ਗਣਤੰਤਰ ਦਿਵਸ ਪਰੇਡ-2024
-ਜਸਵੀਰ ਸਿੰਘ ਸ਼ੀਰੀ
26 ਜਨਵਰੀ ਨੂੰ ਨਵੀਂ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਲਈ ਪੰਜਾਬ ਸਰਕਾਰ ਵੱਲੋਂ ਤਜਵੀਜ਼ ਕੀਤੀਆਂ ਗਈਆਂ ਤਿੰਨੋਂ ਝਾਕੀਆਂ ਕੇਂਦਰ ਸਰਕਾਰ ਵੱਲੋਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਦੀ ਗਣਤੰਤਰ ਦਿਵਸ ਪਰੇਡ ਵਿੱਚ 20 ਸੂਬਿਆਂ ਦੀਆਂ ਝਾਕੀਆਂ ਵਿਖਾਈਆਂ ਜਾਣਗੀਆਂ, ਪਰ ਇਨ੍ਹਾਂ ਵਿੱਚ ਪੰਜਾਬ ਦੀਆਂ ਝਾਕੀਆਂ ਲਗਾਤਾਰ ਦੂਜੀ ਵਾਰ ‘ਤਕਨੀਕੀ ਕਾਰਨਾਂ’ ਕਰਕੇ ਰੱਦ ਕਰ ਦਿੱਤਿਆਂ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੀ ਜ਼ੋਰਦਾਰ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਪੰਜਾਬ ਨਾਲ ਸਬੰਧਤ ਤਿੰਨੋਂ ਝਾਕੀਆਂ 20 ਜਨਵਰੀ ਤੋਂ ਦਿੱਲੀ ਦੇ ਪੰਜਾਬ ਭਵਨ ਵਿੱਚ ਪ੍ਰਦਰਸ਼ਤ ਕੀਤੀਆਂ ਜਾਣਗੀਆਂ।
ਇਸ ਦਰਮਿਆਨ ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਝਾਕੀਆਂ ਵਿੱਚ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਲੱਗੀਆਂ ਹੋਣ ਕਾਰਨ ਇਹ ਰੱਦ ਕੀਤੀਆਂ ਗਈਆਂ ਹਨ, ਜਦਕਿ ਕੇਂਦਰ ਸਰਕਾਰ ਦਾ ਆਖਣਾ ਹੈ ਕਿ ਕੁੱਝ ਤਕਨੀਕੀ ਕਾਰਨਾਂ ਕਰਕੇ ਇਹ ਝਾਕੀਆਂ ਰੱਦ ਕੀਤੀਆਂ ਗਈਆਂ ਹਨ।
ਯਾਦ ਰਹੇ, ਪੰਜਾਬ ਤੋਂ ਇਲਾਵਾ ਪੱਛਮੀ ਬੰਗਾਲ ਦੀਆਂ ਝਾਕੀਆਂ ਵੀ ਰੱਦ ਕੀਤੀਆਂ ਗਈਆਂ ਹਨ। ਬੀਤੇ ਦਿਨੀਂ ਇਸ ਮਸਲੇ ਨੂੰ ਲੈ ਕੇ ਬੁਲਾਈ ਇੱਕ ਪ੍ਰੈਸ ਕਾਨਫਰੰਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਗਣਤੰਤਰ ਦਿਵਸ ‘ਤੇ ਝਾਕੀ ਬਾਰੇ ਪੁੱਛੇ ਜਾਣ ‘ਤੇ ਤਿੰਨ ਬਦਲ ਭੇਜੇ ਜਾਣ ਦੀ ਗੱਲ ਕੀਤੀ ਸੀ। ਪੰਜਾਬ ਵੱਲੋਂ ਤਿੰਨੇ ਬਦਲ ਤਿਆਰ ਕੀਤੇ ਗਏ ਸਨ। ਪਹਿਲਾ ਪੰਜਾਬ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਬਾਰੇ ਹੈ। ਦੂਜਾ ਮਾਈ ਭਾਗੋ ਇਸਤਰੀ ਸ਼ਕਤੀ ਕਰਨ ਅਤੇ ਤੀਜਾ ਪੰਜਾਬ ਦਾ ਅਮੀਰ ਵਿਰਸਾ ਤੇ ਇਸ ਦੀ ਪੇਸ਼ਾਕਾਰੀ ਹੈ। ਤਿੰਨਾਂ ਦੇ ਦੋ-ਦੋ ਡਿਜ਼ਾਈਨ ਭੇਜੇ ਗਏ ਸਨ, ਪਰ ਇਹ ਸਾਰੇ ਤਕਨੀਕੀ ਕਾਰਨਾਂ ਦੀ ਢੁੱਚਰ ਡਾਹ ਕੇ ਰੱਦ ਕਰ ਦਿੱਤੇ ਗਏ। ਸ. ਮਾਨ ਨੇ ਕਿਹਾ ਕਿ ਭਾਜਪਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝਾਕੀ (ਸੰਕਲਪ ਯਾਤਰਾ) ਲੈ ਕੇ ਦੇਸ਼ ਵਿੱਚ ਘੁੰਮ ਰਹੀ ਹੈ, ਕੀ ਨਰਿੰਦਰ ਮੋਦੀ ਸ਼ਹੀਦਾਂ ਨਾਲੋਂ ਵੀ ਉੱਪਰ ਹੋ ਗਏ ਹਨ? ਇਸ ਮੁੱਦੇ ‘ਤੇ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਕਿਹਾ ਕਿ ਭਗਵੰਤ ਮਾਨ ਸਿਆਸਤ ਕਰ ਰਹੇ ਹਨ। ਇਹ ਝਾਕੀਆਂ ਕਿਸੇ ਤਕਨੀਕੀ ਕਾਰਨ ਕਰਕੇ ਰੱਦ ਕੀਤੀਆਂ ਗਈਆਂ ਹੋਣਗੀਆਂ। ਭਗਵੰਤ ਮਾਨ ਨੂੰ ਹਰ ਮੁੱਦੇ ‘ਤੇ ਸਿਆਸਤ ਕਰਨ ਦੀ ਆਦਤ ਹੈ। ਪੰਜਾਬ ਭਾਜਪਾ ਦੇ ਮੁਖੀ ਸੁਨੀਲ ਜਾਖੜ ਨੇ ਮੁੱਖ ਮੰਤਰੀ ਦੇ ਬਿਆਨ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਪਰੇਡ ਵਿੱਚ ਪੰਜਾਬ ਦੀ ਝਾਕੀ ਨੂੰ ਥਾਂ ਨਾ ਮਿਲਣਾ ਯਕੀਨਨ ਸਾਡੇ ਲਈ ਨਿਰਾਸ਼ਾਜਨਕ ਹੈ, ਪਰ ਭਾਵਨਾਵਾਂ ਭੜਕਾਉਣ ਲਈ ਇਸ ਮੁੱਦੇ ਦਾ ਫਾਇਦਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦੀ ਭਾਸ਼ਾ ਮੁੱਖ ਮੰਤਰੀ ਨੇ ਇਸਤੇਮਾਲ ਕੀਤੀ ਹੈ, ਉਹ ਕਿਸੇ ਵੀ ਪੰਜਾਬੀ ਨੂੰ ਸੋਭਾ ਨਹੀਂ ਦਿੰਦੀ। ਆਪਣੇ ਇੱਕ ਹੋਰ ਬਿਆਨ ਵਿੱਚ ਉਨ੍ਹਾਂ ਇਹ ਇਲਜ਼ਾਮ ਵੀ ਲਗਾਇਆ ਕਿ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀਆਂ ਦੀਆਂ ਫੋਟੋਆਂ ਇਨ੍ਹਾਂ ਝਾਕੀਆਂ ਵਿੱਚ ਲੱਗੀਆਂ ਹੋਣ ਕਾਰਨ ਇਨ੍ਹਾਂ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ।
