ਇਰਾਨ ਦੇ ਰਾਸ਼ਟਰਪਤੀ ਤੇ ਵਿਦੇਸ਼ ਮੰਤਰੀ ਦੇ ਮਾਰੇ ਜਾਣ ਪਿੱਛੋਂ ਦਾ ਇਰਾਨ

ਸਿਆਸੀ ਹਲਚਲ ਖਬਰਾਂ

*ਭਾਰਤ ਨਾਲ ਸੰਬੰਧਾਂ ਨੂੰ ਨਿਕਟਵਰਤੀ ਬਣਾਇਆ ਰਾਈਸੀ ਤੇ ਅਬਦੁੱਲਾ ਨੇ
ਜੇ.ਐਸ. ਮਾਂਗਟ
ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਈਸੀ ਅਤੇ ਵਿਦੇਸ਼ ਮੰਤਰੀ ਹੁਸੈਨ ਆਮਿਰ ਅਬਦੁੱਲਾ ਦੀ ਇੱਕ ਹੈਲੀਕਪਟਰ ਹਾਦਸੇ ਵਿੱਚ ਹੋਈ ਮੌਤ ਨੇ ਇਸ ਦੇਸ਼ ਦੇ ਉੱਚ ਪ੍ਰਸ਼ਾਸਨਿਕ ਹਲਕਿਆਂ ਵਿੱਚ ਇੱਕ ਵੱਡਾ ਸੁਰਾਖ ਕਰ ਦਿੱਤਾ ਹੈ। ਇਸ ਨੂੰ ਇਨ੍ਹਾਂ ਦੇ ਬਰਾਬਰ ਦੀ ਧਾਰਮਿਕ-ਰਾਜਨੀਤਿਕ ਹਸਤੀ ਨਾਲ ਭਰਨਾ ਹਾਲ ਦੀ ਘੜੀ ਸ਼ਾਇਦ ਮੁਮਕਿਨ ਨਾ ਹੋਵੇ। ਫਿਰ ਵੀ ਇਰਾਨ ਦੇ ਸੁਪਰੀਮ ਲੀਡਰ ਆਇਤੁਲਾ ਖੁਮੈਨੀ ਨੇ ਦੇਸ਼ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਮੁਲਕ ਦੇ ਕੰਮਕਾਰ ਨੂੰ ਅੱਗੇ ਤੋਰਨ ਵਿੱਚ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।

ਇਬਰਾਹਿਮ ਰਾਈਸੀ ਦੀ ਅਣਕਿਆਸੀ ਮੌਤ ਉਸ ਵਕਤ ਹੋਈ ਹੈ, ਜਦੋਂ ਇਹ ਦੇਸ਼ ਇਜ਼ਰਾਇਲ ਨਾਲ ਪਹਿਲਾਂ ਦੇ ਕਿਸੇ ਵੀ ਸਮੇਂ ਨਾਲੋਂ ਗਹਿਰੇ ਤਣਾਅ ਵਿੱਚੋਂ ਗੁਜ਼ਰ ਰਿਹਾ ਹੈ। ਹਾਲੇ ਕੁਝ ਸਮਾਂ ਪਹਿਲਾਂ ਹੀ ਇਰਾਨ ਦੇ ਸੀਰੀਆ ਵਿੱਚ ਸਥਿਤ ਕੌਂਸਲੇਟ ‘ਤੇ ਇਜ਼ਰਾਇਲ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ, ਜਿਸ ਵਿੱਚ ਉਥੋਂ ਦੇ ਵੱਡੇ ਅਧਿਕਾਰੀ ਅਤੇ ਰੈਵੋਲੀਸ਼ਨਰੀ ਗਾਰਡ ਨਾਲ ਸੰਬੰਧਤ ਸੀਨੀਅਰ ਅਧਿਕਾਰੀ ਮਾਰੇ ਗਏ ਸਨ। ਇਸ ਨੂੰ ਇਰਾਨ ਨੇ ਆਪਣੀ ਸੰਪਰਭੂਤਾ ‘ਤੇ ਹਮਲਾ ਸਮਝਿਆ ਸੀ ਅਤੇ ਬਦਲੇ ਵਜੋਂ ਇਜ਼ਰਾਇਲ ‘ਤੇ ਡਰੋਨਾਂ ਅਤੇ ਮਿਜ਼ਾਈਲਾਂ ਨਾਲ ਵੱਡਾ ਹਮਲਾ ਕੀਤਾ ਸੀ, ਜਿਸ ਨੂੰ ਪ੍ਰਮੁੱਖ ਤੌਰ ‘ਤੇ ਇਜ਼ਰਾਇਲ ਨੇ ਇੰਗਲੈਂਡ, ਅਮਰੀਕਾ, ਜੌਰਡਨ ਅਤੇ ਹੋਰ ਪੱਛਮੀ ਮੁਲਕਾਂ ਨਾਲ ਮਿਲ ਕੇ ਰੋਕ ਲਿਆ ਸੀ।
ਇਬਰਾਹਿਮ ਰਾਈਸੀ ਅਤੇ ਉਸ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ ਅਬਦੁੱਲਾ ਦੀ ਮੌਤ ਅਜ਼ਰਾਬਾਈਜਾਨ ਨਾਲ ਲਗਦੀ ਸਰਹੱਦ ਨੇੜੇ ਸਥਿਤ ਪਹਾੜੀਆਂ ਵਿੱਚ ਖਰਾਬ ਮੌਸਮ ਕਾਰਨ ਹੋਈ ਦੱਸੀ ਗਈ ਹੈ। ਧੁੰਦ ਕਾਰਨ ਹੈਲੀਕਾਪਟਰ ਕਿਸੇ ਪਹਾੜੀ ਨਾਲ ਟਕਰਾਅ ਗਿਆ ਦੱਸਿਆ ਜਾਂਦਾ ਹੈ। ਇਹ ਵੀ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਕਿ ਇਸ ਹਾਦਸੇ ਵਿੱਚ ਕਿਸੇ ਦੁਸ਼ਮਣ ਦੇਸ਼ ਦਾ ਹੱਥ ਨਾ ਹੋਵੇ। ਇਜ਼ਰਾਇਲ ਨੇ ਇਸ ਘਟਨਾਕ੍ਰਮ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕੀਤਾ ਹੈ, ਪਰ ਘਟਨਾ ਦੇ ਅਸਲ ਕਾਰਨ ਦਾ ਪਤਾ ਤਾਂ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਲੱਗ ਸਕੇਗਾ। ਇਸ ਹਾਦਸੇ ਵਿੱਚ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਤੋਂ ਇਲਾਵਾ ਕੁਝ ਹੋਰ ਅਧਿਕਾਰੀਆਂ ਦੀ ਵੀ ਮੌਤ ਹੋਈ ਹੈ। ਇਸ ਤੋਂ ਪਿੱਛੋਂ ਇਰਾਨ ਦੇ ਸੁਪਰੀਮ ਆਗੂ ਆਇਤੁੱਲਾ ਖੁਮੈਨੀ ਨੇ ਪ੍ਰਥਮ ਉੱਪ ਰਾਸ਼ਟਰਪਤੀ ਮੁਹੰਮਦ ਮੁਖ਼ਬਰ ਨੂੰ ਕਾਰਜਕਾਰੀ ਰਾਸ਼ਟਰਪਤੀ ਨਿਯੁਕਤ ਕਰ ਦਿੱਤਾ ਹੈ।
ਇਰਾਨੀ ਸੰਵਿਧਾਨ ਅਨੁਸਾਰ ਨਵੇਂ ਰਾਸ਼ਟਰਪਤੀ ਦੀ ਚੋਣ ਆਉਂਦੇ 50 ਦਿਨਾਂ ਵਿੱਚ ਕਰਵਾਈ ਜਾਵੇਗੀ। ਇਸ ਦੌਰਾਨ ਇਰਾਨ ਵੱਲੋਂ ਆਪਣੇ ਆਗੂ ਦੀ ਮੌਤ ‘ਤੇ ਪੰਜ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਈਸੀ ਦੀ ਮੌਤ ‘ਤੇ 21 ਮਈ ਨੂੰ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਅਤੇ ਉਨ੍ਹਾਂ ਦੀ ਮੌਤ ‘ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਪਾਕਿਸਤਾਨ ਵੱਲੋਂ ਵੀ ਉਨ੍ਹਾਂ ਦੀ ਮੌਤ ‘ਤੇ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਗਿਆ। ਭਾਰਤ ਅਤੇ ਪਾਕਿਸਤਾਨ ਤੋਂ ਇਲਾਵਾ ਮਿਸਰ ਅਤੇ ਜੌਰਡਨ ਦੇ ਮੁਖੀਆਂ, ਅਜ਼ਰਾਬਾਈਜਾਨ ਦੇ ਰਾਸ਼ਟਰਪਤੀ ਇਲਹਾਮ ਅਲੀਯੇਵ, ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਸਦ, ਤੁਰਕੀ ਦੇ ਰਾਸ਼ਟਰਪਤੀ ਅਰਦੋਗਾਂ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਉਨ੍ਹਾਂ ਦੀ ਮੌਤ ‘ਤੇ ਦੁਖ ਦਾ ਇਜ਼ਹਾਰ ਕੀਤਾ ਹੈ। ਪੂਤਿਨ ਨੇ ਰਾਈਸੀ ਨੂੰ ਆਪਣੇ ਮਿੱਤਰ ਵਜੋਂ ਯਾਦ ਕੀਤਾ ਹੈ।
ਯਾਦ ਰਹੇ, ਰਾਸ਼ਟਰਪਤੀ ਰਾਈਸੀ ਨੂੰ ਆਪਣੇ ਸੁਪਰੀਮ ਲੀਡਰ ਆਇਤੁਲਾ ਖੁਮੈਨੀ ਦੇ ਸਭ ਤੋਂ ਨਜ਼ਦੀਕ ਮੰਨਿਆ ਜਾਂਦਾ ਸੀ। 85 ਸਾਲਾ ਖੁਮੈਨੀ ਤੋਂ ਬਾਅਦ ਰਾਈਸੀ ਹੀ ਉਨ੍ਹਾਂ ਦੀ ਥਾਂ ਲੈਣ ਲਈ ਸਭ ਤੋਂ ਯੋਗ ਇਰਾਨੀ ਆਗੂ ਸਮਝੇ ਜਾ ਰਹੇ ਸਨ। ਰਾਈਸੀ ਨੇ 2021 ਵਿੱਚ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ। ਰਾਈਸੀ ਦੀ ਮੌਤ ਤੋਂ ਬਾਅਦ ਹੁਣ ਖੁਮੈਨੀ ਦੇ ਆਪਣੇ ਪੁੱਤਰ ਮੁਜਤਬਾ ਖੁਮੈਨੀ ਨੂੰ ਇਸ ਅਹੁਦੇ ਲਈ ਜਾਨਸ਼ੀਨ ਮੰਨਿਆ ਜਾਣ ਲੱਗਾ ਹੈ। 1988 ਵਿੱਚ ਇਰਾਨ ਇਰਾਕ ਜੰਗ ਮਗਰੋਂ ਸਿਆਸੀ ਕੈਦੀਆਂ ਨੂੰ ਸਮੂਹਿਕ ਫਾਂਸੀ ਲਗਾ ਦੇਣ ਕਾਰਨ ਇਬਰਾਹਿਮ ਰਾਈਸੀ ਵੱਡੀ ਚਰਚਾ ਵਿੱਚ ਆਏ ਸਨ। ਇਸ ਤੋਂ ਬਾਅਦ ਅਮਰੀਕਾ ਨੇ ਇਰਾਨ ‘ਤੇ ਪਾਬੰਦੀਆਂ ਵੀ ਲਗਾਈਆਂ ਸਨ। ਰਾਈਸੀ ਇਰਾਨ ਦੇ ਦੂਜੇ ਰਾਸ਼ਟਰਪਤੀ ਹਨ, ਜਿਨ੍ਹਾਂ ਦੀ ਅਹੁਦੇ ‘ਤੇ ਰਹਿੰਦਿਆਂ ਮੌਤ ਹੋਈ ਹੈ। ਇਸ ਤੋਂ ਪਹਿਲਾਂ ਇਸਲਾਮਿਕ ਇਨਕਲਾਬ ਤੋਂ ਬਾਅਦ ਤਤਕਾਲੀ ਰਾਸ਼ਟਰਪਤੀ ਮੁਹੰਮਦ ਅਲੀ ਰਾਜਾਈ ਬੰਬ ਧਮਾਕੇ ਵਿੱਚ ਮਾਰੇ ਗਏ ਸਨ। ਇਬਰਾਹਿਮ ਰਾਈਸੀ 2017 ਵਿੱਚ ਇੱਕ ਨਰਮ ਖਿਆਲ ਆਗੂ ਹਸਨ ਰੁਹਾਨੀ ਤੋਂ ਰਾਸ਼ਟਰਪਤੀ ਚੋਣ ਹਾਰ ਗਏ ਸਨ, ਪਰ ਚਾਰ ਸਾਲ ਬਾਅਦ ਸੁਚੇਤ ਰੂਪ ਵਿੱਚ ਮੈਨੇਜ ਕੀਤੇ ਗਏ ਚੋਣ ਸਿਸਟਮ ਰਾਹੀਂ ਉਨ੍ਹਾਂ ਨੂੰ ਰਾਸ਼ਟਰਪਤੀ ਚੁਣ ਲਿਆ ਗਿਆ ਸੀ। ਉਸ ਦੇ ਚੁਣੇ ਜਾਣ ਤੋਂ ਬਾਅਦ ਕਥਿਤ ਇਖਲਾਕੀ ਕਾਨੂੰਨ ਸਖਤ ਕਰ ਦਿੱਤੇ ਗਏ ਸਨ। ਇਸ ਦੌਰ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ‘ਤੇ ਅਣਮਿਣੀ ਸਖਤੀ ਕੀਤੀ ਗਈ। ਦੁਨੀਆਂ ਦੀਆਂ ਵੱਡੀਆਂ ਤਾਕਤਾਂ ਨਾਲ ਨਿਊਕਲੀਅਰ ਐਨਰਜੀ ਬਾਰੇ ਸਮਝੌਤਿਆਂ ਦੇ ਮਾਮਲੇ ਵਿੱਚ ਵੀ ਇਰਾਨ ਦਾ ਸਟੈਂਡ ਸਖਤ ਹੋ ਗਿਆ ਸੀ। ਰਾਈਸੀ ਦੇ ਦੌਰ ਵਿੱਚ ਇਰਾਨ ਵਿੱਚ ਹਥਿਆਰਾਂ ਦੀ ਪੈਦਾਵਾਰ ਵੀ ਵਧ ਗਈ ਅਤੇ ਇਰਾਨ ਯੁਰੇਨੀਅਮ ਤੋਂ ਪ੍ਰਮਾਣੂ ਹਥਿਆਰ ਬਣਾਉਣ ਦੇ ਲਾਗੇ ਪੁੱਜ ਗਿਆ। ਰੂਸ ਅਤੇ ਯੂਕਰੇਨ ਦੀ ਜੰਗ ਦਰਮਿਆਨ ਰੂਸੀਆਂ ਨੂੰ ਬੰਬ ਲਿਜਾਣ ਵਾਲੀਆਂ ਡਰੋਨਾਂ ਸਪਲਾਈ ਕਰਨ ਕਰਕੇ ਪੱਛਮੀ ਤਾਕਤਾਂ ਨਾਲ ਉਸ ਦਾ ਤਣਾਅ ਵੀ ਵਧਦਾ ਗਿਆ।
