ਜੰਮੂ ਕਸ਼ਮੀਰ ਅਤੇ ਹਰਿਆਣਾ ਦਾ ਚੋਣ ਝਮੇਲਾ

ਸਿਆਸੀ ਹਲਚਲ ਖਬਰਾਂ

*ਰਾਜਨੀਤਿਕ ਪਾਰਟੀਆਂ ਦੀ ਵਿਚਾਰਧਾਰਕ ਵਿਲੱਖਣਤਾ ਬੇਮਾਅਨਾ ਹੋਈ
*ਕਸ਼ਮੀਰੀਆਂ ਨੂੰ ਰਾਜ ਦੇ ਦਰਜੇ ਵਾਲੀ ਵਾਪਸੀ ਦੀ ਉਮੀਦ

ਜੇ.ਐਸ. ਮਾਂਗਟ
ਹਰਿਆਣਾ ਅਸੈਂਬਲੀ ਚੋਣਾਂ ਵਿੱਚ ਰਾਜਨੀਤਿਕ ਪਾਰਟੀਆਂ ਦਾ ਵਿਚਾਰਧਾਰਕ ਦਿਵਾਲੀਆਪਣ ਸਾਹਮਣੇ ਆ ਰਿਹਾ ਹੈ। ਟਿਕਟਾਂ ਨਾ ਮਿਲਣ ਕਾਰਨ ਭਾਰਤੀ ਜਨਤਾ ਪਾਰਟੀ ਦੇ 20 ਤੋਂ ਵੱਧ ਉਮੀਦਵਾਰਾਂ ਨੇ ਪਾਰਟੀ ਛੱਡ ਦਿੱਤੀ ਹੈ। ਇਨ੍ਹਾਂ ਵਿੱਚ ਇੱਕ ਮੰਤਰੀ ਅਤੇ ਕਈ ਸਾਬਕਾ ਐਮ. ਐਲ.ਏ. ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਟਿਕਟਾਂ ਦੇ ਰੱਟੇ ਕਾਰਨ ਕੁਝ ਕਾਂਗਰਸੀ, ਆਮ ਆਦਮੀ ਪਾਰਟੀ ਅਤੇ ਕਈ ਸਥਾਨਕ ਪਾਰਟੀਆਂ ਦੇ ਲੀਡਰਾਂ ਨੇ ਵੀ ਆਪੋ-ਆਪਣੀਆਂ ਪਾਰਟੀਆਂ ਨੂੰ ਛੱਡ ਦਿੱਤਾ ਹੈ। ਇਸ ਦੌਰਾਨ ਹਰਿਆਣਾ ਭਾਜਪਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਾਫ ਕਰ ਦਿੱਤਾ ਹੈ ਕਿ ਕਿਸੇ ਵੀ ਲੀਡਰ ਤੋਂ ਅਸੈਂਬਲੀ ਟਿਕਟ ਵਾਪਸ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਉਹ ਬਾਗੀ ਹੋਏ ਭਾਜਪਾ ਆਗੂਆਂ ਨੂੰ ਮਿਲ ਕੇ ਸਮਝਾਉਣ ਅਤੇ ਠੰਡ-ਠਾਰ ਕਰਨ ਦਾ ਯਤਨ ਕਰ ਰਹੇ ਹਨ।

ਯਾਦ ਰਹੇ, ਭਾਰਤੀ ਜਨਤਾ ਪਾਰਟੀ ਨੇ ਹਰਿਆਣਾ ਅਸੈਂਬਲੀ ਚੋਣਾਂ ਲਈ 67 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਹੈ। ਉਧਰ ਕਾਂਗਰਸ ਪਾਰਟੀ ਨੇ ਆਪਣੇ 32 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਹਾਲ ਹੀ ਵਿੱਚ ਹੋਈਆਂ ਪੈਰਿਸ ਉਲੰਪਿਕ ਖੇਡਾਂ ਵਿੱਚ 100 ਗਰਾਮ ਭਾਰ ਵਧਣ ਕਾਰਨ ਫਾਈਨਲ ਖੇਡਣ ਤੋਂ ਰੋਕ ਦਿੱਤੀ ਗਈ ਵਿਨੇਸ਼ ਫੋਗਾਟ ਸ਼ਾਮਲ ਹੈ। ਪਾਰਟੀ ਵੱਲੋਂ ਫੋਗਾਟ ਨੂੰ ਪਹਿਲੀ ਲਿਸਟ ਵਿੱਚ ਅਸੈਂਬਲੀ ਚੋਣਾਂ ਲਈ ਟਿਕਟ ਦੇ ਦਿੱਤੀ ਗਈ ਹੈ ਅਤੇ ਪਹਿਲਵਾਨ ਬਜਰੰਗ ਪੂਨੀਆ ਨੂੰ ਕਾਂਗਰਸ ਦੇ ਕੌਮੀ ਕਿਸਾਨ ਵਿੰਗ ਦਾ ਚੇਅਰਮੈਨ ਬਣਾਇਆ ਗਿਆ ਹੈ।
