ਜੇ.ਐਸ. ਮਾਂਗਟ
ਹਿੰਦੂ ਧਰਮ ਅਚਾਰੀਆਂ, ਚਾਰੋ ਸ਼ੰਕਰਾਚਾਰੀਆਂ ਦੇ ਵਿਰੋਧ ਦੇ ਬਾਵਜੂਦ ਬਾਬਰੀ ਮਸਜਿਦ ਵਾਲੇ ਥਾਂ ‘ਤੇ ਰਾਮ ਮੰਦਰ ਦਾ ਉਦਘਾਟਨ ਹੋ ਗਿਆ ਹੈ। ਆਪਣੇ ਪ੍ਰਮੁੱਖ ਚੋਣ ਵਾਅਦੇ ਨੂੰ ਪੂਰਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੀ 22 ਜਨਵਰੀ ਨੂੰ ਅਯੋਧਿਆ ਵਿੱਚ ਇੱਕ ਸ਼ਾਨਦਾਰ ਨਵੇਂ ਰਾਮ ਮੰਦਰ ਦਾ ਉਦਘਾਟਨ ਕੀਤਾ। ਪੰਜ ਸਾਲ ਦੀ ਉਮਰ ਦੇ ਰਾਮ ਲੱਲਾ ਦੀ 51 ਇੰਚ ਦੀ ਕਾਲੇ ਪੱਥਰ ਵਿੱਚੋਂ ਤਰਾਸ਼ੀ ਮੂਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਨਵੇਂ ਬਣੇ ਮੰਦਰ ਵਿੱਚ ਸਥਾਪਤ ਕੀਤੀ ਗਈ।
ਇਸ ਮੌਕੇ ਜ਼ਿੰਦਗੀ ਦੇ ਵੱਖ-ਵੱਖ ਸ਼ੋਹਬਿਆਂ ਵਿੱਚ ਆਪਣੇ ਮੁਕਾਮ ਸਥਾਪਨ ਕਰਨ ਵਾਲੀਆਂ 8 ਹਜ਼ਾਰ ਦੇ ਕਰੀਬ ਸ਼ਖਸੀਅਤਾਂ ਮੌਜੂਦ ਸਨ। ਇਨ੍ਹਾਂ ਵਿੱਚ ਦੇਸ਼ ਦੇ ਉੱਘੇ ਸਨਅਤਕਾਰ, ਖਿਡਾਰੀ, ਸਿਆਸਤਦਾਨ, ਫਿਲਮ ਸਟਾਰ, ਲੇਖਕ, ਪੱਤਰਕਾਰ ਅਤੇ ਸਾਧੂ ਸੰਤ ਸ਼ਾਮਲ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 40 ਮਿੰਟ ਲੰਮੀ ਆਪਣੀ ਤਕਰੀਰ ਕੀਤੀ। ਇਸ ਵਿੱਚ ਉਨ੍ਹਾਂ ‘ਰਾਮ’ ਨੂੰ ‘ਰਾਜ’ ਨਾਲ ਜੋੜਿਆ। ਉਨ੍ਹਾਂ ਕਿਹਾ, “22 ਜਨਵਰੀ 2024 ਮਹਿਜ ਇੱਕ ਤਰੀਕ ਨਹੀਂ ਹੈ। ਇਹ ਇੱਕ ਨਵੇਂ ‘ਕਾਲ ਚੱਕਰ’ ਦੀ ਸ਼ੁਰੂਆਤ ਹੈ। ਸਾਨੂੰ ਆਪਣੀ ਕਲਪਨਾ ਨੂੰ ‘ਦੇਵ ਤੋਂ ਦੇਸ਼ ਤੱਕ’ ਪਸਾਰਨਾ ਹੋਵੇਗਾ- ਰਾਮ ਤੋਂ ਰਾਸ਼ਟਰ ਤੱਕ, ਦੇਵਤੇ ਤੋਂ ਦੇਸ਼ ਤੱਕ। ਰਾਮ ਲੱਲਾ ਦੀ ਮੂਰਤੀ ਅੱਗੇ ਚਾਂਦੀ ਰੰਗਾ ਛਤਰ ਚੜ੍ਹਾਉਂਦਿਆਂ ਪ੍ਰਧਾਨ ਮੰਤਰੀ ਨੇ ਪਹਿਲੀ ਪੂਜਾ ਅਰਚਨਾ ਕੀਤੀ। ਇਸ ਮੌਕੇ ਉਨ੍ਹਾਂ ਹੋਰ ਕਿਹਾ ਕਿ ਇਹ ਕੌਮੀ ਚੇਤਨਾ ਦਾ ਮੰਦਰ ਹੈ। ਸ਼੍ਰੀ ਰਾਮ ਚੰਦਰ ਜੀ ਭਾਰਤ ਦਾ ਧਰਮ, ਨੀਂਹ, ਆਈਡੀਆ, ਚੇਤਨਾ, ਵਿਚਾਰ, ਆਨ ਅਤੇ ਸ਼ਾਨ ਹਨ।
ਰਵਾਇਤੀ ਭਾਰਤੀ ਨਾਗਰਾ ਸ਼ੈਲੀ ਵਿੱਚ ਬਣਿਆ ਇਹ ਮੰਦਰ 380 ਫੁੱਟ ਲੰਬਾ, 250 ਫੁੱਟ ਚੌੜਾ ਅਤੇ 161 ਫੁੱਟ ਉਚਾ ਹੈ। ਇਸ ਮੰਦਰ ਵਿੱਚ 392 ਬਾਰੀਆਂ ਅਤੇ 44 ਬੂਹੇ ਹਨ। ਰਾਮ ਮੰਦਰ 2.77 ਏਕੜ ਵਿੱਚ ਬਣਾਇਆ ਗਿਆ ਹੈ। ਇਸ ਵਿੱਚ ਉਹ ਜਗ੍ਹਾ ਵੀ ਸ਼ਾਮਲ ਹੈ, ਜਿਥੇ ਬਾਬਰੀ ਮਸਜਿਦ ਇਜਾਦ ਸੀ। ਹਿੰਦੂ ਜਥੇਬੰਦੀਆਂ ਦਾ ਆਖਣਾ ਹੈ ਕਿ ਇਸੇ ਥਾਂ ਉੱਤੇ ਸ੍ਰੀ ਰਾਮ ਜੀ ਦਾ ਜਨਮ ਹੋਇਆ ਸੀ। ਤਕਰੀਬਨ 150 ਸਾਲ ਰਾਮ ਜਨਮ ਭੂਮੀ-ਬਾਬਰੀ ਮਸਜਿਦ ਝਗੜਾ ਚੱਲਿਆ ਅਤੇ ਅੰਤ 2019 ਵਿੱਚ ਸੁਪਰੀਮ ਕੋਰਟ ਨੇ ਰਾਮ ਮੰਦਰ ਬਣਾਉਣ ਦੀ ਮੰਗ ‘ਤੇ ਮੋਹਰ ਲਗਾ ਦਿੱਤੀ ਤੇ ਮੁਸਲਮਾਨਾਂ ਨੂੰ ਆਪਣੀ ਮਸਜਿਦ ਬਣਾਉਣ ਲਈ ਹੋਰ ਜ਼ਮੀਨ ਦੇਣ ਦਾ ਹੁਕਮ ਦਿੱਤਾ।
ਉਂਝ ਹਕੀਕਤ ਇਹ ਹੈ ਕਿ ਅਦਾਲਤ ਵਿੱਚ ਹਿੰਦੂ ਪੱਖ ਦੇ ਵਕੀਲ ਅਤੇ ਬਾਬਰੀ ਮਸਜਿਦ ਵਾਲੀ ਥਾਂ ‘ਤੇ ਖੁਦਾਈ ਕਰਨ ਵਾਲੇ ਪੁਰਾਤਤਵ ਵਿਭਾਗ ਵੀ ਇਹ ਸਾਬਤ ਨਹੀਂ ਕਰ ਸਕੇ ਕਿ ਮਸਜਿਦ ਮੰਦਰ ਢਾਹ ਕੇ ਬਣਾਈ ਗਈ ਸੀ। ਸੁਪਰੀਮ ਕੋਰਟ ਦੇ ਹੁਕਮਾਂ ‘ਤੇ ਕੀਤੀ ਗਈ ਮਸਜਿਦ ਵਾਲੀ ਥਾਂ ਦੀ ਖੁਦਾਈ ਦੌਰਾਨ ਮੰਦਰ ਦੇ ਕੋਈ ਅੰਸ਼ ਨਹੀਂ ਸਨ ਲੱਭੇ। ਇਸ ਲਈ ਅਦਾਲਤ ਦਾ ਪਹਿਲਾ ਫੈਸਲਾ ਮਸਜਿਦ ਦੇ ਹੱਕ ਵਿੱਚ ਆਇਆ ਸੀ, ਪਰ 2019 ਵਿੱਚ ਸੁਪਰੀਮ ਕੋਰਟ ਨੇ ‘ਲੋਕਾਂ ਦੀਆਂ ਭਾਵਨਾਵਾਂ ਦਾ ਧਿਆਨ ਰੱਖਦਿਆਂ’ ਮੰਦਰ ਬਣਾਉਣ ਦਾ ਫੈਸਲਾ ਦਿੱਤਾ। ਯਾਦ ਰਹੇ, ਬਾਬਰੀ ਮਸਜਿਦ ਦੇ ਢੱਠ ਜਾਣ ਤੋਂ ਬਾਅਦ ਰਾਮ ਲੱਲਾ ਦੀ ਛੋਟੀ ਮੂਰਤੀ ਨੂੰ ਇੱਕ ਆਰਜੀ ਮੰਦਰ ਵਿੱਚ ਰੱਖਿਆ ਗਿਆ ਸੀ, ਜਿੱਥੇ ਲੋਕ ਪੂਜਾ ਅਰਚਨਾ ਕਰਦੇ ਸਨ। ਇਹ ਛੋਟੀ ਮੂਰਤੀ 1949 ਵਿੱਚ ਚੋਰੀ ਛਿੱਪੇ ਬਾਬਰੀ ਮਸਜਿਦ ਦੇ ਅਹਾਤੇ ਵਿੱਚ ਰੱਖੀ ਗਈ ਸੀ ਅਤੇ ਇਹ ਪ੍ਰਚਾਰਿਆ ਗਿਆ ਸੀ ਕਿ ਰਾਮ ਲੱਲਾ ਆਪਣੇ ਜਨਮ ਅਸਥਾਨ ‘ਤੇ ਪ੍ਰਗਟ ਹੋ ਗਏ ਹਨ। ਦਿਲਚਸਪ ਇਹ ਵੀ ਹੈ ਕਿ ਇਹ ਕੰਮ ਕਾਂਗਰਸ ਪਾਰਟੀ ਵਿੱਚ ਮੌਜੂਦ ਹਿੰਦੂ ਕੱਟੜਪੰਥੀ ਧੜੇ ਦੀ ਸ਼ਹਿ ‘ਤੇ ਹੋਇਆ ਸੀ।
ਇਥੇ ਇਹ ਧਿਆਨ ਦੇਣ ਵਾਲਾ ਪੱਖ ਹੈ ਕਿ ਬਹੁਤੀਆਂ ਭਾਜਪਾ ਵਿਰੋਧੀ ਰਾਜਨੀਤਿਕ ਪਾਰਟੀਆ ਇਸ ਸਮਾਗਮ ਤੋਂ ਇਹ ਆਖ ਕੇ ਪਾਸੇ ਰਹੀਆਂ ਕਿ ਇਹ ਭਾਰਤੀ ਜਨਤਾ ਪਾਰਟੀ ਦਾ ਇੱਕ ਰਾਜਨੀਤਿਕ ਸਮਾਗਮ ਹੈ ਅਤੇ ਧਰਮ ਤੇ ਰਾਜਨੀਤੀ ਵਿਚਕਾਰਲੀ ਲੀਕ ਨੂੰ ਧੁੰਦਲਾ ਕਰਨ ਦਾ ਬਾਇਸ ਬਣ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਉਭਾਰੀ ਜਾ ਰਹੀ ਇਸ ਰਾਮ ਮੰਦਰ ਦੀ ਵਿਛਵੀਂ ਰਾਜਨੀਤੀ ਨੂੰ ਸੱਭ ਤੋਂ ਖੜ੍ਹਵਾਂ (ਵਰਟੀਕਲ) ਵੱਢ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੇ ਮਾਰਿਆ। ਉਨ੍ਹਾਂ ਆਪਣੇ ਰਾਜ ਦੇ ਰਾਜਧਾਨੀ ਸ਼ਹਿਰ ਕਲਕੱਤਾ ਵਿੱਚ ਸਰਬ ਧਰਮ ਮਾਰਚ ਆਯੋਜਤ ਕੀਤਾ। ਇਸ ਦੌਰਾਨ ਉਹ ਕਾਲੀਘਾਟ ਮੰਦਰ ਤੋਂ ਇਲਾਵਾ ਮਸਜਿਦ, ਚਰਚ ਅਤੇ ਗੁਰਦੁਆਰਾ ਸਾਹਿਬ ਵੀ ਪੁੱਜੇ। ਇਸ ਦੌਰਾਨ ਬੋਲਦਿਆਂ ਉਨ੍ਹਾਂ ਕਿਹਾ, ‘ਮੈਂ ਰਾਮ ਦੇ ਵਿਰੁਧ ਨਹੀਂ ਹਾਂ, ਪਰ ਤੁਸੀਂ (ਬੀ.ਜੇ.ਪੀ.) ਸੀਤਾ ਜੀ ਦਾ ਨਾਂ ਕਿਉਂ ਨਹੀਂ ਲਿਆ? ਕੀ ਤੁਸੀਂ ਔਰਤਾਂ ਦੇ ਵਿਰੁਧ ਹੋ? ਸੀਤਾ ਜੀ ਤੋਂ ਬਿਨਾ ਰਾਮ ਇੱਥੇ ਨਹੀਂ ਹੋ ਸਕਦੇ। ਉਨ੍ਹਾਂ ਹੋਰ ਕਿਹਾ ਕਿ ਜੇ ਮਾਤਾ ਕੁਸ਼ੱਲਿਆ ਨਾ ਹੁੰਦੇ ਤਾਂ ਰਾਮ ਨਹੀਂ ਸਨ ਹੋ ਸਕਦੇ।
ਇੱਥੇ ਜ਼ਿਕਰਯੋਗ ਹੈ ਕਿ ਹਿੰਦੂ ਧਰਮ ਦੇ ਚਾਰੋ ਧਾਮਾਂ ਦੇ ਸ਼ੰਕਰਾਚਾਰੀਆ ਅਧੂਰੇ ਮੰਦਰ ਵਿੱਚ ਮੂਰਤੀ ਅਸਥਾਪਤ ਕਰਨ ਅਤੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਕਰਨ ਦਾ ਵਿਰੋਧ ਕਰ ਰਹੇ ਸਨ। ਉਹ ਆਖ ਰਹੇ ਸਨ ਕਿ ਮੰਦਰ ਸ਼ਰੀਰ ਸਮਾਨ ਹੈ ਅਤੇ ਰਾਮ ਲੱਲਾ ਦੀ ਮੂਰਤੀ ਆਤਮਾ ਦੇ ਸਮਾਨ ਹੈ। ਇਸ ਲਈ ਜਦੋਂ ਮੰਦਰ (ਸ਼ਰੀਰ) ਹਾਲੇ ਪੂਰਾ ਬਣਿਆ ਨਹੀਂ ਹੈ ਤਾਂ ਉਸ ਵਿੱਚ ਆਤਮਾ (ਮੂਰਤੀ) ਕਿਵੇਂ ਪ੍ਰਵੇਸ਼ ਕਰ ਸਕਦੀ ਹੈ? ਪਰ ਸਾਰੀਆਂ ਦਲੀਲਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਦਿਆਂ ਸੱਤਾ ਨੇ ਆਪਣਾ ਜ਼ੋਰ ਪੁਗਾਇਆ। ਸਾਰੇ ਵਿਰੋਧਾਂ ਨੂੰ ਦਰਕਿਨਾਰ ਕਰ ਕੇ ਉਸਾਰੀ ਅਧੀਨ ਰਾਮ ਮੰਦਰ ਵਿੱਚ ਰਾਮ ਲੱਲਾ ਦੀ ਮੂਰਤੀ ਸਥਾਪਨ ਕਰ ਦਿੱਤੀ ਹੈ।
ਰਾਮ ਮੰਦਰ ਦੇ ਉਦਘਾਟਨ ਵਾਲੇ ਘਟਨਾਕ੍ਰਮ ‘ਤੇ ਵੱਖ-ਵੱਖ ਪਾਰਟੀਆਂ ਨੇ ਅਲੱਗ ਅਲੱਗ ਪ੍ਰਤੀਕਰਮ ਦਿੱਤੇ। ਜਿੱਥੇ ਕਾਂਗਰਸ ਪਾਰਟੀ, ਜਨਤਾ ਦਲ ਯੂਨਾਈਟਿਡ, ਰਾਸ਼ਟਰੀ ਜਨਤਾ ਦਲ ਨੇ ਇਸ ਸਮਾਗਮ ਤੋਂ ਦੂਰ ਰਹਿਣਾ ਠੀਕ ਸਮਝਿਆ, ਉਥੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਨੇ ਕਿਹਾ ਕਿ ਦੇਸ਼ ਵਿੱਚ ਰਾਜਨੀਤੀ ਅਤੇ ਧਰਮ ਵਿਚਲੀ ਲਾਈਨ ਧੁੰਦਲੀ ਪੈਂਦੀ ਜਾ ਰਹੀ ਹੈ। ਪਾਰਟੀ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਸੈਕੂਲਰ ਢਾਂਚੇ ਅਤੇ ਸਵਿੰਧਾਨ ਦੀ ਰਾਖੀ ਕਰਨੀ ਚਾਹੀਦੀ ਹੈ। ਕਰਨਾਟਕਾ ਦੇ ਕਾਂਗਰਸੀ ਮੁੱਖ ਮੰਤਰੀ ਸਿਧਾਰਮਈਆ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਭਾਜਪਾ ਨੇ ਇੱਕ ਧਾਰਮਿਕ ਸਮਾਗਮ ਦਾ ਰਾਜਨੀਤੀਕਰਣ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਮ ਬੀ.ਜੇ.ਪੀ. ਦੇ ਨਹੀਂ, ਸਾਰੇ ਹਿੰਦੂਆਂ ਦੇ ਰਹਿਬਰ ਹਨ।
ਦੂਜੇ ਪਾਸੇ ਆਮ ਆਦਮੀ ਪਾਰਟੀ ਰਾਮ ਰਾਜ ਦੇ ਰੰਗ ਵਿੱਚ ਰੰਗੀ ਨਜ਼ਰ ਆਈ। ਉਸ ਨੇ ਇਸ ਮੌਕੇ ਸੁੰਦਰ ਕਾਂਡ ਦੇ ਪਾਠ ਕਰਵਾਏ ਅਤੇ ਕੇਜਰੀਵਾਲ ਸਮੇਤ ਪਾਰਟੀ ਦੇ ਆਗੂਆਂ ਨੇ ਧਾਰਮਿਕ ਰਸਮਾਂ ਵਿੱਚ ਹਿੱਸਾ ਲਿਆ। ਇਸ ਦੌਰਾਨ ਸਮਾਜਵਾਦੀ ਪਾਰਟੀ ਦੇ ਆਗੂ ਅਖਲੇਸ਼ ਯਾਦਵ ਨੇ ਕਿਹਾ ਕਿ ਰਾਮ ਆਪਣੇ ਭਗਤਾਂ ਦੇ ਦਿਲਾਂ ਵਿੱਚ ਰਹਿੰਦੇ ਹਨ। ਉਂਝ ਇਸ ਦਿਨ ਸਾਰੇ ਦੇਸ਼ ਵਿੱਚ ਲੋਕਾਂ ਨੇ ਮੰਦਰਾਂ ਵਿੱਚ ਪੂਜਾ ਅਰਚਨਾ ਕੀਤੀ। ਹਿੰਦੂ ਤਬਕੇ ਦੇ ਲੋਕਾਂ ਨੇ ਆਪਣੇ ਘਰਾਂ ‘ਤੇ ਪੀਲੇ ਤੇ ਕੇਸਰੀ ਝੰਡੇ ਲਗਾਏ।
ਇਸ ਘਟਨਾਕ੍ਰਮ ਨੇ ਇਹ ਵਿਖਾ ਦਿੱਤਾ ਹੈ ਕਿ ਜਦੋਂ ਸੱਤਾ ਆਪਣੇ ਜੋਬਨ ਵਿੱਚ ਹੁੰਦੀ ਹੈ ਤਾਂ ਉਹ ਧਰਮ ਸਮੇਤ ਹਰ ਸੈLਅ ਦਾ ਕੰਨ ਮਰੋੜ ਕੇ ਆਪਣੇ ਅਨੁਕੂਲ ਕਰ ਲੈਂਦੀ ਹੈ। ਇਸ ਸੰਦਰਭ ਵਿੱਚ ਸਿਮਰਨਜੀਤ ਸਿੰਘ ਮਾਨ ਦਾ ਇੱਕ ਕਥਨ ਯਾਦ ਆਉਂਦਾ ਹੈ, ਜੋ ਉਨ੍ਹਾਂ ਨੇ ਸੰਗਰੂਰ ਦੀ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕਿਹਾ, ‘ਰਾਜ ਬਿਨਾ ਨਹਿ ਧਰਮ ਚਲੈ ਹੈਂ, ਰਾਜ ਬਿਨਾ ਸਭ ਦਲੇ ਮਲੈ ਹੈਂ।’ ਸਿੱਖਾਂ ਨੇ ਨਾ ਸਹੀ, ਮੋਦੀ ਨੇ ਇਸ ਵਾਕ ‘ਤੇ ਅਮਲ ਕਰ ਵਿਖਾਇਆ ਹੈ। ਧਰਮ, ਰਾਜ ਦੇ ਅਧੀਨ ਘੋੜੀ ਬਣ ਗਿਆ ਹੈ। ਰਾਜ ਅਤੇ ਬਹੁਗਿਣਤੀ ਹਿੰਦੂ ਫਿਰਕਾ ਇੱਕ ਰੂਪ ਹੋ ਗਏ ਹਨ। ਹੁਣ ਬਸ ਸਵਿੰਧਾਨ ਨੂੰ ‘ਹਿੰਦੂ ਇੱਛਾ’ ਦੇ ਅਨੁਕੂਲ ਢਾਲਣਾ ਬਾਕੀ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ ਭਾਰਤੀ ਰਾਜ ਘੱਟਗਿਣਤੀ ਫਿਰਕਿਆਂ ‘ਤੇ ਸ਼ਾਸ਼ਨ ਕਰਨ ਦਾ ਇਖ਼ਲਾਕੀ ਆਧਾਰ ਗੁਆ ਲਵੇਗਾ। ਅਜਿਹੀ ਸਥਿਤੀ ਵਿੱਚ ਗੈਰ-ਹਿੰਦੂ ਤਬਕਿਆਂ ਨੂੰ ਰਾਜ ਖਿਲਾਫ ਬਗਾਵਤ ਕਰਨ ਦਾ ਨੈਤਿਕ ਅਧਿਕਾਰ ਮਿਲ ਜਾਵੇਗਾ। ਇਹ ਇੱਕ ਵੱਡੀ ਸਿਵਲ ਵਾਰ ਦੀ ਸ਼ੁਰੂਆਤ ਹੋਵੇਗੀ!