ਅਜੋਕੀ ਰਜਵਾੜਾਸ਼ਾਹੀ ਦੇ ਦੌਰ ਵਿੱਚ ਨਿਆਂ ਲਈ ਯਾਤਰਾ

ਸਿਆਸੀ ਹਲਚਲ

ਚੰਦ ਫਤਿਹਪੁਰੀ
ਰਾਹੁਲ ਗਾਂਧੀ ਨੇ ਐਤਵਾਰ, 14 ਜਨਵਰੀ ਨੂੰ ਮਨੀਪੁਰ ਦੇ ਥੌਬਲ ਤੋਂ ‘ਭਾਰਤ ਜੋੜੋ ਨਿਆਏ ਯਾਤਰਾ’ ਸ਼ੁਰੂ ਕਰ ਦਿੱਤੀ ਹੈ। ‘ਨਿਆਏ ਕਾ ਹਕ ਮਿਲਨੇ ਤਕ’ ਦੇ ਨਾਅਰਿਆਂ ਨਾਲ ਰਾਹੁਲ ਦੀ ਯਾਤਰਾ ਦਾ ਆਗਾਜ਼ ਹੋਇਆ। 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਯਾਤਰਾ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ। ਇਹ ਯਾਤਰਾ 15 ਰਾਜਾਂ ਦੇ 110 ਜ਼ਿਲਿ੍ਹਆਂ ਵਿੱਚੋਂ ਲੰਘਦੀ ਹੋਈ 6713 ਕਿੱਲੋਮੀਟਰ ਦਾ ਪੰਧ ਤੈਅ ਕਰਕੇ 20 ਮਾਰਚ ਨੂੰ ਮੁੰਬਈ ਵਿਖੇ ਖਤਮ ਹੋਵੇਗੀ।

ਯਾਤਰਾ 100 ਲੋਕ ਸਭਾ ਤੇ 337 ਅਸੈਂਬਲੀ ਸੀਟਾਂ ਤੋਂ ਹੋ ਕੇ ਗੁਜ਼ਰੇਗੀ। ਬੱਸ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਰਾਹੁਲ ਨੇ ਥੌਬਲ ਜ਼ਿਲ੍ਹੇ ਦੇ ਖੋਂਗਜੋਮ ਵਿਖੇ 1891 ਦੀ ਐਂਗਲੋ-ਮਨੀਪੁਰ ਜੰਗ ਦੇ ਸ਼ਹੀਦਾਂ ਦੀ ਯਾਦਗਾਰ ’ਤੇ ਸ਼ਰਧਾਂਜਲੀ ਭੇਟ ਕੀਤੀ। ਉਹ ਇੰਫਾਲ ਹਵਾਈ ਅੱਡੇ ’ਤੇ ਬਾਅਦ ਦੁਪਹਿਰ ਉਤਰੇ ਸਨ ਤੇ ਕਾਂਗਰਸ ਹਮਾਇਤੀਆਂ ਨੇ ਉਨ੍ਹਾਂ ਦਾ ਪੁਰਜ਼ੋਸ਼ ਸਵਾਗਤ ਕੀਤਾ। ਉਨ੍ਹਾਂ ਨੇੜਲੇ ‘ਨਿਆਏ ਮੈਦਾਨ’ ਤੋਂ ਯਾਤਰਾ ਆਰੰਭ ਕੀਤੀ।
