ਅਮਰੀਕਾ ਵਿੱਚ ਖ਼ਸਰੇ ਦਾ ਕਹਿਰ: ਟੀਕਾਕਰਨ ਪ੍ਰਣਾਲੀ ’ਤੇ ਉੱਠੇ ਸਵਾਲ

ਖਬਰਾਂ ਵਿਚਾਰ-ਵਟਾਂਦਰਾ

*30 ਸਾਲਾਂ ਬਾਅਦ ਨਿਊ ਯਾਰਕ ਵਿੱਚ ਬੱਚੇ ਦੀ ਮੌਤ
*2026 ਵਿੱਚ ਹੁਣ ਤੱਕ 4,588 ਮਾਮਲੇ ਸਾਹਮਣੇ ਆਏ
*ਖ਼ਸਰੇ ਨੂੰ ਰੋਕਣ ਲਈ 95 ਫ਼ੀਸਦੀ ਟੀਕਾਕਰਨ ਜ਼ਰੂਰੀ
*ਕਈ ਸੂਬਿਆਂ ਵਿੱਚ ਬਿਮਾਰੀ ਦਾ ਤੇਜ਼ੀ ਨਾਲ ਫੈਲਾਅ

ਪੰਜਾਬੀ ਪਰਵਾਜ਼ ਬਿਊਰੋ
ਅਮਰੀਕਾ ਵਿੱਚ ਖ਼ਸਰੇ (ਮੀਜ਼ਲਜ਼) ਦੇ ਮੁੜ ਤੇਜ਼ੀ ਨਾਲ ਫੈਲਣ ਦਰਮਿਆਨ ਨਿਊ ਯਾਰਕ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਪੇਂਡੂ ਇਲਾਕੇ ਲੂਈਸ ਕਾਊਂਟੀ ਵਿੱਚ ਖ਼ਸਰੇ ਨਾਲ ਪੀੜਤ ਇੱਕ ਬੱਚੇ ਦੀ ਮੌਤ ਹੋ ਗਈ ਹੈ। ਪਿਛਲੇ ਲਗਪਗ 30 ਸਾਲਾਂ ਦੌਰਾਨ ਨਿਊ ਯਾਰਕ ਵਿੱਚ ਖ਼ਸਰੇ ਕਾਰਨ ਹੋਈ ਇਹ ਪਹਿਲੀ ਮੌਤ ਦੱਸੀ ਜਾ ਰਹੀ ਹੈ। ਇਸ ਘਟਨਾ ਨੇ ਅਮਰੀਕਾ ਦੀ ਟੀਕਾਕਰਨ ਪ੍ਰਣਾਲੀ, ਬੱਚਿਆਂ ਦੀ ਸਿਹਤ ਅਤੇ ਸਰਕਾਰ ਦੀਆਂ ਜਨਤਕ ਸਿਹਤ ਨੀਤੀਆਂ ਬਾਰੇ ਮੁੜ ਗੰਭੀਰ ਬਹਿਸ ਛੇੜ ਦਿੱਤੀ ਹੈ।
ਅਮਰੀਕਾ ਦੇ ਰੋਗ ਰੋਕਥਾਮ ਕੇਂਦਰ (ਸੀ.ਡੀ.ਸੀ.) ਦੇ ਅੰਕੜਿਆਂ ਅਨੁਸਾਰ ਅਕਤੂਬਰ 2026 ਦੇ ਅੰਤ ਤੱਕ ਦੇਸ਼ ਭਰ ਵਿੱਚ ਖ਼ਸਰੇ ਦੇ 4,588 ਮਾਮਲੇ ਸਾਹਮਣੇ ਆ ਚੁੱਕੇ ਸਨ। ਇਹ ਗਿਣਤੀ ਪਿਛਲੇ ਸਾਲ ਦੇ ਕੁੱਲ ਮਾਮਲਿਆਂ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ। ਪੈਨਸਿਲਵੇਨੀਆ ਵਿੱਚ 1,338 ਮਾਮਲੇ ਦਰਜ ਕੀਤੇ ਗਏ, ਜਦਕਿ ਦੱਖਣੀ ਕੈਰੋਲੀਨਾ ਅਤੇ ਯੂਟਾ ਵਿੱਚ ਵੀ 500 ਤੋਂ ਵੱਧ ਲੋਕ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਹਨ। ਵੱਖ-ਵੱਖ ਸੂਬਿਆਂ ਵਿੱਚ ਮੌਤਾਂ ਦੀਆਂ ਰਿਪੋਰਟਾਂ ਨੇ ਸਿਹਤ ਅਧਿਕਾਰੀਆਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ।

