‘ਗਰਲਜ਼ ਹੋਸਟਲ’: ਆਜ਼ਾਦ ਔਰਤ ਮਨ ਦੀ ਕਾਮਨਾ

ਸਾਹਿਤਕ ਤੰਦਾਂ

ਪਰਮਜੀਤ ਸੋਹਲ (ਡਾ.)
ਮਨਦੀਪ ਔਲਖ ਦੀ ਕਵਿਤਾ ਸਾਦੇ ਸ਼ਬਦਾਂ ’ਚ ਗਹਿਰੇ ਦੁੱਖਾਂ ਦੀ ਚਿੱਤਰਕਾਰੀ ਹੈ। ਉਸਦੀ ਕਵਿਤਾ ਵਿੱਚ ਕਿਤੇ ਵੀ ਸੰਚਾਰ ਦੀ ਸਮੱਸਿਆ ਨਜ਼ਰ ਨਹੀਂ ਹੁੰਦੀ। ਸਾਡੇ ਆਲੇ-ਦੁਆਲੇ ਨਾਲ ਖਹਿ ਕੇ ਚਲਦੀ ਇਹ ਕਵਿਤਾ ਵਾਧੂ ਬਿੰਬਾਂ, ਪ੍ਰਤੀਕਾਂ, ਅਲੰਕਾਰਾਂ ਦੇ ਲਿਬਾਸ ਨਹੀਂ ਪਹਿਨਦੀ, ਸਗੋਂ ਬਚਪਨ ਦੀਆਂ ਗ਼ੁਲਾਬੀ ਫੁੱਲਾਂ ਵਾਲੀਆਂ ਚੱਪਲਾਂ ਪੈਰੀਂ ਪਾ ਕੇ ਤੁਰਨਾ ਪਸੰਦ ਕਰਦੀ ਹੈ। ਉਸਦੀ ਤੋਰ ਵਿੱਚ ਸਵੈਮਾਣ ਹੈ, ਆਜ਼ਾਦ ਪੌਣਾਂ ਜਿਹੀ ਫ਼ਿਤਰਤ ਹੈ ਤੇ ਪਹਾੜੀ ਪਗਡੰਡੀਆਂ ’ਤੇ ਇਕੱਲਿਆਂ ਤੁਰਨ ਦੀ ਖਰਮਸਤੀ ਭਰੀ ਚਾਹਤ ਹੈ। ਆਪਣੀ ਜ਼ਿੰਦਗੀ ਦੇ ਸਫ਼ਰ ’ਤੇ ਉਹ ਕਿਸੇ ਦੂਜੇ ਦਾ ਦਖ਼ਲ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ। ਉਸਦੀ ਸਮਾਜ ਦੇ ਠੋਸੇ ਹਰ ਭਾਰ, ਫ਼ਤਵੇ ਤੇ ਸੰਸਕਾਰ ਤੋਂ ਮੁਕਤ ਹੋ ਕੇ ਵਿਚਰਨ ਦੀ ਅਕਾਂਖ਼ਸ਼ਾ ਹੈ। ਉਹਦੇ ਅੰਦਰ ਪਹਾੜੀ ਦੇਵਦਾਰਾਂ ਨਾਲ ਗੁਫ਼ਤਗੂ ਕਰਨ ਦੀ ਕਾਮਨਾ ਹੈ।

ਮੈਂ ਮਨਦੀਪ ਔਲਖ ਦੇ ਕਾਵਿ-ਸੰਗ੍ਰਹਿ ‘ਗਰਲਜ਼ ਹੋਸਟਲ’ ਦਾ ਕਿਸੇ ਆਲੋਚਨਾ ਦ੍ਰਿਸ਼ਟੀ ਅਨੁਸਾਰ ਨਹੀਂ ਬਲਕਿ ਪਾਠਕ ਵਜੋਂ ਪਾਠਗਤ ਅਧਿਅਨ ਕੀਤਾ ਹੈ। ਸਮਕਾਲੀ ਕਾਵਿ ਵਿੱਚ ਮਨਦੀਪ ਔਲਖ ਦੀ ਇਹ ਸੁਰ ਵਿਲੱਖਣ ਹੈ ਤੇ ਗੌਲਣਯੋਗ ਵੀ।
ਮਨਦੀਪ ‘ਗਰਲਜ਼ ਹੋਸਟਲ’ ਕਿਤਾਬੀ ਸਿਰਲੇਖ ਵਾਲੀ ਪਹਿਲੀ ਕਵਿਤਾ ਵਿੱਚ ਹੀ ਮਰਿਆਦਾਵਾਂ ਦੀ ਸਮਾਜਿਕ ਕੈਦ ਤੋਂ ਆਜ਼ਾਦ ਹੋਣ ਦਾ ਐਲਾਨ ਕਰਦੀ ਹੈ। ਹੋਸਟਲਾਂ ਵਿੱਚ ਰਹਿੰਦੀਆਂ ਕੁੜੀਆਂ ਦੇ ਅੰਗ ਬਸਤਰਾਂ ਨੂੰ ਬੇਝਿਜਕ ਵਰਾਂਡੇ ਦੀ ਤਾਰ ’ਤੇ ਸੁਕਣੇ ਪਿਆਂ ਦਰਸਾ ਕੇ ਤੇ ਕੰਟੀਨ ਵੱਲ ਜਾਂਦੀਆਂ ਕੁੜੀਆਂ ਦਾ ਬੇਬਾਕ ਹਾਸਾ ਦਿਖਾ/ਦਰਸਾ ਕੇ ਉਹ ਇੱਕ ਕਿਸਮ ਦੀ ਆਜ਼ਾਦੀ ਦਾ ਸੰਕਲਪ ਸੁਝਾ ਦਿੰਦੀ ਹੈ। ਇਸ ਕਵਿਤਾ ਵਿੱਚ ਉਦੋਂ ਹੋਰ ਵਿਸਤਾਰ ਸ਼ਾਮਿਲ ਹੁੰਦਾ ਹੈ, ਜਦੋਂ ਕੁੜੀਆਂ ਲਾਅਨ ਵਿੱਚ ਬੈਠੀਆਂ ਇੱਕ-ਦੂਜੀ ਨਾਲ ਛੇੜ-ਛਾੜ ਕਰਦੀਆਂ ਵਰਜਿਤ ਗੱਲਾਂ ਵੀ ਬੇਬਾਕੀ ਨਾਲ ਸਾਂਝੀਆਂ ਕਰਦੀਆਂ ਹਨ। ਸਮਾਜਿਕ, ਨੈਤਿਕ ਬੰਦਿਸ਼ਾਂ ਤੋਂ ‘ਗਰਲਜ਼ ਹੋਸਟਲ’ ਦੀਆਂ ਸੀਮਾਵਾਂ ਉਨ੍ਹਾਂ ਨੂੰ ਇਹ ਆਜ਼ਾਦੀ ਪ੍ਰਦਾਨ ਕਰਦੀਆਂ ਹਨ। ਉਥੇ ਨਾ ਘਰਾਂ, ਮੁਹੱਲਿਆਂ ਤੇ ਸ਼ਹਿਰ ਦੀਆਂ ਸ਼ਾਲੀਨਤਾਵਾਂ ਦੀਆਂ ਮਸਨੂਈ ਰਵਾਇਤਾਂ ਹਨ ਤੇ ਨਾ ਦੇਸ਼ ਦੀ ਸ਼ਾਂਤੀ ਤੇ ਕਾਨੂੰਨ ਦੀਆਂ ਕੋਈ ਹੱਦਬੰਦੀਆਂ। ਹੋਸਟਲ ਵਿੱਚ ਪੂਰੀ ਤਰ੍ਹਾਂ ਤਨ ਢਕ ਕੇ ਰੱਖਣ ਦੇ ਵਿਪਰੀਤ ਨਿੱਕਰਾਂ ਤੇ ਟੀ-ਸ਼ਰਟਾਂ ਪਹਿਨ ਖੁੱਲ੍ਹਾ ਵਿਚਰਨਾ ਉਨ੍ਹਾਂ ਦੀ ਰੁਟੀਨ ਦਾ ਹਿੱਸਾ ਹੁੰਦਾ ਹੈ। ਕਵਿਤਾ ’ਚ ਅਗਲਾ ਮੋੜ ਉਦੋਂ ਆਉਂਦਾ ਹੈ, ਜਦੋਂ ਹੋਸਟਲ ਵਿੱਚ ਦਾਖ਼ਲ ਹੋਈਆਂ ਨਵੀਆਂ ਕੁੜੀਆਂ ਉਦਾਸੀ ਵਿੱਚ ਵਿਚਰਦੀਆਂ ਕੰਟੀਨ ਦੇ ਬੇਸਵਾਦੇ ਖਾਣੇ ਦੀ ਸ਼ਿਕਾਇਤ ਕਰਦੀਆਂ ਹਨ, ਪਰ ਉਨ੍ਹਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਜਦੋਂ ਉਹ ਹੋਸਟਲ ਦੀ ਜ਼ਿੰਦਗੀ ਛੱਡ ਕੇ ਕਬੀਲਦਾਰੀ ’ਚ ਪੈਣਗੀਆਂ ਤਾਂ ਅਜਿਹੀ ਸ਼ਿਕਾਇਤ ਹੀ ਉਨ੍ਹਾਂ ਨੂੰ ਉਮਰ ਭਰ ਝੱਲਣੀ ਪਵੇਗੀ। ਉਨ੍ਹਾਂ ਦੀ ਅਗਲੇਰੀ ਆਉਣ ਵਾਲੀ ਜ਼ਿੰਦਗੀ ਉਦਾਸ ਔਰਤਾਂ ਵਾਲੀ ਜ਼ਿੰਦਗੀ ਬਣ ਕੇ ਰਹਿ ਜਾਵੇਗੀ। ਨਜ਼ਮ ਦੀਆਂ ਅਖ਼ੀਰਲੀਆਂ ਸਤਰਾਂ ਵਿੱਚ ਮਨਦੀਪ ਇੱਕ ਦ੍ਰਿਸ਼-ਚਿੱਤਰ ਪੇਸ਼ ਕਰਦੀ ਹੈ, ਜਿੱਥੇ ਅਮੀਰ ਘਰ ਵਿਆਹੀ ਗਈ ਔਰਤ ਅੱਧੀ ਰਾਤੀਂ ਸੁੱਤੇ ਪਏ ਮਰਦ ਦੇ ਘੁਰਾੜੇ ਸੁਣਦੀ ਉਨੀਂਦਰੀ ਬਹਿ ਕੇ ਅੱਖਾਂ ’ਚ ਸਿੰਮ ਆਏ ਹੰਝੂਆਂ ਵਿੱਚ ‘ਗਰਲਜ਼ ਹੋਸਟਲ’ ਨੂੰ ਧੜਕਦਾ ਮਹਿਸੂਸ ਕਰਦੀ ਹੈ। ਹੋਸਟਲ ਦੀ ਰੋਮਾਂਟਿਕ ਜ਼ਿੰਦਗੀ ਨਾਲੋਂ ਅਸਲ ਜ਼ਿੰਦਗੀ ਦੀ ਕੌੜੀ ਸੱਚਾਈ ਹੋਰ ਹੁੰਦੀ ਹੈ। ਮਨਦੀਪ ਦਾ ਦੋਹਾਂ ਜ਼ਿੰਦਗੀਆਂ ਨੂੰ ਸਥਿਤੀਆਂ ਦੇ ਸਨਮੁਖ ਖਲਿ੍ਹਆਰ ਕੇ ਔਰਤ ਦੀ ਛਟਪਟਾਹਟ ਨੂੰ ਜ਼ੁਬਾਨ ਦੇਣ ਦਾ ਅੰਦਾਜ਼ ਪੜ੍ਹ/ਵਾਚ ਕੇ ਰਵਿੰਦਰ ਭੱਠਲ ਦੀ ‘ਸਿਲੇਬਸ ਤੋਂ ਬਾਹਰਲੀਆਂ ਗੱਲਾਂ’ ਨਾਮੀ ਕਵਿਤਾ ਚੇਤਿਆਂ ਵਿੱਚ ਤੈਰਨ ਲੱਗਦੀ ਹੈ।
‘ਟੁੱਟੀ ਲੱਤ ਤੇ ਅਸ਼ਵਮੇਧ’ ਨਜ਼ਮ ਭਾਰਤੀ ਮਿਥਿਹਾਸ ਦੇ ਹਵਾਲੇ ਨਾਲ ਰਾਜਨੀਤਕ ਚੇਤਨਾ ਉਭਾਰਦੀ ਹੈ। ਲੋਕਤੰਤਰ ਦੇ ਨਾਂ ’ਤੇ ਸੱਤਾਧਾਰੀ ਹਕੂਮਤ ਪੁਲਿਸ ਬਲ ਦਾ ਪ੍ਰਯੋਗ ਕਰਕੇ ਖੱਬੇ ਪੱਖੀ ਧਿਰ ਦੇ ਇਨਕਲਾਬ ਦੀ ਗੱਲ ਕਰਨ ਨੂੰ ਰੋਕਣ ਲਈ ਲੋਕਾਂ ’ਤੇ ਅਤਿਆਚਾਰ ਕਰਦੀ ਹੈ। ਸ਼ਿਖਾ ਸਿਨਹਾ, ਦਿਵਾਂਕਰ ਚਤੁਰਵੇਦੀ ਤੇ ਗੋਪਾਲ ਵਰਗੇ ਆਗੂਆਂ ਨੂੰ ਕਿਵੇਂ ਕ੍ਰਮਵਾਰ ਨੇਪਾਲ ਦੇ ਬਾਰਡਰ ਲਾਗਲੇ ਪਿੰਡ ਹਾਵੜਾ ਦੀਆਂ ਬੱਤੀਆਂ ਤੇ ਸਤਨਾ ਦੇ ਪਿੰਡ ਕੋਲ ਵਹਿੰਦੀ ਗੋਦਾਵਰੀ ਦੇ ਪਾਣੀ ਦੀ ਯਾਦ ਆ ਜਾਂਦੀ ਹੈ। ਇਨ੍ਹਾਂ ਲੋਕ ਧਿਰ ਦੇ ਨਾਇਕਾਂ ’ਤੇ ਹੋ ਰਹੇ ਜ਼ੁਲਮ ਦਾ ਮਾਰਮਿਕ ਬਿਆਨ ਤੇ ਇਨਕਲਾਬ ਦੀ ਇਬਾਰਤ ਦਰਸਾਉਂਦੇ ਬੋਲ ਉਸ ਵੇਲੇ ਹੋਰ ਮੁਖਰ ਹੋ ਜਾਂਦੇ ਹਨ, ਜਦੋਂ ਨਜ਼ਮ ਵਿੱਚ ਸਿਖਰ ’ਤੇ ਅਸ਼ਵਮੇਧ ਯੱਗ ਦੇ ਘੋੜੇ ਦੇ ਠਿਠਕ ਜਾਣ ਦਾ ਜ਼ਿਕਰ ਆਉਂਦਾ ਹੈ। ਇਨਕਲਾਬੀ ਧਿਰ ਦੀ ਦੁਰਦਸ਼ਾ ਨੂੰ ਉਘਾੜਦੀ ਹੋਈ ਇਹ ਕਵਿਤਾ ਕਵਿਤਰੀ ਦੀ ਖੱਬੇ ਧਿਰ ਨਾਲ ਸਹਾਨਭੂਤੀ ਦੀ ਸ਼ਾਹਦੀ ਭਰਦੀ ਹੈ। ਪਾਠਕ ਦੇ ਜ਼ਿਹਨ ਵਿੱਚ ਅਸ਼ਵਮੇਧ ਦੇ ਘੋੜੇ ਦੇ ਠਿਠਕਣ ਦਾ ਬਿੰਬ ਠਹਿਰ ਜਾਂਦਾ ਹੈ। ਇੰਜ ਇਹ ਕਵਿਤਾ ਮਨਦੀਪ ਦੀ ਰਾਜਸੀ ਚੇਤਨਾ ਦਾ ਹਾਸਿਲ ਬਣ ਜਾਂਦੀ ਹੈ।
‘ਪਹਾੜੀ ਬੱਚਾ, 1, 2, 3 ਨਾਂ ਹੇਠ ਦਰਜ਼ ਨਜ਼ਮਾਂ ਹਨ। ਪਹਿਲੀ ਨਜ਼ਮ ਵਿੱਚ ਬੱਚੇ ਦੇ ਮਨ ’ਤੇ ਨਾਨੀ ਕੋਲੋਂ ਸੁਣੀਆਂ ਬਾਤਾਂ ਵਿੱਚ ਡਰਾਉਣੇ ਚੀਤਿਆਂ ਦੀਆਂ ਆਵਾਜ਼ਾਂ ਦੀ ਅਮਿੱਟ ਛਾਪ ਹੈ। ਦੂਜੀ ਵਿੱਚ ਪੱਥਰ ਦੀਆਂ ਸਲੇਟਾਂ ਵਾਲੇ ਪਹਾੜੀ ਸਕੂਲ ’ਚ ਪੜ੍ਹਦੇ ਬੱਚੇ ਨੂੰ ਹਟਾ ਕੇ ਸੈਨਿਕ ਸਕੂਲ ਵਿੱਚ ਭਰਤੀ ਕਰਾਇਆ ਜਾਂਦਾ ਹੈ, ਜਿੱਥੇ ਉਸਨੂੰ ਪਹਿਲੇ ਸਕੂਲ ਦੀਆਂ ਯਾਦਾਂ ਤੇ ਬੁਰਾਂਸ਼ ਦੀ ਚਟਣੀ ਨਹੀਂ ਭੁੱਲਦੀ। ਉਹਦੇ ਕੋਲੋਂ ਧੌਲਧਾਰ ਦੇ ਪਹਾੜਾਂ ਦੇ ਦ੍ਰਿਸ਼ ਅਤੇ ਭਾਂਤ-ਸੁਭਾਂਤੇ ਪੰਛੀਆਂ ਦਾ ਕਲਰਵ ਗੁਆਚ ਜਾਂਦਾ ਹੈ। ਪਹਾੜੀ ਚੜ੍ਹਾਈ ਦੀ ਥਾਂ ਪਥਰੀਲੀਆਂ ਪੌੜੀਆਂ ਹਨ। ਕੁਦਰਤੀ ਆਬੋ-ਹਵਾ ਦੀ ਥਾਂ ਪੱਖੇ ਦੀ ਹਵਾ ਹੈ। ਉਹਦੇ ਕੰਨਾਂ ’ਚ ਟੁੰਗੇ ਫੁੱਲ ਉਸ ਨੂੰ ਨਵੇਂ ਜਮਾਤੀਆਂ ’ਚ ਮਜ਼ਾਕ ਦਾ ਪਾਤਰ ਬਣਾ ਦਿੰਦੇ ਹਨ। ਬੱਚਾ 3 ਨਜ਼ਮ ਵਿੱਚ ਪਹਾੜੀ ਬੱਚਾ ਆਪਣੇ ਪਹਾੜੀ ਘਰ ਦੇ ਵਿਹੜੇ ’ਚ ਸਾਇਕਲ ਚਲਾਉਣਾ ਸਿਖਦਾ ਹੈ। ਟੀ.ਵੀ. ’ਤੇ ਸਾਇਕਲਿੰਗ ਦੌੜਾਕਾਂ ਨੂੰ ਦੇਖ ਅਚੰਭਿਤ ਹੁੰਦਾ ਹੈ। ਇਹ ਇੱਕ ਕਿਸਮ ਦਾ ਤਕਨੀਕੀ ਬਦਲਾਅ ਹੈ, ਜੋ ਉਸ ਨੂੰ ਉਸ ਦੀ ਕੁਦਰਤੀ ਸਹਿਜ ਤੋਰ ਨਾਲੋਂ ਤੋੜ ਰਿਹਾ ਹੈ। ਵਿਕਾਸ ਦੇ ਨਾਂ ’ਤੇ ਕਿਵੇਂ ਸਾਡੇ ਕੋਲੋਂ ਕੁਦਰਤੀ ਜੀਵਨ ਗੁਆਚਦਾ ਜਾ ਰਿਹਾ ਹੈ।
‘ਮੈਂ ਵੀ ਫ਼ੈਜ਼ ਹਾਂ’ ਨਜ਼ਮ ਵਿੱਚ ਮਨਦੀਪ ਤਰੱਕੀਪਸੰਦ ਅਦਬੀਅਤ ਨਾਲ ਬਰ ਮੇਚਦੀ ਹੈ। ਅਕਾਦਮਿਕ ਵਿਦਵਾਨ ਫ਼ੈਜ਼ ਦੀ ਸ਼ਾਇਰੀ ਦਾ ਅਪਰੇਸ਼ਨ ਕਰਨ ਲੱਗੇ ਹੋਏ ਹਨ ਤੇ ਉਸ ਦੀ ਰਚਨਾ ’ਚੋਂ ਧਰਮ ਵਿਰੋਧੀ ਅੰਤੜੀਆਂ ਭਾਲਦੇ ਹਨ, ਪਰ ਮਨਦੀਪ ਫ਼ੈਜ਼ ਨੂੰ ਪੜ੍ਹਦੀ ਉਸਦੀ ਸ਼ਾਇਰੀ ਨੂੰ ਆਪਣੇ ਲਹੂ ’ਚ ਘੋਲ ਰਹੀ ਹੈ। ਇੱਕ ਭਾਸ਼ਾ ਦੇ ਕਵੀ ਦਾ ਦੂਜੀ ਭਾਸ਼ਾ ਦੇ ਕਵੀ ਨੂੰ ਇਸ ਪ੍ਰਕਾਰ ਸ਼ਰਧਾਂਜਲੀ ਪੇਸ਼ ਕਰਨ ਦਾ ਅੰਦਾਜ਼ ਕਾਬਿਲੇ ਤਾਰੀਫ਼ ਹੈ। ਇਹ ਨਜ਼ਮ ਆਲੋਚਕ ਤੇ ਸ਼ਾਇਰ ਦੇ ਸ਼ਾਇਰੀ ਬਾਰੇ ਨਜ਼ਰੀਏ ਨੂੰ ਵੀ ਬਿਆਨ ਕਰਦੀ ਹੈ।
‘ਕਵਿਤਾ ਤੇ ਰੱਬ’ ਨਜ਼ਮ ਵਿੱਚ ਉਹ ਰੱਬ ਵਾਲਾ ਸਿੱਧਾ ਰਾਹ ਨਹੀਂ, ਕਵਿਤਾ ਵਾਲਾ ਔਝੜ ਰਾਹ ਅਪਣਾਉਂਦੀ ਹੈ। ਉਹ ਹੋਂਦ ਦਾ ਤਰਕ ਲੱਭਣ ਲਈ ਸ਼ਰਧਾ ਵੱਲ ਪਿੱਠ ਕਰ ਲੈਂਦੀ ਹੈ। ਆਪਣੇ ਹੌਸਲੇ ਅਤੇ ਪੈਰਾਂ ਦੇ ਸਹਾਰੇ ਲੜਨ ਦਾ ਰਾਹ ਚੁਣਦੀ ਹੈ ਤੇ ਖ਼ੁਦਦਾਰੀ ਦਰਸਾਉਂਦੀ ਹੈ। ਇਸੇ ਤਰ੍ਹਾਂ ‘ਵਰਤ’ ਨਜ਼ਮ ‘ਬੇਤਰਤੀਬੀ ਵਿਚਲੀ ਤਰਤੀਬ ਨਾਲ ਪਿਆਰ’ ਨੂੰ ਦਰਸਾਉਂਦੀ ਹੈ। ਪਰੰਪਰਾਗਤ ਔਰਤਾਂ ਖ਼ਾਨਦਾਨੀ ਟਰੰਕ ਸੰਭਾਲਦੀਆਂ ‘ਵਰਤ’ ਰੱਖਦੀਆਂ ਹਨ। ਉਨ੍ਹਾਂ ’ਤੇ ਇਹ ਸਭ ਠੋਸਿਆ ਗਿਆ ਹੁੰਦਾ ਹੈ, ਇਸ ਦੇ ਉਲਟ ਮਨਦੀਪ ‘ਬੇਤਰਤੀਬੀ’ ਨੂੰ ਪਿਆਰ ਕਰਦੀ ਹੈ।
‘ਬੱਚਾ ਡੈਡੀ’ ਮਨਦੀਪ ਦੀ ਨਿਜੀ ਜ਼ਿੰਦਗੀ ਨਾਲ ਸਬੰਧਿਤ ਨਜ਼ਮ ਹੈ। ਪੰਜਾਬੀ ਕਹਾਣ ਹੈ ਕਿ ਬੱਚਾ ਆਪਣੇ ਮਾਂ-ਬਾਪ ’ਤੇ ਹੀ ਗਿਆ ਹੁੰਦਾ ਹੈ। ਨਜ਼ਮ ਵਿੱਚ ਪਿਤਾ ਦੀ ਫੋਟੋ ਵਿੱਚੋਂ ਨਕਸ਼ ਪਛਾਨਣ ਦਾ ਜ਼ਿਕਰ ਹੈ। ਇਹ ਨਕਸ਼ ਉਭਰਨੇ ਵੀ ਸ਼ੁਰੂ ਹੋ ਜਾਂਦੇ ਹਨ, ਪਰ ਅਖ਼ੀਰ ਸਿੱਟਾ ਇਸ ਤੋਂ ਬੇਪਛਾਣ ਨਿਕਲਦਾ ਹੈ। ਧੀ ਦਾ ਸੁਭਾਅ ਪਿਤਾ ’ਤੇ ਗਿਆ ਹੈ। ਇਸ ਗੱਲ ਨਾਲ ਹੀ ਨਜ਼ਮ ਮੁਕੰਮਲ ਹੁੰਦੀ ਹੈ।
‘ਇੱਕ ਦੂਜੇ ਨਾਲੋਂ’ ਨਜ਼ਮ ਵਿੱਚ ‘ਖ਼ੁਦ ਨੂੰ ਪਿਆਰ ਕਰਨਾ’ ਉਹ ਬਿੰਦੂ ਹੈ, ਜਿਸ ਗਿਰਦ ਨਜ਼ਮ ਦੀ ਘਾੜਤ ਘੜੀ ਗਈ ਹੈ। ਇਹ ਨਿਰੀ ਜੀਵਨ ਸਾਥੀ ਨਾਲ ਮਿਲ ਕੇ ਪਹਿਲਾਂ ਕਿਤਾਬ ਪੜ੍ਹਨ ਦੀ ਜ਼ਿੱਦ ਨਹੀਂ ਤੇ ਨਾ ਹੀ ਕਿਸੇ ਚੀਜ਼ ’ਤੇ ਹੱਕ ਜਿਤਾਉਣ ਦੀ ਲਲਕ ਹੈ, ਇਹ ਤਾਂ ਔਰਤ ਦੀ ਖ਼ੁਦ ਮੁਖ਼ਤਿਆਰੀ ਹੈ, ਜਿਸ ਵਿੱਚੋਂ ਉਸਦਾ ਆਜ਼ਾਦਾਨਾ ਕਾਵਿ-ਸਿਧਾਂਤ ਨਿਰੂਪਣ ਹੁੰਦਾ ਹੈ। ਇਸੇ ਪ੍ਰਕਾਰ ‘ਇਕੱਲਿਆਂ ਸਫ਼ਰ ’ਤੇ’ ਨਜ਼ਮ ਵੀ ਔਰਤ ਦੇ ਸਵੈਮਾਣ ਬਾਰੇ ਹੈ। ਉਹ ਕਿਸੇ ਦੂਜੀ ਧਿਰ ਦਾ ਦਖ਼ਲ ਬਰਦਾਸ਼ਤ ਨਹੀਂ ਕਰਨਾ ਚਾਹੁੰਦੀ। ਔਰਤ ਦੀ ਆਜ਼ਾਦੀ ਦੇ ਸਿਧਾਂਤ ਨੂੰ ਰੂਪਮਾਨ ਕਰਦੀਆਂ ਅਜਿਹੀਆਂ ਨਜ਼ਮਾਂ ਦਾ ਵਿਵਰਣ ਮਨਦੀਪ ਔਲਖ ਦਾ ਸਮਕਾਲੀ ਕਵਿਤਰੀਆਂ ਵਿੱਚ ਨਿਆਰੀ ਧਰਾਤਲ ’ਤੇ ਵਿਚਰਨ ਦੇ ਪੱਖ ਨੂੰ ਦਰਸਾਉਂਦਾ ਹੈ।
