ਪੰਜਾਬੀ ਪਰਵਾਜ਼ ਬਿਊਰੋ
ਲੋਕ ਤੱਥਾਂ ਦੀ ਪ੍ਰਵਾਹ ਕੀਤੇ ਬਿਨਾਂ ਆਪਣੇ-ਆਪ ਸੋਸ਼ਲ ਮੀਡੀਆ ਉੱਤੇ ਕੁਝ ਵੀ ਛਾਪ ਦਿੰਦੇ ਹਨ। ਵਿਦੇਸ਼ੀ ਮੂਲ ਦੀਆਂ ਵੈਬਸਾਈਟਾਂ ਵੱਲੋਂ ਵੀ ਸਰਗਰਮੀ ਨਾਲ ਗਲਤ ਜਾਣਕਾਰੀ ਫੈਲਾਉਣ ਦੇ ਸਬੂਤ ਹਨ। ਯੂ.ਕੇ. ਦੇ ਸੰਦਰਭ ਵਿੱਚ ਅਜਿਹੇ ਲੋਕ ਆਪੇ ਬਣੇ ਦੇਸ਼ ਭਗਤ ਸਮੂਹਾਂ ਨਾਲ ਜੁੜੇ ਹੋਣ ਦਾ ਦਾਅਵਾ ਕਰਦੇ ਹਨ। ਜਿਹੜੇ ਲੋਕ ਆਪਣੇ ਭਾਈਚਾਰਿਆਂ ਵਿੱਚ ਫੈਲ ਰਹੀ ਹਿੰਸਾ ਨੂੰ ਦੇਖ ਰਹੇ ਹਨ, ਉਨ੍ਹਾਂ ਲਈ ਇਹ ਵਾਕਈ ਚਿੰਤਾਜਨਕ ਸਮਾਂ ਹੈ।
ਪਰਵਾਸ ਵਿਰੋਧੀ ਮੁਜ਼ਾਹਰਿਆਂ ਅਤੇ ਹਿੰਸਾ ਤੋਂ ਬਾਅਦ ਨਸਲਵਾਦ ਵਿਰੋਧੀ ਮੁਜ਼ਾਹਰਾਕਾਰੀਆਂ ਵੱਲੋਂ ਸੜਕਾਂ ਉੱਤੇ ਆ ਕੇ ਭਾਈਚਾਰੇ ਦਾ ਸੰਦੇਸ਼ ਦਿੱਤਾ ਗਿਆ। ਨਸਲਵਾਦ ਵਿਰੋਧੀਆਂ ਨੇ ਆਪਣੇ ਮੁਜ਼ਾਹਰੇ ਦੇਸ ਭਰ ਵਿੱਚ ਜ਼ਿਆਦਾਤਰ ਉਨ੍ਹਾਂ ਥਾਵਾਂ ਉੱਤੇ ਕੀਤੇ, ਜਿੱਥੇ ਨਸਲਵਾਦੀਆਂ ਅਤੇ ਪਰਵਾਸ ਵਿਰੋਧੀਆਂ ਨੇ ਮੁਜ਼ਾਹਰੇ ਕਰਨੇ ਸਨ। ਇਹ ਮੁਜ਼ਾਹਰੇ ਬ੍ਰਿਸਟਲ, ਲੰਡਨ ਅਤੇ ਨਿਊ ਕਾਸਲ ਵਿੱਚ ਕੀਤੇ ਗਏ। ਇਹ ਮੁਜ਼ਾਹਰੇ ਜ਼ਿਆਦਾਤਰ ਸ਼ਾਂਤੀਪੂਰਨ ਸਨ ਅਤੇ ਲੋਕ ਨਾਅਰੇ ਲਾ ਰਹੇ ਸਨ ਕਿ ‘ਰਿਫਿਊਜੀਆਂ ਦਾ ਇੱਥੇ ਸਵਾਗਤ ਹੈ।’
ਹੋਰ ਹਿੰਸਾ ਦੀ ਸੰਭਾਵਨਾ ਦੇ ਮੱਦੇਨਜ਼ਰ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ ਅਤੇ ਉਮੀਦ ਜਤਾਈ ਗਈ ਕਿ ਅਜਿਹੇ ਮੁਜ਼ਾਹਰੇ ਜਾਰੀ ਰਹਿ ਸਕਦੇ ਹਨ। ਚੈਟ ਗਰੁੱਪਾਂ ਵਿੱਚ ਇਮੀਗ੍ਰੇਸ਼ਨ ਵਕੀਲਾਂ ਅਤੇ ਕੰਸਲਟੈਂਸੀ ਫਰਮਾਂ ਦੀ ਜਾਣਕਾਰੀ ਸਾਂਝੀ ਕੀਤੇ ਜਾਣ ਮਗਰੋਂ ਪਰਵਾਸੀ ਵਕੀਲਾਂ ਨੂੰ ਘਰੋਂ ਕੰਮ ਕਰਨ ਦੀ ਸਲਾਹ ਦਿੱਤੀ ਗਈ ਸੀ। ਇੰਗਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਦੁਕਾਨਾਂ ਦੀਆਂ ਖਿੜਕੀਆਂ ਢਕੀਆਂ ਹੋਈਆਂ ਸਨ ਅਤੇ ਹਿੰਸਾ ਫੈਲਣ ਦੇ ਡਰ ਦੇ ਚਲਦਿਆਂ ਦੁਕਾਨਾਂ ਆਮ ਨਾਲੋਂ ਜਲਦੀ ਬੰਦ ਹੋ ਗਈਆਂ ਸਨ।
ਯੂ.ਕੇ. ਦੀ ਹਿੰਸਾ ਪਿੱਛੇ ਕੀ ਕਾਰਨ ਹਨ? ਪੁਲਿਸ ਨੂੰ ਸਾਊਥਪੋਰਟ ਦੇ ਹਾਰਟ ਸਟਰੀਟ ਉੱਤੇ ਛੁਰੇਬਾਜ਼ੀ ਦੀ ਘਟਨਾ ਬਾਰੇ ਇਤਲਾਹ ਮਿਲੀ। ਪੁਲਿਸ ਇਹ ਦੇਖ ਕੇ ਹੈਰਾਨ ਸੀ ਕੀ ਕਈ ਜਣੇ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਸਨ, ਗੰਭੀਰ ਰੂਪ ਵਿੱਚ ਜ਼ਖਮੀ ਪਏ ਸਨ। ਸ਼ੁਰੂ ਵਿੱਚ ਪੁਲਿਸ ਦਾ ਮੰਨਣਾ ਸੀ ਕਿ ਬੱਚੇ ਇੱਕ ਡਾਂਸ ਸਕੂਲ ਦੇ ਫੰਕਸ਼ਨ ਵਿੱਚ ਹਿੱਸਾ ਲੈ ਰਹੇ ਸਨ, ਜਦੋਂ ਇੱਕ ਛੁਰਾਧਾਰੀ ਵਿਅਕਤੀ ਇਮਾਰਤ ਵਿੱਚ ਆਣ ਵੜਿਆ ਅਤੇ ਉਸ ਨੇ ਹਾਜ਼ਰੀਨ ਉੱਤੇ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਇਸ ਦੌਰਾਨ ਦੋ ਬਾਲਗ ਬਹਾਦਰੀ ਨਾਲ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਸਨ। ਛੇ ਸਾਲਾ ਬੱਚੀ ਬੇਬੇ ਕਿੰਗ ਅਤੇ ਸੱਤ ਸਾਲਾ ਐਲਸੀ ਡੌਟ ਸਟੈਂਕੋਂਬ ਦੀ ਜਾਨ ਚਲੀ ਗਈ। ਐਲਿਸ ਡਸਿਲਵਾ ਅਗੁਈਅਰ (9) ਦੀ ਹਸਪਤਾਲ ਵਿੱਚ ਜ਼ਖਮਾਂ ਦੀ ਤਾਬ ਨਾ ਸਹਾਰਦੇ ਹੋਏ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਾਰ ਗਈ। ਇਸ ਤੋਂ ਇਲਾਵਾ ਅੱਠ ਹੋਰ ਜ਼ਖਮੀ ਸਨ, ਜਦਕਿ ਪੰਜ ਗੰਭੀਰ ਜ਼ਖਮੀ ਸਨ। ਨੌਰਥ ਵੈਸਟ ਐਂਬੂਲੈਂਸ ਸੇਵਾ ਨੇ ਕਿਹਾ ਕਿ ਉਨ੍ਹਾਂ ਨੇ ਛੁਰੇਬਾਜ਼ੀ ਕਾਰਨ ਜ਼ਖਮੀ ਹੋਏ 11 ਜਣਿਆਂ ਦਾ ਇਲਾਜ ਕੀਤਾ ਸੀ।
