33ਵੀਆਂ ਓਲੰਪਿਕ ਖੇਡਾਂ: ਖੇਡ ਮੁਕਾਬਲਿਆਂ ਦਾ ਮਹਾਂਕੁੰਭ

ਗੂੰਜਦਾ ਮੈਦਾਨ

ਪਰਮਜੀਤ ਸਿੰਘ
ਓਲੰਪਿਕ ਖੇਡਾਂ ’ਚ ਭਾਗ ਲੈਣ ਦਾ ਅਤੇ ਫਿਰ ਇਨ੍ਹਾਂ ਖੇਡਾਂ ’ਚ ਕੋਈ ਤਗ਼ਮਾ ਹਾਸਿਲ ਕਰਕੇ ਆਪਣੇ ਮੁਲਕ ਦਾ ਨਾਂ ਦੁਨੀਆ ਭਰ ਵਿੱਚ ਰੌਸ਼ਨ ਕਰਨ ਦਾ ਸੁਭਾਗ ਹਰ ਕਿਸੇ ਖਿਡਾਰੀ ਦੇ ਹਿੱਸੇ ਨਹੀਂ ਆਉਂਦਾ ਹੈ। ਓਲੰਪਿਕ ਖੇਡਾਂ ਤਾਂ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਦਾ ਅਜਿਹਾ ਮਹਾਂਕੁੰਭ ਹਨ, ਜਿਸ ਵਿੱਚ ਭਾਗ ਲੈਣ ਲਈ ਹਰੇਕ ਖਿਡਾਰੀ ਜੀਅ ਤੋੜ ਮਿਹਨਤ ਕਰਦਾ ਹੈ। ਸੰਨ 1900 ਤੋਂ ਲੈ ਕੇ ਟੋਕੀਓ-2020 ਓਲੰਪਿਕ ਖੇਡਾਂ ਤੱਕ ਦੇ 120 ਸਾਲਾਂ ਦੇ ਅਰਸੇ ਵਿੱਚ ਭਾਰਤ ਦੇ ਕੁੱਲ 36 ਖਿਡਾਰੀਆਂ ਨੇ ਓਲੰਪਿਕ ਮੈਡਲ ਜਿੱਤਣ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ, ਜੋ ਅੱਜ ਇਹ ਦਰਸਾਉਣ ਲਈ ਕਾਫੀ ਹੈ ਕਿ ਓਲੰਪਿਕ ਖੇਡਾਂ ਲਈ ਕੁਆਲੀਫ਼ਾਈ ਕਰਨਾ ਤੇ ਫਿਰ ਸਖ਼ਤ ਮੁਕਾਬਲੇ ’ਚੋਂ ਜੇਤੂ ਹੋ ਕੇ ਮੈਡਲ ਹਾਸਿਲ ਕਰਨਾ ਭਾਰੀ ਮੁਸ਼ੱਕਤ, ਮਿਹਨਤ, ਲਗਨ ਅਤੇ ਸਿਆਣਪ ਦੀ ਮੰਗ ਕਰਦਾ ਹੈ।

23 ਜੂਨ ਨੂੰ ‘ਕੌਮਾਂਤਰੀ ਓਲੰਪਿਕ ਦਿਵਸ’ ਹੈ ਤੇ ਸੰਨ 1948 ਤੋਂ ਲੈ ਕੇ ਹੁਣ ਤੱਕ ਇਹ ਦਿਵਸ ਹਰ ਸਾਲ ਦੁਨੀਆ ਭਰ ਵਿੱਚ ਬੜੇ ਜੋਸ਼ੋ-ਖ਼ਰੋਸ਼ ਨਾਲ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ 23 ਜੁਨ ਦੇ ਦਿਨ ਮਨਾਏ ਜਾਣ ਪਿੱਛੇ ਕਾਰਨ ਇਹ ਹੈ ਕਿ 23 ਜੂਨ 1894 ਨੂੰ ਪੈਰਿਸ ਦੇ ਸੋਰਬੌਰਨ ਵਿਖੇ ‘ਕੌਮਾਂਤਰੀ ਓਲਪਿੰਕ ਕਮੇਟੀ’ ਦੀ ਸਥਾਪਨਾ ਕੀਤੀ ਗਈ ਸੀ ਤੇ ਉਸ ਮਹਾਨ ਦਿਨ ਨੂੰ ਯਾਦਗਾਰ ਬਣਾਉਣ ਲਈ ਸੰਨ 1947 ਵਿੱਚ ਸਵੀਡਨ ਦੇ ਸਟਾਕਹੋਮ ਸ਼ਹਿਰ ਵਿੱਚ ਹੋਈ ‘ਕੌਮਾਂਤਰੀ ਓਲੰਪਿਕ ਕਮੇਟੀ’ ਦੀ ਇਕੱਤਰਤਾ ਦੌਰਾਨ ਡਾ. ਜੋਸਫ਼ ਗਰੱਸ ਨੇ ਸੁਝਾਅ ਪੇਸ਼ ਕੀਤਾ ਸੀ ਅਤੇ ਸੰਨ 1948 ਵਿੱਚ ਸੇਂਟ ਮੌਰਟਿਜ਼ ਵਿਖੇ ਹੋਈ ਕੌਮਾਂਤਰੀ ਓਲੰਪਿਕ ਕਮੇਟੀ ਦੀ ਮੀਟਿੰਗ ਵਿੱਚ ਉਕਤ ਸੁਝਾਅ ਨੂੰ ਪ੍ਰਵਾਨ ਕਰਦਿਆਂ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਹਰ ਸਾਲ 23 ਜੂਨ ਦੇ ਦਿਨ ‘ਕੌਮਾਂਤਰੀ ਓਲੰਪਿਕ ਦਿਵਸ’ ਦੁਨੀਆ ਭਰ ਵਿੱਚ ਮਨਾਇਆ ਜਾਵੇਗਾ।
ਸੰਨ 1948 ਵਿੱਚ ਜਦੋਂ ਪਹਿਲੀ ਵਾਰ ਇਹ ਦਿਵਸ ਮਨਾਇਆ ਗਿਆ ਸੀ ਤਾਂ ਉਦੋਂ ਯੂਨਾਨ, ਆਸਟੇਰਲੀਆ, ਪੁਰਤਗਾਲ, ਕੈਨੇਡਾ, ਸਵਿਟਜ਼ਰਲੈਂਡ, ਵੈਨੇਜ਼ੂਏਲਾ, ਬਰਤਾਨੀਆ, ਉਰੂਗੁਏ ਅਤੇ ਬੈਲਜੀਅਮ ਆਦਿ ਕੁੱਲ ਨੌ ਦੇਸ਼ਾਂ ਨੇ ਇਸ ਦਿਵਸ ਨੂੰ ਵੱਡੇ ਪੱਧਰ ’ਤੇ ਮਨਾਇਆ ਸੀ। ਇਸ ਦਿਵਸ ਨੂੰ ਮਨਾਏ ਜਾਣ ਦੇ ਮੂਲ ਮੰਤਵਾਂ ਵਿੱਚ ‘ਓਲੰਪਿਕ ਖੇਡਾਂ ਦੇ ਇਤਿਹਾਸ ਪ੍ਰਤੀ ਜਾਗਰੂਕਤਾ ਫੈਲਾਉਣਾ, ਖੇਡਾਂ ਪ੍ਰਤੀ ਲੋਕਾਂ ਨੂੰ ਆਕਰਸ਼ਿਤ ਕਰਨਾ, ਖਿਡਾਰੀਆਂ ਦੀ ਮਦਦ ਤੇ ਸਨਮਾਨ ਲਈ ਪ੍ਰੇਰਿਤ ਕਰਨਾ, ਖੇਡਾਂ ਰਾਹੀਂ ਹਾਂ-ਪੱਖੀ ਮੁਕਾਬਲੇਬਾਜ਼ੀ ਨੂੰ ਉਤਸ਼ਾਹਿਤ ਕਰਨਾ ਅਤੇ ਵੱਖ-ਵੱਖ ਮਜ਼ਹਬਾਂ ਤੇ ਮੁਲਕਾਂ ਨਾਲ ਸਬੰਧਿਤ ਖਿਡਾਰੀਆਂ ਦਰਮਿਆਨ ਆਪਸੀ ਪ੍ਰੇਮ, ਏਕਤਾ ਅਤੇ ਭਾਈਚਾਰੇ ਨੂੰ ਮਜ਼ਬੂਤ ਕਰਨਾ’ ਆਦਿ ਜਿਹੇ ਮਹੱਤਵਪੂਰਨ ਮੰਤਵ ਸ਼ਾਮਿਲ ਹਨ। ਇਸ ਦਿਨ ਦੁਨੀਆ ਭਰ ਅੰਦਰ ਵੱਖ-ਵੱਖ ਖੇਡ ਜਥੇਬੰਦੀਆਂ ਵੱਲੋਂ ਆਮ ਲੋਕਾਂ ਨੂੰ ਅਤੇ ਉੱਭਰਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਹਿਤ ਦੌੜਾਂ, ਸੈਮੀਨਾਰ, ਸੰਗੀਤਕ ਸਮਾਗਮ ਜਾਂ ਫਿਰ ਹੋਰ ਕਈ ਪ੍ਰਕਾਰ ਦੇ ਖੇਡ ਮੁਕਾਬਲੇ ਆਦਿ ਆਯੋਜਿਤ ਕੀਤੇ ਜਾਂਦੇ ਹਨ।
ਸਾਲ 2022 ਵਿੱਚ ਮਨਾਏ ਗਏ ‘ਵਿਸ਼ਵ ਓਲੰਪਿਕ ਦਿਵਸ’ ਲਈ ਵਿਸ਼ੇਸ਼ ਤੌਰ ’ਤੇ ਚੁਣਿਆ ਗਿਆ ਥੀਮ ਸੀ- ‘ਆਓ! ਸ਼ਾਂਤਮਈ ਵਿਸ਼ਵ ਲਈ ਇਕਜੁੱਟ ਹੋਈਏ।’ ਉਸ ਤੋਂ ਬਾਅਦ ਸਾਲ 2023 ਲਈ ‘ਆਓ! ਚੱਲੀਏ’ ਨਾਮੀਂ ਥੀਮ ਨਿਰਧਾਰਤ ਕੀਤਾ ਗਿਆ ਸੀ, ਜਿਸਦਾ ਨਿਸ਼ਾਨਾ ਮਸ਼ੀਨੀਕਰਨ ਦੇ ਚੁੰਗਲ ਵਿੱਚ ਫ਼ਸ ਚੁੱਕੇ ਦੁਨੀਆ ਭਰ ਦੇ ਲੋਕਾਂ ਨੂੰ ਤੰਦਰੁਸਤੀ ਹਿਤ ਖੇਡਾਂ ਜਾਂ ਹੋਰ ਸਰੀਰਕ ਗਤੀਵਿਧੀਆਂ ਲਈ ਪ੍ਰੇਰਿਤ ਕਰਨਾ ਸੀ। ਹੁਣ ਸਾਲ 2024 ਵਿੱਚ ਪੈਰਿਸ ਵਿਖੇ ਆਯੋਜਿਤ ਕੀਤੀਆਂ ਜਾ ਰਹੀਆਂ ਓਲੰਪਿਕ ਖੇਡਾਂ ਲਈ ਚੁਣਿਆ ਗਿਆ ਥੀਮ ਹੈ- ‘ਗੇਮਜ਼ ਵਾਈਡ ਓਪਨ’ ਭਾਵ ਖੇਡਾਂ ਦਾ ਪਿੜ ਖੁੱਲ੍ਹ ਗਿਆ ਹੈ। ਇਹ ਥੀਮ ਸਮੂਹ ਪ੍ਰਤੀਯੋਗੀ ਖਿਡਾਰੀਆਂ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਸ਼ਾਨਦਾਰ ਖੇਡ ਪ੍ਰਤਿਭਾ ਦਾ ਮੁਜ਼ਾਹਰਾ ਕਰਨ ਲਈ ਪ੍ਰੇਰਦਾ ਹੈ। ਜ਼ਿਕਰਯੋਗ ਹੈ ਕਿ ਇਨ੍ਹਾਂ ਖੇਡਾਂ ਲਈ ਇਸ ਵਾਰ ਤਿਆਰ ਕੀਤੇ ਗਏ ਮੁੱਖ ਗੀਤ ਦਾ ਸਿਰਲੇਖ ‘ਪਰੇਡ’ ਹੈ, ਜਿਸਨੂੰ ਵਿਕਟਰ ਲੀ ਮਨਸੇ ਨੇ ਕੰਪੋਜ਼ ਕੀਤਾ ਹੈ ਤੇ ਇਸ ਵਿੱਚ ਫ਼ਰਾਂਸ ਦੇ ‘ਕੌਮੀ ਆਰਕੈਸਟਰਾ’ ਦਾ ਵੱਡਾ ਸੰਗੀਤਕ ਯੋਗਦਾਨ ਸ਼ਾਮਿਲ ਹੈ।
