*ਆਰਥਕ, ਸਮਾਜਕ ਤੇ ਰਾਖਵੇਂਕਰਣ ਦੇ ਮੁੱਦੇ ਕੇਂਦਰ ਵਿੱਚ ਆਏ
*ਭਾਜਪਾ ਦੀ ਮੁਸਲਮਾਨਾਂ ਖਿਲਾਫ ਨਫਰਤੀ ਮੁਹਿੰਮ ਤੇਜ਼
ਜਸਵੀਰ ਸਿੰਘ ਸ਼ੀਰੀ
ਦੇਸ਼ ਪੱਧਰ ‘ਤੇ ਲੋਕ ਸਭਾ ਚੋਣਾਂ ਦਾ ਤੀਸਰਾ ਦੌਰ ਗੁਜ਼ਰ ਗਿਆ ਹੈ। ਇਸ ਵਾਰ ਜਿਹੜੀਆਂ 93 ਸੀਟਾਂ ‘ਤੇ ਚੋਣ ਹੋਈ ਹੈ, ਉਨ੍ਹਾਂ ਵਿੱਚੋਂ 80 ਭਾਜਪਾ ਕੋਲ ਸਨ ਅਤੇ ਭਾਜਪਾ ਦੇ ਵਿਰੋਧੀ ਚੋਣ ਪੰਡਿਤਾਂ ਦਾ ਕਹਿਣਾ ਹੈ ਕਿ ਇਸ ਵਾਰ ਭਾਜਪਾ ਨੂੰ ਪਿਛਲੀ ਵਾਰ ਜਿੰਨੀਆਂ ਸੀਟਾਂ ਮਿਲਣ ਦੀ ਉਮੀਦ ਨਹੀਂ ਹੈ। ਵਿਰੋਧੀ, ਭਾਜਪਾ ਨੂੰ ਇਸ ਵਾਰ 60 ਕੁ ਸੀਟਾਂ ਦੇ ਰਹੇ ਹਨ, ਜਦਕਿ ਭਾਜਪਾ ਪੱਖੀ ਮੇਨ ਸਟਰੀਮ ਮੀਡੀਆ ਭਾਰਤੀ ਜਨਤਾ ਪਾਰਟੀ ਦੀ ਵੱਡੀ ਜਿੱਤ ਦਾ ਦਾਅਵਾ ਕਰ ਰਿਹਾ ਹੈ।
ਹੁਣ ਤੱਕ ਕੁੱਲ ਮਿਲਾ ਕੇ 283 ਸੀਟਾਂ ‘ਤੇ ਚੋਣ ਹੋ ਚੁੱਕੀ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ ਅੱਧ ਤੋਂ ਵੱਧ ਲੋਕ ਸਭਾਂ ਸੀਟਾਂ ‘ਤੇ ਵੋਟਾਂ ਪੈ ਗਈਆਂ ਹਨ। ਤੀਜੇ ਗੇੜ ਵਿੱਚ ਕੁੱਲ ਮਿਲਾ ਕੇ ਕਰੀਬ 68 ਫੀਸਦੀ ਵੋਟਿੰਗ ਹੋਈ ਹੈ।
ਯਾਦ ਰਹੇ, ਲੋਕ ਸਭਾ ਵਿੱਚ ਕੁੱਲ ਸੀਟਾਂ ਦੀ ਗਿਣਤੀ 543 ਹੈ। ਅਗਲੇ ਦਿਨਾਂ ਵਿੱਚ ਵੋਟਿੰਗ ਦੇ ਚਾਰ ਗੇੜ ਹੋਰ ਹੋਣੇ ਹਨ ਅਤੇ ਪੰਜਾਬ ਵਿੱਚ ਵੋਟਾਂ ਆਖਰੀ ਗੇੜ ਵਿੱਚ ਪਹਿਲੀ ਜੂਨ ਨੂੰ ਪੈਣਗੀਆਂ ਅਤੇ ਨਤੀਜੇ 4 ਜੂਨ ਨੂੰ ਸਾਹਮਣੇ ਆਉਣਗੇ। ਚੌਥੇ, ਪੰਜਵੇਂ, ਛੇਵੇਂ ਅਤੇ ਸੱਤਵੇਂ ਗੇੜ ਦੀਆਂ ਵੋਟਾਂ ਕ੍ਰਮਵਾਰ 13 ਮਈ, 20 ਮਈ, 25 ਮਈ ਅਤੇ ਪਹਿਲੀ ਜੂਨ ਨੂੰ ਪੈਣਗੀਆਂ। ਇਸ ਤਰ੍ਹਾਂ ਚੋਣਾਂ ਦਾ ਇਹ ਲਟਕਵਾਂ ਦੌਰ ਹੋਣ ਕਰਕੇ ਹਰ ਗੇੜ ਵਿੱਚ ਚੋਣ ਮੁੱਦੇ ਵੀ ਬਦਲ ਰਹੇ ਹਨ। ਵੋਟਾਂ ਦਾ ਪਹਿਲਾ ਦੌਰ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਨੂੰ ਆਸ ਸੀ ਕਿ ਰਾਮ ਮੰਦਰ ਦੇ ਮੁੱਦੇ ‘ਤੇ ਹੀ ਉਹ ਮੇਲਾ ਲੁੱਟ ਲੈਣਗੇ, ਪਰ ਬਾਅਦ ਵਿੱਚ ਚੋਣ ਬੌਂਡ ਦੇ ਘਪਲੇ ਵਾਲਾ ਮਸਲਾ ਸਾਹਮਣੇ ਆਉਣ ਨਾਲ ਸਾਰੀ ਸਥਿਤੀ ਬਦਲ ਗਈ। ਰਾਮ ਮੰਦਰ ਦੇ ਮੁੱਦੇ ‘ਤੇ ਅਗਰੈਸਿਵ ਹੋ ਰਹੀ ਭਾਜਪਾ ਨੂੰ ਚੋਣ ਬੌਂਡ ਵਾਲੇ ਮਸਲੇ ‘ਤੇ ਡਿਫੈਂਸਿਵ ਹੋਣ ਲਈ ਮਜ਼ਬੂਰ ਹੋਣਾ ਪਿਆ। ਚੋਣਾਂ ਦੇ ਪਹਿਲੇ ਪੜਾਅ ਵਿੱਚ ਮੋਦੀ ਦੀ ਗਾਰੰਟੀ ਅਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦਾ ਮੁਦਾ ਵੀ ਉਭਰਿਆ। ਚੋਣਾਂ ਦੇ ਐਲਾਨ ਤੋਂ ਬਾਅਦ ਦਿੱਲੀ ਆਬਕਾਰੀ ਘਪਲੇ ਵਿੱਚ ਬੀ.ਆਰ.ਐਸ. ਦੇ ਮੁਖੀ ਚੰਦਰ ਸ਼ੇਖਰ ਰਾਓ ਦੀ ਬੇਟੀ ਕਵਿਤਾ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਇੱਕ ਹੋਰ ਭ੍ਰਿਸ਼ਟਾਚਾਰ ਦੇ ਕਥਿਤ ਮਾਮਲੇ ਵਿੱਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਗ੍ਰਿਫਤਾਰੀ ਨੂੰ ਵਿਰੋਧੀ ਧਿਰ ਨੇ ਰੜਕਵੇਂ ਮੁੱਦੇ ਬਣਾਇਆ। ਇਸ ਸੰਬੰਧ ਵਿੱਚ ਇੰਡੀਆ ਗੱਠਜੋੜ ਵੱਲੋਂ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਇੱਕ ਸਾਂਝੀ ਰੈਲੀ ਵੀ ਕੀਤੀ ਗਈ। ਵਿਰੋਧੀ ਧਿਰ ਦੀ ਇਹ ਰੈਲੀ ਪ੍ਰਭਾਵਸ਼ਾਲੀ ਰਹੀ। ਇਸ ਤਰ੍ਹਾਂ ਕੇਜਰੀਵਾਲ ਅਤੇ ਹੋਰ ਵਿਰੋਧੀ ਆਗੂਆਂ ਦੀ ਗ੍ਰਿਫਤਾਰੀ ਦਾ ਮੁੱਦਾ ਭਾਜਪਾ ਨੂੰ ਉਲਟਾ ਪੈਂਦਾ ਵਿਖਾਈ ਦਿੱਤਾ।
