ਕਮਲਜੀਤ ਸਿੰਘ ਬਨਵੈਤ
ਇੱਕ ਵੇਲਾ ਸੀ ਜਦੋਂ ਨਵਜੋਤ ਸਿੰਘ ਸਿੱਧੂ ਦੀ ਤੂਤੀ ਬੋਲਦੀ ਸੀ। ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਲਾਂਘਾ ਖੁਲ੍ਹਵਾਉਣ ਪਿੱਛੋਂ ਉਹ ਲੋਕਾਂ ਦੇ ਮਨਾ ਉੱਤੇ ਰਾਜ ਕਰਨ ਲੱਗ ਪਿਆ ਸੀ। ਉਹ ਭਾਰਤੀ ਜਨਤਾ ਪਾਰਟੀ ਵਿੱਚ ਰਿਹਾ ਹੋਵੇ ਜਾਂ ਫਿਰ ਪੰਜਾਬ ਕਾਂਗਰਸ ਦਾ ਪ੍ਰਧਾਨ- ਤੂਤੀ ਤਦ ਵੀ ਬੋਲਦੀ ਰਹੀ ਸੀ; ਪਰ ਉਸ ਵਿੱਚ ਇੱਕੋ ਭੈੜ ਹੈ ਕਿ ਉਹ ਕਿਸੇ ਨੂੰ ਲੰਮੇ ਸਮੇਂ ਲਈ ਨਾਲ ਲੈ ਕੇ ਨਹੀਂ ਤੁਰ ਸਕਿਆ। ਇਸ ਤੋਂ ਪਹਿਲਾਂ ਕ੍ਰਿਕਟ ਖੇਡਦਿਆਂ ਵੀ ਉਸ ਦਾ ਮੂੰਹ ਵਿੰਗਾ ਹੀ ਰਿਹਾ ਸੀ। ਸਾਨੂੰ ਇਹ ਵੀ ਨਹੀਂ ਭੁੱਲਿਆ ਹੋਇਆ ਕਿ ਪਾਕਿਸਤਾਨ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਫੌਜ ਦੇ ਮੁਖੀ ਜਨਰਲ ਬਾਜਵਾ ਨਾਲ ਜੱਫੀਆਂ ਪਾਉਣ ਬਦਲੇ ਉਸ ਨੂੰ ਸੋਨੀ ਟੀ.ਵੀ. ਦੇ ਚਲਦੇ ਸ਼ੋਅ ਵਿੱਚੋਂ ਬਾਹਰ ਆਉਣਾ ਪਿਆ ਸੀ।
ਕਾਂਗਰਸ ਵਿੱਚ ਉਸ ਦੀ ਨਿਭ ਨਹੀਂ ਰਹੀ। ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਉਸ ਦਾ ਸ਼੍ਰੋਮਣੀ ਅਕਾਲੀ ਦਲ ਦੇ ਦੋ ਸੀਨੀਅਰ ਨੇਤਾਵਾਂ- ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨਾਲ ਇੱਟ ਖੜਕਾ ਹੁੰਦਾ ਰਿਹਾ। ਇੱਕ ਹੋਰ ਵੱਡੀ ਗੱਲ ਕਿ ਉਹ ਭਾਰਤੀ ਜਨਤਾ ਪਾਰਟੀ ਵਿੱਚ ਹੁੰਦਿਆਂ ਕਾਂਗਰਸ ਦੇ ਸੋਹਲੇ ਗਾਉਂਦਾ ਰਿਹਾ ਤੇ ਹੁਣ ਕਾਂਗਰਸ ਵਿੱਚ ਰਹਿ ਕੇ ਉਹ ਭਾਰਤੀ ਜਨਤਾ ਪਾਰਟੀ ਦਾ ਗੁਣਗਾਨ ਕਰਨ ਲੱਗਾ ਹੈ। ਇਸ ਗੁਣਗਾਨ ਪਿੱਛੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਛਿੜਨ ਲੱਗੀਆਂ ਹਨ ਕਿ ਉਸ ਨੇ ਮੁੜ ਇੱਟ ਖੂਹ ਵਿੱਚ ਸੁੱਟ ਦਿੱਤੀ ਹੈ, ਟਿੰਡ ਵਿੱਚ ਕਾਨਾ ਪਾ ਦਿੱਤਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਜਦੋਂ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਮਰਾਲਾ ਰੈਲੀ ਦੀਆਂ ਤਿਆਰੀਆਂ ਲਈ ਪੱਬਾ ਭਾਰ ਰਹੀ ਤਾਂ ਉਨ੍ਹਾਂ ਨੇ ਭਾਜਪਾ ਨਾਲ ਕੋਈ ਲੜਾਈ ਨਾ ਹੋਣ ਦਾ ਬਿਆਨ ਦੇ ਕੇ ਮੁੜ ਆਨੇ ਵਾਲੀ ਥਾਂ ਪਰਤਣ ਦਾ ਇਸ਼ਾਰਾ ਦੇ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਂਗਰਸ ਦੇ ਚਾਰ ਸਾਬਕਾ ਪ੍ਰਧਾਨਾਂ ਨਾਲ ਅੱਡ ਤੌਰ `ਤੇ ਚਾਹ ਵਿੱਚ ਬਿਸਕੁਟ ਡਬੋ ਡਬੋ ਕੇ ਖਾਧੇ ਸਨ।
ਸਿੱਧੂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਨਾਲ ਮੇਰੀ ਕੋਈ ਲੜਾਈ ਨਹੀਂ ਹੈ, ਪਰ ਜਿਹੜੇ ਕਾਂਗਰਸੀ ਆਗੂ ਮੇਰੇ ਦੁਸ਼ਮਣ ਬਣ ਕੇ ਬਿਨਾ ਕਾਰਨ ਮੇਰਾ ਵਿਰੋਧ ਕਰ ਰਹੇ ਹਨ, ਉਨ੍ਹਾਂ ਦੇ ਪੱਲੇ ਕੁਝ ਵੀ ਨਹੀਂ ਹੈ। ਉਸ ਨੇ ਪੰਜਾਬ ਦੇ ਕਈ ਸਿਆਸੀ ਲੀਡਰਾਂ ਉੱਤੇ ਵੱਡੇ ਦੋਸ਼ ਮੜ੍ਹਦਿਆਂ ਕਿਹਾ ਕਿ ਮਾਫੀਆ ਚਲਾ ਕੇ ਕਮਾਈ ਕਰਨ ਵਾਲੇ ਕਦੇ ਕਿਸੇ ਦਾ ਭਲਾ ਨਹੀਂ ਕਰ ਸਕਦੇ। ਉਸ ਹੋਰ ਕਿਹਾ ਕਿ ਉਸ ਨੇ ਕਦੇ ਭਾਜਪਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਹਾਈ ਕਮਾਂਡ ਵੱਲੋਂ ਬਾਦਲਾਂ ਨਾਲ ਕੀਤੇ ਸਮਝੌਤੇ ਕਾਰਨ ਉਸ ਨੂੰ ਪਾਰਟੀ ਨੂੰ ਅਲਵਿਦਾ ਕਹਿਣੀ ਪਈ ਸੀ।
ਉਸ ਨੇ ਇੱਕ ਹੋਰ ਚਤੁਰਾਈ ਵਾਲਾ ਬਿਆਨ ਇਹ ਦਿੱਤਾ ਹੈ ਕਿ ਭਾਜਪਾ ਬਿਹਾਰ ਤੋਂ ਬਾਅਦ ਪੰਜਾਬ ਵਿੱਚ ਅਜਿਹੇ ਆਗੂ ਦੀ ਭਾਲ ਵਿੱਚ ਹੈ, ਜੋ ਚੱਲਿਆ ਹੋਇਆ ਕਾਰਤੂਸ ਨਾ ਹੋਵੇ ਅਤੇ ਸਿੱਖ ਚਿਹਰਾ ਵੀ ਹੋਵੇ। ਹਮੇਸ਼ਾ ਦੀ ਤਰ੍ਹਾਂ ਆਪਣੀ ਸਿਫਤ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਅਮਿਤ ਸ਼ਾਹ ਨੇ ਉਸ ਨੂੰ ਪੁੱਛਿਆ ਸੀ ਕਿ ਜੇ ਭਾਜਪਾ-ਅਕਾਲੀ ਦਲ ਇਕੱਠਿਆਂ ਚੋਣ ਲੜਦੇ ਹਨ ਤਾਂ ਕਿੰਨੀਆਂ ਸੀਟਾਂ `ਤੇ ਜਿੱਤ ਪ੍ਰਾਪਤ ਹੋਵੇਗੀ? ਤਾਂ ਉਸ ਦਾ ਸਪਸ਼ਟ ਜਵਾਬ ਸੀ ਕਿ ਭਾਜਪਾ ਇਕੱਲਿਆਂ ਚੋਣ ਲੜਦੀ ਹੈ ਤਾਂ 70 ਸੀਟਾਂ ਹੋਣਗੀਆਂ ਅਤੇ ਜੇ ਅਕਾਲੀਆਂ ਨਾਲ ਮਿਲ ਕੇ ਤਾਂ ਜੀਰੋ। ਉਸ ਨੇ ਆਪਣੀ ਮੈਂ ਜਾਰੀ ਰੱਖਦਿਆਂ ਇਹ ਵੀ ਕਹਿ ਦਿੱਤਾ ਕਿ ਅਮਿਤ ਸ਼ਾਹ ਵੱਲੋਂ ਉਸ ਨੂੰ ਰਾਜ ਸਭਾ ਦੀ ਸੀਟ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਉਹ ਪੰਜਾਬ ਦੇ ਭਲੇ ਲਈ ਕੰਮ ਕਰਨ `ਤੇ ਅੜਿਆ ਰਿਹਾ।
ਨਵਜੋਤ ਸਿੰਘ ਸਿੱਧੂ ਭਾਜਪਾ ਦੀ ਅਕਾਲੀ ਦਲ ਨਾਲ ਸਾਂਝ ਹੁੰਦਿਆਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ `ਤੇ ਵਰ੍ਹਦਾ ਰਿਹਾ ਸੀ, ਜਦਕਿ ਹੁਣ ਕਾਂਗਰਸੀ ਆਗੂ ਉਸ ਦੇ ਨਿਸ਼ਾਨੇ `ਤੇ ਹਨ। ਉਸ ਦੀ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਰਾਜਸਥਾਨ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨਾਲ ਦਾਲ ਨਹੀਂ ਗਲਦੀ। ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਦੇਵੇਂਦਰ ਯਾਦਵ ਇੱਕ ਪਾਸੇ ਸੂਬੇ ਵਿੱਚ ਅਗਲੀਆਂ ਚੋਣਾਂ ਤੋਂ ਪਹਿਲਾਂ ਪਾਰਟੀ ਨੂੰ ਮਜਬੂਤ ਕਰਨ ਵਿੱਚ ਲੱਗੇ ਹੋਏ ਹਨ ਤੇ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਪਣੀਆਂ ‘ਜਿੱਤੇਗਾ ਪੰਜਾਬ’ ਨਾਂ ਦੀਆਂ ਰੈਲੀਆਂ ਕਰਨ ਦਾ ਸਿਲਸਿਲਾ ਜਾਰੀ ਰੱਖਿਆ। ਉਂਝ ਉਸ ਵੇਲੇ ਹੀ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਉਹ ਜਾਂ ਤਾਂ ਕਾਂਗਰਸ ਨੂੰ ਅਲਵਿਦਾ ਕਹਿ ਦੇਵੇਗਾ ਜਾਂ ਫਿਰ ਨਵੀਂ ਪਾਰਟੀ ਖੜੀ ਕਰੇਗਾ।
ਨਵਜੋਤ ਸਿੰਘ ਸਿੱਧੂ ਦੇ ਸਿਆਸੀ ਪਿਛੋਕੜ ਉੱਤੇ ਝਾਤ ਮਾਰੀਏ ਤਾਂ ਇੱਕ ਗੱਲ ਪੱਕੀ ਹੈ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਦਾ ਸੁਪਨਾ ਦੇਖ ਰਿਹਾ ਹੈ। ਅਮਰਿੰਦਰ ਸਿੰਘ ਨੂੰ ਲਾਂਭੇ ਕਰਨ ਤੋਂ ਬਾਅਦ ਉਨ੍ਹਾਂ ਦਾ ਇਹ ਸੁਪਨਾ ਪੂਰਾ ਨਹੀਂ ਸੀ ਹੋਇਆ। ਉਸ ਤੋਂ ਬਾਅਦ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਹਾਈ ਕਮਾਂਡ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਤੋਂ ਬਾਅਦ ਉਸ ਦਾ ਸੁਪਨਾ ਟੁੱਟ ਗਿਆ ਸੀ। ਕੁਝ ਤਾਂ ਇਹ ਵੀ ਦਾਅਵਾ ਕਰਦੇ ਹਨ ਕਿ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਵੀ ਮੀਟਿੰਗਾਂ ਕਰਦਾ ਰਿਹਾ ਹੈ।
ਇੱਕ ਸੱਚ ਇਹ ਵੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸੱਚ-ਮੁੱਚ ਕਿਸੇ ਅਜਿਹੇ ਚਿਹਰੇ ਦੀ ਭਾਲ ਵਿੱਚ ਹੈ, ਜਿਹੜਾ ਇੱਥੇ ਪਾਰਟੀ ਦੇ ਪੈਰ ਲਵਾ ਸਕੇ। ਕੈਪਟਨ ਅਮਰਿੰਦਰ ਸਿੰਘ ਤੋਂ ਭਾਜਪਾ ਨੂੰ ਨਿਰਾਸ਼ਾ ਮਿਲੀ। ਸੁਨੀਲ ਜਾਖੜ ਸਮੇਤ ਪੰਜਾਬ ਭਾਜਪਾ ਦੇ ਪਹਿਲਾਂ ਰਹੇ ਪ੍ਰਧਾਨ ਵੀ ਚਿਹਰਾ ਨਾ ਬਣ ਸਕੇ। ਪੰਜਾਬ ਦੀਆਂ ਕਈ ਸਿੱਖ ਸ਼ਖਸੀਅਤਾਂ ਨੇ ਦਿੱਲੀ ਵਿੱਚ ਵੱਡੇ ਅਹੁਦਿਆਂ ਨੂੰ ਹੱਥ ਜਰੂਰ ਪਾ ਲਿਆ ਹੈ।
