‘ਦਾਸਤਾਨ-ਏ-ਖ਼ੁਦ’

ਅਦਬੀ ਸ਼ਖਸੀਅਤਾਂ ਸਾਹਿਤਕ ਤੰਦਾਂ

ਡਾ. ਡੀ.ਪੀ. ਸਿੰਘ, ਓਂਟਾਰੀਓ, ਕੈਨੇਡਾ
ਸੁਤੰਤਰਤਾ ਸੰਗਰਾਮੀ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਇੱਕ ਬਹੁਪੱਖੀ ਸ਼ਖਸੀਅਤ ਦਾ ਨਾਂ ਹੈ, ਜਿਨ੍ਹਾਂ ਨੇ ਆਪਣੀ ਵਿਲੱਖਣ ਜੀਵਨ ਯਾਤਰਾ ਦੌਰਾਨ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਉਣ ਦੇ ਨਾਲ ਨਾਲ ਸੁਦ੍ਰਿੜ ਸਿੱਖ ਮਿਸ਼ਨਰੀ, ਪ੍ਰਮਾਣਿਤ ਪੰਥ ਪ੍ਰਚਾਰਕ, ਨਾਮਵਰ ਕਥਾਵਾਚਕ ਅਤੇ ਮਾਂ-ਬੋਲੀ ਪੰਜਾਬੀ ਦੇ ਸੁਹਿਰਦ ਅਧਿਆਪਕ ਵਜੋਂ ਬਾਖੂਬੀ ਸੇਵਾ ਨਿਭਾਈ ਹੈ। ਉਨ੍ਹਾਂ ਦੀਆਂ ਦੇਸ਼ ਪ੍ਰੇਮ ਵਿੱਚ ਲਬਰੇਜ਼ ਕਾਵਿਕ ਰਚਨਾਵਾਂ ਤੇ ਮਨਮੋਹਕ ਭਾਸ਼ਣ ਸ਼ੈਲੀ ਲੋਕਾਂ ਵਿੱਚ ਬਹੁਤ ਹੀ ਮਕਬੂਲ ਰਹੀ ਹੈ। ‘ਦਾਸਤਾਨ-ਏ-ਖ਼ੁਦ’ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਦੀ ਸਵੈਜੀਵਨੀ ਹੈ, ਜੋ ਨਾ ਸਿਰਫ਼ ਸਾਂਝੇ ਪੰਜਾਬ ਵਿਖੇ ਲਗਭਗ ਇੱਕ ਸਦੀ ਦੇ ਅਰਸੇ ਦੌਰਾਨ ਮੌਜੂਦ ਹਾਲਾਤਾਂ ਦੀ ਹੀ ਦੱਸ ਪਾਉਂਦੀ ਹੈ, ਸਗੋਂ ਬਹੁਤ ਸਾਰੀਆਂ ਅੱਖੀਂ ਦੇਖੀਆਂ ਇਤਿਹਾਸਕ ਘਟਨਾਵਾਂ ਦਾ ਅਹਿਮ ਦਸਤਾਵੇਜ਼ ਵੀ ਹੈ।

‘ਦਾਸਤਾਨ-ਏ-ਖ਼ੁਦ’ ਕਿਤਾਬ ਦਾ ਸੰਪਾਦਨ ਗਿਆਨੀ ਰਘਬੀਰ ਸਿੰਘ ਹੁਡਿਆਰਾ ਦੇ ਸਪੁੱਤਰ ਸ. ਰਾਬਿੰਦਰ ਸਿੰਘ ਬਾਠ ਨੇ ਕੀਤਾ ਹੈ। ਸ. ਬਾਠ ਇੱਕ ਅਜਿਹੀ ਸ਼ਖ਼ਸੀਅਤ ਰਹੀ ਹੈ, ਜਿਸ ਨੇ ਵਿਭਿੰਨ ਭਾਸ਼ਾਵਾਂ ਦੇ ਨਾਮਵਰ ਲਿਖਾਰੀਆਂ ਦੀਆਂ ਰਚਨਾਵਾਂ (ਨਾਵਲ ਤੇ ਕਹਾਣੀ ਸੰਗ੍ਰਹਿਆਂ) ਦਾ ਸੰਪਾਦਨ ਅਤੇ ਪੰਜਾਬੀ ਅਨੁਵਾਦ ਕਰਦੇ ਹੋਏ ਹੁਣ ਤਕ ਲਗਭਗ ਡੇਢ ਦਰਜਨ ਕਿਤਾਬਾਂ ਮਾਂ-ਬੋਲੀ ਪੰਜਾਬੀ ਦੀ ਝੋਲੀ ਵਿੱਚ ਪਾਈਆਂ ਹਨ। ਕਿੱਤੇ ਵਜੋਂ ਪ੍ਰਸ਼ਾਸਨੀ ਵਿਭਾਗ ਦੇ ਕਾਰਕੁੰਨ ਵਜੋਂ ਬੇਸ਼ਕ ਉਸ ਦਾ ਸਾਹਿਤ ਨਾਲ ਦੂਰ ਦੂਰ ਦਾ ਵੀ ਰਿਸ਼ਤਾ ਨਹੀਂ ਸੀ, ਪਰ ਕਾਲਜੀ ਦਿਨਾਂ ਵਿੱਚ ਮਨ ਨੂੰ ਲੱਗੀ ਸਾਹਿਤਕ ਚੇਟਕ ਨੇ ਉਸ ਦੇ ਜੀਵਨ ਵਿੱਚ ਪੰਜਾਬੀ ਸਾਹਿਤ ਨਾਲ ਉਸ ਦਾ ਬਹੁਤ ਹੀ ਕਰੀਬੀ ਰਿਸ਼ਤਾ ਕਾਇਮ ਕਰੀ ਰੱਖਿਆ। ਇਸੇ ਚੇਟਕ ਕਾਰਨ ਉਸ ਨੇ ਵਿਭਿੰਨ ਭਾਸ਼ਾਵਾਂ (ਜਿਵੇਂ ਕਿ ਉਰਦੂ, ਅਸਾਮੀ, ਬੰਗਾਲੀ ਤੇ ਹਿੰਦੀ) ਦੇ ਮਾਨਵਰ ਲੇਖਕਾਂ (ਮਹਰਉੱਦੀਨ ਖਾਂ, ਤਹਿਮੀਨਾ ਦੁੱਰਾਨੀ, ਜ਼ਾਹਿਦਾ ਹਿਨਾ, ਆਬਦ ਸੁਰਤੀ, ਇੰਦਰਾ ਗੋਸਵਾਮੀ, ਦੂਧਨਾਥ ਸਿੰਘ, ਸੁਚਿੱਤਰਾ ਭੱਟਾਚਾਰੀਆ, ਮੋਹਨ ਚੋਪੜਾ, ਉਦੈ ਪ੍ਰਕਾਸ਼ ਤੇ ਮੰਨੂੰ ਭੰਡਾਰੀ ਆਦਿ) ਦੇ ਨਾਵਲਾਂ/ਕਹਾਣੀ ਸੰਗ੍ਰਹਿਆਂ ਦਾ ਸਫਲ਼ਤਾਪੂਰਨ ਸੰਪਾਦਨ ਅਤੇ ਪੰਜਾਬੀ ਅਨੁਵਾਦ ਕੀਤਾ। ਸ. ਬਾਠ ਨੇ ਆਪਣਾ ਸਮੁੱਚਾ ਜੀਵਨ ਵਿਭਿੰਨ ਭਾਸ਼ਾਵਾਂ ਦੇ ਸ੍ਰੇਸ਼ਟ ਸਾਹਿਤ ਦੇ ਪਠਨ ਕਾਰਜਾਂ ਲਈ ਅਤੇ ਅਜਿਹੇ ਉੱਚ ਪਾਏ ਦੇ ਸਾਹਿਤ ਦੇ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਕਾਰਜਾਂ ਲਈ ਅਰਪਣ ਕੀਤਾ ਹੋਇਆ ਸੀ।
