ਕਾਂਗਰਸੀ ਲੀਡਰਸ਼ਿਪ ਦੇ ਤੇਵਰ ਤਿੱਖੇ ਹੋਣ ਲੱਗੇ

ਸਿਆਸੀ ਹਲਚਲ ਖਬਰਾਂ

ਜਮਹੂਰੀ ਕਦਰਾਂ ਕੀਮਤਾਂ ਨੂੰ ਵਿਕਸਤ ਕਰਨ ਦੇ ਰਾਹ ਪਏ ਰਾਹੁਲ ਤੇ ਖੜਗੇ
ਜਸਵੀਰ ਸਿੰਘ ਸ਼ੀਰੀ
ਲੋਕ ਸਭਾ ਅਤੇ ਰਾਜ ਸਭਾ ਵਿੱਚ ਮੌਜੂਦ ਵਿਰੋਧੀ ਧਿਰ ਨੇ ਸਰਕਾਰੀ ਨੀਤੀਆਂ ਖਿਲਾਫ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। ਇਸ ਰੁਖ ਤੋਂ ਇਹ ਵੀ ਲਗਦਾ ਹੈ ਕਿ ਹਾਲ ਹੀ ਦੀਆਂ ਲੋਕ ਸਭਾ ਚੋਣਾਂ ਨੇ ਨਾ ਸਿਰਫ ਭਾਜਪਾ ਨੂੰ ਕਮਜ਼ੋਰ ਕੀਤਾ ਹੈ, ਸਗੋਂ ਇਸ ਨੇ ਵਿਰੋਧੀ ਧਿਰ ਦੀਆਂ ਪਾਰਟੀਆਂ ਦੀ ਲੀਡਰਸਿੱLਪ ਨੂੰ ਇਕ ਨਵਾਂ ਨਕੋਰ ਆਤਮ ਵਿਸ਼ਵਾਸ ਵੀ ਦਿੱਤਾ ਹੈ। ਇੰਜ ਵਿਰੋਧੀ ਧਿਰ ਦੀ ਸੰਘ ਪਰਿਵਾਰ ਅਤੇ ਬਹੁਗਿਣਤੀਵਾਦੀ ਸਿਆਸਤ ਪ੍ਰਤੀ ਪਹੁੰਚ ਹੋਰ ਵਧੇਰੇ ਸਾਫ ਹੋ ਗਈ ਹੈ।

ਕਾਂਗਰਸ ਪਾਰਟੀ ਨੂੰ ਇਹ ਉਤਸ਼ਾਹ ਨਿਸ਼ਚਤ ਹੀ ਹਿੰਦੂਤਵ ਦੇ ਗੜ੍ਹ ਮੰਨੇ ਜਾਂਦੇ ਉੱਤਰ ਪ੍ਰਦੇਸ਼ ਵਿੱਚ ਮਿਲੀ ਚੋਣ ਜਿੱਤ ਤੋਂ ਮਿਲਿਆ ਹੈ। ਭਾਰਤੀ ਪਾਰਲੀਮੈਂਟ ਵਿੱਚ ਵਿਰੋਧੀ ਧਿਰ ਦੀ ਨਵੀਂ ਸਥਿਤੀ ਨਾਲ ਨਾ ਸਿਰਫ ਸਦਨ ਨੂੰ ਵਿਰੋਧੀ ਧਿਰ ਦਾ ਨੇਤਾ ਮਿਲਿਆ, ਸਗੋਂ ਉਸ ਕਿਸਮ ਦਾ ਆਗੂ ਮਿਲਿਆ ਜਿਹੜਾ ਭਾਵੇਂ ਰਸਮੀ ਤੌਰ ‘ਤੇ ਗਾਂਧੀ ਨਹਿਰੂ ਪਰਿਵਾਰ ਨਾਲ ਸੰਬੰਧਤ ਹੈ, ਪਰ ਜਿਹੜਾ ਆਪਣੀ ਜਮਹੂਰੀ ਪ੍ਰਣਾਲੀ ਵਾਲੀ ਸਮਝ ਨੂੰ ਮੁਢਲੀ ਕਾਂਗਰਸੀ ਲੀਡਰਸ਼ਿੱਪ ਨਾਲੋਂ ਵੀ ਅਗਾਂਹ ਵਧਾ ਰਿਹਾ ਹੈ। ਅਜਿਹਾ ਰੁਝਾਨ ਹਿੰਦੁਸਤਾਨੀ ਜਮਹੂਰੀ ਸਿਸਟਮ ਦੀ ਸਿਹਤ ਲਈ ਤੰਦਰੁਸਤੀ ਵਾਲਾ ਹੀ ਸਮਝਿਆ ਜਾਣਾ ਚਾਹੀਦਾ ਹੈ।
ਬੀਤੇ ਸੋਮਵਾਰ ਵਾਲੇ ਦਿਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਨਾ ਸਿਰਫ ਤਿੰਨ ਨਵੇਂ ਫੌਜਦਾਰੀ ਕਾਨੂੰਨਾਂ ਸਮੇਤ ਕਈ ਸਾਰੇ ਮਸਲੇ ਚੁੱਕੇ, ਸਗੋਂ ਆਪਣੇ ਭਾਸ਼ਨ ਨੂੰ ਚੋਣ ਕੰਪੇਨ ਵਾਲੇ ਐਜੀਟੇਟਿਵ ਮੋਡ ਵਿੱਚ ਪਾਈ ਰੱਖਿਆ। ਯਾਦ ਰਹੇ, ਉਪਰੋਕਤ ਕਾਨੂੰਨ ਉਦੋਂ ਪਾਸ ਕੀਤੇ ਗਏ ਸਨ, ਜਦੋਂ ਬੀਤੇ ਸਾਲ 140 ਲੋਕ ਸਭਾ ਮੈਂਬਰ ਮੁਅਤੱਲ ਕਰ ਦਿੱਤੇ ਗਏ ਸਨ। ਆਪਣੀ ਭਾਰਤ ਜੋੜੋ ਯਾਤਰਾ ਤੋਂ ਬਾਅਦ ਰਾਹੁਲ ਨੇ ਕਿਹਾ ਸੀ ਕਿ ‘ਪਹਿਲਾਂ ਵਾਲਾ ਰਾਹੁਲ ਗਾਂਧੀ ਮਰ ਗਿਆ’ ਹੈ। ਇਸ ਤਰ੍ਹਾਂ ਲਗਦਾ ਹੈ, ਦੇਸ਼ ਭਰ ਦੀਆਂ ਦੋ ਪਦ-ਯਾਤਰਾਵਾਂ ਨੇ ਇਸ ਕਾਂਗਰਸੀ ਆਗੂ ਦਾ ਮਾਨਸਿਕ ਮੁਹਾਂਦਰਾ ਪੂਰੀ ਤਰ੍ਹਾਂ ਬਦਲ ਦਿੱਤਾ। ਭਾਰਤੀ ਜਨਤਾ ਪਾਰਟੀ ਦੀ ਸੰਘ ਤੋਂ ਪ੍ਰਭਾਵਤ ਨਫਰਤ ਦੀ ਰਾਜਨੀਤੀ ਨੂੰ ਕਿਹੜੇ ਰਾਜਨੀਤਿਕ ਸੰਕਲਪ ਅਤੇ ਵਿਸ਼ਵਾਸ ਤਾਨਾਸ਼ਾਹੀ ਰੰਗ ਦਿੰਦੇ ਹਨ, ਵਿਰੋਧੀ ਧਿਰ ਦੇ ਆਗੂ ਨੇ ਇਸ ਦੇ ਮੂਲ ਨੂੰ ਫੜ ਲਿਆ ਹੈ। ਇਸ ਤਰ੍ਹਾਂ ਕਾਂਗਰਸ ਦਾ ਇਹ ਆਗੂ ਕਾਂਗਰਸ ਦੇ ਨਰਮ ਹਿੰਦੂਤਵ ਦੇ ਪੈਂਤੜੇ ਤੋਂ ਅਗਾਂਹ ਲੰਘ ਕੇ ਧਾਰਮਿਕ ਸਹਿਹੋਂਦ ਆਧਾਰਤ ਸਮਾਜਕ ਸਭਿਆਚਾਰਕ ਇਕਸੁਰਤਾ ਵਾਲੀ ਸਿਫਤੀ ਰਾਜਨੀਤਿਕ ਤਬਦੀਲੀ ਵੱਲ ਵਧਦਾ ਵਿਖਾਈ ਦੇ ਰਿਹਾ ਹੈ। ਇਹ ਇੱਕ ਹਾਂ-ਮੁਖੀ ਜਮਹੂਰੀ ਰੁਝਾਨ ਹੈ, ਜਿਸ ਨੂੰ ਦੇਸ਼ ਵਿੱਚ ਵੱਸਦੀਆਂ ਵੱਖ-ਵੱਖ ਧਾਰਮਿਕ, ਨਸਲੀ ਜਾਂ ਭਾਸ਼ਾਈ ਘੱਟਗਿਣਤੀਆਂ ਵੀ ਹੁੰਘਾਰਾ ਭਰ ਸਕਦੀਆਂ ਹਨ। ਲੋਕ ਸਭਾ ਵਿੱਚ ਆਪਣੇ ਪਲੇਠੇ ਭਾਸ਼ਨ ਵਿੱਚ ਰਾਹੁਲ ਗਾਂਧੀ ਨੇ ਸਪਸ਼ਟ ਵਿਚਾਰਧਾਰਕ ਪਹੁੰਚ ਦਾ ਮੁਜ਼ਾਹਰਾ ਕਰਦਿਆਂ ਕਿਹਾ ਕਿ ‘ਹੁਕਮਰਾਨ ਧਿਰ, ਰਾਸ਼ਟਰੀ ਸਵੈਮਸੇਵਕ ਸੰਘ (ਆਰ.ਐਸ.ਐਸ.) ਪੂਰੇ ਹਿੰਦੂ ਸਮਾਜ ਦੀ ਨੁਮਾਇੰਦਗੀ ਨਹੀਂ ਕਰਦੇ।’ ਉਨ੍ਹਾਂ ਕਿਹਾ ਕਿ ਇਹ ਲੋਕ ਚੌਵੀ ਘੰਟੇ ਨਫਰਤ ਦੀ ਰਾਜਨੀਤੀ ਕਰਦੇ ਹਨ।
ਰਾਸ਼ਟਰਪਤੀ ਦੇ ਭਾਸ਼ਨ ‘ਤੇ ਧੰਨਵਾਦ ਮਤੇ ‘ਤੇ ਚਰਚਾ ਦੌਰਾਨ ਦਿੱਤੇ ਗਏ ਉਸ ਦੇ 1 ਘੰਟਾ 40 ਮਿੰਟ ਦੇ ਭਾਸ਼ਨ ਦੀ ਚੋਭ ਇੰਨੀ ਤਿੱਖੀ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿੱਤ ਸ਼ਾਹ ਸਮੇਤ ਕਈ ਭਾਜਪਾ ਆਗੂਆਂ ਨੇ ਇਸ ਭਾਸ਼ਨ ਵਿੱਚ ਟੋਕਾ-ਟਕਾਈ ਕੀਤੀ। ਰਾਹੁਲ ਵੱਲੋਂ ਭਾਜਪਾ ਅਤੇ ਸੰਘ ਨੂੰ ਹਿੰਸਕ ਕਹੇ ਜਾਣ ਦੇ ਅਰਥਾਂ ਨੂੰ ਵਿਗਾੜਦਿਆਂ ਭਾਜਪਾ ਆਗੂਆਂ ਨੇ ਇਸ ਨੂੰ ‘ਸਾਰੇ ਹਿੰਦੂਆਂ ਨੂੰ ਹਿੰਸਕ’ ਆਖਣ ਦੇ ਕੁਤਰਕ ਵਜੋਂ ਪ੍ਰਚਾਰਿਆ। ਫਾਸ਼ਿਸ਼ਟ ਰੁਚੀ ਵਾਲੀਆਂ ਦੁਨੀਆਂ ਦੀਆਂ ਸਾਰੀਆਂ ਰਾਜਨੀਤਿਕ ਤਨਜ਼ੀਮਾਂ ਵਿਰੋਧੀਆਂ ਦੇ ਸ਼ਬਦਾਂ, ਸਟੇਟਮੈਂਟਾਂ ਨੂੰ ਵਿਗਾੜ ਕੇ ਪ੍ਰਾਪੇਗੰਡੇ ਦਾ ਹਥਿਆਰ ਬਣਾਉਂਦੀਆਂ ਹਨ ਤਾਂ ਕਿ ਬਹੁਗਿਣਤੀ ਭਾਈਚਾਰੇ ਦੇ ਮਨਾਂ ਵਿੱਚ ਘੱਟਗਿਣਤੀ ਭਾਈਚਾਰਿਆਂ ਪ੍ਰਤੀ ਨਫਰਤ ਦਾ ਇੱਕ ਜਹਾਦ ਖੜ੍ਹਾ ਕੀਤਾ ਜਾ ਸਕੇ ਅਤੇ ਘੱਟਗਿਣਤੀ ਤਬਕਿਆਂ ਦੀ ਬਰਬਾਦੀ ਲਈ ਇਸ ਨੂੰ ਰਾਜਸੱਤਾ ਦੀ ਓਟ ਬਖਸ਼ੀ ਜਾ ਸਕੇ। ਉਪਰੋਕਤ ਕਿਸਮ ਦੇ ਅਨਸਰਾਂ ਨੂੰ ਆਪਣੇ ਪਿਛਲੇ ਦਸ ਸਾਲਾਂ ਦੇ ਰਾਜ ਵਿੱਚ ਕੇਂਦਰ ਸਰਕਾਰ ਨੇ ਸਰਪ੍ਰਸਤੀ ਦੇਈਂ ਵੀ ਰੱਖੀ ਹੈ। ਸਰਕਾਰ ਦੀ ਕੁਲੀਸ਼ਨ ਬਣਤਰ ਕਾਰਨ ਅਜਿਹੇ ਰੁਝਾਨ ਇਸ ਵਾਰ ਕੁਝ ਘਟਣ ਦੀ ਆਸ ਕੀਤੀ ਜਾ ਸਕਦੀ ਹੈ, ਪਰ ਸਰਕਾਰ ਦੀ ਬਣਤਰ ਅਤੇ ਮੰਤਰਾਲਿਆਂ ਆਦਿ ਦੀ ਵੰਡ ਵਿੱਚ ਭਾਜਪਾ ਜਿਸ ਤਰ੍ਹਾਂ ਮਨਮਰਜ਼ੀ ਕਰ ਰਹੀ ਹੈ, ਉਸ ਤੋਂ ਸੰਕੇਤ ਸਗੋਂ ਉਲਟੇ ਮਿਲ ਰਹੇ।
ਪੰਜਾਬੀ ਦੀ ਕਹਾਵਤ ਹੈ ਕਿ ‘ਰੱਸੀ ਤਾਂ ਸੜ ਗਈ ਪਰ ਵੱਟ ਨਹੀਂ ਗਿਆ।’ ਇਹ ਕਹਾਵਤ ਭਾਜਪਾ ਦੇ ਮੌਜੂਦਾ ਰਾਜਨੀਤਿਕ ਵਿਹਾਰ ‘ਤੇ ਬਿਲਕੁਲ ਢੁਕਦੀ ਹੈ। ਉਂਝ ਵੀ ਵਿਚਾਰਧਾਰਕ ਵਿਗਾੜਾਂ ਦੀ ਦੁਰਗੰਧ ਵਿਅਕਤੀ/ਪਾਰਟੀ ਜਾਂ ਪਾਰਟੀਆਂ ਵਿੱਚੋਂ ਜਲਦੀ ਨਹੀਂ ਜਾਂਦੀ। ਇਸ ਨੂੰ ਅਸਲ ਸਮਾਜਕ-ਸਭਿਆਚਾਰਕ ਹਕੀਕਤ ਦੀ ਨੁਮਾਇੰਗੀ ਕਰਨ ਵਾਲੀ ਰਾਜਨੀਤੀ ਦਾ ਮਾਂਜਾ ਹੀ ਦਰੁਸਤ ਕਰ ਸਕਦਾ ਹੈ। ਇਹ ਸੰਤੁਸ਼ਟੀ ਵਾਲੀ ਗੱਲ ਹੈ ਕਿ ਕਾਂਗਰਸ ਦੀ ਲੀਡਰਸ਼ਿਪ ਨੇ ਇਸ ਕਿਸਮ ਦਾ ‘ਮਾਂਜਾ’ ਪਾਰਲੀਮੈਂਟ ਦੇ ਦੋਹਾਂ ਸਦਨਾਂ ਵਿੱਚ ਫੇਰਨਾ ਸ਼ੁਰੂ ਕਰ ਦਿੱਤਾ ਹੈ। ਜਿਵੇਂ ਕਿ ਰਾਹੁਲ ਗਾਂਧੀ ਨੇ ਕਿਹਾ, ਮੁਹੱਬਤ ਦੀ ਰਾਜਨੀਤੀ ਨਾਲ ਉਹ ਨਫਰਤ ਦੀ ਰਾਜਨੀਤੀ ਨੂੰ ਹਰਾਉਣ ਦਾ ਯਤਨ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ ਮੁਸਲਮਾਨਾਂ, ਇਸਾਈਆਂ ਦੇ ਨਾਲ ਨਾਲ ਸਿੱਖਾਂ ਨੂੰ ਵੀ ਕਾਂਗਰਸ ਦੀ ਇਸ ਨਵੀਂ ਸਿਆਸੀ ਪਹੁੰਚ ਦਾ ਨੋਟਿਸ ਲੈਣਾ ਚਾਹੀਦਾ ਹੈ। ਸਿੱਖ ਲੀਡਰਸ਼ਿੱਪ ਨੂੰ ਖਾਸ ਕਰਕੇ ਆਪਣੀ ਪਹੁੰਚ ਸਮੇਂ ਅਨੁਸਾਰ ਬਦਲਣੀ ਚਾਹੀਦੀ ਹੈ। ਇਹ ਠੀਕ ਹੈ ਕਿ ਚੁਰਾਸੀਵਿਆਂ ਦੇ ਦੌਰ ਵਿੱਚ ਸਿੱਖਾਂ ਨੂੰ ਕਾਂਗਰਸ ਰਾਜ ਦੇ ਕੌੜੇ ਤਜ਼ਰਬੇ ਨਹੀਂ ਭੁੱਲਦੇ, ਪਰ ਜੇ ਕਿਸੇ ਪਾਰਟੀ ਦੀ ਅਗਲੀ ਜਨਰੇਸ਼ਨ ਬੀਤੇ ਨਾਲੋਂ ਇੱਕ ਦੂਰੀ ਬਣਾ ਕੇ ਅੱਗੇ ਵਧਣ ਦਾ ਯਤਨ ਕਰ ਰਹੀ ਹੈ ਤਾਂ ਇਸ ਦਾ ਸਵਾਗਤ ਅਤੇ ਸਹਿਯੋਗ ਕਰਨਾ ਚਾਹੀਦਾ ਹੈ।
ਸਿੱਖਾਂ ਦੀਆਂ ਰਾਜਨੀਤਿਕ ਨੁਮਾਇੰਦਾ ਜਮਾਤਾਂ ਨੂੰ ਕਿਸੇ ਵੀ ਪਾਰਟੀ ਨੂੰ ਪੱਕਾ ਦੁਸ਼ਮਣ ਕਰਾਰ ਦੇ ਕੇ ਆਪਣੇ ਰਾਜਨੀਤਿਕ ਗੱਠਜੋੜ ਦੇ ਮੌਕਿਆਂ ਨੂੰ ਸੀਮਤ ਨਹੀਂ ਕਰਨਾ ਚਾਹੀਦਾ। ਸਗੋਂ ਆਪਣੇ ਮੁੱਦਿਆਂ, ਮੰਗਾਂ, ਲੋੜਾਂ ‘ਤੇ ਅਡਿੱਗ ਰਹਿੰਦਿਆਂ ਆਪਣੇ ਹਿੱਤਾਂ ਦੀ ਰਾਜਨੀਤੀ ਸਾਧਣੀ ਚਾਹੀਦੀ ਹੈ। ਇਸ ਤੋਂ ਇਲਾਵਾ ਰਾਜਨੀਤੀ ਵਿੱਚ ਕੁਝ ‘ਕੌਮਨ ਗੁਡਸ’ ਹੁੰਦੇ ਹਨ। ਅਜਿਹੇ ਵਿਚਾਰਾਂ/ਮਸਲਿਆਂ ‘ਤੇ ਘੱਟਗਿਣਤੀਆਂ ਦੀ ਨੁਮਾਇੰਦਗੀ ਕਰਨ ਵਾਲੀਆਂ ਪਾਰਟੀਆਂ ਸੰਬੰਧਤ ਕੌਮੀ ਪਾਰਟੀ/ਪਾਰਟੀਆਂ ਨੂੰ ਬਿਨਾ ਸ਼ਰਤ ਸਹਿਯੋਗ ਵੀ ਦੇ ਸਕਦੀਆਂ ਹਨ। ਮਿਸਾਲ ਵਜੋਂ ਵੱਖ ਵੱਖ ਧਰਮਾਂ ਅਤੇ ਨਸਲਾਂ ਵਿਚਕਾਰ ਸੰਵਾਦੀ ਇਕਸੁਰਤਾ ਮੁਲਕ ਵਿੱਚ ਵੱਸਦੇ ਸਾਰੇ ਤਬਕਿਆਂ ਲਈ ਹੇਤੂ ਸਿੱਧ ਹੋ ਸਕਦੀ ਹੈ। ਜਿਹੜੀ ਵੀ ਰਾਜਨੀਤਿਕ ਧਿਰ ਇਸ ਕਿਸਮ ਦਾ ਮਾਹੌਲ ਪੈਦਾ ਕਰਨ ਦਾ ਯਤਨ ਕਰਦੀ ਹੈ, ਉਸ ਦਾ ਬਿਨਾ ਸ਼ਰਤ ਸਹਿਯੋਗ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਦੋਵੇਂ ਵੱਡੇ ਨੇਤਾ ਮਲਿਕਾਰਜੁਨ ਖੜਗੇ ਅਤੇ ਰਾਹੁਲ ਗਾਂਧੀ ਇਨ੍ਹੀਂ ਦਿਨੀ ਇਸ ਕਿਸਮ ਦੀ ਦਿਸ਼ਾ ਵਿੱਚ ਹੀ ਅੱਗੇ ਵਧਣ ਦਾ ਯਤਨ ਕਰ ਰਹੇ ਹਨ।
ਰਾਹੁਲ ਨੇ ਸੋਮਵਾਰ ਨੂੰ ਪਾਰਲੀਮੈਂਟ ਵਿੱਚ ਆਪਣੇ ਪਲੇਠੇ ਭਾਸ਼ਨ ਵਿੱਚ ਕਿਹਾ, ‘ਸਿਰਫ ਇੱਕ ਧਰਮ ਹੀ ਨਹੀਂ, ਸਾਡੇ ਸਾਰੇ ਧਰਮ ਨਿਡਰਤਾ ਬਾਰੇ ਗੱਲ ਕਰਦੇ ਹਨ।’ ਉਨ੍ਹਾਂ ਸਦਨ ਵਿੱਚ ਸ਼ਿਵ ਅਤੇ ਗੁਰੂ ਨਾਨਕ ਦੇਵ ਜੀ ਅਤੇ ਯਸੂ ਮਸੀਹ ਦੀ ਤਸਵੀਰ ਲਹਿਰਾ ਕਿ ਧਰਮਿਕ ਇਕਸੁਰਤਾ ਬਾਰੇ ਕੁਝ ਮਹੱਤਵਪੂਰਨ ਗੱਲਾਂ ਵੀ ਕਹੀਆਂ। ਉਨ੍ਹਾਂ ਪੈਗੰਬਰ ਹਜ਼ਰਤ ਮੁਹੰਮਦ ਦਾ ਹਵਾਲਾ ਦਿੰਦਿਆਂ ਕਿਹਾ ਕਿ ਪਵਿੱਤਰ ਕੁਰਾਨ ਨਿਡਰਤਾ ਬਾਰੇ ਗੱਲ ਕਰਦੀ ਹੈ। ਜਦੋਂ ਦੁਆ ਵਿੱਚ ਹੱਥ ਉਠਦੇ ਹਨ ਤਾਂ ਇਸ ਮੁਦਰਾ ਦੀ ਤਾਸੀਰ ਨਿਰਭੈਅ ਵੀ ਹੁੰਦੀ ਹੈ। ਉਧਰ ਖੜਗੇ ਨੇ ਰਾਜ ਸਭਾ ਵਿੱਚ ਵਿਅੰਗ ਕੀਤਾ ਕਿ ਐਨ.ਡੀ.ਏ. ਸਰਕਾਰ ਦੀ ਨਵੀਂ ਸ਼ੁਰੂਆਤ ਦਿੱਲੀ ਏਅਰਪੋਰਟ ਦਾ ਛੱਜਾ ਡਿੱਗਣ, ਜੰਮੂ ਕਸ਼ਮੀਰ ਵਿੱਚ ਦਹਿਸ਼ਤੀ ਹਮਲੇ, ਪੁਲ ਟੁੱਟਣ, ਟੋਲ ਟੈਕਸ ਵਾਧੇ ਅਤੇ ਟੈਲੀਕਾਮ ਕੰਪਨੀਆਂ ਵੱਲੋਂ ਆਪਣੇ ਰੇਟਾਂ ਵਿੱਚ ਚੋਖੇ ਵਾਧੇ ਨਾਲ ਹੋਈ ਹੈ। ਇਹੋ ਇਸ ਸਰਕਾਰ ਦੀ ਅਸਲੀ ਤਸਵੀਰ ਹੈ।

Leave a Reply

Your email address will not be published. Required fields are marked *