*ਬਾਦਲ ਵਿਰੋਧੀ ਅਕਾਲੀਆਂ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਦਾਇਰ
*ਸੁਖਬੀਰ ਪੱਖੀ ਗੁੱਟ ਅਕਾਲੀ ਕਾਡਰ ਨੂੰ ਆਪਣੇ ਹੱਕ ਵਿੱਚ ਰੱਖਣ ਲਈ ਯਤਨਸ਼ੀਲ
ਜੇ.ਐਸ. ਮਾਂਗਟ
ਅਕਾਲੀ ਦਲ ਦਾ ਬਖੇੜਾ ਵਧਦਾ ਵਿਖਾਈ ਦੇ ਰਿਹਾ ਹੈ। ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਖੜ੍ਹਾ ਗਰੁੱਪ ਅਤੇ ਬਾਗੀ ਧੜਾ ਵੱਖੋ-ਵੱਖਰੀਆਂ ਦਿਸ਼ਾਵਾਂ ਵਿੱਚ ਵਧ ਰਹੇ ਹਨ। ਲਗਦਾ ਹੈ, ਦੋਹਾਂ ਧੜਿਆਂ ਵਿਚਕਾਰ ਸਿਆਸੀ ਖਾਈ ਡੂੰਘੀ ਹੋਣ ਵੱਲ ਵਧ ਰਹੀ ਹੈ। ਦੋਹਾਂ ਧੜਿਆਂ ਦੀ ਜਿਸ ਕਿਸਮ ਦੀ ਬਿਆਨਬਾਜ਼ੀ ਸਾਹਮਣੇ ਆ ਰਹੀ ਹੈ, ਉਸ ਨਾਲ ਅਕਾਲੀ ਸਫਾਂ ਵਿੱਚ ਪਾਲਬੰਦੀ ਦਾ ਅਮਲ ਵੀ ਸ਼ੁਰੂ ਹੋ ਗਿਆ ਹੈ। ਇੱਕ ਪਾਸੇ ਬਾਗੀ ਧੜਾ ਅਕਾਲੀ ਸਰਕਾਰ ਦੇ ਕਾਰਜਕਾਲ ਵਿੱਚ ਹੋਈਆਂ ਬੱਜਰ ਗਲਤੀਆਂ ਲਈ ਅਕਾਲ ਤਖਤ ਸਾਹਿਬ ਤੋਂ ਲਿਖਤੀ ਮੁਆਫੀ ਮੰਗਣ ਲਈ ਲੰਘੀ ਪਹਿਲੀ ਜੁਲਾਈ ਨੂੰ ਅਕਾਲ ਤਖਤ ਸਾਹਿਬ ‘ਤੇ ਪੁੱਜਾ।
ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਵਿਸ਼ਵਾਸ ਪ੍ਰਗਟ ਕਰ ਰਹੇ ਧੜੇ ਵੱਲੋਂ, ਅਕਾਲੀ ਕਾਡਰ ਅਤੇ ਸਥਾਨਕ ਅਕਾਲੀ ਲੀਡਰਸ਼ਿੱਪ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਹੱਕ ਵਿੱਚ ਮਤੇ ਪੁਆਉਣੇ ਸ਼ੁਰੂ ਕਰ ਦਿੱਤੇ ਗਏ ਹਨ। ਇਸ ਤਰ੍ਹਾਂ ਅਕਾਲੀ ਦਲ ਦੀਆਂ ਸਫਾਂ ਅੰਦਰ ਨਵੀਂ ਸਫਬੰਦੀ ਦਾ ਅਮਲ ਸ਼ੁਰੂ ਹੋ ਗਿਆ ਹੈ।
ਸੀਨੀਅਰ ਅਕਾਲੀ ਆਗੂਆਂ ਦੀ ਸ਼ਮੂਲੀਅਤ ਵਾਲੇ ਬਾਗੀ ਅਕਾਲੀਆਂ ਵੱਲੋਂ ਆਪਣਾ ਇੱਕ ਚਾਰ ਨੁਕਾਤੀ ਮੁਆਫੀਨਾਮਾ ਬੀਤੀ ਪਹਿਲੀ ਜੁਲਾਈ ਨੂੰ ਸ੍ਰੀ ਅਕਾਲ ਤਖਤ ਸਕੱਤਰੇਤ ਵਿਖੇ ਸੌਂਪਿਆ ਗਿਆ, ਜਿਸ ਵਿੱਚ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਪਿਛਲੇ ਸਮੇਂ ਵਿੱਚ ਹੋਈਆਂ ਗਲਤੀਆਂ ਦੀ ਲਿਖਤੀ ਮੁਆਫੀ ਦੀ ਯਾਚਨਾ ਕੀਤੀ ਗਈ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਰਾਮ ਰਹੀਮ ਨੂੰ ਮੁਆਫੀ ਸਮੇਤ ਚਾਰ ਮੁੱਖ ਮੁੱਦਿਆਂ ‘ਤੇ ਮੁਆਫੀ ਦੀ ਯਾਚਨਾ ਕੀਤੀ ਗਈ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਲ 2007 ਵਿੱਚ ਸਲਾਬਤਪੁਰਾ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅੰਮ੍ਰਿਤ ਛਕਾਉਣ ਦੀ ਪਰੰਪਰਾ ਦੀ ਨਕਲ ਕਰਨ ਕਰਕੇ ਪੰਥ ਵਿੱਚੋਂ ਛੇਕ ਦਿੱਤਾ ਗਿਆ ਸੀ, ਪਰ ਸੁਖਬੀਰ ਬਾਦਲ ਵੱਲੋਂ ਸਰਸਾ ਸਾਧ ਨੂੰ ਅਕਾਲ ਤਖਤ ਤੋਂ ਮੁਆਫੀ ਦਿਵਾ ਦਿੱਤੀ ਗਈ। ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਇਸ ਨੂੰ ਗਲਤੀ ਸਵੀਕਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ 12 ਅਕਤੂਬਰ 2015 ਨੂੰ ਮਾਲਵੇ ਦੇ ਪਿੰਡ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾ ਸਕਣਾ ਅਤੇ ਇਸ ਤੋਂ ਪਿਛੋਂ ਦੋ ਸਿੰਘਾਂ ਦੀ ਪੁਲਿਸ ਦੀ ਗੋਲੀ ਨਾਲ ਹੋਈ ਸ਼ਹਾਦਤ ਨੂੰ ਵੀ ਆਪਣੀ ਗਲਤੀ ਸਵੀਕਾਰ ਕੀਤਾ ਗਿਆ ਹੈ। ਇੰਜ ਹੀ ਚੁਰਾਸੀਵਿਆਂ ਦੇ ਦੌਰ ਵਿੱਚ ਸਿੱਖ ਨੌਜਵਾਨਾਂ ਨੂੰ ਕਥਿੱਤ ਤੌਰ ‘ਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲ ਕਰਨ ਦੇ ਜ਼ਿੰਮੇਵਾਰ ਸੁਮੇਧ ਸਿੰਘ ਸੈਣੀ ਨੂੰ ਪੰਜਾਬ ਪੁਲਿਸ ਦਾ ਮੁਖੀ ਲਾਉਣ ਅਤੇ ਪੰਜਾਬ ਵਿੱਚ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਨਾ ਦਿਵਾਉਣ ਨੂੰ ਵੀ ਆਪਣੀਆਂ ਗਲਤੀਆਂ ਵਜੋਂ ਸਵੀਕਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਇੱਕ 16 ਨੁਕਾਤੀ ਹੱਥ ਲਿਖਤ ਦੇ ਰੂਪ ਵਿੱਚ ਝੂੰਦਾ ਕਮੇਟੀ ਦੀ ਰਿਪੋਰਟ ਵੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਵਿੱਚ ਤਬਦੀਲੀ ਸਮੇਤ ਆਪਣੀਆਂ ਗਲਤੀਆਂ ਲਈ ਅਕਾਲ ਤਖਤ ਸਾਹਿਬ ਤੋਂ ਮੁਆਫੀ ਮੰਗਣ ਦੀ ਗੱਲ ਵੀ ਕਹੀ ਗਈ ਹੈ।
