ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਉਮੀਦਵਾਰਾਂ ਦਾ ਵਿਰੋਧ ਤਿੱਖਾ ਹੋਇਆ

ਸਿਆਸੀ ਹਲਚਲ ਖਬਰਾਂ

*ਪਿੰਡਾਂ-ਸੱਥਾਂ ਵਿੱਚ ਫਲੈਕਸਾਂ, ਪੋਸਟਰ ਚਮਕਣ ਲੱਗੇ
*ਸੰਯੁਕਤ ਕਿਸਾਨ ਮੋਰਚੇ ਦੀ ਜਗਰਾਓਂ ਵਿੱਚ ਕਾਨਫਰੰਸ 21 ਨੂੰ
ਪੰਜਾਬ ਅਤੇ ਹਰਿਆਣਾ ਵਿੱਚ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਕੀਤਾ ਜਾ ਰਿਹਾ ਵਿਰੋਧ ਪਾਰਟੀ ਲਈ ਸਿਰਦਰਦੀ ਬਣਦਾ ਜਾ ਰਿਹਾ ਹੈ। ਜਿਉਂ-ਜਿਉਂ ਚੋਣਾਂ ਨੇੜੇ ਆ ਰਹੀਆਂ ਹਨ, ਕਿਸਾਨਾਂ ਦਾ ਇਹ ਵਿਰੋਧ ਹੋਰ ਤਿੱਖਾ ਹੋ ਰਿਹਾ ਹੈ। ਬੀਤੇ ਦਿਨੀਂ ਦੂਰ ਦੱਖਣ ਦੇ ਰਾਜ ਤਾਮਿਲਨਾਡੂ ਵਿੱਚ ਜਾ ਕੇ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਇਸ ਕਾਰਨ ਪੰਜਾਬ ਦੇ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਵੀ ਹੋਈ। ਉਂਝ ਮੌਸਮ ਇਸ ਵਾਰ ਕਿਸਾਨਾਂ ‘ਤੇ ਮਿਹਰਬਾਨ ਵਿਖਾਈ ਦਿੰਦਾ ਹੈ।

ਭਾਵੇਂ ਮਾਰਚ ਦੇ ਅਖੀਰਲੇ ਦਿਨਾਂ ਵਿੱਚ ਪੱਛਮੀ ਗੜਬੜੀ ਕਾਰਨ ਹੋਈ ਗੜੇਮਾਰੀ, ਬਾਰਸ਼ ਅਤੇ ਝੱਖੜ ਨਾਲ ਪੰਜਾਬ ਦੇ ਕੁਝ ਖੇਤਰਾਂ ਵਿੱਚ ਕਣਕਾਂ ਨੁਕਸਾਨੀਆਂ ਗਈਆਂ, ਪਰ ਪੰਜਾਬ ਦੇ ਬਹੁਤੇ ਹਿੱਸੇ ਵਿੱਚ ਇਸ ਵਾਰ ਕਣਕ ਦੀ ਭਰਵੀਂ ਫਸਲ ਖਲੋਤੀ ਹੈ। ਮਾਰਚ ਦੇ ਅਖੀਰ ਤੱਕ ਰਹੀ ਸਰਦੀ ਨੇ ਕਣਕ ਨੂੰ ਕੁੱਲ ਮਿਲਾ ਕੇ ਫਾਇਦਾ ਪਹੁੰਚਾਇਆ ਹੈ। ਖੇਤੀ ਮਾਹਿਰਾਂ ਅਨੁਸਾਰ ਇਸ ਵਾਰ ਕਣਕ ਦਾ ਝਾੜ ਪਿਛਲੇ ਤਿੰਨ ਸਾਲਾਂ ਨਾਲੋਂ ਜ਼ਿਆਦਾ ਰਹੇਗਾ। ਇਸ ਵਾਰ ਪੰਜਾਬ ਵਿੱਚ 161 ਲੱਖ ਟਨ ਕਣਕ ਹੋਣ ਦੀ ਉਮੀਦ ਹੈ, ਜਦਕਿ ਪਿਛਲੇ ਸਾਲਾਂ ਵਿੱਚ ਮਾਰਚ ਮਹੀਨੇ ‘ਚ ਜ਼ਿਆਦਾ ਗਰਮੀ ਪੈ ਜਾਣ ਕਾਰਨ ਕਣਕ ਦਾ ਦਾਣਾ ਸੁੰਗੜ ਜਾਂਦਾ ਰਿਹਾ ਹੈ। ਜੇ ਕੁਝ ਹੋਰ ਦਿਨ ਪੰਜਾਬ ਅਤੇ ਉੱਤਰੀ ਭਾਰਤ ਦਾ ਮੌਸਮ ਠੀਕ-ਠਾਕ ਰਹਿੰਦਾ ਹੈ ਤਾਂ ਲਾਜ਼ਮੀ ਹੀ ਇਸ ਖਿੱਤੇ ਵਿੱਚ ਕਣਕ ਦੀ ਭਰਵੀਂ ਆਮਦ ਹੋਵੇਗੀ। ਇਸ ਵਾਰ ਪ੍ਰਾਈਵੇਟ ਵਪਾਰੀ ਵੀ ਮੰਡੀਆਂ ਵਿੱਚੋਂ ਕਣਕ ਜ਼ਿਆਦਾ ਖਰੀਦਣਗੇ ਅਤੇ ਕਣਕ ਦੀ ਫਸਲ ਸਰਕਾਰ ਵੱਲੋਂ ਮਿੱਥੇ ਭਾਅ ਤੋਂ ਉੱਪਰ ਵਿਕਣ ਦੀ ਵੀ ਉਮੀਦ ਹੈ। ਸਰਕਾਰ ਵੱਲੋਂ ਕਣਕ ਦਾ ਭਾਅ 2275 ਰੁਪਏ ਕੁਇੰਟਲ ਮਿੱਥਿਆ ਗਿਆ ਹੈ। ਸਰਕਾਰੀ ਗੁਦਾਮਾਂ ਵਿੱਚ ਵੀ ਕਣਕ ਦੀ ਤੋਟ ਵਿਖਾਈ ਦੇਣ ਲੱਗੀ ਹੈ। ਇਸ ਤੋਂ ਇਲਾਵਾ ਯੂਕਰੇਨ ਜੰਗ ਕਾਰਨ ਅੰਤਰਰਾਸ਼ਟਰੀ ਮੰਡੀ ਵਿੱਚ ਵੀ ਕਣਕ ਦੀ ਵਧੇਰੇ ਮੰਗ ਹੈ।
ਅਪ੍ਰੈਲ ਮਹੀਨੇ ਦੇ ਦਸ ਦਿਨ ਗੁਜ਼ਰ ਗਏ ਹਨ ਅਤੇ ਹਾਲੇ ਵੀ ਰਾਤਾਂ ਕਾਫੀ ਠੰਡੀਆਂ ਹੋ ਜਾਂਦੀਆਂ ਹਨ ਭਾਵੇਂ ਕਿ ਦਿਨ ਦਾ ਤਾਮਪਾਨ 35-36 ਡਿਗਰੀ ਸੈਲਸੀਅਸ ਨੂੰ ਪਹੁੰਚਣ ਲੱਗਾ ਹੈ। ਇਸ ਦੇ ਨਾਲ ਪੰਜਾਬ ਅਤੇ ਹਰਿਆਣਾ ਵਿੱਚ ਲੋਕ ਸਭਾ ਲਈ ਚੋਣ ਅਮਲ ਨੇ ਵੀ ਗਰਮੀ ਫੜਨੀ ਸ਼ੁਰੂ ਕੀਤੀ ਹੋਈ ਹੈ। ਪੰਜਾਬ ਵਿੱਚ ‘ਆਪ’ ਅਤੇ ਭਾਜਪਾ ਨੇ ਆਪਣੇ ਉਮੀਦਵਾਰ ਐਲਾਨਣ ਦੀ ਪਹਿਲਕਦਮੀ ਕੀਤੀ ਹੈ ਅਤੇ ਕਿਸਾਨ ਜਥੇਬੰਦੀਆਂ ਭਾਰਤੀ ਜਨਤਾ ਪਾਰਟੀ ਦਾ ਜ਼ੋਰਦਾਰ ਵਿਰੋਧ ਕਰ ਰਹੀਆਂ ਹਨ। ਲੰਘੀ 7 ਅਪ੍ਰੈਲ ਨੂੰ ਉਗਰਾਹਾਂ ਗਰੁੱਪ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਕਿਸਾਨ ਸੰਗਠਨਾਂ ਨੇ ਪਟਿਆਲਾ ਲੋਕ ਸਭਾ ਹਲਕੇ ਵਿੱਚ ਪੈਂਦੇ ਕਸਬੇ ਪਾਤੜਾਂ ਅਤੇ ਨਾਭਾ ਵਿਖੇ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਦਾ ਜ਼ੋਰਦਾਰ ਵਿਰੋਧ ਕੀਤਾ। ਕਿਸਾਨ ਸੰਗਠਨਾਂ ਨੇ ਭਾਜਪਾ ਉਮੀਦਵਾਰ ਨੂੰ ਕਾਲੀਆਂ ਝੰਡੀਆਂ ਵਿਖਾਈਆ ਅਤੇ ਉਨ੍ਹਾਂ ਖਿਲਾਫ ਨਾਅਰੇਬਾਜ਼ੀ ਕੀਤੀ। ਹਾਲਤ ਇਹ ਬਣੀ ਕਿ ਬੀਬੀ ਪ੍ਰਨੀਤ ਕੌਰ ਨੂੰ ਇਹ ਆਖ ਕੇ ਖਹਿੜਾ ਛੁਡਾਉਣਾ ਪਿਆ ਕਿ ਉਹ ਪਾਰਲੀਮੈਂਟ ਵਿੱਚ ਦਾਖਲ ਹੋਣ ਤੋਂ ਬਾਅਦ ਸਰਕਾਰ ਕੋਲ ਕਿਸਾਨਾਂ ਦੀ ਵਕੀਲ ਬਣ ਕੇ ਕੰਮ ਕਰੇਗੀ।
ਖ਼ਾਸ ਕਰਕੇ ਮਾਲਵੇ ਦੇ ਪਿੰਡਾਂ ਵਿੱਚ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਫਲੈਕਸਾਂ ਅਤੇ ਪੋਸਟਰ ਵਗੈਰਾ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਪੋਸਟਰਾਂ ਵਿੱਚ ਭਾਜਪਾ ਆਗੂਆਂ ਨੂੰ ਚੋਣ ਪ੍ਰਚਾਰ ਕਰਨ ਲਈ ਪਿੰਡਾਂ ਵਿੱਚ ਨਾ ਆਉਣ ਲਈ ਕਿਹਾ ਜਾ ਰਿਹਾ ਹੈ। ਮਾਲਵੇ ਵਿੱਚ ਸੰਗਰੂਰ-ਸੁਨਾਮ ਆਦਿ ਖੇਤਰਾਂ ਵਿੱਚ ਵੀ ਕਿਸਾਨ ਜਥੇਬੰਦੀਆਂ ਵੱਲੋਂ ਬੀ.ਜੇ.ਪੀ. ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਣ ਲਈ ਪੋਸਟਰ ਅਤੇ ਫਲੈਕਸਾਂ ਵਗੈਰਾ ਲਗਾਈਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕ ਸਭਾ ਹਲਕਾ ਬਠਿੰਡਾ ਦੇ ਭੁੱਚੋ ਖੁਰਦ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਪੋਸਟਰ ਤੇ ਫਲੈਕਸਾਂ ਵਗੈਰਾ ਲਗਾਏ ਗਏ ਹਨ। ਪ੍ਰਸਿੱਧ ਪੰਜਾਬੀ ਗਾਇਕ ਅਤੇ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਲਈ ਉਮੀਦਵਾਰ ਹੰਸ ਰਾਜ ਹੰਸ ਦਾ ਵੀ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਲੰਘੀ ਚਾਰ ਅਪ੍ਰੈਲ ਨੂੰ ਜਦੋਂ ਉਨ੍ਹਾਂ ਨੇ ਫਰੀਦਕੋਟ ਵਿੱਚ ਪਹਿਲੀ ਹੀ ਫੇਰੀ ਪਾਈ ਤਾਂ ਕਿਸਾਨਾਂ ਵਲੋਂ ਹਰ ਚੌਕ ਵਿੱਚ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਵੱਲੋਂ ਜਿੱਥੇ ਉਨ੍ਹਾਂ ਦਾ ਕਾਫਲਾ ਰੋਕਿਆ ਗਿਆ, ਉਥੇ ਉਨ੍ਹਾਂ ਨੂੰ ਫਰੀਦਕੋਟ ਵਿੱਚੋਂ ਵਾਪਸ ਜਾਣ ਲਈ ਵੀ ਆਖਿਆ ਗਿਆ। ਕਿਸਾਨਾਂ ਵੱਲੋਂ ਹੰਸ ਨੂੰ ਕਾਲੀਆਂ ਝੰਡੀਆਂ ਵੀ ਵਿਖਾਈਆਂ ਗਈਆਂ। ਆਪਣੇ ਕਿਸਾਨ ਵਿਰੋਧ ਨੂੰ ਵੇਖਦਿਆਂ ਹੰਸ ਰਾਜ ਨੇ ਵੀ ਦਲੀਲ ਦਿੱਤੀ ਹੈ ਕਿ ਉਹ ਇੱਥੋਂ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਕਿਸਾਨਾਂ ਅਤੇ ਸਰਕਾਰ ਵਿਚਾਲੇ ਪੁਲ ਬਣਨਗੇ।