ਓਲੰਪਿਕ ਖੇਡਾਂ ਨਾਲ ਜੁੜੀਆਂ ਕਈ ਰੌਚਿਕ ਜਾਣਕਾਰੀਆਂ ਦੀ ਜੇ ਗੱਲ ਕਰੀਏ ਤਾਂ ਪਤਾ ਲੱਗਦਾ ਹੈ ਕਿ 776 ਈਸਾਪੂਰਵ ਯੂਨਾਨ ਦੇ ਓਲੰਪੀਆ ਪਿੰਡ ਵਿਖੇ ਸ਼ੁਰੂ ਹੋਈਆਂ ਇਹ ਖੇਡਾਂ 393 ਈਸਵੀ ਤੱਕ ਚੱਲਦੀਆਂ ਰਹੀਆਂ ਸਨ। ‘ਆਧੁਨਿਕ ਓਲੰਪਿਕ ਖੇਡਾਂ’ ਦੀ ਅਰੰਭਤਾ ਸੰਨ 1896 ਵਿੱਚ ਯੂਨਾਨ ਦੇ ਹੀ ਇਤਿਹਾਸਕ ਸ਼ਹਿਰ ਏਥਨਜ਼ ਵਿਖੇ ਹੋਈ ਸੀ। ਸੰਨ 1900 ਵਿੱਚ ਹੋਈਆਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਮਹਿਲਾ ਖਿਡਾਰੀਆਂ ਨੂੰ ਭਾਗ ਲੈਣ ਦੀ ਇਜਾਜ਼ਤ ਮਿਲੀ ਸੀ। ‘ਪੰਜ ਛੱਲਿਆਂ’ ਦੇ ਚਿੰਨ੍ਹ ਵਾਲਾ ‘ਓਲੰਪਿਕ ਝੰਡਾ’ ਸੰਨ 1914 ਵਿੱਚ ਪ੍ਰਵਾਨ ਕੀਤਾ ਗਿਆ ਸੀ, ਪਰ ਇਸਨੂੰ ਪਹਿਲੀ ਵਾਰ ਲਹਿਰਾਉਣ ਦੀ ਰਸਮ ਸੰਨ 1920 ਵਿੱਚ ਹੋਈਆਂ ‘ਬਰਲਿਨ ਓਲੰਪਿਕ ਖੇਡਾਂ’ ਦੌਰਾਨ ਅਦਾ ਕੀਤੀ ਗਈ ਸੀ। ਇਸ ਝੰਡੇ ਵਿਚਲੇ ਪੰਜ ਛੱਲੇ ਵਿਸ਼ਵ ਦੇ ਵੱਡੇ ਹਿੱਸੇ ਨੂੰ ਕਵਰ ਕਰਦੇ ਪੰਜ ਮਹਾਂਦੀਪਾਂ- ‘ਅਫ਼ਰੀਕਾ, ਅਮਰੀਕਾ, ਏਸ਼ੀਆ, ਯੂਰਪ ਅਤੇ ਓਸ਼ਨੀਆ’ ਦੇ ਪ੍ਰਤੀਕ ਮੰਨੇ ਜਾਂਦੇ ਹਨ ਤੇ ਇਸ ਚਿੰਨ੍ਹ ਦੀ ਪੇਸ਼ਕਸ਼ ਪੀ.ਡੀ. ਕਿਊਬਰਟਨ ਨੇ ਕੀਤੀ ਸੀ, ਜਦੋਂ ਕਿ ਇਸ ਚਿੰਨ੍ਹ ਦੀ ਘਾੜਤ ਉਸਦੇ ਇੱਕ ਪਾਦਰੀ ਮਿੱਤਰ ਹੈਨਰੀ ਡਿਡੌਨ ਨੇ ਸੰਨ 1891 ਵਿੱਚ ਘੜੀ ਸੀ।
ਸੰਨ 1920 ਵਿੱਚ ਹੀ ਇਨ੍ਹਾਂ ਖੇਡ ਮੁਕਾਬਲਿਆਂ ਵੇਲੇ ‘ਓਲੰਪਿਕ ਸਹੁੰ ਚੁੱਕਣ’ ਦੀ ਰਸਮ ਸ਼ਾਮਿਲ ਕੀਤੀ ਗਈ ਸੀ, ਜਦੋਂ ਕਿ ਓਲੰਪਿਕ ਮਸ਼ਾਲ ਬਾਲਣ ਦੀ ਸ਼ੁਰੂਆਤ ਸੰਨ 1929 ਵਿੱਚ ਕੀਤੀ ਗਈ ਸੀ। ਓਲੰਪਿਕ ਖੇਡਾਂ ਦੇ ਟੀ.