95 ਫ਼ੀਸਦੀ ਟੀਕਾਕਰਨ ਨਾਲ ਹੀ ਰੋਕਿਆ ਜਾ ਸਕਦਾ ਹੈ ਫੈਲਾਅ
ਖ਼ਸਰੇ ਨੂੰ ਅਕਸਰ ਬਚਪਨ ਦੀ ਆਮ ਬਿਮਾਰੀ ਸਮਝ ਲਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਬੇਹੱਦ ਛੂਤਕਾਰੀ ਵਾਇਰਸ ਨਾਲ ਹੋਣ ਵਾਲੀ ਗੰਭੀਰ ਬਿਮਾਰੀ ਹੈ। ਇਸ ਦਾ ਵਾਇਰਸ ਹਵਾ ਰਾਹੀਂ ਫੈਲ ਸਕਦਾ ਹੈ ਅਤੇ ਇੱਕ ਪੀੜਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਕਈ ਲੋਕਾਂ ਨੂੰ ਲਾਗ ਲੱਗ ਸਕਦੀ ਹੈ। ਖ਼ਾਸ ਗੱਲ ਇਹ ਹੈ ਕਿ ਮਰੀਜ਼ ਦੇ ਕਮਰੇ ਵਿੱਚੋਂ ਚਲੇ ਜਾਣ ਤੋਂ ਬਾਅਦ ਵੀ ਵਾਇਰਸ ਕੁਝ ਸਮੇਂ ਤੱਕ ਹਵਾ ਵਿੱਚ ਮੌਜੂਦ ਰਹਿ ਸਕਦਾ ਹੈ।
ਬਿਮਾਰੀ ਦੇ ਸ਼ੁਰੂਆਤੀ ਲੱਛਣਾਂ ਵਿੱਚ ਤੇਜ਼ ਬੁਖ਼ਾਰ, ਖੰਘ, ਨੱਕ ਵਗਣਾ ਅਤੇ ਅੱਖਾਂ ਦਾ ਲਾਲ ਹੋਣਾ ਸ਼ਾਮਲ ਹਨ। ਕੁਝ ਦਿਨਾਂ ਬਾਅਦ ਸਰੀਰ ਉੱਤੇ ਲਾਲ ਧੱਫੜ ਪੈਣੇ ਸ਼ੁਰੂ ਹੋ ਜਾਂਦੇ ਹਨ। ਗੰਭੀਰ ਹਾਲਤ ਵਿੱਚ ਖ਼ਸਰਾ, ਨਿਮੋਨੀਆ, ਦਿਮਾਗ ਦੀ ਸੋਜ ਅਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਛੋਟੇ ਬੱਚਿਆਂ ਅਤੇ ਕਮਜ਼ੋਰ ਰੋਗ-ਰੋਕੂ ਸਮਰੱਥਾ ਵਾਲੇ ਲੋਕਾਂ ਲਈ ਇਸ ਦਾ ਖ਼ਤਰਾ ਵਧੇਰੇ ਹੁੰਦਾ ਹੈ।
ਵਿਸ਼ਵ ਸਿਹਤ ਸੰਗਠਨ ਅਤੇ ਸਿਹਤ ਮਾਹਿਰਾਂ ਅਨੁਸਾਰ ਖ਼ਸਰੇ ਦੇ ਫੈਲਾਅ ਨੂੰ ਰੋਕਣ ਲਈ ਆਬਾਦੀ ਦੇ ਘੱਟੋ-ਘੱਟ 95 ਫ਼ੀਸਦੀ ਹਿੱਸੇ ਦਾ ਟੀਕਾਕਰਨ ਹੋਣਾ ਜ਼ਰੂਰੀ ਹੈ। ਇਸ ਲਈ ਐੱਮ.ਐੱਮ.