ਭੰਗੜਾ ਰਾਈਮਜ਼ ਦੇ ਭੰਗੜਾ ਮੁਕਾਬਲਿਆਂ ਪ੍ਰਤੀ ਲੋਕਾਂ `ਚ ਉਤਸ਼ਾਹ

ਖਬਰਾਂ

ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਭੰਗੜਾ ਰਾਈਮਜ਼ ਵੱਲੋਂ ਆਉਂਦੀ 2 ਮਾਰਚ ਨੂੰ ਕਰਵਾਏ ਜਾ ਰਹੇ ਇੰਟਰ ਅਕੈਡਮੀ ਭੰਗੜਾ ਮੁਕਾਬਲਿਆਂ ਨੂੰ ਲੈ ਕੇ ਭੰਗੜੇ ਦੇ ਸ਼ੌਕੀਨਾਂ ਵਿੱਚ ਡਾਹਢਾ ਉਤਸ਼ਾਹ ਹੈ ਅਤੇ ਇਸ ਦੀ ਉਡੀਕ ਸ਼ਿਕਾਗੋ ਤੇ ਮਿਲਵਾਕੀ ਦੇ ਲੋਕਾਂ ਵੱਲੋਂ ਬੇਸਬਰੀ ਨਾਲ ਕੀਤੀ ਜਾ ਰਹੀ ਹੈ। ਭੰਗੜਾ ਰਾਈਮਜ਼ ਦੇ ਭੰਗੜੇ ਤੇ ਲੋਕ ਨਾਚਾਂ ਦੇ ਇਹ ਪਲੇਠੇ ਮੁਕਾਬਲੇ ਪੈਲਾਟਾਈਨ ਦੇ ਕਟਿੰਗ ਹਾਲ (150 ਈਸਟ ਵੁੱਡ ਸਟਰੀਟ, ਪੈਲਾਟਾਈਨ, ਇਲੀਨਾਏ 60067) ਵਿੱਚ ਸ਼ਾਮ 5 ਤੋਂ 8 ਵਜੇ ਤੱਕ ਹੋਣਗੇ। ਸੰਸਥਾ ਅਨਸੁਾਰ ਲੋਕਾਂ ਦਾ ਉਤਸ਼ਾਹ ਵੇਖਣਯੋਗ ਹੈ ਅਤੇ ਇਸ ਲਈ ਸੀਟਾਂ ਧੜਾਧੜ ਵਿੱਕ ਚੁਕੀਆਂ ਹਨ। ਕੁਝ ਕੁ ਸੱਜਣਾਂ ਨੂੰ ਲੇਟ ਹੋਣ ਦਾ ਤੇ ਟਿਕਟ ਨਾ ਮਿਲਣ ਦਾ ਮਲਾਲ ਹੈ। ਕੁਝ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ।

