ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਫੋਨ: +91-9417358120
ਲੋਕ ਸਾਹਿਤ ਵਿੱਚ ਭੰਡਾਂ ਅਥਵਾ ਨਕਲੀਆਂ ਦਾ ਵਿਸ਼ੇਸ਼ ਸਥਾਨ ਹੈ। ਲੋਕਧਾਰਾ ਵਿਸ਼ਵ ਕੋਸ਼ ਅਨੁਸਾਰ ਭੰਡ, ਲੋਕਾਂ ਨੂੰ ਨਕਲਾਂ ਰਾਹੀਂ ਜਾਂ ਹਾਸੇ ਠੱਠੇ ਵਾਲੀਆਂ ਗੱਲਾਂ ਅਥਵਾ ਲਘੂ ਕਥਾਵਾਂ ਸੁਣਾ ਕੇ ਦਿਲ ਪਰਚਾਂਦੇ ਹਨ। ਪੁਰਾਣੇ ਸਮਿਆਂ ਵਿੱਚ ਰਾਜਿਆਂ, ਜਗੀਰਦਾਰਾਂ ਤੇ ਪਿੰਡ ਦੇ ਧਨੀ ਲੋਕਾਂ ਦੇ ਮਨ ਮਰਚਾਵੇ ਵਿੱਚ ਇਹ ਵੱਡਾ ਹਿੱਸਾ ਪਾਉਂਦੇ ਸਨ ਤੇ ਹਰ ਵੱਡੇ ਜਗੀਰਦਾਰ/ਰਾਜੇ ਨੇ ਭੰਡ ਰੱਖੇ ਹੁੰਦੇ ਸਨ। ਇਨ੍ਹਾਂ ਨੂੰ ਮਸਖਰੇ ਜਾਂ ਨਕਾਲ ਵੀ ਕਿਹਾ ਜਾਂਦਾ ਸੀ। ਇਨ੍ਹਾਂ ਦਾ ਨਾਂ ਭੰਡ ਇਸ ਕਰਕੇ ਪਿਆ ਹੈ, ਕਿਉਂਕਿ ਇਹ ਕਿਸੇ ਦੀ ਕੋਈ ਕਮਜ਼ੋਰੀ, ਕੰਜੂਸੀ ਜਾਂ ਜ਼ੁਲਮ ਦੀ ਹਾਸੋਹੀਣੇ ਢੰਗ ਨਾਲ ਭੰਡੀ ਪਾ ਕੇ ਠੱਠਾ ਉਡਾਉਂਦੇ ਹਨ। ਕਈ ਭੰਡ ਘੁੰਮ ਫਿਰ ਕੇ ਲੋਕਾਂ ਦਾ ਮਨ ਪਰਚਾਵਾ ਵੀ ਕਰਦੇ ਹਨ। ਇਹ ਵੀ ਧਾਰਨਾ ਹੈ ਕਿ ਭੰਡ ਅਸਲ ਵਿੱਚ ਇੱਕ ਪੇਸ਼ਾ ਹੈ ਤੇ ਇਸ ਪੇਸ਼ੇ ਦੇ ਜ਼ਿਆਦਾਤਰ ਲੋਕ ਮਿਰਾਸੀ ਹੁੰਦੇ ਹਨ।
ਵਿਓਤਪਤੀ ਕੋਸ਼ ਅਨੁਸਾਰ ਭੰਡ ਦਾ ਅਰਥ-ਇਸਤਰੀ, ਜਣਨੀ ਹੈ ਜਿਵੇਂ– ‘ਭੰਡਹੁ ਹੀ ਭੰਡ ਉਪਜੈ, ਭੰਡੈ ਬਾਝੁ ਨ ਕੋਇ॥’ (ਵਾਰ ਆਸਾ) ‘ਭੰਡ ਉਪਜੈ’ ਦੀ ਹਾਲਤ ਵਿੱਚ ਭੰਡ ਦਾ ਅਰਥ ‘ਸਰੀਰ ਜਾਂ ਦੇਹ’ ਹੈ, ਜਿਸ ਨੂੰ ਮਿੱਟੀ ਦੇ ਬਣੇ ਭਾਂਡੇ ਦਾ ਰੂਪਕ ਦਰਸਾਇਆ ਗਿਆ ਹੈ। ਇਸ ਹਿਸਾਬ ਨਾਲ ਘੁਮਿਆਰ ਅਥਵਾ ਪਰਜਾਪਤੀ ਭਾਂਡਿਆਂ (ਬੰਦਿਆਂ) ਦੀ ਘਾੜਤ ਕਰਦਾ ਹੈ। ਇਸ ਲਈ ਉਕਤ ‘ਭੰਡ’ ਬਾਰੇ ਇਹ ਕਿਹਾ ਜਾ ਸਕਦਾ ਹੈ ਕਿ ਇਸਦਾ ਢੁਕਵਾਂ ਅਰਥ ਉਹ ਭਾਂਡਾ ਹੈ, ਜਿਸ ਵਿੱਚ ਕੋਈ ਅਕਾਰ ਬਣਾਉਣ ਲਈ ਧਾਤ ਢਾਲ ਕੇ ਪਾਈ ਜਾਵੇ ਅਰਥਾਤ ‘ਸੱਚਾ’। ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਅਨੁਸਾਰ ਭੰਡਿ-ਸੰਸਕ੍ਰਿਤ-ਭਾਰਯਾ, ਪ੍ਰਾਕਿਰਤ-ਭਜ ਤੇ ਪੰਜਾਬੀ ਭੰਡ ਜਿਸ ਦਾ ਅਰਥ ਹੈ, ਔਰਤ। ਭੰਡਣਾ- ਨਿੰਦਣਾ, ਬਦਨਾਮ ਕਰਨਾ ਪ੍ਰਾਕਿ। ਭੰਡ, ਸਿੰਧੀ ਭੰਨਣੑ; ਬੰਗਾਲੀ– ਭਾੜਨ, ਧੋਖਾ ਦੇਣਾ, ਤੰਗ ਕਰਨਾ; ਭੰਡ- ਨਕਲਾਂ ਦੁਆਰਾ ਭੰਡੀ ਕਰਨ ਵਾਲਾ, ਨਕਲੀਆ, ਮਸਖਰਾ ਪ੍ਰਾਕਿ। ਭੰਡ; ਸਿੰਧੀ ਭੰਡੁ; ਮਰਾਸੀ, ਹਿੰਦੀ ਭਾਂੜ; ਗੁਜ। ਭਾਂਡ, ਸੰਸ। ਭਾਂਡਾ-ਭੰਡੀ ਕਰਨ ਵਾਲਾ, ਭੜੂਆ। ਮਹਾਨ ਕੋਸ਼ ਵਿੱਚ ਵੀ ਲਗਪਗ ਇਹੋ ਜਿਹੇ ਅਰਥ ਦਿੱਤੇ ਹਨ: ਭੰਡ- ਮਖੌਲ ਕਰਨਾ, ਨਿੰਦਾ ਕਰਨੀ; ਭਾਂਡ- ਨਿਰਲੱਜ ਗੱਲਾਂ ਕਰਨ ਵਾਲਾ; ਭਾਂਡ- ਪਾਤਰ, ਬਰਤਨ, ਇਸਤਰੀ ਜੋ ਸੰਤਾਨ ਉਤਪੰਨ ਕਰਨ ਲਈ ਸ਼ੁਭ ਪਾਤਰ ਹੈ। ਭੰਡਣਾ- ਨਿੰਦਣਾ, ਬਦਮਾਨ ਕਰਨਾ; ਭੰਡਾਈ- ਭੰਡਪੁਣਾ, ਨਿੰਦਣ ਦੀ ਕਿਰਿਆ, ‘ਭਾਂਡ ਕੀ ਭੰਡਾਈ ਮੇਂ ਬੁਰਾਈ ਨ ਕਹਤ ਆਵੈ’ (ਕਬਿੱਤ ਭਾਈ ਗੁਰਦਾਸ)
ਪੰਜਾਬੀ ਕੋਸ਼ਾਂ ਅਨੁਸਾਰ ਭੰਡ ਦਾ ਅਰਥ ਹੈ– ਨਕਲੀਆ, ਮਸਖਰਾ; ਨਕਲਾਂ ਰਾਹੀਂ ਕਿਸੇ ਦਾ ਪਾਜ ਉਘੇੜਨ ਵਾਲਾ, ਭੰਡੀ ਕਰਨ ਵਾਲਾ ਆਦਮੀ, ਨਿੰਦਕ, ਜਿਸ ਦੇ ਢਿੱਡ ਵਿੱਚ ਗੱਲ ਨਾ ਪਚੇ; ਭੰਡ ਸਰਾਧੀ- ਭੰਡਣ ਦਾ ਭਾਵ, ਨਿੰਦਿਆ ਬੁਰਿਆਈ ਭੰਡ-ਇਸਤਰੀ, ਔਰਤ; ਭੰਡਣ- ਮਾਤਮ, ਸੋਗ, ਦੁੱਖ; ਭੰਡਣੀ- ਮੌਸਮ ਸਬੰਧੀ ਅਖੌਤਾਂ ਵਿੱਚ ਵਰਤਿਆ ਗਿਆ ਸ਼ਬਦ- ਦੱਖਣ ਚੜ੍ਹੀ ਸਣ ਬਦਲੀ, ਘੁਲੀ ਪੁਰੇ ਦੀ ਵਾ; ਡੱਕ ਕਹੇ ਸੁਣ ਭੰਡਨੀ ਅੰਦਰ ਪਲੰਗ ਵਿਛਾ; ਭੰਡਰਿਆ- ਖੱਡਾਂ ਵਾਲੀ ਧਰਤੀ। ਇਸ ਨਾਲ ਕਈ ਮੁਹਾਵਰੇ ਵੀ ਜੁੜੇ ਹੋਏ ਹਨ ਜਿਵੇਂ- ਭੰਡ ਨਾਲ ਰਲ ਖੇਤੀ ਕੀਤੀ, ਗਾ ਵਜਾ ਆਪਣੀ ਕਰ ਲੀਤੀ; ਭੰਡ ਦਾ ਪੁੱਤਰ, ਸੌਦਾਗਰ ਦਾ ਘੋੜਾ, ਖਾਵਨ ਨੂੰ ਢੇਰ, ਕਮਾਵਣ ਨੂੰ ਥੋੜ੍ਹਾ; ਭੰਡੀ ਹੋਣਾ ਬਦਨਾਮ ਹੋਣਾ, ਭੰਡੀ ਖਵਾਰੀ-ਬੇਇਜ਼ਤੀ, ਭੰਡੀ ਖੋਰ/ਖੋਰਾ, ਭੰਡੀ ਪਾਉਣਾ, ਭੰਡੀ ਪਿੱਟਣਾ, ਭੰਡੀ ਪੈਣੀ /ਮੱਚਣੀ/ ਭੰਡੀ ਪ੍ਰਚਾਰ ਹੋਣਾ, ਭੰਡਾ ਭੰਡਾਰੀਆ-ਬੱਚਿਆਂ ਦੀ ਇੱਕ ਖੇਡ। ਇਹਦੇ ਲਈ ਇੱਕ ਤੁਕ ਪ੍ਰਸਿਧ ਹੈ– ਭੰਡਾ ਭੰਡਾਰੀਆਂ ਕਿੰਨਾ ਕੁ ਭਾਰ, ਇੱਕ ਮੁੱਠ ਚੁੱਕ ਲੈ ਦੂਜੀ ਤਿਆਰ। ਕਿਸੇ ਦੀ ਪੋਲ ਖੁਲ੍ਹਣ ਵੇਲੇ ਕਿਹਾ ਜਾਂਦਾ ਹੈ- ਉਹਦਾ ਭਾਂਡਾ ਭੱਜ ਗਿਆ। ਭੰਡ ਅਰਥਾਤ ਭਾਂਡੇ ਵਿੱਚ ਰੱਖੀ ਸਮੱਗਰੀ ਟੁੱਟਣ ਤੋਂ ਬਾਅਦ ਬਾਹਰ ਆ ਡੁਲ੍ਹਦੀ ਹੈ। ਇਸ ਪੱਖੋਂ ਭਾਂਡੇ ਦਾ ਵਿਸ਼ੇਸ਼ ਮਹੱਤਵ ਹੈ। ਮਨੁੱਖ ਜਿਵੇਂ ਜਿਵੇਂ ਵਿਕਾਸ ਕਰਦਾ ਗਿਆ, ਉਹਨੇ ਸਮੱਗਰੀ ਨੂੰ ਇਕੱਠਾ ਰੱਖਣ ਲਈ ਉਹਦਾ ਭੰਡਾਰ ਸ਼ੁਰੂ ਕੀਤਾ। ਭੰਡਾਰ ਸ਼ਬਦ ਬਣਿਆ ਹੈ– ਭੰਡ ਤੋਂ ਜਿਸਦਾ ਅਰਥ ਹੈ– ਪਾਤਰ, ਬਰਤਨ, ਭਾਂਡਾ।
ਭੰਡ ਦੀ ਵਿਓਤਪਤੀ ਸੰਸਕ੍ਰਿਤ ਦੀ ‘ਭਾਣ’ ਧਾਤੂ ਤੋਂ ਹੋਈ ਹੈ, ਜਿਸਦਾ ਅਰਥ ਹੈ– ਕਹਿਣਾ, ਬੋਲਣਾ (ਉਚੀ ਉਚੀ), ਰੌਲਾ ਪਾਉਣਾ ਆਦਿ। ਜਦੋਂ ਕਹਿਣ-ਸੁਣਨ ਨੂੰ ਕੁਝ ਨਹੀਂ ਰਹਿ ਜਾਂਦਾ ਤਾਂ ਕਿਹਾ ਜਾਂਦਾ ਹੈ– ਭਿੰਨਭਿਨਾਉਣਾ ਅਰਥਾਤ ਬੁੜ ਬੁੜ ਕਰਨਾ। ਭੰਡ ਸ਼ਬਦ ਦੇ ਮੂਲ ਵਿੱਚ ਇਹੀ ‘ਭਣੑ’ ਧਾਤੂ ਪਈ ਹੈ। ਸੰਸਕ੍ਰਿਤ ਵਿੱਚ ਭਾਂਡਮ ਤੋਂ ਬਣੇ ਭੰਡ ਦਾ ਅਰਥ ਹੀ ਪਾਤਰ, ਬਰਤਨ, ਭਾਂਡਾ ਕੀਤਾ ਜਾਂਦਾ ਹੈ। ਰਸੋਈ ਵਿੱਚ ਵਰਤੇ ਜਾਣ ਵਾਲੇ ਗਲਾਸ, ਕੌਲੀਆਂ, ਪਤੀਲੇ, ਤਾਂਬੀਏ, ਥਾਲੀਆਂ, ਗੜਵੀਆਂ ਸਾਰੇ ਇਸ ਵਿੱਚ ਸ਼ਾਮਲ ਹਨ। ਆਦਿ ਕਾਲ ਤੋਂ ਮਨੁੱਖੀ ਭਾਂਡਿਆਂ ਵਿੱਚ ਧੁਨੀ ਦਾ ਗੁਣ ਹੈ। ਏਸੇ ਕਰਕੇ ਸਾਰੇ ਭਾਂਡੇ ਵਜਾਏ ਜਾਣ ’ਤੇ ਧੁਨੀ ਪੈਦਾ ਕਰਦੇ ਹਨ। ਪਾਣੀ ਸਾਂਭਣ ਲਈ ਵੀ ਗਾਗਰ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪ੍ਰਾਕਿਰਤ ਵਿੱਚ ਭਾਂਡਕ ਦਾ ਰੂਪ ਸਿਰਫ਼ ਭਾਂਡੇ ਦੇ ਰੂਪ ਵਿੱਚ ਰਹਿ ਜਾਂਦਾ ਹੈ। ਭੰਡ ਤੋਂ ਹੀ ਬਣੇ ਭੰਡਾਰ ਦਾ ਅਰਥ ਸਟੋਰ, ਗੁਦਾਮ, ਸੰਗ੍ਰਹਿ ਕੀਤਾ ਜਾਂਦਾ ਹੈ। ਭੰਡਾਰ ਨੂੰ ਸਾਂਭਣ ਵਾਲਾ ਭੰਡਾਰੀ ਹੈ।