ਆਰ. (ਮੀਜ਼ਲਜ਼, ਮੰਪਸ ਅਤੇ ਰੂਬੈਲਾ) ਦਾ ਟੀਕਾ ਦਿੱਤਾ ਜਾਂਦਾ ਹੈ। ਇਸ ਦੀਆਂ ਦੋ ਖ਼ੁਰਾਕਾਂ ਖ਼ਸਰੇ ਤੋਂ ਬਚਾਅ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹਨ। ਟੀਕਾਕਰਨ ਦੀ ਦਰ ਇਸ ਪੱਧਰ ਤੋਂ ਹੇਠਾਂ ਜਾਣ ਨਾਲ ਬਿਮਾਰੀ ਦੇ ਮੁੜ ਫੈਲਣ ਦਾ ਖ਼ਤਰਾ ਵਧ ਜਾਂਦਾ ਹੈ।
ਅਮਰੀਕਾ ਨੇ ਸਾਲ 2000 ਵਿੱਚ ਦੇਸ਼ ਅੰਦਰ ਖ਼ਸਰੇ ਦੇ ਲਗਾਤਾਰ ਫੈਲਾਅ ਨੂੰ ਰੋਕਣ ਵਿੱਚ ਸਫ਼ਲਤਾ ਹਾਸਲ ਕੀਤੀ ਸੀ। ਇਸ ਪ੍ਰਾਪਤੀ ਪਿੱਛੇ ਵਿਆਪਕ ਟੀਕਾਕਰਨ ਅਤੇ ਸਿਹਤ ਪ੍ਰਤੀ ਜਾਗਰੂਕਤਾ ਦੀ ਅਹਿਮ ਭੂਮਿਕਾ ਸੀ; ਪਰ ਪਿਛਲੇ ਕੁਝ ਸਾਲਾਂ ਦੌਰਾਨ ਬੱਚਿਆਂ ਦੇ ਟੀਕਾਕਰਨ ਦੀ ਦਰ ਵਿੱਚ ਆਈ ਗਿਰਾਵਟ ਅਤੇ ਟੀਕਿਆਂ ਬਾਰੇ ਫੈਲੀਆਂ ਗ਼ਲਤ ਧਾਰਨਾਵਾਂ ਨੇ ਇਸ ਪ੍ਰਾਪਤੀ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ।

ਟੀਕਾਕਰਨ ਦੀ ਦਰ ਵਿੱਚ ਗਿਰਾਵਟ ਚਿੰਤਾ ਦਾ ਵੱਡਾ ਕਾਰਨ
ਸੀ.ਡੀ.ਸੀ. ਦੇ ਤਾਜ਼ਾ ਅੰਕੜੇ ਇਸ ਸੰਕਟ ਦੀ ਗੰਭੀਰਤਾ ਨੂੰ ਹੋਰ ਸਪੱਸ਼ਟ ਕਰਦੇ ਹਨ। 12 ਨਵੰਬਰ ਤੱਕ ਅਮਰੀਕਾ ਵਿੱਚ ਖ਼ਸਰੇ ਦੇ 5,412 ਮਾਮਲੇ ਦਰਜ ਹੋ ਚੁੱਕੇ ਸਨ, ਜਦਕਿ ਪੂਰੇ ਸਾਲ 2025 ਵਿੱਚ ਇਹ ਗਿਣਤੀ 2,289 ਸੀ। ਇਸ ਸਾਲ ਹੁਣ ਤੱਕ 43 ਵੱਖ-ਵੱਖ ਥਾਵਾਂ `ਤੇ ਖ਼ਸਰੇ ਦੇ ਮਾਮਲੇ ਦਰਜ ਕੀਤੇ ਗਏ ਹਨ ਅਤੇ ਕੁੱਲ ਮਾਮਲਿਆਂ ਵਿੱਚੋਂ 96 ਫ਼ੀਸਦੀ ਇਸ ਨਾਲ਼ ਸਬੰਧਤ ਹਨ।
ਸੀ.ਡੀ.ਸੀ. ਮੁਤਾਬਕ 2025-26 ਦੇ ਸਕੂਲੀ ਸਾਲ ਦੌਰਾਨ ਕਿੰਡਰਗਾਰਟਨ ਵਿੱਚ ਪੜ੍ਹਦੇ ਬੱਚਿਆਂ ਦੇ ਐੱਮ.ਐੱਮ.