ਘਟਨਾ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਤੇ ਅਫ਼ਵਾਹਾਂ ਦਾ ਬਜ਼ਾਰ ਗਰਮ ਹੋ ਗਿਆ ਅਤੇ ਉਸ ਤੋਂ ਬਾਅਦ ਪੂਰੇ ਦੇਸ ਵਿੱਚ ਹਿੰਸਾ ਦਾ ਦੌਰ ਚੱਲ ਪਿਆ। ਜਦੋਂ ਸਾਊਥਪੋਰਟ ਟਾਊਨ ਵਿੱਚ ਅਜੇ ਜਾਨੀ ਨੁਕਸਾਨ ਦਾ ਸੋਗ ਹੀ ਮਨਾਇਆ ਜਾ ਰਿਹਾ ਸੀ, ਧੁਰ ਸੱਜੇ ਪੱਖੀਆਂ ਨੇ ਇਸ ਦੀ ਆੜ ਵਿੱਚ ਗੈਰ-ਗੋਰੇ ਭਾਈਚਾਰਿਆਂ ਨੂੰ ਭੜਕਾਉਣ ਅਤੇ ਆਪਣੀ ਵਿਚਾਰਧਾਰਾ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਦੇਖਦੇ ਹੀ ਦੇਖਦੇ ਸ਼ਹਿਰ ਵਿੱਚ ਹਿੰਸਾ ਅਤੇ ਤੋੜ-ਭੰਨ ਫੈਲ ਗਈ। ਇੱਟਾਂ-ਰੋੜੇ, ਸਮੋਕ ਬੰਬ ਵਗੈਰਾ ਪੁਲਿਸ ਵੱਲ ਸੁੱਟੇ ਜਾਣ ਲੱਗੇ। ਹੋਟਲਾਂ ਅਤੇ ਹੋਰ ਥਾਵਾਂ ਉੱਤੇ ਰਹਿ ਰਹੇ ਸ਼ਰਨਾਰਥੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਇਹ ਹਿੰਸਾ ਦੇਸ ਦੇ ਹੋਰ ਹਿੱਸਿਆਂ- ਹੱਲ, ਲਿਵਰਪੂਲ, ਮੈਨਚੈਸਟਰ, ਬਲੈਕਪੂਲ ਅਤੇ ਬੇਲਫਾਸਟ ਵਿੱਚ ਵੀ ਫੈਲ ਗਈ। ਬ੍ਰਿਟੇਨ ਵਿੱਚ ਵਿਗੜਦੀ ਅਮਨ-ਕਾਨੂੰਨ ਦੀ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਕੀਰ ਸਾਟਰਮਰ ਨੇ ਇਸ ਨੂੰ ‘ਧੁਰ-ਸੱਜੇ ਪੱਖੀਆਂ ਦੀ ਠੱਗੀ’ ਕਰਾਰ ਦਿੱਤਾ ਹੈ ਅਤੇ ਕਿਹਾ ਹੈ, ‘ਇਸ ਕੰਮ ਕਰਨ ਦਾ ਕੋਈ ਤਰਕ ਨਹੀਂ ਹੈ।’
ਛੁਰੇਬਾਜ਼ੀ ਦੀ ਖ਼ਬਰ ਸਾਹਮਣੇ ਆਉਣ ਦੇ ਨਾਲ ਹੀ ਸੋਸ਼ਲ ਮੀਡੀਆ ਉੱਤੇ ਹਮਲਾਵਰ ਦੀ ਪਛਾਣ ਬਾਰੇ ਗ਼ਲਤ ਜਾਣਕਾਰੀ ਜੰਗਲ ਦੀ ਅੱਗ ਵਾਂਗ ਫੈਲ ਗਈ। ਹਮਲਾਵਰ ਦੀ ਉਮਰ ਕਾਰਨ ਪੁਲਿਸ ਨੇ ਜ਼ਿਆਦਾ ਕੁਝ ਨਹੀਂ ਦੱਸਿਆ। ਸਿਰਫ਼ ਇੰਨਾ ਹੀ ਕਿਹਾ ਕਿ ਇੱਕ 17 ਸਾਲ ਦੇ ਮੁੰਡੇ ਨੂੰ ਮੁਲਜ਼ਮ ਬਣਾਇਆ ਗਿਆ ਹੈ ਅਤੇ ਲੋਕਾਂ ਨੂੰ ਕਿਆਸਅਰਾਈਆਂ ਤੋਂ ਬਚਣ ਦੀ ਅਪੀਲ ਕੀਤੀ; ਪਰ ਧੁਰ-ਸੱਜੇਪੱਖੀ ਇਨਫਲੂਐਂਸਰਾਂ ਨੇ ਅਫਵਾਹ ਫੈਲਾਅ ਦਿੱਤੀ ਕਿ ਹਮਲਾਵਰ ਇੱਕ ਮੁਸਲਮਾਨ ਸ਼ਰਨਾਰਥੀ ਸੀ, ਜੋ ਕਿਸ਼ਤੀ ਰਾਹੀਂ ਬ੍ਰਿਟੇਨ ਪਹੁੰਚਿਆ ਸੀ। ਇਨ੍ਹਾਂ ਅਫਵਾਹਾਂ ਕਾਰਨ ਹਿੰਸਾ ਦੀ ਅੱਗ ਨੂੰ ਹੋਰ ਹਵਾ ਮਿਲੀ। ਸੋਸ਼ਲ ਮੀਡੀਆ ਰਾਹੀਂ ਕੀਤੇ ਜਾ ਰਹੇ ਝੂਠ ਜਲਦੀ ਹੀ ਉਨ੍ਹਾਂ ਲੋਕਾਂ ਕੋਲ ਵੀ ਪਹੁੰਚ ਗਏ, ਜਿਨ੍ਹਾਂ ਦਾ ਧੁਰ-ਸੱਜੇ ਪੱਖੀਆਂ ਨਾਲ ਕੋਈ ਸੰਬੰਧ ਵੀ ਨਹੀਂ ਸੀ। ਹੋਪ-ਨੌਟ-ਹੇਟ ਵਿੱਚ ਕੱਟੜਵਾਦ-ਵਿਰੋਧੀ ਖੋਜ ਦੇ ਮੁਖੀ ਜੋਏ ਮੁਹੱਲ ਨੇ ਕਿਹਾ, ‘ਹਿੰਸਾ ਦੇ ਪਿੱਛੇ ਕੋਈ ਇੱਕ ਸ਼ਕਤੀ ਨਹੀਂ ਹੈ। ਇਹ ਮੌਜੂਦਾ ਧੁਰ-ਸੱਜੇਪੱਖ ਦੇ ਸੁਭਾਅ ਨੂੰ ਦਰਸਾਉਂਦਾ ਹੈ। ਬਹੁਤ ਸਾਰੇ ਲੋਕ ਆਨ ਲਾਈਨ ਸਰਗਰਮ ਰਹਿੰਦੇ ਹਨ। ਕੋਈ ਸਪਸ਼ਟ ਢਾਂਚਾ ਜਾਂ ਬੈਚ ਨਹੀਂ ਹੈ। ਕੋਈ ਰਸਮੀ ਆਗੂ ਵੀ ਨਹੀਂ ਹਨ, ਸਗੋਂ ਸੋਸ਼ਲ ਮੀਡੀਆ ਇਨਫਲੂਐਂਸਰ ਆਮ ਲੋਕਾਂ ਨੂੰ ਹਦਾਇਤਾਂ ਦੇ ਰਹੇ ਹਨ।’
ਦੰਗਿਆਂ ਦਾ ਇੱਕ ਹੋਰ ਕਾਰਨ ਨਸਲਵਾਦ ਅਤੇ ਪਰਵਾਸ ਵੀ ਮੰਨਿਆ ਜਾ ਰਿਹਾ ਹੈ। ਜੁਲਾਈ ਵਿੱਚ ਹੋਈਆਂ ਯੂ.ਕੇ. ਦੀਆਂ ਆਮ ਚੋਣਾਂ ਨੇ ਹੋਰ ਮੁੱਦਿਆਂ ਦੇ ਨਾਲ ਛੋਟੀਆਂ-ਛੋਟੀਆਂ ਕਿਸ਼ਤੀਆਂ ਜ਼ਰੀਏ ਬ੍ਰਿਟੇਨ ਪਹੁੰਚ ਰਹੇ ਸ਼ਰਨਾਰਥੀਆਂ ਦੇ ਮਸਲੇ ਨੇ ਵੀ ਧਿਆਨ ਖਿੱਚਿਆ। ਬ੍ਰਿਟੇਨ ਦੇ ਬ੍ਰੈਗਜ਼ਿਟ ਅਭਿਆਨ ਦੇ ਚਰਚਿਤ ਚਿਹਰੇ ਨੀਗੇਲ ਫਰਾਗੇ ਵੀ ਇੱਕ ਸਿਆਸੀ ਪਾਰਟੀ ਰਿਫਾਰਮ ਯੂ.