ਪੰਜਾਬੀ ਸਾਹਿਤ ਦੇ ਸਪੂਤ ਸਾਹਿਤਕਾਰ ਸਨ ਬੇਦੀ ਲਾਲ ਸਿੰਘ

ਅਦਬੀ ਸ਼ਖਸੀਅਤਾਂ

ਸ਼ਬਦਾਂ ਦੀ ਪਕੜ ਤੋਂ ਬਾਹਰ ਸ਼ਖ਼ਸੀਅਤ ਬੇਦੀ ਲਾਲ ਸਿੰਘ ਕਈ ਭਾਸ਼ਾਵਾਂ ਦੇ ਵਿਦਵਾਨ ਸਾਹਿਤਕਾਰ ਸਨ। ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਜਾਂ ਰਸਾਲਾ ਹੋਵੇ, ਜਿਸ ਨੇ ਸ. ਬੇਦੀ ਦੀਆਂ ਰਚਨਾਵਾਂ ਨੂੰ ਆਦਰ ਸਹਿਤ ਨਾ ਛਾਪਿਆ ਹੋਵੇ। ਉਨ੍ਹਾਂ ਨੇ ਚੀਫ਼ ਖਾਲਸਾ ਦੀਵਾਨ ਦੀ ਖਾਲਸਾ ਟ੍ਰੈਕਟ ਸੁਸਾਇਟੀ ਦੇ ‘ਨਿਰਗੁਣੀਆਰਾ’ ਪੱਤਰ ਦੀ ਢਾਈ ਦਹਾਕੇ ਸੰਪਾਦਨਾ ਹੀ ਨਹੀਂ ਕੀਤੀ, ਸਗੋਂ ਇਸ ਦੀ ਦਿੱਖ, ਦੱਖ ਤੇ ਮੈਟਰ ਨੂੰ ਵਿਉਂਤਣ ਤੇ ਪ੍ਰਸਤੁਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਫਾਨੀ ਸੰਸਾਰ ਤੋਂ ਗਿਆਂ ਉਨ੍ਹਾਂ ਨੂੰ ਭਾਵੇਂ 24 ਸਾਲ ਹੋ ਗਏ ਹਨ, ਪਰ ਆਪਣੀ ਸੰਜਮੀ ਤੇ ਪ੍ਰਭਾਵੀ ਸ਼ਖਸੀਅਤ ਕਰਕੇ ਉਨ੍ਹਾਂ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ।

ਦਿਲਜੀਤ ਸਿੰਘ ਬੇਦੀ

ਪੰਜਾਬੀ ਦੇ ਪ੍ਰਸਿੱਧ ਲੇਖਕ ਤੇ ਬਜ਼ੁਰਗ ਦਾਨਸ਼ਵਰ ਬੇਦੀ ਲਾਲ ਸਿੰਘ ਸਾਹਿਤਕਾਰ ਨੇ ਗੁਰਬਾਣੀ, ਗੁਰਮਤਿ, ਸਾਹਿਤ ਤੇ ਇਤਿਹਾਸ ਬਾਰੇ ਪੁਸਤਕਾਂ ਰਚਣ ਤੋਂ ਇਲਾਵਾ ਪੱਤਰਕਾਰੀ, ਸਾਹਿਤਕਾਰੀ ਤੇ ਇਤਿਹਾਸਕਾਰੀ ਲਈ ਬਹੁਤ ਸਾਰਾ ਪ੍ਰਮਾਣਿਕ ਕੰਮ ਕੀਤਾ। ਉਹ ਅੰਗਰੇਜ਼ੀ, ਅਰਬੀ, ਫ਼ਾਰਸੀ, ਸੰਸਕ੍ਰਿਤ, ਬ੍ਰਿਜ, ਪੰਜਾਬੀ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ। ਆਪਣੀ ਇਸ ਬਹੁ-ਭਾਸ਼ਾਈ ਯੋਗਤਾ ਦੀ ਵਰਤੋਂ ਕਰਦਿਆਂ ਉਨ੍ਹਾਂ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਗੁਰੂ ਗੋਬਿੰਦ ਸਿੰਘ ਜੀ ਦੀਆਂ ਅਮਰ ਰਚਨਾਵਾਂ ਨੂੰ ਭਾਸ਼ਾਈ ਵਿਕਾਸ, ਭਾਸ਼ਾਗਤ ਵਖਰੇਵੇਂ ਅਤੇ ਭਾਸ਼ਾਈ ਸੁਹਜ-ਸ਼ਾਸਤਰੀ ਦ੍ਰਿਸ਼ਟੀ ਤੋਂ ਵਿਚਾਰਦਿਆਂ ਯਾਦਗਾਰੀ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਦੀ ਪ੍ਰਸਿੱਧ ਪੁਸਤਕ ‘ਭਾਰਤ ਦਰਸ਼ਨ’ ਚਾਣਕੀਆ ਰਾਜਨੀਤੀ ਕਾਫ਼ੀ ਚਰਚਾ ਦਾ ਵਿਸ਼ਾ ਰਹੀ। ਭਾਰਤ ਦਰਸ਼ਨ ਵਿੱਚ ਵੱਖ-ਵੱਖ ਸ਼ਹਿਰਾਂ, ਇਮਾਰਤਾਂ, ਸਭਿਆਚਾਰਾਂ ਤੇ ਵਰਤਾਰਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਵਾਂ-ਥਾਵਾਂ ਦੀ ਵਿਉਤਪਤੀ ਬਾਰੇ ਜਿੰਨੀ ਬਾਰੀਕੀ ਨਾਲ ਉਹ ਪਰਖ ਪੜਚੋਲ ਕਰਦੇ ਹਨ, ਉਹ ਆਪਣੇ ਆਪ ਵਿੱਚ ਇੱਕ ਨਾਦਰ ਨਮੂਨਾ ਅਤੇ ਅਨੂਠਾ ਅਨੁਭਵ ਹੈ। ਛੋਟੇ-ਛੋਟੇ ਟ੍ਰੈਕਟਾਂ ਨੂੰ ਵੱਖ-ਵੱਖ ਇਤਿਹਾਸਕ ਦਿਹਾੜਿਆਂ ਉਤੇ ਛਾਪ ਕੇ ਫ੍ਰੀ ਵੰਡਣ ਦੀ ਪ੍ਰਵਿਰਤੀ ਤਹਿਤ ਉਨ੍ਹਾਂ ਨੇ ਸਾਧਾਰਨ ਮਨ ਵਿੱਚ ਸਮਾਜਕ ਜਾਗ੍ਰਤੀ ਪੈਦਾ ਕਰਨ ਲਈ ਵਡਮੁੱਲਾ ਯੋਗਦਾਨ ਪਾਇਆ ਹੈ।
ਉਹ ਅਜਿਹੇ ਸਿਰੜੀ, ਸਿਦਕੀ, ਸੰਜਮੀ ਤੇ ਖੁਸ਼ ਰਹਿਣ ਵਾਲੇ ਵਿਅਕਤੀ ਸਨ ਕਿ ਉਨ੍ਹਾਂ ਨੇ ਲਗਾਤਾਰ ਸੱਠ ਸਾਲ ਸਾਹਿਤ ਰਚਨਾ ਕੀਤੀ। ਰਾਜ ਪੱਧਰੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਸਭਾਵਾਂ ਤੇ ਸੰਸਥਾਵਾਂ ਨੇ ਉਨ੍ਹਾਂ ਨੂੰ ਬੇਅੰਤ ਮਾਨ ਸਨਮਾਨ ਦਿੱਤੇ। ਸਿੱਖਿਆ ਵਿਭਾਗ ਤੋਂ ਸੇਵਾ ਮੁਕਤ ਹੋਣ ਉਪਰੰਤ ਉਨ੍ਹਾਂ ਨੇ ਬਹੁਤ ਸਾਰੇ ਸਪਤਾਹਿਕ, ਪੰਦਰਾਂ ਰੋਜ਼ਾ ਤੇ ਮਾਸਿਕ ਪੱਤਰਾਂ ਦੀ ਸੰਪਾਦਨਾ ਕੀਤੀ। ਚੀਫ਼ ਖਾਲਸਾ ਦੀਵਾਨ ਦੀ ਖਾਲਸਾ ਟ੍ਰੈਕਟ ਸੁਸਾਇਟੀ ਦੇ ‘ਨਿਰਗੁਣੀਆਰਾ’ ਪੱਤਰ ਦੀ ਉਨ੍ਹਾਂ ਨੇ ਢਾਈ ਦਹਾਕੇ ਸੰਪਾਦਨਾ ਹੀ ਨਹੀਂ ਕੀਤੀ, ਸਗੋਂ ਇਸ ਦੀ ਦਿੱਖ, ਦੱਖ ਤੇ ਮੈਟਰ ਨੂੰ ਵਿਉਂਤਣ ਤੇ ਪ੍ਰਸਤੁਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਭਾਈ ਵੀਰ ਸਿੰਘ ਜੀ ਦੇ ਗੁਰਬਾਣੀ ਕੋਸ਼ ਨੂੰ ਦੋ ਵਾਰ ਪੁਨਰ ਪ੍ਰਕਾਸ਼ਿਤ ਕਰਵਾ ਕੇ, ਗੁਰਬਾਣੀ ਪ੍ਰੇਮੀਆਂ ਦੀਆਂ ਦੁਬਿਧਾਵਾਂ ਸਰਲ ਕਰਨ ਵਿੱਚ ਆਪਣਾ ਹਿੱਸਾ ਪਾਇਆ। ਹਿੰਦ-ਪਾਕਿ ਵੰਡ ਦੀ ਤ੍ਰਾਸਦੀ ਝੱਲਦੇ ਹੋਏ ਅਗਸਤ 1947 ਵਿੱਚ ਉਹ ਬੱਦੋਮੱਲੀ ਤੋਂ ਆਪਣੇ ਜਿਸਮ ’ਤੇ ਬਰਛੀਆਂ ਦੇ ਦਰਜਨਾਂ ਜਖ਼ਮ ਲੈ ਕੇ ਅੰਮ੍ਰਿਤਸਰ ਪਹੁੰਚੇ, ਜੋ ਬਾਅਦ ਵਿੱਚ ਭਾਵੇਂ ਉਨ੍ਹਾਂ ਦੇ ਜਿਸਮ ਦਾ ਅਟੁੱਟ ਤੋਂ ਅਕੱਟ ਭਾਗ ਬਣ ਗਏ, ਪਰ ਇਸ ਕਰਮਯੋਗੀ ਵਿਅਕਤੀ ਨੇ ਕਦੀ ਭੂਤ-ਸਿਮਰਨ ਕਰਕੇ ਉਦਾਸੀ ਜਾਂ ਨਫ਼ਰਤ ਦਾ ਪ੍ਰਗਟਾਵਾ ਨਹੀਂ ਸੀ ਕੀਤਾ, ਸਗੋਂ ਚੰਗੇਰੇ ਕੱਲ੍ਹ ਦੀ ਸਿਰਜਣਾ ਵਿੱਚ ਯਤਨਸ਼ੀਲ ਰਹੇ। ਨਾਮਧਾਰੀ ਦਰਬਾਰ ਨੇ ਉਨ੍ਹਾਂ ਦੀਆਂ ਤਿੰਨ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਉਨ੍ਹਾਂ ਦੀ ਲੇਖਣੀ ਵਿੱਚ ਖੂਬਸੂਰਤ ਸ਼ਬਦਾਂ ਦਾ ਪ੍ਰਗਟਾਅ ਹੁੰਦਾ ਸੀ।
ਉਨ੍ਹਾਂ ਦੀਆਂ ਲਿਖਤਾਂ ਕਿਉਂਕਿ ਅੰਧ-ਵਿਸ਼ਵਾਸ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਦੀਆਂ ਸਨ, ਇਸ ਲਈ ਉਨ੍ਹਾਂ ਨੇ ਵਿਵਾਦਾਂ ਨੂੰ ਵੀ ਜਨਮ ਦਿੱਤਾ। ਉਨ੍ਹਾਂ ਨੇ ਸਦਾ ਇੱਕ ਖੁਸ਼ ਰਹਿਣੇ, ਮੁਹੱਬਤੀ ਤੇ ਦਿਲਆਵੇਜ਼ ਸ਼ਖ਼ਸ ਵਾਂਗ ਜੀਵਨ ਬਤੀਤ ਕੀਤਾ। ਉਹ ਅਜਿਹੀ ਮਿਕਨਾਤੀਸੀ ਸ਼ਖ਼ਸੀਅਤ ਦੇ ਮਾਲਕ ਸਨ ਕਿ ਜਿਹੜਾ ਸ਼ਖ਼ਸ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ, ਉਹ ਉਨ੍ਹਾਂ ਦੀ ਮੋਹ ਦੀ ਗੁਰੂਤਾ ਵਿੱਚੋਂ ਬਾਹਰ ਨਾ ਨਿਕਲ ਸਕਦਾ। ਉਨ੍ਹਾਂ ਦੇ ਛੋਟੇ ਭਰਾਤਾ ਬੇਦੀ ਖੁਸ਼ਹਾਲ ਸਿੰਘ ਵੈਦਰਾਜ ਨੇ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਆਯੁਰਵੇਦ ਤੇ ਨਿੱਜੀ ਅਨੁਭਵ ’ਤੇ ਆਧਾਰਿਤ ਪੁਸਤਕਾਂ ਦੀ ਰਚਨਾ ਕੀਤੀ। ਉਨ੍ਹਾਂ ਤੋਂ ਪ੍ਰੇਰਿਤ ਸ. ਕੁਲਵੰਤ ਸਿੰਘ ਸੂਫੀ ਚੰਗੇ ਵਕਤਾ, ਸ. ਹਰਜੀਤ ਸਿੰਘ ਬੇਦੀ ਚੰਗੇ ਕਹਾਣੀਕਾਰ ਸਨ ਅਤੇ ਪ੍ਰੋਫੈਸਰ ਹਰਚੰਦ ਸਿੰਘ ਬੇਦੀ ਨੇ ਸਾਹਿਤ-ਆਲੋਚਨਾ, ਸਿੱਖ ਇਤਿਹਾਸ ਤੇ ਪਰਵਾਸੀ ਸਾਹਿਤ ਦੇ ਖੇਤਰ ਵਿੱਚ ਵੱਡਾ ਨਾਂ ਕਮਾਇਆ ਹੈ। ਦਿਲਜੀਤ ਸਿੰਘ ਬੇਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਅਹੁਦੇ ਤੋਂ ਸੇਵਾ ਮੁਕਤ ਹੋਏ ਤੇ ਗੁਰਮਤਿ ਸਾਹਿਤ ਤੇ ਇਤਿਹਾਸ ਨਾਲ ਸਬੰਧਤ ਦੋ ਦਰਜਨ ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ। ਸ਼੍ਰੋਮਣੀ ਕਮੇਟੀ ਦੇ ਮਾਸਕ ਪੱਤਰਾਂ ਦੇ ਲੰਮਾਂ ਸਮਾਂ ਪਬਲੀਸ਼ਰ ਤੇ ਸੰਪਾਦਕ ਵੀ ਰਹੇ। ਬੇਦੀ ਲਾਲ ਸਿੰਘ ਦੀ ਸ਼ਖ਼ਸੀਅਤ ਦਾ ਇੱਕ ਮੀਰੀ ਗੁਣ ਇਹ ਸੀ ਕਿ ਉਨ੍ਹਾਂ ਨੂੰ ਫਿਲਬਦੀਹ ਸ਼ੇਅਰ ਕਹਿਣ ਤੇ ਉਨ੍ਹਾਂ ਪ੍ਰਤੀ ਵਿਚਾਰ ਪੈਦਾ ਕਰਨ ਦੀ ਬੜੀ ਸਮਝ ਸੀ। ਇਸੇ ਲਈ ਵੱਡੀਆਂ-ਵੱਡੀਆਂ ਮਹਿਫ਼ਿਲਾਂ ਵਿੱਚ ਉਹ ਵਿਦਵਾਨਾਂ ਨਾਲ ਸੰਵਾਦ ਰਚਾਉਂਦੇ ਤੇ ਉਨ੍ਹਾਂ ਨੂੰ ਨਿਰਉਤਰ ਕਰ ਦਿੰਦੇ ਸਨ।