ਸੁਨੀਲ ਜਾਖੜ ਦੇ ਇਸ ਬਿਆਨ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜੇ ਕਿਸੇ ਵੀ ਝਾਕੀ ਵਿੱਚ ਮੇਰੀ ਤੇ ਕੇਜਰੀਵਾਲ ਦੀ ਫੋਟੋ ਲੱਗੀ ਸੁਨੀਲ ਜਾਖੜ ਸਾਬਤ ਕਰ ਦੇਣ ਤਾਂ ਮੈਂ ਸਿਆਸਤ ਛੱਡ ਦਿਆਂਗਾ, ਨਹੀਂ ਤਾਂ ਸੁਨੀਲ ਜਾਖੜ ਪੰਜਾਬ ਵਿੱਚ ਪੈਰ ਨਾ ਪਾਉਣ। ਮੁੱਖ ਮੰਤਰੀ ਨੇ ਕਿਹਾ ਕਿ ਸੁਨੀਲ ਜਾਖੜ ਨਵੇਂ-ਨਵੇਂ ਭਾਜਪਾ ਵਿੱਚ ਗਏ ਹਨ, ਇਸ ਲਈ ਝੂਠ ਬੋਲਣ ਵਿੱਚ ਹਾਲੇ ਉਹ ਪੂਰੇ ਮਾਹਿਰ ਨਹੀਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਤੱਥ ਛੁਪਾਉਣ ਲਈ ਹਮੇਸ਼ਾ ਹਾਈਕਮਾਂਡ ਤੋਂ ਤਿਆਰ-ਬਰ-ਤਿਆਰ ਸਕਰਿਪਟ ਦਾ ਰਟਣ ਮੰਤਰ ਕਰਦੇ ਹਨ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਪੰਜਾਬ ਵਿੱਚ ਹੋਣ ਵਾਲੇ ਸਾਰੇ ਸਮਾਗਮਾਂ ਵਿੱਚ ਇਨ੍ਹਾਂ ਝਾਕੀਆਂ ਨੂੰ ਵਿਖਾਇਆ ਜਾਵੇਗਾ। ਇਸ ਤੋਂ ਇਲਾਵਾ 20 ਜਨਵਰੀ ਤੋਂ ਦਿੱਲੀ ਦੇ ਪੰਜਾਬ ਭਵਨ ਵਿਖੇ ਇਨ੍ਹਾਂ ਝਾਕੀਆਂ ਨੂੰ ਪ੍ਰਦਰਸ਼ਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਝਾਕੀਆਂ ਵਿੱਚ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ, ਸ਼ਹੀਦ ਕਰਤਾਰ ਸਿੰਘ ਸਰਭਾ, ਰਾਜਗੁਰੂ, ਸੁਖਦੇਵ ਅਤੇ ਲਾਲਾ ਲਾਜਪਤ ਰਾਏ ਦੀਆਂ ਫੋਟੋਆਂ ਹਨ। ਮਾਈ ਭਾਗੋ ਦਾ ਜ਼ਿਕਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੇ ਸੂਬੇ ਦਾ ਸਭਿਆਚਾਰ ਚੰਗਾ ਨਹੀਂ ਲੱਗਿਆ। ਉਂਝ ਕੇਂਦਰੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਪੰਜਾਬ ਦੀ ਝਾਕੀ ਨੂੰ 23 ਤੋਂ 31 ਜਨਵਰੀ ਤੱਕ ਲਾਲ ਕਿਲੇ ‘ਤੇ ਆਯੋਜਤ ਕੀਤੇ ਜਾਣ ਵਾਲੇ ‘ਭਾਰਤ ਪਰਵ’ ਵਿੱਚ ਭੇਜ ਦਿੱਤਾ ਜਾਵੇ। ਪਰ ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰ ਦੀ ਇਸ ਤਜਵੀਜ਼ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ‘ਨਾ-ਮਨਜ਼ੂਰ ਸ਼੍ਰੇਣੀ ਵਿਚ’ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਝਾਕੀਆਂ ਵਿੱਚ ਉਹ ਪੰਜਾਬ ਦੀ ਝਾਕੀ ਨਹੀਂ ਭੇਜਣਗੇ। ਉਧਰ ਰੱਖਿਆ ਮੰਤਰਾਲੇ ਨੇ ਜਵਾਬ ਵਿੱਚ ਕਿਹਾ ਹੈ ਕਿ ਇਸ ਸਾਲ ਦੇ ਥੀਮ ਦੇ ਅਨੁਕੂਲ ਨਾ ਹੋਣ ਕਰਕੇ ਪੰਜਾਬ ਦੀ ਝਾਕੀ ਤੀਜੇ ਗੇੜ ਤੋਂ ਅੱਗੇ ਨਹੀਂ ਜਾ ਸਕੀ। ਮੰਤਰਾਲੇ ਦਾ ਕਹਿਣਾ ਹੈ ਕਿ ਵਿਸ਼ਾ ਮਾਹਿਰਾਂ ਵੱਲੋਂ ਝਾਕੀ ਦੀ ਤਕਨੀਕੀ ਨਜ਼ਰੀਏ ਤੋਂ ਘੋਖ ਕੀਤੀ ਜਾਂਦੀ ਹੈ।
ਗੋਇੰਦਵਾਲ ਥਰਮਲ ਪਲਾਂਟ ਪੰਜਾਬ ਸਰਕਾਰ ਨੇ ਖਰੀਦਿਆ:
ਨਵੇਂ ਸਾਲ ਦੇ ਪਹਿਲੇ ਦਿਨ ਪੰਜਾਬ ਸਰਕਾਰ ਨੇ 1080 ਕਰੋੜ ਰੁਪਏ ਵਿੱਚ ਗੋਇੰਦਵਾਲ ਥਰਮਲ ਪਲਾਂਟ ਖਰੀਦ ਲਿਆ ਹੈ। ਮੁੱਖ ਮੰਤਰੀ ਨੇ ਇਸ ਖਰੀਦ ਨੂੰ ਇਤਿਹਾਸਕ ਕਿਹਾ ਹੈ। ਇਹ ਥਰਮਲ ਪਲਾਂਟ ਅਕਾਲੀ ਸਰਕਾਰ ਵੇਲੇ ਇੱਕ ਪ੍ਰਾਈਵੇਟ ਫਰਮ ਨੇ ਲਾਇਆ ਸੀ। ‘ਪੰਜਾਬੀ ਟ੍ਰਿਬਿਊਨ’ ਨੇ ਵੀ ਆਪਣੇ ਸੰਪਾਦਕੀ ਵਿੱਚ ਇਸ ਨੂੰ ਇਤਿਹਾਸਕ ਤੇ ਲਾਹੇ ਦਾ ਸੌਦਾ ਕਰਾਰ ਦਿੱਤਾ ਹੈ। ਅਖਬਾਰ ਅਨੁਸਾਰ ਨਿੱਜੀਕਰਨ ਦੀ ਹਨੇਰੀ ਵਿੱਚ ਇਹ ਉਲਟੇ ਰੁਖ ਪੁੱਟਿਆ ਗਿਆ ਕਦਮ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪਲਾਂਟ ਦੀ ਖਰੀਦ ਨਾਲ ਪੰਜਾਬ ਨੂੰ ਬਿਜਲੀ ਸਸਤੀ ਪਵੇਗੀ ਅਤੇ ਪੰਜਾਬ ਨੂੰ 350 ਕਰੋੜ ਸਾਲਾਨਾ ਦਾ ਫਾਇਦਾ ਹੋਵੇਗਾ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਦੇਸ਼ ਵਿੱਚ ਵਿਕੇ ਸਾਰੇ ਥਰਮਲ ਪਲਾਂਟਾਂ ਨਾਲੋਂ ਇਹ ਪਲਾਂਟ ਸਸਤੇ ਭਾਅ ਖਰੀਦਿਆ ਗਿਆ ਹੈ।
ਆਪ-ਕਾਂਗਰਸ ਗੱਠਜੋੜ ਲਈ ਪੰਜਾਬ ਕਾਂਗਰਸ ਦੁਬਿਧਾ ‘ਚ:
ਕਾਂਗਰਸ ਪਾਰਟੀ ਦੇ ਪ੍ਰਧਾਨ ਸ੍ਰੀ ਮਲਿਕਾਰਜੁਨ ਖੜਗੇ ਨੇ ਬੀਤੀ 26 ਦਸੰਬਰ ਨੂੰ ਨਵੀਂ ਦਿੱਲੀ ਵਿੱਚ ਕਾਂਗਰਸ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ ਬੁਲਾਈ, ਜਿਸ ਵਿੱਚ ਕੇ.ਸੀ. ਵੇਣੂਗੁਪਾਲ ਸਮੇਤ ਕਾਂਗਰਸ ਦੇ 30 ਸੀਨੀਅਰ ਆਗੂ ਸ਼ਾਮਲ ਹੋਏ। ਇਹ ਮੀਟਿੰਗ ਤਕਰੀਬਨ ਘੰਟਾ ਭਰ ਚੱਲੀ ਅਤੇ ਮੀਟਿੰਗ ਵਿੱਚ ‘ਆਪ’ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਪੰਜਾਬ ਦੇ ਆਗੂਆਂ ਨਾਲ ਸਲਾਹ ਮਸ਼ਵਰਾ ਵੀ ਕੀਤਾ ਗਿਆ। ਪੰਜਾਬ ਦੇ ਜ਼ਿਆਦਾਤਰ ਆਗੂਆਂ ਨੇ ਗੱਠਜੋੜ ਦੇ ਖਿਲਾਫ ਆਪਣੀ ਰਾਏ ਰੱਖੀ। ਇਨ੍ਹਾਂ ਦਾ ਕਹਿਣਾ ਸੀ ਕਿ ਇਸ ਗੱਠਜੋੜ ਵਿੱਚ ਕਾਂਗਰਸ ਨੂੰ ਨੁਕਸਾਨ ਹੋਵੇਗਾ। ਉਂਝ ਪੰਜਾਬ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ ਲੜਨ ਦੇ ਚਾਹਵਾਨ ਆਗੂ ਗੱਠਜੋੜ ਦੇ ਪੱਖ ਵਿੱਚ ਜਾਪੇ।
ਪਰਵਾਸੀ ਪੰਜਾਬੀਆਂ ਲਈ ਨਵੀਂ ਵੈਬਸਾਈਟ ਜਾਰੀ:
ਬੀਤੀ 29 ਦਸੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਐਨ.ਆਰ.ਆਈ. ਮਸਲਿਆਂ ਦੇ ਵਿਭਾਗ ਦੀ ਇੱਕ ਨਵੀਂ ਵੈਬਸਾਈਟ (ਨਰi।ਪੁਨਜਅਬ।ਗੋਵ।ਨਿ) ਜਾਰੀ ਕੀਤੀ ਗਈ। ਮੁੱਖ ਮੰਤਰੀ ਨੇ ਦੱਸਿਆ ਕਿ ਪਰਵਾਸੀਆਂ ਦੇ ਬਕਾਇਆ ਮਸਲਿਆਂ ਲਈ 3 ਫਰਵਰੀ ਤੋਂ ਐਨ.ਆਰ.ਆਈ. ਮਿਲਣੀਆਂ ਕਰਵਾਈਆਂ ਜਾਣਗੀਆਂ। ਵੈਬਸਾਈਟ ਵਿੱਚ ਐਨ.ਆਰ.ਆਈ. ਪੁਲਿਸ ਵਿੰਗ, ਕਮਿਸ਼ਨ ਅਤੇ ਐਨ.ਆਰ.ਆਈ. ਸਭਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੈਬਸਾਈਟ ਨਾਲ ਪਰਵਾਸੀ ਪੰਜਾਬੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਇੱਕੋ ਕਲਿਕ ‘ਤੇ ਹਾਸਲ ਹੋ ਜਾਵੇਗੀ। ਇਹ ਵੈਬਸਾਈਟ ਐਨ.