ਇੰਝ ਤੇਜ਼ੀ ਨਾਲ ਅੱਗੇ ਵਧ ਰਹੇ ਇਸ ਘਟਨਾਕ੍ਰਮ ਤੋਂ ਜਪਾਦਾ ਹੈ ਕਿ ਬਾਗੀ ਧੜਾ ਬਾਦਲ ਗੁੱਟ ਤੋਂ ਵੱਖ ਹੋਣ ਵੱਲ ਵਧ ਰਿਹਾ ਹੈ। ‘ਅਜੀਤ’ ਅਖ਼ਬਾਰ ਸਮੂਹ ਦੇ ਸੰਪਾਦਕ ਬਰਜਿੰਦਰ ਸਿੰਘ ਅਤੇ ਕੁਝ ਹੋਰ ਬੁੱਧੀਜੀਵੀਆਂ ਵੱਲੋਂ ਦੋਹਾਂ ਧੜਿਆਂ ਵਿੱਚ ਠੰਡ-ਠਾਰ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ, ਪਰ ਹਾਲ ਦੀ ਘੜੀ ਇਸ ਕਿਸਮ ਦੇ ਕਿਸੇ ਵੀ ਯਤਨ ਨੂੰ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ।
ਬਾਗੀ ਧੜੇ ਦੇ ਸਮਾਨੰਤਰ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਧੜੇ ਨੇ ਜ਼ਿਲ੍ਹਾ ਲੀਡਰਸ਼ਿਪ ਅਤੇ ਆਮ ਅਕਾਲੀ ਕਾਡਰ ਤੋਂ ਸੁਖਬੀਰ ਦੀ ਅਗਵਾਈ ਦੇ ਹੱਕ ਵਿੱਚ ਮਤੇ ਪਵਾਉਣੇ ਸ਼ੁਰੂ ਕਰ ਦਿੱਤੇ ਗਏ ਹਨ। ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਇੱਕ ਮੀਟਿੰਗ ਕਰਕੇ ਸੁਖਬੀਰ ਬਾਦਲ ਦੀ ਲੀਡਰਸ਼ਿੱਪ ਵਿੱਚ ਭਰੋਸਾ ਪ੍ਰਗਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਗੀਆਂ ਖਿਲਾਫ ਇਹ ਪ੍ਰਚਾਰ ਵੀ ਜ਼ੋਰ-ਸ਼ੋਰ ਨਾਲ ਕੀਤਾ ਜਾ ਰਿਹਾ ਹੈ ਕਿ ਇਹ ਆਗੂ ਕੇਂਦਰ ਵਿੱਚ ਰਾਜ ਕਰ ਰਹੀ ਪਾਰਟੀ, ਭਾਰਤੀ ਜਨਤਾ ਪਾਰਟੀ ਵੱਲੋਂ ਅਕਾਲੀ ਦਲ ਨੂੰ ਤੋੜਨ ਦੀ ਸਾਜ਼ਿਸ਼ ਦੇ ਮੋਹਰੇ ਬਣੇ ਹੋਏ ਹਨ। ਇਸ ਦੇ ਉਲਟ ਬਾਗੀ ਗਰੁੱਪ ਦੇ ਆਗੂਆਂ ਦਾ ਆਖਣਾ ਹੈ ਕਿ ਬਾਦਲ ਪਰਿਵਾਰ ਵੱਲੋਂ ਭਾਜਪਾ ਤੋਂ ਨਿੱਜੀ ਫਾਇਦੇ ਲਏ ਗਏ ਹਨ। ਬੀਬੀ ਹਰਸਿਮਰਤ ਕੌਰ ਬਾਦਲ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕਰਵਾਇਆ ਗਿਆ। ਵੱਡੇ-ਛੋਟੇ ਬਾਦਲਾਂ ਵੱਲੋਂ ਲਗਾਤਾਰ ਭਾਜਪਾ ਨੂੰ ਬਿਨਾ ਸ਼Lਰਤ ਹਮਇਤ ਦਿੱਤੀ ਗਈ। ਭਾਜਪਾ ਦੇ ਏਜੰਟ ਉਹ (ਬਾਗੀ) ਨਹੀਂ, ਸਗੋਂ ਬਾਦਲ ਪਰਿਵਾਰ ਹੈ।