ਵੀ. ਪ੍ਰਸਾਰਨ ਦੀ ਅਰੰਭਤਾ ਸੰਨ 1936 ਵਿੱਚ ਬਰਲਿਨ ਵਿਖੇ ਹੋਈਆਂ ‘ਸਮਰ ਓਲੰਪਿਕ ਖੇਡਾਂ’ ਰਾਹੀਂ ਹੋਈ ਸੀ, ਪਰ ਇਹ ਪ੍ਰਸਾਰਨ ਕੇਵਲ ਸਥਾਨਕ ਲੋਕਾਂ ਲਈ ਹੀ ਉਪਲਬਧ ਕਰਵਾਇਆ ਗਿਆ ਸੀ, ਜਦੋਂ ਕਿ ਸੰਨ 1956 ਵਿੱਚ ਇਟਲੀ ਵਿਖੇ ਕਰਵਾਈਆਂ ਗਈਆਂ ਓਲੰਪਿਕ ਖੇਡਾਂ ਦਾ ਪ੍ਰਸਾਰਨ ਪਹਿਲੀ ਵਾਰ ਕੌਮਾਂਤਰੀ ਪੱਧਰ ’ਤੇ ਕੀਤਾ ਗਿਆ ਸੀ। ਖ਼ਰਚੇ ਪੱਖੋਂ ਮਹਿੰਗੀਆਂ ਸਾਬਿਤ ਹੋਈਆਂ ਓਲੰਪਿਕ ਖੇਡਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਭ ਤੋਂ ਵੱਧ ਖ਼ਰਚਾ ਸੰਨ 2014 ਦੀਆਂ ‘ਵਿੰਟਰ ਓਲੰਪਿਕ ਖੇਡਾਂ ’ ਉੱਤੇ ਹੋਇਆ ਸੀ, ਜੋ ਕਿ ਤਕਰੀਬਨ 51 ਬਿਲੀਅਨ ਅਮਰੀਕੀ ਡਾਲਰ ਸੀ। ਸਭ ਤੋਂ ਖ਼ਰਚੀਲੀਆਂ ‘ਸਮਰ ਓਲੰਪਿਕ ਖੇਡਾਂ’ ਚੀਨ ਦੇ ਬੀਜਿੰਗ ਵਿਖੇ ਸੰਨ 2008 ਵਿੱਚ ਹੋਈਆਂ ਸਨ, ਜਿਨ੍ਹਾਂ ’ਤੇ ਤਕਰੀਬਨ 44 ਬਿਲੀਅਨ ਅਮਰੀਕੀ ਡਾਲਰ ਖ਼ਰਚ ਹੋਏ ਸਨ। ਜ਼ਿਕਰਯੋਗ ਹੈ ਕਿ ਓਲੰਪਿਕ ਖੇਡਾਂ ਲਈ ਪ੍ਰਵਾਨਿਤ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰੈਂਚ ਹਨ। ਹੁਣ ਤੱਕ ਐਡੀ ਐਗਨ ਅਤੇ ਗਿੱਲਜ਼ ਗ੍ਰਾਫ਼ਸਟਰੌਮ ਨਾਂ ਦੇ ਸਿਰਫ ਦੋ ਹੀ ਅਜਿਹੇ ਅਥਲੀਟ ਹੋਏ ਹਨ, ਜਿਨ੍ਹਾਂ ਨੇ ‘ਵਿੰਟਰ ਓਲੰਪਿਕਸ’ ਅਤੇ ‘ਸਮਰ ਓਲੰਪਿਕਸ’ ਦੋਵਾਂ ਵਿੱਚ ਹੀ ਸੋਨ ਤਗ਼ਮੇ ਜਿੱਤੇ ਹਨ।