ਆਰ.ਆਈਜ਼ ਨੂੰ ਦਸਤਾਵੇਜ਼ ਤਸਦੀਕ ਕਰਵਾਉਣ ਵਿੱਚ ਵੀ ਮੱਦਦ ਕਰੇਗੀ। ਇੱਥੇ ਹੈਲਪਲਾਈਨ ਨੰਬਰ, ਈ-ਮੇਲ ਪਤਿਆਂ ਅਤੇ ਵੱਟਸਐਪ ਸ਼ਿਕਾਇਤ ਨੰਬਰ ਦੀ ਜਾਣਕਾਰੀ ਵੀ ਮਿਲੇਗੀ।
ਐਸ.ਵਾਈ.ਐਲ. ਦਾ ਰੇੜ੍ਹਕਾ ਜਿਉਂ ਦਾ ਤਿਉਂ:
ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਵਿਚੋਲਗੀ ਨਾਲ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਾਲੇ ਬੀਤੇ ਦਿਨੀਂ ਹੋਈ ਮੀਟਿੰਗ ਤੋਂ ਬਾਅਦ ਵੀ ਐਸ.ਵਾਈ.ਐਲ. ਦਾ ਪਰਨਾਲਾ ਉਥੇ ਹੀ ਰਿਹਾ, ਜਿੱਥੇ ਪਹਿਲਾਂ ਸੀ। ਪੰਜਾਬ ਦਾ ਆਖਣਾ ਹੈ ਕਿ ਪੰਜਾਬ ਕੋਲ ਦੂਜੇ ਰਾਜਾਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ, ਜਦਕਿ ਹਰਿਆਣਾ ਨੇ ਫਿਰ ਇਹੋ ਦਲੀਲ ਦਿੱਤੀ ਕਿ ਪਾਣੀ ਹੈ ਜਾਂ ਨਹੀਂ, ਨਹਿਰ ਬਣਾਈ ਜਾਵੇ। ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਹੋਰ ਦਲੀਲ ਵੀ ਦੁਹਰਾਈ ਕਿ ਐਸ.ਵਾਈ.ਐਲ. ਦੀ ਥਾਂ ਯਮੁਨਾ-ਸਤਲੁਜ ਲਿੰਕ ਨਹਿਰ (ਵਾਈ.ਐਸ.ਐਲ.) ਬਣਾਈ ਜਾਵੇ।
ਪੰਜਾਬ ਦੇ ਮੁੱਖ ਮੰਤਰੀ ਨੇ ਦਲੀਲ ਦਿੱਤੀ ਕਿ ਪੰਜਾਬ ਦੇ 76.5 ਫੀਸਦੀ ਬਲਾਕਾਂ ਵਿੱਚ ਪਾਣੀ ਬਹੁਤ ਜ਼ਿਆਦਾ ਨੀਵਾਂ ਜਾ ਚੁੱਕਾ ਹੈ, ਜਦਕਿ ਹਰਿਆਣਾ ਵਿੱਚ 61.5 ਫੀਸਦੀ ਬਲਾਕਾਂ ਵਿੱਚ ਪਾਣੀ ਹੇਠਾਂ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕੁੱਲ 52 ਐਮ.ਏ.ਐਫ. ਪਾਣੀ ਦੀ ਜ਼ਰੂਰਤ ਹੈ, ਜਿਸ ਵਿਚੋਂ 73 ਫੀਸਦੀ ਪਾਣੀ ਦੀ ਪੂਰਤੀ ਜ਼ਮੀਨਦੋਜ਼ ਪਾਣੀ ਨਾਲ ਹੁੰਦੀ ਹੈ। ਸਾਨੂੰ ਆਪਣੇ ਲਈ ਹੋਰ ਵਧੇਰੇ ਨਹਿਰੀ ਆਧਾਰ ਢਾਂਚੇ ਅਤੇ ਪਾਣੀ ਦੀ ਲੋੜ ਹੈ।