ਇਰਾਨ ਲਈ ਸਮੱਸਿਆ ਇਹ ਹੋਵੇਗੀ ਕਿ ਜਿਸ ਕੱਟੜਪੰਥੀ ਧਾਰਾ ਨਾਲ ਇਬਰਾਹਿਮ ਰਾਈਸੀ ਜੁੜਿਆ ਹੋਇਆ ਸੀ, ਉਸ ਕੋਲ ਸ਼ਾਇਦ ਹੀ ਹੁਣ ਇਸ ਪਾਏ ਦਾ ਲੀਡਰ ਹੋਵੇ। ਇਜ਼ਰਾਇਲ ਅਤੇ ਇਰਾਨ ਵਿੱਚ ਸ਼ਬਦੀ ਅਤੇ ਠੰਡੀ ਜੰਗ ਹਮੇਸ਼ਾ ਚਲਦੀ ਰਹੀ ਹੈ। ਇੱਕ ਦੂਜੇ ‘ਤੇ ਸਾਈਬਰ ਅਟੈਕ ਹੁੰਦੇ ਰਹੇ ਹਨ; ਪਰ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਅਪ੍ਰੈਲ ਮਹੀਨੇ ਵਿੱਚ ਦੋਹਾਂ ਨੇ ਇੱਕ ਦੂਜੇ ‘ਤੇ ਸਿੱਧੇ ਹਮਲੇ ਕੀਤੇ। ਪਿਛਲੇ ਸਾਲ ਅਕਤੂਬਰ ਵਿੱਚ ਇਜ਼ਰਾਇਲ ‘ਤੇ ਹੋਏ ਵੱਡੇ ਅਤਿਵਾਦੀ ਹਮਲੇ ਤੋਂ ਪਿਛੋਂ ਹਮਾਸ ਅਤੇ ਇਜ਼ਰਾਇਲ ਵਿਚਕਾਰ ਛਿੜੀ ਜੰਗ ਨੇ ਦੋਹਾਂ ਮੁਲਕਾਂ ਨੂੰ ਆਪਸੀ ਜੰਗ ਦੇ ਨੇੜੇ ਲਿਆ ਖੜ੍ਹਾ ਕੀਤਾ ਸੀ। ਬੀਤੇ ਵਰ੍ਹੇ 7 ਅਕਤੂਬਰ ਨੂੰ ਹਮਾਸ ਮਲੀਸ਼ੀਆ ਵੱਲੋਂ ਇਜ਼ਰਾਇਲ ਦੇ ਅੰਦਰ ਕੀਤੇ ਗਏ ਹਮਲੇ ਵਿੱਚ ਵੀ ਇਰਾਨ ਦੀ ਹਮਾਇਤ ਹੋਣ ਦਾ ਸ਼ੱਕ ਪ੍ਰਗਟ ਕੀਤਾ ਜਾਂਦਾ ਰਿਹਾ ਹੈ।
ਉਂਝ ਆਪਣੇ ਕੁਝ ਗੁਆਂਢੀ ਮੁਲਕਾਂ ਵਿੱਚ ਅਮਰੀਕਾ ਅਤੇ ਇਜ਼ਰਾਇਲ ਦੇ ਮਹੱਤਵਪੂਰਨ ਟਿਕਾਣਿਆ ਉੱਤੇ ਇਰਾਨ ਸਮਰਥਤ ਹਥਿਆਰਬੰਦ ਇਸਲਾਮਿਕ ਲੜਾਕੇ ਅਕਸਰ ਹਮਲੇ ਕਰਦੇ ਰਹਿੰਦੇ ਹਨ। ਇਰਾਨ ਦੇ ਨਜ਼ਦੀਕੀ ਮੁਲਕਾਂ ਵਿੱਚ ਦੋਹਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਬੰਦਿਆਂ ‘ਤੇ ਅਕਸਰ ਹੀ ਹਮਲੇ ਕੀਤੇ ਜਾਂਦੇ ਰਹੇ ਹਨ। ਇਰਾਨ ਆਪਣੇ ਆਪ ਨੂੰ ਫਲਿਸਤੀਨੀਆਂ ਦਾ ਪ੍ਰਮੁੱਖ ਸਰਪ੍ਰਸਤ ਸਮਝਦਾ ਹੈ ਅਤੇ ਉਸ ਦੇ ਲੜਾਕਿਆਂ ਦੀ ਹਮਾਇਤ ਵੀ ਕਰਦਾ ਹੈ। ਇਸੇ ਤਹਿਤ ਇਰਾਨ ਦੇ ਲੀਡਰਾਂ ਵੱਲੋਂ ਕਈ ਵਾਰ ਇਜ਼ਰਾਇਲ ਨੂੰ ਧਰਤੀ ਦੇ ਨਕਸ਼ੇ ਤੋਂ ਮਿਟਾ ਦੇਣ ਦੇ ਬਿਆਨ ਵੀ ਦਿੱਤੇ ਗਏ ਹਨ। ਹਾਲੇ ਪਿਛਲੇ ਮਹੀਨੇ ਹੀ ਖੁਮੈਨੀ ਨੇ ਕਿਹਾ ਸੀ ਕਿ ਇਜ਼ਰਾਇਲ 75 ਸਾਲਾਂ ਤੋਂ ਫਲਿਸਤੀਨੀਆਂ ‘ਤੇ ਜ਼ੁਲਮ ਕਰਦਾ ਆ ਰਿਹਾ ਹੈ। ਜਦੋਂ ਤੋਂ ਜੰਗ ਸ਼ੁਰੂ ਹੋਈ ਹੈ, ਇਰਾਨੀ ਲੀਡਰ ਫਲਿਸਤੀਨ ਨਾਲ ਇਕਮੁੱਠਤਾ ਪ੍ਰਗਟ ਕਰਦੇ ਰਹੇ ਹਨ। ਇਰਾਨ ਹਮਾਸ ਤੋਂ ਇਲਾਵਾ ਲੈਬਨਾਨ ਵਿੱਚ ਹਿਜ਼ਬੁੱਲਾ ਲੜਾਕਿਆਂ ਦੀ ਵੀ ਮਦਦ ਕਰਦਾ ਰਿਹਾ ਹੈ। ਇਸ ਨੂੰ ਇਰਾਨ ਦਾ ਪ੍ਰੌਕਸੀ ਗਰੁੱਪ ਸਮਝਿਆ ਜਾਂਦਾ ਹੈ। ਹਿਜ਼ਬੁੱਲਾ ਨੇ ਜੰਗ ਦੌਰਾਨ ਇਜ਼ਰਾਇਲ ਨੂੰ ਇੱਕ ਹਥਿਆਰਬੰਦ ਵਿਰੋਧ ਵਿੱਚ ਉਲਝਾ ਰੱਖਿਆ ਹੈ। ਇਸ ਤੋਂ ਇਲਾਵਾ ਇਰਾਨ ਆਧਾਰਤ ਪ੍ਰੌਕਸੀ ਗਰੁੱਪਾਂ ਨੇ ਸਰੀਆ ਅਤੇ ਇਰਾਕ ਵਿੱਚ ਅਮਰੀਕਾ ਦੇ ਫੌਜੀ ਅੱਡਿਆਂ ‘ਤੇ ਬਹੁਤ ਵਾਰ ਹਮਲੇ ਕੀਤੇ ਹਨ।
ਇਸ ਸਭ ਕੁਝ ਦੇ ਬਾਵਜੂਦ ਇਰਾਨ ਦੇ, ਖਾਸ ਕਰਕੇ ਰਾਈਸੀ ਦੇ ਕਾਰਜ ਕਾਲ ਵਿੱਚ ਭਾਰਤ ਨਾਲ ਰਿਸ਼ਤੇ ਕਾਫੀ ਨਜ਼ਦੀਕੀ ਰਹੇ ਹਨ। ਇਸ ਦੌਰ ਵਿੱਚ ਭਾਰਤ ਨੇ ਇਰਾਨ ਦੀ ਚਬਾਹਾਰ ਬੰਦਰਗਾਹ ਦੇ ਵਿਕਾਸ ਦਾ ਜਿੰਮਾ ਵੀ ਓਟਿਆ। ਉਸ ਨੇ ਭਾਰਤ ਵੱਲੋਂ ਸੁਝਾਏ ਕੌਮਾਂਤਰੀ ਉੱਤਰ-ਦੱਖਣ ਟਰਾਂਸਪੋਰਟ ਕੋਰੀਡੋਰ ਦੇ ਉਦਮ ਵਿੱਚ ਵੀ ਆਪਣੇ ਆਪ ਨੂੰ ਸ਼ਾਮਲ ਕੀਤਾ। ਇਬਰਾਹਿਮ ਰਾਈਸੀ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੌਰ ਵਿੱਚ ਇਰਾਨ ਨਾਲ ਮਜ਼ਬੂਤ ਹੋਏ ਰਿਸ਼ਤਿਆਂ ਵਿੱਚ ਰਾਈਸੀ ਦੀ ਦੇਣ ਨੂੰ ਸਵੀਕਾਰ ਵੀ ਕੀਤਾ ਹੈ। ਰਾਈਸੀ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਮਰਹੂਮ ਵਿਦੇਸ਼ ਮੰਤਰੀ ਅਮੀਰ ਅਬਦੁੱਲਾ ਨੇ ਭਾਰਤ ਨਾਲ ਰਿਸ਼ਤੇ ਸੁਧਾਰਨ ਨੂੰ ਵੱਡੀ ਪਹਿਲ ਦਿੱਤੀ। ਇਸ ਮਕਸਦ ਲਈ ਭਾਰਤ ਦੇ ਵਿਦੇਸ਼ ਮੰਤਰੀ ਐਸ.ਜੈ ਸ਼ੰਕਰ ਨੂੰ ਕਈ ਵਾਰ ਮਿਲੇ।
ਜੌਹਨ ਹੌਪਕਿਨ ਯੂਨੀਵਰਸਿਟੀ ਦੇ ਇੱਕ ਅਧਿਆਪਕ ਪੱਛਮੀ ਏਸ਼ੀਆ ਬਾਰੇ ਸਿਆਸੀ ਮਾਹਿਰ ਵਲੀ ਨਾਸਰ ਅਨੁਸਾਰ, “ਰਾਈਸੀ ਨੇ ਵਿਦੇਸ਼ੀ ਮਾਮਲਿਆਂ ਨੂੰ ਕਦੀ ਵੀ ਬਹੁਤ ਜ਼ਿਆਦਾ ਪ੍ਰਭਾਵਤ ਨਹੀਂ ਕੀਤਾ, ਪਰ ਉਸ ਤੋਂ ਬਾਅਦ ਸੁਪਰੀਮ ਲੀਡਰ ਆਇਤੁਲਾ ਖੁਮੈਨੀ ਦੇ ਵਾਰਸ ਦੇ ਮਾਮਲੇ ਵਿੱਚ ਸੰਕਟ ਵਾਲੀ ਸਥਿਤੀ ਹੈ। ਇਸ ਤੋਂ ਇਲਾਵਾ ਰਾਸ਼ਟਰਪਤੀ ਦੀ ਚੋਣ ਵਿੱਚ ਕੌਣ ਸਫਲ ਹੁੰਦਾ ਹੈ, ਇਹਦੇ ਬਾਰੇ ਵੀ ਇੱਕ ਅਨਿਸ਼ਚਤ ਸਥਿਤੀ ਹੈ। ਜਿਸ ਅਤਿ ਸੱਜੀ ਧਿਰ ਵਿੱਚੋਂ ਰਾਈਸੀ ਉਭਰਿਆ ਸੀ, ਉਸ ਕੋਲ ਹੁਣ ਉਸ ਦੇ ਕੱਦ ਦਾ ਆਗੂ ਨਹੀਂ ਹੈ। ਇਸ ਸਥਿਤੀ ਵਿੱਚ ਕਿਸੇ ਨਰਮ ਖਿਆਲੀ ਜਾਂ ਮੱਧ ਮਾਰਗੀ ਆਗੂ ਦੇ ਰਾਸ਼ਟਰਪਤੀ ਚੁਣੇ ਜਾਣ ਦੇ ਵੀ ਆਸਾਰ ਬਣ ਸਕਦੇ ਹਨ।”
ਸੁਪਰੀਮ ਲੀਡਰ ਦੀ ਨਿਗਰਾਨੀ ਵਿੱਚ ਹੋਣ ਦੇ ਬਾਵਜੂਦ ਰਾਸ਼ਟਰਪਤੀ ਦੀ ਚੋਣ ਵਿੱਚ ਪਿਛਲੇ ਸਮੇਂ ਵਿੱਚ ਨਰਮਖਿਆਲੀ ਆਗੂ ਮੁਹੰਮਦ ਖਾਤਮੀ ਵੀ ਚੁਣੇ ਗਏ ਸਨ। ਇਸ ਲਈ ਅਗਲੇ ਕੁਝ ਸਮੇਂ ਵਿੱਚ ਇਰਾਨ ਦੀ ਅੰਦਰੂਨੀ ਸਿਆਸਤ ਵਿੱਚ ਚੱਕ-ਥੱਲ ਬੜੀ ਦਿਲਚਸਪ ਹੋਏਗੀ।

Leave a Reply

Your email address will not be published. Required fields are marked *