ਗਿਆਨੀ ਰਘਬੀਰ ਸਿੰਘ ਹੁੱਡਿਆਰਾ ਦੁਆਰਾ ਰਚਿਤ ‘ਦਾਸਤਾਨ-ਏ-ਖ਼ੁਦ’ ਤਿੰਨ ਮਹਾਂਦੀਪਾਂ ਅਤੇ ਪੰਜ ਪੁਸ਼ਤਾਂ ਤਕ ਫੈਲੀ ਪਰਿਵਾਰਕ ਗਾਥਾ ਹੈ, ਜੋ ਆਪਣੇ ਅੰਦਰ ਸੋ ਸਾਲਾਂ ਤੋਂ ਵੀ ਵਧੇਰੇ ਅਰਸੇ ਦਾ ਇਤਿਹਾਸ ਸਮੋਈ ਬੈਠੀ ਹੈ। ਬ੍ਰਿਟਿਸ਼ ਇੰਡੀਆ ਦੇ ਪਿੰਡ ਹੁੱਡਿਆਰਾ, ਤਹਿਸੀਲ ਲਾਹੌਰ (ਹੁਣ ਪਾਕਿਸਤਾਨ) ਤੋਂ ਸ਼ੁਰੂ ਹੋ ਕੇ ਇਹ ਗਾਥਾ ਭਾਰਤ, ਇੰਗਲੈਂਡ ਅਤੇ ਕੈਨੇਡਾ ਦੇ ਸਰਸ਼ਬਜ਼ ਕਿੱਸਿਆਂ ਨਾਲ ਭਰਪੂਰ ਤਾਂ ਹੈ ਹੀ, ਪਰ ਇਹ ਭਾਰਤ-ਪਾਕਿਸਤਾਨ ਵੰਡ ਦੇ ਦਰਦਨਾਕ ਹਾਲਾਤ ਦਾ ਅੱਖੀ ਦੇਖਿਆ ਹਾਲ ਵੀ ਬੇਬਾਕੀ ਨਾਲ ਪੇਸ਼ ਕਰਦੀ ਹੈ।
ਇਸ ਕਿਤਾਬ ਦਾ ਪਹਿਲਾ ਕਾਂਡ ਲੇਖਕ ਦੇ ਪਿੰਡ ਦੇ ਬਿਰਤਾਂਤ ਦੇ ਨਾਲ ਨਾਲ ਉਸ ਦੇ ਪੂਰਵਜਾਂ ਦਾ ਦਿਲਚਸਪ ਵਰਨਣ ਕਰਦਾ ਹੈ। ਲੇਖਕ ਦਾ ਪਿਛੋਕੜ ਵੱਡ-ਵਡੇਰੇ ਬਾਬਾ ਰਾਮ ਸਿੰਘ ਨਾਲ ਜੁੜਦਾ ਹੈ, ਜਿਸ ਦੇ ਬਜ਼ੁਰਗਾਂ ਨੇ ਬਾਬਾ ਦੀਪ ਸਿੰਘ ਕੋਲੋਂ ਅੰਮ੍ਰਿਤ ਛਕਿਆ ਸੀ ਤੇ ਪੰਜਾਬ ਦੇ ਇਤਿਹਾਸ ਵਿੱਚ ਮਿਸਲਾਂ ਦੇ ਯੁੱਗ ਅੰਦਰ ਅਹਿਮ ਭੂਮਿਕਾ ਨਿਭਾਈ ਸੀ। ਗੁਰਮੁਖ ਸਰੂਪ ਬਾਬਾ ਭਾਈ ਚੂਹੜ ਸਿੰਘ, ਉਨ੍ਹਾਂ ਦੇ ਵੱਡੇ ਭਰਾ ਫ਼ੌਜੀ ਬਾਬਾ ਠਾਕਰ ਸਿੰਘ, ਸੰਜਮ ਤੇ ਸਲੀਕੇ ਦੀ ਮੂਰਤ ਦਾਦੀ ਰਾਮ ਕੌਰ ਅਤੇ ਸਿਦਕਵਾਨ ਲਾਲਾ ਮੰਗਲ ਦਾਸ ਦੇ ਕਿਰਦਾਰਾਂ ਦਾ ਚਿੱਤਰਣ ਲੇਖਕ ਨੇ ਬਾਖੂਬੀ ਕੀਤਾ ਹੈ।
ਪੁਰਾਣੇ ਸਮਿਆਂ ਦਾ ਪੰਜਾਬੀ ਜੀਵਨ ਚਲਣ, ਰੋਜ਼ਾਨਾ ਪ੍ਰਕ੍ਰਿਆ, ਸਮਾਜਿਕ ਰੀਤੀ ਰਿਵਾਜਾਂ ਤੇ ਖੇਤੀਬਾੜੀ ਕਾਰਜਾਂ ਦਾ ਬਿਰਤਾਂਤ ਤਾਂ ਪਾਠਕ ਨੂੰ ਉਨ੍ਹਾਂ ਸਮਿਆਂ ਦੇ ਰੂਬਰੂ ਕਰਵਾਉਣ ਦਾ ਦਮ ਰੱਖਦਾ ਹੈ। ਪਿਤਾ ਸ. ਹਰਨਾਮ ਸਿੰਘ ਦਾ ਗੁਰੂ ਕਾ ਬਾਗ ਦੇ ਮੋਰਚੇ ਵਿੱਚ ਭਾਗ ਲੈਣਾ, ਸ਼ਰੀਕਾਬਾਜ਼ੀ ਕਾਰਨ ਸਰਕਾਰੀ ਨੌਕਰੀ ਤੋਂ ਖੁੰਝਣਾ, ਪੰਥਕ-ਕਾਰਜਾਂ ਵਿੱਚ ਸ਼ਮੂਲੀਅਤ, ਸ਼ਾਇਰੀ, ਕਵੀਸ਼ਰੀ ਤੇ ਹਕੀਮੀ ਵਿੱਚ ਨਿਪੁੰਨਤਾ ਪ੍ਰਾਪਤੀ, ਅਚਾਨਕ ਮੌਤ ਉਪਰੰਤ ਘਰੇਲੂ ਸੰਕਟ ਤੇ ਜਦੋਜਹਿਦ ਦਾ ਵਰਨਣ ਜਾਣਕਾਰੀ ਭਰਪੂਰ ਹੈ।
ਲੇਖਕ ਨੇ ਸੰਨ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਰਚਨਾ, ਸ਼੍ਰੋਮਣੀ ਅਕਾਲੀ ਦਲ ਦਾ ਜਨਮ, ਗੁਰਦੁਆਰਾ ਸੁਧਾਰ ਲਹਿਰ, ਸਿੱਖ ਜਗਤ ਵੱਲੋਂ ਦੁਸ਼ਟ ਮਹੰਤਾਂ ਕੋਲੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਮੋਰਚੇ ਲਗਾਉਣਾ, ਸ੍ਰੀ ਨਨਕਾਣਾ ਸਾਹਿਬ ਦਾ ਮੋਰਚਾ, ਜੈਤੋ ਦਾ ਮੋਰਚਾ ਅਤੇ ਗੁਰੂ ਕੇ ਬਾਗ ਦਾ ਮੋਰਚਾ, ਆਦਿ ਘਟਨਾਵਾਂ ਦਾ ਚਸ਼ਮਦੀਦ ਗਵਾਹਾਂ ਦੁਆਰਾ ਸੁਣਾਇਆ ਹਾਲ ਵੀ ਦਰਜ ਕੀਤਾ ਹੈ। ਪਿਤਾ ਪੁਰਖੀ ਮਿਲੇ ਸੰਸਕਾਰਾਂ ਕਾਰਨ ਬਾਲਕ ਰਘਬੀਰ ਵਿੱਚ ਧਾਰਮਿਕ ਤੇ ਰਾਜਸੀ ਕਾਰਜਾਂ ਪ੍ਰਤੀ ਲਗਾਉ ਸਹਿਜੇ ਹੀ ਪੁੰਗਰ ਪਿਆ। ਵਿਦਿਆਰਥੀ ਦਿਨਾਂ ਵਿੱਚ ਕਾਂਗਰਸ ਦੁਆਰਾ ਦੇਸ਼ ਦੀ ਆਜ਼ਾਦੀ ਲਈ ਚਲਾਈ ਨਾ-ਮਿਲਵਰਤਣ ਲਹਿਰ ਵਿੱਚ ਸ਼ਮੂਲੀਅਤ ਕਾਰਨ ਜੇਲ੍ਹ ਯਾਤਰਾ ਵੀ ਕੀਤੀ। ਰਾਜਸੀ ਤੇ ਧਾਰਮਿਕ ਸਮਾਗਮਾਂ ਵਿੱਚ ਦੇਸ਼ ਪ੍ਰੇਮ ਤੇ ਧਰਮ ਸੰਬੰਧਤ ਕਵਿਤਾਵਾਂ ਪੜ੍ਹਨਾ ਉਸ ਦਾ ਜੀਵਨ ਅਮਲ ਬਣ ਗਿਆ।
ਸੰਨ 1935 ਵਿੱਚ ਗੁਰਦੁਆਰਾ ਸ਼ਹੀਦ-ਗੰਜ ਸਿੰਘਣੀਆਂ ਦੀ ਦੁਸ਼ਕਰਮੀ ਮਹੰਤਾਂ ਤੋਂ ਆਜ਼ਾਦੀ ਲਈ ਲਗਾਏ ਅਕਾਲੀ ਦਲ ਦੇ ਮੋਰਚੇ ਵਿੱਚ ਸ਼ਮੂਲੀਅਤ ਲਈ ਦੁਬਾਰਾ ਜੇਲ੍ਹ ਯਾਤਰਾ ਕੀਤੀ। ਦਸੰਬਰ 1937 ਵਿੱਚ ਪੰਡਿਤ ਜਵਾਹਰ ਲਾਲ ਦੇ ਲਾਹੌਰ ਜਲਸੇ ਵਿੱਚ ਕ੍ਰਾਂਤੀਕਾਰੀ ਨਜ਼ਮ ਪੜ੍ਹਨ ਕਾਰਨ ਫਿਰ ਦੋ ਮਹੀਨੇ ਕੈਦ ਕੱਟੀ। ਪੰਜਾਬ ਕਿਸਾਨ ਲਹਿਰ ਦੀ ਪੰਜਾਬ ਵਿੱਚ ਚੜ੍ਹਤ, ਨੌਜੁਆਨ ਰਘਬੀਰ ਵੱਲੋਂ ਕਿਸਾਨ ਲਹਿਰ ਦੇ ਸਮਾਗਮਾਂ ਵਿੱਚ ਸਰਗਰਮ ਸ਼ਮੂਲੀਅਤ, 23 ਮਾਰਚ 1939 ਨੂੰ ਕਿਸਾਨ ਸਤਿਆਗ੍ਰਹਿ ਦੇ ਪਹਿਲੇ ਜਥੇ ਨਾਲ ਲੇਖਕ ਦੀ ਗ੍ਰਿਫਤਾਰੀ, ਦੂਜੀ ਵਿਸ਼ਵ ਜੰਗ ਸਮੇਂ ਦੇ ਹਾਲਾਤ, ਤੇ ਜੇਲ੍ਹਾਂ ਦੇ ਨਿਜ਼ਾਮ ਬਾਰੇ ਭਾਵਪੂਰਣ ਬਿਰਤਾਂਤ ਇਸੇ ਕਾਂਡ ਵਿੱਚ ਮੌਜੂਦ ਹੈ। ਜਨਵਰੀ 1940 ਵਿੱਚ ਜੇਲ੍ਹ ਤੋਂ ਰਿਹਾ ਹੋਣ ਪਿਛੋਂ ਰਾਜਸੀ ਕਾਰਗੁਜ਼ਾਰੀ ਦਸੰਬਰ 1940 ਤਕ ਚਲਦੀ ਰਹੀ। ਉਪਰੰਤ ਘਰੇਲੂ ਹਾਲਤਾਂ ਕਾਰਨ ਘਰ ਸੰਭਾਲਣ ਦੀ ਜ਼ਿੰਮੇਵਾਰੀ ਸਿਰ ਆ ਪਈ।
ਤਦ ਹੀ ਨੌਜੁਆਨ ਰਘਬੀਰ ਅੰਮ੍ਰਿਤ ਛੱਕ ਕੇ ਸਿੰਘ ਸਜ ਗਿਆ। ਇੰਝ ਉਹ ਕਾਮਰੇਡ ਤੋਂ ਢਾਡੀ ਬਣ ਗੁਪਾਲ ਸਿੰਘ ਮੈਦੀਪੁਰ ਦੇ ਢਾਡੀ ਜੱਥੇ ਨਾਲ ਜਾ ਮਿਲਿਆ ਤੇ ਅਕਾਲੀ ਕਾਨਫਰੰਸਾਂ/ਸਮਾਗਮਾਂ ਦਾ ਅਨਿੱਖੜਵਾਂ ਅੰਗ ਬਣ ਗਿਆ। ਜਲਦੀ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਆਨਰੇਰੀ ਪ੍ਰਚਾਰਕ ਦੀ ਨੌਕਰੀ ਮਿਲ ਗਈ। ਅਗਸਤ 1942 ਤੋਂ ਮਾਰਚ 1943 ਤਕ ਇਹ ਸੇਵਾ ਨਿਭਾਉਂਦਿਆਂ ਸਿੱਖੀ ਪ੍ਰੇਮ ਦੀ ਅਜਿਹੀ ਲਗਨ ਲੱਗੀ ਕਿ ਅਪ੍ਰੈਲ 1943 ਦੌਰਾਨ ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਅੰਮ੍ਰਿਤਸਰ ਵਿਖੇ ਦੋ ਸਾਲਾ ਪ੍ਰਚਾਰਕ ਤੇ ਗ੍ਰੰਥੀ ਕਲਾਸ ਵਿੱਚ ਦਾਖ਼ਲਾ ਲੈ ਲਿਆ। ਸੰਨ 1945 ਵਿੱਚ ਸ਼ਾਦੀ ਦੀ ਦਿਲਚਸਪ ਘਟਨਾ ਅਤੇ ਗਿਆਨੀ ਹੁੱਡਿਆਰਾ ਦੀ ਪ੍ਰੇਰਨਾ ਸਦਕਾ ਮਿਸ਼ਨਰੀ ਕਾਲਜ ਦੇ ਕੋਰਸ ਦੇ ਨਾਲ ਹੀ ਗਿਆਨੀ ਦਾ ਇਮਤਿਹਾਨ ਪਾਸ ਕਰਨ ਦਾ ਬਿਰਤਾਂਤ ਵੀ ਕਾਫ਼ੀ ਰੌਚਕ ਤੇ ਉਤਸ਼ਾਹਮਈ ਹੈ। ਸੰਨ 1946 ਵਿੱਚ ਕੋਰਸ ਪੂਰਾ ਹੁੰਦਿਆਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਸਿੱਖ ਪ੍ਰਚਾਰਕ ਦੀ ਨੌਕਰੀ ਦੁਬਾਰਾ ਮਿਲ ਗਈ। ਪ੍ਰਚਾਰਕ ਵਜੋਂ ਫ਼ਿਲੌਰ ਤਹਿਸੀਲ ਤੇ ਪਾਕਪਟਨ ਤਹਿਸੀਲ ਵਿਖੇ ਸੇਵਾ ਨਿਭਾਉਣ ਪਿਛੋਂ ਜਲਦੀ ਹੀ ਖਾਲਸਾ ਹਾਈ ਸਕੂਲ, ਖਾਲੜਾ ਮੰਡੀ ਵਿਖੇ ਪੰਜਾਬੀ ਅਧਿਆਪਕ ਵਜੋਂ ਕਾਰਜ ਭਾਰ ਆ ਸੰਭਾਲਿਆ।
ਇਸੇ ਕਿਤਾਬ ਵਿੱਚ ਪਾਕਿਸਤਾਨ ਦੀ ਮੰਗ ਦਾ ਮਸਲਾ, ਸੰਨ 1940 ਤੋਂ ਦੇਸ਼ ਦੇ ਆਜ਼ਾਦ ਹੋਣ ਤਕ ਦੇ ਹਾਲਾਤ, ਦੂਜੀ ਵਿਸ਼ਵ ਜੰਗ ਦਾ ਖ਼ਾਤਮਾ, ਪੰਜਾਬ ਦਾ ਬਟਵਾਰਾ ਅਤੇ ਆਬਾਦੀ ਦਾ ਤਬਾਦਲਾ ਆਦਿ ਦਾ ਬਿਰਤਾਂਤ ਇਤਿਹਾਸਕ ਪੱਖੋਂ ਕਾਫ਼ੀ ਜਰਖੇਜ਼ ਹੈ। ਜੋ ਦੇਸ਼ ਦੀ ਵੰਡ ਕਾਰਨ ਪੰਜਾਬ ਦੇ ਲੋਕਾਂ ਦੇ ਉਜਾੜੇ ਦੀ ਦਰਦਨਾਕ ਹਾਲਾਤ ਨੂੰ ਬੇਬਾਕੀ ਨਾਲ ਬਿਆਨ ਕਰਦਾ ਹੈ। ਉੜਮੁੜ ਵਿਖੇ ਵਾਸਾ ਤੇ ਜੀਵਨ ਦੇ ਨਵੇਂ ਦੌਰ ਦਾ ਆਰੰਭ, ਡੀ.ਏ.