ਖਿਡਾਰੀ ਪੰਜ ਆਬ ਦੇ (15)
ਖਿਡਾਰੀ ਹੱਦਾਂ-ਸਰਹੱਦਾਂ ਤੋਂ ਪਾਰ ਹੁੰਦੇ ਹਨ। ਪੰਜਾਬ ਦੀ ਧਰਤੀ ਨੇ ਵੱਡੇ-ਵੱਡੇ ਖਿਡਾਰੀ ਪੈਦਾ ਕੀਤੇ ਹਨ- ਚਾਹੇ ਇਹ ਚੜ੍ਹਦਾ ਪੰਜਾਬ ਹੋਵੇ ਜਾਂ ਫਿਰ ਲਹਿੰਦਾ ਪੰਜਾਬ। ਨਾਮੀ ਖੇਡ ਲੇਖਕ ਨਵਦੀਪ ਸਿੰਘ ਗਿੱਲ ਵੱਲੋਂ ਇਸ ਕਾਲਮ ਰਾਹੀਂ ਲੜੀਵਾਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਚੋਟੀ ਦੇ ਖਿਡਾਰੀਆਂ ਦੀ ਜੀਵਨੀ ਉਤੇ ਝਾਤ ਪਾਈ ਜਾ ਰਹੀ ਹੈ। ਇਸ ਲੇਖ ਵਿੱਚ ਪਾਕਿਸਤਾਨ ਹਾਕੀ ਦੇ ਅੱਥਰੇ ਘੋੜੇ ਸ਼ਾਹਬਾਜ਼ ਸੰਖੇਪ ਜ਼ਿਕਰ ਹੈ, ਜੋ ਸੌਖਿਆ ਕਿਸੇ ਤੋਂ ਰੁਕਦਾ ਨਹੀਂ ਸੀ।
ਸ਼ਾਹਬਾਜ਼ ਸੀਨੀਅਰ ਉਹ ਜੱਗ ਜੇਤੂ ਹਾਕੀ ਖਿਡਾਰੀ ਹੈ, ਜਿਸ ਨੇ ਅੱਸੀ ਦੇ ਦਹਾਕੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਹਾਕੀ ਵਿੱਚ ਗੁਆਚੀ ਸ਼ਾਨ ਨੂੰ ਆਖਰੀ ਵਾਰ ਬਹਾਲ ਕੀਤਾ ਸੀ। ਭਾਰਤੀ ਸਟਾਰ ਫਾਰਵਰਡ ਖਿਡਾਰੀ ਧਨਰਾਜ ਪਿੱਲੈ ਨੇ ਇੱਕ ਵਾਰ ਆਖਿਆ ਸੀ ਕਿ ਜੇਕਰ ਉਹ ਤੇ ਸ਼ਾਹਬਾਜ਼ ਇੱਕੋ ਟੀਮ ਵੱਲੋਂ ਖੇਡਦੇ ਹੁੰਦੇ ਤਾਂ ਵਿਸ਼ਵ ਦੀ ਕੋਈ ਵੀ ਡਿਫੈਂਸ ਉਨ੍ਹਾਂ ਨੂੰ ਮਾਤ ਨਾ ਦੇ ਸਕਦੀ।
ਨਵਦੀਪ ਸਿੰਘ ਗਿੱਲ
ਫੋਨ: +91-9780036216
ਪਾਕਿਸਤਾਨ ਵੱਲੋਂ ਵਿਸ਼ਵ ਹਾਕੀ ਨੂੰ ਦਿੱਤੇ ਮਹਾਨ ਖਿਡਾਰੀਆਂ ਵਿੱਚੋਂ ਸਭ ਤੋਂ ਮੀਰੀ ਨਾਮ ਸ਼ਾਹਬਾਜ਼ ਅਹਿਮਦ ਦਾ ਆਉਂਦਾ ਹੈ, ਜਿਸ ਨੂੰ ਹਾਕੀ ਦੀ ਦੁਨੀਆਂ ਸ਼ਾਹਬਾਜ਼ ਸੀਨੀਅਰ ਦੇ ਨਾਮ ਨਾਲ ਜਾਣਦੀ ਹੈ। ਪਾਕਿਸਤਾਨ ਨੇ ਹਾਕੀ ਖੇਡ ਨੂੰ ਅਬਦੁਲ ਹਾਮਿਦ, ਨਾਸਿਰ ਬੁੰਦਾ, ਮੁਨੀਰ ਦਾਰ, ਤਨਵੀਰ ਦਾਰ, ਇਸਲਾਊਦੀਨ, ਸਮੀਉੱਲਾ, ਕਲੀਮਉੱਲਾ, ਅਖਤਰ ਰਸੂਲ, ਹਸਨ ਸਰਦਾਰ, ਮਨਜ਼ੂਰ ਹੁਸੈਨ, ਹਨੀਫ਼ ਖਾਨ, ਵਸੀਮ ਅਹਿਮਦ ਤੇ ਸੋਹੇਲ ਅੱਬਾਸ ਜਿਹੇ ਦਿੱਗਜ਼ ਖਿਡਾਰੀ ਦਿੱਤੇ ਹਨ, ਪਰ ਸ਼ਾਹਬਾਜ਼ ਸੀਨੀਅਰ ਉਹ ਜੱਗ ਜੇਤੂ ਹਾਕੀ ਖਿਡਾਰੀ ਹੈ, ਜਿਸ ਨੇ ਅੱਸੀ ਦੇ ਦਹਾਕੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਦੀ ਹਾਕੀ ਵਿੱਚ ਗੁਆਚੀ ਸ਼ਾਨ ਨੂੰ ਆਖਰੀ ਵਾਰ ਬਹਾਲ ਕੀਤਾ ਸੀ। ਉਹ ਨਵੇਂ ਦੌਰ ਦਾ ਚੈਂਪੀਅਨ ਖਿਡਾਰੀ ਰਿਹਾ, ਜਦੋਂ ਵਿਸ਼ਵ ਹਾਕੀ ਵਿੱਚ ਹਾਲੈਂਡ, ਜਰਮਨੀ, ਸਪੇਨ, ਆਸਟਰੇਲੀਆ ਆਦਿ ਮੁਲਕਾਂ ਦੀ ਚੜ੍ਹਤ ਸਿਖਰ ਉਤੇ ਸੀ। ਸ਼ਾਹਬਾਜ਼ ਪਾਕਿਸਤਾਨ ਹਾਕੀ ਦਾ ਉਹ ਅੱਥਰਾ ਘੋੜਾ ਸੀ, ਜਿਹੜਾ ਸੌਖਿਆ ਕਿਸੇ ਤੋਂ ਰੁਕਦਾ ਨਹੀਂ ਸੀ। ਉਸ ਨੂੰ ਹਾਕੀ ਦਾ ਬਾਜ਼ ਵੀ ਆਖਿਆ ਗਿਆ, ਜਿਸ ਦੀ ਉਡਾਰੀ ਵੀ ਸਿਖਰਾਂ ਤੱਕ ਹੀ ਪੁੱਜੀ।
ਸ਼ਾਹਬਾਜ਼ ਨੂੰ ਮਾਣ ਹਾਸਲ ਹੈ ਕਿ ਉਹ ਵਿਸ਼ਵ ਦਾ ਇਕਲੌਤਾ ਖਿਡਾਰੀ ਹੈ, ਜਿਸ ਨੂੰ ਦੋ ਵਾਰ ਹਾਕੀ ਦੇ ਆਲਮੀ ਕੱਪ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਹੈ। ਉਸ ਨੂੰ ਹਾਕੀ ਦਾ ‘ਮੈਰਾਡੋਨਾ’ ਵੀ ਆਖਿਆ ਜਾਂਦਾ ਹੈ, ਜਿਸ ਨੇ ਆਪਣੇ ਬਲਬੂਤੇ ਪਾਕਿਸਤਾਨ ਨੂੰ ਵਿਸ਼ਵ ਦਾ ਚੈਂਪੀਅਨ ਬਣਾਇਆ। ਸ਼ਾਹਬਾਜ਼ ਨੇ ਹਰ ਵੱਡੇ ਕੌਮਾਂਤਰੀ ਟੂਰਨਾਮੈਂਟ ਨੂੰ ਜਿੱਤਿਆ ਹੈ। ਉਹ ਵਿਸ਼ਵ ਕੱਪ ਵਿੱਚ ਇੱਕ ਵਾਰ ਜੇਤੂ ਤੇ ਇੱਕ ਵਾਰ ਉਪ ਜੇਤੂ, ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗ਼ਾ, ਇੱਕ ਵਾਰ ਏਸ਼ੀਆ ਕੱਪ, ਇੱਕ ਵਾਰ ਏਸ਼ਿਆਈ ਖੇਡਾਂ, ਇੱਕ ਵਾਰ ਚੈਂਪੀਅਨਜ਼ ਟਰਾਫ਼ੀ, ਇੱਕ ਵਾਰ ਜੂਨੀਅਰ ਏਸ਼ੀਆ ਕੱਪ ਦਾ ਜੇਤੂ ਰਿਹਾ ਹੈ। ਸ਼ਾਹਬਾਜ਼ ਨੇ ਪੰਜ ਵਿਸ਼ਵ ਕੱਪ ਖੇਡ ਕੇ ਹਸਨ ਸਰਦਾਰ ਦੇ ਰਿਕਾਰਡ ਦੀ ਬਰਾਬਰੀ ਕੀਤੀ। ਸ਼ਾਹਬਾਜ਼ ਫਾਰਵਰਡ ਲਾਈਨ ਵਿੱਚ ਸੈਂਟਰ ਫਾਰਵਰਡ ਅਤੇ ਲੈਫ਼ਟ ਇਨ- ਦੋਵੇਂ ਪੁਜੀਸ਼ਨਾਂ ਉਤੇ ਟੀਮ ਦੀ ਲੋੜ ਅਨੁਸਾਰ ਬਦਲ ਕੇ ਖੇਡਦਾ ਰਿਹਾ ਹੈ। ਉਸ ਨੇ 304 ਕੌਮਾਂਤਰੀ ਮੈਚ ਖੇਡੇ ਹਨ ਅਤੇ 101 ਗੋਲ ਕੀਤੇ ਹਨ। ਸ਼ਾਹਬਾਜ਼ ਨੂੰ ਪਾਕਿਸਤਾਨ ਨੇ ਦੋ ਵੱਡੇ ਸਨਮਾਨ ‘ਪਰਾਈਡ ਆਫ਼ ਪਾਕਿਸਤਾਨ’ ਅਤੇ ‘ਹਿਲਾਲ-ਏ-ਪਾਕਿਸਤਾਨ’ ਨਾਲ ਸ਼ਾਹਬਾਜ਼ ਨੂੰ ਨਿਵਾਜ਼ਿਆ ਹੈ।
ਸ਼ਾਹਬਾਜ਼ ਦਾ ਜਨਮ 1 ਸਤੰਬਰ 1968 ਨੂੰ ਲਹਿੰਦੇ ਪੰਜਾਬ ਦੇ ਲਾਇਲਪੁਰ ਵਿਖੇ ਹੋਇਆ, ਜਿਸ ਨੂੰ ਹੁਣ ਫੈਸਲਾਬਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ਼ਾਹਬਾਜ਼ 17 ਵਰਿ੍ਹਆਂ ਦੀ ਉਮਰੇ ਹਾਲੈਂਡ ਖਿਲਾਫ ਪਹਿਲੀ ਵਾਰ ਕੌਮਾਂਤਰੀ ਮੁਕਾਬਲੇ ਵਿੱਚ ਉਤਰਿਆ। 18 ਵਰਿ੍ਹਆਂ ਦੀ ਉਮਰੇ ਉਹ ਪਾਕਿਸਤਾਨ ਦੀ ਜੂਨੀਅਰ ਟੀਮ ਦੇ ਨਾਲ ਸੀਨੀਅਰ ਟੀਮ ਵੱਲੋਂ ਵੀ ਖੇਡਣ ਲੱਗ ਗਿਆ। 1986 ਵਿੱਚ ਉਸ ਨੇ ਪਹਿਲੀ ਵਾਰ ਸੀਨੀਅਰ ਟੀਮ ਵੱਲੋਂ ਚੈਂਪੀਅਨਜ਼ ਟਰਾਫ਼ੀ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਤਮਗ਼ਾ ਜਿੱਤਿਆ। ਸਿਓਲ ਏਸ਼ਿਆਈ ਖੇਡਾਂ ਵਿੱਚ ਹਿੱਸਾ ਲਿਆ, ਜਿੱਥੇ ਪਾਕਿਸਤਾਨ ਨੇ ਚਾਂਦੀ ਦਾ ਤਮਗ਼ਾ ਜਿੱਤਿਆ। 1987 ਵਿੱਚ ਉਸ ਨੇ ਜੂਨੀਅਰ ਏਸ਼ੀਆ ਕੱਪ ਖੇਡਿਆ, ਜਿਸ ਵਿੱਚ ਪਾਕਿਸਤਾਨ ਜੇਤੂ ਰਿਹਾ। ਵੀਹ ਵਰਿ੍ਹਆਂ ਦੀ ਉਮਰੇ ਸ਼ਾਹਬਾਜ਼ ਓਲੰਪੀਅਨ ਬਣ ਗਿਆ, ਜਦੋਂ ਉਸ ਨੇ 1988 ਵਿੱਚ ਸਿਓਲ ਓਲੰਪਿਕ ਖੇਡਾਂ ਵਿੱਚ ਹਿੱਸਾ ਲਿਆ।