ਮਾਲਵੇ ਵਾਂਗ ਹੀ ਮਾਝੇ ਵਿੱਚ ਵੀ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਕੀਤੇ ਜਾਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਇਹ ਵਿਰੋਧ ਮੁੱਖ ਤੌਰ `ਤੇ ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਵੱਲੋਂ ਕੀਤਾ ਜਾ ਰਿਹਾ ਹੈ। ਇਹ ਜਥੇਬੰਦੀ ਪੰਜਾਬ-ਹਰਿਆਣਾ ਦੇ ਬਾਰਡਰਾਂ ‘ਤੇ ਚਲਾਏ ਜਾ ਰਹੇ ਕਿਸਾਨ ਸੰਘਰਸ਼ ਦਾ ਹਿੱਸਾ ਹੈ। ਜਥੇਬੰਦੀ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਭਾਜਪਾ ਉਮੀਦਵਾਰਾਂ ਦੇ ਵਿਰੋਧ ਲਈ ਪੋਸਟਰ, ਫਲੈਕਸਾਂ ਅਤੇ ਬੈਨਰ ਵਗੈਰਾ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਚੋਣ ਫੇਰੀ ਦੌਰਾਨ ਕਿਸਾਨਾਂ ਅਤੇ ਨੌਜੁਆਨਾਂ ਵੱਲੋਂ ਭਾਜਪਾ ਆਗੂਆਂ ਨੂੰ ਸਵਾਲ ਕੀਤੇ ਜਾਣਗੇ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਭਾਰਤੀ ਜਨਤਾ ਪਾਰਟੀ ਨੂੰ ਇਹ ਸਵਾਲ ਕੀਤੇ ਜਾਣਗੇ ਕਿ ਐਮ.ਐਸ.ਪੀ. ਦੀ ਗਾਰੰਟੀ ਦੀ ਮੰਗ ਪੂਰੀ ਕਿਉਂ ਨਹੀਂ ਕੀਤੀ ਗਈ, ਕਰਜ਼ਾ ਮੁਆਫ ਕਿਉਂ ਨਹੀਂ ਕੀਤਾ ਅਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਗਈ। ਡੱਲੇਵਾਲ ਵੱਲੋਂ ਹਰਿਆਣਾ ਵਿੱਚ ਵਾਟਰ ਕੈਨਨ ਵਾਲੇ ਨਵਦੀਪ ਸਿੰਘ ਸਮੇਤ ਬਹੁਤ ਸਾਰੇ ਕਿਸਾਨਾਂ ਦੀ ਕੀਤੀ ਗਈ ਗ੍ਰਿਫਤਾਰੀ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ। ਮਨਦੀਪ ਨੂੰ ਪਿਛਲੇ ਕਿਸਾਨ ਸੰਘਰਸ਼ ਵੇਲੇ ਮਨੀ ਲਾਂਡਰਿੰਗ ਰਾਹੀਂ ਬਾਹਰਲੇ ਮੁਲਕਾਂ ਤੋਂ ਆਏ ਪੈਸੇ ਦੇ ਕਥਿਤ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।