ਯਾਦ ਹੈ ਕਿ ਬਹੁਤ ਸਮਾਂ ਪਹਿਲਾਂ ਮਾਸਟਰ ਤਾਰਾ ਸਿੰਘ ਨੇ ਇੱਕ ਵਾਰ ਕਾਸ਼ਤੀਵਾਲ ਵਿਖੇ ਇੱਕ ਵੱਡੀ ਕਾਨਫਰੰਸ ਕੀਤੀ, ਜਿਸ ਦੇ ਰੂਹੇ ਰਵਾਂ ਬੇਦੀ ਲਾਲ ਸਿੰਘ ਸਨ। ਬੱਸ ਉਸ ਦਿਨ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਪੰਜਾਬੀ ਦਾ ਸ਼ਾਇਦ ਹੀ ਕੋਈ ਅਖ਼ਬਾਰ ਜਾਂ ਰਸਾਲਾ ਹੋਵੇ, ਜਿਸ ਨੇ ਬੇਦੀ ਸਾਹਿਬ ਦੀਆਂ ਰਚਨਾਵਾਂ ਨੂੰ ਆਦਰ ਸਹਿਤ ਨਾ ਛਾਪਿਆ ਹੋਵੇ। ਉਨ੍ਹਾਂ ਬਾਰੇ ਛਪੇ ਅਭਿਨੰਦਨ ਗ੍ਰੰਥ ਵਿੱਚ ਸਵਰਗਵਾਸੀ ਡਾ. ਪਿਆਰ ਸਿੰਘ ਨੇ ਲਿਖਿਆ ਕਿ ਬੇਦੀ ਸਾਹਿਬ ਦੀ ਥਾਂ ਜੇਕਰ ਕੋਈ ਹੋਰ ਹੁੰਦਾ ਤਾਂ ਉਹ ਆਪਣੀ ਪਿਛਲੀ ਕੌਮੀ ਸੇਵਾ ਅਤੇ ਘੱਲੂਘਾਰੇ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਨੂੰ ਵਰਤ ਕੇ ਰਾਜਨੀਤੀ ਵਿੱਚ ਆਪਣੀ ਥਾਂ ਬਣਾ ਲੈਂਦਾ, ਪਰ ਇੱਥੇ ਤਾਂ ਉਹ ਚਤੁਰ ਰਾਜਨੀਤਕ ਨਹੀਂ, ਇੱਕ ਨਿਰਮਾਣ ਸੇਵਕ ਸੀ। ਸੋ ਉਹ ਤਾਂ ਆਦਰਸ਼ ਕੀਮਤਾਂ ਰੱਖਣ ਵਾਲਾ ਸਾਹਿਤਕਾਰ, ਦੁਨੀਆਂਦਾਰੀ ਤੋਂ ਅਭਿੱਜ ਸਾਹਿਤਕਾਰ ਸੀ।
ਬੇਦੀ ਸਾਹਿਬ ਆਪਣੇ ਆਪ ਵਿੱਚ ਇੱਕ ਸਦੀ ਦਾ ਇਤਿਹਾਸ ਸਨ, ਉਨ੍ਹਾਂ ਨੇ ਆਪਣੀਆਂ ਯਾਦਾਂ ਨੂੰ ਭਾਵੇਂ ਵਿਧੀਵਤ ਰੂਪ ਵਿੱਚ ਤਾਂ ਪ੍ਰਕਾਸ਼ਿਤ ਨਹੀਂ ਕਰਵਾਇਆ, ਪਰ ਉਹ ਮੂਲ ਰੂਪ ਵਿੱਚ ਇੱਕ ਨਿਸ਼ਠਾਵਾਨ ਸਿੱਖ ਸਨ, ਜਿਨ੍ਹਾਂ ਨੇ ਬਾਣੀ ਦੇ ਮਹਾਤਮ ਨੂੰ ਕੇਵਲ ਸਮਕਾਲੀ ਪ੍ਰਸਥਿਤੀਆਂ ਵਿੱਚ ਹੀ ਨਹੀਂ, ਸਗੋਂ ਤ੍ਰੈਕਾਲੀ ਦ੍ਰਿਸ਼ਟੀ ਬਿੰਦੂ ਤੋਂ ਵਾਚਣ ਦੀ ਕੋਸ਼ਿਸ਼ ਕੀਤੀ। ਬੇਦੀ ਸਾਹਿਬ ਦੀਆਂ ਦਰਜਨਾਂ ਪੁਸਤਕਾਂ ਤੇ ਸੈਂਕੜੇ ਟ੍ਰੈਕਟ ਛਪੇ ਹਨ। ਅਖ਼ਬਾਰਾਂ ਵਿੱਚ ਛਪੇ ਆਰਟੀਕਲਾਂ ਦੇ ਮਾਧਿਅਮ ਰਾਹੀਂ ਢੇਰਾਂ ਦੋਸਤੀਆਂ ਉਨ੍ਹਾਂ ਨੇ ਬਣਾਈਆਂ। ਉਨ੍ਹਾਂ ਦੀ ਸਾਫ਼ਗੋਈ ਤੇ ਖੁਸ਼ਲਿਬਾਸੀ ਦੁਸ਼ਮਣਾਂ ਦਾ ਹੀ ਦਿਲ ਮੋਹ ਲੈਂਦੀ ਸੀ। ਉਨ੍ਹਾਂ ਦਾ ਦੁਸ਼ਮਣ ਕੋਈ ਨਹੀਂ ਸੀ, ਲੋਕ ਉਨ੍ਹਾਂ ਨਾਲ ਕਦੀ-ਕਦੀ ਹਸਦ ਕਰਦੇ ਸਨ। ਉਹ ਹਮੇਸ਼ਾ ਦੂਜਿਆਂ ਦੇ ਕੰਮ ਆਉਣ ਲਈ ਤਤਪਰ ਰਹਿੰਦੇ ਸਨ।
ਬੇਦੀ ਸਾਹਿਬ ਦੀ ਸ਼ਖ਼ਸੀਅਤ ਦਾ ਇੱਕ ਹੋਰ ਮੀਰੀ ਗੁਣ ਇਹ ਸੀ ਕਿ ਉਨ੍ਹਾਂ ਦੀ ਰਫ਼ਤਾਰ, ਗੁਫਤਾਰ ਤੇ ਦਸਤਾਰ ਰਲ ਕੇ ਇੱਕ ਭਾਵਪੂਰਤ ਕਿਰਦਾਰ ਸਿਰਜਦੀਆਂ ਸਨ। ਰਫ਼ਤਾਰ ਉਨ੍ਹਾਂ ਦੀ ਹਮੇਸ਼ਾ ਤੇਜ਼, ਗੁਫ਼ਤਾਰ ਸੰਜਮੀ ਤੇ ਪ੍ਰਭਾਵੀ, ਦਸਤਾਰ ਬੰਨਣ ਦੀ ਸ਼ੈਲੀ ਅਸਲੋਂ ਵੱਖਰੀ ਤੇ ਨਿਵੇਕਲੀ। ਦਗ-ਦਗ ਕਰਦਾ ਚਿਹਰਾ, ਰੋਸ਼ਨ ਅੱਖਾਂ, ਖਿੜਿਆ ਮਨ ਤੇ ਹੁਲਾਸ ਨਾਲ ਭਰਿਆ ਵਿਹਾਰ। ਉਨ੍ਹਾਂ ਦੀ ਜ਼ਿੰਦਗੀ ਵਿੱਚ ਤਿੰਨ ਐਕਸੀਡੈਂਟ ਵੀ ਹੋਏ ਅਤੇ ਉਨ੍ਹਾਂ ਨੇ ਹਮੇਸ਼ਾ ਆਪਣੇ ਆਤਮਬਲ ਦੇ ਸਹਾਰੇ ਛੇਤੀ ਨਿਰੋਗ ਹੋ ਕੇ ਡਾਕਟਰਾਂ ਤੇ ਸਬੰਧੀਆਂ ਨੂੰ ਅਚੰਭਿਤ ਕੀਤਾ। ਉਨ੍ਹਾਂ ਨੇ ਲੰਬਾ ਸਮਾਂ ਆਪਣੀਆਂ ਅੱਖਾਂ ਗੁਆ ਚੁੱਕੀ ਪਤਨੀ ਦੀ ਆਦਰਸ਼ਕ ਪੱਧਰ ’ਤੇ ਸੇਵਾ ਕੀਤੀ। ਉਨ੍ਹਾਂ ਦੇ ਇਨ੍ਹਾਂ ਮਾਨਵੀ ਤੇ ਦਿਆਲੂ ਸੁਭਾਅ ਕਰਕੇ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਤੇ ਪਿਆਰਿਆਂ ਦਾ ਘੇਰਾ ਹਮੇਸ਼ਾਂ ਵਸੀਹ ਹੁੰਦਾ ਗਿਆ। ਉਨ੍ਹਾਂ ਦੀ ਸ਼ਖਸੀਅਤ ਹੀ ਇੰਨੀ ਪਿਆਰੀ ਸੀ ਕਿ ਬਹੁਤੇ ਕਲਮਕਾਰ ਉਨ੍ਹਾਂ ਪਾਸੋਂ ਸਿੱਖਿਆ-ਦੀਖਿਆ ਲੈਣ ਲਈ ਨਿਰੰਤਰ ਉਨ੍ਹਾਂ ਕੋਲ ਆਪਣਾ ਡੇਰਾ ਜਮਾਈ ਰੱਖਦੇ ਸਨ।