ਜਿੱਥੇ ਇੱਕ ਪਾਸੇ ਵਿਰੋਧੀ ਧਿਰ ਭਾਜਪਾ ‘ਤੇ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਦੇ ਦੋਸ਼ ਲਾਉਂਦੀ ਰਹੀ, ਉਥੇ ਐਨ.ਡੀ.ਏ. ਨੇ ਵਿਰੋਧੀ ਧਿਰ ਦੇ ਆਗੂਆਂ ਵੱਲੋਂ ਕਥਿਤ ਰੂਪ ਵਿੱਚ ਕੀਤੇ ਗਏ ਭ੍ਰਿਸ਼ਟਾਚਾਰ ਨੂੰ ਕੇਂਦਰ ਵਿੱਚ ਲਿਆਂਦਾ। ਭਾਜਪਾ ‘ਮੋਦੀ ਕੀ ਗਾਰੰਟੀ’ ਅਤੇ ‘ਅਬ ਕੀ ਬਾਰ ਚਾਰ ਸੌ ਪਾਰ’ ਦਾ ਨਾਹਰਾ ਵੀ ਲਗਾਉਂਦੀ ਰਹੀ। ਵਿਰੋਧੀ ਆਗੂਆਂ ਨੇ ਮਹਿੰਗਾਈ, ਬੇਰੁਜ਼ਗਾਰੀ ਅਤੇ ਫੌਜ ਵਿੱਚ ਰੈਗੂਲਰ ਭਰਤੀ ਨੂੰ ਬੰਦ ਕਰ ਦੇਣ ਦੇ ਮੁੱਦਿਆਂ ਨੂੰ ਭਾਜਪਾ ਸਰਕਾਰ ਵਿਰੁਧ ਜ਼ੋਰ ਨਾਲ ਉਭਾਰਿਆ। ਕਾਂਗਰਸ ਨੇ ਹਰ ਔਰਤ ਲਈ ਸਾਲ ਦਾ ਇੱਕ ਲੱਖ ਰੁਪਏ ਦੇਣ, ਨੌਜੁਆਨਾਂ ਲਈ ਲਾਜ਼ਮੀ ਅਪਰੈਂਟਸ਼ਿਪ ਅਤੇ ਇਸ ਦੌਰਾਨ ਇੱਕ ਸਾਲ ਵਿੱਚ ਉਨ੍ਹਾਂ ਲਈ ਇੱਕ ਲੱਖ ਰੁਪਟੇ ਦੇਣ ਦਾ ਐਲਾਨ ਕੀਤਾ। ਕੇਂਦਰ ਸਰਕਾਰ ਵਿੱਚ ਪਈਆਂ 30 ਲੱਖ ਨੌਕਰੀਆਂ ਭਰਨ ਦਾ ਵਾਅਦਾ ਵੀ ਕਾਂਗਰਸ ਨੇ ਕੀਤਾ ਹੈ। ਇਨ੍ਹਾਂ ਮੁੱਦਿਆਂ ਦੇ ਉਭਰਨ ਨਾਲ ਭਾਜਪਾ ਨੂੰ ਵੀ ਆਰਥਿਕ ਮੁੱਦਿਆਂ ਵੱਲ ਮੁੜਨਾ ਪਿਆ।
ਇਸ ਤੋਂ ਇਲਾਵਾ ਪੱਛਮੀ ਬੰਗਾਲ ਦੇ ਸੰਦੇਸ਼ਖਲੀ ਵਿੱਚ ਇੱਕ ਮੁਸਲਿਮ ਆਗੂ ਵਿਰੁਧ ਔਰਤਾਂ ਦੇ ਜਿਣਸੀ ਸੋਸ਼ਣ ਦਾ ਮੁੱਦਾ ਵੀ ਉਭਰਿਆ। ਭਾਜਪਾ ਨੇ ਇਸ ਮੁੱਦੇ ਨੂੰ ਵੀ ਹਿੰਦੂ-ਮੁਸਲਮਾਨ ਵਿਚਕਾਰ ਸਨਸਨੀਖੇਜ਼ ਮਸਲਾ ਬਣਾਉਣ ਦਾ ਯਤਨ ਕੀਤਾ। ਇਹ ਗਨੀਮਤ ਹੀ ਕਹੀ ਜਾਵੇਗੀ ਕਿ ਅਜਿਹੀ ਗਰਮਾ-ਗਰਮ ਬਹਿਸ ਵਿੱਚ ਕਿਧਰੇ ਫਿਰਕੂ ਦੰਗੇ ਨਹੀਂ ਹੋਏ।
