*ਇਰਾਨ ਹਮਲਾਵਰ ਹੋਇਆ ਚੋਣ ਨਤੀਜਆਂ ਮਗਰੋਂ
ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਦੀਆਂ ਮੱਧਵਰਤੀ ਚੋਣਾਂ ਵਿੱਚ ਡੈਮੋਕਰੇਟਿਕ ਪਾਰਟੀ ਦੇ ਹੱਕ ਵਿੱਚ ਆਏ ਨਤੀਜਿਆਂ ਨੇ ਇਹ ਵਿਖਾ ਦਿੱਤਾ ਹੈ ਕਿ ਇਸ ਮੁਲਕ ਦੇ ਲੋਕਾਂ ਅਤੇ ਜਮਹੂਰੀ ਸੰਸਥਾਵਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗੋਰੀ ਤਾਨਾਸ਼ਾਹੀ ਵੱਲ ਤੁਰਦੀ ਰਾਜਨੀਤੀ ਦੇ ਉਲਟ ਫਤਵਾ ਦੇ ਦਿੱਤਾ ਹੈ। ਅਮਰੀਕੀ ਵੋਟਰਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ ਨਾਲ ਸੰਬੰਧਤ ਮਸਲਿਆਂ ਪ੍ਰਤੀ ਜਾਗਰੂਕਤਾ ਨੇ ਹੀ ਅਸਲ ਵਿੱਚ ਇਹ ਕ੍ਰਿਸ਼ਮਾ ਬਰਪਾਇਆ ਹੈ। ਅਮਰੀਕਾ ਦੇ ਸ਼ਹਿਰੀ ਵੋਟਰ ਨੇ ਮੁੱਖ ਤੌਰ ‘ਤੇ ਡੈਮੋਕਰੇਟ ਪਾਰਟੀ ਨੂੰ ਪਹਿਲ ਦਿੱਤੀ ਹੈ, ਜਦਕਿ ਕਸਬਾਈ ਅਤੇ ਪੇਂਡੂ ਵੋਟਰ ਹਾਲੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪੱਖ ਵਿੱਚ ਖੜ੍ਹਾ ਨਜ਼ਰ ਆ ਰਿਹਾ ਹੈ।
ਇਸੇ ਲਈ ਜਿੱਥੇ ਸੈਨੇਟ ਅਤੇ ਪ੍ਰਤੀਨਿਧੀ ਸਦਨ ਵਿੱਚ ਡੈਮੋਕਰੇਟ ਪਾਰਟੀ ਨੇ ਵੱਡੀ ਬਹੁਮਤਿ ਬਣਾ ਲਈ ਹੈ, ਉਥੇ ਰਾਜ ਵਿਧਾਨ ਸਭਾਵਾਂ (ਪ੍ਰਵਿੰਸੀਅਲ ਲੈਜਿਸਲੇਚਰਜ਼) ਵਿੱਚ ਹਾਲੇ ਰਿਪਬਲਿਕਨ ਪਾਰਟੀ ਦੀ ਬਹੁਗਿਣਤੀ ਬਣੀ ਹੋਈ ਹੈ। ਹਾਲਤ ਇਹ ਹੈ ਕਿ ਜੇ ਰਾਸ਼ਟਰਪਤੀ ਟਰੰਪ ਅਤੇ ਰਿਪਬਲਿਕਨ ਪਾਰਟੀ ਆਪਣੀਆਂ ਨੀਤੀਆਂ ਵਿੱਚ ਆਮ ਜਨਤਾ ਦੇ ਹਿੱਤਾਂ ਦੇ ਪੱਖ ਤੋਂ ਤਬਦੀਲੀ ਨਹੀਂ ਲਿਆਉਂਦੀ ਤਾਂ ਦੋ ਸਾਲ ਬਾਅਦ ਹੋਣ ਵਾਲੀਆਂ ਅਮਰੀਕੀ ਚੋਣਾਂ ਵਿੱਚ ਇੱਕ ਵੱਡੀ ਹਾਰ ਉਨ੍ਹਾਂ ਦੀ ਉਡੀਕ ਕਰ ਰਹੀ ਹੈ। ਸਾਰੇ ਕੁਝ ਦੇ ਬਾਵਜੂਦ, ਰਿਪਬਲਿਕਨ ਪਾਰਟੀ ਕੋਲ ਹਾਲੇ ਵੀ ਦੋ ਸਾਲ ਦਾ ਸਮਾਂ ਹੈ ਕਿ ਆਪਣੀਆਂ ਨੀਤੀਆਂ ਨੂੰ ਆਮ ਵੋਟਰਾਂ ਦੇ ਪੱਖ ਵਿੱਚ ਤਬਦੀਲ ਕਰਕੇ ਆਪਣੇ ਡਿੱਗ ਰਹੇ ਗਰਾਫ ਨੂੰ ਮੋੜਾ ਦੇ ਸਕਦੀ ਹੈ। ਕਿਉਂਕਿ ਪਾਰਟੀ ਦਾ ਪੇਂਡੂ ਇਲਾਕਿਆਂ ਅਤੇ ਬਹੁਗਿਣਤੀ ਰਾਜ ਅਸੈਂਬਲੀਆਂ ਵਿੱਚ ਆਪਣਾ ਵੋਟ ਆਧਾਰ ਹਾਲੇ ਕਾਇਮ ਮੁਕਾਮ ਹੈ। ਕੀ ਅਮਰੀਕੀ ਰਾਸ਼ਟਰਪਤੀ ਪਰਵਾਸੀਆਂ, ਵਧ ਰਹੀ ਮਹਿੰਗਾਈ, ਤੇਲ ਦੀਆਂ ਕੀਮਤਾਂ ਵਿੱਚ ਉਛਾਲ ਅਤੇ ਸਿੱਕੇ ਦੇ ਫੈਲਾਅ ਨੂੰ ਰੋਕਣ ਦੀ ਦਿਸ਼ਾ ਵਿੱਚ ਕੋਈ ਕਦਮ ਚੁੱਕਣਗੇ? ਇਸ ਪਾਸੇ ਹਾਲ ਦੀ ਘੜੀ ਸੰਭਾਵਨਾਵਾਂ ਮੱਧਮ ਹੀ ਵਿਖਾਈ ਦਿੰਦੀਆਂ ਹਨ।
ਮੱਧਵਰਤੀ ਚੋਣਾਂ ਤੋਂ ਬਾਅਦ ਡੈਮੋਕਰੇਟਾਂ ਦੀਆਂ ਪ੍ਰਤੀਨਿਧੀ ਸਦਨ ਵਿੱਚ 256 ਸੀਟਾਂ ਹੋ ਗਈਆਂ ਹਨ, ਜਦਕਿ ਰਿਪਬਲਿਕਨ ਪਾਰਟੀ ਕੋਲ 169 ਸੀਟਾਂ ਰਹਿ ਗਈਆਂ ਹਨ। ਇੰਝ ਪ੍ਰਤੀਨਿਧੀ ਸਦਨ ਵਿੱਚ ਰਿਪਬਲਿਕਨ ਪਾਰਟੀ ਦੀਆਂ 42 ਸੀਟਾਂ ਘਟ ਗਈਆਂ ਹਨ। ਇਸ ਦੇ ਨਾਲ ਹੀ ਸੈਨੇਟ ਵਿੱਚ ਡੈਮੋਕਰੇਟਿਕ ਪਾਰਟੀ ਦੀਆਂ 55 ਸੀਟਾਂ ਹੋ ਗਈਆਂ ਹਨ, ਜਦਕਿ ਜਦਕਿ ਰਿਪਬਲਿਕਨਾਂ ਦੀਆਂ 44 ਰਹਿ ਗਈਆਂ ਹਨ। ਡੈਮੋਕਰੇਟਿਕ ਪਾਰਟੀ ਦੀਆਂ ਸੈਨੇਟ ਵਿੱਚ 8 ਸੀਟਾਂ ਵਧ ਗਈਆਂ ਹਨ। ਜਿੱਥੋਂ ਤੱਕ 50 ਪ੍ਰਵਿੰਸੀਅਲ ਅਸੈਂਬਲੀਆਂ ਦਾ ਸਵਾਲ ਹੈ, ਇਨ੍ਹਾਂ ਵਿੱਚੋਂ 28 ‘ਤੇ ਰਿਪਬਲਿਕਨਾਂ ਦਾ ਕਬਜ਼ਾ ਹੈ ਅਤੇ 18 ‘ਤੇ ਡੈਮੋਕਰੇਟਾਂ ਦਾ। ਇੱਕ ਹੋਰ ਵਿਸਲੇਸ਼ਣ ਅਨੁਸਾਰ ਸਾਰੇ ਰਾਜਾਂ ਦੀਆਂ 7386 ਸੀਟਾਂ ਵਿੱਚੋਂ ਰਿਪਬਲਿਕਨਾਂ ਕੋਲ 4058 ਸੀਟਾਂ ਹਨ, ਜਦਕਿ ਡੈਮੋਕਰੇਟਾਂ ਕੋਲ 3244, ਬਾਈ ਸੀਟਾਂ ‘ਤੇ ਆਜ਼ਾਦ ਉਮੀਦਵਾਰ ਕਾਬਜ਼ ਹਨ। ਇਸ ਤੋਂ ਇਲਾਵਾ 62 ਸੀਟਾਂ ਖਾਲੀ ਪਈਆਂ ਹਨ।
ਮੱਧਵਰਤੀ ਚੋਣਾਂ ਤੋਂ ਪਹਿਲਾਂ ਅਮਰੀਕੀ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਰਿਪਬਲਿਕਨ ਪਾਰਟੀ ਕੋਲ ਥੋੜ੍ਹੀ ਜਿਹੀ ਬਹੁਗਿਣਤੀ ਸੀ। ਸੈਨੇਟ ਵਿੱਚ ਰਿਪਬਲਿਕਨ ਪਾਰਟੀ ਦੇ 53 ਮੈਂਬਰ ਸਨ, ਜਦਕਿ ਡੈਮੋਕਰੇਟਾਂ ਦੇ 45 ਮੈਂਬਰ। ਇਸ ਤਰ੍ਹਾਂ ਹੁਣ ਸਥਿਤੀ ਉਲਟੀ ਹੋ ਗਈ ਹੈ।
ਇਨ੍ਹਾਂ ਮੱਧਵਰਤੀ ਚੋਣਾਂ ਬਾਰੇ ਸਾਹਮਣੇ ਆਏ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਡੈਮੋਕਰੇਟਿਕ ਪਾਰਟੀ ਦੇ ਹੱਕ ਵਿੱਚ ਇੱਕ ਲਹਿਰ ਵੇਖਣ ਨੂੰ ਮਿਲੀ ਹੈ। ਚੋਣਾਂ ਦੌਰਨ ਕੁੱਲ 10 ਕਰੋੜ 24 ਲੱਖ ਵੋਟਰਾਂ ਨੇ ਵੋਟਾਂ ਪਈਆਂ ਹਨ। ਇਹ ਅਮਰੀਕਾ ਵਿੱਚ ਰਜਿਸਟਰਡ ਕੁੱਲ ਵੋਟਰਾਂ ਦਾ 66 ਫੀਸਦੀ ਬਣਦਾ ਹੈ। ਕੁੱਲ ਮਾਨਤਾਯੋਗ ਵੋਟਰਾਂ ਵਿੱਚੋਂ 34 ਫੀਸਦੀ ਵੋਟਿੰਗ ਘੱਟ ਹੋਣ ਦੇ ਬਾਵਜੂਦ, ਮੀਡੀਆ ਅਦਾਰਿਆਂ ਵੱਲੋਂ ਇਸ ਚੋਣ ਨੂੰ ਅਮਰੀਕਾ ਵਿੱਚ ਪਿਛਲੇ 100 ਸਾਲਾਂ ਵਿੱਚ ਹੋਈਆਂ ਮੱਵਰਤੀ ਚੋਣਾਂ ਦੀ ਸਭ ਤੋਂ ਵੱਡੀ ਜਿੱਤ ਕਿਹਾ ਗਿਆ ਹੈ।
