ਸ਼ਹੀਦੀ ਜੋੜ ਮੇਲ: ਵਿਵਾਦਾਂ ਦੇ ਬਾਵਜੂਦ ਸੰਗਤ ਦੀ ਪ੍ਰਭਾਵਸ਼ਾਲੀ ਆਮਦ

ਖਬਰਾਂ

ਕੇਂਦਰ ਨੇ ‘ਵੀਰ ਬਾਲ ਦਿਵਸ’ ਮਨਾਉਣ ਦਾ ਦਿੱਤਾ ਸੀ ਸੱਦਾ
ਪੰਜਾਬੀ ਪਰਵਾਜ਼ ਬਿਊਰੋ
ਦਸੰਬਰ ਦਾ ਮਹੀਨਾ ਸਿੱਖ ਇਤਿਹਾਸਕ ਯਾਦਾਂ ਦੇ ਪੱਖ ਤੋਂ ਬੇਹੱਦ ਸੰਵੇਦਨਸ਼ੀਲ ਮਹੀਨਾ ਹੈ। ਖਾਸ ਕਰਕੇ ਇਸ ਮਹੀਨੇ ਦੇ ਆਖਰੀ ਪੰਦਰਾਂ ਦਿਨ। ਇਸੇ ਮਹੀਨੇ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲ ਲਸ਼ਕਰ ਦੀ ਘੇਰਾਬੰਦੀ ਕਾਰਨ ਅਨੰਦਪੁਰ ਸਾਹਿਬ ਛੱਡਣਾ ਪਿਆ, ਪਰਿਵਾਰ ਨਾਲੋਂ ਵਿਛੋੜਾ ਪੈ ਗਿਆ ਅਤੇ ਚਮਕੌਰ ਸਾਹਿਬ ਦੀ ਜੰਗ ਵਿੱਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹਿੰਦ ਦੇ ਮੁਗਲ ਹਾਕਮ ਵਜ਼ੀਰ ਖਾਂ ਨੇ ਕੰਧਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ। ਇਹ ਸਿੱਖ ਸ਼ਹਾਦਤਾਂ ਜਿਵੇਂ ਕਿ ਦਸਵੇਂ ਪਾਤਸ਼ਾਹ ਨੇ ਨੂਰੇ ਮਾਹੀ ਨਾਲ ਬਚਨ ਕਰਦਿਆਂ ਕਿਹਾ ਸੀ, ਮੁਗਲ ਰਾਜ ਦੀਆਂ ਨੀਂਹਾਂ ਪੁੱਟਣ ਵਾਲੀਆਂ ਸਾਬਤ ਹੋਈਆਂ।

ਇਸ ਘਟਨਾ ਤੋਂ ਪਿੱਛੋਂ ਜ਼ਰਜ਼ਰਾ ਹੋ ਰਿਹਾ ਮੁਗਲ ਸਾਮਰਾਜ ਇੱਕ ਵਾਰ ਤਾਂ ਬਾਬਾ ਬੰਦਾ ਸਿੱੰਘ ਬਹਾਦਰ ਦੇ ਹਮਲੇ ਦੀ ਧਾਰ ਮੂਹਰੇ ਢਹਿ-ਢੇਰੀ ਹੁੰਦਾ ਵਿਖਾਈ ਦਿੱਤਾ। ਉਂਝ ਇਹ ਵੱਖਰੀ ਗੱਲ ਹੈ ਕਿ ਮੁਗਲ ਰਾਜ ਦੀ ਥੇਹ ‘ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਉਸਾਰਿਆ ਗਿਆ ਸਿੱਖ ਰਾਜ ਚਿਰ ਸਥਾਈ ਸਾਬਤ ਨਹੀਂ ਸੀ ਹੋ ਸਕਿਆ; ਪਰ ਇਸ ਸਾਰੇ ਘਟਨਾਕਰਮ ਨੇ ਸਿੱਖ ਮਾਨਸਿਕਤਾ ਅਤੇ ਪੰਜਾਬ ਦੇ ਸਮਾਜਿਕ-ਸਭਿਆਚਾਰਕ ਮਨ ਮਸਤਕ ਨੂੰ ਸਦਾ ਲਈ ਬਦਲ ਦਿੱਤਾ ਹੈ।
ਹਰ ਵਰ੍ਹੇ ਜਦੋਂ ਇਹ ਦਿਨ ਆਉਂਦੇ ਹਨ ਤਾਂ ਪੰਜਾਬ ਦਾ ਸਮੂਹਿਕ ਸਮਾਜਿਕ-ਸਭਿਆਚਾਰਕ ਮਨ ਅਤਿ ਦਾ ਸੰਵੇਦਨਸ਼ੀਲ ਹੋ ਜਾਂਦਾ ਹੈ। ਇਸ ਵਾਰ ਇਨ੍ਹਾਂ ਦਿਨਾਂ ਵਿੱਚ ਚਮਕੌਰ ਸਾਹਿਬ, ਮਾਛੀਵਾੜਾ ਅਤੇ ਫਤਿਹਗੜ੍ਹ ਸਾਹਿਬ ਵਿੱਚ ਖਾਸ ਕਰਕੇ, ਸੰਗਤਾਂ ਦਾ ਵੱਡਾ ਸੈਲਾਬ ਵੇਖਣ ਨੂੰ ਮਿਲਿਆ। ਉਂਝ ਇਸ ਦੌਰਾਨ ਇਸ ਵਾਰ ਇੱਕ-ਦੋ ਵਿਵਾਦ ਵੀ ਵੇਖਣ ਨੂੰ ਮਿਲੇ, ਪਰ ਫਿਰ ਵੀ ਕੁੱਲ ਮਿਲਾ ਕਿ ਸ਼ਹੀਦੀ ਦਿਹਾੜੇ ਸੁਖ-ਸ਼ਾਂਤੀ ਨਾਲ ਗੁਜ਼ਰ ਗਏ ਹਨ।
ਇੱਕ ਪਾਸੇ ਤਾਂ ‘ਆਪ’ ਵੱਲੋਂ, ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਨਤਮਸਤਕ ਹੋਣ ਲਈ ਮਾਤਮੀ ਬਿਗਲ ਵਜਾਉਣ ਦੇ ਐਲਾਨ ਨਾਲ ਵਿਵਾਦ ਪੈਦਾ ਹੋਇਆ। ਕਿਉਂਕਿ ਤਕਰੀਬਨ ਸਾਰੀਆਂ ਪੰਥਕ ਧਿਰਾਂ ਨੇ ਇਸ ਦਾ ਵਿਰੋਧ ਕਰ ਦਿੱਤਾ। ਪ੍ਰਮੁੱਖ ਪੰਥਕ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਸਰਕਾਰ ਦੇ ਉਪਰੋਕਤ ਯਤਨ ਦਾ ਇਸ ਆਧਾਰ ‘ਤੇ ਵਿਰੋਧ ਕੀਤਾ ਗਿਆ ਕਿ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਿੱਖ ਪਰੰਪਰਾ ਵਿੱਚ ਮਾਤਮ ਦਾ ਨਹੀਂ, ਚੜ੍ਹਦੀ ਕਲਾ ਦਾ ਪ੍ਰਤੀਕ ਹਨ। ਇਸ ਲਈ ਮਾਤਮੀ ਬਿਗਲ ਵਜਾਉਣਾ ਸਿੱਖ ਪਰੰਪਰਾਵਾਂ ਦਾ ਸਿੱਧਾ ਵਿਰੋਧ ਹੋਏਗਾ। ਅਕਾਲੀ ਦਲ, ਦਲ ਖਾਲਸਾ, ਦਿੱਲੀ ਦੇ ਅਕਾਲੀ ਆਗੂ ਪਰਮਜੀਤ ਸਿੰਘ ਸਰਨਾ ਤੇ ਹਵਾਰਾ ਕਮੇਟੀ ਵੱਲੋਂ ਵੀ ਮਾਤਮੀ ਬਿਗਲ ਵਜਾਉਣ ਦਾ ਵਿਰੋਧ ਕੀਤਾ ਗਿਆ ਅਤੇ ਆਖਿਆ ਗਿਆ ਕਿ ਅਜਿਹਾ ਕਰਨਾ ਸਿੱਖ ਸਿਧਾਂਤਾਂ ਦੇ ਉਲਟ ਹੈ। ਬਾਅਦ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਵਾਲਾ ਆਪਣਾ ਫੈਸਲਾ ਵਾਪਸ ਲੈ ਲਿਆ ਗਿਆ। ਉਨ੍ਹਾਂ ਆਪਣੇ ਇਸ ਸੱਦੇ ਨੂੰ ਵਾਪਸ ਲੈਂਦਿਆਂ ਕਿਹਾ ਕਿ ਉਹ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਦੇ ਦਿਨਾਂ ਵਿੱਚ ਕਿਸੇ ਵੀ ਕਿਸਮ ਦਾ ਵਿਵਾਦ ਨਹੀਂ ਪੈਦਾ ਕਰਨਾ ਚਾਹੁੰਦੇ। ਇਸ ਦੌਰਾਨ ਮੁੱਖ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ 27 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਵੀ ਟੇਕਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਮੁਕੱਦਸ ਅਸਥਾਨ ਸਿਰਫ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਹੈ। ਉਨ੍ਹਾਂ ਕਿਹਾ ਕਿ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਪੰਜਾਬੀਆਂ ਨੂੰ ਬੇਇਨਸਾਫੀ, ਜ਼ਬਰ ਜ਼ੁਲਮ ਅਤੇ ਦਮਨ ਵਿਰੁਧ ਜੂਝਣ ਲਈ ਪ੍ਰੇਰਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪ੍ਰੇਰਦੀ ਰਹੇਗੀ।
ਦੂਜੇ ਪਾਸੇ, ਕੇਂਦਰ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ। ਪੰਥਕ ਧਿਰਾਂ ਵੱਲੋਂ ਪ੍ਰਧਾਨ ਮੰਤਰੀ ਵੱਲੋਂ ਐਲਾਨੇ ਗਏ ਇਸ ਪ੍ਰੋਗਰਾਮ ਦਾ ਵੀ ਵਿਰੋਧ ਕੀਤਾ ਗਿਆ। ਪੰਥਕ ਧਿਰਾਂ ਦਾ ਆਖਣਾ ਹੈ ਕਿ ਸਾਹਿਬਜ਼ਾਦਿਆ ਦੇ ਸੰਦਰਭ ਵਿੱਚ ‘ਸ਼ਹੀਦ’ ਸ਼ਬਦ ਨੂੰ ਹਟਾਉਣਾ ਅਤੇ ਇਸ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਸਿੱਖ ਸਿਧਾਂਤ ਅਤੇ ਪਰੰਪਰਾਵਾਂ ਦੇ ਉਲਟ ਹੈ। ਪੰਥਕ ਧਿਰਾਂ ਦੇ ਵਿਰੋਧ ਦੇ ਬਾਵਜੂਦ ਕੇਂਦਰ ਸਰਕਾਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ‘ਤੇ ਬਜਿੱਦ ਰਹੀ। ਸਿੱਟੇ ਵਜੋਂ ਦੇਸ਼ ਦੇ ਬਹੁਤ ਸਾਰੇ ਸਕੂਲਾਂ ਅਤੇ ਹੋਰ ਸੰਸਥਾਵਾਂ ਵਲੋਂ ‘ਵੀਰ ਬਾਲ ਦਿਵਸ’ ਮਨਾਇਆ ਗਿਆ। ਦੇਸ਼ ਦੇ ਕਈ ਹੋਰ ਸੂਬਿਆਂ ਦੇ ਸਕੂਲਾਂ ਵਿੱਚ ਸਾਹਿਬਜ਼ਾਦਿਆਂ ਦੇ ਕਿਰਦਾਰ ਬਣਾ ਕੇ ਨਾਟਕ ਵੀ ਖੇਡੇ ਗਏ। ਇਸ ਨੂੰ ਪੰਥਕ ਧਿਰਾਂ ਅਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਸਿਧਾਂਤ ਤੇ ਪਰੰਪਰਾਵਾਂ ਦੀ ਉਲੰਘਣਾ ਦੱਸਿਆ ਹੈ।