ਆਰ. ਟੀਕਾਕਰਨ ਦੀ ਦਰ ਘਟ ਕੇ 92.4 ਫ਼ੀਸਦੀ ਰਹਿ ਗਈ ਹੈ, ਜਦਕਿ 2019-20 ਵਿੱਚ ਇਹ 95.2 ਫ਼ੀਸਦੀ ਸੀ। ਅੰਦਾਜ਼ਾ ਹੈ ਕਿ ਇਸ ਗਿਰਾਵਟ ਕਾਰਨ ਲਗਪਗ 2 ਲੱਖ 80 ਹਜ਼ਾਰ ਬੱਚੇ ਖ਼ਸਰੇ ਦੇ ਖ਼ਤਰੇ ਦੀ ਜ਼ੱਦ ਵਿੱਚ ਹਨ। ਇਸ ਸਾਲ ਸਾਹਮਣੇ ਆਏ ਮਾਮਲਿਆਂ ਵਿੱਚੋਂ 96 ਫ਼ੀਸਦੀ ਮਰੀਜ਼ ਜਾਂ ਤਾਂ ਟੀਕਾਕਰਨ ਤੋਂ ਵਾਂਝੇ ਸਨ ਜਾਂ ਉਨ੍ਹਾਂ ਦੇ ਟੀਕਾਕਰਨ ਬਾਰੇ ਜਾਣਕਾਰੀ ਉਪਲਬਧ ਨਹੀਂ ਸੀ।
ਸੀ.ਡੀ.ਸੀ. ਅਨੁਸਾਰ 12 ਨਵੰਬਰ ਤੱਕ ਖ਼ਸਰੇ ਨਾਲ ਜੁੜੀਆਂ ਛੇ ਮੌਤਾਂ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ 11 ਫ਼ੀਸਦੀ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਉਣਾ ਪਿਆ। ਇਹ ਅੰਕੜੇ ਦਰਸਾਉਂਦੇ ਹਨ ਕਿ ਬਿਮਾਰੀ ਨੂੰ ਹਲਕੇ ਵਿੱਚ ਲੈਣਾ ਕਿੰਨਾ ਖ਼ਤਰਨਾਕ ਹੋ ਸਕਦਾ ਹੈ।

ਨਿਊ ਯਾਰਕ ਸਰਕਾਰ ਨੇ ਐਲਾਨੀ ਐਮਰਜੈਂਸੀ
ਖ਼ਸਰੇ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਨਿਊ ਯਾਰਕ ਦੀ ਗਵਰਨਰ ਕੈਥੀ ਹੋਕਲ ਨੇ ਅਕਤੂਬਰ ਵਿੱਚ ਸੂਬੇ ਵਿੱਚ ਆਫ਼ਤ ਵਾਲੀ ਐਮਰਜੈਂਸੀ ਦਾ ਐਲਾਨ ਕੀਤਾ ਸੀ। ਇਸ ਤਹਿਤ ਟੀਕਾਕਰਨ ਕਰਨ ਦੇ ਅਧਿਕਾਰ ਵਾਲੇ ਸਿਹਤ ਕਰਮਚਾਰੀਆਂ ਦਾ ਦਾਇਰਾ ਵਧਾਇਆ ਗਿਆ, ਤਾਂ ਜੋ ਵਧੇਰੇ ਲੋਕਾਂ ਤੱਕ ਟੀਕਾ ਪਹੁੰਚਾਇਆ ਜਾ ਸਕੇ। ਸਿਹਤ ਵਿਭਾਗ ਵੱਲੋਂ ਸਥਾਨਕ ਸਿਹਤ ਸੰਸਥਾਵਾਂ ਨਾਲ ਮਿਲ ਕੇ ਟੀਕਾਕਰਨ ਮੁਹਿੰਮ ਅਤੇ ਬਿਮਾਰੀ ਦੀ ਜਾਂਚ ਤੇਜ਼ ਕੀਤੀ ਗਈ ਹੈ।
24 ਅਕਤੂਬਰ ਤੱਕ ਨਿਊ ਯਾਰਕ ਸੂਬੇ ਵਿੱਚ ਇਸ ਸਾਲ ਖ਼ਸਰੇ ਦੇ 178 ਮਾਮਲੇ ਸਾਹਮਣੇ ਆਏ ਸਨ। ਇਨ੍ਹਾਂ ਵਿੱਚੋਂ 170 ਮਾਮਲੇ ਨਿਊ ਯਾਰਕ ਸ਼ਹਿਰ ਤੋਂ ਬਾਹਰ ਅਤੇ ਅੱਠ ਸ਼ਹਿਰ ਦੇ ਅੰਦਰ ਸਨ। ਬੱਚੇ ਦੀ ਮੌਤ ਤੋਂ ਬਾਅਦ ਸੂਬੇ ਦੇ ਸਿਹਤ ਵਿਭਾਗ ਨੇ ਲੋਕਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਟੀਕਾਕਰਨ ਦੀ ਸਥਿਤੀ ਜਾਂਚਣ ਦੀ ਅਪੀਲ ਕੀਤੀ ਹੈ।