ਪ੍ਰਮੁੱਖ ਤੌਰ ‘ਤੇ ਟੈਕਸਸ ਮਿਸੀਸਿੱਪੀ, ਉੱਤਰੀ ਕੈਰੋਲੀਨਾ, ਕੈਨਸਸ, ਨਿਊ ਜਰਸੀ, ਨਿਊ ਮੈਕਸੀਕੋ, ਜੌਰਜੀਆ, ਲੁਸੀਆਨਾ ਵਿੱਚ ਡੈਮੈਕਰੇਟਿਕ ਪਾਰਟੀ ਵੱਲ ਅਣਕਿਆਸਾ ਰੁਝਾਨ ਵੇਖਣ ਨੂੰ ਮਿਲਿਆ ਹੈ। ਇਸ ਤੋਂ ਇਲਾਵਾ ਕੁਝ ਰਾਜਾਂ ਦੇ ਵੋਟਰਾਂ ਨੇ ਅਰਬਪਤੀਆਂ ਨੂੰ ਵੱਡੇ ਆਰਥਕ ਪੈਕੇਜ ਦੇਣ ਦੇ ਸਰਕਾਰ ਦੇ ਫੈਸਲੇ ਦਾ ਵਿਰੋਧ ਕੀਤਾ ਹੈ। ਇਸ ਦ੍ਰਿਸ਼ਟੀ ਤੋਂ ਭਾਰਤੀ ਅਤੇ ਅਮਰੀਕੀ ਸਿਆਸੀ ਵਫਾਦਾਰੀ ਵਿੱਚ ਸਮਾਨਤਾਵਾਂ ਵੇਖਣ ਨੂੰ ਮਿਲੀਆਂ ਹਨ।
ਚੋਣਾਂ ਤੋਂ ਬਾਅਦ ਰਿਪਬਲਿਕ ਪਾਰਟੀ ਦੇ ਆਗੂਆਂ ਵਿੱਚ ਇੱਕ ਵਿਆਪਕ ਨਿਰਾਸ਼ਾ ਵਿਖਾਈ ਦੇ ਰਹੀ ਹੈ। ਇਹ ਆਮ ਪ੍ਰਭਾਵ ਬਣਿਆ ਹੈ ਕਿ ਰਿਪਬਲਿਕਨ ਪਾਰਟੀ ਆਪਣੇ ਵੋਟ ਆਧਾਰ ਨਾਲੋਂ ਟੁੱਟੀ ਗਈ ਹੈ। ਇੰਗਲੈਂਡ ਦੇ ਮਸ਼ਹੂਰ ਅਖ਼ਬਾਰ ‘ਦਾ ਗਾਰਡੀਅਨ’ ਅਨੁਸਾਰ ਇਸ ਸਾਲ ਸੈਕਟਰੀ ਆਫ ਸਟੇਟ ਦੀ ਦੌੜ ਵਿੱਚ ਰਹੀ ਆਗੂ ਗਿਨਾ ਸਵੋਬਦਾ ਨੇ ਕਿਹਾ, “ਅਸੀਂ ਲੋਕਾਂ ਨਾਲ ਗੱਲ ਨਹੀਂ ਕਰ ਰਹੇ, ਅਸੀਂ ਲੋਕਾਂ ਦੀ ਸੁਣ ਨਹੀਂ ਰਹੇ।” ਰਿਪਬਲਿਕਨ ਪਾਰਟੀ ਦੇ ਇਕ ਹੋਰ ਆਗੂ ਕਿਰਕ ਐਡਮਸ ਨੇ ਚੋਣਾਂ ਤੋਂ ਬਾਅਦ ਕਿਹਾ, “ਦੁਨੀਆਂ ਬਦਲ ਗਈ ਹੈ ਅਤੇ ਜੇ ਅਸੀਂ ਆਪਣੀ ਪਾਰਟੀ ਵਿੱਚ ਤਬਦੀਲੀ ਨਹੀਂ ਕਰਦੇ ਤਾਂ ਲੰਮੇ ਸਮੇਂ ਲਈ ਅਸੀਂ ਰਾਜਨੀਤਿਕ ਘੱਟਗਿਣਤੀ ਬਣਨ ਲਈ ਸਰਾਪੇ ਜਾਵਾਂਗੇ।” ਟਰਨਿੰਗ ਪੁਆਇੰਟ ਦੇ ਮੁਖੀ ਟੇਲਰ ਬੋਇਰ ਨੇ ਇਸ ਦੌਰਾਨ ਕਿਹਾ ਕਿ ਬਹੁਤ ਸਾਰੀਆਂ ਥਾਵਾਂ ‘ਤੇ ਵੋਟਰਾਂ ਦੀ ਰਿਪਬਲਿਕਨ ਪਾਰਟੀ ਵੱਲੋਂ ਡੈਮੋਕਰੇਟਿਕ ਪਾਰਟੀ ਵੱਲ ਉਡਾਣ ਬਹੁਤ ਵੱਡੀ ਨਹੀਂ ਹੈ। ਇਹ ਧਾਰਨਾ ਵੀ ਸਾਹਮਣੇ ਆ ਰਹੀ ਹੈ ਕਿ ਜ਼ਿਆਦਾ ਆਜ਼ਾਦ (ਫਲੋਟਿੰਗ) ਵੋਟਰ ਰਿਪਬਲਿਕਨ ਪਾਰਟੀ ਵੱਲ ਗਏ ਹਨ। ਚੋਣਾਂ ਤੋਂ ਬਾਅਦ ਜਿੱਥੇ ਇਰਾਨ ਪਹਿਲਾਂ ਨਾਲੋਂ ਹਮਲਾਵਰ ਨਜ਼ਰ ਆ ਰਿਹਾ ਹੈ, ਉਥੇ ਅਮਰੀਕੀ ਸਰਕਾਰ ਆਪਣੀਆਂ ਅੰਦਰੂਨੀ ਸਮੱਸਿਆਵਾਂ ਵਿੱਚ ਉਲਝਦੀ ਵਿਖਾਈ ਦੇ ਰਹੀ ਹੈ। ਜਿੱਥੋਂ ਤੱਕ ਕੈਨੇਡਾ ਦਾ ਸੰਬੰਧ ਹੈ, ਮੁਲਕ ਦੇ 72 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਅਮਰੀਕੀ ਮੱਧਵਰਤੀ ਚੋਣਾਂ ਵਿੱਚ ਆਏ ਨਤੀਜੇ ਕੈਨੇਡਾ ਦੇ ਹਿੱਤ ਵਿੱਚ ਹਨ। ਇਸ ਵਰਤਾਰੇ ਨਾਲ ਕੈਨੇਡਾ ਨੂੰ ਅਮਰੀਕਾ ਨਾਲ ਵਪਾਰਕ ਸਮਝੌਤੇ ਕਰਨ ਵਿੱਚ ਫਾਇਦਾ ਹੋਏਗਾ। ਮੱਧਵਰਤੀ ਚੋਣਾਂ ਤੋਂ ਬਾਅਦ ਅਮਰੀਕੀ ਡਿਫੈਂਸ ਸੈਕਟਰੀ ਪੀਟ ਹੈਗਸਥ ਖਿਲਾਫ ਰਿਪਬਲਿਕਨ ਪਾਰਟੀ ਦੇ ਹੀ ਉਮੀਦਵਾਰ ਥੌਮਸ ਮੈਸੀ ਵੱਲੋਂ ਅਵਿਸ਼ਵਾਸ ਮਤਾ ਲਿਆਂਦਾ ਗਿਆ। ਇਸ ਮਤੇ ‘ਤੇ 211 ਪ੍ਰਤੀਨਿਧਾਂ ਨੇ ਡਿਫੈਂਸ ਸੈਕਟਰੀ ਦੇ ਹੱਕ ਵਿੱਚ ਵੋਟ ਪਾਈ ਅਤੇ 204 ਨੇ ਖਿਲਾਫ। ਇੰਜ ਡਿਫੈਂਸ ਸੈਕਟਰੀ ਖਿਲਾਫ ਲਿਆਂਦਾ ਗਿਆ ਅਵਿਸ਼ਵਾਸ ਮਤਾ 7 ਵੋਟਾਂ ਦੇ ਫਰਕ ਨਾਲ ਅਸਫਲ ਰਿਹਾ। ਇਹ ਮਤਾ ਹੈਗਸੇਥ ਵੱਲੋਂ ਇਰਾਨ ‘ਤੇ ਕੀਤੇ ਗਏ ਹਮਲੇ ਦੇ ਦੁਸਾਹਸ ਦੇ ਵਿਰੁਧ ਲਿਆਂਦਾ ਗਿਆ ਸੀ।
ਚੋਣ ਨਤੀਜਿਆਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਬੈਂਜਾਮਿਨ ਨੇਤਨਯਾਹੂ ਵਿਚਕਾਰ ਟੈਲੀਫੋਨ ਵਾਰਤਾ ਵਿੱਚ ਤੂੰ-ਤੂੰ ਮੈਂ-ਮੈਂ ਹੋਣ ਦੀਆਂ ਖਬਰਾਂ ਹਨ। ਨੇਤਨਯਾਹੂ ਵੀ ਆਪਣੇ ਦੇਸ਼ ਦੀਆਂ ਆਮ ਚੋਣਾਂ ਵਿੱਚ ਹਾਰ ਗਿਆ ਹੈ ਅਤੇ ਉਹ ਆਪਣੀ ਗੱਦੀ ਬਚਾਉਣ ਲਈ ਮੁੜ ਇਰਾਨ ‘ਤੇ ਹਮਲਾ ਕਰਨ ਵਾਸਤੇ ਅਮਰੀਕਾ ਨੂੰ ਉਕਸਾ ਰਿਹਾ ਹੈ।
