ਟੀ-20 ਵਰਲਡ ਕੱਪ: ਤਜ਼ਰਬੇ ਨੇ ਦਿੱਤਾ ਹਿੰਦੋਸਤਾਨੀ ਟੀਮ ਦੇ ਹੱਥ ‘ਜਿੱਤ ਦਾ ਲੱਡੂ’

ਖਬਰਾਂ ਗੂੰਜਦਾ ਮੈਦਾਨ

*ਦੱਖਣੀ ਅਫਰੀਕਾ ਦੀ ਟੀਮ ਸਿਰਫ 7 ਦੌੜਾਂ ਦੇ ਫਰਕ ਨਾਲ ਨਿਸ਼ਾਨਾ ਹਾਸਲ ਕਰਨ ਤੋਂ ਖੁੰਝੀ
*ਕੈਪਟਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਟੀ-20 ਫਾਰਮੈਟ ਤੋਂ ਰਿਟਾਇਰਮੈਂਟ ਲਈ
ਪੰਜਾਬੀ ਪਰਵਾਜ਼ ਬਿਊਰੋ
ਪੂਰੇ 17 ਸਾਲ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਦੇ ਬ੍ਰਿਜਟਾਊਨ ਵਿਖੇ ਕੈਨਸਿੰਗਟਨ ਓਵਲ ਮੈਦਾਨ ਵਿੱਚ ਹੋਇਆ ਟੀ-20 ਵਰਲਡ ਕੱਪ ਦਾ ਫਾਈਨਲ ਮੁਕਾਬਲਾ ਜਿੱਤ ਲਿਆ ਹੈ। ਬੇਹੱਦ ਤਿੱਖੇ ਉਤਰਾਵਾਂ-ਚੜ੍ਹਾਵਾਂ ਵਾਲੇ ਇਸ ਦਿਲਚਸਪ ਮੁਕਾਬਲੇ ਨੂੰ ਖੇਡ ਦੇ ਅੰਤਿਮ ਓਵਰਾਂ ਵਿੱਚ ਭਾਰਤ ਨੇ ਆਪਣੇ ਨਾਮ ਕੀਤਾ। ਇੱਕ ਸਮੇਂ ਜਦੋਂ ਹੈਨਰੀ ਕਲਾਸਿਨ ਭਾਰਤੀ ਸਪਿੰਨ ਬਾਲਰਾਂ ਦੀ ਕੁਟਾਈ ਕਰ ਰਹੇ ਸਨ ਤਾਂ ਲੱਗਣ ਲੱਗ ਪਿਆ ਸੀ ਕਿ ਦੱਖਣੀ ਅਫਰੀਕਾ ਇਸ ਵਿਸ਼ਵ ਕੱਪ ਨੂੰ ਆਪਣੇ ਨਾਮ ਕਰ ਲਵੇਗਾ,

ਪਰ ਅੰਤਿਮ ਓਵਰਾਂ ਵਿੱਚ ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਨੂੰ ਲੋੜੀਂਦਾ ਸਕੋਰ ਬਣਾਉਣ ਤੋਂ ਰੋਕ ਕੇ ਵਰਲਡ ਕੱਪ ਆਪਣੇ ਨਾਂ ਕਰ ਲਿਆ। ਟੂਰਨਾਮੈਂਟ ਜਿੱਤਣ ਤੋਂ ਬਾਅਦ ਹਿੰਦੋਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਅਨੁਭਵੀ ਖਿਡਾਰੀ ਵਿਰਾਟ ਕੋਹਲੀ ਨੇ ਖੇਡ ਦੇ ਟੀ-20 ਫਾਰਮੈਟ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕਰ ਦਿੱਤਾ।
