ਚੋਣ ਮਜ਼ਬੂਰੀਆਂ: ਪੰਜਾਬ-ਹਰਿਆਣਾ `ਚ ਸਿਆਸੀ ਉਥਲ-ਪੁਥਲ

ਸਿਆਸੀ ਹਲਚਲ ਖਬਰਾਂ

ਅਕਾਲੀ-ਭਾਜਪਾ ਗੱਠਜੋੜ ਦੇ ਆਸਾਰ ਸੁਜਾਗਰ ਹੋਏ
ਜਸਵੀਰ ਸਿੰਘ ਸ਼ੀਰੀ
ਇਸੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਅਤੇ ਹਰਿਆਣਾ ਦੀ ਸਿਆਸਤ ਵਿੱਚ ਤੇਜ਼ੀ ਨਾਲ ਚੱਕ-ਥੱਲ ਹੋ ਰਹੀ ਹੈ। ਹਰਿਆਣਾ ਵਿੱਚ ਜਨਨਾਇਕ ਜਨਤਾ ਪਾਰਟੀ ਅਤੇ ਭਾਜਪਾ ਦਾ ਗੱਠਜੋੜ ਟੁੱਟ ਗਿਆ ਹੈ, ਇਸ ਦੇ ਨਾਲ ਹੀ ਸਰਕਾਰ ਵੀ ਟੁੱਟ ਗਈ। ਪਰ ਨਾਲ ਹੀ ਭਾਜਪਾ ਦੇ ਅਗਲੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਹੁੰ ਚੁੱਕ ਲਈ। ਉਧਰ ਅਕਾਲੀ ਦਲ ਨੇ ਢੀਂਡਸਾ ਗਰੁੱਪ ਨਾਲ ਏਕਤਾ ਤੋਂ ਬਾਅਦ ਬੀਬੀ ਜਗੀਰ ਕੌਰ ਨੂੰ ਵੀ ਮੁੜ ਪਾਰਟੀ ਵਿੱਚ ਸ਼ਾਮਲ ਕਰਨਾ ਤੈਅ ਕਰ ਲਿਆ ਹੈ। ਇਸ ਦੇ ਨਾਲ ਹੀ ਭਾਜਪਾ ਨਾਲ ਏਕਤਾ ਦੀ ਚਰਚਾ ਵੀ ਚੱਲ ਪਈ ਹੈ। ਕੈਪਟਨ ਅਮਰਿੰਦਰ ਸਿੰਘ ਸੀਨੀਅਰ ਭਾਜਪਾ ਲੀਡਰਾਂ ਨਾਲ ਮਿਲ ਕੇ ਅਕਾਲੀ-ਭਾਜਪਾ ਏਕਤਾ ਦੀ ਜ਼ੋਰਦਾਰ ਵਕਾਲਤ ਕਰ ਰਹੇ ਹਨ।

ਜਿੱਥੋਂ ਤੱਕ ਹਰਿਆਣਾ ਦਾ ਸਵਾਲ ਹੈ, ਇੱਥੇ ਭਾਜਪਾ ਵੱਲੋਂ ਮੁੱਖ ਮੰਤਰੀ ਬਦਲਣ ਅਤੇ 8 ਕੁ ਮਹੀਨੇ ਦੇ ਸਮੇਂ ਲਈ ਨਵੇਂ ਮੁੱਖ ਮੰਤਰੀ ਨੂੰ ਸਹੁੰ ਚੁਕਾਉਣ ਦੇ ਪਿੱਛੇ ਬਹੁਤ ਸਾਰੇ ਮਨਸ਼ੇ ਵੇਖੇ ਜਾ ਰਹੇ ਹਨ। ਯਾਦ ਰਹੇ, ਹਰਿਆਣਾ ਅਸੈਂਬਲੀ ਦੀ ਮਿਆਦ 3 ਨਵੰਬਰ 2024 ਨੂੰ ਖਤਮ ਹੋ ਰਹੀ ਹੈ। ਨਾਇਬ ਸੈਣੀ ਹਰਿਆਣਾ ਭਾਜਪਾ ਦੇ ਮੁਖੀ ਹਨ ਅਤੇ ਕੁਰੂਕਸ਼ੇਤਰ ਤੋਂ ਮੈਂਬਰ ਪਾਰਲੀਮੈਂਟ ਹਨ। ਇੰਜ ਉਹ ਹਰਿਆਣਾ ਅਸੈਂਬਲੀ ਦੇ ਹਾਲ ਦੀ ਘੜੀ ਮੈਂਬਰ ਨਹੀਂ ਹਨ। ਇਸ ਲਈ ਛੇ ਮਹੀਨੇ ਤੋਂ ਵੱਧ ਮੁੱਖ ਮੰਤਰੀ ਨਹੀਂ ਰਹਿ ਸਕਦੇ। ਕਾਨੂੰਨ ਦੀ ਕਿਤਾਬ ਅਨੁਸਾਰ, ਛੇ ਮਹੀਨੇ ਦੇ ਸਮੇਂ ਦੇ ਅੰਦਰ-ਅੰਦਰ ਉਨ੍ਹਾਂ ਦਾ ਅਸੈਂਬਲੀ ਮੈਂਬਰ ਵਜੋਂ ਚੁਣੇ ਜਾਣਾ ਲਾਜਮੀ ਹੋਵੇਗਾ। ਉਨ੍ਹਾਂ ਦੀ ਮੁੱਖ ਮੰਤਰੀ ਵਜੋਂ ਟਰਮ 12 ਸਤੰਬਰ ਨੂੰ ਖਤਮ ਹੋ ਜਾਏਗੀ। ਇਸ ਤਰ੍ਹਾਂ ਇੱਕ ਦੋ ਮਹੀਨੇ ਲਈ ਅਸੈਂਬਲੀ ਚੋਣ ਲੜਨ ਦੀ ਤੇ ਕੋਈ ਤੁਕ ਨਹੀਂ ਬਣਦੀ। ਸੋ ਭਾਜਪਾ ਵੱਲੋਂ ਫੈਸਲਾ ਕਰ ਲਿਆ ਗਿਆ ਲਗਦਾ ਹੈ ਕਿ ਮੌਜੂਦਾ ਹਰਿਆਣਾ ਐਸੰਬਲੀ 12 ਸਤੰਬਰ ਤੱਕ ਹੀ ਚੱਲੇਗੀ। ਸੋ ਛੇ ਕੁ ਮਹੀਨੇ ਲਈ ਮੁੱਖ ਮੰਤਰੀ ਬਦਲਣ ਦੀ ਮਜ਼ਬੂਰੀ ਕਈ ਚੋਣ ਨਿਸ਼ਾਨਿਆਂ ਨੂੰ ਵਿਨ੍ਹਣ ਦਾ ਯਤਨ ਹੈ।
ਸਭ ਤੋਂ ਵੱਡੀ ਗੱਲ ਇਹ ਕਿ ਹਰਿਆਣਾ-ਪੰਜਾਬ ਦੇ ਬਾਰਡਰਾਂ ‘ਤੇ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਹਰਿਆਣਾ ਸਰਕਾਰ ਵੱਲੋਂ ਬੀਤੇ ਦਿਨੀਂ ਦਿੱਲੀ ਜਾਣ ਦੀ ਜ਼ਿੱਦ ਕਰ ਰਹੇ ਕਿਸਾਨਾਂ ‘ਤੇ ਕਾਫੀ ਸਖਤੀ ਕੀਤੀ ਗਈ, ਜਿਸ ਵਿੱਚ 250 ਦੇ ਕਰੀਬ ਕਿਸਾਨ ਜ਼ਖਮੀ ਹੋਏ ਅਤੇ ਇੱਕ ਨੌਜੁਆਨ ਕਿਸਾਨ ਸ਼ੁਭਕਰਨ ਸਿੰਘ ਦੀ ਜਾਨ ਚਲੀ ਗਈ। 4-5 ਗੰਭੀਰ ਜ਼ਖਮੀ ਵੀ ਹੋਏ ਤੇ ਇੱਕ ਦੀ ਨਜ਼ਰ ਵੀ ਚਲੀ ਗਈ।
