ਪਰਮਜੀਤ ਢੀਂਗਰਾ
ਭਾਸ਼ਾ ਪਰਿਵਰਤਨਸ਼ੀਲ ਹੈ। ਹਰ ਭਾਸ਼ਾ ਦੂਜੀ ਭਾਸ਼ਾ ਨਾਲ ਲੈਣ-ਦੇਣ ਕਰਦੀ ਹੈ। ਇਹ ਆਦਾਨ-ਪ੍ਰਦਾਨ ਸੁਹਿਰਦਤਾ ਵਾਲਾ ਹੁੰਦਾ ਹੈ। ਹਰ ਭਾਸ਼ਾ ਦਾ ਆਪਣਾ ਬ੍ਰਹਿਮੰਡ ਹੁੰਦਾ ਹੈ, ਜਿਸ ਵਿੱਚ ਸ਼ਬਦ ਤਾਰਿਆਂ ਵਾਂਗ ਚਮਕਦੇ ਰੌਸ਼ਨੀ ਦਿੰਦੇ ਰਹਿੰਦੇ ਹਨ; ਕਿਸੇ ਦੀ ਚਮਕ ਵੱਧ ਹੁੰਦੀ ਹੈ ਤੇ ਕਿਸੇ ਦੀ ਘੱਟ। ਸ਼ਬਦਾਂ ਦੀ ਇੱਕ ਬ੍ਰਹਿਮੰਡ ਤੋਂ ਦੂਜੇ ਬ੍ਰਹਿਮੰਡ ਤੱਕ ਆਵਾਜਾਈ ਬੇ-ਰੋਕ ਤੇ ਬੇ-ਟੋਕ ਜਾਰੀ ਰਹਿੰਦੀ ਹੈ। ਸਦੀਆਂ ਤੋਂ ਭਾਸ਼ਾਵਾਂ ਵਿੱਚ ਇਹ ਮਿੱਤਰਤਾਈ ਕਾਇਮ ਹੈ। ਇਹੀ ਕਾਰਨ ਹੈ ਕਿ ਸ਼ਬਦ ਯਾਤਰਾ ਦਿਲਚਸਪ ਵੀ ਹੈ ਤੇ ਰੋਮਾਂਟਿਕ ਵੀ। ਜਦੋਂ ਅਸੀਂ ਕਿਸੇ ਨੂੰ ਪੁੱਛਦੇ ਹਾਂ ਕਿ ਕੀ ਹਾਲ ਐ? ਤਾਂ ਅਗਲਾ ਕਹਿੰਦਾ, ‘ਠੀਕ ਐ, ਬੱਲੇ ਬੱਲੇ ਐ।’ ਕੋਈ ਕਹਿੰਦਾ ਹੈ, ‘ਰੱਬ ਦਾ ਸ਼ੁਕਰ ਐ, ਭਗਵਾਨ ਦੀ ਕਿਰਪਾ, ਅੱਲਾਹ ਨਿਗ੍ਹੇਬਾਨ ਐ।’ ਇਹ ਹਾਲ ਸ਼ਬਦ ਬੜਾ ਮਾਨੀਖੇਜ਼ ਹੈ।
ਪੰਜਾਬੀ ਕੋਸ਼ ਅਨੁਸਾਰ ਹਾਲ ਦਾ ਅਰਥ ਹੈ- ਵਰਤਮਾਨ ਕਾਲ, ਦਸ਼ਾ, ਹਾਲਤ, ਖਬਰਸਾਰ, ਸਮਾਚਾਰ, ਬਿਰਤਾਂਤ, ਪ੍ਰੇਮ ਦੀ ਮਸਤੀ ਵਿੱਚ ਆ ਕੇ ਸਿਰ ਮਾਰਨ ਦੀ ਹਾਲਤ, ਵਜਦ ਵਿੱਚ ਆਉਣਾ, ਸੂਤਰ, ਹੁਣ, ਇਸ ਵੇਲੇ, ਪਹੀਏ ਉਤਲਾ ਲੋਹੇ ਦਾ ਚੱਕਰ ਜੋ ਉਸਦੀ ਹਿਫ਼ਾਜ਼ਤ ਲਈ ਚਾੜ੍ਹਿਆ ਹੁੰਦਾ ਹੈ। ਇਸ ਨਾਲ ਜੁੜੇ ਕਈ ਸ਼ਬਦ ਮਿਲਦੇ ਹਨ- ਹਾਲ-ਅਹਿਵਾਲ, ਹਾਲ-ਹਵਾਲ, ਹਾਲ-ਚਾਲ, ਹਾਲ-ਦੁਹਾਈ, ਹਾਲ ਵਿੱਚ, ਹਾਲਾਂ, ਹਾਲੀ, ਹਾਲੇ। ਇਸ ਨਾਲ ਜੁੜੇ ਕਈ ਮੁਹਾਵਰੇ ਵੀ ਮਿਲਦੇ ਹਨ: ਹਾਲ ਕੋਈ ਨਾ ਹੋਣਾ- ਹਾਲਤ ਖਰਾਬ ਹੋਣਾ; ਹਾਲ ਪਾਹਰਿਆ ਕਰਨੀ- ਰੋਣਾ, ਪਿੱਟਣਾ; ਹਾਲ ਪਤਲਾ ਜਾਂ ਮਾੜਾ ਹੋਣਾ- ਸਿਹਤ ਖਰਾਬ ਹੋਣੀ; ਹਾਲ ਬੁਰਾ ਹੋਣਾ- ਬੁਰੀ ਹਾਲਤ ਵਿੱਚੋਂ ਲੰਘਣਾ; ਹਾਲੋਂ ਬੇਹਾਲ ਹੋਣਾ- ਨਾਜ਼ੁਕ ਹਾਲਤ ਵਿੱਚ ਹੋਣਾ। ਨਵੇਂ ਮਹਾਨ ਕੋਸ਼ ਅਨੁਸਾਰ ਹੁਣ ਦਾ ਸਮਾਂ, ਬੀਤ ਰਿਹਾ ਸਮਾਂ, ਹਾਲਾਤ, ਅਵਸਥਾ, ਹੈਸੀਅਤ, ਤੌਰ ਤਰੀਕਾ, ਵਜਦ, ਜ਼ਿਕਰ, ਵਰਣਨ, ਦਮ, ਤਾਕਤ ਆਦਿ। ਗੁਰਬਾਣੀ ਵਿੱਚ ਵੀ ਇਹ ਸ਼ਬਦ ਮਿਲਦਾ ਹੈ- ‘ਹਰਿ ਬਿਸਰਤ ਹੋਵਤ ਏਹ ਹਾਲ।’ (ਪੰਨਾ 299); ‘ਅੰਤਰਜਾਮੀ ਪੁਰਖ ਸੁਆਮੀ ਅਨਬੋਲਤ ਹੀ ਜਾਨਹੁ ਹਾਲ।’ (ਪੰਨਾ 828); ‘ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ।’ (ਪੰਨਾ 977); ‘ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ।’ (ਪੰਨਾ 1377); ‘ਹਾਲਿ-ਫਿਰਦਾ ਕਿਤੈ ਹਾਲਿ ਜਾ ਡਿਠਮੁ ਤਾ ਮਨੁ ਧ੍ਰਾਪਿਆ।’ (ਪੰਨਾ 1096-97)