ਦੂਜਾ ਗੇੜ ਸ਼ੁਰੂ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਤਿਲੰਗਾਨਾਂ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਕੇ ਬਿਹਾਰ ਵਾਂਗ ਸਾਰੇ ਦੇਸ਼ ਵਿੱਚ ਜਾਤ ਆਧਾਰਤ ਮਰਦਮਸ਼ੁਮਾਰੀ ਕਰਵਾਉਣ ਦੀ ਗੱਲ ਕਹੀ। ਇਸ ਦਰਮਿਆਨ ਕਾਂਗਰਸ ਦੇ ਮੈਨੀਫੈਸਟੋ ਵਿਚਲਾ ਆਰਥਕ ਸਰਵੇਖਣ ਕਰਵਾਉਣ ਦਾ ਮੁੱਦਾ ਵੀ ਨਾਲ ਜੁੜ ਗਿਆ। ਇਸ ਸਾਰੇ ਕੁਝ ਬਾਰੇ ਬਿਆਨ ਦਿੰਦਿਆਂ ਕਾਂਗਰਸ ਦੇ ਓਵਰਸੀਜ਼ ਆਗੂ ਸੈਮ ਪੈਤਰੋਦਾ ਨੇ ਵਿਰਾਸਤ ਟੈਕਸ ਅਤੇ ਆਰਥਕ ਸੋਮਿਆਂ ਵਿੱਚ ਨਾਬਰਾਬਰੀ ਨੂੰ ਘੱਟ ਕਰਨ ਦੀ ਗੱਲ ਕਹੀ। ਕਾਂਗਰਸ ਦੀ ਇਹ ਸਾਰੀ ਦਲੀਲ ਦੇਸ਼ ਦੀ ਪੂੰਜੀ ਗਿਣਤੀ ਦੇ ਹੱਥਾਂ ਵਿੱਚ ਇਕੱਠੀ ਹੋ ਜਾਣ ਦੇ ਸੰਦਰਭ ਵਿੱਚ ਸੀ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਬਹਿਸ ਨੂੰ ਬਹੁਤ ਹੀ ਨੀਵੇਂ ਪੱਧਰ ਦੇ ਚੋਣ ਪ੍ਰਾਪੇਗੰਡੇ ਵਿੱਚ ਤਬਦੀਲ ਕਰ ਦਿੱਤਾ। ਉਨ੍ਹਾਂ ਮੱਧ ਵਰਗ ਅਤੇ ਗਰੀਬ ਵਰਗਾਂ ਨੂੰ ਸੰਬੋਧਨ ਕਰਦਿਆਂ ਦਲੀਲ ਦਿੱਤੀ ਕਿ ਜੇ ਕਾਂਗਰਸ ਦੀ ਸਰਕਾਰ ਆ ਗਈ ਤਾਂ ਤੁਹਾਡੇ ਚਾਰ ਕਮਰਿਆਂ ਦੇ ਫਲੈਟ ਵਿੱਚੋਂ ਦੋ ਖੋਹ ਕੇ ਕਿਸੇ ਹੋਰ ਨੂੰ ਦੇ ਦਿੱਤੇ ਜਾਣਗੇ। ਮੋਦੀ ਨੇ ਕਿਹਾ, “ਇਹ ਤੁਹਾਡੇ ਮੰਗਲ ਸੂਤਰ ਵੀ ਖੋਹ ਕੇ ਲੈ ਜਾਣਗੇ, ਜੇ ਤੁਹਾਡੇ ਘਰ ਦੋ ਮੱਝਾਂ ਹੋਣਗੀਆਂ ਤਾਂ ਇੱਕ ਕਾਂਗਰਸ ਲੈ ਜਾਏਗੀ।” ਜਿਸ ਕਿਸਮ ਦੇ ਮੁੱਦੇ ਪ੍ਰਧਾਨ ਮੰਤਰੀ ਉਭਾਰ ਰਹੇ ਸਨ, ਉਸ ਨੂੰ ਸੁਣ ਕੇ ਇਹ ਪਤਾ ਲਗਦਾ ਸੀ ਕਿ ਪ੍ਰਧਾਨ ਮੰਤਰੀ ਦੇਸ਼ ਵਿੱਚ ਫੈਲੀ ਗਰੀਬੀ ਅਤੇ ਆਮਦਨ ਦੇ ਪੱਧਰ ਤੋਂ ਵਾਕਫ ਹਨ। ਪ੍ਰਧਾਨ ਮੰਤਰੀ ਦੇ ਇਸ ਹਮਲੇ ਦਾ ਜੁਆਬ ਪ੍ਰਿਅੰਕਾ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਅਤੇ ਆਪਣੇ ਪਿਤਾ ਰਾਜੀਵ ਗਾਂਧੀ ਦੀ ਹੱਤਿਆ ਦਾ ਹਵਾਲਾ ਦਿੰਦਿਆਂ ਦਿੱਤਾ ਤੇ ਕਿਹਾ, ‘ਪ੍ਰਧਾਨ ਮੰਤਰੀ ਜਿਸ ਮੰਗਲ ਸੂਤਰ ਦੀ ਗੱਲ ਕਰਦੇ ਹਨ, ਉਹ ਮੇਰੀ ਮਾਂ ਨੇ ਦੇਸ਼ ਲਈ ਵਾਰ ਦਿੱਤਾ ਸੀ।’
ਦੂਜੇ ਗੇੜ ਦੀ ਚੋਣ ਵਿੱਚ ਪ੍ਰਧਾਨ ਮੰਤਰੀ ਮੁਸਲਮਾਨ ਧਾਰਮਿਕ ਘੱਟਗਿਣਤੀ ਖਿਲਾਫ ਜ਼ਹਿਰ ਉਗਲਣ ‘ਤੇ ਉਤਰ ਆਏ। ਉਨ੍ਹਾਂ ਰਾਜਸਥਾਨ ਵਿੱਚ ਇੱਕ ਚੋਣ ਰੈਲੀ ਵਿੱਚ ਆਖਿਆ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਆਖਿਆ ਸੀ ਕਿ ਦੇਸ਼ ਦੇ ਆਰਥਿਕ ਸੋਮਿਆਂ ‘ਤੇ ਪਹਿਲਾ ਹੱਕ ਮੁਸਲਮਾਨਾਂ ਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਉਤੇ ਸ਼ਹਿਰੀ ਨਕਸਲਵਾਦ ਦੀ ਮੋਹਰ ਲੱਗੀ ਹੋਈ ਹੈ। ਕਾਂਗਰਸ ਸੱਤਾ ਵਿੱਚ ਆਈ ਤਾਂ ਇਹ ਤੁਹਾਡੀ ਜਾਇਦਾਦ ਖੋਹ ਕੇ ਉਨ੍ਹਾਂ ਨੂੰ ਵੰਡ ਦੇਵੇਗੀ, ਜਿਹੜੇ ਜ਼ਿਆਦਾ ਬੱਚੇ ਪੈਦਾ ਕਰਦੇ ਹਨ। ਉਨ੍ਹਾਂ ਦਾ ਇਹ ਇਸ਼ਾਰਾ ਮੁਸਲਮਾਨਾਂ ਵੱਲ ਸੀ। ਮੁਸਲਮਾਨਾਂ ਖਿਲਾਫ ਨਫਰਤ ਫੈਲਾਉਣ ਦਾ ਕੋਈ ਵੀ ਮੌਕਾ ਪ੍ਰਧਾਨ ਮੰਤਰੀ ਅਤੇ ਗi੍ਰਹ ਮੰਤਰੀ ਅਮਿਤ ਸ਼ਾਹ ਨੇ ਆਪਣੇ ਹੱਥੋਂ ਖਿਸਕਣ ਨਹੀਂ ਦਿੱਤਾ।