ਹਰਿਆਣਾ ਦੀ ਜਾਟ ਅਬਾਦੀ ਮੁੱਖ ਤੌਰ ‘ਤੇ ਪਹਿਲਾਂ ਹੀ ਭਾਜਪਾ ਨਾਲ ਨਾਰਾਜ਼ ਹੈ ਅਤੇ ਪੰਜਾਬ ਦੇ ਕਿਸਾਨਾਂ ਨਾਲ ਸਖਤੀ ਨੇ ਇਸ ਗੁੱਸੇ ਨੂੰ ਹੋਰ ਤੁਲ ਦੇ ਦਿੱਤੀ ਹੈ। ਮਨੋਹਰ ਲਾਲ ਖੱਟਰ ਦੀ ਮੁੱਖ ਮੰਤਰੀ ਵਜੋਂ ਇਹ ਦੂਜੀ ਟਰਮ ਸੀ। ਇਸ ਲਈ ਜਾਟਾਂ ਦੇ ਨਾਲ-ਨਾਲ ਕੁਝ ਹੋਰ ਤਬਕਿਆਂ ਵਿੱਚ ਵੀ ਸੱਤਾ ਵਿਰੋਧ ਦੀ ਭਾਵਨਾ ਉਪਜੀ ਹੋਵੇਗੀ। ਸੋ ਕੁੱਲ ਮਿਲਾ ਕਿ ਇਹ ਦਿਸ ਰਿਹਾ ਸੀ ਕਿ ਲੋਕ ਸਭਾ ਚੋਣਾਂ ਦੇ ਨਜ਼ਰੀਏ ਤੋਂ ਹਰਿਆਣਾ ਵਿੱਚ ਭਾਜਪਾ ਦੀ ਸਥਿਤੀ ਠੀਕ ਨਹੀਂ ਹੈ। ਇਸ ਸੱਤਾ ਵਿਰੋਧ ਦੀ ਭਾਵਨਾ ਨੂੰ ਘੱਟ ਕਰਨ ਲਈ ਮੁੱਖ ਮੰਤਰੀ ਦਾ ਚਿਹਰਾ ਬਦਲਿਆ ਗਿਆ ਲਗਦਾ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਨਾਇਬ ਸਿੰਘ ਸੈਣੀ ਹਰਿਆਣਾ ਭਾਜਪਾ ਦੇ ਕਿਸਾਨ ਸੈਲ ਦੇ ਵੀ ਮੁਖੀ ਹਨ। ਇਸ ਤਰ੍ਹਾਂ ਹਰਿਆਣਾ ਦੇ ਜਾਟਾਂ ਨੂੰ ਪਲੋਸਣ ਦਾ ਯਤਨ ਵੀ ਹੋਵੇਗਾ। ਭਾਜਪਾ ਦੀ ਇਸ ਤੋਂ ਪਹਿਲਾਂ ਨੀਤੀ ਬਾਕੀ ਜਾਤਾਂ ਨੂੰ ਇੱਕ ਥਾਂ ਕਰਨ ਅਤੇ ਜਾਟਾਂ ਨੂੰ ਅਲੱਗ-ਥਲੱਗ ਕਰਨ ਦੀ ਰਹੀ ਹੈ, ਪਰ ਨਵੇਂ ਚਿਹਰੇ ਨੂੰ ਲਿਆਉਣ ਦਾ ਇੱਕ ਮਕਸਦ ਇਹ ਵੀ ਲਗਦਾ ਹੈ ਕਿ ਭਾਜਪਾ ਹਰਿਆਣਾ ਦੇ ਜਾਟ ਤਬਕੇ ਨੂੰ ਮੁੜ ਆਪਣੇ ਨਾਲ ਜੋੜਨਾ (ਰੀਐਪਰੋਚਮੈਂਟ) ਚਾਹੁੰਦੀ ਹੈ, ਭਾਵੇਂ ਵੋਟ ਬੈਂਕ ਦੇ ਨਜ਼ਰੀਏ ਤੋਂ ਹੀ ਸਹੀ। ਇਸ ਤੋਂ ਇਲਾਵਾ ਬਿਹਾਰ ਵਿੱਚ ਜਾਤੀ ਜਨਗਣਨਾ ਤੋਂ ਬਾਅਦ ਓ.ਬੀ.ਸੀ. ਤਬਕੇ ਦੀ ਬਹੁਤਾਤ ਦਾ ਸਾਹਮਣੇ ਆਇਆ ਤੱਥ ਅਤੇ ਕਾਂਗਰਸ ਦੇ ਇਸ ਨੂੰ ਅਗਲੀਆਂ ਲੋਕ ਸਭਾ ਚੋਣਾਂ ਵਿੱਚ ਭੁਨਾਉਣ ਦੇ ਯਤਨ ਵੀ ਭਾਜਪਾ ਨੂੰ ਓ.