ਭੰਗੜਾ ਰਾਈਮਜ਼ ਦੇ ਸਰਪ੍ਰਸਤ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਕਾਬਲੇ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਗਰੁੱਪ ਵਿਚ 5 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਦੀਆਂ ਤਿੰਨ ਟੀਮਾਂ ਹਨ: ਟੀਮ ਸਤਲੁਜ, ਟੀਮ ਬਿਆਸ ਤੇ ਟੀਮ ਰਾਵੀ। ਪੰਜਾਬ ਦੇ ਤਿੰਨ ਦਰਿਆਵਾਂ ਦੇ ਨਾਂ ‘ਤੇ ਬਣਾਈਆ ਗਈਆਂ ਟੀਮਾਂ ਦੀ ਪੇਸ਼ਕਾਰੀ ਦੇਖਣਯੋਗ ਹੋਵੇਗੀ।
ਦੂਸਰੇ ਗਰੁੱਪ ਵਿੱਚ ਚਾਰ ਟੀਮਾਂ ਰੱਖੀਆਂ ਗਈਆਂ ਹਨ: ਟੀਮ ਪਟਿਆਲਾ, ਟੀਮ ਲਾਹੌਰ, ਟੀਮ ਮੁਲਤਾਨ ਅਤੇ ਟੀਮ ਸਿਆਲਕੋਟ। 11 ਤੋਂ 18 ਸਾਲ ਦੇ ਭੰਗੜਚੀਆਂ ਦਾ ਜੋਸ਼ੀਲਾ ਭੰਗੜਾ, ਝੂੰਮਰ ਬਾਕਮਾਲ ਪੇਸ਼ਕਾਰੀ ਹੋਵੇਗੀ।
ਤੀਜੇ ਗਰੁੱਪ ਵਿੱਚ 35 ਸਾਲ ਤੋਂ ਲੈ ਕੇ 55 ਸਾਲ ਦੇ ਗੱਭਰੂ ਤੇ ਮੁਟਿਆਰਾਂ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਟੀਮ ਮਾਝਾ, ਟੀਮ ਮਾਲਵਾ, ਟੀਮ ਦੁਆਬਾ ਪੰਜਾਬ ਦੇ ਖਿੱਤਿਆਂ ਨੂੰ ਬਿਆਨ ਕਰਨਗੀਆਂ। ਮਿਲਵਾਕੀ ਦੀਆਂ ਮੁਟਿਆਰਾਂ ਦੀ ਲੁੱਡੀ ਟੀਮ ਦੀ ਪੇਸ਼ਕਾਰੀ ਵੀ ਆਪਣੇ ਆਪ ਵਿੱਚ ਕਮਾਲ ਹੋਵੇਗੀ। ਮਲਵਈ ਗਿੱਧਾ ਟੀਮ ਵੀ ਬਤੌਰ ਮਹਿਮਾਨ ਪੇਸ਼ਕਾਰੀ ਕਰੇਗੀ।
ਇਨ੍ਹਾਂ ਮੁਕਾਬਲਿਆਂ ਪ੍ਰਤੀ ਉਤਸ਼ਾਹੀ ਹੋਏ ਭੰਗੜਾ ਰਾਈਮਜ਼ ਦੇ ਸਰਪ੍ਰਸਤ ਅਮਨਦੀਪ ਸਿੰਘ ਨੇ ਦੱਸਿਆ ਕਿ ਟੀਮਾਂ ਦੀ ਵਰਦੀ ਤੋਂ ਲੈ ਕੇ ਨਾਂਵਾਂ ਤੱਕ ਖਾਸ ਖਿਆਲ ਰੱਖਿਆ ਗਿਆ ਹੈ। ਵਰਦੀਆਂ ਖਾਸ ਤੌਰ ‘ਤੇ ਲੁਧਿਆਣਾ ਤੋਂ ਬਣ ਕੇ ਤਿਆਰ ਹੋਈਆਂ ਹਨ। ਮੁੰਡਿਆਂ ਦੀ ਵਰਦੀ ‘ਚ ਕੁੜਤਾ, ਚਾਦਰਾ, ਪੱਗ, ਕੈਂਠਾ, ਤਵੀਤੜੀ, ਫੁੰਮਣ ਸ਼ਿੰਗਾਰ ਹੋਣਗੇ; ਜਦਕਿ ਕੁੜੀਆਂ ਦੀਆਂ ਵਰਦੀਆਂ ਦੀ ਖਿੱਚ ਵਿਸ਼ੇਸ਼ ਹੋਵੇਗੀ- ਕੁੜਤੀ, ਸਲਵਾਰ, ਟਿੱਕਾ, ਪਿੱਪਲ ਪੱਤੀਆਂ ਮੁਟਿਆਰਾਂ ਦੇ ਰੂਪ ਨੂੰ ਚਾਰ ਚੰਨ ਲਾਉਣਗੀਆਂ।
ਜਿੱਥੇ ਮੁਕਾਬਲਿਆਂ ਦਾ ਸਾਰਾ ਜ਼ੋਰ ਲੋਕ ਨਾਚਾਂ ਦੀ ਪੇਸ਼ਕਾਰੀ ‘ਤੇ ਲਾਇਆ ਗਿਆ ਹੈ, ਉਥੇ ਪ੍ਰੋਗਰਾਮ ਦਾ ਮਕਸਦ ਬੱਚਿਆਂ ਨੂੰ ਤਰਾਸ਼ਣਾ ਤੇ ਆਪਣੇ ਅਮੀਰ ਸੱਭਿਆਚਾਰ ਤੋਂ ਜਾਣੂੰ ਕਰਵਾਉਣਾ ਹੈ। ਅਮਨਦੀਪ ਅਨੁਸਾਰ ਟੀਮਾਂ ਦੀ ਮੰਚ ਉਤੇ ਪੇਸ਼ਕਾਰੀ ਦੌਰਾਨ ਚੱਲਣ ਵਾਲੇ ਗੀਤਾਂ ਦੀ ਵੀ ਵਿਸ਼ੇਸ਼ ਚੋਣ ਕੀਤੀ ਗਈ ਹੈ।

Leave a Reply

Your email address will not be published. Required fields are marked *