ਵੀ. ਹਾਈ ਸਕੂਲ ਵਿਖੇ ਪੰਜਾਬੀ ਅਧਿਆਪਨ ਕਾਰਜ, ਸਰਕਾਰ ਵੱਲੋਂ ਸੁੰਤਤਰਤਾ ਸੰਗਰਾਮੀਆਂ ਦਾ ਸਨਮਾਨ ਮੁਹਿੰਮ ਹੇਠ ਮਾਨ ਪੱਤਰ ਪ੍ਰਾਪਤੀ, ਬੱਚਿਆਂ ਲਈ ਵਜ਼ੀਫੇ ਦੀ ਮਨਜ਼ੂਰੀ, ਤਾਮਰ ਪੱਤਰ ਮਿਲਣਾ, ਸਰਕਾਰੀ ਮਿਡਲ ਸਕੂਲ ਬੱਢਲਾਂ ਵਿਖੇ ਤਾਇਨਾਤੀ ਤੇ ਅਧਿਆਪਨ ਕਾਰਜ, ਫਰੀਡਮ ਫਾਈਟਰ ਦੀ ਪੈਨਸ਼ਨ ਲੱਗਣਾ ਅਤੇ ਸਰਕਾਰੀ ਨੌਕਰੀ ਤੋਂ ਸੇਵਾ ਮੁਕਤੀ ਦਾ ਖੁਲਾਸਾ ਵੀ ਕਾਫ਼ੀ ਰੌਚਕਮਈ ਹੈ। ਕੁਝ ਖਾਸ ਯਾਦਾਂ ਦੇ ਨਾਮ ਹੇਠ ਵਰਣਿਤ ਡਾ. ਅੰਬੇਦਕਰ ਦੇ ਧਰਮ ਪਰਿਵਰਤਨ ਦਾ ਕਿੱਸਾ ਇਤਿਹਾਸਿਕ ਮਹੱਤਤਾ ਵਾਲਾ ਹੈ।
ਲੰਡਨ ਦੀ ਯਾਤਰਾ ਕਾਂਡ ਵਿੱਚ ਲੇਖਕ ਨੇ 1994-95 ਦੌਰਾਨ ਆਪਣੀ ਲੰਡਨ ਯਾਤਰਾ ਦਾ ਬਿਰਤਾਂਤ ਬਹੁਤ ਹੀ ਵਿਸਥਾਰਪੂਰਨ ਲਿਖਿਆ ਹੈ। ਇਸ ਬਿਰਤਾਂਤ ਵਿੱਚ ਲੇਖਕ ਨੇ ਇੰਡੀਆ ਵਿਖੇ ਆਪਣੇ ਮੁਕਾਮ ਤੋਂ ਚੱਲਣ ਤੋਂ ਲੈ ਕੇ ਮਾਸਕੋ ਰਾਹੀਂ ਇੰਗਲੈਂਡ ਪੁੱਜਣ, ਉੱਥੇ ਰਿਹਾਇਸ਼ ਤੇ ਕਾਰਗੁਜ਼ਾਰੀ ਉਪਰੰਤ ਵਾਪਸੀ ਦਾ ਵਰਨਣ ਕੀਤਾ ਹੈ। ਲੇਖਕ ਦੀ ਪੈਨੀ ਦ੍ਰਿਸ਼ਟੀ ‘ਗੋਰੇ ਲੋਕਾਂ ਦੀ ਕਾਲੀ ਧਰਤੀ’ ਕਾਂਡ ਵਿੱਚ ਇੰਗਲੈਂਡ ਦੇਸ਼ ਦੀਆਂ ਚੰਗੀਆਂ ਮੰਦੀਆਂ ਗੱਲਾਂ ਦਾ ਜ਼ਿਕਰ ਬਣ ਜਾਂਦੀ ਹੈ। ਪੜ੍ਹਦਿਆਂ ਇੰਝ ਜਾਪਦਾ ਹੈ, ਜਿਵੇਂ ਸਾਰਾ ਘਟਨਾਕ੍ਰਮ ਪਾਠਕ ਦੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ।
‘ਦਾਸਤਾਨ-ਏ-ਖ਼ੁਦ’ ਦਾ ਆਖ਼ਰੀ ਕਾਂਡ ਲੇਖਕ ਦੀ ਕੈਨੇਡਾ ਫ਼ੇਰੀ ਦਾ ਜ਼ਿਕਰ ਕਰਦਾ ਹੈ। ਜੋ ਉਸ ਦੁਆਰਾ ਸਤੰਬਰ 2003 ਤੋਂ ਮਾਰਚ 2004 ਦੇ ਅਰਸੇ ਦੌਰਾਨ ਕੀਤੀ ਗਈ। ਇਸ ਕਾਂਡ ਵਿੱਚ ਵੀ ਲੇਖਕ ਨੇ ਆਪਣੀ ਲੰਡਨ ਯਾਤਰਾ ਦੇ ਬਿਰਤਾਂਤ ਵਾਂਗ ਹੀ ਕੈਨੇਡਾ ਦੀ ਧਰਤੀ ਉੱਤੇ ਆਪਣੇ ਨਿੱਜੀ ਤਜਰਬਿਆਂ ਨੂੰ ਸਾਂਝਾ ਕੀਤਾ ਹੈ। ਕੈਨੇਡਾ ਦੇਸ਼ ਬਾਰੇ ਜਾਣਕਾਰੀ, ਇੱਥੋਂ ਦਾ ਨਿਜ਼ਾਮ, ਕਾਮਾਗਾਟਾਮਾਰੂ ਜਹਾਜ਼ ਦੀ ਘਟਨਾ, ਕੈਨੇਡਾ ਵਿਖੇ ਸਾਫ਼-ਸੁਥਰਾ ਵਾਤਾਵਰਣ, ਭਾਈਚਾਰਕ ਮਾਹੌਲ, ਲੋਕਾਂ ਦੀ ਗੁਰਬਾਣੀ ਤੇ ਗੁਰ-ਇਤਿਹਾਸ ਜਾਨਣ ਦੀ ਚਾਹਤ ਅਤੇ ਪਰਿਵਾਰਕ ਮੇਲ-ਮਿਲਾਪ ਦੇ ਕਿੱਸੇ ਇਸ ਕਾਂਡ ਨੂੰ ਰੌਚਕਤਾ ਬਖ਼ਸ਼ਦੇ ਹਨ।
ਬੇਸ਼ਕ ‘ਦਾਸਤਾਨ-ਏ-ਖ਼ੁਦ’ ਗਿਆਨੀ ਰਘਬੀਰ ਸਿੰਘ ਹੁੱਡਿਆਰਾ ਦੀ ਪਲੇਠੀ ਦੀ ਰਚਨਾ ਹੈ, ਜੋ ਉਨ੍ਹਾਂ ਦੇ ਸਪੁੱਤਰ ਸ. ਰਾਬਿੰਦਰ ਸਿੰਘ ਬਾਠ ਦੇ ਉੱਦਮ ਨਾਲ ਸਾਹਿਤਕ ਖੇਤਰ ਦਾ ਅੰਗ ਬਣੀ; ਪਰ ਇਸ ਨਿਵੇਕਲੀ ਸਵੈ-ਜੀਵਨੀ ਦੇ ਵਿਸ਼ਿਆਂ ਦਾ ਫੈਲਾਅ ਨਿੱਜੀ ਪੀੜਾਂ ਦੇ ਪਾਰ ਮਾਨਵੀ ਦੁੱਖਾਂ-ਦਰਦਾਂ ਦੇ ਖਿਤਿਜ਼ ਤਕ ਫੈਲਿਆ ਹੋਇਆ ਹੈ, ਜੋ ਪੁਸਤਕ ਨੂੰ ਕਦਰਾਂ-ਕੀਮਤਾਂ ਪੱਖੋਂ ਸਥਾਈਪਣ ਬਖ਼ਸ਼ਦਾ ਹੈ।

(ਨੋਟ: ਸ. ਰਾਬਿੰਦਰ ਸਿੰਘ ਬਾਠ 16 ਜੂਨ 2024 ਨੂੰ ਅਕਾਲ ਚਲਾਣਾ ਕਰ ਗਏ। ‘ਦਾਸਤਾਨ-ਏ-ਖ਼ੁਦ’ ਪੁਸਤਕ 23 ਜੂਨ 2024 ਨੂੰ ਸਵਰਗੀ ਬਾਠ ਦੀ ਆਤਮਿਕ ਸ਼ਾਂਤੀ ਲਈ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਪਿੱਛੋਂ ਲੋਕ ਅਰਪਿਤ ਕੀਤੀ ਗਈ। ਇਸ ਪੁਸਤਕ ਇਸੇ ਸਾਲ ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।)

Leave a Reply

Your email address will not be published. Required fields are marked *