ਚੋਣਾਂ ਦੇ ਤੀਜੇ ਗੇੜ ਵਿੱਚ ਐਸ.ਟੀ., ਐਸ.ਸੀ. ਅਤੇ ਪਛੜੇ ਵਰਗਾਂ ਲਈ ਰਾਖਵੇਂਕਰਣ ਦਾ ਮੁੱਦਾ ਕੇਂਦਰ ਵਿੱਚ ਆ ਗਿਆ। ਕਾਂਗਰਸ ਨੇ ਦਲੀਲ ਦਿੱਤੀ ਕਿ ਬਾਬਾ ਸਾਹਿਬ ਡਾ. ਅੰਬੇਦਕਰ ਵੱਲੋਂ ਬਣਾਇਆ ਗਿਆ ਸੰਵਿਧਾਨ ਪਛੜੇ ਵਰਗਾਂ ਨੂੰ ਰਾਖਵੇਂ ਕਰਨ ਦਾ ਹੱਕ ਦਿੰਦਾ ਹੈ ਅਤੇ ਭਾਜਪਾ ਇਸ ਸੰਵਿਧਾਨ ਨੂੰ ਖਤਮ ਕਰ ਦੇਵੇਗੀ ਤੇ ਰਾਖਵੇਂਕਰਨ ਦਾ ਖਾਤਮਾ ਇਸ ਦੇ ਨਾਲ ਹੀ ਹੋ ਜਾਵੇਗਾ। ਕਾਂਗਰਸੀ ਆਗੂਆਂ ਨੇ ਇਹ ਵੀ ਕਿਹਾ ਕਿ ਇਸੇ ਲਈ ਭਾਜਪਾ ਚਾਰ ਸੌ ਪਾਰ ਦੀ ਗੱਲ ਕਰ ਰਹੀ ਹੈ ਤਾਂ ਕਿ ਸੰਵਿਧਾਨ ਨੂੰ ਖਤਮ ਕੀਤਾ ਜਾ ਸਕੇ। ਕਾਂਗਰਸੀ ਆਗੂ ਰਾਹੁਲ ਗਾਂਧੀ ਅਤੇ ਹੋਰਾਂ ਨੇ ਇਹ ਗੱਲ ਜ਼ੋਰ ਨਾਲ ਉਭਾਰੀ ਕਿ ਭਾਜਪਾ ਜਮਹੂਰੀਅਤ ਅਤੇ ਇਸ ਦੀ ਜਾਮਨੀ ਦੇਣ ਵਾਲੇ ਸਵਿੰਧਾਨ- ਦੋਹਾਂ ਦਾ ਭੋਗ ਪਾਉਣਾ ਚਾਹੁੰਦੀ ਹੈ, ਇਸ ਲਈ ਇਹ ਚੋਣ ਸਾਧਾਰਣ ਨਹੀਂ ਹੈ, ਸਗੋਂ ਜਮਹੂਰੀਅਤ ਅਤੇ ਸੰਵਿਧਾਨ ਨੂੰ ਕਾਇਮ ਰੱਖਣ ਦੀ ਲੜਾਈ ਹੈ। ਕਾਂਗਰਸ ਦਾ ਇਹ ਪ੍ਰਵਚਨ ਬੀ.ਜੇ.ਪੀ. ‘ਤੇ ਭਾਰੂ ਪੈਂਦਾ ਵਿਖਾਈ ਦਿੱਤਾ।
ਇਸ ਵਿਚਕਾਰ ਹੀ ਏ.ਆਈ. ਦੀ ਵਰਤੋਂ ਨਾਲ ਤਿਆਰ ਕੀਤੀ ਗਈ ਮੋਹਨ ਭਾਗਵਤ ਦੀ ਇੱਕ ਵੀਡੀਓ ਵੀ ਸਾਹਮਣੇ ਆਈ, ਜਿਸ ਵਿੱਚ ਉਹ ਐਸ.ਟੀ., ਐਸ.ਸੀ. ਅਤੇ ਪਛੜੇ ਵਰਗਾਂ ਲਈ ਰਾਖਵੇਂਕਰਨ ਨੂੰ ਖਤਮ ਕਰਨ ਦੀ ਗੱਲ ਕਰਦੇ ਹਨ। ਇਸ ਵੀਡੀਓ ਬਾਰੇ ਮੋਹਨ ਭਾਗਵਤ ਨੂੰ ਖੁਦ ਇੱਕ ਹੋਰ ਵੀਡੀਉ ਰਾਹੀਂ ਜਵਾਬ ਦੇਣਾ ਪਿਆ ਕਿ ਉਹ ਰਾਖਵਾਂਕਰਨ ਖਤਮ ਕਰਨ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਦੇ ਨਾਮ ‘ਤੇ ਬਣਾਈ ਗਈ ਵੀਡੀਓ ਝੂਠੀ ਹੈ। ਇਸ ਤੀਜੇ ਗੇੜ ਦੇ ਅੰਤਿਮ ਪਲ ਇਸੇ ਬਹਿਸ ਨਾਲ ਖਤਮ ਹੋਏ। ਕਾਂਗਰਸ ਦੇ ਇਸ ਵੱਡੇ ਹੱਲੇ ਦਾ ਜੁਆਬ ਦੇਣ ਲਈ ਭਾਜਪਾ ਨੇ ਫਿਰ ਮੁਸਲਿਮ ਪੱਤਾ ਵਰਤਿਆ। ਭਾਜਪਾ ਨੇ ਕਿਹਾ ਕਿ ਕਾਂਗਰਸ ਅਤੇ ਇੰਡੀਆ ਗੱਠਜੋੜ ਵਾਲੇ ਸ਼ਡਿਉਲਡ ਕਾਸਟਸ ਅਤੇ ਪਛੜੇ ਵਰਗਾਂ ਦਾ ਸਾਰਾ ਰਾਖਵਾਂਕਰਨ ਖੋਹ ਕੇ ਮੁਸਲਮਾਨਾਂ ਨੂੰ ਦੇ ਦੇਣਗੇ। ਖਾਸ ਕਰਕੇ ਕਰਨਾਟਕਾ ਵਿੱਚ ਭਾਜਪਾ ਨੇ ਮੁਸਲਮਾਨ ਖਿਲਾਫ ਇਹ ਪੱਤਾ ਜ਼ੋਰ ਨਾਲ ਵਰਤਿਆ ਅਤੇ ਦੇਸ਼ ਦੇ ਸਭ ਤੋਂ ਵੱਡੀ ਧਾਰਮਿਕ ਘੱਟਗਿਣਤੀ ਖਿਲਾਫ ਬਹੁਤ ਭੱਦੀ ਕਿਸਮ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ।
ਉਂਝ ਕਰਨਾਟਕਾ ਵਿੱਚ ਭਾਜਪਾ ਦੀ ਬਦਕਿਸਮਤੀ ਇਹ ਰਹੀ ਕਿ ਉਸ ਦੇ ਭਾਈਵਾਲ ਜਨਤਾ ਦਲ ਸੈਕੂਲਰ ਦੇ ਆਗੂ ਅਤੇ ਸਾਬਕਾ ਪ੍ਰਧਾਨ ਮੰਤਰੀ ਐਚ.ਡੀ. ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਖਿਲਾਫ ਇੱਕ ਵੱਡਾ ਯੌਨ ਸੋਸ਼ਣ ਦਾ ਸਕੈਂਡਲ ਉਭਰ ਆਇਆ। ਇਸ ਸਕੈਂਡਲ ਵਿੱਚ ਬੇਪਰਦ ਹੋਇਆ ਕਿ ਇਸ ਨੌਜਵਾਨ ਆਗੂ ਵੱਲੋਂ ਤਕਰੀਬਨ 3000 ਅਸ਼ਲੀਲ ਵੀਡੀਓ ਬਣਾਈਆਂ ਗਈਆਂ ਹਨ। ਪ੍ਰਜਵਲ ਦੇ ਪਿਤਾ ਅਤੇ ਦੇਵਗੌੜਾ ਦੇ ਪੁੱਤਰ ਐਚ.ਡੀ. ਰੇਵੰਨਾ ਖਿਲਾਫ ਵੀ ਇੱਕ 60 ਸਾਲ ਦੀ ਔਰਤ ਵੱਲੋਂ ਯੌਨ ਸੋਸ਼ਣ ਦੇ ਦੋਸ਼ ਲਗਾਏ ਗਏ ਹਨ। ਚੋਣ ਪ੍ਰਚਾਰ ਪ੍ਰਭਾਵਿਤ ਹੋਣ ਦੇ ਡਰੋਂ ਇਸ ਔਰਤ ਨੂੰ ਅਗਵਾ ਕਰਕੇ ਦੇਵਗੌੜਾ ਪਰਿਵਾਰ ਵੱਲੋਂ ਆਪਣੇ ਕਿਸੇ ਜਾਣੂ ਦੇ ਫਾਰਮ ‘ਤੇ ਰੱਖਿਆ ਗਿਆ ਸੀ। ਪੁਲਿਸ ਵੱਲੋਂ ਇਸ ਔਰਤ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਵਿੱਚ ਐਚ.