ਇਸ ਦਰਮਿਆਨ ਦੂਜੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਆਪਣੀ ਇੱਕ ਪ੍ਰੈਸ ਕਾਨਫਰੰਸ ਵਿੱਚ ਸਾਫ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਗੱਠਜੋੜ ਵਿੱਚ ਦੇਸ਼ ਭਰ ਦੀਆਂ ਤਕਰੀਬਨ 100 ਜਥੇਬੰਦੀਆਂ ਸ਼ਾਮਲ ਹਨ। ਇਸ ਲਈ ਪੰਜਾਬ ਅਤੇ ਹਰਿਆਣਾ ਸਮੇਤ ਸਾਰੇ ਦੇਸ਼ ਵਿੱਚ ਭਾਜਪਾ ਦੀ ਚੋਣ ਮੁਹਿੰਮ ਦਾ ਵਿਰੋਧ ਕੀਤਾ ਜਾਵੇਗਾ ਅਤੇ ਇਸ ਤੋਂ ਤਿੱਖੇ ਸਵਾਲ ਪੁੱਛੇ ਜਾਣਗੇ। ਇਸ ਮਕਸਦ ਲਈ ਦੇਸ਼ ਭਰ ਵਿੱਚ ਮਹਾਂ ਪੰਚਾਇਤਾਂ ਵੀ ਕੀਤੀਆਂ ਜਾਣਗੀਆਂ। ਇਸ ਕਿਸਾਨ ਮੋਰਚੇ ਵੱਲੋਂ 21 ਅਪ੍ਰੈਲ ਨੂੰ ਪੰਜਾਬ ਦੇ ਕਸਬਾ ਜਗਰਾਓਂ ਵਿੱਚ ਵੀ ਇਸ ਕਿਸਮ ਦਾ ਸਮਾਗਮ ਕੀਤਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਹੋਰ ਪ੍ਰੈਸ ਕਾਨਫਰੰਸ ਰਾਹੀਂ ਇਕ 11 ਨੁਕਾਤੀ ਸਵਾਲਨਾਮਾ ਵੀ ਜਾਰੀ ਕੀਤਾ ਗਿਆ ਹੈ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇਹ ਸਵਾਲਨਾਮੇ ਵਾਲੇ ਪੋਸਟਰ ਅਤੇ ਫਲੈਕਸ ਪਿੰਡਾਂ ਦੇ ਪ੍ਰਵੇਸ਼ ਦੁਆਰਾ ਅਤੇ ਹੋਰ ਪ੍ਰਮੁੱਖ ਥਾਵਾਂ ‘ਤੇ ਲਗਾਏ ਜਾਣਗੇ। ਕਿਸਾਨ ਸ਼ਾਂਤਮਈ ਰਹਿ ਕਿ ਪਿੰਡਾਂ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਸਵਾਲ ਕਰਨ।
ਇਸ ਦਰਮਿਆਨ ਹਰਿਆਣਾ ਦੀ ਇਕ ਕਿਸਾਨ ਜਥੇਬੰਦੀ ‘ਪੱਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸੰਮਤੀ’ ਵੱਲੋਂ ਬੀ.ਜੇ.ਪੀ. ਦੇ ਹਿਸਾਰ ਤੋਂ ਉਮੀਦਵਾਰ ਰਣਜੀਤ ਸਿੰਘ ਚੌਟਾਲਾ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਹਰਿਆਣਾ ਵਿੱਚ ਭਾਜਪਾ ਦੀ ਹਮਾਇਤ ਨਾਲ ਬਣੇ ਰਹੇ ਸਾਬਕਾ ਡਿਪਟੀ ਚੀਫ ਮਨਿਸਟਰ ਦੁਸ਼ਿਅੰਤ ਚੌਟਾਲਾ ਦਾ ਵੀ ਹਿਸਾਰ ਜ਼ਿਲ੍ਹੇ ਦੇ ਪਿੰਡਾਂ ਵਿੱਚ ਜਾਣ ‘ਤੇ ਜ਼ੋਰਦਾਰ ਵਿਰੋਧ ਕੀਤਾ ਗਿਆ। ਹਰਿਆਣਾ ਦਾ ਜਾਟ ਭਾਈਚਾਰਾ ਰਾਜਨੀਤਿਕ ਰੂਪ ਵਿੱਚ ਵੀ ਭਾਜਪਾ ਸਰਕਾਰ ਨਾਲ ਨਾਰਾਜ਼ ਹੈ, ਕਿਉਂਕਿ ਭਾਜਪਾ ਗੈਰ-ਜਾਟ ਜਾਤੀਆਂ ਨੂੰ ਪਹਿਲ ਦੇ ਰਹੀ ਹੈ।
ਅਸਲ ਵਿੱਚ ਪਿਛਲੇ ਦਿਨੀਂ ਪੰਜਾਬ-ਹਰਿਆਣਾ ਦੇ ਬਾਰਡਰਾਂ ‘ਤੇ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੱਲੋਂ ਚਲਾਏ ਜਾ ਰਹੇ ਕਿਸਾਨ ਅੰਦੋਲਨ ‘ਤੇ ਕੀਤੇ ਗਏ ਤਸ਼ਦਦ ਨੇ ਕਿਸਾਨਾਂ ਦੇ ਭਾਜਪਾ ਖਿਲਾਫ ਰੋਹ ਨੂੰ ਵਧੇਰੇ ਪ੍ਰਚੰਡ ਕਰ ਦਿੱਤਾ ਹੈ। ਕਿਸਾਨ ਸੰਗਠਨਾਂ ਵੱਲੋਂ ਦਲੀਲ ਦਿੱਤੀ ਜਾ ਰਹੀ ਕਿ ਜਦੋਂ ਭਾਜਪਾ ਸਰਕਾਰ ਕਿਸਾਨਾਂ ਨੂੰ ਆਪਣੇ ਰੋਸ ਪ੍ਰਦਰਸ਼ਨਾਂ ਲਈ ਦਿੱਲੀ ਨਹੀਂ ਜਾਣ ਦੇ ਰਹੀ ਤਾਂ ਅਸੀਂ ਉਸ ਨੂੰ ਚੋਣ ਪ੍ਰਚਾਰ ਲਈ ਪਿੰਡਾਂ ਵਿੱਚ ਵੜਨ ਦੀ ਇਜਾਜ਼ਤ ਨਹੀਂ ਦਿਆਂਗੇ। ਯਾਦ ਰਹੇ, ਹਰਿਆਣਾ ਪੁਲਿਸ ਵੱਲੋਂ ਚਲਾਈ ਗਈ ਗੋਲੀ ਵਿੱਚ ਖਨੌਰੀ ਬਾਰਡਰ ‘ਤੇ ਬਠਿੰਡਾ ਜ਼ਿਲ੍ਹਾ ਦੇ ਇੱਕ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਕਿਸਾਨ ਪ੍ਰੀਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਚੁੱਕ ਕੇ ਲੈ ਗਈ ਸੀ ਤੇ ਉਸ ‘ਤੇ ਘੋਰ ਤਸ਼ਦਦ ਕੀਤਾ ਗਿਆ। ਇਸ ਕਾਰਨ ਇਸ ਨੌਜੁਆਨ ਦੀਆਂ ਬਹੁਤ ਸਾਰੀਆਂ ਹੱਡੀਆਂ ਟੁੱਟ ਗਈਆਂ ਸਨ। ਇਸ ਤੋਂ ਇਲਾਵਾ 200 ਕਿਸਾਨ ਜ਼ਖਮੀ ਵੀ ਹੋਏ ਅਤੇ ਕੁਝ ਦੀ ਨਜ਼ਰ ਵੀ ਚਲੀ ਗਈ।
ਬਣ ਰਹੀ ਇਸ ਸਾਰੀ ਸਥਿਤੀ ਬਾਰੇ ਭਾਰਤੀ ਜਨਤਾ ਪਾਰਟੀ ਦਾ ਆਖਣਾ ਹੈ ਕਿ ਕਿਸਾਨ ਜਥੇਬੰਦੀਆਂ ਰਾਜਨੀਤੀ ਕਰ ਰਹੀਆਂ ਹਨ। ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਹਰਜੀਤ ਸਿੰਘ ਗਰੇਵਾਲ ਨੇ ਲਹਿਰਾਗਾਗਾ ਵਿੱਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਕਿਸਾਨਾਂ ਨੂੰ ਭਾਰਤੀ ਜਨਤਾ ਪਾਰਟੀ ਖਿਲਾਫ ਉਕਸਾ ਰਹੀਆਂ ਹਨ। ਉਨ੍ਹਾਂ ਸਾਫ ਕੀਤਾ ਕਿ ਕਿਸੇ ਦੇ ਵੀ ਥੱਲੇ ਨਹੀਂ ਲੱਗਿਆ ਜਾਵੇਗਾ ਅਤੇ ਪੰਜਾਬ ਵਿੱਚ ਬੂਥ ਪੱਧਰ ਦੇ ਸੰਮੇਲਨ ਲਾਜ਼ਮੀ ਕੀਤੇ ਜਾਣਗੇ।

Leave a Reply

Your email address will not be published. Required fields are marked *