ਅੰਤਿਮ ਛਿਣਾਂ ਵਿੱਚ ਉਨ੍ਹਾਂ ਨੇ ਕਾਗਜ਼ ’ਤੇ ਲਿਖ ਕੇ ਦਿੱਤਾ ਕਿ “ਸਾਡਾ ਹੁਣ ਅੰਤਮ ਸਮਾਂ ਆ ਗਿਆ ਹੈ।” ਇਸ ਉਪਰੰਤ ਉਨ੍ਹਾਂ ਪਾਣੀ ਦਾ ਸੇਵਨ ਕੀਤਾ ਤੇ ਇਸ ਫ਼ਾਨੀ ਸੰਸਾਰ ਨੂੰ ਤਿਆਗ ਗਏ। ਅਜਿਹੇ ਕਰਮਯੋਗੀ ਤੇ ਪੁਰਸ਼ਾਰਥ ਨਾਲ ਭਰਪੂਰ ਵਿਅਕਤੀਆਂ ਦੀ ਜ਼ਿੰਦਗੀ ਜਿਥੇ ਪ੍ਰੇਰਨਾ ਦਾ ਸੋਮਾ ਬਣਦੀ ਹੈ, ਉਥੇ ਅਨੁਕਰਣ ਦਾ ਹੀ ਸਬੱਬ ਬਣਦੀ ਹੈ। ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿੱਚ ਹਮੇਸ਼ਾ ਜ਼ਾਲਮ, ਜ਼ੁਲਮ ਤੇ ਮਜ਼ਲੂਮ ਵਿੱਚ ਤਮੀਜ਼ ਕਰਨ ਦੀ ਜਾਂਚ ਦੱਸੀ। ਉਹ ਸ਼ਬਦਾਂ ਦੇ ਰੂਪਾਂਤ੍ਰਣ ਨਾਲ ਮਨੁੱਖੀ ਮਾਨਸਿਕਤਾ ਵਿੱਚ ਹੋ ਰਹੀ ਤਬਦੀਲੀ ਨੂੰ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਦੇ। ਉਨ੍ਹਾਂ ਪਰਮਾਰਥ, ਪੁਰਸ਼ਾਰਥ, ਪਦਾਰਥ ਤੇ ਸਵਾਰਥ ਨੂੰ ਇੱਕ ਅਜਿਹੀ ਦ੍ਰਿਸ਼ਟੀ ਵਾਂਗ ਗ੍ਰਹਿਣ ਕੀਤਾ, ਜੋ ਸਵਾਰਥ ਦੇ ਚਰਿੱਤਰ ਤੋਂ ਵਿੱਥ ਰੱਖ ਕੇ ਵਿਚਰਦੀ ਸੀ। ਅਸੀਂ ਮਹਿਸੂਸ ਕਰਦੇ ਹਾਂ ਕਿ ਭਾਵੇਂ ਉਹ ਆਪਣੇ ਪਿੱਛੇ ਪੰਜ ਪੁੱਤਰ ਤੇ ਦੋ ਧੀਆਂ ਛੱਡ ਗਏ ਸਨ, ਜੋ ਆਪੋ ਆਪਣੇ ਖੇਤਰਾਂ ਵਿੱਚ ਪ੍ਰਸਿਧੀ ਪ੍ਰਾਪਤ ਕਰ ਚੁਕੇ ਤੇ ਕਰ ਰਹੇ ਹਨ, ਪਰ ਉਨ੍ਹਾਂ ਦੀ ਪ੍ਰੇਰਨਾਦਾਇਕ ਸ਼ਖ਼ਸੀਅਤ ਅਤੇ ਉਨ੍ਹਾਂ ਵੱਲੋਂ ਸਿਰਜੇ ਗਏ ਬੇਸ਼-ਕੀਮਤੀ ਪ੍ਰਬੰਧ ਹੀ, ਅਜਿਹੀ ਕੁੰਜੀ ਹੈ, ਜੋ ਅੱਜ ਚੰਗੇਰੇ ਸਮਾਜ ਦੀ ਸਿਰਜਣਾ ਲਈ ਸਾਰਥਿਕ ਤੇ ਮੁੱਲਵਾਨ ਭੂਮਿਕਾ ਨਿਭਾਅ ਸਕਦੀ ਹੈ। ਪਹਿਲਾਂ ਉਨ੍ਹਾਂ ਨੇ ਦੇਸ਼ ਸੇਵਕ ਦਲ ਬਣਾਇਆ, ਜੋ ਜਨ ਸੇਵਾ ਨੂੰ ਸਮਰਪਿਤ ਸੀ। ਫਿਰ ਉਨ੍ਹਾਂ ਨੇ ਥਾਣਿਆਂ ਤੇ ਕਾਨੂੰਨ ਤੋਂ ਵਿੱਥ ਥਾਪ ਕੇ ਸਮਾਜਿਕ ਨਿਆਂ ਲਈ, ਭਾਈਚਾਰਕ ਕਚਹਿਰੀਆਂ ਬਣਾਈਆਂ ਤੇ ਭਾਈਬੰਦੀ ਦੇ ਨੇਮਾਂ ਅਨੁਸਾਰ ਝਗੜੇ ਦੇ ਨਿਪਟਾਰੇ ਕੀਤੇ। ਮਜ਼ਦੂਰਾਂ ਦੀਆਂ ਆਬਾਦੀਆਂ ਵਿੱਚ ਰਹਿ ਕੇ ਉਨ੍ਹਾਂ ਨੇ ਜਾਗਰੂਕਤਾ ਤੇ ਸ਼ਉਰ ਪੈਦਾ ਕੀਤਾ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਸ਼ਬਦਾਂ ਵਿੱਚ ਪਕੜ ਸਕਣਾ ਸੰਭਵ ਨਹੀਂ, ਇਉਂ ਪ੍ਰਤੀਤ ਹੁੰਦਾ ਹੈ ਜਿਵੇਂ ਅਜਿਹੇ ਵਿਅਕਤੀ ਨੂੰ ਬਿਰਤਾਂਤ ਵਿੱਚ ਢਾਲਣ ਲੱਗਿਆਂ ਭਾਸ਼ਾ ਵੀ ਊਣੀ-ਊਣੀ ਤੇ ਸੱਖਣੀ-ਸੱਖਣੀ ਮਹਿਸੂਸ ਕਰਦੀ ਹੈ।
ਬੇਦੀ ਜੀ ਦੇ ਅਕਾਲ ਚਲਾਣੇ ਬਾਰੇ ਸੁਣ ਕੇ, ਉਨ੍ਹਾਂ ਦੇ ਸੁਨੇਹੀਆਂ ਨੂੰ ਵਿਸ਼ਵਾਸ ਨਹੀਂ ਸੀ ਆਉਂਦਾ, ਕਿਉਂਕਿ ਉਹ ਨਿਰੰਤਰ ਉਨ੍ਹਾਂ ਨੂੰ ਜੀਵਨ ਦੇ ਕਿਸੇ ਨਾ ਕਿਸੇ ਮੋੜ ਤੇ ਹੱਸਦੇ ਖੇਡਦੇ, ਅਸੀਸਾਂ ਦਿੰਦੇ ਮਿਲੇ ਸਨ। ਭਾਈ ਵੀਰ ਸਿੰਘ, ਪ੍ਰੋ. ਪੂਰਨ ਸਿੰਘ, ਡਾ. ਬਲਬੀਰ ਸਿੰਘ ਵਰਗੇ ਚਿੰਤਕ ਸਾਹਿਤਕਾਰਾਂ ਦੀ ਉਤਰਕਾਲੀ ਪੀੜ੍ਹੀ ਵਿੱਚੋਂ ਬੇਦੀ ਜੀ ਉਹ ਵਿਦਵਾਨ ਸਨ, ਜਿਨ੍ਹਾਂ ਨੇ ਸਾਰੀ ਉਮਰ ਨਿਰਸਵਾਰਥ ਹੋ ਕੇ ਸਾਹਿਤ ਸਾਧਨਾ ਕੀਤੀ ਅਤੇ ਕਦੀ ਇਸ ਸਾਧਨਾ ਲਈ ਕਿਸੇ ਲਾਭ ਦੀ ਇੱਛਾ ਨਹੀਂ ਕੀਤੀ। ਦਸੰਬਰ 1910 ਵਿੱਚ ਜਨਮੇ ਬੇਦੀ ਲਾਲ ਸਿੰਘ ਪਹਿਲੀ ਮਈ 2000 ਦੀ ਅੱਧੀ ਰਾਤ ਨੂੰ ਇਸ ਫਾਨੀ ਸੰਸਾਰ ਨੂੰ ਸਦੀਵੀਂ ਅਲਵਿਦਾ ਕਹਿ ਗਏ।

Leave a Reply

Your email address will not be published. Required fields are marked *