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੇਂਦਰ ਸਰਕਾਰ ਦੇ ਉਪਰੋਕਤ ਪੈਂਤੜੇ ਦਾ ਵਿਰੋਧ ਕਰਦਿਆਂ ਕਿਹਾ, ‘ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਬੰਧੀ ਐਲਾਨੇ ‘ਵੀਰ ਬਾਲ ਦਿਵਸ’ ਤਹਿਤ ਸਕੂਲਾਂ ਵਿੱਚ ਹੋਏ ਸਮਾਗਮਾਂ ਵਿੱਚ ਸਿੱਖ ਕਿਰਦਾਰ ਨਿਭਾਏ ਜਾਣੇ ਸਿੱਖ ਸਿਧਾਂਤ ਅਤੇ ਰਵਾਇਤਾਂ ਦੇ ਉਲਟ ਹੈ। ਯਾਦ ਰਹੇ, ਸਕੂਲਾਂ ਵਿੱਚ ਮਨਾਏ ਗਏ ਇਨ੍ਹਾਂ ਸਮਾਗਮਾਂ ਦੇ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਨੂੰ ਉੜੀਸਾ, ਦਿੱਲੀ, ਫਰੀਦਾਬਾਦ ਅਤੇ ਬਿਹਾਰ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਸ. ਧਾਮੀ ਨੇ ਕਿਹਾ ਕਿ ਵੀਰ ਬਾਲ ਦਿਵਸ ਮਨਾਉਣ ਸਬੰਧੀ ਸਿੱਖ ਸੰਗਤ ਦੇ ਵੱਡੇ ਇਤਰਾਜ ਪੁੱਜੇ ਹਨ। ਸ. ਧਾਮੀ ਨੇ ਕਿਹਾ ਕਿ ਸਿੱਖ ਸਿਧਾਂਤ ਨੂੰ ਰਲਗੱਡ ਕਰਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਨੋਟਿਸ ਲੈਂਦਿਆਂ ਸ੍ਰੋਮਣੀ ਕਮੇਟੀ ਵੱਲੋਂ ਵੱਖ-ਵੱਖ ਮੰਤਰਾਲਿਆਂ ਅਤੇ ਸੀ.ਬੀ.ਐਸ.ਸੀ. ਨੂੰ ਆਪਣਾ ਪੱਖ ਸਪਸ਼ਟ ਕਰਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲ ਤਖਤ ਦੇ ਆਦੇਸ਼ਾਂ ਅਨੁਸਾਰ ਕੇਂਦਰ ਸਰਕਾਰ ਨੂੰ ਇਸ ਦਿਹਾੜੇ ਦਾ ਨਾਮ ਨਾ ਬਦਲਣ ਲਈ ਵੀ ਲਿਖਿਆ ਗਿਆ ਸੀ, ਪਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਉਨ੍ਹਾਂ ਹੋਰ ਕਿਹਾ ਕਿ ਸਿੱਖ ਪਰੰਪਰਾਵਾਂ ਦੇ ਵਿਰੁੱਧ ਜਾ ਕੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਕਿਰਦਾਰ ਬੱਚਿਆਂ ਕੋਲੋਂ ਕਰਵਾਏ ਗਏ ਹਨ। ਇਸ ਸਿੱਖ ਵਿਰੋਧੀ ਵਰਤਾਰੇ ਦੀ ਜ਼ਿੰਮੇਵਾਰੀ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਅਤੇ ਸਬੰਧਤ ਸੂਬਾ ਸਰਕਾਰਾਂ ਦੀ ਬਣਦੀ ਹੈ।