ਅੱਸੀ ਦੇ ਦਹਾਕੇ ਵਿੱਚ ਵਿਸ਼ਵ ਹਾਕੀ ਵਿੱਚ ਭਾਰਤ ਤੇ ਪਾਕਿਸਤਾਨ ਦੀ ਚੜ੍ਹਤ ਖਤਮ ਹੋ ਗਈ ਸੀ। ਭਾਰਤ ਨੇ 1975 ਵਿੱਚ ਵਿਸ਼ਵ ਕੱਪ ਅਤੇ 1980 ਵਿੱਚ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ ਅਤੇ ਦੂਜੇ ਪਾਸੇ ਪਾਕਿਸਤਾਨ ਨੇ 1978 ਤੇ 1982 ਵਿੱਚ ਵਿਸ਼ਵ ਕੱਪ ਅਤੇ 1984 ਵਿੱਚ ਓਲੰਪਿਕ ਖੇਡਾਂ ਵਿੱਚ ਸੋਨੇ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਬਾਅਦ ਦੋਵੇਂ ਮੁਲਕਾਂ ਦੀਆਂ ਟੀਮਾਂ ਵੱਡੇ ਵਿਸ਼ਵ ਮੁਕਾਬਲਿਆਂ ਵਿੱਚ ਸੰਘਰਸ਼ ਕਰਦੀਆਂ ਨਜ਼ਰ ਆਉਣ ਲੱਗੀਆਂ। 1988 ਦੀਆਂ ਸਿਓਲ ਓਲੰਪਿਕਸ ਵਿੱਚ ਪਾਕਿਸਤਾਨ ਟੀਮ ਪੰਜਵੇਂ ਸਥਾਨ ਉਤੇ ਆਈ। ਸ਼ਾਹਬਾਜ਼ ਨੇ ਤਿੰਨ ਗੋਲ ਕੀਤੇ। ਇਸੇ ਸਾਲ ਚੈਂਪੀਅਨਜ਼ ਟਰਾਫੀ ਵਿੱਚ ਉਸ ਨੇ ਪਾਕਿਸਤਾਨ ਤਰਫ਼ੋਂ ਚਾਂਦੀ ਦਾ ਤਮਗ਼ਾ ਜਿੱਤਿਆ। 1989 ਵਿੱਚ ਜੂਨੀਅਰ ਵਿਸ਼ਵ ਕੱਪ ਖੇਡਿਆ ਜਿਸ ਵਿੱਚ ਪਾਕਿਸਤਾਨ ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸੇ ਸਾਲ ਨਵੀਂ ਦਿੱਲੀ ਵਿਖੇ ਏਸ਼ੀਆ ਕੱਪ ਖੇਡਿਆ ਜਿਸ ਵਿੱਚ ਪਾਕਿਸਤਾਨ ਨੇ ਫ਼ਾਈਨਲ ਵਿੱਚ ਭਾਰਤ ਨੂੰ 2-0 ਨਾਲ ਹਰਾ ਕੇ ਸੋਨੇ ਦਾ ਤਮਗ਼ਾ ਜਿੱਤਿਆ। ਇਸ ਜਿੱਤ ਵਿੱਚ ਇੱਕ ਗੋਲ ਸ਼ਾਹਬਾਜ਼ ਦਾ ਵੀ ਸੀ। 1982 ਦੀਆਂ ਏਸ਼ਿਆਈ ਖੇਡਾਂ ਦੀ ਫ਼ਾਈਨਲ ਵਿੱਚ ਹਾਰ ਤੋਂ ਬਾਅਦ ਭਾਰਤ ਲਈ 1989 ਵਿੱਚ ਨਵੀਂ ਦਿੱਲੀ ਵਿਖੇ ਹੀ ਏਸ਼ੀਆ ਦੇ ਟੂਰਨਾਮੈਂਟ ਦੇ ਫ਼ਾਈਨਲ ਵਿੱਚ ਪਾਕਿਸਤਾਨ ਹੱਥੋਂ ਇਹ ਦੂਜੀ ਹਾਰ ਸੀ।
1990 ਵਿੱਚ ਬੀਜਿੰਗ ਵਿਖੇ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਨੇ ਸੋਨੇ ਦਾ ਤਮਗ਼ਾ ਜਿੱਤਿਆ, ਇਸ ਜਿੱਤ ਵਿੱਚ ਸ਼ਾਹਬਾਜ਼ ਦਾ ਅਹਿਮ ਯੋਗਦਾਨ ਸੀ। ਇਸੇ ਸਾਲ ਲਾਹੌਰ ਵਿਖੇ ਵਿਸ਼ਵ ਕੱਪ ਖੇਡਿਆ, ਜਿਸ ਵਿੱਚ ਪਾਕਿਸਤਾਨ ਦੀ ਟੀਮ ਨੇ ਅੱਠ ਵਰਿ੍ਹਆਂ ਬਾਅਦ ਫ਼ਾਈਨਲ ਖੇਡਿਆ। ਆਪਣੇ ਦਰਸ਼ਕਾਂ ਸਾਹਮਣੇ ਪਾਕਿਸਤਾਨ ਟੀਮ ਵਿਸ਼ਵ ਕੱਪ ਨਾ ਜਿੱਤ ਸਕੀ ਅਤੇ ਉਪ ਜੇਤੂ ਰਹਿ ਕੇ ਸਬਰ ਕਰਨਾ ਪਿਆ। ਸ਼ਾਹਬਾਜ਼ ਦੀ ਖੇਡ ਬਹੁਤ ਸਲਾਹੀ ਗਈ। ਉਸ ਨੇ ਕੁੱਲ ਚਾਰ ਗੋਲ ਵੀ ਕੀਤੇ। ਸ਼ਾਹਬਾਜ਼ ਨੂੰ ਵਿਸ਼ਵ ਕੱਪ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਅਤੇ ਬੀ.ਐਮ.ਡਬਲਿਊ. ਟਰਾਫੀ ਵੀ ਮਿਲੀ। ਇਸੇ ਸਾਲ ਚੈਂਪੀਅਨਜ਼ ਟਰਾਫ਼ੀ ਵਿੱਚ ਸ਼ਾਹਬਾਜ਼ ਨੇ ਪਾਕਿਸਤਾਨ ਲਈ ਕਾਂਸੀ ਦਾ ਤਮਗ਼ਾ ਜਿੱਤਿਆ।
ਇਸ ਤੋਂ ਬਾਅਦ ਪਾਕਿਸਤਾਨ ਹਾਕੀ ਦੀ ਕਪਤਾਨੀ ਸ਼ਾਹਬਾਜ਼ ਨੂੰ ਸੌਂਪੀ ਗਈ। ਫੇਰ ਕੀ ਸੀ, ਪਾਕਿਸਤਾਨ ਹਾਕੀ ਦੇ ਦਿਨ ਫਿਰ ਗਏ। ਸ਼ਾਹਬਾਜ਼ ਨੇ ਜਰਨੈਲਾਂ ਵਾਂਗ ਟੀਮ ਦੀ ਅਗਵਾਈ ਕਰਦਿਆਂ ਦੂਜੀਆਂ ਟੀਮਾਂ ਉਤੇ ਅਜਿਹੇ ਹੱਲੇ ਬੋਲੇ ਕਿ ਫੇਰ ਪਾਕਿਸਤਾਨ ਹਾਕੀ ਵਿਸ਼ਵ ਹਾਕੀ ਦੀਆਂ ਸੁਰਖੀਆਂ ਵਿੱਚ ਆ ਗਈ। 1992 ਬਾਰਸੀਲੋਨਾ ਓਲੰਪਿਕ ਖੇਡਾਂ ਵਿੱਚ ਸ਼ਾਹਬਾਜ਼ ਦੀ ਕਪਤਾਨੀ ਵਿੱਚ ਪਾਕਿਸਤਾਨ ਨੇ ਫ਼ਾਈਨਲ ਵਿੱਚ ਦਾਖਲਾ ਪਾਇਆ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ। 