ਇਸ ਦਰਮਿਆਨ ਭਾਜਪਾ ਦੇ ਮੈਂਬਰ ਪਾਰਲੀਮੈਂਟ ਅਤੇ ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਨੇ ਵਿਨੇਸ਼ ਫੋਗਾਟ ਸਮੇਤ ਹਰਿਆਣਾ ਦੇ ਪਹਿਲਵਾਨਾਂ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਖਿਲਾਫ ਲਾਏ ਗਏ ਜਿਣਸੀ ਸੋਸ਼ਣ ਦੇ ਦੋਸ਼ ਕਾਂਗਰਸ ਪਾਰਟੀ ਦੇ ਇਸ਼ਾਰੇ ‘ਤੇ ਲਗਾਏ ਗਏ ਸਨ। ਪਿਛਲੇ ਸਾਲ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਦਿੱਲੀ ਵਿੱਚ ਧਰਨਾ ਲਾ ਕੇ ਬੈਠੇ ਰਹੇ ਸਨ। ਉਨ੍ਹਾਂ ਵੱਲੋਂ ਮਹਿਲਾ ਪਹਿਲਵਾਨਾਂ ਨਾਲ ਭਾਰਤੀ ਰੈਸਲਿੰਗ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਵੱਲੋਂ ਕਥਿੱਤ ਤੌਰ `ਤੇ ਜਿਣਸੀ ਸੋਸ਼ਣ ਕਰਨ ਦੇ ਦੋਸ਼ ਲਗਾਏ ਗਏ ਸਨ। ਸਾਬਕਾ ਐਮ.ਪੀ. ਭੂਸ਼ਨ ਖਿਲਾਫ ਕੇਸ ਦਰਜ ਕਰਨ ਅਤੇ ਗ੍ਰਿਫਤਾਰ ਕਾਰਨ ਦੀ ਮੰਗ ਵੀ ਕੀਤੀ ਗਈ ਸੀ। ਬ੍ਰਿਜ ਭੂਸ਼ਨ ਖਿਲਾਫ ਕੇਸ ਦਰਜ ਹੋਣ ਤੋਂ ਬਾਅਦ ਵੀ ਹਰਿਆਣਵੀ ਪਹਿਲਵਾਨਾਂ ਨੇ ਧਰਨਾ ਜਾਰੀ ਰੱਖਿਆ ਸੀ, ਉਹ ਉਸ ਦੀ ਗ੍ਰਿਫਤਾਰੀ ਦੀ ਮੰਗ ‘ਤੇ ਅੜੇ ਰਹੇ। ਬਾਅਦ ਵਿੱਚ ਕੇਂਦਰ ਸਰਕਾਰ ਨੇ ਪਹਿਲਵਾਨਾਂ ਦਾ ਧਰਨਾ ਜ਼ਬਰਦਸਤੀ ਚੁੱਕ ਦਿੱਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਦੀ ਪੁਲਿਸ ਨਾਲ ਧੱਕਾ-ਮੁੱਕੀ ਵੀ ਹੋ ਗਈ ਸੀ। ਇਸੇ ਕਾਰਨ ਬ੍ਰਿਜ ਭੂਸ਼ਨ ਨੂੰ ਭਾਜਪਾ ਨੇ ਲੋਕ ਸਭਾ ਚੋਣਾਂ ਵਿੱਚ ਟਿਕਟ ਨਹੀਂ ਦਿੱਤੀ ਸੀ ਅਤੇ ਉਨ੍ਹਾਂ ਦੀ ਥਾਂ ਉਨ੍ਹਾਂ ਦਾ ਛੋਟਾ ਪੁੱਤਰ ਕਰਨ ਭੂਸ਼ਨ ਮੈਂਬਰ ਪਾਰਲੀਮੈਂਟ ਬਣਿਆ।
ਕਾਂਗਰਸ ਪਾਰਟੀ ਵੱਲੋਂ ਵਿਨੇਸ਼ ਫੋਗਾਟ ਨੂੰ ਅਸੈਂਬਲੀ ਹਲਕੇ ਝੂਲਨ ਤੋਂ ਟਿਕਟ ਦਿੱਤੀ ਗਈ ਹੈ। ਫੋਗਾਟ ਨੂੰ ਟਿਕਟ ਅਤੇ ਬਜਰੰਗ ਪੂਨੀਆ ਨੂੰ ਕਿਸਾਨ ਕਾਂਗਰਸ ਦਾ ਚੇਅਰਮੈਨ ਨਿਯੁਕਤ ਕੀਤੇ ਜਾਣ ਨਾਲ ਕਾਂਗਰਸ ਪਾਰਟੀ ਦਾ ਜਾਟ ਆਧਾਰ ਹੋਰ ਮਜ਼ਬੂਤ ਹੋਣ ਦੇ ਆਸਾਰ ਹਨ। ਯਾਦ ਰਹੇ, ਪਿਛਲੀਆਂ ਆਮ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ 5 ਅਤੇ ਭਾਜਪਾ ਨੇ 5 ਸੀਟਾਂ ਜਿੱਤੀਆਂ ਸਨ। ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ ਗਠਜੋੜ ਬਣਾ ਕੇ ਚੋਣ ਲੜੀ ਸੀ, ਪਰ ਉਸ ਨੂੰ ਕੋਈ ਸੀਟ ਪ੍ਰਾਪਤ ਨਹੀਂ ਸੀ ਹੋਈ, ਭਾਵੇਂ ਕਿ ‘ਆਪ’ ਦਾ ਵੋਟ ਸ਼ੇਅਰ ਕੁਝ ਵਧ ਗਿਆ ਸੀ। ਅਸੈਂਬਲੀ ਚੋਣਾਂ ਲਈ ‘ਆਪ’ ਅਤੇ ਕਾਂਗਰਸ ਵਿਚਕਾਰ ਗੱਠਜੋੜ ਲਈ ਹਾਲੇ ਤੱਕ ਚਰਚਾ ਜਾਰੀ ਹੈ, ਪਰ ਕਿਸੇ ਕੰਢੇ ਨਹੀਂ ਲੱਗੀ। ‘ਆਪ’ ਹਰਿਆਣਾ ਵਿਧਾਨ ਸਭਾ ਵਿੱਚ 10 ਸੀਟਾਂ ‘ਤੇ ਚੋਣ ਲੜਨ ਦੀ ਇੱਛੁਕ ਹੈ, ਜਦਕਿ ਕਾਂਗਰਸ ਦੀ ਹਰਿਆਣਾ ਲੀਡਰਸ਼ਿੱਪ ‘ਆਪ’ ਨੂੰ ਸਿਰਫ 5 ਸੀਟਾਂ ਦੇਣ ਚਾਹੁੰਦੀ ਹੈ। ਸਮਝੌਤਾ ਸਿਰੇ ਨਾ ਲੱਗਣ ‘ਤੇ ਆਪਣੀ ਨਾਰਾਜ਼ਗੀ ਜਾਹਰ ਕਰਦਿਆਂ ‘ਆਪ’ ਦੇ ਸੀਨੀਅਰ ਆਗੂ ਸੰਦੀਪ ਪਾਠਕ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਕਮਜ਼ੋਰ ਸਮਝਣ ਵਾਲੇ ਭਵਿੱਖ ਵਿੱਚ ਪਛਤਾਉਣਗੇ। ਉਧਰ ਕੇਜਰੀਵਾਲ ਦੀਆਂ ਸਮੱਸਿਆਵਾਂ ਭਾਵੇਂ ਘਟਦੀਆਂ ਵਿਖਾਈ ਨਹੀਂ ਦੇ ਰਹੀਆਂ ਹਨ ਅਤੇ ਦਿੱਲੀ ਪੁਲਿਸ, ਸੀ.ਬੀ.ਆਈ. ਅਤੇ ਕੇਂਦਰ ਸਰਕਾਰ ਵੱਲੋਂ ‘ਸ਼ਰਾਬ ਨੀਤੀ’ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਹਰ ਹੀਲੇ ਜੇਲ੍ਹ ਵਿੱਚ ਰੱਖਣ ਦੇ ਯਤਨ ਕੀਤੇ ਜਾ ਰਹੇ ਹਨ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਹਰਿਆਣਾ ਦੇ ਲੋਕਾਂ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਉਹ ‘ਹਰਿਆਣਾ ਪੁੱਤਰ’ ਕੇਜਰੀਵਾਲ ਦੀ ਪਾਰਟੀ ਨੂੰ ਹਰ ਕੀਮਤ ‘ਤੇ ਜਿਤਾਉਣ, ਤਾਂ ਕਿ ਉਨ੍ਹਾਂ ਨੂੰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਸਕੇ।