ਸਾਲ 2024 ਵਿੱਚ ਹੋਣ ਵਾਲੀਆਂ ‘33ਵੀਆਂ ਓਲੰਪਿਕ ਖੇਡਾਂ’ ਫ਼ਰਾਂਸ ਵਿਖੇ 26 ਜੁਲਾਈ ਨੂੰ ਸ਼ੁਰੂ ਹੋ ਕੇ 11 ਅਗਸਤ ਨੂੰ ਸਮਾਪਤ ਹੋ ਜਾਣਗੀਆਂ। ਇਨ੍ਹਾਂ ਖੇਡ ਮੁਕਾਬਲਿਆਂ ਲਈ ਕਿਉਂਕਿ ਖ਼ੂਬਸੂਰਤ ਸ਼ਹਿਰ ਪੈਰਿਸ ਮੁੱਖ ਧੁਰਾ ਹੋਵੇਗਾ, ਇਸ ਲਈ ਇਸ ਵਾਰ ਦੀਆਂ ਖੇਡਾਂ ਨੂੰ ‘ਪੈਰਿਸ ਓਲੰਪਿਕਸ’ ਦਾ ਨਾਂ ਦਿੱਤਾ ਗਿਆ ਹੈ। ਇਸ ਵਾਰ ਦੀਆਂ ਓਲੰਪਿਕ ਖੇਡਾਂ ਵਿੱਚ ਅੰਦਾਜ਼ਨ 10,500 ਖਿਡਾਰੀ 32 ਖੇਡਾਂ ਦੇ 329 ਮੁਕਾਬਲਿਆਂ ਵਿੱਚ ਭਾਗ ਲੈਣਗੇ। ਇਸ ਤੋਂ ਪਹਿਲਾਂ ਸਾਲ 1900 ਅਤੇ 1924 ਵਿੱਚ ਓਲੰਪਿਕ ਮੁਕਾਬਲਿਆਂ ਲਈ ਮੇਜ਼ਬਾਨੀ ਕਰ ਚੁੱਕਾ ਪੈਰਿਸ ਅਜਿਹਾ ਦੂਸਰਾ ਸ਼ਹਿਰ ਬਣ ਜਾਵੇਗਾ, ਜਿਸਨੂੰ ਤਿੰਨ ਵਾਰ ਓਲੰਪਿਕ ਖੇਡਾਂ ਦਾ ਮੇਜ਼ਬਾਨ ਬਣਨ ਦਾ ਸ਼ਰਫ਼ ਹਾਸਿਲ ਹੋਇਆ ਹੈ। ਇਸ ਤੋਂ ਪਹਿਲਾਂ ਇਹ ਮਾਣ ਲੰਦਨ ਦੇ ਹਿੱਸੇ ਆਇਆ ਸੀ, ਜਿਸਨੇ ਸਾਲ 1908, 1948 ਅਤੇ 2012 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਇਸ ਵਾਰ ਦੀਆਂ ਓਲੰਪਿਕ ਖੇਡਾਂ ਦੀ ਖ਼ਾਸ ਗੱਲ ਇਹ ਹੈ ਕਿ ਇਨ੍ਹਾਂ ਵਿੱਚ ਪਹਿਲੀ ਵਾਰ ‘ਬ੍ਰੇਕ ਡਾਂਸ’ ਨੂੰ ਓਲੰਪਿਕ ਖੇਡ ਮੁਕਾਬਲੇ ਵਜੋਂ ਸ਼ਾਮਿਲ ਕੀਤਾ ਗਿਆ ਹੈ। ਬੜੀ ਦਿਲਚਸਪ ਗੱਲ ਹੈ ਕਿ ‘ਪੈਰਿਸ ਓਲੰਪਿਕਸ-2024’ ਦੇ ਆਯੋਜਨ ਉੱਪਰ 8.3 ਬਿਲੀਅਨ ਪੌਂਡ ਖ਼ਰਚ ਹੋ ਜਾਣ ਦਾ ਅਨੁਮਾਨ ਹੈ। ਸਾਬਕਾ ਓਲੰਪੀਅਨ ਅਤੇ ‘ਕੌਮਾਤਰੀ ਓਲੰਪਿਕ ਕਮੇਟੀ’ ਦੇ ਨੌਵੇਂ ਅਤੇ ਵਰਤਮਾਨ ਮੁਖੀ ਥਾੱਮਸ ਬੈਚ ਦੀ ਅਗਵਾਈ ਵਿੱਚ ਕਰਵਾਈਆਂ ਜਾਣ ਵਾਲੀਆਂ ਇਹ ਆਖ਼ਰੀ ਓਲੰਪਿਕ ਖੇਡਾਂ ਹੋਣਗੀਆਂ, ਕਿਉਂਕਿ ਇਸ ਤੋਂ ਬਾਅਦ ਉਹ ਉਕਤ ਕਮੇਟੀ ਦੇ ਮੁਖੀ ਦਾ ਅਹੁਦਾ ਤਿਆਗ ਦੇਣਗੇ ਅਤੇ ਕਮੇਟੀ ਦੇ ਨਵੇਂ ਮੁਖੀ ਦੀ ਨਿਯੁਕਤੀ ਹੋ ਜਾਵੇਗੀ।