ਪੰਜਾਬੀ ਦੀ ਲੋਕਧਾਰਾ ਵਿੱਚੋਂ ਇੱਕ ਲੋਕ ਬੋਲੀ ਦੇ ਲੋਕਯਾਨਿਕ ਵੇਰਵੇ ਦੇ ਚਿਹਨ ਨੂੰ ਲੈ ਕੇ ਲਿਖੀ ਕਵਿਤਾ ‘ਭੱਜੋ ਵੀਰੋ ਵੇ’ ਤੱਤਕਾਲੀ ਪੰਜਾਬੀ ਕਿਸਾਨ ਮੋਰਚੇ ਨਾਲ ਸਬੰਧਿਤ ਵੇਰਵੇ ਨਾਲ ਸੰਯੁਗਤ ਹੋ ਕੇ ਨਵੇਂ ਅਰਥ ਗ੍ਰਹਿਣ ਕਰਦੀ ਹੈ। ਕਵਿਤਰੀ ਦੇ ਬਚਪਨ ਵਿੱਚ ਫੁੰਕਾਰਦੇ ਸੱਪਾਂ ਦੀਆਂ ਸਿਰੀਆਂ ਫੇਹਣ ਦੀ ਗੱਲ ਕਰਨ ਵਾਲਾ ਬਾਪੂ ਵਰਤਮਾਨ ਪ੍ਰਸਥਿਤੀਆਂ ਨਾਲ ਬਾਵਾਸਤਾ ਹੋ ਕੇ ਆਪਣੇ ਖੇਤਾਂ ਤੇ ਫ਼ਸਲਾਂ ਨੂੰ ਬਚਾਉਣ ਲਈ ਮੋਰਚੇ ਵਿੱਚ ਸ਼ਾਮਲ ਹੋ ਕੇ ‘ਫੁੰਕਾਰਦੇ ਸੱਪਾਂ ਦੀਆਂ ਸਿਰੀਆਂ ਫੇਹਣ’ ਲਈ ਲਾਮਬੱਧ ਹੋ ਜਾਂਦਾ ਹੈ। ਲੋਕਯਾਨਿਕ ਪਿੱਠ-ਭੂਮੀ ਦਾ ਵਰਤਮਾਨ ਯਥਾਰਥਕ ਸੰਘਰਸ਼ ਨਾਲ ਮੇਲ ਕਰਵਾ ਕੇ ਨਜ਼ਮ ਸਹੀ ਅਰਥ ਸੰਚਾਰ ਕਰਦੀ ਹੈ।
‘ਕਿਸਾਨ ਦੇ ਹੰਝੂਆਂ ਦੇ ਨਾਮ’, ‘ਜੋ ਨਹੀਂ ਪਰਤੇ’, ‘ਸੂਰਜ ਮਰਿਆ ਨਹੀਂ ਕਰਦੇ’ ਅਗਲੇਰੀਆਂ ਤਿੰਨ ਨਜ਼ਮਾਂ ਵੀ ਕਿਰਸਾਣੀ ਮੋਰਚੇ ਨਾਲ ਸੰਬੰਧਿਤ ਹਨ। ਇਨ੍ਹਾਂ ਨਜ਼ਮਾਂ ਵਿੱਚ ਖੇਤਾਂ ਦੀ ਮਿੱਟੀ ਦਾ ਦਰਦ ਸਮਾਇਆ ਹੋਇਆ ਹੈ। ਕਿਸਾਨ ਦੇ ਹੰਝੂ ਰਾਕੇਸ਼ ਟਕੈਤ ਦੇ ਹੰਝੂਆਂ ਦੀ ਯਾਦ ਦੁਆਉਂਦੇ ਹਨ। ਸਿੰਘੂ ਬਾਰਡਰ ਤੋਂ ਮੋਰਚਾ ਹਟਾਏ ਜਾਣ ਬਾਅਦ ਉਥੋਂ ਗੁਜ਼ਰਨ ’ਤੇ ਵੀ ਕਿਸਾਨੀ ਮੋਰਚੇ ਦੀਆਂ ਯਾਦਾਂ ਦੇ ਨਿਸ਼ਾਨ ਅਮਿੱਟ ਬਣੇ ਨਜ਼ਰ ਆਉਂਦੇ ਹਨ। ਧੁੰਦ ਤੇ ਛਿਪਦੇ ਸੂਰਜ ਦੀ ਲਾਲੀ, ਦਰਦ ਤੇ ਉਦਾਸੀ ਦੇ ਭਾਵ ਅਭਿਵਿਅਕਤ ਕਰਦੇ ਚਿਹਨ ਹਨ; ਪਰ ਧੁੰਦਾਂ ਤੋਂ ਸੂਰਜ ਡਰ ਕੇ ਚੜ੍ਹਨਾ ਨਹੀਂ ਭੁੱਲ ਜਾਂਦੇ। ਕਿਸੇ ਫ਼ਕੀਰ ਦੀ ਬਾਲੀ ਤੀਲੀ ਸੂਰਜ ਚੜ੍ਹਨ ਦੀ ਆਸ ਬੰਨ੍ਹਾ ਦਿੰਦੀ ਹੈ। ਵਕਤੀ ਧੁੰਦਾਂ ਚੀਰ ਕੇ ਸੂਰਜ ਚੜ੍ਹ ਆਇਆ ਕਰਦੇ ਹਨ। ਸੂਰਜ ਕਦੇ ਮਰਿਆ ਨਹੀਂ ਕਰਦੇ।
‘ਰੈੱਡ ਕਾਰਡ’ ਕਵਿਤਾ ਵਿੱਚ ਜੰਗ ਨੂੰ ਖੇਡ ਵਾਂਗ ਦਿਖਾ ਕੇ ਇਹ ਦਰਸਾਇਆ ਗਿਆ ਹੈ ਕਿ ਜੰਗ ਦੇ ਮੈਦਾਨ ਵਿੱਚ ਰੈੱਡ ਕਾਰਡ ਦਿਖਾਉਣ ਦਾ ਜ਼ਿੰਮਾ ਸਾਧਾਰਨ ਲੋਕਾਂ ਕੋਲ ਹੁੰਦਾ ਹੈ, ਜਿਵੇਂ ਖੇਡ ਮੈਦਾਨ ਵਿੱਚ ਰੈਫ਼ਰੀ ਫਾਊਲ ਖੇਡਦੇ ਖਿਡਾਰੀ ਨੂੰ ਰੈੱਡ ਕਾਰਡ ਦਿਖਾ ਕੇ ਗੇਮ ਤੋਂ ਬਾਹਰ ਕਰ ਦਿੰਦਾ ਹੈ।
‘ਯਾਦ ਆਉਂਦਾ ਈਜ਼ਲ’ ਔਰਤ ਦੇ ਆਪਣੇ ਢੰਗ ਨਾਲ ਜੀਣ ਦੀ ਛਟਪਟਾਹਟ ਨੂੰ ਰੂਪਮਾਨ ਕਰਦੀ ਨਜ਼ਮ ਹੈ। ਮਨਦੀਪ ਦਰਸਾਉਂਦੀ ਹੈ ਕਿ ਅਜਿਹੀ ਜ਼ਿੰਦਗੀ ਜੀਣ ਦੀ ਸੱਧਰ ਵਿਆਹ ਦੇ ਥੁੜ੍ਹਚਿਰੇ ਚਾਅਵਾਂ ਉਪਰੰਤ ਦਮ ਤੋੜ ਜਾਂਦੀ ਹੈ। ਪੋਟੇ ਚਾਹੁੰਦਿਆਂ ਹੋਇਆਂ ਵੀ ਈਜ਼ਲ ’ਤੇ ਮਨਪਸੰਦ ਤਸਵੀਰ ਨਹੀਂ ਚਿਤਰ ਪਾਉਂਦੇ। ‘ਏਪਰਲ’ ਮਨਦੀਪ ਔਲਖ ਦੀ ਇੱਕ ਹੋਰ ਖ਼ੂਬਸੂਰਤ ਨਜ਼ਮ ਹੈ। ਬ੍ਰਿਟਿਸ਼ ਕੁੜੀ ਆਪਣੇ ਅਸਫ਼ਲ ਪਿਆਰ ਪਿਛੋਂ ਭਾਰਤ ਆ ਕੇ ਬੁੱਧ ਧਰਮ ਦੀ ਸ਼ਰਨ ਵਿੱਚ ਚਲੇ ਜਾਂਦੀ ਹੈ। ਉਹ ਪਹਾੜੀ ਸਫ਼ਰ ’ਤੇ ਸਭ ਗੱਲਾਂ ਤੋਂ ਬੇਪਰਵਾਹ ਪਹਾੜਾਂ ’ਤੇ ਸਾਇਬੇਰੀਆ ਦੀ ਪਰਵਾਸੀ ਕੂੰਜ ਵਾਂਗ ਉਤਰਦੀ ਹੈ। ਇਸ ਨਜ਼ਮ ਦੇ ਪਿਛੋਕੜ ਵਿੱਚ ‘ਈਸਟ ਇੰਡੀਆ ਕੰਪਨੀ’ ਰਾਹੀਂ ਭਾਰਤ ’ਤੇ ਦੋ ਸੌ ਸਾਲ ਰਾਜ ਕਰਨ ਦੀ ਗੱਲ ਵੀ ਕਹੀ ਗਈ ਹੈ, ਇਸ ਦੇ ਬਾਵਜੂਦ ਮਨਦੀਪ ਉਸ ਨਾਲ ਘ੍ਰਿਣਾ ਨਹੀਂ ਕਰਦੀ, ਉਹ ਉਸ ਨਾਲ ਹੱਥ ਮਿਲਾ ਕੇ ਉਸ ਦੇਸ਼ ਦੇ ਸਾਰੇ ਤਸੀਹਿਆਂ ਨੂੰ ਭੁਲਾ ਦਿੰਦੀ ਹੈ। ਸਹਿਜ ਰੂਪ ਵਿੱਚ ਇਹ ਕਵਿਤਾ ਕਿੰਨਾ ਕੁਝ ਅਣਕਿਹਾ ਕਹਿ ਜਾਂਦੀ ਹੈ। ਵਿਸ਼ਵ ਰਾਜਨੀਤੀ ਦੇ ਸੰਦਰਭ ਵਿੱਚ ਇਸ ਕਵਿਤਾ ਦੇ ਪ੍ਰਸੰਗ ਨੂੰ ਜੋੜ ਕੇ ਵਾਚਿਆ ਜਾਣਾ ਵਾਜਿਬ ਬਣ ਜਾਂਦਾ ਹੈ।
ਮਨਦੀਪ ਔਲਖ ਨਿਜੀ ਜੀਵਨ ਦੇ ਵੇਰਵਿਆਂ ਵਿੱਚੋਂ ਕਵਿਤਾ ਦੀ ਮਹੀਨ ਤੰਦ ਨਾਲ ਔਰਤ ਦੀ ਵਿੱਥਿਆ ਦਾ ਚਿਤਰ ਮੁਕੰਮਲ ਕਰ ਦਿੰਦੀ ਹੈ। ‘ਰੋਟੀਆਂ ਪਕਾਉਂਦੀ ਮਾਂ’ ਤਾਉਮਰ ਮਸ਼ੀਨ ਵਾਂਗ ਰੋਟੀਆਂ ਪਕਾਉਂਦੀ ਰਹਿੰਦੀ ਹੈ, ਉਸ ਦੇ ਹੱਥਾਂ ਦੇ ਛਾਲਿਆਂ ਨੂੰ ਧੀ ਹੀ ਦੇਖ ਸਕਦੀ ਹੈ। ਮਾਂ ਦੀ ਘਾਲਣਾ ਦੀ ਅਹਿਮੀਅਤ ਤੇ ਸਮਾਜ ਦਾ ਉਸ ਪ੍ਰਤੀ ਵਿਹਾਰ ਦੋਵੇਂ ਪੱਖ ਇਸ ਕਵਿਤਾ ਵਿੱਚੋਂ ਬਾਖ਼ੂਬੀ ਉਜਾਗਰ ਹੁੰਦੇ ਹਨ।
ਮਨਦੀਪ ਔਲਖ ਨੇ ‘ਫਟੀ ਜੀਨ’ ਕਵਿਤਾ ਵਿੱਚ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਪ੍ਰਤੀ ਪ੍ਰਚਲਤ ਅਸ਼ਲੀਲਤਾ/ਸ਼ਾਲੀਨਤਾ ਦੇ ਪ੍ਰਤਿਮਾਨਾਂ ਨੂੰ ਪ੍ਰਗਟਾਇਆ ਹੈ। ‘ਗਰਲਜ਼ ਹੋਸਟਲ’ ਵਾਂਗ ਹੀ ਇਹ ਉਸਦੀ ਇੱਕ ਸ਼ਸਕਤ ਨਜ਼ਮ ਹੈ, ਜਿਸ ਵਿੱਚ ਇਹ ਦਰਸਾਇਆ ਗਿਆ ਹੈ ਕਿ ਮਰਦ ਪ੍ਰਧਾਨ ਸਮਾਜ ਔਰਤ ਨੂੰ ਪਰਦੇ ’ਚ ਰਖਣ ਦੀ ਮਨਸੂਈ ਨੈਤਿਕਤਾ ਪ੍ਰਚਾਰਦਾ ਹੈ, ਜਦਕਿ ਦੁਨੀਆ ਭਰ ਵਿੱਚ ਕਈ ਆਦਿਵਾਸੀ ਕਬੀਲਿਆਂ ਅਤੇ ਪਸ਼ੂ ਜੀਵਨ ਵਿੱਚ ਵੀ ਜਿਸਮ ਢਕਣ ਦੇ ਪਰਪੰਚ ਨਹੀਂ ਕੀਤੇ ਜਾਂਦੇ, ਫਿਰ ਵੀ ਉਹ ਕਬੀਲੇ ਤੇ ਪ੍ਰਾਕ੍ਰਿਤਕ ਜੀਵਨ ਵਿੱਚ ਸੱਭਿਅਕ ਹੁੰਦੇ ਹਨ। ਕੁੜੀਆਂ ਦਾ ਫ਼ੈਸ਼ਨਪ੍ਰਸਤੀ ਵਜੋਂ ਫਟੀਆਂ ਜੀਨਾਂ ਪਹਿਨਣਾ ਮਨ ਦੀ ਖ਼ੁਸ਼ੀ ਹੈ। ਰਾਜਸੀ ਨੇਤਾਵਾਂ ਵੱਲੋਂ ਜੀਨਸ ਬਾਰੇ ਬੋਲਣਾ ਔਰਤ ’ਚੋਂ ਵੇਸਵਾ ਨੂੰ ਦੇਖਣਾ ਤੇ ਬਲਾਤਕਾਰੀ ਕੁਬਿਰਤੀਆਂ ਨੂੰ ਹਵਾ ਦੇਣਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਦੇ ਜਿਸਮ ਨੂੰ ਲੈ ਕੇ ਅਸ਼ਲੀਲਤਾ ਦਾ ਨੰਗਾ ਨਾਚ ਜਾਰੀ ਹੈ। ਦਰਅਸਲ, ਨੰਗੇਜਵਾਦ ਕੱਪੜਿਆਂ ਵਿੱਚ ਵੀ ਹੋ ਸਕਦਾ ਹੈ, ਕੱਪੜਿਆਂ ਵਿੱਚ ਕਹਿਣ ਦੀ ਬਜਾਏ ਇਸ ਨੂੰ ਮਾਨਸਿਕਤਾ ਵਿੱਚੋਂ ਵੀ ਦੇਖਿਆ ਜਾ ਸਕਦਾ ਹੈ। ਮਨਦੀਪ ਦੇ ਲਫ਼ਜ਼ਾਂ ਵਿੱਚ:
ਫਟੀ ਹੋਈ ਜੀਨਸ ਮਨ ਦਾ ਪਹਿਰਾਵਾ ਹੈ,
ਵਿਸ਼ਵਾਸ ਦੀ ਭਾਸ਼ਾ, ਵਿਰੋਧ ਦਾ ਪ੍ਰਤੀਕ ਵੀ।
‘ਸੁਫ਼ਨੇ ਸਮਾਂਤਰ’ ਨਜ਼ਮ ਦੋ ਨਜ਼ਰੀਆਂ ਦਾ ਟਕਰਾਅ ਹੈ। ਮਰਦ ਆਧੁਨਿਕ ਲਗਜ਼ਰੀ ਭਰੀ ਜ਼ਿੰਦਗੀ ਨੂੰ ਤਰਜ਼ੀਹ ਦਿੰਦਾ ਹੈ; ਔਰਤ ਕੁਦਰਤ ਦੇ ਨੇੜੇ ਰਹਿ ਕੇ ਸਹਿਜ ਅਨੰਦ ਵਿੱਚ ਜੀਣ ਨੂੰ ਅਪਣਾਉਣਾ ਚਾਹੁੰਦੀ ਹੈ। ਇਹ ਕਵਿਤਾ ਇਹ ਸੁਨੇਹਾ ਵੀ ਦਿੰਦੀ ਹੈ ਕਿ ਜੋ ਸੁੱਖ ਕੁਦਰਤ ਦੇ ਨੇੜੇ ਰਹਿ ਕੇ ਜੀਵਨ ਜੀਣ ਵਿੱਚ ਹੁੰਦਾ ਹੈ; ਉਹ ਕਦਾਚਿਤ ਅਜੋਕੀ ਚਕਾਚੌਂਧ ਵਾਲੀ ਮਹਾਨਗਰੀ ਜ਼ਿੰਦਗੀ ਵਿੱਚ ਨਹੀਂ ਮਿਲ ਸਕਦਾ। ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ‘ਰੰਡੀ’, ‘ਛਿਨਾਲ’ ਜਿਹੇ ਲਕਬ ਦਿੱਤੇ ਜਾਂਦੇ ਹਨ। ਇਨ੍ਹਾਂ ਬਦਨੁਮਾ ਦਾਗ਼ਾਂ ਨੂੰ ਵੰਦਨਾ ਕਟਾਰੀਆ ਆਪਣੀ ਹਾਕੀ ਸਟਿਕ ਨਾਲ ਮਿਟਾਉਂਦੀ ਹੈ। ਔਰਤ ਆਪਣੇ ਸਵੈਮਾਣ ਤੇ ਹਿੰਮਤ ਨਾਲ ਹਰ ਵਧੀਕੀ ਖ਼ਿਲਾਫ਼ ਨਿੱਤਰ ਕੇ ਅੱਗੇ ਆ ਸਕਦੀ ਹੈ। ਇਨ੍ਹੀਂ ਦਿਨੀਂ ਹਰਿਆਣੇ ਦੀ ਔਰਤ ਪਹਿਲਵਾਨ ਵਿਨੇਸ਼ ਫੋਗਾਟ ਨੇ ਆਪਣਾ ਕਮਾਲ ਦਿਖਾ ਕੇ ਭਾਰਤ ਦੀ ਔਰਤ ਦਾ ਸਿਰ ਉੱਚਾ ਕੀਤਾ ਹੈ, ਜਿਸ ਨੂੰ ਭਾਰਤ ਵਿੱਚ ਪਿਛਲੇ ਸਾਲ ਹੀ ਖਿਡਾਰੀਆਂ ਦੇ ਹੱਕ ਵਿੱਚ ਲਾਏ ਧਰਨੇ ਵਿੱਚ ਅਤਿਆਚਾਰ ਤੇ ਬਦਨਾਮੀ ਦਾ ਸ਼ਿਕਾਰ ਹੋਣਾ ਪਿਆ ਸੀ।
‘ਨਾਚ 1, 2, 3, 4’ ਨਿੱਕੀਆਂ ਨਜ਼ਮਾਂ ਦੇ ਮਾਇਨੇ ਬੜੀ ਵਸੀਹ ਨੇ। ਸੁਰਜੀਤ ਪਾਤਰ ਦੇ ਸ਼ਿਅਰ ‘ਰਗਾਂ ਲਹੂ ਬਣੀਆਂ, ਸੁਰਾਂ ਸਾਜ਼ ਹੋਈਆਂ, ਕਵੀ ਤੇ ਕਵਿਤਾ ਦੀ ਇੱਕ ਜਾਤ ਹੋਈ’ ਵਾਂਗ ਹੀ ‘ਨਾਚ-1’ ਵਿੱਚ ਨਾਚੀ ਨਾਚ ਹੋ ਜਾਂਦੀ ਹੈ। ‘ਨਾਚ-2’ ਵਿੱਚ ਮਨਦੀਪ ਆਖਦੀ ਹੈ ਕਿ ਨੱਚਣ ਲਈ ਸੰਗੀਤ, ਤਾਲ, ਵੇਸਭੂਸ਼ਾ, ਆਭੂਸ਼ਨਾਂ ਦੀ ਥਾਂ ਮਨ ਦੇ ਚਾਅ ਤੇ ਖ਼ਾਮੋਸ਼ੀ ਵੀ ਕਾਰਨ ਹੋ ਸਕਦੇ ਹਨ। ‘ਨਾਚ-3’ ਵਿੱਚ ਨਰਤਕੀ ਅੰਬਰ ’ਤੇ ਕਦਮ ਧਰਦੀ ਹੈ, ਉਹਦੇ ਬਸਤਰ ਹਵਾ ਦੇ ਹੋ ਜਾਂਦੇ ਹਨ। ਉਹ ਇਸ ਧਰਤੀ ਦੀ ਨਹੀਂ ਜਿਵੇਂ ਇੰਦਰ ਦੇ ਖਾੜੇ ਦੀ ਅਪਸਰਾ ਹੋ ਜਾਂਦੀ ਹੈ। ‘ਨਾਚ-4’ ਵਿੱਚ ਸਾਥੀ ਨੂੰ ਹਾਣ-ਪ੍ਰਵਾਣ ਦਾ ਹੋ ਕੇ ਨੱਚਣ ਲਈ ਆਮੰਤ੍ਰਿਤ ਕਰਦੀ ਉਮਰ, ਧਰਮ, ਭਾਸ਼ਾ ਦੀਆਂ ਹੱਦਾਂ ਤੋਂ ਪਾਰ ਸਧਰਾਂ ਦੇ ਹਾਣ ਦਾ ਹੋਣ ਲਈ ਬੁਲਾਵਾ ਦਿੰਦੀ ਹੈ।
ਪਹਾੜੀ ਵਾਤਾਵਰਣ ਨੂੰ ਪੇਸ਼ ਕਰਦੀ ਨਜ਼ਮ ‘ਲਾਲੀ ਮਿਲ ਗਈ ਹੈ’ ਵਿੱਚ ਉਹ ਜ਼ਿੰਦਗੀ ਸੰਘਰਸ਼ ਲੇਖੇ ਲਾਉਣਾ ਚਾਹੁੰਦੀ ਹੈ। ‘ਲਾਲੀ’ ਨਾਮਕ ਪਹਾੜੀ ਗਾਂ ਵਾਂਗ ਉਸਨੂੰ ਆਪਣੀ ‘ਲਾਲੀ’ ਵੀ ਲੱਭ ਜਾਂਦੀ ਹੈ। ਮਨਦੀਪ, ਪ੍ਰਿਯੰਕਾ ਤੇ ਮਲਾਇਕਾ ਨੂੰ ਮਨਮਰਜ਼ੀ ਦੇ ਜੋੜ ਤਲਾਸ਼ਣ ਲਈ ਪਿਆਰਦੀ ਹੈ। ਔਰਤ ਦੀ ਤਨ, ਮਨ ਤੇ ਰੂਹ ਦੇ ਜੋੜ ਹੀ ਸਮਜੋੜ ਹੁੰਦੇ ਹਨ। ਬਾਕੀ ਤਾਂ ‘ਜੋੜੀਆਂ ਜਗ ਥੋੜ੍ਹੀਆਂ, ਨਰੜ ਬਥੇਰੇ’ ਵਾਲੀ ਗੱਲ ਹੀ ਹੁੰਦੀ ਹੈ। ਕਲਾ ਦੇ ਕਿਰਦਾਰ ਨਾਲ ਜੁੜੀ ‘ਨਟ-ਨਟੀ ਦਾ ਬੈਲੇਂਸ ਸ਼ਾਸਤਰ’ ਨਜ਼ਮ ਵਿੱਚ ਨਟ-ਨਟੀ ਦੀ ਮਾਨਸਿਕਤਾ ਨੂੰ ਚਿਤਰਦਿਆਂ ਮਾਨਸਿਕਤਾ ਤੇ ਸ਼ੁਹਰਤ ਵਿਚਲਾ ਫ਼ਰਕ ਉਲੀਕਿਆ ਗਿਆ ਹੈ। ਬਚਪਨ ਦੇ ਉਦਰੇਵੇਂ ਨਾਲ ਸਬੰਧਿਤ ਨਜ਼ਮ ‘ਸਾਈਕਲ ਚਲਾਉਣਾ’ ਵਿੱਚ ਮਾਸੂਮੀਅਤ ਭਰੀ ਉਮਰ ਦਾ ਸਿਮਰਨ ਹੈ, ਜਿਸ ਵਿੱਚ ਜ਼ਿੰਦਗੀ ਦੇ ਸਾਈਕਲ ਨੂੰ ਭਾਰ, ਸੇਧ ਤੇ ਗਤੀ ਵਿੱਚ ਤਵਾਜ਼ਨ ਰੱਖ ਕੇ ਤੇ ਘੁੰਮਦੇ ਪਹੀਆਂ ਤੋਂ ਜਾਣ-ਬੁਝ ਕੇ ਡਿਗਣ ਦੀ ਚਾਹਤ ਦਾ ਪ੍ਰਗਟਾ ਕੀਤਾ ਗਿਆ ਹੈ।
ਮਨਦੀਪ ਖੁਦ ਇੱਕ ਔਰਤ ਹੈ, ਇਸ ਲਈ ਉਸ ਦੇ ਕਿਰਦਾਰਾਂ ਵਿੱਚ ਔਰਤ ਹਮੇਸ਼ਾ ਸ਼ਾਮਿਲ ਹੁੰਦੀ ਹੈ। ਕੁਆਰੀ ਕੁੜੀ ਨੂੰ ਵਿਆਹ ਸਮੇਂ ਦੇਖਣ ਆਉਂਦੇ ਲੋਕਾਂ ਦੀ ਖ਼ਰੀਦਦਾਰੀ ਕਰਨ ਵਰਗੀ ਮਾਨਸਿਕਤਾ ਅਤੇ ਵਿਆਹੀ ਜਾਣ ਵਾਲੀ ਕੁੜੀ ਦੀਆਂ ਕਲਾਤਮਿਕ ਰੁਚੀਆਂ ਦੀ ਕੋਈ ਕਦਰ ਨਾ ਹੋਣ ਦੇ ਪੱਖ ਨੂੰ ‘ਦੇਖਣ ਆਉਂਦੇ ਲੋਕ’ ਨਜ਼ਮ ਵਿੱਚੋਂ ਦੇਖਿਆ ਜਾ ਸਕਦਾ ਹੈ। ‘ਧਰਤੀ ਮਾਂ ਕਿਸੇ ਦਾ ਹੱਕ ਨਹੀਂ ਰੱਖਦੀ’ ਕੇਂਦਰੀ ਭਾਵ ਦੁਆਲੇ ਸੁਜੱਜਿਤ ‘ਗੁਲਾਬੀ ਫੁੱਲਾਂ ਵਾਲੀ ਚੱਪਲੀ’ ਨਜ਼ਮ ਵਿੱਚ ਬਚਪਨ ਦੇ ਉਦਰੇਵੇਂ ਦੀ ਇੱਕ ਹੋਰ ਤੰਦ ਛੋਹੀ ਗਈ ਹੈ। ਬਚਪਨ ਦੀਆਂ ਯਾਦਾਂ ਨਾਲ ਬੁਣੀ ਇਹ ਕਵਿਤਾ ਔਰਤ ਦੇ ਸੁਪਨਿਆਂ ਦੀ ਕਵਿਤਾ ਹੈ।
‘ਭਟਕਣ’ ਨਜ਼ਮ ਵਿੱਚ ਹੋਸਟਲ ਜ਼ਿੰਦਗੀ ਦੀ ਫਾਕਾਮਸਤੀ, ਤੇ ਮਗਰੋਂ ਉਨ੍ਹਾਂ ਦੇ ਚਾਅਵਾਂ ਦੇ ਗੁਆਚਣ ਦੀ ਗੱਲ ਕੀਤੀ ਗਈ ਹੈ। ‘ਪੱਤਝੜ ਪੱਤਝੜ’ ਨਜ਼ਮ ਦ੍ਰਿਸ਼ ਵਰਣਨ ਦੇ ਰੂਪ ਵਿੱਚ ਮੁਕੰਮਲ ਹੁੰਦੀ ਹੈ। ਕਿਸੇ ਬਾਰਾਮਾਹ ਵਾਂਗ ਇਸ ਕਵਿਤਾ ਦਾ ਕੁਦਰਤੀ ਦ੍ਰਿਸ਼ ਮਨਮੋਹਕ ਹੈ। ‘ਦ੍ਰਿਸ਼ ਚਾਲ’ ਵਿੱਚ ਮਨਦੀਪ ਐਨਕ ਦੀਆਂ ਡੰਡੀਆਂ ਦੀ ਮਹੱਤਤਾ, ਤੁਰਨ ਲਈ ਲੱਤਾਂ ਦੀ ਮਹੱਤਤਾ ਦੇ ਸਮਰੂਪ ਦੇਖਦੀ ਹੈ।
‘ਯਾਤਰੀ ਗੁਰੂ’ ਨਜ਼ਮ ਵਿੱਚ ਬਿਆਈਆਂ ਵਾਲੇ ਪੈਰਾਂ ਦਾ ਦੁੱਖ ਝਾਗਣਾ ਤੇ ਖੁੱਲ੍ਹੇ ਆਕਾਸ਼ ਹੇਠ ਗੁਜ਼ਾਰਾ ਕਰਨ ਦੇ ਨਾਲ ਨਾਲ ਬਾਬੇ ਨਾਨਕ ਦੀਆਂ ਯਾਤਰਾਵਾਂ ਪ੍ਰਤੀ ਅਨੁਭਵ ਦਾ ਜ਼ਿਕਰ ਛੇੜਿਆ ਗਿਆ ਹੈ। ਲੋਕਾਂ ਦੇ ਮਨ ਪੜ੍ਹਨ ਦੀ ਜਾਚ ਦਾ ਪੱਖ ਵੀ ਇਸ ਨਜ਼ਮ ਦਾ ਮਹੱਤਵਪੂਰਨ ਵੇਰਵਾ ਹੈ। ਇਸੇ ਤਰ੍ਹਾਂ ਹੀ ‘ਕਿਸਾਨ ਗੁਰੂ’ ਨਜ਼ਮ ਵਿੱਚ ਬਾਬੇ ਨਾਨਕ ਦੇ ਕਿਰਸਾਣੀ ਰੂਪ ਤੇ ਬਾਣੀ ਅਨੁਭਵ ਨੂੰ ਸਮਾਨਅਰਥ ਰੱਖਦੇ ਹੋਏ ਬਾਬੇ ਦੀ ਕਰਤਾਰੀ ਛਵੀ ਦਾ ਗੁਣਗਾਨ ਹੈ।
‘ਪੀਲੇ ਪੱਤਿਆਂ ਦਾ ਨ੍ਰਿਤ’ ਨਜ਼ਮ ਧਰੇਕ ਦੇ ਪੀਲੇ ਪੱਤਿਆਂ ਦੇ ਝੜਨ ਉਪਰੰਤ ਰੁੱਤਾਂ ਬਦਲਣ ਦੇ ਅਹਿਸਾਸ ਨਾਲ ਮੁਕੰਮਲ ਹੁੰਦੀ ਹੈ। ਪਿਆਰ ਨੂੰ ਲੈ ਕੇ ਮਨਦੀਪ ਔਲਖ ਦੇ ਸੰਕਲਪ ਵੱਖਰੇ ਹਨ। ਉਸ ਦੀਆਂ ਇਹ ਸਤਰਾਂ ਦੇਖਣਯੋਗ ਹਨ:
ਮੈਂ ਤੈਨੂੰ ਉਵੇਂ ਪਿਆਰ ਕੀਤਾ
ਜਿਵੇਂ ਧਰਤੀ ਫੁੱਟਦੀ ਹੋਈ ਕਰੂੰਬਲ ਨੂੰ
ਜਿਵੇਂ ਬੱਦਲ ਪੌਣ ਨੂੰ
ਜਿਵੇਂ ਅਸਮਾਨ ਪੰਛੀ ਦੀ ਪਰਵਾਜ਼ ਨੂੰ ਪਿਆਰਦਾ ਹੈ।
ਮਨਦੀਪ ਦੇ ਪਿਆਰ ਵਿੱਚ ਸਹਿਜ ਹੈ, ਸੁਭਾਵਕਤਾ ਹੈ, ਸਾਦਗੀ ਹੈ, ਕੁਦਰਤੀਪਣ ਹੈ। ਇਸ ਪਿਆਰ ਵਿੱਚ ਪ੍ਰਵਾਨਗੀ ਹੈ, ਅਪਣੱਤ ਹੈ ਤੇ ਅਹਿਸਾਸ ਦੀ ਪਾਕੀਜ਼ਗੀ ਹੈ। ‘ਡਾਇਰੀ ਦਾ ਆਖ਼ਰੀ ਪੰਨਾ’ ਨਜ਼ਮ ਦੀਆਂ ਮੁੱਲਵਾਨ ਸ਼ਰਤਾਂ ਹਨ:
ਆਖ਼ਰੀ ਪੰਨਾ, ਉਹ ਸਭ ਕੁਝ ਸੰਭਾਲ਼ੀ ਬੈਠਾ
ਜੋ ਨਿਰਉਚੇਚ ਹੈ, ਨਿਰਸਵਾਰਥ ਤੇ ਅਕਾਰਣ ਵੀ।
ਇਸੇ ਪ੍ਰਕਾਰ ‘ਲਵ ਇਨ ਟਾਈਮ ਆਫ਼ ਕੋਰੋਨਾ’ ਨਜ਼ਮ ਵਿੱਚ ਬਿਰਧ ਦੰਪਤੀ ਜੋ ਇਕਵੰਜਾ ਸਾਲ ਨੌਂ ਮਹੀਨੇ ਤੇ ਚਾਰ ਦਿਨ ਉਪਰੰਤ ਇੱਕ ਦੂਜੇ ਦੇ ਨੇੜੇ ਆਉਂਦੇ ਹਨ। ਇਹ ਨਜ਼ਮ ਕਿਸੇ ਅੰਗਰੇਜ਼ੀ ਫ਼ਿਲਮ ਦੀ ਸਕਰਿਪਟ ਵਰਗਾ ਝਉਲਾ ਸਿਰਜਦੀ ਹੈ। ‘ਪੀਲੇ ਫੁੱਲਾਂ ਦਾ ਸੁਪਨਾ’ ਨਜ਼ਮ ਮਨਦੀਪ ਔਲਖ ਦੇ ਪੀਲੇ ਰੰਗ ਦੀ ਉਦਾਸੀਨਤਾ ਪ੍ਰਤੀ ਵੈਰਾਗਪੁਣਾ ਦੇ ਪ੍ਰਬਲ ਵੇਖ ਨੂੰ ਦਰਸਾਉਂਦੀ ਹੈ। ਅੱਖਾਂ ਮੀਚਿਆਂ ਧੌਲੇ ਵਾਲਾਂ ਵਾਲਾ ਚਿਹਰਾ ‘ਰਾਣੀ’ ਨੂੰ ਉਦਾਸ ਕਰ ਦਿੰਦਾ ਹੈ।
