ਪਰਮਜੀਤ ਢੀਂਗਰਾ
ਫੋਨ: +91-8847510125
ਮਹਾਨ ਕੋਸ਼ ਅਨੁਸਾਰ ਸੰਸ। ਧਾਮਨ ਸੰਗਿਆ– ਘਰ, ਨਿਵਾਸ ਸਥਾਨ। ‘ਨਾਮ ਕਾਮ ਬਿਹੀਨ ਪੇਖਤ, ਧਾਮ ਹੂ ਨਹਿ ਜਾਹਿ’ (ਜਾਪੁ); ਦੇਹ, ਸਰੀਰ; ਤੇਜ਼ ਪ੍ਰਕਾਸ਼ ‘ਉਠੀ ਧੂਲਿ ਲਿਯ ਛਾਦ ਧਾਮ’ (ਗੁ.ਪ੍ਰ.ਸੂ.) ਦੇਵਤੇ ਦਾ ਸਥਾਨ, ਪਵਿਤਰ ਅਸਥਾਨ ਜਿਵੇਂ– ਸਿੱਖਾਂ ਦੇ ਗੁਰਧਾਮ ਅੰਮ੍ਰਿਤਸਰ, ਤਰਨ ਤਾਰਨ, ਅਬਿਚਲ ਨਗਰ; ਹਿੰਦੂਆਂ ਦੇ ਬਦਰੀਨਾਥ, ਕੇਦਾਰਨਾਥ, ਪ੍ਰਯਾਗ; ਜਨਮ, ਸਵਰਗ, ਕਰਤਾਰ, ਵਾਹਗੁਰੂ। ਪੰਜਾਬੀ ਕੋਸ਼ ਅਨੁਸਾਰ– ਘਰ, ਨਿਵਾਸ, ਸਥਾਨ; ਤੀਰਥ; ਸੱਦਾ, ਬੁਲਾਵਾ; ਦਾਅਵਤ; ਵਿਆਹ ਦੀ ਰਸਮ ਜਿਸ ਵਿੱਚ ਲੋਕ ਘਰਾਂ ਵਿੱਚ ਕੜਾਹ ਵੰਡਦੇ ਹਨ; ਗੁਰਧਾਮ। ਲੋਕਧਾਰਾ ਵਿਸ਼ਵ ਕੋਸ਼ ਅਨੁਸਾਰ– ਧਾਮ, ਮੁਸਲਮਾਨਾਂ ਦੇ ਵਿਆਹ ਦੀ ਇੱਕ ਰੀਤ, ਜੋ ਮੰਡੀ ਦੇ ਇਲਾਕੇ ਵਿੱਚ ਪ੍ਰਚਲਤ ਹੈ। ਇਹ ਰੀਤ ਵਿਆਹ ਮਗਰੋਂ ਤੀਜੇ ਦਿਨ ਕੀਤੀ ਜਾਂਦੀ ਹੈ। ਕੰਨਿਆ ਪੱਖ ਦੇ ਕੁਝ ਲੋਕ ਜੋੜੇ ਨੂੰ ਨਾਲ ਲੈ ਕੇ ਵਰ ਪੱਖ ਦੇ ਘਰ ਜਾਂਦੇ ਹਨ। ਵਰ ਪੱਖ ਦੀਆਂ ਔਰਤਾਂ ਵਿਆਹੇ ਜੋੜੇ ਨੂੰ ਕਿਸੇ ਨਿਵੇਕਲੇ ਕੋਠੇ ਵਿੱਚ ਲੈ ਜਾਂਦੀਆਂ ਹਨ ਤੇ ਨਵ ਵਿਆਹੀ ਨੂੰ ਦੁੱਧ ਪੀਣ ਲਈ ਦਿੰਦੀਆਂ ਹਨ। ਵਰ ਪੱਖ ਵਾਲੇ ਕੰਨਿਆ ਪੱਖ ਨੂੰ ਭੋਜਨ ਖੁਆਂਦੇ ਹਨ, ਜਿਸ ਵਿੱਚ ਚੌਲ ਤੇ ਬੱਕਰੇ ਦਾ ਮੀਟ ਰਿੰਨਿ੍ਹਆ ਜਾਂਦਾ ਹੈ। ਇਸ ਰੋਟੀ ਨੂੰ ‘ਅਰੰਡਲ’ ਤੇ ਰੀਤ ਨੂੰ ਧਾਮ ਕਿਹਾ ਜਾਂਦਾ ਹੈ।
