ਸੋਨੀਆ ਗਾਂਧੀ ਦੀ ਕਿਤਾਬ : ਚੁਰਾਸੀਵਿਆਂ ਵਾਲੀ ਸਿਆਸੀ ਪਹੁੰਚ ਨੂੰ ਫੜੀ ਰੱਖਣ ਦਾ ਯਤਨ

ਸਿਆਸੀ ਹਲਚਲ ਖਬਰਾਂ ਵਿਚਾਰ-ਵਟਾਂਦਰਾ

*ਪੰਜਾਬ ਕਾਂਗਰਸ ਲਈ ਮੁਸ਼ਕਲਾਂ ਖੜ੍ਹੀਆਂ ਕਰੇਗਾ ਇਹ ਪ੍ਰਵਚਨ
ਜਸਵੀਰ ਸਿੰਘ ਸ਼ੀਰੀ
ਸੋਨੀਆ ਗਾਂਧੀ ਦੀ ਕਿਤਾਬ ‘ਬਿਲੌਂਗਿੰਗ: ਏ ਜਰਨੀ ਆਫ ਲਵ’ ਦੇ ਛਪ ਕੇ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਚਰਚਾ ਚਾਰੇ ਪਾਸੇ ਹੈ। ਤਕਰੀਬਨ ਹਰ ਮੀਡੀਆ ਚੈਨਲ ਅਤੇ ਅਖ਼ਬਾਰ ਨੇ ਇਸ ‘ਤੇ ਚਰਚਾ/ਕੁਮੈਂਟਰੀ ਕੀਤੀ ਹੈ। ਜਿਸ ਕਿਸਮ ਦੇ ਰਿਵਿਊ ਸਾਹਮਣੇ ਆਏ ਹਨ, ਉਨ੍ਹਾਂ ਤੋਂ ਪਤਾ ਲਗਦਾ ਹੈ ਕਿ ਕਿਤਾਬ ਸੋਨੀਆਂ ਗਾਂਧੀ ਦੀਆਂ ਆਪਣੀਆਂ ਨਿੱਜੀ ਯਾਦਾਂ ਅਤੇ ਦੇਸ਼ ਦੇ ਸਭ ਤੋਂ ਪ੍ਰਮੁੱਖ ਸਿਆਸੀ ਪਰਿਵਾਰ ਵਿੱਚ ਢਲਣ ਅਤੇ ਕੁਝ ਮਹੱਤਵਪੂਰਣ ਸਿਆਸੀ ਘਟਨਾਕ੍ਰਮਾਂ ‘ਤੇ ਰੋਸ਼ਨੀ ਪਾਉਂਦੀ ਹੈ।

ਇੱਕ ਵੈਬ ਚੈਨਲ ਦੀ ਵਿਚਾਰ-ਚਰਚਾ ਅਨੁਸਾਰ, ਕਿਤਾਬ ਦਾ ਵੱਡਾ ਹਿੱਸਾ ਸੋਨੀਆ ਗਾਂਧੀ ਦੀਆਂ ਨਿੱਜੀ ਯਾਦਾਂ ਨੂੰ ਹੀ ਸਮਰਪਿਤ ਹੈ। ਸਿਆਸੀ ਘਟਨਾਕ੍ਰਮ ‘ਤੇ ਸਿਰਫ ਆਖਰੀ 100 ਪੇਜ ਹੀ ਲਿਖਿਆ ਗਿਆ ਹੈ। ਆਰ.ਐਸ.ਐਸ. ਦੀ ਵਿਚਾਰਧਾਰਾ ‘ਤੇ ਸੋਨੀਆ ਗਾਂਧੀ ਆਲੋਚਨਾਤਮਕ ਟਿੱਪਣੀਆਂ ਕਰਦੀ ਹੈ, ਪਰ ਸਿੱਖਾਂ ਨਾਲ ਕਾਂਗਰਸ ਦੇ ਕਲੇਸ਼ ਸੰਬੰਧੀ ਕਿਤਾਬ ਵਿੱਚ ਰਵਾਇਤੀ ਕਾਂਗਰਸੀ ਆਗੂਆਂ ਵਾਲਾ ਸਟੈਂਡ ਹੀ ਲਿਆ ਗਿਆ ਹੈ। ਕਿਤਾਬ ਨੇ ਦਿੱਲੀ ਵਿੱਚ ਨਵੰਬਰ-1984 ਵਿੱਚ ਹੋਏ ਕਤਲੇਆਮ ਨੂੰ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਸੁਭਾਵਕ ਰੂਪ ਵਿੱਚ ਸਾਹਮਣੇ ਆਇਆ ਪ੍ਰਤੀਕਰਮ ਦਰਸਾਇਆ ਹੈ ਅਤੇ ਬਲਿਊਸਟਾਰ ਆਪਰੇਸ਼ਨ ਦੇ ਕਾਰਨਾਂ ਨੂੰ ਸੰਤ ਜਰਨੈਲ ਸਿੰਘ ਅਤੇ ਸਿੱਖ ਗਰਮ ਖਿਆਲੀਆਂ ਵੱਲ ਖਿਸਕਾ ਦਿੱਤਾ ਗਿਆ ਹੈ। ਸਿੱਖ ਲੀਡਰਸ਼ਿੱਪ ਤੋਂ ਬਿਨਾ ਸ਼ੱਕ ਗਲਤੀਆਂ ਹੋਈਆਂ ਹੋਣਗੀਆਂ, ਪਰ ਤਾੜੀ ਸਿਰਫ ਇੱਕ ਹੱਥ ਨਾਲ ਨਹੀਂ ਵੱਜਦੀ। ਰਾਜ ਕਰ ਰਹੀ ਧਿਰ ਨੇ ਵੀ ਵੱਡੀਆਂ ਗਲਤੀਆਂ ਕੀਤੀਆਂ ਹਨ, ਉਨ੍ਹਾਂ ‘ਤੇ ਉਂਗਲ ਧਰਨੀ ਵੀ ਜਰੂਰੀ ਹੈ। ਕਿਤਾਬ ਵਿੱਚ ਅਪਣਾਈ ਗਈ ਵਿਚਾਰਧਾਰਕ ਪਹੁੰਚ ਦਰਸਾਉਂਦੀ ਹੈ ਕਿ ਗਾਂਧੀ ਪਰਿਵਾਰ 1984 ਦੇ ਦੌਰ ਵਿੱਚ ਕੀਤੀਆਂ ਗਈਆਂ ਸਿਆਸੀ ਗਲਤੀਆਂ ਨੂੰ ਸਵਿਕਾਰ ਕਰਨ ਲਈ ਤਿਆਰ ਨਹੀਂ ਹੈ ਅਤੇ ਨਾ ਹੀ ਆਪਣੀ ਪੁਰਾਣੀ ਪਹੁੰਚ ਨੂੰ ਪਿੱਛੇ ਛੱਡ ਕਿ ਇੱਕ ਸਹਿਭਾਗੀ ਜਮਹੂਰੀਅਤ ਵੱਲ ਵਧਣ ਲਈ ਰਾਜ਼ੀ ਹੈ।
ਕਾਂਗਰਸ ਪਾਰਟੀ ਦੀ ਸਿਖ਼ਰਲੀ ਲੀਡਰਸ਼ਿੱਪ ਦੀ ਇਹ ਪਹੁੰਚ ਹਿੰਦੁਸਤਾਨੀ ਜਮਹੂਰੀ ਪ੍ਰਬੰਧ ਲਈ ਬੇਹੱਦ ਮੰਦਭਾਗੀ ਸਾਬਤ ਹੋਵੇਗੀ। ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਕਾਂਗਰਸ ਵੱਲੋਂ ਆਰ.ਐਸ.ਐਸ. ਦਾ ਵਿਰੋਧ ਰਸਮੀ ਹੈ ਅਤੇ ਫੈਡਰਲਿਜ਼ਮ ਦੇ ਸੰਦਰਭ ਵਿੱਚ ਭਾਰਤੀ ਰਾਜ ਭਾਗ ਬਾਰੇ ਕਾਂਗਰਸ ਦੀ ਪਹੁੰਚ ਇਸ ਕੱਟੜਪੰਥੀ ਹਿੰਦੂਤਵੀਆਂ (ਜਿਸ ਤਰ੍ਹਾਂ ਯਹੂਦੀ ਧਰਮ ਅਤੇ ਯਹੂਦੀਵਾਦ ਵਿੱਚ ਫਰਕ ਹੈ। ਇਸੇ ਤਰ੍ਹਾਂ ਹਿੰਦੂ ਧਰਮ ਅਤੇ ਹਿੰਦੂਤਵੀ ਫਾਸ਼ੀ ਸੋਚ ਵਿਚਕਾਰ ਪਾੜਾ ਹੈ, ਇਸ ਨੂੰ ਇਸੇ ਸੰਦਰਭ ਵਿੱਚ ਸਮਝਿਆ ਜਾਵੇ, ਸੈਕਟੇਰੀਅਨ ਅਰਥਾਂ ਵਿੱਚ ਨਹੀਂ) ਵੱਲੋਂ ਨਿਰਧਾਰਤ ਕੀਤੀਆਂ ਗਈਆਂ ਲਛਮਣ ਰੇਖਾਵਾਂ ਦੇ ਅੰਦਰ-ਅੰਦਰ ਰਹਿ ਕੇ ਵਿਚਰਨ ਦੀ ਹੈ। ਇਸ ਤੋਂ ਇਹ ਵੀ ਪਤਾ ਲਗਦਾ ਹੈ ਕਿ ਕਾਂਗਰਸ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਰਾਜ ਵਿੱਚ ਕੀਤੇ ਗਏ ਅੱਤਿ ਕੇਂਦਰੀਕਰਨ ਨੂੰ ਬੈਕ ਗਿਏਰ ਵਿੱਚ ਪਾਉਣ ਲਈ ਕਿਸੇ ਕਿਸਮ ਦਾ ਕੋਈ ਯਤਨ ਨਹੀਂ ਕਰੇਗੀ। ਕਸ਼ਮੀਰ ਵਿੱਚ ਧਾਰਾ-370 ਬਾਰੇ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਪਹੁੰਚ ਅਪਣਾਈ ਗਈ ਹੈ, ਕਾਂਗਰਸ ਪਾਰਟੀ ਉਸ ਨੂੰ ਪਲਟਾਉਣ ਦਾ ਯਤਨ ਵੀ ਨਹੀਂ ਕਰੇਗੀ।
ਪੰਜਾਬ ਕਾਂਗਰਸ ਦੀ ਨਵੀਂ ਲੀਡਰਸਿੱLਪ ਲਈ ਸੋਨੀਆ ਗਾਂਧੀ ਦੀ ਕਿਤਾਬ ਵਿਸ਼ੇਸ਼ ਤੌਰ ‘ਤੇ ਨੁਕਸਾਨਦੇਹ ਸਾਬਤ ਹੋਵੇਗੀ; ਖਾਸ ਕਰਕੇ ਅਗਲੇ ਸਾਲ ਆ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ। ਪੰਜਾਬ ਕਾਂਗਰਸ ਦੇ ਨਵੇਂ ਲੀਡਰ ਪਰਗਟ ਸਿੰਘ ਨੂੰ ਇਸ ਕਿਤਾਬ ਵਿੱਚ ਸਿੱਖਾਂ ਖਿਲਾਫ ਖੜ੍ਹਾ ਕੀਤਾ ਗਿਆ ਪ੍ਰਵਚਨ ਵਿਸ਼ੇਸ਼ ਤੌਰ ‘ਤੇ ਨੁਕਸਾਨ ਪਹੁੰਚਾਵੇਗਾ। ਸੋਨੀਆ ਗਾਂਧੀ ਦੀ ਇਹ ਕਿਤਾਬ ਜਿਸ ਵਕਤ ਰਿਲੀਜ਼ ਕੀਤੀ ਗਈ ਹੈ, ਉਹ ਇਹ ਵੀ ਸਪਸ਼ਟ ਕਰਦੀ ਹੈ ਕਿ ਕਾਂਗਰਸ ਪਾਰਟੀ ਨੂੰ ਪੰਜਾਬ ਵਿੱਚ ਆਪਣੇ ਸਿਆਸੀ ਭਵਿੱਖ ਦਾ ਕੋਈ ਫਿਕਰ ਨਹੀਂ ਹੈ। ਉਹ ਇੰਦਰਾ ਗਾਂਧੀ ਦੇ ਕਤਲ ਵਿਰੁੱਧ ਹਿੰਦੂਤਵੀ ਹਮਦਰਦੀ ਨੂੰ ਉਭਾਰ ਕੇ ਆਪਣੇ ਬੇਟੇ ਰਾਹੁਲ ਗਾਂਧੀ ਦਾ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਹ ਪੱਧਰਾ ਕਰਨਾ ਚਾਹੁੰਦੀ ਹੈ। ਅਕਾਲੀ ਦਲ (ਬਾਦਲ) ਅਤੇ ਪੰਜਾਬ ‘ਆਪ’ ਦੀ ਮਾੜੀ ਹਾਲਤ ਕਾਰਨ ਪੰਜਾਬ ਕਾਂਗਰਸ ਦੀ ਨਵੀਂ ਲੀਡਰਸ਼ਿੱਪ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਲਾਭ ਉਠਾਉਣ ਦੀ ਸਥਿਤੀ ਵਿੱਚ ਸੀ, ਪਰ ਸੋਨੀਆ ਗਾਂਧੀ ਦੀ ਕਿਤਾਬ ਵਿੱਚ ਉਸਾਰਿਆ ਗਿਆ ਪ੍ਰਵਚਨ ਇਸ ਮੌਕੇ ‘ਤੇ ਪਾਣੀ ਫੇਰਨ ਦਾ ਸਬੱਬ ਸਾਬਤ ਹੋਵੇਗਾ। ਕਾਂਗਰਸ ਦੀ ਇਸ ਕਿਸਮ ਦੀ ਪਹੁੰਚ ਲਾਜ਼ਮੀ ਹੀ ਅਕਾਲੀ ਦਲ (ਵਾਰਸ ਪੰਜਾਬ ਦੇ) ਦੇ ਹੱਕ ਵਿੱਚ ਭੁਗਤੇਗੀ। ਇਸ ਪਾਰਟੀ ਨੂੰ ਕੇਂਦਰ ਸਰਕਾਰ ਵੱਲੋਂ ਰਜਿਸਟਰ ਕਰਨ ਤੋਂ ਆਨਾਕਾਨੀ ਅਤੇ ਇਸ ਨਾਲ ਜੁੜੇ ਸਿੱਖ ਉਭਾਰ ਨੂੰ ਹਿੰਦੁਸਤਾਨ ਦੇ ਜਮਹੂਰੀ ਪ੍ਰਗਟਾਵੇ ਤੋਂ ਮਹਿਰੂਮ ਕਰਨਾ, ਖਤਰਨਾਕ ਵਰਤਾਰਾ ਹੈ। ਇਸ ਦੇ ਸੁਭਾਵਕ ਸਿੱਟੇ ਬੜੇ ਮਾੜੇ ਹੋ ਸਕਦੇ ਹਨ।
ਕੇਂਦਰ ਵਿੱਚ ਰਾਜ ਕਰ ਰਹੀਆਂ ਪਾਰਟੀਆਂ ਪੰਜਾਬ ਦੇ ਸੁਭਾਵਕ ਜਮਹੂਰੀ ਪ੍ਰਗਟਾਵੇ ਦੀ ਨੁਮਾਇੰਦਗੀ ਨੂੰ ਪ੍ਰਵਾਨ ਕਰਨ ਦੀ ਥਾਂ, ਰਾਜ ‘ਤੇ ਪੰਜਾਬ ਪੱਖੀ ਸਿਆਸੀ ਪਹੁੰਚ ਦੇ ਖਿਲਾਫ ਖੜ੍ਹੇ ਅੱਤਿ ਭ੍ਰਿਸ਼ਟ ਲੀਡਰਾਂ ਨੂੰ ਮੜ੍ਹਨ ਦਾ ਯਤਨ ਕਰਦੀਆਂ ਹਨ। ਇਹ ਆਪਣੇ ਆਪ ਵਿੱਚ ਹੀ ਗੈਰ-ਜਮਹੂਰੀ ਵਰਤਾਰਾ ਹੈ। ਸਹੀ ਜਮਹੂਰੀ ਪਹੁੰਚ ਇਹੋ ਹੈ ਕਿ ਪੰਜਾਬ ਵਿੱਚ ਸੁਭਾਵਕ ਰੂਪ ਵਿੱਚ ਉਭਰ ਰਹੇ ਸਿਆਸੀ ਵਰਤਾਰਿਆਂ ਨੂੰ ਪ੍ਰਗਟਾਵੇ ਦੇ ਮੌਕੇ ਦਿੱਤੇ ਜਾਣ। ਕਿਸੇ ਪ੍ਰੌੜ ਅਤੇ ਵਿਕਸਤ ਜਮਹੂਰੀਅਤ ਵੱਲ ਸਫਰ ਕਰਨ ਦਾ ਇਹੋ ਰਾਹ ਹੈ।