ਰਾਹੁਲ ਦੀ ਇਹ ਯਾਤਰਾ ‘ਭਾਰਤ ਜੋੜੋ’ ਦੇ ਨਾਅਰੇ ਵਾਲੀ ਨਾਲੋਂ ਇਸ ਗੱਲੋਂ ਵੱਖਰੀ ਹੈ ਕਿ ਉਹ ਯਾਤਰਾ ਭਾਜਪਾ ਦੀ ਨਫ਼ਰਤੀ ਸਿਆਸਤ ਵਿਰੁੱਧ ਸੀ ਤੇ ਇਸ ਯਾਤਰਾ ਦਾ ਮਕਸਦ ਸਭ ਨੂੰ ਨਿਆਂ ਦਾ ਹੱਕ ਦਿਵਾਉਣਾ ਹੈ। ਪਿਛਲੀ ਯਾਤਰਾ ਸਮੇਂ ਆਰਥਿਕ ਨਾਬਰਾਬਰੀ, ਸਮਾਜਿਕ ਧਰੁਵੀਕਰਨ ਤੇ ਰਾਜਨੀਤਕ ਤਾਨਾਸ਼ਾਹੀ ਦੇ ਮੁੱਦੇ ਚੁੱਕੇ ਗਏ ਸਨ। ਤਾਜ਼ਾ ਯਾਤਰਾ ਆਰਥਿਕ ਨਿਆਂ, ਸਮਾਜਿਕ ਨਿਆਂ ਤੇ ਰਾਜਨੀਤਕ ਨਿਆਂ ਦੇ ਮੁੱਦੇ ਚੁੱਕੇਗੀ। ਸੂਤਰਾਂ ਅਨੁਸਾਰ ਯਾਤਰਾ ਦੌਰਾਨ ਨਾਗਰਿਕ ਸਭਾਵਾਂ, ਪੱਤਰਕਾਰਾਂ, ਕਿਸਾਨਾਂ, ਮਜ਼ਦੂਰਾਂ, ਛੋਟੇ ਵਪਾਰੀਆਂ, ਦਲਿਤਾਂ, ਪਛੜੇ ਵਰਗਾਂ ਤੇ ਬੁੱਧੀਜੀਵੀਆਂ ਨੂੰ ਨਾਲ ਜੋੜਿਆ ਜਾਵੇਗਾ। ਯਾਤਰਾ ਸਬੰਧੀ ਰਾਹੁਲ ਗਾਂਧੀ ਦਾ ਕਹਿਣਾ ਹੈ, “ਇਸ ਯਾਤਰਾ ਦਾ ਨਿਸ਼ਾਨਾ ਹੈ ਕਿ ਅਸੀਂ ਆਪਣੀ ਬਾਤ ਨਹੀਂ ਸੁਣਾਵਾਂਗੇ, ਸਗੋਂ ਲੋਕਾਂ ਦੇ ‘ਮਨ ਕੀ ਬਾਤ’ ਸੁਣਾਂਗੇ ਤੇ ਉਨ੍ਹਾਂ ਦੇ ਦਰਦ ਨੂੰ ਸਮਝਾਂਗੇ। ਅੱਜ ਜਦੋਂ ਗੋਦੀ ਮੀਡੀਆ ਫਾਸ਼ੀ ਹਾਕਮਾਂ ਦੀ ਕਠਪੁਤਲੀ ਬਣ ਚੁੱਕਾ ਹੈ, ਜਮਹੂਰੀ ਸ਼ਕਤੀਆਂ ਕੋਲ ਇੱਕੋ ਰਾਹ ਹੈ- ਲੜਾਈ ਨੂੰ ਜਨਤਾ ਵਿੱਚ ਲੈ ਕੇ ਜਾਣਾ।”
ਇਹ ਗੱਲ ਹੈਰਾਨੀ ਵਾਲੀ ਸੀ ਕਿ ਜੋ ਮਨੀਪੁਰ 8 ਮਹੀਨਿਆਂ ਤੋਂ ਸੁਲਘ ਰਿਹਾ ਸੀ, ਥਾਂ-ਥਾਂ ਅਗਜ਼ਨੀ ਤੇ ਹਿੰਸਾ ਦੇ ਨਿਸ਼ਾਨ ਸਨ, ਉੱਥੇ ਯਾਤਰਾ ਦੇ ਸਵਾਗਤ ਵਿੱਚ ਲੋਕ ਪਰੰਪਰਕ ਨਾਚ-ਗਾਣੇ ਗਾ ਰਹੇ ਸਨ। ਔਰਤਾਂ ਤੇ ਬੱਚੇ, ਬੁੱਢੇ ਤੇ ਜਵਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਬੇਤਾਬ ਸਨ। ਰਾਹੁਲ ਗਾਂਧੀ ਨੇ ਮਨੀਪੁਰ ਦੇ ਦੋ ਭਾਈਚਾਰਿਆਂ ਵਿੱਚ ਚੌੜੀ ਕੀਤੀ ਗਈ ਖਾਈ ਨੂੰ ਵੀ ਭਰਨ ਦੀ ਕੋਸ਼ਿਸ਼ ਕੀਤੀ ਸੀ। ਉਹ ਆਪਣੀ ਯਾਤਰਾ ਮੈਤਈ ਭਾਈਚਾਰੇ ਦੇ ਇਲਾਕੇ ਵਿੱਚੋਂ ਸ਼ੁਰੂ ਕਰਕੇ ਕੁੱਕੀ ਭਾਈਚਾਰੇ ਦੇ ਇਲਾਕੇ ਵਿੱਚੋਂ ਗੁਜ਼ਰੇ ਸਨ ਅਤੇ ਦੋਹਾਂ ਭਾਈਚਾਰਿਆਂ ਵਿੱਚ ਪੁਲ ਬਣਨ ਤੇ ਸੰਵਾਦ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ। ਰਾਹੁਲ ਗਾਂਧੀ ਉਸ ਥਾਂ ਵੀ ਗਏ, ਜਿੱਥੇ ਦੋ ਔਰਤਾਂ ਨੂੰ ਨੰਗਿਆਂ ਕਰਕੇ ਘੁਮਾਇਆ ਗਿਆ ਸੀ। ਔਰਤਾਂ ਨੂੰ ਨਿਆਂ ਦਿਵਾਉਣ ਦੀ ਰਾਹੁਲ ਦੀ ਗੱਲ `ਤੇ ਹਾਜ਼ਰ ਔਰਤਾਂ ਦੀਆਂ ਭੁੱਬਾਂ ਨਿਕਲ ਰਹੀਆਂ ਸਨ।
ਇਸ ਯਾਤਰਾ ਨੂੰ ਕਾਮਯਾਬ ਕਰਨ ਲਈ ਕਾਂਗਰਸ ਨੇ ਪਹਿਲੇ ਦਿਨ ਆਪਣੀ ਪੂਰੀ ਤਾਕਤ ਲਾ ਦਿੱਤੀ ਸੀ। ਦਿੱਲੀ ਤੋਂ ਇੰਡੀਗੋ ਦੀ ਇੱਕ ਪੂਰੀ ਫਲਾਈਟ ਬੁੱਕ ਕਰਾ ਕੇ ਕਾਂਗਰਸ ਦੇ ਕਰੀਬ 200 ਆਗੂ ਮਨੀਪੁਰ ਪੁੱਜੇ ਸਨ। ਇਨ੍ਹਾਂ ਵਿੱਚ ਕਾਂਗਰਸ ਕਾਰਜਕਾਰਨੀ ਦੇ ਸਮੂਹ ਮੈਂਬਰ, ਜਨਰਲ ਸਕੱਤਰ, ਕਾਂਗਰਸ ਪ੍ਰਧਾਨ, ਤਿੰਨਾਂ ਰਾਜਾਂ ਦੇ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਰਾਜਾਂ ਦੇ ਕਾਂਗਰਸ ਪ੍ਰਧਾਨ ਤੇ ਵਿਧਾਇਕ ਦਲਾਂ ਦੇ ਮੁਖੀ ਸ਼ਾਮਲ ਸਨ। ਸਾਰੇ ਆਗੂਆਂ ਨੇ ਇੱਕ ਸਾਥ ਮੰਚ ਉੱਤੇ ਬਹਿ ਕੇ ਮਨੀਪੁਰ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਇਸ ਦੁੱਖ ਦੀ ਘੜੀ ’ਚ ਪੂਰੀ ਕਾਂਗਰਸ ਉਨ੍ਹਾਂ ਨਾਲ ਹੈ। ਏਨੇ ਆਗੂਆਂ ਨੂੰ ਦੇਖ ਕੇ ਮਨੀਪੁਰ ਦੇ ਲੋਕ ਹੈਰਾਨ ਸਨ ਕਿ ਜਿੱਥੇ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਬਾਹਰਲੇ ਲੋਕਾਂ ਦੇ ਆਉਣ ਦੀ ਮਨਾਹੀ ਹੈ, ਉਥੇ ਸਾਰੀ ਕਾਂਗਰਸ ਹੀ ਉੱਠ ਕੇ ਆ ਗਈ ਹੈ!