ਭਾਰਤੀ ਜਨਤਾ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਬੇੜੇ ਵਿੱਚ ਸ਼ਾਮਿਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਲਾਲੀ ਪੋਪ ਫੜਾ ਵੀ ਦਿੰਦੀ ਹੈ, ਤਦ ਵੀ ਉਸ ਦਾ ਸੁਪਨਾ ਹਾਲ ਦੀ ਘੜੀ ਪੂਰਾ ਹੋਣ ਵਾਲਾ ਨਹੀਂ ਲੱਗਦਾ ਹੈ। ਘੱਟੋ ਘੱਟ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਕੋਈ ਕੁਦਰਤ ਪੱਖੋਂ ਚਮਤਕਾਰ ਵਾਪਰ ਜਾਵੇ ਤਾਂ ਕੀ ਕਹਿਣੇ! ਪਰ ਲੋਕ ਅਗਲੇ ਤਿੰਨ ਸਾਲਾਂ ਵਿੱਚ ਸੂਬੇ ਦੀ ਕਮਾਨ ਭਾਜਪਾ ਦੇ ਹੱਥ ਦੇਣ ਨੂੰ ਤਿਆਰ ਨਹੀਂ ਹਨ। ਸਿੱਧੂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਜਿੱਤੇਗਾ ਪੰਜਾਬ’ ਹੇਠ ਆਪਣੀ ਵੱਖਰੀ ਪਾਰਟੀ ਬਣਾ ਕੇ ਕੁਝ ਖੱਟਣ ਕਮਾਉਣ ਦਾ ਵੇਲਾ ਵਿਹਾ ਚੁੱਕਾ ਲੱਗਦਾ ਹੈ। ਸਿੱਧੂ ਦੀ ਸੁਖਬੀਰ ਅਤੇ ਮਜੀਠੀਆ ਨਾਲ ਬਣਦੀ ਨਹੀਂ, ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਵਿੱਚ ਹੋਰ ਤਰੇੜਾਂ ਵਧ ਸਕਦੀਆਂ ਹਨ। ਦੋਵੇਂ ਪਾਰਟੀਆਂ ਆਪੋ ਆਪਣੇ ਦਮ `ਤੇ ਲੋਕ ਸਭਾ ਦੀਆਂ ਚੋਣਾਂ ਵਿੱਚ ਪੁਰਾਣੀਆਂ ਚਾਰ ਸੀਟਾਂ ਵੀ ਬਰਕਰਾਰ ਰੱਖ ਲੈਣ ਤਾਂ ਸਮਝੋ ਇਹ ਗਨੀਮਤ ਹੋਵੇਗੀ।
ਨਵਜੋਤ ਸਿੰਘ ਸਿੱਧੂ ਬੇਬਾਕ ਲੀਡਰ ਹੈ, ਪਰ ਸਿਆਸੀ ਛੜੱਪੇ ਮਾਰਨ ਅਤੇ ਤੱਤ-ਭੜੱਤੇ ਬਿਆਨ ਦੇਣ ਕਰਕੇ ਸਰਬ ਪ੍ਰਵਾਨਤ ਲੀਡਰ ਬਣਨ ਲਈ ਉਸ ਵਿੱਚ ਨਾ ਸਬਰ ਹੈ ਅਤੇ ਨਾ ਹੀ ਲੰਮੀ ਰੇਸ ਦਾ ਘੋੜਾ ਬਣਨ ਦਾ ਗੁਣ। ਸਮਝਿਆ ਜਾ ਰਿਹਾ ਸੀ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਇੱਕ ਸਾਲ ਦਾ ਬਨਵਾਸ ਕੱਟਣ ਤੋਂ ਬਾਅਦ ਸ਼ਾਇਦ ਸਿੱਧੂ ਦੇ ਤੇਵਰ ਨਰਮ ਪੈ ਜਾਣ, ਪਰ ਰੱਸੀ ਦਾ ਵੱਟ ਨਹੀਂ ਗਿਆ। ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਪੂਰਾ ਕਰਨ ਲਈ ਨਵਜੋਤ ਸਿੰਘ ਸਿੱਧੂ ਨੂੰ ਹਲੇ ਭੱਠੀ ਵਿੱਚ ਹੋਰ ਤਪਣਾ ਪਵੇਗਾ।