ਇਥੇ ਜ਼ਿਕਰਯੋਗ ਹੈ ਕਿ ਆਉਂਦੇ ਦਿਨਾਂ ਵਿੱਚ ਜੰਮੂ ਕਸ਼ਮੀਰ ਵਿੱਚ ਵੀ ਅਸੈਂਬਲੀ ਚੋਣਾਂ ਕਰਵਾਈਆਂ ਜਾਣੀਆਂ ਹਨ। ਜੰਮੂ ਕਸ਼ਮੀਰ ਵਿੱਚ ਤਿੰਨ ਗੇੜਾਂ ਵਿੱਚ 18 ਤੇ 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਾਂ ਪੈਣਗੀਆਂ, ਜਦਕਿ ਹਰਿਆਣਾ ਵਿੱਚ 5 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ। ਦੋਹਾਂ ਰਾਜਾਂ ਦੇ ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ। ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਵੀ ਇਸੇ ਵਰ੍ਹੇ ਚੋਣਾਂ ਹੋਣੀਆਂ ਹਨ, ਸਰਕਾਰ ਅਨੁਸਾਰ ਜੰਮੂ ਕਸ਼ਮੀਰ ਵਿੱਚ ਸੁਰੱਖਿਆ ਜ਼ਿੰਮੇਵਾਰੀਆਂ ਦੇ ਮੱਦੇਨਜ਼ਰ ਇਨ੍ਹਾਂ ਦੋਹਾਂ ਰਾਜਾਂ ਵਿੱਚ ਅਸੈਂਬਲੀ ਚੋਣਾਂ ਦੀਆਂ ਤਰੀਕਾਂ ਅਲੱਗ ਤੋਂ ਐਲਾਨੀਆਂ ਜਾਣਗੀਆਂ।
ਇੱਥੇ ਇਹ ਜ਼ਿਕਰ ਕਰਨਾ ਵੀ ਕੁਥਾਂ ਨਹੀਂ ਹੋਏਗਾ ਕਿ ਜੰਮੂ ਕਸ਼ਮੀਰ ਵਿੱਚ ਤਕਰੀਬਨ 10 ਸਾਲ ਬਾਅਦ ਚੋਣਾਂ ਕਰਵਾਈਆਂ ਜਾ ਰਹੀਆਂ ਹਨ। 2018 ਵਿੱਚ ਮਹਿਬੂਬਾ ਮੁਫਤੀ ਦੀ ਅਗਵਾਈ ਵਾਲੀ ਪੀ.ਡੀ.ਪੀ. ਅਤੇ ਭਾਜਪਾ ਦੀ ਸਰਕਾਰ ਡਿੱਗ ਜਾਣ ਤੋਂ ਬਾਅਦ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ। ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਕੇਂਦਰ ਸਰਕਾਰ ਵੱਲੋਂ ਮਨਸੂਖ ਕਰ ਦਿੱਤੀ ਗਈ ਸੀ। ਜੰਮੂ ਅਤੇ ਕਸ਼ਮੀਰ ਨੂੰ ਰਾਜ ਦੀ ਥਾਂ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦਾ ਹਿੱਸਾ ਰਹੇ ਲੱਦਾਖ ਨੂੰ ਇੱਕ ਵੱਖਰੀ ਯੂਨੀਅਨ ਟੈਰੇਟਰੀ ਬਣਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਜੰਮੂ ਕਸ਼ਮੀਰ ਵਿੱਚ ਉਠੇ ਵਿਰੋਧ ਨੂੰ ਦਬਾਉਣ ਲਈ ਲੰਮਾ ਸਮਾਂ ਕਰਫਿਊ ਲੱਗਿਆ ਰਿਹਾ। ਇਸ ਖਿੱਤੇ ਨੂੰ ਇੰਟਰਨੈਟ ਸੇਵਾਵਾਂ ਤੋਂ ਮਹਿਰੂਮ ਰੱਖਿਆ ਗਿਆ, ਜਿਸ ਬਾਰੇ ਕੌਮਾਂਤਰੀ ਭਾਈਚਾਰੇ ਵਿੱਚ ਵੀ ਵਿਰੋਧ ਦੀਆਂ ਆਵਾਜ਼ਾਂ ਉਠੀਆਂ ਸਨ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਵੱਲੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਸਨ। ਹੁਣ ਇਹ ਆਸ ਕੀਤੀ ਜਾ ਰਹੀ ਹੈ ਕਿ ਤਾਜ਼ਾ ਅਸੈਂਬਲੀ ਚੋਣਾਂ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਇੱਕ ਵੱਖ ਰਾਜ ਦਾ ਦਰਜਾ ਮੁੜ ਦੇ ਦਿੱਤਾ ਜਾਵੇਗਾ। ਚੋਣ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦੇ ਚੋਣ ਹਲਕਿਆਂ ਦੀ ਮੁੜ ਵਿਉਂਤਬੰਦੀ ਕਰ ਦਿੱਤੀ ਗਈ ਹੈ। 370 ਧਾਰਾ ਰੱਦ ਕਰਨ ਤੋਂ ਪਹਿਲਾਂ ਜੰਮੂ ਕਸ਼ਮੀਰ ਦੀ ਕੁੱਲ ਅਸੈਂਬਲੀ ਸੀਟਾਂ 83 ਸਨ, ਜਦਕਿ ਹੁਣ ਇਹ ਵਧਾ ਕੇ 90 ਕਰ ਦਿੱਤੀਆਂ ਗਈਆਂ ਹਨ। ਜੰਮੂ ਖੇਤਰ ਦੀਆਂ ਸੀਟਾਂ 37 ਤੋਂ ਵਧਾ ਕੇ 43 ਕਰ ਦਿੱਤੀਆਂ ਗਈਆਂ ਹਨ, ਜਦਕਿ ਕਸ਼ਮੀਰ ਵਾਦੀ ਦੀਆਂ 46 ਤੋਂ 47 ਕਰ ਦਿੱਤੀਆਂ ਗਈਆਂ ਹਨ।
ਲੱਦਾਖ, ਜਿਸ ਨੂੰ ਕਿ ਵੱਖਰੀ ਯੂਨੀਅਨ ਟੈਰੇਟਰੀ ਦਾ ਦਰਜਾ ਦੇ ਦਿੱਤਾ ਗਿਆ ਹੈ, ਉਸ ਦੀਆਂ 4 ਅਸੈਂਬਲੀ ਸੀਟਾਂ ਹਨ। ਇਸ ਵਾਰ ਜੰਮੂ ਕਸ਼ਮੀਰ ਵਿੱਚ ਨੈਸ਼ਨਲ ਕਾਨਫਰੰਸ ਨੇ ਕਾਂਗਰਸ ਪਾਰਟੀ ਨਾਲ ਚੋਣ ਸਮਝੌਤਾ ਕੀਤਾ ਹੈ, ਜਦਕਿ ਪੀਪਲ ਡੈਮੋਕਰੇਟਿਕ ਪਾਰਟੀ ਅਤੇ ਭਾਜਪਾ ਵੱਖੋ-ਵੱਖ ਚੋਣਾਂ ਲੜ ਰਹੀਆਂ ਹਨ। ਇਸ ਤਰ੍ਹਾਂ ਇੱਥੇ ਤਿੰਨ ਕੋਣਾ ਮੁਕਾਬਲਾ ਹੋਣ ਦੇ ਆਸਾਰ ਹਨ। ਕਈ ਸੀਟਾਂ ਉਪਰ ਕਸ਼ਮੀਰੀ ਰੈਡੀਕਲ ਧਿਰਾਂ ਅਤੇ ਆਜ਼ਾਦ ਉਮੀਦਵਾਰ ਮੁਕਾਬਲਿਆਂ ਨੂੰ ਚਾਰ ਕੋਣਾ ਬਣਾ ਸਕਦੇ ਹਨ। ਇਸ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪਸ਼ਟ ਕੀਤਾ ਹੈ ਕਿ ਧਾਰਾ 370 ਹੁਣ ਕਦੀ ਵਾਪਸ ਨਹੀਂ ਆਵੇਗੀ। ਇਹ ਇਤਿਹਾਸ ਬਣ ਗਈ ਹੈ। ਯਾਦ ਰਹੇ, ਕੁਝ ਕਸ਼ਮੀਰੀ ਰੈਡੀਕਲ ਗਰੁੱਪ ਅਤੇ ਕਸ਼ਮੀਰ ਆਧਾਰਤ ਸਿਆਸੀ ਪਾਰਟੀਆਂ ਧਾਰਾ 370 ਵਾਪਸ ਲਾਗੂ ਕਰਨ ਦੀ ਮੰਗ ਕਰ ਰਹੀਆਂ ਹਨ।

Leave a Reply

Your email address will not be published. Required fields are marked *