ਅਮਰੀਕਾ ਵੱਲੋਂ ਇਰਾਨ ‘ਤੇ ਪ੍ਰਮਾਣੂ ਹਮਲੇ ਦੇ ਖਦਸ਼ੇ

ਖਬਰਾਂ ਵਿਚਾਰ-ਵਟਾਂਦਰਾ

*ਪੂਤਿਨ ਨੇ ਦਿੱਤੀ ਯੂਕਰੇਨ `ਤੇ ਪ੍ਰਮਾਣੂ ਹਮਲੇ ਦੀ ਚਿਤਾਵਨੀ
*ਨੇਤਨਯਾਹੂ ਹੈ ਸਾਰੀ ਸਾਜ਼ਿਸ਼ ਦੇ ਪਿੱਛੇ!
ਜਸਵੀਰ ਸਿੰਘ ਮਾਂਗਟ
ਅਮਰੀਕਾ ਦੇ ਇੱਕ ਮਸ਼ਹੂਰ ਪੱਤਰਕਾਰ ਟਕਰ ਕਾਲਸਨ ਨੇ ਦੁਨੀਆਂ ਦੇ ਸੂਚਨਾ ਸੰਸਾਰ ਵਿੱਚ ਇਹ ਜਾਣਕਾਰੀ ਸੁੱਟੀ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ ਇਰਾਨ ਦੇ ਪਿਕਐਕਸ ਪਹਾੜ ‘ਤੇ ਬੰਕਰ ਬਸਟਰ ਪ੍ਰਮਾਣੂ ਬੰਬ ਸੁੱਟਣਾ ਚਾਹੁੰਦਾ ਹੈ। ਇਸ ਪਹਾੜ ਦੇ ਹੇਠ ਇਰਾਨ ਦਾ ਯੁਰੇਨੀਅਮ ਸੋਧ ਪਲਾਂਟ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਟਰੰਪ ਇਹ ਫੈਸਲਾ ਕਰੀ ਬੈਠਾ ਹੈ ਤੇ ਇਹਦੇ ਹੱਕ ਵਿੱਚ ਯੂਰਪੀ ਮੁਲਕਾਂ ਨੂੰ ਮਨਾਉਣ ਦਾ ਯਤਨ ਕਰ ਰਿਹਾ ਹੈ। ਦੋ ਮੁਸਲਮਾਨ ਮੁਲਕਾਂ ਦੀਆਂ ਖੁਫੀਆ ਏਜੰਸੀਆਂ ਨੂੰ ਵੀ ਇਸ ਕਿਸਮ ਦੀ ਜਾਣਕਾਰੀ ਮਿਲੀ ਦੱਸੀ ਜਾਂਦੀ ਹੈ ਅਤੇ ਇਰਾਨ ਦੇ ਹਾਕਮਾਂ ਨੂੰ ਇਸ ਬਾਰੇ ਸੁਚੇਤ ਕਰ ਦਿੱਤਾ ਗਿਆ ਹੈ।

ਉਧਰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਕਹਿ ਦਿੱਤਾ ਹੈ ਕਿ ਜੇ ਅਮਰੀਕਾ ਨੇ ਇਰਾਨ ਖਿਲਾਫ ਪ੍ਰਮਾਣੂ ਬੰਬ ਦੀ ਵਰਤੋਂ ਕੀਤੀ ਤਾਂ ਉਹ ਵੀ ਯੂਕਰੇਨ ‘ਤੇ ਪ੍ਰਮਾਣੂ ਬੰਬ ਸੁਟਣ ਤੋਂ ਗੁਰੇਜ਼ ਨਹੀਂ ਕਰੇਗਾ। ਸੂਚਨਾਵਾਂ ਹਨ ਕਿ 3 ਨਵੰਬਰ ਦੀਆਂ ਮੱਧਵਰਤੀ ਚੋਣਾਂ ਤੋਂ ਪਿੱਛੋਂ ਅਮਰੀਕਾ ਵੱਲੋਂ ਇਰਾਨ ‘ਤੇ ਵੱਡਾ ਹਮਲਾ ਕੀਤਾ ਜਾ ਸਕਦਾ ਹੈ। ਉਂਝ ਇਰਾਨ ਦੇ ਕੇਸ਼ਮ ਆਈਲੈਂਂਡ ‘ਤੇ ਬੀਤੇ 2 ਨਵੰਬਰ ਨੂੰ ਕੁਝ ਬੰਬ ਧਮਾਕੇ ਹੋਏ ਹਨ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਫੌਕਸ ਨਿਊਜ਼ ਨਾਲ ਆਪਣੀ ਇੱਕ ਇੰਟਰਵਿਊ ਵਿੱਚ ਟਿੱਪਣੀ ਕੀਤੀ ਹੈ ਕਿ “ਅਮਰੀਕਾ ਪਿਕਐਕਸ ਪਹਾੜ ਦਾ ਪਿੱਛਾ ਕਰ ਸਕਦਾ ਹੈ।” ਟਰੰਪ ਦੇ ਨਜ਼ਦੀਕ ਰਹੇ ਇੱਕ ਅਮਰੀਕੀ ਪ੍ਰਵਚਨਕਾਰ ਟਕਰ ਕਾਲਸਨ ਨੇ ਐਕਸ (ਟਵਿੱਟਰ) ‘ਤੇ ਇੱਕ ਪੋਸਟ ਲਿਖ ਕੇ ਆਗਾਹ ਕੀਤਾ ਹੈ ਕਿ ਚੋਣ ਹਾਰ ਚੁੱਕਾ ਇਜ਼ਰਾਇਲ ਦਾ ਪ੍ਰਧਾਨ ਮੰਤਰੀ ਨੇਤਨਯਾਹੂ ਅਮਰੀਕੀ ਰਾਸ਼ਟਰਪਤੀ ‘ਤੇ ਪ੍ਰਮਾਣੂ ਹਮਲਾ ਕਰਨ ਲਈ ਜ਼ੋਰ ਪਾ ਰਿਹਾ ਹੈ। ਯਾਦ ਰਹੇ, ਹਾਲ ਹੀ ਵਿੱਚ ਹੋਈਆਂ ਇਜ਼ਰਾਇਲ ਦੀਆਂ ਆਮ ਚੋਣਾਂ ਵਿੱਚ ਨੇਤਨਯਾਹੂ ਦੀ ਲਿਕੁਡ ਪਾਰਟੀ ਦੀ ਅਗਵਾਈ ਵਾਲੀ ਕੁਲੀਸ਼ਨ ਨੂੰ 53 ਸੀਟਾਂ ਮਿਲੀਆਂ ਹਨ ਅਤੇ ਉਸ ਦੀ ਵਿਰੋਧੀ ਸਾਬਕਾ ਫੌਜੀ ਮੁਖੀ ਆਈਜ਼ਨਕੋਟ ਦੀ ਅਗਵਾਈ ਵਾਲੀ ਯਹੂਦੀ ਕੁਲੀਸ਼ਨ ਨੇ 48 ਸੀਟਾਂ ਪ੍ਰਾਪਤ ਕੀਤੀਆਂ ਹਨ। 19 ਸੀਟਾਂ ਅਰਬ ਮੂਲ ਦੀਆਂ ਦੋ ਪਾਰਟੀਆਂ ਵੱਲੋਂ ਜਿੱਤ ਲਈਆਂ ਗਈਆਂ ਹਨ; ਜਦਕਿ ਸਰਕਾਰ ਬਣਾਉਣ ਲਈ 120 ਸੀਟਾਂ ਵਾਲੀ ਇਜ਼ਰਾਇਲੀ ਪਾਰਲੀਮੈਂਟ ਵਿੱਚ 61 ਸੀਟਾਂ ਚਾਹੀਦੀਆਂ ਹਨ। ਇਸ ਹਾਲਤ ਵਿੱਚ ਇਜ਼ਰਾਇਲ ਵਿੱਚ ਅਰਬ ਪਾਰਟੀਆਂ ਦੀ ਮੱਦਦ ਨਾਲ ਸਾਬਕਾ ਫੌਜ ਮੁਖੀ ਆਈਜ਼ਨਕੋਟ ਦੇ ਪ੍ਰਧਾਨ ਮੰਤਰੀ ਬਣਨ ਦੇ ਮੌਕੇ ਵਧ ਗਏ ਹਨ।
ਪ੍ਰਮਾਣੂ ਹਮਲੇ ਦੇ ਸੰਬੰਧ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਨੇਤਨਯਾਹੂ ਨੇ ਬੀਤੇ ਦਿਨੀਂ ਯੂ.ਏ.ਈ. ਦਾ ਦੌਰਾ ਕੀਤਾ ਸੀ ਅਤੇ ਇਰਾਨ ਖਿਲਾਫ ਪ੍ਰਮਾਣੂ ਬੰਬ ਦੀ ਵਰਤੋਂ ਬਾਰੇ ਉਥੋਂ ਦੇ ਹਾਕਮ ਨਾਲ ਗੱਲ ਕੀਤੀ ਸੀ, ਪਰ ਯੂਨਾਈਟਡ ਅਰਬ ਅਮਿਰਾਤ (ਯੂ.ਏ.ਈ.) ਦੇ ਹਾਕਮ ਨੇ ਇਸ ਮਾਮਲੇ ਵਿੱਚ ਨੇਤਨਯਾਹੂ ਦਾ ਸਾਥ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜ਼ਿਕਰਯੋਗ ਹੈ ਕਿ ਯੂ.ਏ.ਈ. ਮੁਸਲਮਾਨ ਮੁਲਕ ਹੋਣ ਦੇ ਬਾਵਜੂਦ ਇਜ਼ਰਾਇਲ ਦਾ ਵੱਡਾ ਵਪਾਰਕ ਭਾਈਵਾਲ ਹੈ। ਇਸ ਦੌਰਾਨ ਇਜ਼ਰਾਇਲ ਦੇ ਸੰਯੁਕਤ ਰਾਸ਼ਟਰ ਵਿਚਲੇ ਦੂਤ ਡੈਨੀ ਡੈਨਨ ਨੇ ਟਕਰ ਕਾਲਸਨ ਵੱਲੋਂ ਉਭਾਰੀ ਗਈ ਸੂਚਨਾ ਨੂੰ ਖਾਮਖਿਆਲੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਜਾਂ ਇਜ਼ਰਾਇਲ ਵੱਲੋਂ ਪ੍ਰਮਾਣੂ ਹਮਲੇ ਬਾਰੇ ਕੋਈ ਗੱਲ ਨਹੀਂ ਹੋ ਰਹੀ।
ਇਸ ਦਰਮਿਆਨ ਸੀ.ਬੀ.ਐਸ.ਸੀ. ਨਿਊਜ਼ ਨੇ ਆਪਣੀ ਇੱਕ ਖ਼ਬਰ ਵਿੱਚ ਕਿਹਾ ਹੈ ਕਿ ਨੇਤਨਯਾਹੂ ਮੱਧਵਰਤੀ ਚੋਣਾਂ ਤੋਂ ਬਾਅਦ ਦੁਬਾਰਾ ਇਰਾਨ ‘ਤੇ ਹਮਲੇ ਲਈ ਅਮਰੀਕੀ ਰਾਸ਼ਟਰਪਤੀ ‘ਤੇ ਜ਼ੋਰ ਪਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਦੌਰਾਨ ਕਤਰ ਅਤੇ ਪਾਕਿਸਤਾਨ ਰਾਹੀਂ ਇਰਾਨ ਨਾਲ ਚੱਲ ਰਹੀ ਕੂਟਨੀਤਿਕ ਗੱਲਬਾਤ ਨੂੰ ਸਿਰੇ ਲਾਉਣ ‘ਤੇ ਜ਼ੋਰ ਦਿੱਤਾ ਗਿਆ ਹੈ, ਪਰ ਨਾਲ ਹੀ ਇਰਾਨ ਦੇ ਕੇਸ਼ਮ ਆਈਲੈਂਡ ‘ਤੇ ਹਮਲੇ ਮੁੜ ਸ਼ੁਰੂ ਕਰ ਦਿੱਤੇ ਹਨ। ਉਧਰ ਇਰਾਨ ਦੇ ਰਾਸ਼ਟਰਪਤੀ ਮਸੂਦ ਪਜਿਸ਼ਕੀਆਨ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਰਾਨ ਕੂਟਨੀਤਿਕ ਗੱਲਬਾਤ ਨੂੰ ਪਹਿਲ ਦੇਵੇਗਾ, ਪਰ ਨਾਲ ਹੀ ਜੰਗ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਇਰਾਨ ਕਿਸੇ ਵੀ ਹਾਲਤ ਵਿੱਚ ਦੁਸ਼ਮਣ ਅੱਗੇ ਆਤਮ ਸਮਰਪਣ ਨਹੀਂ ਕਰੇਗਾ। ਇਰਾਨ ਦੇ ਵਿਦੇਸ਼ ਮੰਤਰੀ ਸਈਅਦ ਅੱਬਾਸ ਅਰਗਾਚੀ ਨੇ ਆਪਣੇ ਤੁਰਕਮੇਨਿਸਤਾਨ ਦੇ ਦੌਰੇ ਤੋਂ ਬਾਅਦ ਬੋਲਦਿਆਂ ਕਿਹਾ ਕਿ ਪਾਕਿਸਤਾਨ ਅਤੇ ਕਤਰ ਦੀ ਵਿਚੋਲਗੀ ਰਾਹੀਂ ਅਮਰੀਕਾ ਨਾਲ ਚੱਲ ਰਹੀ ਗੱਲਬਾਤ ਕਾਰਨ ਕੂਟਨੀਤ ਸਰਗਰਮੀ ਕਾਫੀ ਤੇਜ਼ ਹੋ ਗਈ ਹੈ। ਉਨ੍ਹਾਂ ਨਾਲ ਹੀ ਇਹ ਚਿਤਾਵਨੀ ਵੀ ਦਿੱਤੀ ਕਿ ਅਮਰੀਕਾ ਵੱਲੋਂ ਕੀਤੇ ਗਏ ਕਿਸੇ ਫੌਜੀ ਹਮਲੇ ਦਾ ਪਹਿਲਾਂ ਨਾਲੋਂ ਵੀ ਖਤਰਨਾਕ ਜੁਆਬ ਦਿੱਤਾ ਜਾਵੇਗਾ। ਹਮਲੇ ਦੂਰ-ਦੁਰਾਡੇ ਦੇਸ਼ਾਂ ‘ਤੇ ਵੀ ਹੋ ਸਕਦੇ ਹਨ।
ਯਾਦ ਰਹੇ, ਅਮਰੀਕਾ ਅਤੇ ਇਜ਼ਰਾਇਲ ਵੱਲੋਂ 28 ਫਰਵਰੀ ਨੂੰ ਇਰਾਨ ‘ਤੇ ਸਾਂਝੇ ਹਮਲਾ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਰਾਨ ਵੱਲੋਂ ਇਜ਼ਰਾਇਲ ਅਤੇ ਮੱਧਪੂਰਬ ਵਿੱਚ ਅਮਰੀਕਾ ਦੇ ਫੌਜੀ ਟਿਕਾਣਿਆਂ ‘ਤੇ ਜ਼ੋਰਦਾਰ ਮਿਜ਼ਾਈਲ ਹਮਲੇ ਕੀਤੇ ਗਏ ਸਨ। ਬਾਅਦ ਵਿੱਚ ਇਰਾਨ ਨੇ ਹੌਰਮੂਜ਼ ਲਾਂਘਾ ਬੰਦ ਕਰਕੇ ਸੰਸਾਰ ਵਿੱਚ ਤੇਲ ਦਾ ਵੱਡਾ ਸੰਕਟ ਖੜ੍ਹਾ ਕਰ ਦਿੱਤਾ। ਇਸ ਨਾਲ ਮਹਿੰਗਾਈ ਅਤੇ ਸਿੱਕੇ ਦਾ ਫੈਲਾਅ ਬਾਕੀ ਦੁਨੀਆਂ ਸਮੇਤ ਅਮਰੀਕੀ ਆਰਥਿਕਤਾ ਦਾ ਵੀ ਲੱਕ ਤੋੜਨ ਲੱਗਾ। ਜਿਸ ਨੇ ਮੱਧ ਵਰਤੀ ਚੋਣਾਂ ਵਿੱਚ ਟਰੰਪ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ।