ਮੈਚ ਦੇ ਮਧਲੇ ਓਵਰਾਂ ਵਿੱਚ ਟ੍ਰਿਸਟਨ ਸਟੱਬ ਅਤੇ ਕੁਇੰਟਨ-ਡੀ-ਕਾਕ ਨੇ ਭਾਰਤੀ ਸਪਿੰਨਰਾਂ ਨੂੰ ਦਿਲ ਖੋਲ੍ਹ ਕੇ ਕੁੱਟਿਆ, ਪਰ ਕਿਸਮਤ ਨਾਲ ਅਕਸ਼ਰ ਪਟੇਲ ਟ੍ਰਿਸਟਨ ਸਟੱਬ ਨੂੰ ਬੋਲਡ ਆਊਟ ਕਰਨ ਵਿੱਚ ਸਫਲ ਹੋ ਗਿਆ। ਬਾਕੀ ਦਾ ਕੰਮ ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ ਅਤੇ ਹਾਰਦਿਕ ਪਾਂਡਿਆ ਨੇ ਪੂਰਾ ਕੀਤਾ। ਜਸਪ੍ਰੀਤ ਅਤੇ ਅਰਸ਼ਦੀਪ ਨੇ ਦੱਖਣੀ ਅਫਰੀਕਾ ਦੇ ਬੱਲੇਬਾਜਾਂ ਦੀ ਰਨ ਗਤੀ ਨੂੰ ਧੀਮਾ ਕਰ ਦਿੱਤਾ, ਜਦੋਂ ਕਿ ਹਾਰਦਿਕ ਅੰਤਿਮ ਓਵਰਾਂ ਵਿੱਚ ਤਿੰਨ ਵਿਕਟਾਂ ਝਟਕਾਉਣ ਵਿੱਚ ਕਾਮਯਾਬ ਰਿਹਾ। ਉਸ ਨੇ ਹੈਨਰੀ ਕਲਾਸਿਨ ਅਤੇ ਡੇਵਿਡ ਮਿੱਲਰ ਜਿਹੇ ਧੁਨੰਤਰ ਖਿਡਾਰੀਆਂ ਨੂੰ ਆਊਟ ਕੀਤਾ। ਇਸ ਤੋਂ ਇਲਾਵਾ ਹਾਰਦਿਕ ਪਾਂਡਿਆ ਨੇ ਰਬਾਡਾ ਦਾ ਵੀ ਵਿਕਟ ਹਾਸਲ ਕੀਤਾ। ਇਹ ਤਿੰਨੋਂ ਖਿਡਾਰੀ ਦੱਖਣੀ ਅਫਰੀਕਾ ਨੂੰ ਫਾਈਨਲ ਮੈਚ ਜਿਤਾਉਣ ਦੇ ਸਮਰੱਥ ਸਨ। ਰਬਾਡਾ ਭਾਵੇਂ ਮੁੱਖ ਰੂਪ ਵਿੱਚ ਬਾਲਰ ਹੈ, ਪਰ ਮੌਕਾ ਲੱਗਣ ‘ਤੇ ਵੱਡੀਆਂ ਹਿੱਟਾਂ ਮਾਰਨ ਦੇ ਵੀ ਕਾਬਲ ਹੈ, ਜਿਸ ਦੀ ਦੱਖਣੀ ਅਫਰੀਕਾ ਨੂੰ ਅੰਤਲੇ ਪਲਾਂ ਵਿੱਚ ਸਖਤ ਲੋੜ ਸੀ। ਮਿੱਲਰ ਅਤੇ ਕਲਾਸਿਨ ਤਾਂ ਕਿਸੇ ਵੀ ਸਟੇਜ ਤੋਂ ਗੇਮ ਨੂੰ ਪਲਟਣ ਦੇ ਸਮਰੱਥ ਸਨ। ਇਸ ਤਰ੍ਹਾਂ ਦੱਖਣੀ ਅਫਰੀਕਾ ਦੀ ਟੀਮ ਹਿੰਦੋਸਤਾਨ ਦੀ ਟੀਮ ਵੱਲੋਂ ਦਿੱਤਾ ਗਿਆ 177 ਦੌੜਾਂ ਦਾ ਨਿਸ਼ਾਨਾ ਹਾਸਲ ਕਰਨ ਤੋਂ ਸਿਰਫ 7 ਦੌੜਾਂ ਦੇ ਫਾਸਲੇ ਨਾਲ ਖੁੰਝ ਗਈ ਅਤੇ ਕੁੱਲ 169 ਦੌੜਾਂ ਬਣਾ ਕੇ ਆਊਟ ਹੋ ਗਈ।
ਅੰਤਲੀਆਂ 30 ਗੇਂਦਾ ਵਿੱਚ ਦੱਖਣੀ ਅਫਰੀਕਾ ਨੂੰ 30 ਸਕੋਰ ਬਣਾਉਣ ਦੀ ਲੋੜ ਸੀ ਅਤੇ ਹੈਨਰਿਕ ਕਲਾਸਿਨ ਅਤੇ ਡੇਵਿਡ ਮਿੱਲਰ ਕਰੀਜ਼ ਉੱਪਰ ਖੜ੍ਹੇ ਸਨ। ਦੋਵੇਂ ਦੁਨੀਆ ਦੀ ਕਿਸੇ ਵੀ ਗੇਂਦਬਾਜ਼ੀ ਦਾ ਮਜ਼ਾਕ ਬਣਾ ਦੇਣ ਦੇ ਸਮਰੱਥ ਹਨ, ਪਰ ਦੋਵੇਂ ਪਾਂਡਿਯਾ ਦੀਆਂ ਗੇਂਦਾਂ ਦਾ ਸ਼ਿਕਾਰ ਹੋ ਗਏ। ਇਨ੍ਹਾਂ ਦੇ ਜਾਣ ਬਾਅਦ ਦੱਖਣੀ ਅਫਰੀਕਾ ਦੀ ਹਾਰ ਦਿਸਣ ਲੱਗ ਪਈ ਸੀ।
ਆਖਰੀ ਓਵਰ ਵਿੱਚ 16 ਸਕੋਰ ਬਣਾਉਣ ਦੀ ਲੋੜ ਸੀ, ਪਰ ਅਫਰੀਕਨ ਬੱਲੇਬਾਜ਼ੀ ਪੂਰੀ ਤਰ੍ਹਾਂ ਲੜਖੜਾ ਗਈ। ਲਗਦਾ ਹੈ, ਜੋ ਕੁਝ ਪਿਛਲੇ ਸਾਲ ਇੱਕ ਦਿਨਾ ਸੰਸਾਰ ਕੱਪ ਦੇ ਫਾਈਨਲ ਮੈਚ ਵਿੱਚ ਅਸਟਰੇਲੀਆ ਖਿਲਾਫ ਖੇਡਦਿਆਂ ਭਾਰਤ ਨਾਲ ਵਾਪਰਿਆ ਸੀ, ਉਹੋ ਕੁਝ ਇਸ ਵਾਰ ਦੱਖਣੀ ਅਫਰੀਕਾ ਨਾਲ ਵਾਪਰਿਆ। ਸਾਰੇ ਲੀਗ ਮੈਚਾਂ ਵਿੱਚ ਅਜੇਤੂ ਰਹਿ ਕੇ ਫਾਈਨਲ ਵਿੱਚ ਪਹੁੰਚੀ ਦੱਖਣੀ ਅਫਰੀਕਾ ਦੀ ਟੀਮ ਦੇ ਖਿਡਾਰੀ ਇੱਕ ਵੱਡੇ ਮੈਚ ਦਾ ਮਾਨਸਿਕ ਦਬਾਅ ਝੱਲਣ ਦੇ ਕਾਬਲ ਨਹੀਂ ਹੋ ਸਕੇ, ਹਾਲਾਂਕਿ ਟੇਲੈਂਟ ਦੀ ਉਨ੍ਹਾਂ ਕੋਲ ਕੋਈ ਕਮੀ ਨਹੀਂ ਸੀ। ਉਂਝ ਕ੍ਰਿਕਟ ਤਿਲਕਣਬਾਜੀ ਵਾਲੀ ਖੇਡ ਹੈ। ਕਈ ਵਾਰ ਕਿਸਮਤ ਵੀ ਤੁਹਾਨੂੰ ਧੋਖਾ ਦੇ ਜਾਂਦੀ ਹੈ।
ਇਸ ਮੈਚ ਦੇ ਪਹਿਲੇ ਅੱਧ ਵਿੱਚ ਬੈਟਿੰਗ ਕਰਦਿਆਂ ਭਾਰਤੀ ਟੀਮ ਨੇ ਵੀ ਆਪਣੇ 3 ਖਿਡਾਰੀ ਜਲਦੀ-ਜਲਦੀ ਆਊਟ ਕਰਵਾਏ। ਟੀਮ ਦੇ ਕੈਪਟਨ ਰੋਹਿਤ ਸ਼ਰਮਾ 9 ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ, ਜਦੋਂ ਕਿ ਰਿਸ਼ਭ ਪੰਤ 0 ‘ਤੇ, ਸੁਰਯ ਕੁਮਾਰ ਯਾਦਵ ਵੀ 3 ਦੌੜਾਂ ਹੀ ਬਣਾ ਸਕਿਆ। ਇਨ੍ਹਾਂ ਖਿਡਾਰੀਆਂ ਦੇ ਆਉਟ ਹੋਣ ਤੋਂ ਬਾਅਦ ਵਿਰਾਟ ਕੋਹਲੀ ਨੇ ਹਿੰਦੋਸਤਾਨੀ ਪਾਰੀ ਨੂੰ ਸੰਭਾਲਿਆ। ਉਸ ਨੇ 59 ਬਾਲਾਂ ਖੇਡਦਿਆਂ 76 ਦੌੜਾਂ ਬਣਾਈਆਂ। ਉਸ ਤੋਂ ਇਲਾਵਾ ਅਕਸ਼ਰ ਪਟੇਲ ਨੇ ਵੀ ਚੰਗੀ ਬੱਲੇਬਾਜੀ ਕੀਤੀ। ਉਸ ਨੇ ਬਦਕਿਸਮਤੀ ਵੱਸ ਰਨ ਆਊਟ ਹੋਣ ਤੋਂ ਪਹਿਲਾਂ 31 ਗੇਂਦਾਂ ਖੇਡ ਕੇ 47 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਤੋਂ ਇਲਾਵਾ ਸ਼ਿਵਮ ਦੂਬੇ ਹੀ ਕੁਝ ਸਕੋਰ ਬਣਾਉਣ ਦੇ ਕਾਬਲ ਹੋ ਸਕਿਆ। ਉਹ 27 ਦੇ ਨਿੱਜੀ ਸਕੋਰ ‘ਤੇ ਆਊਟ ਹੋਇਆ। ਇਨ੍ਹਾਂ ਤਿੰਨਾਂ ਖਿਡਾਰੀਆਂ ਦੇ ਸਿਰ ‘ਤੇ ਹੀ ਹਿੰਦੋਸਤਾਨ ਦੀ ਟੀਮ ਨੇ ਦੱਖਣ ਅਫਰੀਕਾ ਸਾਹਮਣੇ 177 ਦਾ ਨਿਸ਼ਾਨਾ ਰੱਖਿਆ, ਜਦੋਂਕਿ ਟੀਮ ਦੇ ਪ੍ਰਮੁੱਖ ਬੱਲੇਬਾਜ ਜਲਦੀ ਆਊਟ ਹੋ ਗਏ ਸਨ।
ਉਂਝ ਦੱਖਣੀ ਅਫਰੀਕਾ ਦੀ ਸ਼ੁਰੂਆਤ ਵੀ ਲਗਪਗ ਇਸੇ ਕਿਸਮ ਦੀ ਰਹੀ। ਰੀਨ ਹੈਂਡਰਿਕ ਨੂੰ ਜਸਪ੍ਰੀਤ ਬੁਮਰਾਹ ਨੇ ਆਪਣੇ ਪਹਿਲੇ ਓਵਰ ਵਿੱਚ ਹੀ ਬੋਲਡ ਆਊਟ ਕਰ ਦਿੱਤਾ। ਤੀਸਰੇ ਹੀ ਓਵਰ ਵਿੱਚ ਅਰਸ਼ਦੀਪ ਸਿੰਘ ਨੇ ਦੱਖਣੀ ਅਫਰੀਕਾ ਦੇ ਕੈਪਟਨ ਮਾਰਕਰਮ ਨੂੰ ਵਿਕਟਾਂ ਪਿੱਛੇ ਕੈਚ ਕਰਵਾ ਕੇ ਆਊਟ ਕਰ ਦਿੱਤਾ। ਕੁਇੰਟਨ-ਡੀ-ਕਾਕ ਕਈ ਦੇਰ ਤੱਕ ਕਰੀਜ਼ ‘ਤੇ ਰਹੇ। ਉਸ ਨੇ 21 ਬਾਲਾਂ ਖੇਡਦਿਆਂ 39 ਦੌੜਾਂ ਬਣਾਈਆਂ। ਹੈਨਰਿਕ ਕਲਾਸਿਨ ਨੇ 27 ਬਾਲਾਂ ਖੇਡਦਿਆਂ 52 ਸਕੋਰ ਬਣਾਏ। ਇਸ ਤੋਂ ਇਲਾਵਾ ਡੇਵਿਡ ਮਿੱਲਰ ਹੀ 21 ਤੱਕ ਪਹੁੰਚ ਸਕੇ। ਬਾਕੀ ਸਾਰੀ ਟੀਮ ਦੋ-ਦੋ ਚਾਰ-ਚਾਰ ਦੌੜਾਂ ਦਾ ਯੋਗਦਾਨ ਹੀ ਪਾ ਸਕੀ। ਉਂਝ ਇਹ ਨਿਹਾਰਨ ਯੋਗ ਸੀ ਕਿ ਦੱਖਣੀ ਅਫਰੀਕਾ ਦੀ ਟੀਮ ਨੇ ਫਾਈਨਲ ਨੂੰ ਬੇਹੱਦ ਦਿਲਚਸਪ ਬਣਾ ਦਿੱਤਾ। ਅੰਤਿਮ ਬਾਲ ਤੱਕ ਦਰਸ਼ਕਾਂ ਦੀ ਦਿਲਚਸਪੀ ਬਣੀ ਹੋਈ ਸੀ। ਮੈਚ ਕਿਸੇ ਵੀ ਪਾਸੇ ਜਾ ਸਕਦਾ ਸੀ, ਪਰ ਦੱਖਣੀ ਅਫਰੀਕਾ ਦੀ ਟੀਮ ਲਈ ਇਹ ਵੀ ਇੱਕ ਦੁਖਦਾਈ ਅਨੁਭਵ ਹੋਵੇਗਾ। ਇੱਕ ਵਾਰ ਫਾਈਨਲ ਖੇਡਣ ਤੋਂ ਇਲਾਵਾ ਇਹ ਟੀਮ ਇੱਕ ਦਿਨਾ ਜਾਂ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਕੇ ਕਈ ਵਾਰ ਹਾਰੀ ਹੈ। ਵੱਡੇ ਟੂਰਨਾਮੈਂਟ ਜਿੱਤਣ ਦਾ ਮਾਨਸਿਕ ਵੱਲ ਤੇ ਬਲ ਇਸ ਟੀਮ ਨੇ ਹਾਲੇ ਹਾਸਲ ਕਰਨਾ ਹੈ। ਦੋਨੋ ਟੀਮਾਂ ਅਜੇਤੂ ਰਹਿ ਕੇ ਇਸ ਵਾਰ ਫਾਈਨਲ ਵਿੱਚ ਪਹੁੰਚੀਆਂ ਸਨ। ਬੈਟਿੰਗ ਅਤੇ ਬਾਲਿੰਗ ਟੇਲੈਂਟ ਦੇ ਮਾਮਲੇ ਵਿੱਚ ਦੋਹਾਂ ਟੀਮਾਂ ਵਿੱਚ ਵਾਲ਼ ਕੁ ਜਿੰਨਾ ਫਰਕ ਵੀ ਨਹੀਂ ਹੈ। ਇਹ ਅਫਰੀਕਨ ਟੀਮ ਨੇ ਫਾਈਨਲ ਵਿੱਚ ਵਿਖਾਇਆ ਵੀ, ਪਰ ਹਿੰਦੋਸਤਾਨੀ ਟੀਮ ਕੋਲ ਵੱਡੇ ਟੂਰਨਾਮੈਂਟ ਜਿੱਤਣ ਦਾ ਤਜ਼ਰਬਾ ਹੈ, ਜਦਕਿ ਦੱਖਣੀ ਅਫਰੀਕਾ ਕੋਲ ਇਹ ਹਾਲੇ ਨਹੀਂ ਹੈ। ਇਹ ਤਜ਼ਰਬਾ ਹੀ ਲਗਦਾ ਹਿੰਦੋਸਤਾਨੀ ਟੀਮ ਦੇ ਕੰਮ ਆਇਆ। ਭਾਰਤੀ ਟੀਮ ਦੇ ਖਿਡਾਰੀਆਂ ਨੇ ਅੰਤਿਮ ਪਲਾਂ ਤੱਕ ਆਸ ਦਾ ਪੱਲਾ ਨਹੀਂ ਛੱਡਿਆ; ਜਦੋਂਕਿ ਅਫਰੀਕੀਆਂ ਦਾ ਵਿਸ਼ਵਾਸ ਡੋਲਦਾ ਨਜ਼ਰ ਆਇਆ। ਇਹੋ ਕੁਝ ਪਿਛਲੇ ਸਾਲ ਇੱਕ ਦਿਨਾ ਵਿਸ਼ਵ ਕੱਪ ਦੇ ਫਾਈਨਲ ਵਿੱਚ ਅਸਟਰੇਲੀਆ ਸਾਹਮਣੇ ਭਾਰਤ ਨਾਲ ਵਾਪਰਿਆ ਸੀ। ਹਿੰਦੋਸਤਾਨੀ ਟੀਮ ਅਸਟਰੇਲੀਆ ਤੋਂ ਬਿਹਤਰ ਹੋਣ ਦੇ ਬਾਵਜੂਦ ਹਾਰ ਗਈ ਸੀ। ਉਂਝ ਅਫਰੀਕਨ ਟੀਮ ਇਸ ਵਾਰ ਦੇ ਫਾਈਨਲ ਵਿੱਚ ਜਿੱਤ ਦੇ ਇੰਨਾ ਨੇੜੇ ਪਹੁੰਚ ਕੇ ਹਾਰੀ ਹੈ ਕਿ ਉਸ ਨੂੰ ਅਗਲੀ ਵਾਰ ਜਿੱਤ ਵਾਲੀ ਲਕੀਰ ਟੱਪਣ ਲਈ ਉਤਸ਼ਾਹ ਜ਼ਰੂਰ ਮਿਲੇਗਾ।
ਇਥੇ ਜ਼ਿਕਰਯੋਗ ਹੈ ਕਿ ਪਿਛਲੇ ਸਾਲ 19 ਨਵੰਬਰ ਨੂੰ ਹੋਇਆ ਇੱਕ ਦਿਨਾ ਵਰਲਡ ਕੱਪ ਦਾ ਫਾਈਨਲ ਹਿੰਦੋਸਤਾਨੀ ਟੀਮ ਅਸਟਰੇਲੀਆਈ ਟੀਮ ਤੋਂ 42 ਬਾਲਾਂ ਬਕਾਇਆ ਰਹਿੰਦਿਆਂ 6 ਵਿਕਟਾਂ ਦੇ ਫਰਕ ਨਾਲ ਹਾਰ ਗਈ ਸੀ; ਪਰ ਇਸ ਵਾਰ ਭਾਰਤ ਨੇ ਅਸਟਰੇਲੀਆ ਨੂੰ ਚੰਗੀ ਤਰ੍ਹਾਂ ਖੜਕਾ ਕੇ ਹਰਾਇਆ। ਇਸ ਟੂਰਨਾਮੈਂਟ ਦੀ ਇੱਕ ਹੋਰ ਦਿਲਚਸਪ ਪ੍ਰਾਪਤੀ ਇਹ ਹੈ ਕਿ ਅਫਗਾਨਿਸਤਾਨ ਦੀ ਟੀ-20 ਕ੍ਰਿਕਟ ਟੀਮ ਆਸਟਰੇਲੀਆ ਵਰਗੇ ਵੱਡੇ ਮੁਲਕਾਂ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ। ਸੈਮੀਫਾਈਨਲ ਵਿੱਚ ਇਹ ਟੀਮ ਦੱਖਣੀ ਅਫਰੀਕਾ ਕੋਲੋਂ ਹਾਰੀ, ਜਦੋਂ ਕਿ ਹਿੰਦੁਸਤਾਨ ਨੇ ਇੰਗਲੈਂਡ ਦੀ ਟੀਮ ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਟੂਰਨਾਮੈਂਟ ਦੇ ਪਹਿਲੇ ਲੀਗ ਮੁਕਾਬਲੇ ਅਮਰੀਕਾ ਵਿੱਚ ਹੋਏ ਅਤੇ ਬਾਅਦ ਵਿੱਚ ਟੂਰਨਾਮੈਂਟ ਵੈਸਟਇੰਡੀਜ਼ ਵਿੱਚ ਹੋਇਆ। ਦੋਹਾਂ ਮੁਲਕਾਂ ਨੇ ਸਾਂਝੇ ਤੌਰ ‘ਤੇ ਇਸ ਟੂਰਨਾਮੈਂਟ ਦਾ ਆਯੋਜਨ ਕੀਤਾ। ਕੈਨੇਡਾ ਤੇ ਅਮਰੀਕਾ ਦੀਆਂ ਟੀਮਾਂ ਨੇ ਵੀ ਇਸ ਟੂਰਨਾਮੈਂਟ ਵਿੱਚ ਹਿੱਸਾ ਲਿਆ ਅਤੇ ਕਈ ਪੰਜਾਬੀ ਨੌਜਵਾਨ ਵੀ ਇਨ੍ਹਾਂ ਦੋਹਾਂ ਟੀਮਾਂ ਵਿੱਚ ਖੇਡਦੇ ਨਜ਼ਰ ਆਏ। ਭਾਰਤ ਦੇ ਗੇਂਦਬਾਜ਼ ਜਸਪ੍ਰੀਤ ਬੁਮਰਾ ਨੂੰ ਮੈਨ ਆਫ ਦਾ ਮੈਚ ਅਤੇ ਪਲੇਅਰ ਆਫ ਦਾ ਟੂਰਨਾਮੈਂਟ ਦਾ ਖਿਤਾਬ ਦਿੱਤਾ ਗਿਆ। ਟੂਰਨਾਮੈਂਟ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਖੇਡ ਦੇ ਟੀ-20 ਫਾਰਮੈਟ ਤੋਂ ਰਿਟਾਇਰਮੈਂਟ ਲੈਣ ਦਾ ਐਲਾਨ ਕਰ ਦਿੱਤਾ। ਦੋਹਾਂ ਖਿਡਾਰੀਆਂ ਨੇ ਕਿਹਾ ਕਿ ਉਹ ਜੋ ਹਾਸਲ ਕਰਨਾ ਚਾਹੁੰਦੇ ਸਨ, ਉਨ੍ਹਾਂ ਨੇ ਕਰ ਲਿਆ ਹੈ। ਇਸ ਲਈ ਰਿਟਾਇਰਮੈਂਟ ਲੈਣ ਦਾ ਇਹ ਠੀਕ ਵਕਤ ਹੈ। ਰੋਹਿਤ ਨੇ ਕਿਹਾ ਕਿ ਉਨ੍ਹਾਂ ਟੀ-20 ਕ੍ਰਿਕਟ ਨਾਲ ਹੀ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਨੂੰ ਜਿੱਤਣ ਦੇ ਨਾਲ ਹੀ ਅੰਤ ਕਰਨਾ ਚਾਹੁੰਦੇ ਹਨ।

Leave a Reply

Your email address will not be published. Required fields are marked *