ਬਾਗੀ ਧੜੇ ਨੇ ਆਪਣੇ ਪੱਤਰ ਵਿੱਚ ਸਿੱਖ ਸੰਗਤ ਕੋਲੋਂ ਵੀ ਹੋਈਆਂ ਭੁੱਲਾਂ ਦੀ ਖਿਮਾ ਯਾਚਨਾ ਕੀਤੀ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰੂ ਮਾਹਾਰਾਜ ਅਤੇ ਸਿੱਖ ਸੰਗਤ ਅਕਾਲੀ ਦਲ ਨਾਲ ਨਾਰਾਜ਼ ਹਨ, ਇਸ ਲਈ ਅਕਾਲੀ ਦਲ ਨੂੰ ਤਕੜਾ ਕਰਨ ਲਈ ਹੀ ਉਹ ਗੁਰੂ ਅਤੇ ਸੰਗਤ ਤੋਂ ਭੁੱਲਾਂ ਬਖ਼ਸ਼ਾਉਣ ਲਈ ਅਕਾਲ ਤਖਤ ਸਾਹਿਬ ‘ਤੇ ਪਹੁੰਚੇ ਹਨ। ਇਸ ਮੌਕੇ ਸ. ਚੰਦੂਮਾਜਰਾ ਨੇ ਪੱਤਰਕਾਰਾਂ ਨੂੰ ਅਪੀਲ ਵੀ ਕੀਤੀ ਕਿ ਉਨ੍ਹਾਂ ਨੂੰ ਬਾਗੀ ਅਕਾਲੀ ਨਾ ਆਖਿਆ ਜਾਵੇ। ਉਹ ਤੇ ਪਾਰਟੀ ਦੀ ਪੁਨਰ ਉਸਾਰੀ ਤੇ ਮਜਬੂਤੀ ਲਈ ਕੰਮ ਕਰ ਰਹੇ ਹਨ; ਜਦਕਿ ਦੂਜਾ ਧੜਾ (ਸੁਖਬੀਰ ਬਾਦਲ ਦੀ ਅਗਵਾਈ ਵਾਲਾ ਗਰੁੱਪ) ਪਾਰਟੀ ਨੂੰ ਕਮਜ਼ੋਰ ਕਰ ਰਿਹਾ।
ਇਸ ਮੌਕੇ ਕਿਸੇ ਹੋਰ ਪ੍ਰਸੰਗ ਵਿੱਚ ਅਕਾਲ ਤਖਤ ਸਾਹਿਬ ਵਿੱਖੇ ਪਹੁੰਚੇ ਸਾਬਕਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਸੰਭਾਲਣ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਹਾਲੇ ਤੱਕ ਉਨ੍ਹਾਂ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ। ਜਦੋਂ ਇਹੋ ਜਿਹੀ ਕੋਈ ਤਜਵੀਜ਼ ਉਨ੍ਹਾਂ ਸਾਹਮਣੇ ਆਏਗੀ ਤਾਂ ਵਿਚਾਰ ਕੀਤਾ ਜਾ ਸਕਦਾ ਹੈ, ਬਸ਼ਰਤੇ ਅਕਾਲੀ ਦਲ ਇੱਕਜੁੱਟ ਰਹੇ। ਉਨ੍ਹਾਂ ਕਿਹਾ ਕਿ ਉਹ ਅਕਾਲੀ ਧੜਿਆਂ ਦੀ ਸਿਆਸਤ ਵਿੱਚ ਸ਼ਾਮਲ ਨਹੀਂ ਹੋਣਗੇ। ਗਿਆਨੀ ਹਰਪ੍ਰੀਤ ਸਿੰਘ ਦੇ ਜੁਆਬ ਤੋਂ ਜਾਪਿਆ ਕਿ ਉਹ ਅਕਾਲੀ ਦਲ ਦੀ ਅਗਵਾਈ ਕਰਨ ਲਈ ਰਾਜ਼ੀ ਹਨ, ਪਰ ਦੋਹਾਂ ਧੜਿਆਂ ਵਿੱਚ ਏਕਤਾ ਦੀ ਸੂਰਤ ਵਿੱਚ ਹੀ ਅਜਿਹਾ ਕਰ ਸਕਦੇ ਹਨ। ਯਾਦ ਰਹੇ, ਸਿੱਖ ਬੁੱਧੀਜੀਵੀ ਹਲਕਿਆਂ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ, ਸਾਬਕਾ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਫਰੀਦਕੋਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਭਾਈ ਸਰਬਜੀਤ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਏ ਜਾਣ ਦੀ ਚਰਚਾ ਚੱਲ ਰਹੀ ਹੈ।
ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਆਪਣੇ ਕਾਰਜਕਾਲ ਦੌਰਾਨ ਅੰਮ੍ਰਿਤਸਰ ਐਲਾਨਾਮਾ ਦੇ ਡਰਾਫਟ ਨੂੰ ਤਿਆਰ ਕਰਵਾਉਣ ਅਤੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਅਕਾਲੀ ਏਕਤਾ ਕਾਇਮ ਕਰਨ ਦਾ ਯਤਨ ਕੀਤਾ ਸੀ, ਪਰ ਇਹ ਏਕਤਾ ਅਮਲ ਬਹੁਤੀ ਦੇਰ ਨਹੀਂ ਸੀ ਚੱਲ ਸਕਿਆ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਚੱਲਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਆਪਣੇ ਵੱਖਰੇ ਅਕਾਲੀ ਦਲ (ਬਾਦਲ) ਦੀ ਹੋਂਦ ਨੂੰ ਜਾਰੀ ਰੱਖਿਆ ਸੀ। ਨਤੀਜੇ ਵਜੋਂ ਜਦੋਂ ਅਕਾਲੀ ਦਲ (ਅੰਮ੍ਰਿਤਸਰ) ਕਮਜ਼ੋਰ ਹੋਇਆ ਤਾਂ ਅਕਾਲੀ ਦਲ (ਬਦਲ) ਮੁੜ ਉਭਰ ਆਇਆ ਸੀ। ਇਸੇ ਦੇ ਸਿੱਟੇ ਵਜੋਂ ਹੀ 1997 ਵਿੱਚ ਅਕਾਲੀ ਦਲ ਦੀ ਸਰਕਾਰ ਹੋਂਦ ਵਿੱਚ ਆਈ ਸੀ ਅਤੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣੇ ਸਨ। ਇਸ ਗੇੜ ਦੀ ਚੋਣ ਮਹਿੰਮ ਵਿੱਚ ਅਕਾਲੀ ਦਲ ਨੇ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਨਸਾਫ ਦੁਆਉਣ ਅਤੇ ਸਿੱਖ ਨੌਜੁਆਨਾਂ ਦਾ ਘਾਣ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਸਜ਼ਾ ਦੁਆਉਣ ਦੇ ਵਾਅਦੇ ਕੀਤੇ ਸਨ; ਪਰ ਸਰਕਾਰ ਬਣਨ ਤੋਂ ਬਾਅਦ ਅਕਾਲੀ ਦਲ ਵੱਲੋਂ ਆਪਣੇ ਇਨ੍ਹਾਂ ਵਾਅਦਿਆਂ ਤੋਂ ਮੂੰਹ ਮੋੜ ਲਿਆ ਗਿਆ ਸੀ ਅਤੇ ਬੀਤੇ ‘ਤੇ ਮਿੱਟੀ ਪਾਉਣ ਅਤੇ ‘ਦੱਬੇ ਮੁਰਦੇ ਨਾ ਪੁੱਟਣ’ ਦੀ ਨਸੀਹਤ ਕੀਤੀ ਗਈ ਸੀ। ਇਸ ਵਾਅਦਾ ਖਿਲਾਫੀ ਨੂੰ ਵੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅਕਾਲ ਤਖਤ ਸਾਹਿਬ ਵਿਖੇ ਦਿੱਤੇ ਗਏ ਆਪਣੇ ਪੱਤਰ ਵਿੱਚ ਗਲਤੀ ਸਵੀਕਾਰ ਕੀਤਾ ਗਿਆ ਹੈ।
ਕੁੱਲ ਮਿਲਾ ਕਿ ਸਥਿਤੀ ਇਹ ਬਣ ਗਈ ਲਗਦੀ ਹੈ ਕਿ ਅਕਾਲੀ ਦਲ ਦੇ ਬਹੁਤੇ ਸੀਨੀਅਰ ਲੀਡਰ ਬਾਗੀ ਧੜੇ ਨਾਲ ਚਲੇ ਗਏ ਹਨ, ਜਦੋਂਕਿ ਬਹੁਗਿਣਤੀ ਅਕਾਲੀ ਕਾਡਰ ਹਾਲ ਦੀ ਘੜੀ ਬਾਦਲ ਧੜੇ ਨਾਲ ਰਹਿ ਰਿਹਾ ਹੈ। ਬਾਦਲ ਧੜੇ ਦੀ ਲੀਡਰਸ਼ਿੱਪ ਵੱਲੋਂ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਸੱਦੀ ਗਈ ਮੀਟਿੰਗ ਵਿੱਚ ਦਾਅਵਾ ਕੀਤਾ ਗਿਆ ਸੀ ਕਿ 135 ਵਿੱਚੋਂ 94 ਹਲਕਾ ਇੰਚਾਰਜ ਉਸ ਮੀਟਿੰਗ ਵਿੱਚ ਪਹੁੰਚੇ ਸਨ। ਵੱਡੇ ਲੀਡਰਾਂ ਵਿੱਚੋਂ ਡਾ. ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਬਾਦਲ ਧੜੇ ਨਾਲ ਖੜ੍ਹੇ ਵਿਖਾਈ ਦੇ ਰਹੇ ਹਨ; ਜਦਕਿ ਬਾਕੀ ਬਹੁਗਿਣਤੀ ਸੀਨੀਅਰ ਲੀਡਰਸ਼ਿਪ ਬਾਗੀਆਂ ਵਾਲੇ ਪਾਸੇ ਖਿਸਕ ਗਈ ਜਾਪਦੀ ਹੈ। ਮਨਪ੍ਰੀਤ ਇਆਲੀ ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਅਕਾਲ ਤਖਤ ਸਾਹਿਬ ਵਿਖੇ ਮੁਆਫੀਨਾਮਾ ਦੇਣ ਅਤੇ ਅਰਦਾਸ ਵਿੱਚ ਸ਼ਾਮਲ ਹੋਣ ਵਾਲੇ ਆਗੂਆਂ ਵਿੱਚ ਸੁਰਜੀਤ ਸਿੰਘ ਰੱਖੜਾ, ਭਾਈ ਮਨਜੀਤ ਸਿੰਘ, ਬੀਬੀ ਜਗੀਰ ਕੌਰ, ਸੁੱਚਾ ਸਿੰਘ ਛੋਟੇਪੁਰ, ਗੁਰਪ੍ਰਤਾਪ ਸਿੰਘ ਵਡਾਲਾ, ਪਰਮਿੰਦਰ ਸਿੰਘ ਢੀਂਡਸਾ, ਸੁਖਬੀਰ ਬਾਦਲ ਦੇ ਸਾਬਕਾ ਸਲਾਹਕਾਰ ਚਰਨਜੀਤ ਸਿੰਘ ਅਤੇ ਕਰਨੈਲ ਸਿੰਘ ਪੰਜੋਲੀ ਆਦਿ ਸ਼ਾਮਲ ਸਨ।