‘ਅਜੇ ਨਾ ਜਾ’ ਨਜ਼ਮ ਦੇਸੀ ਮਹੀਨੇ ਫੱਗਣ ਦੀ ਪ੍ਰਾਕ੍ਰਿਤਕ ਛਵੀ ਉਤਾਰਦੀ ਹੈ। ਇਸੇ ਤਰ੍ਹਾਂ ‘ਚੜ੍ਹਿਆ ਚੇਤਰ’ ਨਜ਼ਮ ਪ੍ਰਗੀਤਕ ਤੇ ਲੈਅਮਈ ਰੂਪ ਵਿੱਚ ਚੇਤਰ ਦੇ ਮਹੀਨੇ ਦੀ ਪ੍ਰਾਕ੍ਰਿਤਕ ਸੁਹੱਪਣ ਦਾ ਜ਼ਿਕਰ ਛੇੜਦੀ ਹੈ। ‘ਬਹਾਨਾ’ ਨਜ਼ਮ ਵਿਚਲਾ ‘ਖਿਲਾਰਾ’ ਖਿਲਾਰਾ ਨਾ ਹੋ ਕੇ ਚੇਤਿਆਂ ਦੀ ਅਕਾਂਖਸ਼ਾ ਬਣ ਜਾਂਦਾ ਹੈ। ਰੁਸਤਗੀ ਫਿਰ ਮਿਲਣ ਦੀ ਆਸ ਦਾ ਬਹਾਨਾ ਹੈ। ਪਿਆਰ ਦਾ ਵੇਗ ਮੱਠਾ ਪੈਣ ’ਤੇ ਕਵਿਤਰੀ ਨੂੰ ‘ਇਕੋਤਰ ਸੌ ਕਵਿਤਾਵਾਂ’ ਨਜ਼ਮ ਦੀ ਸੁਗਾਤ ਮਿਲਦੀ ਹੈ।
ਇੱਕ ਹੋਰ ਨਜ਼ਮ ਵਿੱਚ ਸਖੀ ਨੂੰ ਆਜ਼ਾਦੀ ਮੁਬਾਰਕ ਕਹਿਣ ਦਾ ਅੰਦਾਜ਼ ਵੀ ਰਿਸ਼ਤਿਆਂ ਦੇ ਟੁੱਟਣ ਦੀ ਪੀੜ ਨਾਲ ਟਸਕਦੀ ਰੂਹ ਨੂੰ ਸਾਂਤਵੰਨਾ ਦੇਣ ਵਾਲਾ ਹੈ। ‘ਇੱਕੋ ਮਿੱਕਾ ਪਿਆਰ’ ਵਿਰੋਧੀ ਰੁਚੀਆਂ ਤੇ ਪਸੰਦਾਂ ਦੇ ਬਾਵਜੂਦ ਪਿਆਰ ਦੇ ਅਹਿਦਨਾਮੇ ਨੂੰ ਨਿਭਾਣ ਦਾ ਮਾਦਾ ਹੈ। ਕਿਸੇ ਮਹਾਨ ਸ਼ਖ਼ਸੀਅਤ ਦੀ ਮਹਾਨਤਾ ਪਿੱਛੇ ਉਸਦੇ ਪਰਿਵਾਰ ਦੀ ਕੁਰਬਾਨੀ ਹੁੰਦੀ ਹੈ। ਗੁਰੂ ਨਾਨਕ ਦੀ ਤਸਵੀਰ ਅੱਗੇ ਅਰਦਾਸ ਕਰਨ ਵੇਲੇ ਮਨਦੀਪ ਬਾਬੇ ਨਾਨਕ ਦੇ ਪਰਿਵਾਰ ਦਾ ਸਿਮਰਨ ਕਰਦੀ ਹੈ। ਬੁੱਧ ਦੀ ਬਣਾਈ ਤਸਵੀਰ ਵਿੱਚ ਇਹ ਸੁਨੇਹਾ ਹੈ ਕਿ ਹਰ ਕਿਸੇ ਦਾ ਆਪੋ ਆਪਣਾ ਬੁੱਧ ਹੁੰਦਾ ਹੈ।
‘ਇਕ ਰਾਜਸੀ ਕਵਿਤਾ’ ਰਾਜਨੀਤਕ ਵਿਅਕਤੀਆਂ ਦੀ ਕੂਟਨੀਤੀ ਨੂੰ ‘ਸਤਰੰਜ ਦੀ ਖੇਡ’ ਰਾਹੀਂ ਜ਼ੁਬਾਨ ਦਿੰਦੀ ਹੋਈ ਦਰਸਾਉਂਦੀ ਹੈ ਕਿ ਆਖ਼ਰ ਨੂੰ ਗੇਮ ਖ਼ਤਮ ਹੋਣ ’ਤੇ ਇਹ ਸਭ ਇੱਕੋ ਡੱਬੇ ਵਿੱਚ ਜਾ ਟਿਕਦੇ ਹਨ। ਲੋਕਾਂ ਨੂੰ ਇਨ੍ਹਾਂ ਦੀ ਇਸ ਖਸਲਤ ਦਾ ਆਭਾਸ ਤਕ ਨਹੀਂ ਹੁੰਦਾ। ‘ਕਿਤੇ ਦੂਰ’ ਨਜ਼ਮ ਮਨਦੀਪ ਦੇ ਸਵੈ ਦੀ ਗਵਾਹੀ ਹੈ। ਇਸ ਵਿੱਚ ਬਚਪਨ ਦਾ ਨੌਸ਼ਟੈਲਜੀਆ ਹੈ। ਔਰਤ ਆਪਣੀ ਪਛਾਣ ਤੋਂ ਉਲਟ ਨਿਜਾਤ ਨਾ ਮਿਲਣ ’ਤੇ ਫਿਰ ਦੌੜਨਾ ਸ਼ੁਰੂ ਕਰ ਦਿੰਦੀ ਹੈ। ਇਸ ਵਿੱਚ ਔਰਤ ਦੀ ਪਛਾਣ ਉਸਦੀ ਆਜ਼ਾਦੀ ਦਾ ਦੂਜਾ ਨਾਂ ਹੈ:
ਹੋਰ ਵੀ ਕਈ ਥਾਈਂ ਕਤਰਾ ਕਤਰਾ ਹੋ ਕੇ
ਬਿਖਰੀ ਪਈ ਸੀ ਉਹ ਚੁੱਪ ਜਹੀ ਸਾਂਵਲੀ ਕੁੜੀ
ਰੰਗ ਬਿਰੰਗੇ ਰਿਬਨ ਪਾ ਸਾਇਕਲ ਚਲਾਉਂਦੀ
ਹਵਾ ਹੋ ਜਾਂਦੀ, ਸ਼ੂੰਅ ਕਰ ਨਿਕਲ ਜਾਂਦੀ
ਆਪਣੇ ਨਾਂ, ਵਜੂਦ ਤੇ ਕਦੇ ਕਦੇ
ਸਰੀਰ ਤੋਂ ਵੀ ਅਗਾਂਹ…।
ਆਖ਼ਰੀ ਨਜ਼ਮ ‘ਰੰਗ ਮੌਸਮ ਅਹਿਸਾਸ’ ਵਿੱਚ ਹਿਮਾਚਲੀ ਪਿਛੋਕੜ ਤੋਂ ਸ਼ੁਰੂ ਹੋ ਕੇ ਜੈਪੁਰੀ ਚੱਪਲਾਂ ਤੇ ਬਨਾਰਸੀ ਚੂੜੀਆਂ ਅਤੇ ਗੰਗਾ ਦੇ ਧਾਰਿਆਂ ਦੇ ਵੇਰਵੇ ਸਮੋਏ ਗਏ ਹਨ। ਇਸ ਨਜ਼ਮ ਵਿੱਚ ਉਹ ਅੱਖਾਂ ਮੀਚਣ ’ਤੇ ਕਿਸੇ ਮਲਾਹ ਦੀ ਹੂਕ ਸੁਣਨ ਤੇ ਘਾਟ ਦੇ ਰੌਲ਼ੇ-ਰੱਪੇ ਉਪਰੰਤ ਰੰਗਾਂ ਦੇ ਮੌਸਮ ਦੀ ਗੱਲ ਵੀ ਕਰਦੀ ਹੈ। ਉਸਦੇ ਅਹਿਸਾਸ ਹੀ ਮੌਸਮ ਹਨ ਤੇ ਇਨ੍ਹਾਂ ਅਹਿਸਾਸਾਂ ਨੂੰ ਜੀਣ ਲਈ ਰੰਗਾਂ ਨੂੰ ਜੀਣਾ ਪੈਂਦਾ ਹੈ। ਇਸ ਤਰ੍ਹਾਂ ਮਨਦੀਪ ਦੀ ਸਮੁੱਚੀ ਨਜ਼ਮੀਅਤ ਵਿੱਚ ਜ਼ਿੰਦਗੀ ਦੇ ਦਿੱਗ ਦਰਸ਼ਨ ਹੁੰਦੇ ਹਨ।

Leave a Reply

Your email address will not be published. Required fields are marked *