ਫ਼ਾਰਸੀ ਕੋਸ਼ ਅਨੁਸਾਰ ਹਾਲ ਦਾ ਅਰਥ ਹੈ: ਵਰਤਮਾਨ ਕਾਲ, ਮਸਤੀ ਦੀ ਹਾਲਤ, ਵਜਦ, ਮਸਤੀ ਦਾ ਨਾਚ, ਜ਼ਿਕਰ, ਤਾਕਤ, ਹਾਲਤ, ਤੌਰ ਤਰੀਕਾ, ਘਟਨਾ। ਇਸ ਨਾਲ ਜੁੜੇ ਕਈ ਹੋਰ ਸ਼ਬਦ ਵੀ ਮਿਲਦੇ ਹਨ: ਹਾਲ ਆਂ ਕਿਹ, ਹਾਲਾਂਕਿਹ: ਗੱਲ ਇਹ ਹੈ ਕਿ, ਹੁਣ ਜਦ ਕਿ, ਭਾਵੇਂ, ਬਾਵਜੂਦ ਇਸਦੇ; ਹਾਲਾ-ਇਸ ਵੇਲੇ, ਹੁਣੇ, ਅੱਗੇ ਤੋਂ; ਹਾਲ ਪੁਰਸੀ-ਕਿਸੇ ਦੀ ਸਿਹਤ ਬਾਰੇ ਪੁਛਣਾ; ਹਾਲ-ਏ-ਪੇਸ਼ੀਨ, ਹਾਲ-ਏ-ਸਾਬਿਕ=ਪਹਿਲੀ ਹਾਲਤ; ਹਾਲ-ਏ-ਦਿਗਰ, ਹਾਲ-ਏ-ਦਿਗਰਗੂਨ=ਭੈੜੀ ਦਸ਼ਾ; ਹਾਲ ਸਾਲ-ਏਹ ਸਾਲ, ਚਲਦਾ ਸਾਲ; ਹਾਲ-ਏ-ਸ਼ਿਕਸਤਾ=ਭੈੜੀ ਹਾਲਤ, ਬੁਰੀ ਹਾਲਤ; ਹਾਲੀਯਨ-ਏਸ ਵੇਲੇ; ਹਾਲਾਤ-ਹਾਲਤਾਂ; ਹਾਲਤ-ਹਾਲ, ਦਰਜਾ ਗਤੀ, ਦਸ਼ਾ, ਮਾਮਲਾ; ਹਾਲਤ-ਏ-ਮੌਜੂਦਾ=ਵਰਤਮਾਨ ਦਸ਼ਾ; ਹਾਲਤ-ਏ-ਨਾਖੁਸ਼ੀ=ਬਿਮਾਰੀ ਦੀ ਹਾਲਤ; ਹਾਲਤ-ਏ-ਨਜ਼ਅ=ਅੰਤ ਸਮੇਂ ਦੀ ਹਾਲਤ, ਦਮ ਤੋੜਨ ਦੀ ਹਾਲਤ। ਅਵਸਥਾ ਦੇ ਸੰਦਰਭ ਵਿੱਚ ਹਾਲ ਦਾ ਭਾਵ ਸਿਹਤ ਨਾਲ ਜੁੜਦਾ ਹੈ। ਬਕੌਲ ਗ਼ਾਲਿਬ- ‘ਉਨਕੇ ਦੇਖਨੇ ਸੇ ਜੋ ਆ ਜਾਤੀ ਹੈ ਮੂੰਹ ਪੇ ਰੌਣਕ, ਵੋ ਸਮਝਤੇ ਹੈਂ ਕਿ ਬੀਮਾਰ ਕਾ ਹਾਲ ਅੱਛਾ ਹੈ।’
ਹਾਲ ਸ਼ਬਦ ਅਰਬੀ-ਫ਼ਾਰਸੀ ਵੱਲੋਂ ਭਾਰਤੀ ਭਾਸ਼ਾਵਾਂ ਵਿੱਚ ਆਇਆ ਹੈ। ਅਗੇਤਰ ਲੱਗਣ ਨਾਲ ਹਾਲ ਤੋਂ ਕਈ ਸ਼ਬਦ ਬਣਦੇ ਹਨ, ਜਿਵੇਂ-ਬੇਹਾਲ, ਬਦਹਾਲ ਆਦਿ। ਅਰਬੀ ਹਾਲ ਬਣਿਆ ਹੈ, ਸੈਮਟਿਕ ਧਾਤੂ ‘ਹੱਲ’ ਤੋਂ ਜਿਸ ਵਿੱਚ ਪਰਿਵਰਤਨ, ਅਦਲਾ-ਬਦਲੀ ਦੇ ਭਾਵ ਹਨ। ‘ਹੱਲ’ ਤੋਂ ਬਣੇ ਹਾਲ ਸ਼ਬਦ ਵਿੱਚ ਅਵਸਥਾ, ਦਿਸ਼ਾ ਦਾ ਭਾਵ ਹੈ। ਇਸ ਵਿੱਚ ਅਤੀਤ ਤੋਂ ਵਰਤਮਾਨ ਵਿਚ ਤਬਦੀਲੀ ਦਾ ਭਾਵ ਹੈ, ਜਿਵੇਂ ‘ਕੀ ਹਾਲ ਐ?’ ਇਸ ਵਿੱਚ ਕਿਸੇ ਵਸਤੂ, ਮਨੁੱਖ, ਸਥਾਨ ਵਿੱਚ ਆਈ ਤਬਦੀਲੀ ਦੇ ਭਾਵ ਹਨ। ਹਾਲਤ ਤੇ ਹਾਲਾਤ ਇਸੇ ਕੜੀ ਦੇ ਸ਼ਬਦ ਹਨ।
ਹਾਲ ਦਾ ਹੀ ਇੱਕ ਰੂਪ ਹਵਾਲ ਹੈ, ਜੋ ਫ਼ਾਰਸੀ ਵਿੱਚ ਹਵਾਲਾ ਬਣ ਜਾਂਦਾ ਹੈ। ਮੁਦਰਾ ਦੇ ਲੈਣ-ਦੇਣ ਵਿੱਚ ਹਵਾਲਾ ਸ਼ਬਦ ਬੜਾ ਪ੍ਰਸਿੱਧ ਹੈ। ਇਹਦੀ ਵਰਤੋਂ ਗ਼ੈਰ-ਕਾਨੂੰਨੀ ਆਰਥਕ ਲੈਣ-ਦੇਣ ਵਿੱਚ ਵਧੇਰੇ ਹੁੰਦੀ ਹੈ। ਕਾਲੇ ਧਨ ਨੂੰ ਦੇਸ਼ ਵਿੱਚੋਂ ਬਾਹਰ ਭੇਜਣ ਲਈ ਕਾਲੇ ਬਜ਼ਾਰੀਏ ਤੇ ਸੱਟੇਬਾਜ਼ ਹਵਾਲਾ ਵਿਵਸਥਾ ਦਾ ਸਹਾਰਾ ਲੈਂਦੇ ਹਨ। ਹਵਾਲਾ ਸ਼ਬਦ ਅੱਜ ਦੁਨੀਆ ਭਰ ਵਿੱਚ ਕਾਲੇ ਬੱਜ਼ਾਰ ਵਜੋਂ ਪ੍ਰਚਲਤ ਹੈ। ਭਾਰਤੀ ਭਾਸ਼ਾਵਾਂ ਵਿਚ ਹਵਲਦਾਰ, ਹੌਲਦਾਰ ਸ਼ਬਦ ਵੀ ਪ੍ਰਸਿੱਧ ਹਨ। ਪੁਲਿਸ ਮਹਿਕਮੇ ਵਿੱਚ ਕਾਂਸਟੇਬਲ ਨੂੰ ਹੌਲਦਾਰ ਕਿਹਾ ਜਾਂਦਾ ਹੈ। ਪੁਰਾਣੇ ਸਮਿਆਂ ਵਿੱਚ ਹਵਲਦਾਰ, ਹਵਾਲਦਾਰ, ਹੌਲਦਾਰ ਅਸਲ ਵਿੱਚ ਸ਼ਾਸਨ ਵਲੋਂ ਕਰ ਵਸੂਲੀ ਕਰਨ ਵਾਲੇ ਕਾਰਿੰਦੇ ਵਜੋਂ ਤਾਇਨਾਤ ਕੀਤੇ ਜਾਂਦੇ ਸਨ। ਫੌਜ ਵਿੱਚ ਵੀ ਹੌਲਦਾਰ ਹੁੰਦੇ ਹਨ, ਜਿਨ੍ਹਾਂ ਦੇ ਸਪੁਰਦ ਇੱਕ ਛੋਟੀ ਟੁਕੜੀ ਹੁੰਦੀ ਹੈ। ਹਵਾਲਾ ਵਿਵਸਥਾ ਵਿੱਚ ਹੀ ਹਵਾਲਾਤ ਵਰਗਾ ਸ਼ਬਦ ਵੀ ਆਉਂਦਾ ਹੈ, ਜਿਸਦਾ ਅਰਥ ਹੈ- ਕਿਸੇ ਨੂੰ ਆਪਣੀਆਂ ਨਜ਼ਰਾਂ ਹੇਠ ਰੱਖਣਾ। ਇਸ ਵਿੱਚ ਕੈਦ ਦਾ ਭਾਵ ਵੀ ਹੈ। ਹਵਾਲਾਤ ਆਮ ਤੌਰ `ਤੇ ਥਾਣੇ ਦਾ ਹਿੱਸਾ ਹੁੰਦੀ ਹੈ, ਜਿੱਥੇ ਕੈਦੀ ਨੂੰ ਪਹਿਰੇ ਹੇਠ ਰੱਖਿਆ ਜਾਂਦਾ ਹੈ। ਉਸਨੂੰ ਹਵਾਲਾਤੀ ਕਹਿੰਦੇ ਹਨ।
ਹਾਲ ਹਵਾਲ ਦੀ ਸਕੀਰੀ ਅਰਬੀ ਦੀ ਪ੍ਰਸਿੱਧ ਉਕਤੀ- ‘ਲਾਹੌਲ ਵਿਲਾ ਕੁਵੱਤ’ ਨਾਲ ਵੀ ਹੈ। ਅੱਲ੍ਹਾ ਦੀ ਪ੍ਰਸ਼ੰਸਾ ਵਿਚ ਕਹੀ ਗਈ ਇਹ ਉਕਤੀ ਹਦੀਸ ਵਿੱਚ ਮਿਲਦੀ ਹੈ। ਅਰਬੀ ਵਿੱਚ ਇਹਦਾ ਪੂਰਾ ਵਾਕ ਹੈ- ‘ਲਾ ਹੌਲ ਵਾ ਲਾ ਕੁਵੱਤਾ ਇੱਲਾ ਬੀ ਅਲਾਹ।’ ਇਹਦਾ ਅਰਥ ਹੈ ਕਿ ਅੱਲਹ ਦੀ ਮਰਜ਼ੀ ਤੋਂ ਬਿਨਾ ਕੁਝ ਨਹੀਂ ਹੋ ਸਕਦਾ। ਨਾ ਕੋਈ ਚੀਜ਼ ਆਪਣੇ ਆਪ ਵਿੱਚ ਸਮਰੱਥਾਵਾਨ ਹੋ ਸਕਦੀ ਹੈ, ਨਾ ਉਹਦਾ ਰੂਪ ਬਦਲ ਸਕਦਾ ਹੈ। ਇੱਥੇ ‘ਲਾ ਹੌਲ’ ਦੀ ਸਕੀਰੀ ਹਾਲ, ਹਵਾਲਾ ਨਾਲ ਹੈ ਭਾਵ ਅੱਲਹ ਦੀ ਮਰਜ਼ੀ ਤੋਂ ਬਿਨਾ ਕੋਈ ਤਬਦੀਲੀ ਨਹੀਂ ਹੋ ਸਕਦੀ। ਹਾਲ ਸਾਧਨਾ ਦੀ ਉਚ ਅਵਸਥਾ ਹੈ। ਸੂਫੀਆਂ, ਸਾਧਕਾਂ ਨੂੰ ਅਕਸਰ ਹਾਲ ਪੈਂਦੇ ਹਨ। ਜਦੋਂ ਸੂਫ਼ੀ, ਸਾਧਕ ਆਪਣੇ ਆਪ ਨੂੰ ਉਸ ਪ੍ਰਭੂ ਨਾਲ ਜੋੜ ਲੈਂਦੇ ਹਨ ਤਾਂ ਉਹ ਹਾਲ ਦੀ ਅਵਸਥਾ ਵਿਚ ਪਹੁੰਚ ਜਾਂਦੇ ਹਨ। ਇਸ ਤਰ੍ਹਾਂ ਹਾਲ ਸ਼ਬਦ ਦੀ ਆਪਣੀ ਸੱਤਾ ਹੈ, ਜੋ ਸਦੀਆਂ ਤੋਂ ਕਾਇਮ ਹੈ।