ਇਰਾਨ ਹੁਣ ਆਖ ਰਿਹਾ ਹੈ ਕਿ ਜੇ ਅਮਰੀਕਾ ਵੱਲੋਂ ਉਸ ਦੀਆਂ ਸ਼ਰਤਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਹੌਰਮੂਜ਼ ਲਾਂਘਾ ਖੋਲਿ੍ਹਆ ਜਾ ਸਕਦਾ ਹੈ। ਪਾਕਿਸਤਾਨ ਅਤੇ ਕਤਰ ਦੀ ਵਿਚੋਲਗੀ ਨਾਲ ਦੋਹਾਂ ਧਿਰਾਂ ਵਿੱਚ 8 ਅਪਰੈਲ ਨੂੰ ਗੋਲੀਬੰਦੀ ਦਾ ਐਲਾਨ ਕੀਤਾ ਗਿਆ ਅਤੇ 18 ਜੂਨ ਨੂੰ ਇਰਾਨ ਅਤੇ ਅਮਰੀਕਾ ਵਿਚਕਾਰ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ‘ਤੇ ਦਸਤਖਤ ਕੀਤੇ ਗਏ ਸਨ। ਇਸ ਐਮ.ਓ.ਯੂ. ਵਿੱਚ ਦੋਹਾਂ ਮੁਲਕਾਂ ਨੇ 17 ਅਗਸਤ ਤੱਕ, 60 ਦਿਨਾਂ ਦੇ ਅੰਦਰ-ਅੰਦਰ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਸੰਬੰਧੀ ਅੰਤਿਮ ਸਮਝੌਤੇ ‘ਤੇ ਪੁੱਜਣ ਅਤੇ ਪਾਬੰਦੀਆਂ ਹਟਾਉਣ ਦਾ ਅਹਿਦ ਕੀਤਾ ਸੀ; ਪਰ ਦੋਵੇਂ ਧਿਰਾਂ ਇਸ ਸਮੇਂ ਦੌਰਾਨ ਕਿਸੇ ਸਮਝੌਤੇ ‘ਤੇ ਪੁੱਜਣ ਵਿੱਚ ਅਸਫਲ ਰਹੀਆਂ ਅਤੇ ਫੌਜੀ ਤਣਾਅ ਜਿਉਂ ਦਾ ਤਿਉਂ ਬਰਕਰਾਰ ਰਿਹਾ।
ਇਸੇ ਦੌਰਾਨ ਉਮਾਨ ਦੇ ਤੱਟ ਲਾਗੇ ਇੱਕ ਭਾਰਤੀ ਸਮੁੰਦਰੀ ਜਹਾਜ (ਫੈਰੀ) ‘ਤੇ ਕੀਤੇ ਗਏ ਹਮਲੇ ਤੋਂ ਬਾਅਦ ਦੇਸ਼ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਪੱਛਮੀ ਏਸ਼ੀਆ ਦਾ ਮਸਲਾ ਹੱਲ ਕਰਨ ਲਈ ਕੂਟਨੀਤਿਕ ਗੱਲਬਾਤ ਦਾ ਸਹਾਰਾ ਲਿਆ ਜਾਣਾ ਚਾਹੀਦਾ ਹੈ। ਹਮਲੇ ਅਧੀਨ ਆਏ ਭਾਰਤ ਦੇ ਛੋਟੇ ਸਮੁੰਦਰੀ ਜਹਾਜ਼ ਵਿੱਚ 14 ਵਿਅਕਤੀ ਸਵਾਰ ਸਨ। ਇਨ੍ਹਾਂ ਵਿੱਚੋਂ ਗੁਜਰਾਤ ਦੇ ਗੰਧਾਰ ਨਾਜ਼ਿਮ ਅਜੀਜ ਦੀ ਮੌਤ ਹੋ ਗਈ ਸੀ ਅਤੇ ਬਾਕੀ 13 ਨੂੰ ਉਮਾਨ ਦੇ ਸਮੁੰਦਰੀ ਸੁਰੱਖਿਆ ਦਸਤਿਆਂ ਵੱਲੋਂ ਬਚਾ ਲਿਆ ਗਿਆ ਸੀ।

Leave a Reply

Your email address will not be published. Required fields are marked *