ਆਸ਼ਰਮ ਦੇ ਅਰਥਾਂ ਵਿੱਚ ਭਾਰਤੀ ਭਾਸ਼ਾਵਾਂ ਵਿੱਚ ਧਾਮ ਸ਼ਬਦ ਪ੍ਰਚਲਤ ਹੈ। ਧਾਮ ਦਾ ਆਮ ਜਿਹਾ ਅਰਥ ਤਾਂ ਨਿਵਾਸ, ਟਿਕਾਣਾ, ਸਥਾਨ ਕੀਤਾ ਜਾਂਦਾ ਹੈ ਪਰ ਵਿਆਪਕ ਅਰਥਾਂ ਵਿੱਚ ਪਵਿਤਰ ਸਥਾਨ, ਪਾਵਨ ਥਾਂ, ਪਰਮ ਧਾਮ ਆਦਿ। ਧਾਮ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦਾ ਸ਼ਬਦ ਹੈ। ਪ੍ਰਾਚੀਨ ਭਰੋਪੀ ਭਾਸ਼ਾ ਪਰਿਵਾਰ ਦੀਆਂ /dome/domu/ ਧਾਤੂਆਂ ਨਾਲ ਇਨ੍ਹਾਂ ਦੀ ਸਕੀਰੀ ਹੈ, ਜਿਥੇ ਇਨ੍ਹਾਂ ਦਾ ਭਾਵ ਨਿਰਮਾਣ ਨਾਲ ਹੈ। ਇਹਦੇ ਮੂਲ ਵਿੱਚ ਸੰਸਕ੍ਰਿਤ ਧਾਤੂ ‘ਧਾ’ ਹੈ, ਜਿਸ ਵਿੱਚ ਧਾਰਨ ਕਰਨ, ਰੱਖਣ, ਰਹਿਣ, ਆਸਰੇ ਵਰਗੇ ਭਾਵ ਸ਼ਾਮਲ ਹਨ। ਸੰਸਕ੍ਰਿਤ ਵਿੱਚ ਮਾਂ ਲਈ ‘ਧਾਤਰੀ’ ਸ਼ਬਦ ਹੈ, ਇਸ ਵਿੱਚ ਬੱਚੇ ਦੇ ਪਾਲਣ ਅਤੇ ਮਾਂ ਦੀ ਸੁਰੱਖਿਆ ਦੇ ਭਾਵ ਹਨ। ਧਰਤੀ ਸਾਡੀ ਸਾਰਿਆਂ ਦੀ ਪਾਲਣਹਾਰ ਹੈ। ਸਾਰੇ ਪ੍ਰਾਣੀ ਇਸ ਧਰਤ ਦੇ ਜਾਏ ਹਨ, ਇਸੇ ਲਈ ਧਰਤੀ ਦਾ ਇੱਕ ਨਾਂ ਵਸੁਧਾ ਹੈ। ਵਸੂ ਦਾ ਅਰਥ ਹੈ– ਧਨ, ਦੌਲਤ, ਸਮਰਿਧੀ। ਧਰਤੀ ਦੇ ਗਰਭ ਵਿੱਚ ਜਿੰਨੀ ਦੌਲਤ ਪਈ ਹੈ, ਉਹਦੇ ਲਈ ਉਹਨੂੰ ਵਸੂਮਤੀ ਜਾਂ ਵਸੁਧਾ ਕਿਹਾ ਜਾਂਦਾ ਹੈ। ਗਰਭ ਵਿੱਚ ਬੱਚਾ ਵੀ ਔਰਤ ਲਈ ਕੀਮਤੀ ਦੌਲਤ ਵਰਗਾ ਹੁੰਦਾ ਹੈ, ਇਸੇ ਲਈ ‘ਵਸੂ’ ਸ਼ਬਦ ਦਾ ਇੱਕ ਅਰਥ ਬਾਲਕ ਵੀ ਹੈ। ਜਨਮ ਦੇਣ ਤੋਂ ਬਾਅਦ ਮਾਂ ਹੀ ਔਲਾਦ ਦਾ ਆਸਰਾ ਜਾਂ ਓਟ ਹੁੰਦੀ ਹੈ।