ਇਸ ਯਾਤਰਾ ਨੂੰ ਮਨੀਪੁਰ ਵਿੱਚ ਕਿੰਨੀ ਕਾਮਯਾਬੀ ਮਿਲੇਗੀ, ਉਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸੂਬਾ ਕਾਂਗਰਸ ਦੇ ਆਗੂ ਇਸ ਨੂੰ ਕਿਸ ਤਰ੍ਹਾਂ ਅੱਗੇ ਵਧਾਉਂਦੇ ਹਨ। ਮਨੀਪੁਰ ਦੀ ਜਨਤਾ ਨੇ ਇੱਕ ਤ੍ਰਾਸਦੀ ਦਾ ਸਾਹਮਣਾ ਕੀਤਾ ਹੈ। ਲੋਕਾਂ ਨੇ ਪਰਿਵਾਰ ਤੇ ਜਾਇਦਾਦਾਂ ਗੁਆ ਦਿੱਤੀਆਂ ਹਨ। ਮਨੀਪੁਰ ਨੂੰ ਇਸ ਯਾਤਰਾ ਦਾ ਕੋਈ ਲਾਭ ਹੋਵੇਗਾ, ਇਹ ਤਾਂ ਸਮਾਂ ਹੀ ਦੱਸੇਗਾ!
ਕੁਝ ਦਿਨ ਪਹਿਲਾਂ ਜਦੋਂ ਕਾਂਗਰਸ ਨੇ ਇਸ ਯਾਤਰਾ ਦਾ ਐਲਾਨ ਕੀਤਾ ਸੀ ਤਾਂ ਉਸੇ ਦਿਨ ਸਵੇਰੇ ਵੱਡੇ ਤੜਕੇ ਰਾਹੁਲ ਗਾਂਧੀ ਹਰਿਆਣਾ ਦੇ ਝੱਜਰ ਦੇ ਇੱਕ ਪਿੰਡ ਵਿੱਚ ਭਲਵਾਨਾਂ ਦੇ ਇੱਕ ਅਖਾੜੇ ਵਿੱਚ ਉਨ੍ਹਾਂ ਦੇ ਦਰਦ ਨਾਲ ਖੁਦ ਨੂੰ ਜੋੜ ਰਹੇ ਸਨ। ਇਹ ਉਹੋ ਭਲਵਾਨ ਸਨ, ਜਿਨ੍ਹਾਂ ਮਹਿਲਾ ਭਲਵਾਨਾਂ ਨਾਲ ਹੋਏ ਜਿਨਸੀ ਦੁਰਵਿਹਾਰ ਦੇ ਦੋਸ਼ੀ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਵਿਰੁੱਧ ਪੰਜ ਮਹੀਨੇ ਸੜਕਾਂ ਉੱਤੇ ਲੜਾਈ ਲੜੀ ਸੀ। ਡਾ. ਅੰਬੇਡਕਰ ਨੇ ਸੰਵਿਧਾਨ ਸਭਾ ਵਿੱਚ ਆਪਣੇ ਆਖ਼ਰੀ ਭਾਸ਼ਣ ਵਿੱਚ ਕਿਹਾ ਸੀ ਕਿ ਸਾਡੇ ਦੇਸ਼ ਵਿੱਚ ਆਜ਼ਾਦੀ ਤੇ ਲੋਕਤੰਤਰ ਹਾਲੇ ਅਧੂਰਾ ਹੈ। ‘ਜਿੰਨੀ ਆਬਾਦੀ ਓਨਾ ਹੱਕ’ ਦਾ ਨਾਅਰਾ ਡਾ. ਅੰਬੇਡਕਰ ਦੇ ਇਸੇ ਵਿਚਾਰ ਦੀ ਪੁਸ਼ਟੀ ਕਰਦਾ ਹੈ। ਇਹ ਨਾਅਰਾ ਜਾਤੀ ਜਨਗਣਨਾ ਦੇ ਮੁੱਦੇ ਨੂੰ ਰਾਹੁਲ ਦੀ ਯਾਤਰਾ ਦਾ ਮੁੱਖ ਬਿੰਦੂ ਬਣਾ ਦੇਵੇਗਾ। ਇਹ ਯਾਤਰਾ ਉਸ ਸਮੇਂ ਸ਼ੁਰੂ ਹੋਈ ਹੈ, ਜਦੋਂ ਲੋਕ ਸਭਾ ਚੋਣਾਂ ਸਿਰ ਉੱਤੇ ਹਨ।
ਅਰਥ-ਵਿਵਸਥਾ ਦਾ ਹਾਲ: ਰਜਵਾੜਾਸ਼ਾਹੀ ਦੌਰ ਵਿੱਚ ਰਾਮ ਰਾਜ ਨੂੰ ਇੱਕ ਆਦਰਸ਼ ਰਾਜ ਵਜੋਂ ਪੇਸ਼ ਕੀਤਾ ਗਿਆ ਸੀ ਤੇ ਅੱਜ ਵੀ ਕੀਤਾ ਜਾਂਦਾ ਹੈ। ਰਾਜ ਜਨਤਾ ਦੀ ਭਲਾਈ ਦੇ ਪੈਮਾਨੇ ਤੋਂ ਪਰਖਿਆ ਜਾਂਦਾ ਹੈ, ਜਿਸ ਵਿੱਚ ਹਰ ਵਿਅਕਤੀ ਖੁਸ਼ ਹੋਵੇ, ਊਚ-ਨੀਚ ਨਾ ਹੋਵੇ ਤੇ ਹਰ ਵਿਅਕਤੀ ਸਵੈਮਾਣ ਦੀ ਜ਼ਿੰਦਗੀ ਜੀ ਰਿਹਾ ਹੋਵੇ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਟਵੀਟ ਕਿ ‘ਪ੍ਰਭੂ ਰਾਮ ਨੇ ਮੈਨੂੰ ਪ੍ਰਾਣ ਪ੍ਰਤਿਸ਼ਠਾ ਲਈ ਸਾਰੇ ਭਾਰਤ ਵਾਸੀਆਂ ਦੀ ਪ੍ਰਤੀਨਿਧਤਾ ਕਰਨ ਲਈ ਨਮਿੱਤ ਕੀਤਾ ਹੈ’ ਸਪੱਸ਼ਟ ਕਰਦਾ ਹੈ ਕਿ ਉਹ ਆਪਣੇ ਆਪ ਨੂੰ ਰਾਮ ਚੰਦਰ ਦੇ ਨੁਮਾਇੰਦੇ ਵਜੋਂ ਪੇਸ਼ ਕਰ ਰਹੇ ਹਨ। ਮੋਦੀ ਦੇ 10 ਸਾਲਾ ਰਾਜ ਦੌਰਾਨ ਦੇਸ਼ ਵਿੱਚ ਕਿਹੋ ਜਿਹਾ ਰਾਮ ਰਾਜ ਰਿਹਾ, ਇਸ ਬਾਰੇ ਦੇਸ਼ ਦੀ ਬਦਹਾਲੀ ਮੂੰਹੋਂ ਬੋਲ ਰਹੀ ਹੈ|
ਦੇਸ਼ ਦੀ ਅਰਥ-ਵਿਵਸਥਾ ਦਾ ਹਾਲ ਇਹ ਹੈ ਕਿ ਸਮੁੱਚੇ ਭਾਰਤੀ ਬੁਰੀ ਤਰ੍ਹਾਂ ਕਰਜ਼ੇ ਦੇ ਜਾਲ ਵਿੱਚ ਫਸ ਚੁੱਕੇ ਹਨ। ਨਰਿੰਦਰ ਮੋਦੀ ਨੇ ਜਦੋਂ 2014 ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਹਾਸਲ ਕੀਤਾ ਸੀ ਤਾਂ ਦੇਸ਼ ਸਿਰ ਅੰਦਾਜ਼ਨ 55 ਲੱਖ ਕਰੋੜ ਦਾ ਕਰਜ਼ਾ ਸੀ, ਪਰ ਮੋਦੀ ਦੇ 10 ਸਾਲਾ ਰਾਜ ਦੌਰਾਨ ਇਹ ਕਰੀਬ 205 ਲੱਖ ਕਰੋੜ ਹੋ ਗਿਆ ਹੈ। ਗਰੀਬੀ ਰੇਖਾ ਤੋਂ ਹੇਠਾਂ ਜੀਵਨ ਗੁਜ਼ਾਰਨ ਵਾਲੇ ਲੋਕਾਂ ਦੀ ਗਿਣਤੀ ਵਧ ਕੇ 22 ਫ਼ੀਸਦੀ ਤੋਂ ਟੱਪ ਗਈ ਹੈ। ਬੇਰੁਜ਼ਗਾਰੀ ਨੇ 45 ਸਾਲਾਂ ਦਾ ਰਿਕਾਰਡ ਤੋੜ ਕੇ ਨੌਜਵਾਨਾਂ ਦਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਸਮਾਜਿਕ ਅਨਿਆਂ ਤੇ ਸਮਾਜ ਵਿੱਚ ਫੈਲੀ ਨਫ਼ਰਤ ਕਾਰਨ ਦੇਸ਼ ਦੇ ਅਮੀਰ-ਗਰੀਬ ਦੇਸ਼ ਵਿੱਚੋਂ ਬਾਹਰ ਨਿਕਲਣ ਲਈ ਕਤਾਰਾਂ ਬੰਨ੍ਹੀ ਖੜ੍ਹੇ ਹਨ।
ਪਿਛਲੇ ਦਿਨੀਂ ਫ਼ਰਾਂਸ ਨੇ 303 ਭਾਰਤੀਆਂ ਨੂੰ ਨਿਕਾਰਾਗੂਆ ਲੈ ਕੇ ਜਾ ਰਹੇ ਇੱਕ ਜਹਾਜ਼ ਨੂੰ ਰੋਕ ਲਿਆ ਸੀ। ਇਨ੍ਹਾਂ ਲੋਕਾਂ ਨੇ ਨਿਕਾਰਾਗੂਆ ਪਹੁੰਚ ਕੇ ਗੈਰ-ਕਾਨੂੰਨੀ ਸਰਹੱਦ ਪਾਰ ਕਰਕੇ ਕੈਨੇਡਾ ਜਾਂ ਅਮਰੀਕਾ ਜਾਣਾ ਸੀ। ਇਨ੍ਹਾਂ ਵਿੱਚੋਂ ਅੱਧੇ ਉਸ ਗੁਜਰਾਤ ਦੇ ਸਨ, ਜਿਸ ਦੇ ਵਿਕਾਸ ਮਾਡਲ ਦਾ ਪ੍ਰਧਾਨ ਮੰਤਰੀ ਹਰ ਵੇਲੇ ਢੰਡੋਰਾ ਪਿੱਟਦੇ ਰਹਿੰਦੇ ਹਨ। ‘ਦੀ ਹਿੰਦੂ’ ਦੀ ਇੱਕ ਰਿਪੋਰਟ ਅਨੁਸਾਰ ਸਿਰਫ਼ ਨਵੰਬਰ 2022 ਤੋਂ ਸਤੰਬਰ 2023 ਤੱਕ ਇਕੱਲੇ ਅਮਰੀਕਾ ਵਿੱਚ ਦਾਖਲ ਹੋਣ ਲਈ ਸਰਹੱਦ ਪਾਰ ਕਰਦੇ 96,917 ਭਾਰਤੀ ਫੜੇ ਗਏ ਸਨ। ਜਿਹੜੇ ਇਸ ਕੋਸ਼ਿਸ਼ ਵਿੱਚ ਸਫ਼ਲ ਹੋ ਗਏ, ਉਨ੍ਹਾਂ ਦੀ ਗਿਣਤੀ ਕਿੰਨੀ ਹੋਵੇਗੀ, ਇਸ ਦਾ ਅੰਦਾਜ਼ਾ ਲਾਉਣਾ ਔਖਾ ਨਹੀਂ! 2019-20 ਵਿੱਚ ਇਨ੍ਹਾਂ ਦੀ ਗਿਣਤੀ ਸਿਰਫ਼ 19,883 ਸੀ। ਸੰਸਾਰ ਨਿਵੇਸ਼ ਬੈਂਕ ‘ਮਾਰਗਨ ਸਟੇਨਲੀ’ ਮੁਤਾਬਕ 2014 ਤੋਂ 2018 ਤੱਕ ਭਾਰਤ ਦੇ 23 ਹਜ਼ਾਰ ਕਰੋੜਪਤੀਆਂ ਨੇ ਆਪਣਾ ਬਸੇਰਾ ਦੂਜੇ ਦੇਸ਼ਾਂ ਵਿੱਚ ਕਰ ਲਿਆ ਹੈ|
21 ਜੁਲਾਈ 2023 ਨੂੰ ਸੰਸਦ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦੱਸਿਆ ਗਿਆ ਸੀ ਕਿ 2011 ਤੋਂ ਲੈ ਕੇ 2022 ਤੱਕ 16,63,440 ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਤਿਆਗ ਦਿੱਤੀ ਸੀ। ਇਕੱਲੇ 2023 ਦੇ ਪਹਿਲੇ 6 ਮਹੀਨਿਆਂ ਦੌਰਾਨ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦਾ ਅੰਕੜਾ 87,026 ਤੱਕ ਪੁੱਜ ਗਿਆ ਸੀ। ਇੱਕ ਅੰਦਾਜ਼ੇ ਮੁਤਾਬਕ ਹਰ ਸਾਲ 20 ਲੱਖ ਭਾਰਤੀ ਵਿਦੇਸ਼ਾਂ ਵੱਲ ਹਿਜਰਤ ਕਰ ਜਾਂਦੇ ਹਨ, ਜਿਸ ਨਾਲ ਇਨ੍ਹਾਂ ਦੀ ਆਬਾਦੀ 3 ਕਰੋੜ ਤੋਂ ਟੱਪ ਗਈ ਹੈ|
ਭਾਰਤੀ ਹਾਕਮਾਂ ਨੇ ਅਸਲ ਵਿੱਚ ਭਾਰਤ ਨੂੰ ਮਜ਼ਦੂਰ ਸਪਲਾਈ ਕਰਨ ਦਾ ਕੇਂਦਰ ਬਣਾ ਦਿੱਤਾ ਹੈ। ਵਿਸ਼ਵ ਗੁਰੂ ਦੀ ਸਰਕਾਰ ਨੇ ਇਜ਼ਰਾਇਲ, ਗਰੀਸ ਤੇ ਇਟਲੀ ਨਾਲ ਸਸਤੇ ਮਜ਼ਦੂਰ ਸਪਲਾਈ ਕਰਨ ਲਈ ਸਮਝੌਤੇ ਕੀਤੇ ਹਨ। ਇਜ਼ਰਾਇਲ ਨੇ ਫਲਿਸਤੀਨੀਆਂ ਨੂੰ ਕੱਢ ਦੇਣ ਤੋਂ ਬਾਅਦ ਬਦਲ ਦੇ ਤੌਰ ਉੱਤੇ ਭਾਰਤੀਆਂ ਨੂੰ ਖੇਤੀ ਤੇ ਸਨਅਤੀ ਮਜ਼ਦੂਰ ਵਜੋਂ ਲੈਣ ਦਾ ਫੈਸਲਾ ਕੀਤਾ ਹੈ। ਇਸ ਨੇ ਅੰਗਰੇਜ਼ੀ ਰਾਜ ਦੇ ਉਨ੍ਹਾਂ ਦਿਨਾਂ ਦੀ ਯਾਦ ਤਾਜ਼ਾ ਕਰਾ ਦਿੱਤੀ ਹੈ, ਜਦੋਂ ਅੰਗਰੇਜ਼ ਸਾਡੇ ਦੇਸ਼ ਦੇ ਗਰੀਬਾਂ ਨੂੰ ਮਜ਼ਦੂਰੀ ਕਰਨ ਲਈ ਅਫ਼ਰੀਕੀ ਦੇਸ਼ਾਂ ਵਿੱਚ ਲੈ ਕੇ ਜਾਂਦੇ ਸਨ।
ਮੱਧਵਰਗ ਦੇ ਲੋਕ ਸਮਝਦੇ ਹਨ ਕਿ ਇਸ ਦੇਸ਼ ਵਿੱਚ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਨਹੀਂ। ਅਜਿਹੇ ਮਾਹੌਲ ਵਿੱਚ ਆਮ ਵਰਗ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਲਾਇਆ ਜਾ ਸਕਦਾ ਹੈ| ਮੋਦੀ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਇਨ੍ਹਾਂ ਮਸਲਿਆਂ ਬਾਰੇ ਸੋਚਣ। ਰਾਮ ਮੰਦਰ ਦੀ ਉਸਾਰੀ ਦੀ ਖੁਮਾਰੀ ਵੀ ਇੱਕ ਅਜਿਹੀ ਖੁਰਾਕ ਹੈ, ਜਿਸ ਦੇ ਆਸਰੇ ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੀ ਕੋਸ਼ਿਸ਼ ਵਿੱਚ ਹੈ|

Leave a Reply

Your email address will not be published. Required fields are marked *