1994 ਵਿੱਚ ਏਸ਼ਿਆਈ ਖੇਡਾਂ ਵਿੱਚ ਪਾਕਿਸਤਾਨ ਨੇ ਕਾਂਸੀ ਦਾ ਤਮਗ਼ਾ ਜਿੱਤਿਆ। 1994 ਵਿੱਚ ਲਾਹੌਰ ਵਿਖੇ ਚੈਂਪੀਅਨਜ਼ ਟਰਾਫੀ ਖੇਡੀ ਗਈ, ਜਿਸ ਵਿੱਚ ਪਾਕਿਸਤਾਨ ਨੇ ਸ਼ਾਹਬਾਜ਼ ਦੀ ਕਪਤਾਨੀ ਵਿੱਚ ਚੈਂਪੀਅਨ ਰਹਿੰਦਿਆਂ ਸੋਨੇ ਦਾ ਤਮਗ਼ਾ ਜਿੱਤਿਆ। ਇਸ ਜਿੱਤ ਵਿੱਚ ਸ਼ਾਹਬਾਜ਼ ਵੱਲੋਂ ਫ਼ਾਈਨਲ ਵਿੱਚ ਕੀਤੇ ਗੋਲ ਸਮੇਤ ਪੰਜ ਗੋਲਾਂ ਦਾ ਵੱਡਾ ਯੋਗਦਾਨ ਸੀ। ਇਸੇ ਸਾਲ ਸਿਡਨੀ ਵਿਖੇ ਵਿਸ਼ਵ ਕੱਪ ਖੇਡਿਆ ਗਿਆ। ਪਾਕਿਸਤਾਨ ਦੀ ਟੀਮ ਪਿਛਲੇ ਲਾਹੌਰ ਵਿਸ਼ਵ ਕੱਪ ਵਿੱਚ ਉਪ ਜੇਤੂ ਰਹਿਣ ਕਰਕੇ ਜ਼ਖ਼ਮੀ ਸ਼ੇਰ ਵਾਂਗ ਮੈਦਾਨ ਵਿੱਚ ਕੁੱਦੀ। ਸ਼ਾਹਬਾਜ਼ ਦੀ ਅਗਵਾਈ ਵਿੱਚ ਪਾਕਿਸਤਾਨ ਟੀਮ ਮੰਜ਼ਿਲਾਂ ਸਰ ਕਰਦੀ ਹੋਈ ਫ਼ਾਈਨਲ ਤੱਕ ਅੱਪੜ ਗਈ। ਹਾਲੈਂਡ ਖਿਲਾਫ ਫ਼ਾਈਨਲ ਵਿੱਚ ਨਿਰਧਾਰਤ ਸਮੇਂ ਵਿੱਚ ਸਕੋਰ 1-1 ਨਾਲ ਬਰਾਬਰ ਰਹਿ ਗਿਆ। ਇਸ ਤੋਂ ਬਾਅਦ ਟਾਈਬ੍ਰੇਕਰ ਵਿੱਚ ਪਾਕਿਸਤਾਨ ਵੱਲੋਂ ਸਭ ਤੋਂ ਪਹਿਲਾਂ ਪੈਨਲਟੀ ਸਟਰੋਕ ਸਾਹਬਾਜ਼ ਨੇ ਲਗਾ ਕੇ ਅਜਿਹਾ ਸ਼ੁਭ ਮੂਹਰਤ ਕੀਤਾ ਕਿ ਪਾਕਿਸਤਾਨ ਨੇ 4-3 ਨਾਲ ਫ਼ਾਈਨਲ ਜਿੱਤ ਕੇ ਚੌਥੀ ਵਾਰ ਵਿਸ਼ਵ ਕੱਪ ਜਿੱਤਿਆ। ਪਾਕਿਸਤਾਨ ਨੂੰ ਸਭ ਤੋਂ ਵੱਧ ਵਿਸ਼ਵ ਕੱਪ ਜਿਤਾਉਣ ਦਾ ਸਿਹਰਾ ਸ਼ਾਹਬਾਜ਼ ਦੇ ਸਿਰ ਬੰਨਿ੍ਹਆ ਗਿਆ, ਜਿਸ ਨੂੰ ਲਗਾਤਾਰ ਦੂਜੀ ਵਾਰ ਵਿਸ਼ਵ ਕੱਪ ਦਾ ਸਰਵੋਤਮ ਖਿਡਾਰੀ ਵੀ ਚੁਣਿਆ ਗਿਆ। ਇਹ ਖਿਤਾਬ ਦੋ ਵਾਰ ਹਾਸਲ ਕਰਨ ਵਾਲਾ ਉਹ ਵਿਸ਼ਵ ਹਾਕੀ ਦਾ ਇਕਲੌਤਾ ਖਿਡਾਰੀ ਹੈ। ਦੁਨੀਆਂ ਵਿੱਚ ਸ਼ਾਹਬਾਜ਼-ਸ਼ਾਹਬਾਜ਼ ਹੋ ਗਈ। ਪਾਕਿਸਤਾਨ ਹਾਕੀ ਪ੍ਰੇਮੀਆਂ ਦਾ ਉਹ ਅੱਖਾਂ ਦਾ ਤਾਰਾ ਬਣ ਗਿਆ। ਇਹ ਸ਼ਾਹਬਾਜ਼ ਤੇ ਪਾਕਿਸਤਾਨ ਦੀ ਹਾਕੀ- ਦੋਵਾਂ ਦਾ ਸਿਖਰ ਸੀ। ਸ਼ਾਹਬਾਜ਼ ਨੇ ਇਸ ਤੋਂ ਬਾਅਦ 1998 ਤੇ 2002 ਵਿੱਚ ਦੋ ਹੋਰ ਵਿਸ਼ਵ ਕੱਪ ਖੇਡੇ ਅਤੇ 1996 ਵਿੱਚ ਐਟਲਾਂਟਾ ਓਲੰਪਿਕ ਖੇਡਾਂ ਵਿੱਚ ਵੀ ਹਿੱਸਾ ਲਿਆ। ਸ਼ਾਹਬਾਜ਼ ਨੇ 1995 ਵਿੱਚ ਚੈਂਪੀਅਨਜ਼ ਟਰਾਫ਼ੀ ਖੇਡਦਿਆਂ ਪਾਕਿਸਤਾਨ ਲਈ ਕਾਂਸੀ ਦਾ ਤਮਗ਼ਾ ਜਿੱਤਿਆ।
ਸ਼ਾਹਬਾਜ਼ ਦਾ ਗੇਂਦ ਉਪਰ ਜ਼ਬਰਦਸਤ ਕੰਟਰੋਲ ਅਤੇ ਬਾਲ ਲੈ ਕੇ ਖੂਬਸੁਰਤ ਡਰਿਬਲਿੰਗ ਕਰਦਿਆਂ ਤੇਜ਼ ਦੌੜਨ ਦੀ ਮੁਹਾਰਤ ਸਦਕਾ ਵਿਰੋਧੀ ਡਿਫੈਂਡਰ ਹਮੇਸ਼ਾ ਉਸ ਤੋਂ ਡਰਦੇ ਸਨ। ਉਸ ਵਿੱਚ ਗਜ਼ਬ ਦੀ ਤੇਜ਼ੀ ਸੀ। ਇਕੇਰਾਂ 1998 ਵਿਸ਼ਵ ਕੱਪ ਵਿੱਚ ਉਹ ਹਾਫ਼ ਲਾਈਨ ਤੋਂ ਬਾਲ ਲੈ ਕੇ ਅਜਿਹਾ ਤੇਜ਼ੀ ਨਾਲ ਦੌੜਦਾ ਹਾਲੈਂਡ ਦੀ ਡੀ ਅੰਦਰ ਦਾਖਲ ਹੋਇਆ ਅਤੇ ਫੇਰ ਕਾਮਰਾਨ ਅਸ਼ਰਫ਼ ਨੂੰ ਮਿਣ ਕੇ ਪਾਸ ਦਿੱਤਾ, ਜਿਸ ਉਪਰ ਕਾਮਰਾਨ ਨੇ ਗੋਲ ਕਰਨ ਵਿੱਚ ਕੋਈ ਗਲਤੀ ਨਾ ਕੀਤੀ। ਇਹ ਵੀਡਿਓ ਸੋਸ਼ਲ ਮੀਡੀਆ ਉਪਰ ਬਹੁਤ ਵਾਇਰਲ ਹੈ। ਵੈਸੇ ਵੀ ਸ਼ਾਹਬਾਜ਼ ਡਰਿਬਲਿੰਗ ਕਰਦਾ ਹਵਾ ਨਾਲ ਗੱਲਾਂ ਕਰਦਾ ਵਿਰੋਧੀ ਪਾਲੇ ਵਿੱਚ ਦਾਖਲ ਹੁੰਦਾ ਸੀ। ਸ਼ਾਹਬਾਜ਼ ਦਾ ਸਟਿੱਕ ਵਰਕ ਅਤੇ ਵਿਰੋਧੀ ਖਿਡਾਰੀ ਨੂੰ ਡੌਜ਼ ਦੇਣ ਦੀ ਕਲਾ ਦੇ ਹਾਕੀ ਪ੍ਰੇਮੀ ਬਹੁਤ ਦੀਵਾਨੇ ਸਨ। ਭਾਰਤੀ ਸਟਾਰ ਫਾਰਵਰਡ ਖਿਡਾਰੀ ਧਨਰਾਜ ਪਿੱਲੈ ਨੇ ਇੱਕ ਵਾਰ ਆਖਿਆ ਸੀ ਕਿ ਜੇਕਰ ਉਹ ਤੇ ਸ਼ਾਹਬਾਜ਼ ਇੱਕੋ ਟੀਮ ਵੱਲੋਂ ਖੇਡਦੇ ਹੁੰਦੇ ਤਾਂ ਵਿਸ਼ਵ ਦੀ ਕੋਈ ਵੀ ਡਿਫੈਂਸ ਉਨ੍ਹਾਂ ਨੂੰ ਮਾਤ ਨਾ ਦੇ ਸਕਦੀ।