ਅਮਰੀਕਾ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਨੇ ਕਿਹਾ ਹੈ ਕਿ ਸੀ.ਡੀ.ਸੀ. ਦੇ ਮਾਹਿਰ ਨਿਊ ਯਾਰਕ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਹ ਬਿਮਾਰੀ ਦੀ ਨਿਗਰਾਨੀ, ਅੰਕੜਿਆਂ ਦਾ ਵਿਸ਼ਲੇਸ਼ਣ ਅਤੇ ਇਸ ਦੇ ਫੈਲਾਅ ਨੂੰ ਰੋਕਣ ਦੀ ਰਣਨੀਤੀ ਬਣਾਉਣ ਵਿੱਚ ਮਦਦ ਕਰ ਰਹੇ ਹਨ।

ਸੰਘੀ ਸਰਕਾਰ ਦੀਆਂ ਸਿਹਤ ਨੀਤੀਆਂ ਵੀ ਚਰਚਾ ਵਿੱਚ
ਅਮਰੀਕਾ ਵਿੱਚ ਖ਼ਸਰੇ ਦੇ ਮੁੜ ਫੈਲਣ ਨੇ ਟੀਕਾਕਰਨ ਨੀਤੀਆਂ ਅਤੇ ਸੰਘੀ ਸਰਕਾਰ ਦੀ ਭੂਮਿਕਾ ਬਾਰੇ ਵੀ ਬਹਿਸ ਛੇੜ ਦਿੱਤੀ ਹੈ। ਸਿਹਤ ਸਕੱਤਰ ਰਾਬਰਟ ਐੱਫ. ਕੈਨੇਡੀ ਜੂਨੀਅਰ ਦੀਆਂ ਟੀਕਾਕਰਨ ਬਾਰੇ ਨੀਤੀਆਂ ਅਤੇ ਬਿਆਨਾਂ ਦੀ ਆਲੋਚਨਾ ਹੋ ਰਹੀ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਟੀਕਿਆਂ ਬਾਰੇ ਲੋਕਾਂ ਦੇ ਭਰੋਸੇ ਨੂੰ ਕਮਜ਼ੋਰ ਕਰਨ ਵਾਲੀਆਂ ਗੱਲਾਂ ਦਾ ਅਸਰ ਬੱਚਿਆਂ ਦੇ ਟੀਕਾਕਰਨ ਦੀ ਦਰ `ਤੇ ਪੈ ਸਕਦਾ ਹੈ।
ਇਸ ਸੰਦਰਭ ਵਿੱਚ ਇੱਕ ਹੋਰ ਮਹੱਤਵਪੂਰਨ ਤੱਥ ਇਹ ਹੈ ਕਿ ਪੈਨਸਿਲਵੇਨੀਆ ਵਿੱਚ ਇਸ ਸਾਲ ਖ਼ਸਰੇ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਸੀ.ਡੀ.ਸੀ. ਦੇ 12 ਨਵੰਬਰ ਤੱਕ ਦੇ ਅੰਕੜਿਆਂ ਅਨੁਸਾਰ ਉੱਥੇ 1529, ਦੱਖਣੀ ਕੈਰੋਲੀਨਾ ਵਿੱਚ 670 ਅਤੇ ਯੂਟਾ ਵਿੱਚ 536 ਮਾਮਲੇ ਦਰਜ ਕੀਤੇ ਗਏ ਹਨ।

ਟੀਕਾ ਮੌਜੂਦ ਹੋਣ ਦੇ ਬਾਵਜੂਦ ਬੱਚਿਆਂ ਦੀਆਂ ਜਾਨਾਂ ਕਿਉਂ ਜਾ ਰਹੀਆਂ ਹਨ?
ਨਿਊ ਯਾਰਕ ਵਿੱਚ ਬੱਚੇ ਦੀ ਮੌਤ ਨੇ ਇੱਕ ਵਾਰ ਫਿਰ ਇਹ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਜਦੋਂ ਖ਼ਸਰੇ ਵਰਗੀ ਬਿਮਾਰੀ ਤੋਂ ਬਚਾਅ ਲਈ ਪ੍ਰਭਾਵਸ਼ਾਲੀ ਟੀਕਾ ਮੌਜੂਦ ਹੈ ਤਾਂ ਬੱਚਿਆਂ ਨੂੰ ਇਸ ਦੀ ਕੀਮਤ ਕਿਉਂ ਚੁਕਾਉਣੀ ਪੈ ਰਹੀ ਹੈ। ਮਾਹਿਰਾਂ ਅਨੁਸਾਰ ਇੱਕ ਖੁਰਾਕ ਨਾਲ ਲਗਪਗ 93 ਫ਼ੀਸਦੀ ਅਤੇ ਦੋ ਖ਼ੁਰਾਕਾਂ ਨਾਲ 97 ਫ਼ੀਸਦੀ ਤੱਕ ਸੁਰੱਖਿਆ ਮਿਲਦੀ ਹੈ।
ਇਹ ਮਾਮਲਾ ਸਿਰਫ਼ ਇੱਕ ਬਿਮਾਰੀ ਦੇ ਫੈਲਾਅ ਦਾ ਨਹੀਂ, ਸਗੋਂ ਜਨਤਕ ਸਿਹਤ ਪ੍ਰਣਾਲੀ ਦੀ ਕਾਰਗੁਜ਼ਾਰੀ ਅਤੇ ਲੋਕਾਂ ਦੇ ਵਿਗਿਆਨਕ ਸਿਹਤ ਜਾਣਕਾਰੀ ਉੱਤੇ ਭਰੋਸੇ ਦਾ ਵੀ ਹੈ। ਟੀਕਾਕਰਨ ਬਾਰੇ ਗ਼ਲਤ ਧਾਰਨਾਵਾਂ, ਸਿਹਤ ਸਹੂਲਤਾਂ ਤੱਕ ਅ-ਸਮਾਨ ਪਹੁੰਚ ਅਤੇ ਨੀਤੀਆਂ ਵਿੱਚ ਅਸਪੱਸ਼ਟਤਾ ਦਾ ਸਭ ਤੋਂ ਵੱਧ ਨੁਕਸਾਨ ਬੱਚਿਆਂ ਨੂੰ ਝੱਲਣਾ ਪੈ ਸਕਦਾ ਹੈ। ਖ਼ਸਰੇ ਵਿਰੁੱਧ ਲੜਾਈ ਸਿਰਫ਼ ਹਸਪਤਾਲਾਂ ਅਤੇ ਦਵਾਈਆਂ ਨਾਲ ਨਹੀਂ ਜਿੱਤੀ ਜਾ ਸਕਦੀ। ਇਸ ਲਈ ਸਮੇਂ ਸਿਰ ਟੀਕਾਕਰਨ, ਵਿਗਿਆਨਕ ਜਾਣਕਾਰੀ ਦਾ ਪ੍ਰਚਾਰ ਅਤੇ ਸਿਹਤ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਕਾਇਮ ਰੱਖਣਾ ਵੀ ਓਨਾ ਹੀ ਜ਼ਰੂਰੀ ਹੈ।

Leave a Reply

Your email address will not be published. Required fields are marked *