ਯਾਦ ਰਹੇ, ਇਸ ਮਸਲੇ ਨੂੰ ਲੈ ਕੇ ਕੁਝ ਸਿੱਖ ਸੰਸਥਾਵਾਂ ਅਤੇ ਗਰੁੱਪਾਂ ਵੱਲੋਂ ਪਰਦੇਸਾਂ ਵਿੱਚ ਖਾਸ ਕਰਕੇ, ਵੀਰ ਬਾਲ ਦਿਵਸ ਦਾ ਆਯੋਜਨ ਕੀਤਾ ਗਿਆ। ਅਮਰੀਕਾ ਵਿੱਚ ਵਿਸਕਾਨਸਿਨ ਸਟੇਟ ਦੇ ਗੁਰਦੁਆਰਾ ਬਰੁਕਫੀਲਡ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਸੱਦੇ ਤਹਿਤ ‘ਵੀਰ ਬਾਲ ਦਿਵਸ’ ਮਨਾਇਆ ਗਿਆ। ਗਰਮਖਿਆਲੀ ਧਿਰਾਂ ਵਿੱਚ ਇਸ ਨੂੰ ਲੈ ਕੇ ਚਰਚਾ ਹੈ ਤੇ ਦਬਵੀਂ ਸੁਰ ਵਿੱਚ ਇਸ ਦੀ ਨਿੰਦਿਆ ਵੀ ਕੀਤੀ ਗਈ ਹੈ। ਇਵੇਂ ਗਰੀਸ, ਨਿਊਜ਼ੀਲੈਂਡ ਅਤੇ ਦੁਬਈ ਆਦਿ ਵਿੱਚ ਵੀ ‘ਵੀਰ ਬਾਲ ਦਿਵਸ’ ਆਯੋਜਤ ਕਰਨ ਦੀਆਂ ਖਬਰਾਂ ਮਿਲੀਆਂ ਹਨ।
ਉਂਝ ਇਨ੍ਹਾਂ ਵਿਵਾਦਾਂ ਤੋਂ ਨਿਰਲੇਪ ਰਹਿੰਦਿਆਂ 21 ਤੋਂ 23 ਦਸੰਬਰ ਤੱਕ ਚਮਕੌਰ ਸਾਹਿਬ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸੰਗਤਾਂ ਵੱਲੋਂ ਵੱਡੀ ਪੱਧਰ ‘ਤੇ ਸ਼ਾਮੂਲੀਅਤ ਕੀਤੀ ਗਈ। ਇਸ ਦੌਰਾਨ 22 ਦਸੰਬਰ ਨੂੰ ਸਿਆਸੀ ਕਾਨਫਰੰਸਾਂ ਵੀ ਹੋਈਆਂ, ਪਰ ਬਾਅਦ ਵਿੱਚ ਮਾਛੀਵਾੜਾ ਅਤੇ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਪਾਤਸ਼ਾਹ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜੇ ਜੋੜ ਮੇਲਿਆਂ ਵਿੱਚ ਤੇ ਸ਼ਹੀਦੀ ਸਮਾਗਮਾਂ ਵਿੱਚ ਸਿਆਸੀ ਕਾਨਫਰੰਸਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਫਤਿਹਗੜ੍ਹ ਸਾਹਿਬ ਜੋੜ ਮੇਲੇ ਦੇ ਆਖਰੀ ਦਿਨ 28 ਦਸੰਬਰ ਨੂੰ ਹਰੇਕ ਸਿੱਖ ਨੂੰ ਸਵੇਰੇ 10 ਵਜੇ ਦਸ ਮਿੰਟ ਲਈ ਮੂਲ ਮੰਤਰ ਦਾ ਜਾਪ ਕਰਨ ਦਾ ਸੱਦਾ ਦਿੱਤਾ, ਜਿਸ ਦਾ ਵਿਆਪਕ ਪ੍ਰਭਾਵ ਵੇਖਣ ਨੂੰ ਮਿਲਿਆ।

Leave a Reply

Your email address will not be published. Required fields are marked *