ਸ਼ਾਹਬਾਜ਼ ਭਾਰਤ ਦੇ ਸੁਰਿੰਦਰ ਸਿੰਘ ਸੋਢੀ ਅਤੇ ਪਾਕਿਸਤਾਨ ਦੇ ਹਸਨ ਸਰਦਾਰ ਨੂੰ ਆਪਣਾ ਆਦਰਸ਼ ਮੰਨਦਾ ਸੀ। ਉਸ ਦੇ ਸਮਕਾਲੀ ਭਾਰਤੀ ਫੁੱਲਬੈਕ ਪਰਗਟ ਸਿੰਘ ਨੇ ਦੋਸਤੀ ਵੀ ਬਹੁਤ ਸੀ ਅਤੇ ਖੇਡ ਮੈਦਾਨ ਉਪਰ ਦੋਵਾਂ ਦੀ ਇੱਕ-ਦੂਜੇ ਨੂੰ ਝਕਾਨੀ ਦੇਣ ਦੀ ਕਲਾ ਦੇ ਹਾਕੀ ਪ੍ਰੇਮੀ ਦੀਵਾਨੇ ਵੀ ਸਨ। ਸ਼ਾਹਬਾਜ਼ ਨੇ ਯੂਰਪੀਅਨ ਲੀਗਾਂ ਵਿੱਚ ਡੱਚ ਤੇ ਜਰਮਨ ਦੇ ਕਲੱਬਾਂ ਵੱਲੋਂ ਵੀ ਹਾਕੀ ਖੇਡੀ ਹੈ। ਖਿਡਾਰੀ ਤੋਂ ਬਾਅਦ ਕੋਚ ਅਤੇ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਆਫ਼ੀਸ਼ਲ ਦੇ ਅਹੁਦੇਦਾਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਸ਼ਾਹਬਾਜ਼ ਪਾਕਿਸਤਾਨ ਏਅਰਲਾਈਨਜ਼ ਦਾ ਅਧਿਕਾਰੀ ਹੈ। ਪਾਕਿਸਤਾਨ ਦਾ ਸਾਬਕਾ ਕਪਤਾਨ ਤੇ ਕੋਚ ਤਾਹਿਰ ਜ਼ਮਾਂ ਉਸ ਦਾ ਸਾਢੂ ਹੈ। ਤਾਹਿਰ ਟੋਭਾ ਟੇਕ ਸਿੰਘ ਤਹਿਸੀਲ ਦੇ ਪਿੰਡ ਗੋਜਰਾ ਦਾ ਹੈ, ਜਿਸ ਨੂੰ ਪਾਕਿਸਤਾਨ ਵਿੱਚ ਭਾਰਤ ਦੇ ਸੰਸਾਰਪੁਰ ਵਾਂਗ ਹਾਕੀ ਵਿੱਚ ਰੁਤਬਾ ਹਾਸਲਾ ਹੈ। ਸ਼ਾਹਬਾਜ਼ ਹਮੇਸ਼ਾ ਹੀ ਸੰਸਾਰਪੁਰ ਤੇ ਗੋਜਰਾ ਦੀ ਹਾਕੀ ਨੂੰ ਦੇਣ ਨੂੰ ਸਿਜਦਾ ਕਰਦਾ ਹੈ। ਸ਼ਾਹਬਾਜ਼ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਨੇ ਅਜਿਹਾ ਖਿਡਾਰੀ ਨਾ ਪੈਦਾ ਕੀਤਾ, ਜਿਸ ਨੇ ਆਪਣੇ ਦਮ ਉਤੇ ਦੇਸ਼ ਨੂੰ ਵਿਸ਼ਵ ਜਾਂ ਓਲੰਪਿਕ ਚੈਂਪੀਅਨ ਬਣਾਇਆ ਹੋਵੇ।