ਹਿੰਦੂ ਕੋਸ਼ ਵਿੱਚ ਡਾਕਟਰ ਰਾਜ ਬਲੀ ਪਾਂਡੇ ਨੇ ‘ਧਾਮ ਵਰਤ’ ਦਾ ਜ਼ਿਕਰ ਕੀਤਾ ਹੈ, ਜੋ ਫੱਗਣ ਦੀ ਪੂਰਨਮਾਸ਼ੀ ਤੋਂ ਤਿੰਨ ਦਿਨਾਂ ਤੱਕ ਹੁੰਦਾ ਹੈ। ਇਹਦੇ ਵਿੱਚ ਗ੍ਰਹਿਦਾਨ ਕੀਤਾ ਜਾਂਦਾ ਹੈ। ਧਾਮ ਦਾ ਦੇਵਤਾ, ਸੂਰਜ ਨੂੰ ਮੰਨਿਆ ਜਾਂਦਾ ਹੈ ਜੋ ਪ੍ਰਕਾਸ਼ ਦਾ ਸਰੋਤ ਹੈ। ਇਹ ਵਰਤ ਸੂਰਜ ਦੀ ਉਪਾਸਨਾ ਦਾ ਵਰਤ ਹੈ। ਯੂਰਪੀ ਭਾਸ਼ਾਵਾਂ ਵਿੱਚ /dome/domu/ ਤੋਂ ਕਈ ਸ਼ਬਦ ਬਣੇ ਹਨ। ਗੁੰਬਦ ਲਈ ਅੰਗਰੇਜ਼ੀ ਸ਼ਬਦ ਡੋਮ ਹੈ। ਸਭਿਅਤਾ ਦੇ ਵਿਕਾਸ ਕ੍ਰਮ ਵਿੱਚ ਡੋਮ ਮੂਲ ਰੂਪ ਵਿੱਚ ਆਸਰੇ ਨਾਲ ਸੰਬੰਧਤ ਹੈ। ਮੁਢਲੇ ਮਨੁੱਖ ਨੇ ਜੋ ਛੱਪਰ ਦੀ ਕਾਢ ਕੱਢੀ, ਉਹ ਡੋਮ ਹੀ ਸੀ। ਬਾਅਦ ਵਿੱਚ ਵਿਸ਼ਾਲ ਭਵਨਾ ਜਾਂ ਇਮਾਰਤਾਂ ਦੇ ਉਪਰ ਗੁੰਬਦ ਬਣਾਏ ਗਏ। ਪ੍ਰਾਚੀਨ ਕਾਲ ਵਿੱਚ ਬਣੇ ਓਟ, ਆਸਰਿਆਂ ਵਿੱਚ ਵਿਸ਼ਾਲ ਹਾਲ ਹੁੰਦੇ ਸਨ ਤੇ ਸਾਰਾ ਕੁਨਬਾ ਓਸੇ ਵਿੱਚ ਨਿਵਾਸ ਕਰਦਾ ਸੀ। ਇਹ ਧਾਮਵਾਚੀ ਸੀ। ਧਾਮ ਨਾਲ ਜੁੜਿਆ ਅੰਗਰੇਜ਼ੀ ਸ਼ਬਦ dome ਗਰੀਕ ਦੇ doma ਤੋਂ ਬਣਿਆ ਹੈ। ਇਸੇ ਤੋਂ domestic, domicile ਵਰਗੇ ਸ਼ਬਦ ਬਣੇ ਜੋ ਸਥਾਨ ਵਾਚਕ ਹਨ। ਭਾਵਵਾਚੀ ਅਰਥਾਂ ਵਿੱਚ ਘਰੇਲੂ, ਖੇਤਰੀ, ਸਥਾਨਕ, ਪਰਿਵਾਰਕ, ਆਪਸੀ, ਦੇਸੀ, ਅੰਦਰੂਨੀ, ਪਾਲਤੂ, ਨਿੱਜੀ, ਕੁਟੰਬੀ, ਗ੍ਰਹਿਸਥੀ ਆਦਿ ਸ਼ਬਦ ਇਸ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜਦੇ ਹਨ। domestic ਬਣਿਆ ਹੈ ਲੈਟਿਨ ਦੇ domestics ਤੋਂ ਜਿਸ ਵਿੱਚ ਘਰ ਗ੍ਰਹਿਸਥੀ ਦੇ ਅਥਵਾ ਘਰੇਲੂ ਦੇ ਭਾਵ ਹਨ। ਇਸੇ ਤਰ੍ਹਾਂ ਦਾ ਇੱਕ ਸ਼ਬਦ ‘ਡੋਮੇਨ’ ਹੈ, ਜਿਸਦਾ ਅਰਥ– ਇਲਾਕਾ ਜਾਂ ਖੇਤਰ ਹੈ। ਇਹ ਇਸੇ ਮੂਲ ਦਾ ਹੈ। ਲੈਟਿਨ ਦੇ domes ਸ਼ਬਦ ਵਿੱਚ ਘਰ ਦਾ ਭਾਵ ਹੈ। ਇਸ ਤੋਂ ਬਣੇ ਡੋਮੀਨਅਨ ਦਾ ਅਰਥ ਹੈ– ਸੁਆਮੀ, ਮਾਲਕ, ਜ਼ਿਮੀਦਾਰ, ਰਾਜਾ ਆਦਿ। ਡੋਮੀਨਸ ਤੋਂ ਡੋਮੈਸਟਿਕ, ਡੋਮੇਨ ਵਰਗੇ ਸ਼ਬਦ ਬਣੇ ਹਨ। ਅੰਗਰੇਜ਼ਾਂ ਦੇ ਰਾਜ ਵਿੱਚ ਬਸਤੀਆਂ ਨੂੰ ‘ਡੇਮੀਨੀਅਨ ਸਟੇਟਸ’ ਕਿਹਾ ਜਾਂਦਾ ਸੀ, ਜਿਸਦਾ ਅਰਥ ਅੰਗਰੇਜ਼ੀ ਸ਼ਾਸਨ ਵਾਲੇ ਇਲਾਕੇ ਸਨ। ਰੂਸੀ ਭਾਸ਼ਾ ਵਿੱਚ ‘ਦੋਮ’ ਸ਼ਬਦ ਦਾ ਅਰਥ ਘਰ ਹੁੰਦਾ ਹੈ। ਲਿਥੂਆਨੀ ਭਾਸ਼ਾ ਵਿੱਚ ‘ਦਿਮਸਿਤਯ’ ਦਾ ਅਰਥ ਵੱਡਾ ਵਾੜਾ ਜਾਂ ਘਿਰਿਆ ਹੋਇਆ ਖੇਤਰ ਹੁੰਦਾ ਹੈ। ਅੰਗਰੇਜ਼ੀ ਵਿੱਚ ਘਰ ਲਈ ‘home’ ਸ਼ਬਦ ਹੈ। ਇਸਦੀ ਪੋਸਟ ਜਰਮੈਨਿਕ ਧਾਤੂ ਹੈ– ‘Khaim’ ਜਿਸਦਾ ਅਰਥ ਹੈ– ਘਰ, ਨਿਵਾਸ। ਇਸੇ ਨਾਲ ਮਿਲਦਾ-ਜੁਲਦਾ ਗਰੀਕ ਸ਼ਬਦ ਹੈ– ਕੋਮ (kome), ਜਿਸ ਵਿੱਚ ਘਿਰੇ ਹੋਏ ਸਥਾਨ ਜਾਂ ਆਸਰੇ ਦਾ ਭਾਵ ਹੈ। ਗਰੀਕ ਡੋਮਾ (doma) ਨਾਲ ਇਹਦੀ ਸਕੀਰੀ ਹੈ। ਕੋਮ ਤੋਂ ਹੀ ‘ਕਮਰਾ’ ਬਣਿਆ ਹੈ, ਜੋ ਪੁਰਤਗਾਲ ਤੋਂ ਆਇਆ ਹੈ ਤੇ ਇਸੇ ਦਾ ਮੂਲ ਸ਼ਬਦ ਹੈ। ਇਹਦੀ ਸਕੀਰੀ ‘ਕੈਮੇਰਾ’ ਨਾਲ ਹੈ। ਫੋਟੋ ਖਿਚਣ ਵਾਲੇ ਕੈਮਰੇ ਵਿੱਚ ਵੀ ਇੱਕ ਛੋਟਾ ਜਿਹਾ ਚੈਂਬਰ ਅਥਵਾ ਕਮਰਾ ਹੁੰਦਾ ਹੈ। ਚੈਂਬਰ ਸ਼ਬਦ ਫਰੈਂਚ ਭਾਸ਼ਾ ਦਾ ਹੈ ਤੇ ਇਹਦੀ ਸਕੀਰੀ ਵੀ ਇਨ੍ਹਾਂ ਸਾਰੇ ਸ਼ਬਦਾਂ ਨਾਲ ਜੁੜਦੀ ਹੈ।
ਲਿਥੂਆਨੀ ਵਿੱਚ ‘kaimas’ ਦਾ ਅਰਥ ਹੈ– ਪਿੰਡ, ਗ੍ਰਾਮ। ਪ੍ਰਾਚੀਨ ਕਾਲ ਵਿੱਚ ਮਨੁੱਖੀ ਵਸੇਬੇ ਇੱਕ ਹੀ ਵੰਸ਼ ਜਾਂ ਪਰਿਵਾਰ ਦੇ ਸਾਂਝੇ ਹੁੰਦੇ ਸਨ, ਇਸ ਲਈ ਪਿੰਡ ਜਾਂ ਗ੍ਰਾਮ ਜਾਂ ਗਿਰਾਂ ਦਾ ਇੱਕ ਅਰਥ ਪਰਿਵਾਰ ਬਣਦਾ ਹੈ। ਪੋਸਟ ਜਰਮੈਨਿਕ ਦੇ ‘khaim’ ਸ਼ਬਦ ਦੀ ਤੁਰਕ-ਮੰਗੋਲ ਮੂਲ ਦੇ ਖੇਮਾ ਸ਼ਬਦ ਨਾਲ ਜੇ ਤੁਲਨਾ ਕਰੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਸ ਵਿੱਚ ਟੈਂਟ, ਤੰਬੂ ਜਾਂ ਪੜਾਅ ਦੇ ਭਾਵ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਧਾਮ ਵਰਗਾ ਛੋਟਾ ਜਿਹਾ ਸ਼ਬਦ ਵੱਡੇ ਕੁਨਬੇ ਦਾ ਮਾਲਕ ਹੈ ਤੇ ਇਹਦਾ ਕੁਨਬਾ ਕਈ ਭਾਸ਼ਾਵਾਂ ਵਿੱਚ ਫੈਲਿਆ ਹੋਇਆ ਹੈ।