ਕੇ. ਦੇ ਮੁਖੀ ਵਜੋਂ ਸਿਆਸਤ ਵਿੱਚ ਵਾਪਸੀ ਕਰ ਰਹੇ ਹਨ, ਜਿਸ ਨੇ ‘ਗੈਰ ਜ਼ਰੂਰੀ’ ਪਰਵਾਸ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਹਿੰਸਾ ਬਾਰੇ ਉਨ੍ਹਾਂ ਨੇ ਦਾਅਵਾ ਕੀਤਾ, “ਸਾਡੀ ਵਸੋਂ ਦਾ ਵੱਡਾ ਹਿੱਸਾ ਬੇਰੋਕ ਅਤੇ ਵੱਡੀ ਗਿਣਤੀ ਵਿੱਚ ਹੋ ਰਹੇ ਪਰਵਾਸ ਕਾਰਨ ਸਾਡੇ ਭਾਈਚਾਰਿਆਂ ਨੂੰ ਪਹੁੰਚ ਰਹੇ ਨੁਕਸਾਨ ਨੂੰ ਦੇਖ ਸਕਦੇ ਹਨ।”
ਬ੍ਰਿਟੇਨ ਵਿੱਚ ਵਧ ਰਿਹਾ ਪਰਵਾਸ- ਭਾਵੇਂ ਉਹ ਕਾਨੂੰਨੀ ਹੋਵੇ ਜਾਂ ਗੈਰ-ਕਾਨੂੰਨੀ, ਚਿੰਤਾ ਦਾ ਵਿਸ਼ਾ ਹੈ। ਫਰਵਰੀ ਵਿੱਚ ਹੋਏ ਇੱਕ ਸਰਵੇਖਣ ਮੁਤਾਬਕ 52 ਫੀਸਦੀ ਲੋਕਾਂ ਦੀ ਰਾਇ ਸੀ ਕਿ ਪਰਵਾਸ ਦੇ ਮੌਜੂਦਾ ਪੱਧਰ ਬਹੁਤ ਜ਼ਿਆਦਾ ਹਨ। ਦੋ ਸਾਲ ਪਹਿਲਾਂ ਸਿਰਫ਼ 42 ਫੀਸਦੀ ਲੋਕਾਂ ਦੀ ਇਹ ਰਾਇ ਸੀ। ਭਾਵੇਂ ਕਿ 2022 ਦੇ ਮੁਕਾਬਲੇ ਇਹ ਅੰਤਰ ਘਟਿਆ ਹੈ, ਪਰ ਸਰਵੇਖਣ ਮੁਤਾਬਕ ਲੋਕ ਆਮ ਤੌਰ ਉੱਤੇ ਪਰਵਾਸ ਦੇ ਪ੍ਰਭਾਵਾਂ ਨੂੰ ਲੈ ਕੇ ਹਾਂਮੁਖੀ ਰੁਝਾਨ ਰੱਖਦੇ ਹਨ। ਪੈਟਰਿਓਟਿਕ ਅਲਟਰਨੇਟਿਵ ਵਰਗੇ ਦੂਜੇ ਸਮੂਹਾਂ ਨੇ, ਜਿਨ੍ਹਾਂ ਨੇ ਪਰਵਾਸ ਵਿਰੋਧੀ ਮੁਜ਼ਾਹਰੇ ਕੀਤੇ ਸਨ ਅਤੇ ਹਿੰਸਾ ਨੂੰ ਹੱਲਾਸ਼ੇਰੀ ਦਿੱਤੀ ਸੀ, ਇਸ ਵਿਚਾਰ ਨਾਲ ਸਹਿਮਤ ਨਹੀਂ ਹਨ। ਧੁਰ ਸੱਜੇ ਪੱਖੀਆਂ ਦੀ ਮੰਗ ਹੈ ਕਿ ਪਰਵਾਸੀਆਂ ਨੂੰ ਵੱਡੇ ਪੱਧਰ ਉੱਤੇ ਡਿਪੋਰਟ ਕੀਤਾ ਜਾਵੇ।