ਬੀ.ਸੀ. ਪੱਤਾ ਖੇਡਣ ਲਈ ਮਜ਼ਬੂਰ ਕਰ ਰਹੇ ਹਨ। ਯਾਦ ਰਹੇ, ਸੈਣੀ ਕਾਸਟ ਓ.ਬੀ.ਸੀ. ਕੈਟੇਗਰੀ ਵਿੱਚ ਆਉਂਦੀ ਹੈ। ਜਨਰਲ ਕੈਟੇਗਰੀ ਨਾਲ ਸੰਬੰਧਤ ਖੱਟਰ ਅਤੇ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਨਾਰਾਜ਼ਗੀ ਮੁੱਲ ਲੈ ਕੇ ਵੀ ਭਾਜਪਾ ਹਾਈਕਮਾਂਡ ਨੇ ਨਾਇਬ ਸਿੰਘ ਸੈਣੀ ਨੂੰ ਪਹਿਲ ਦਿੱਤੀ। ਇਸ ਤੋਂ ਇਹ ਵੀ ਸਾਫ ਹੋ ਰਿਹਾ ਹੈ ਕਿ ਰਾਮ ਮੰਦਰ ਵਾਲਾ ਮੁੱਦਾ ਵੀ ਇਸ ਵਾਰ ਬਹੁਤਾ ਕੰਮ ਨਹੀਂ ਕਰ ਰਿਹਾ। ਇਸੇ ਲਈ ਫਿਰਕੂ ਪਾਲਬੰਦੀ ਨੂੰ ਮਜਬੂਤ ਕਰਨ ਲਈ ਭਾਜਪਾ ਵੱਲੋਂ ਸੀ.ਏ.ਏ. ਨੂੰ ਨੋਟੀਫਾਈ ਕੀਤਾ ਗਿਆ ਹੈ। ਇਸੇ ਤਰ੍ਹਾਂ ਆਰਥਕ ਮੁੱਦਿਆਂ ਦੇ ਲੋਕ ਸਭਾ ਬਹਿਸ ਦੇ ਕੇਂਦਰ ਵਿੱਚ ਆਉਣ ਕਾਰਨ ਰਸੋਈ ਗੈਸ ਸਿਲੰਡਰ ਹੋਰ ਸਸਤਾ ਕਰਨਾ ਪਿਆ ਹੈ।
ਧਿਆਨ ਰਹੇ, ਹਰਿਆਣਾ ਅਸੈਂਬਲੀ ਦੇ ਕੁੱਲ 90 ਮੈਂਬਰ ਚੁਣੇ ਜਾਂਦੇ ਹਨ। ਦੁਸ਼ਿਅੰਤ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ ਦੇ ਅਸੈਂਬਲੀ ਵਿੱਚ 10 ਮੈਂਬਰ ਹਨ। ਕਾਂਗਰਸ ਦੇ 30, ਭਾਜਪਾ ਦੇ 41 ਅਤੇ 6 ਆਜ਼ਾਦ ਹਨ। ਹਰਿਆਣਾ ਲੋਕ ਹਿੱਤ ਪਾਰਟੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦਾ ਇੱਕ-ਇੱਕ ਮੈਂਬਰ ਹੈ। ਇਸ ਸਥਿਤੀ ਦੌਰਾਨ ਭਾਜਪਾ ਲੋਕ ਜਨਸ਼ਕਤੀ ਪਾਰਟੀ ਦੀ ਅਣਹੋਂਦ ਵਿੱਚ ਵੀ ਆਪਣੀ ਸਰਕਾਰ ਬਣਾਉਣ ਜੋਗੇ ਐਮ.ਐਲ.