨਾਲ ਕੁਲੀਸ਼ਨ ਬਣਾਉਣ ਲਈ ਹਾਮੀ ਭਰੀ ਹੈ ਤਾਂ ਕਿ ਨੇਤਨਯਾਹੂ ਨੂੰ ਸੱਤਾ ਤੋਂ ਬਾਹਰ ਕੀਤਾ ਜਾ ਸਕੇ।
ਇਜ਼ਰਾਇਲ ਦੇ ਸਾਬਕਾ ਪ੍ਰਧਾਨ ਮੰਤਰੀ ਯਹੂਦਾ ਬਰਾਕ ਨੇ ਨੇਤਨਯਾਹੂ ਨੂੰ ਅਰਬ ਪਾਰਟੀ ‘ਰਾਅਮ’ ਨਾਲ ਗੱਠਜੋੜ ਬਣਾਉਣ ਅਤੇ ਇਸ ਪਾਰਟੀ ਦੇ ਆਗੂ ਮਨਸੂਰ ਅੱਬਾਸ ਨੂੰ ਇੰਟੀਰੀਅਰ ਮੰਤਰੀ ਬਣਾਉਣ ਦੀ ਸਲਾਹ ਦਿੱਤੀ ਹੈ, ਪਰ ਅਜਿਹਾ ਹੁੰਦਾ ਵਿਖਾਈ ਨਹੀਂ ਦੇ ਰਿਹਾ। ਇਜ਼ਰਾਇਲੀ ਸਿਵਲ ਸੁਸਾਇਟੀ ‘ਜੈਜੀਮ’ ਦੇ ਇੱਕ ਆਗੂ ਰਲੂਕਾ ਗਨੇਆ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਅਰਬ ਪਾਰਟੀਆਂ ਨਾਲ ਮਿਲ ਕੇ ਸਾਂਝੀ ਸਰਕਾਰ ਦਾ ਗਠਨ ਹੀ ਸਮੁੱਚੇ ਇਜ਼ਰਾਇਲੀਆਂ ਲਈ ਅਗਲਾ ਤੇ ਪਾਏਦਾਰ ਜਮਹੂਰੀ ਰਾਹ ਹੈ।
ਇਜ਼ਰਾਇਲ ਵਿੱਚ ਅਗਲੀ ਸਰਕਾਰ ਦਾ ਬਣਨਾ ਨਾ ਸਿਰਫ ਇਸ ਮੁਲਕ ਵਿੱਚ ਜਮਹੂਰੀਅਤ ਜਾਂ ਯਹੂਦੀ ਡਿਕਟੇਟਰਸ਼ਿਪ ਵੱਲ ਜਾਣ ਵਿਚਾਲੇ ਚੋਣ ਦਾ ਫੈਸਲਾ ਕਰੇਗਾ, ਸਗੋਂ ਇਸ ਨਾਲ ਨੇਤਨਯਾਹੂ ਦੀ ਕਿਸਮਤ ਦਾ ਫੈਸਲਾ ਵੀ ਹੋ ਜਾਣਾ ਹੈ। ਉਸ ਦੇ ਖਿਲਾਫ ਨਾ ਸਿਰਫ ਘਰੇਲੂ ਅਦਾਲਤ ਵਿੱਚ ਭ੍ਰਿਸ਼ਟਾਚਾਰ ਦਾ ਕੇਸ ਚੱਲ ਰਿਹਾ ਹੈ, ਸਗੋਂ ਅੰਤਰਰਾਸ਼ਟਰੀ ਅਦਾਲਤ ਨੇ ਉਸ ਨੂੰ ਫਲਿਸਤੀਨੀਆਂ ਦੀ ਨਸਲਕੁਸ਼ੀ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੋਇਆ ਹੈ। ਇਸ ਹਾਲਤ ਵਿੱਚ ਇਹ ਨੇਤਨਯਾਹੂ ਦੇ ਬੁਰੇ ਦਿਨਾਂ ਦੀ ਸ਼ੁਰੂਆਤ ਵੀ ਹੋ ਸਕਦੀ ਹੈ। ਆਪਣੇ ਸਿਆਸੀ ਬਚਾਅ ਲਈ ਜੰਗਬਾਜ ਬਣੇ ਇਸ ਆਗੂ ਦੀ ਅਗਲੀ ਜ਼ਿੰਦਗੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਵੀ ਗੁਜ਼ਰ ਸਕਦੀ ਹੈ। ਇਸੇ ਕਰਕੇ, ਆਪਣੀ ਗੱਦੀ ਬਚਾਉਣ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।

Leave a Reply

Your email address will not be published. Required fields are marked *