ਇਸੇ ਦੌਰਾਨ ਪੂਰੇ ਇੰਗਲੈਂਡ ਵਿੱਚ ਹੀ ਮਸਜਿਦਾਂ ਨੂੰ ਨਸਲਵਾਦੀ ਹਮਲਿਆਂ ਦਾ ਨਿਸ਼ਾਨਾ ਬਣਾਇਆ ਗਿਆ ਹੈ, ਜਿਸ ਕਾਰਨ ਇਨ੍ਹਾਂ ਥਾਵਾਂ ਉੱਥੇ ਪੁਲਿਸ ਦੀ ਤਾਇਨਾਤੀ ਵਧਾ ਦਿੱਤੀ ਗਈ। ਪਰਵਾਸ ਵਿਰੋਧੀ ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਹੋਟਲਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿੱਥੇ ਸ਼ਰਨਾਰਥੀ ਰੁਕੇ ਹੋਏ ਸਨ।
ਬ੍ਰਿਟੇਨ ਵਿੱਚ ਅਮਨ ਕਾਨੂੰਨ ਦੀ ਸਥਿਤੀ: ਅਪਰਾਧ ਦੀਆਂ ਹਰ ਰੋਜ਼ ਆਉਂਦੀਆਂ ਡਰਾਉਣੀਆਂ ਕਹਾਣੀਆਂ ਦੇ ਮੱਦੇਨਜ਼ਰ ਦੇਸ ਵਿੱਚ ਅਮਨ ਕਾਨੂੰਨ ਦੀ ਸਥਿਤੀ ਵਿਗੜ ਰਹੀ ਹੈ ਅਤੇ ਇਹ ਹੋਰ ਖ਼ਤਰਨਾਕ ਹੁੰਦਾ ਜਾ ਰਿਹਾ ਹੈ। ਪਰ ਕਰਾਈਮ ਸਰਵੇ ਆਫ਼ ਇੰਗਲੈਂਡ ਮੁਤਾਬਕ ਜੇ ਅਪਰਾਧ ਬਾਰੇ ਲੋਕਾਂ ਦੀ ਰਾਏ ਲਈ ਜਾਵੇ ਤਾਂ ਉਹ ਇਸ ਤੋਂ ਉਲਟ ਹੈ। ਸੰਡਰਲੈਂਡ ਵਿੱਚ ਇਦਾਂ ਲੱਗਿਆ ਜਿਵੇਂ ਬਹੁਤ ਥੋੜ੍ਹੇ ਲੋਕਾਂ ਨੇ ਤਣਾਅ ਨੂੰ ਉਸ ਸਰਕਾਰ ਪ੍ਰਤੀ ਆਪਣਾ ਗੁੱਸਾ ਦਿਖਾਉਣ ਦੇ ਜ਼ਰੀਏ ਵਜੋਂ ਦੇਖਿਆ ਹੈ, ਜੋ ਉਨ੍ਹਾਂ ਮੁਤਾਬਕ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰਦੀ ਹੈ।
ਦੂਜਿਆਂ ਲਈ ਇਹ ਕੁਦਰਤੀ ਨਹੀਂ ਹੈ। ਸਮੱਸਿਆ ਦੀ ਸ਼ੁਰੂਆਤ ਤੋਂ ਪਹਿਲਾਂ ਸ਼ਹਿਰ ਦੇ ਕੇਂਦਰ ਵਿੱਚ ਗਲਾਸਗੋ, ਸਕਾਟਲੈਂਡ ਤੋਂ ਆ ਕੇ ਇੱਕ ਰੇਲ ਗੱਡੀ ਰੁਕੀ, ਉਸ ਵਿੱਚ ਬ੍ਰਿਟੇਨ ਦੇ ਕੌਮੀ ਝੰਡਿਆਂ ਵਿੱਚ ਲਿਪਟੇ ਲੋਕ ਸਨ। ਸਟੇਸ਼ਨ ਦੇ ਬਾਹਰ ਉਨ੍ਹਾਂ ਲੋਕਾਂ ਦਾ ਸਵਾਗਤ ਦੱਖਣੀ ਲਹਿਜ਼ੇ ਵਾਲੇ ਲੋਕਾਂ ਦੀ ਭੀੜ ਨੇ ਕੀਤਾ। ਕੁਝ ਲੋਕ ਇੰਗਲਿਸ਼ ਡਿਫੈਂਸ ਲੀਗ ਨਾਲ ਸੰਬੰਧਿਤ ਸਨ। ਧੁਰ-ਸੱਜੇ ਪੱਖੀਆਂ ਵੱਲੋਂ ਬ੍ਰਿਟੇਨ ਵਿੱਚ ਫੈਲਾਈ ਗਈ ਗੁੰਡਾਗਰਦੀ ਬ੍ਰਿਟੇਨ ਦੇ ਮੂਡ ਦੀ ਤਰਜਮਾਨੀ ਕਰਦੀ ਹੈ, ਕੁਤਾਹੀ ਹੋਵੇਗੀ।