ਏ. ਮੈਨੇਜ ਕਰ ਸਕਦੀ ਹੈ। ਭਾਜਪਾ ਪਿਛਲੀਆਂ ਚੋਣਾਂ ਤੋਂ ਬਾਅਦ ਵੀ ਅਜਿਹਾ ਕਰ ਸਕਦੀ ਸੀ, ਪਰ ਦੁਸ਼ਿਅੰਤ ਚੌਟਾਲਾ ਸਾਂਝੀ ਸਰਕਾਰ ਬਣਾਉਣ ਲਈ ਆਪ ਚੱਲ ਕੇ ਭਾਜਪਾ ਕੋਲ ਆਏ ਸਨ। ਦੋਹਾਂ ਪਾਰਟੀਆਂ ਦੇ ਨਿਕਟਵਰਤੀ ਸੂਤਰਾਂ ਵੱਲੋਂ ਕਿਹਾ ਜਾ ਰਿਹਾ ਕਿ ਭਾਜਪਾ ਹਰਿਆਣੇ ਦੀਆਂ ਸਾਰੀਆਂ 10 ਸੀਟਾਂ ‘ਤੇ ਚੋਣ ਲੜਨਾ ਚਾਹੁੰਦੀ ਹੈ, ਪਰ ਜੇ.ਜੇ.ਪੀ. ਵਾਲੇ ਗੱਠਜੋੜ ਤਹਿਤ 2 ਸੀਟਾਂ ਆਪਣੀ ਪਾਰਟੀ ਲਈ ਮੰਗ ਕਰ ਰਹੇ ਸਨ, ਪਰ ਭਾਜਪਾ ਇਸ ਕੁਰਬਾਨੀ ਦੇ ਲਈ ਸਹਿਮਤ ਨਹੀਂ ਹੋਈ।
ਜਿੱਥੋਂ ਤੱਕ ਪੰਜਾਬ ਦਾ ਸੁਆਲ ਹੈ, ਹਰਿਆਣਾ ਦੇ ਜਾਟਾਂ ਨਾਲ ਪੰਜਾਬ ਦੇ ਜੱਟਾਂ ਦੀ ਨਸਲੀ ਅਤੇ ਆਰਥਕ ਹਿੱਤਾਂ ਦੀ ਸਾਂਝ ਹੈ ਭਾਵੇਂ ਧਰਮ ਅਤੇ ਸੱਭਿਆਚਾਰ ਦੇ ਵਖਰੇਵੇਂ ਮੌਜੂਦ ਹਨ। ਦੋਹਾਂ ਖਿਤਿਆਂ ਦੀ ਕਿਸਾਨੀ ਦੀਆਂ ਇਹ ਸਾਂਝਾਂ ਪਿਛਲੇ ਕਿਸਾਨੀ ਸੰਘਰਸ਼ ਵੇਲੇ ਗਹਿਰੇ ਰੂਪ ਵਿੱਚ ਵੀ ਪਰਗਟ ਹੋ ਗਈਆਂ ਸਨ। ਇਸ ਅੰਦੋਲਨ ਦੌਰਾਨ ਦੋਹਾਂ ਖਿੱਤਿਆਂ ਦੇ ਕਿਸਾਨ ਇੱਕ ਦੂਜੇ ਦੇ ਕਾਫੀ ਕਰੀਬ ਆਏ। ਇੱਥੋਂ ਤੱਕ ਕੇ ਹਰਿਆਣੇ ਦੇ ਕਿਸਾਨਾਂ ਦੇ ਸਿੱਖ ਬਣਨ ਦਾ ਅਮਲ ਵੀ ਚੱਲਿਆ, ਭਾਵੇਂ ਇਹ ਵਰਤਾਰਾ ਬਹੁਤ ਛੋਟੇ ਪੱਧਰ ‘ਤੇ ਸੀ। ਇਸ ਲਈ ਹੁਣ ਵਾਲੇ ਕਿਸਾਨ ਸੰਘਰਸ਼ ਨੇ ਦੋਹਾਂ ਖਿਤਿਆਂ ਦੇ ਕਿਸਾਨਾਂ ਨੂੰ ਇੱਕ ਵਾਰ ਫਿਰ ਇੱਕ ਦੂਜੇ ਵੱਲ ਖਿਚਣਾ ਸ਼ੁਰੂ ਕਰ ਦਿੱਤਾ ਹੈ। ਉਂਝ ਚੌਟਾਲਿਆਂ ਅਤੇ ਦੇਵੀ ਲਾਲ ਨਾਲ ਅਕਾਲੀ ਆਗੂਆਂ ਖਾਸ ਕਰਕੇ ਬਾਦਲ ਟੱਬਰ ਦੀ ਸਾਂਝ ਵੀ ਜੱਗ ਜ਼ਾਹਰ ਹੈ। ਅਕਾਲੀ ਦਲ ਦਾ ਮੁੱਖ ਆਧਾਰ ਵੀ ਪੰਜਾਬ ਦੀ ਕਿਸਾਨੀ ਹੀ ਹੈ।
ਅਗਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹਾਂ ਬਦਲਦੇ ਸਮੀਕਰਣਾਂ ਦਾ ਮਹੱਤਵ ਬਹੁਤ ਜ਼ਿਆਦਾ ਵਧ ਗਿਆ ਹੈ। ਅਕਾਲੀ ਦਲ ਨਾਲ ਗੱਠਜੋੜ ਦੀ ਸਥਿਤੀ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਭਾਜਪਾ ਦੇ ਨੇੜੇ ਲਾ ਸਕਦੀ ਹੈ। ਇਸ ਦਰਮਿਆਨ ਅਕਾਲੀ ਦਲ ਆਪਣੇ ਤੋਂ ਵੱਖ ਹੋਏ ਲੀਡਰਾਂ ਨੂੰ ਮੁੜ ਨਾਲ ਜੋੜਨ ਲਈ ਸਿਰਤੋੜ ਯਤਨ ਕਰ ਰਿਹਾ ਹੈ, ਤਾਂ ਕਿ ਭਾਜਪਾ ਨਾਲ ਗੱਠਜੋੜ ਕਰਨ ਤੋਂ ਪਹਿਲਾਂ ਅਕਾਲੀ ਦਲ ਦੀ ਸਥਿਤੀ ਮਜਬੂਤ ਹੋ ਸਕੇ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਦਲ ਨੂੰ 18 ਫੀਸਦੀ ਵੋਟ ਮਿਲੇ ਸਨ। ਗੱਠਜੋੜ ਦੀ ਹਾਲਤ ਵਿੱਚ ਦੋਹਾਂ ਪਾਰਟੀਆਂ ਨੂੰ ਲਾਭ ਮਿਲਣ ਦੇ ਆਸਾਰ ਹਨ। ਖਾਸ ਕਰਕੇ ਉਸ ਹਾਲਤ ਵਿੱਚ ਜਦੋਂ ਕਿਸਾਨ ਬੇਚੈਨੀ ਦੇ ਕਾਰਨ ਭਾਜਪਾ ਦੇ ਪੇਂਡੂ ਪੰਜਾਬ ਵਿੱਚ ਕਿਧਰੇ ਪੈਰ ਟਿਕਦੇ ਵਿਖਾਈ ਨਹੀਂ ਦੇ ਰਹੇ। ਜੇ ਅਕਾਲੀ ਗੱਠਜੋੜ ਭਾਜਪਾ ਅਤੇ ਬਸਪਾ- ਦੋਹਾਂ ਨਾਲ ਜਾਰੀ ਰਹਿੰਦਾ ਹੈ ਤਾਂ ਇਸ ਗੱਠਜੋੜ ਦੀ ਤਾਕਤ ਹੋਰ ਵਧ ਸਕਦੀ ਹੈ। ਉਂਝ ਮਾਇਆਵਤੀ ਕੀ ਕਰ ਦੇਵੇ,ਹਾਲੇ ਪਤਾ ਨਹੀਂ!

Leave a Reply

Your email address will not be published. Required fields are marked *