ਇੰਗਲੈਂਡ ਤੋਂ ਛਪਦੇ ਅਖਬਾਰ ਗਾਰਡੀਅਨ ਅਨੁਸਾਰ, “ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਧੀਨ ਜਮਹੂਰੀਅਤ ਦੇ ਤਾਨਾਸ਼ਾਹੀ ਵੱਲ ਸਫਰ ਦੀ ਤਿੱਖੀ ਆਲੋਚਨਾ ਕੀਤੀ ਹੈ।” ਕਿਤਾਬ ਵਿੱਚ ਰਾਹੁਲ ਗਾਂਧੀ ਦਾ ‘ਪੱਪੂ ਦੇ ਰੂਪ’ ਵਿੱਚ ਅਕਸ ਉਸਾਰਨ ਦੀ ਵੀ ਆਲੋਚਨਾ ਕੀਤੀ ਗਈ ਹੈ; ਪਰ ਹਿੰਦੁਸਤਾਨ ਵਿੱਚ ਸਿਆਸੀ ਵਿਚਾਰ ਪ੍ਰਗਟਾਵੇ ਦਾ ਕੀ ਹਾਲ-ਚਾਲ ਹੈ, ਇਸ ਦਾ ਪਤਾ ਕਿਤਾਬ ਵਿੱਚ ਪ੍ਰਗਟ ਹੋਏ ਇਸ ਤੱਥ ਤੋਂ ਲਗਦਾ ਹੈ ਕਿ ਦੇਸ਼ ਦੇ ਸਭ ਤੋਂ ਵੱਡੇ ਪ੍ਰਕਾਸ਼ਨ ਪੈਂਗੂਇਨ ਰੈਂਡਮ ਹਾਊਸ ਨੇ ਇਸ ਕਿਤਾਬ ਨੂੰ ਪ੍ਰਕਾਸ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਕਿਤਾਬ ਵਿੱਚ ਕੁਝ ਵੇਰਵੇ ਪ੍ਰਕਾਸ਼ਨ ਵੱਲੋਂ ਐਡਿਟ ਕਰਨ ਲਈ ਕਿਹਾ ਗਿਆ ਸੀ, ਪਰ ਸੋਨੀਆ ਗਾਂਧੀ ਨੇ ਇਹ ਤਜਵੀਜ਼ ਪ੍ਰਵਾਨ ਨਾ ਕੀਤੀ। ਨਹਿਰੂ-ਗਾਂਧੀ ਪਰਿਵਾਰ ਪਿਛਲੇ 85 ਸਾਲ ਤੋਂ ਕਾਂਗਰਸ ਪਾਰਟੀ ਦੇ ਸਿਖ਼ਰ ‘ਤੇ ਬੈਠਾ ਹੋਇਆ ਹੈ। ਕੁੱਲ ਮਿਲਾ ਕੇ ਇਹ ਕਿਤਾਬ ਕਾਂਗਰਸ ਦੀ ਹੁਣ ਤੱਕ ਦੀ ਸਮੁੱਚੀ ਲੀਡਰਸ਼ਿਪ ਦੀ ਵਿਰਾਸਤ ਨੂੰ ਬਿਨਾ ਕੋਈ ਕਿੰਤੂ ਕਰੇ ਅੱਗੇ ਤੋਰਨ ਦਾ ਯਤਨ ਕਰ ਰਹੀ ਹੈ। ਦੇਸ਼ ਵਿੱਚ ਸਿੱਖਾਂ ਨਾਲ ਵਾਪਰੇ ਘਟਨਾਕ੍ਰਮ ਬਾਰੇ ਵੀ ਕਿਤਾਬ ਇਸੇ ਕਿਸਮ ਦੀ ਪਹੁੰਚ ਅਪਣਾ ਰਹੀ ਹੈ। ਕਿਤਾਬ ਦੇ ਪੰਨਿਆਂ ਵਿੱਚ ਪ੍ਰਗਟ ਹੋਈ ਵਿਚਾਰਧਾਰਾ ਨੇ ਦੇਸ਼ ਵਿੱਚ ਵੱਸਦੀ ਸਿੱਖ ਘੱਟ-ਗਿਣਤੀ ਨੂੰ ਇੱਕ ਵਾਰ ਫਿਰ ਸਤਰਕ ਕਰ ਦਿੱਤਾ ਹੈ। ਪੰਜਾਬ ਵਿੱਚ ਫੈਲੇ ਨਸ਼ਿਆਂ ਦੇ ਜਾਲ ਵਿਰੁਧ ਸੰਘਰਸ਼ ਕਰਦਿਆਂ ਸ਼ਹੀਦ ਹੋਏ ਪਰਵਿੰਦਰ ਸਿੰਘ ਝੋਟੇ ਦੇ ਮਾਮਲੇ ਵਿੱਚ ਲੱਗੇ ਧਰਨੇ ਵਿੱਚ ਜਦੋਂ ਉਸ ਦੇ ਪਿਤਾ ਨੇ ਇਹ ਕਿਹਾ ਸੀ ਕਿ ਰਾਹੁਲ ਗਾਂਧੀ ਇਸ ਧਰਨੇ ਵਿੱਚ ਨਾ ਆਉਣ ਤਾਂ (ਇਨ੍ਹਾਂ ਸਤਰਾਂ ਦੇ ਲੇਖਕ ਸਮੇਤ) ਸਿੱਖ ਭਾਈਚਾਰੇ ਦੇ ਇੱਕ ਹਿੱਸੇ ਨੂੰ ਲੱਗਿਆ ਸੀ ਕਿ ਜਦੋਂ ਗ੍ਰਹਿ ਮੰਤਰੀ ਇਸ ਪਰਿਵਾਰ ਨੂੰ ਮਿਲ ਕੇ ਗਏ ਹਨ ਅਤੇ ਹੋਰ ਰਾਜਨੀਤਿਕ ਪਾਰਟੀਆਂ ਦੇ ਆਗੂ ਵੀ ਧਰਨੇ ਨੂੰ ਸੰਬੋਧਨ ਕਰ ਗਏ ਹਨ ਤਾਂ ਰਾਹੁਲ ਗਾਂਧੀ ਨੂੰ ਰੋਕਣਾ ਸਹੀ ਨਹੀਂ ਹੈ। ਪਰ ਹੁਣ ਕਿਤਾਬ ਸਾਬਤ ਕਰਦੀ ਹੈ ਕਿ ਪਰਿਵਾਰ ਕਾਂਗਰਸੀ ਲੀਡਰਸ਼ਿੱਪ ਵੱਲੋਂ ਸੀਮਤ ਸੈਕੂਲੇਰਿਜ਼ਮ ਤੋਂ 1984ਵਿਆਂ ਵਿੱਚ ਕੱਟੜ ਹਿੰਦੂਤਵ ਵੱਲ ਕੱਟੇ ਗਏ ਮੋੜੇ ਦੀ ਵਿਰਾਸਤ ਤੋਂ ਕਿਨਾਰਾ ਕਰਨ ਲਈ ਹਾਲੇ ਵੀ ਤਿਆਰ ਨਹੀਂ ਹੈ; ਸਗੋਂ ਆਪਣੇ ਬੱਚਿਆਂ ਦੇ ਸਿਆਸੀ ਭਵਿੱਖ ਦੇ ਮੋਹ ਵਿੱਚ ਇਸ ਵਿਰਾਸਤ ਨੂੰ ਘੁੱਟ ਕੇ ਫੜੀਂ ਰੱਖਣ ਦਾ ਯਤਨ ਕਰ ਰਿਹਾ ਹੈ। ਗਾਂਧੀ ਪਰਿਵਾਰ ਵਿੱਚ ਇਸ ਕਿਸਮ ਦੀ ਸਿਆਸੀ ਪਹੁੰਚ ਜੇ ਅਮਲੀ (ਪ੍ਰੈਕਟੀਲ) ਸਿਆਸਤ ਵਿੱਚ ਵੀ ਜਾਰੀ ਰਹਿੰਦੀ ਹੈ ਤਾਂ ਇਹ ਨਾ ਸਿਰਫ ਆਉਂਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਲਈ ਨੁਕਸਾਨਦੇਹ ਸਾਬਤ ਹੋਵੇਗੀ, ਸਗੋਂ ਹਿੰਦੁਸਤਾਨ ਲਈ ਸਮੁੱਚੇ ਰੂਪ ਵਿੱਚ ਵੀ ਹਾਨੀਕਾਰਕ ਸਾਬਤ ਹੋਵੇਗੀ।

Leave a Reply

Your email address will not be published. Required fields are marked *