ਦੁਨੀਆ ਦੀ ਨਾਮਵਰ ਪ੍ਰਸਾਰਨ ਕੰਪਨੀ ‘ਵਾਰਨਰ ਬ੍ਰਦਰਜ਼ ਡਿਸਕਵਰੀ’ ਨੇ ਇਨ੍ਹਾਂ ਖੇਡਾਂ ਦਾ ਪ੍ਰਸਾਰਨ ਕਰਨ ਦੇ ਅਧਿਕਾਰ ਹਾਸਿਲ ਕਰ ਲਏ ਹਨ। ਬੇਹੱਦ ਮਜ਼ੇਦਾਰ ਤੱਥ ਹੈ ਕਿ ਇਸ ਵਾਰ ਦੇ ਓਲੰਪਿਕ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਜਾ ਰਹੇ ਇਜ਼ਰਾਇਲ ਦੇਸ਼ ਦੇ ਖਿਡਾਰੀਆਂ ਨੂੰ ਕੁਝ ਮਨੁੱਖੀ ਅਧਿਕਾਰ ਸੰਗਠਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਹ ਸਾਰਾ ਕੁਝ ਵਰਤਮਾਨ ਸਮੇਂ ਅੰਦਰ ਚੱਲ ਰਹੇ ‘ਇਜ਼ਰਾਇਲ-ਹਮਾਸ ਸੰਘਰਸ਼’ ਦੇ ਮੱਦੇਨਜ਼ਰ ਵਾਪਰ ਸਕਦਾ ਹੈ। ਦੂਜੇ ਪਾਸੇ ‘ਰੂਸ-ਯੂਕਰੇਨ ਜੰਗ’ ਦੇ ਕਾਰਨ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਵੀ ਸ਼ਾਂਤਮਈ ਢੰਗ ਨਾਲ ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਤਿਆਰ ਕਰਨ ਵਿੱਚ ਖੇਡ ਪ੍ਰਸ਼ਾਸਨ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਦੋ ਕਾਰਨਾਂ ਦੇ ਨਾਲ-ਨਾਲ ਹੋਰ ਕਿਸੇ ਵੀ ਪ੍ਰਕਾਰ ਦੇ ਅਤਿਵਾਦੀ ਹਮਲਿਆਂ ਦੀ ਸੰਭਾਵਨਾ ਦੇ ਮੱਦੇਨਜ਼ਰ ਸੁਰੱਖਿਆ ਦੇ ਕਰੜੇ ਇੰਤਜ਼ਾਮ ਕੀਤੇ ਗਏ ਹਨ। ਖੇਡਾਂ ਦਾ ਇਹ ਮਹਾਂਕੁੰਭ ਵੱਖ-ਵੱਖ ਖੇਡ ਮੁਕਾਬਲਿਆਂ ਵਿੱਚ ਪੁਰਾਣੇ ਰਿਕਾਰਡ ਤੋੜਨ ਅਤੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਲਈ ਤਿਆਰ-ਬਰ-ਤਿਆਰ ਹੈ।

Leave a Reply

Your email address will not be published. Required fields are marked *