ਪ੍ਰਾਚੀਨ ਕਾਲ ਵਿੱਚ ਵਸਤਾਂ ਦੀ ਸਾਂਭ ਸੰਭਾਲ ਲਈ ਭੰਡਾਰ ਬਣਾਏ ਜਾਂਦੇ ਸਨ। ਇਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲੇ ਧਾਤੂ ਤੋਂ ਬਣੇ ਭੰਡਕ: ਅਥਵਾ ਭੰਡ ਦਾ ਅਰਥ ਹੈ- ਐਲਾਨ ਕਰਨ ਵਾਲਾ, ਘੋਸ਼ਣਾ ਕਰਨ ਵਾਲਾ। ਕਿਸੇ ਜ਼ਮਾਨੇ ਵਿੱਚ ਕਿਹਾ ਜਾਂਦਾ ਹੈ ਕਿ ਭੰਡ ਸਿਰਫ਼ ਵੀਰ ਗਾਥਾਵਾਂ ਗਾਉਂਦੇ ਸਨ ਤਾਂ ਕਿ ਯੋਧਿਆਂ ਵਿੱਚ ਜੋਸ਼ ਕਾਇਮ ਰਹੇ, ਪਰ ਬਾਅਦ ਵਿੱਚ ਇਹ ਪੇਸ਼ਾ ਢਾਡੀਆਂ ਨੇ ਅਪਨਾ ਲਿਆ। ਬਾਅਦ ਵਿੱਚ ਹੌਲੀ ਹੌਲੀ ਢੰਢੋਰਚੀ, ਚੁਗਲਖੋਰ ਦੇ ਰੂਪ ਵਿੱਚ ਇਹ ਕਿਸੇ ਦੇ ਭੇਦ ਉਜਾਗਰ ਕਰਨ ਵਾਲਾ ਵਿਅਕਤੀ ਬਣ ਗਿਆ, ਜਿਸ ਰੂਪ ਵਿੱਚ ਅੱਜ ਭੰਡਾਂ ਨੂੰ ਸਥਾਪਤ ਕੀਤਾ ਜਾਂਦਾ ਹੈ। ਸਵਾਂਗ ਕਰਨ ਵਾਲਾ, ਹਾਸ ਕਲਾਕਾਰ, ਭੰਡ ਅੱਜ ਹਾਸੇ ਮਜ਼ਾਕ ਦਾ ਪਾਤਰ ਬਣ ਗਿਆ ਹੈ। ਉਹਦਾ ਚਮੋਟਾ ਆਵਾਜ਼/ਧੁਨੀ ਪੈਦਾ ਕਰਨ ਦਾ ਸਾਧਨ ਹੈ। ਅੱਜ ਭਾਵੇਂ ਦਰਬਾਰਾਂ ਵਿਚਲੇ ਭੰਡਾਂ ਦਾ ਰੁਤਬਾ ਖਤਮ ਹੋ ਗਿਆ ਹੈ ਤੇ ਹੁਣ ਇਹ ਵਿਆਹਾਂ ਆਦਿ ਖ਼ੁਸ਼ੀ ਦੇ ਮੌਕਿਆਂ ’ਤੇ ਆਪਣੀ ਕਲਾ ਦਾ ਜੌਹਰ ਵਿਖਾਉਂਦੇ ਹਨ। ਇਸ ਤਰ੍ਹਾਂ /ਭਣੑ/ਭਾਂਡੇ/ਭੰਡ/ ਦੀ ਸਕੀਰੀ ਤੋਂ ਇਸ ਸ਼ਬਦ ਦਾ ਵਿਸਥਾਰ ਹੋਇਆ ਹੈ।