ਡੀ. ਰੇਵੰਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਾ ਪੁੱਤਰ ਪ੍ਰਜਵਲ ਰੇਵੰਨਾ ਜਰਮਨੀ ਭੱਜ ਗਿਆ ਹੈ। ਇਸ ਘਟਨਾ ਦਾ ਕਰਨਾਟਕਾ ਦੀਆਂ ਲੋਕ ਸਭਾ ਚੋਣਾਂ ‘ਤੇ ਵੱਡਾ ਅਸਰ ਪਿਆ ਦਿਖਾਈ ਦਿੰਦਾ ਹੈ ਅਤੇ ਭਾਜਪਾ ਨੂੰ ਇੱਥੇ ਵੱਡਾ ਨੁਕਸਾਨ ਹੋਣ ਦੇ ਆਸਾਰ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕੇ ਇਸ ਵਾਰ ਚੋਣਾਂ ਵਿੱਚ ਮੁੱਦੇ ਜਿਵੇਂ ਡੀ-ਐਵੋਲਿਊਟ ਹੋ ਰਹੇ ਹਨ, ਜਿਵੇਂ-ਜਿਵੇਂ ਚੋਣ ਜੰਗ ਤੇਜ਼ ਹੋ ਰਹੀ ਹੈ ਰਾਜਨੀਤਿਕ ਪਾਰਟੀਆਂ ਵਿਚਕਾਰ ਬਹਿਸ ਦਾ ਪੱਧਰ ਗਿਰਦਾ ਜਾ ਰਿਹਾ ਅਤੇ ਉਹ ਇੱਕ ਦੂਜੇ ਖਿਲਾਫ ਪ੍ਰਚਾਰ ਦਾ ਹਰ ਹਰਬਾ ਵਰਤਣ ‘ਤੇ ਉਤਰ ਆਏ ਹਨ। ਝੂਠ-ਸੱਚ ਵਿਚਲਾ ਭੇਦ ਮਿਟ ਗਿਆ ਹੈ।
ਆਉਂਦੇ ਗੇੜਾਂ ਵਿੱਚ ਚੋਣ ਬਹਿਸ ਦਾ ਇਹ ਤਾਪਮਾਨ ਹੋਰ ਵਧਣ ਅਤੇ ਪੱਧਰ ਹੋਰ ਨੀਵਾਂ ਜਾਣ ਦੇ ਆਸਾਰ ਹਨ। ਯਾਦ ਰਹੇ, ਤੀਸਰੇ ਗੇੜ ਵਿੱਚ ਬਿਹਾਰ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਆਸਾਮ, ਕਰਨਾਟਕਾ, ਮਹਾਰਾਸ਼ਟਰ, ਗੋਆ, ਗੁਜਰਾਤ ਅਤੇ ਪੱਛਮੀ ਬੰਗਾਲ ਦੀਆਂ ਕੁਝ ਸੀਟਾਂ ‘ਤੇ ਵੋਟਾਂ ਪਈਆਂ ਹਨ। ਬਿਹਾਰ ਅਤੇ ਮਹਾਰਾਸ਼ਟਰ ਵਿੱਚ ਵੋਟ ਫੀਸਦੀ ਕਾਫੀ ਘੱਟ ਰਹੀ ਹੈ, ਪਰ ਕੁੱਲ ਮਿਲਾ ਕੇ ਤੀਜੇ ਗੇੜ ਵਿੱਚ ਵੋਟ ਫੀਸਦੀ ਪਹਿਲੇ ਦੋ ਗੇੜਾਂ ਦੇ ਮੁਕਾਬਲੇ ਚੰਗੀ ਰਹੀ ਹੈ।