*ਪੰਜ ਜਿਲਿ੍ਹਆਂ ਵਿੱਚ ਇੰਟਰਨੈਟ ਸੇਵਾਂਵਾਂ ਬੰਦ
*ਇੰਫਾਲ ਦੇ ਪੂਰਬੀ ਤੇ ਪੱਛਮੀ ਖੇਤਰਾਂ ਵਿੱਚ ਕਰਫਿਊ ਲਗਾਇਆ
ਜਸਵੀਰ ਸਿੰਘ ਮਾਂਗਟ
ਕੁੱਕੀ ਅਤੇ ਮੇਤੀ- ਦੋ ਭਾਈਚਾਰਿਆਂ ਵਿਚਕਾਰ ਇਸੇ ਵਰੇ੍ਹ ਮਈ ਮਹੀਨੇ ਵਿੱਚ ਸ਼ੁਰੂ ਹੋਈ ਹਿੰਸਾ ਕੁਝ ਸਮਾਂ ਦਬ ਜਾਣ ਤੋਂ ਬਾਅਦ ਇੱਕ ਵਾਰ ਫਿਰ ਭੜਕ ਉੱਠੀ ਹੈ। ਬੀਤੇ 10 ਦਿਨਾਂ ਤੋਂ ਇਸ ਅੱਗ ਨੇ ਫਿਰ ਸੁਲਘਣਾ ਸ਼ੁਰੂ ਕਰ ਦਿੱਤਾ ਹੈ। ਹਿੰਸਾ ਦੇ ਇਸ ਦੂਜੇ ਦੌਰ ਵਿੱਚ ਮਨੀਪੁਰ ਵਿੱਚ 10 ਤੋਂ ਵੱਧ ਵਿਅਕਤੀ ਮਾਰੇ ਗਏ ਹਨ ਅਤੇ ਇੰਫਾਲ ਵਿੱਚ ਰਾਜ ਭਵਨ ਵੱਲ ਮਾਰਚ ਕਰਦੇ ਮੇਤੀ ਭਾਈਚਾਰੇ ਦੇ 40 ਵਿਅਕਤੀ ਜ਼ਖਮੀ ਹੋ ਗਏ ਹਨ। ਇਸ ਨਸਲੀ ਹਿੰਸਾ ਵਿੱਚ ਹੁਣ ਤੱਕ 235 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ।
ਤਾਜ਼ਾ ਹਿੰਸਾ ਦੇ ਭੜਕਣ ਤੋਂ ਬਾਅਦ ਮਨੀਪੁਰ ਦੇ 5 ਜਿਲਿ੍ਹਆਂ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਜ਼ਿਲਿ੍ਹਆਂ ਵਿੱਚ ਵਿੱਦਿਅਕ ਸੰਸਥਾਵਾਂ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਮਨੀਪੁਰ ਦੀ ਰਾਜਧਾਨੀ ਇੰਫਾਲ ਦੇ ਪੂਰਬੀ, ਪੱਛਮੀ ਖੇਤਰਾਂ ਅਤੇ ਕੁਝ ਹੋਰ ਹਿੱਸਿਆਂ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ। ਸੰਕਟਮਈ ਸਥਿਤੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ਨੇ ਸੀ.ਆਰ.ਪੀ.ਐਫ. ਦੀਆਂ ਦੋ ਹੋਰ ਬਟਾਲੀਅਨਾਂ ਮਨੀਪੁਰ ਭੇਜੀਆਂ ਹਨ। ਇਸ ਤੋਂ ਇਲਾਵਾ ਅਸਾਮ ਰਾਈਫਲਜ਼ ਦੀ ਇੱਕ ਬਟਾਲੀਅਨ ਨੂੰ ਵਾਪਸ ਬੁਲਾ ਲਿਆ ਗਿਆ। ਯਾਦ ਰਹੇ, ਮਨੀਪੁਰ ਦੇ ਪਹਾੜੀ ਖੇਤਰਾਂ ਵਿੱਚ ਮੁੱਖ ਤੌਰ ‘ਤੇ ਕੁੱਕੀ ਕਬੀਲੇ ਦੇ ਲੋਕ ਵੱਸਦੇ ਹਨ, ਇਹ ਇਸਾਈ ਧਰਮ ਨਾਲ ਸੰਬੰਧ ਰੱਖਦੇ ਹਨ, ਜਦਕਿ ਮੇਤੀ ਭਾਈਚਾਰਾ ਬਹੁਗਿਣਤੀ ਵਿੱਚ ਹੈ ਅਤੇ ਹਿੰਦੂ ਧਰਮ ਨਾਲ ਸੰਬੰਧ ਰੱਖਦਾ ਹੈ। ਕੁੱਕੀ ਤੇ ਹੋਰ ਘੱਟ ਗਿਣਤੀਆਂ ਦੀ ਵੱਸੋਂ ਪਹਾੜੀ ਖੇਤਰਾਂ ਵਿੱਚ ਹੈ ਅਤੇ ਮੇਤੀ ਭਾਈਚਾਰੇ ਦੀ ਰਾਜਧਾਨੀ ਇੰਫਾਲ ਦੇ ਇਰਦ-ਗਿਰਦ ਵੱਸੋਂ ਹੈ। ਕਿਸੇ ਸਮੇਂ ਮਨੀਪੁਰ ਆਪਣੀ ਸਾਬਤ ਪਛਾਣ ਲਈ ਲੜਿਆ ਕਰਦਾ ਸੀ, ਪਰ 2014 ਵਿੱਚ ਭਾਜਪਾ ਸਰਕਾਰ ਆਉਣ ਤੋਂ ਬਾਅਦ ਉਹੀ ਮਨੀਪੁਰ ਧਾਰਮਿਕ ਫਿਰਕਿਆਂ ਵਿੱਚ ਵੰਡਿਆ ਗਿਆ ਹੈ। ਇਹ ਵੰਡ ਇੰਨੀ ਡੂੰਘੀ ਹੋ ਗਈ ਹੈ ਕਿ ਸਰਕਾਰ ਨੇ ਦੋਹਾਂ ਭਾਈਚਾਰਿਆਂ ਵਿਚਕਾਰ ਅਮਨ-ਅਮਾਨ ਰੱਖਣ ਲਈ ਇੱਕ ਬਫ਼ਰ ਜੋLਨ ਬਣਾ ਦਿੱਤਾ ਹੈ।
ਮੇਤੀ ਭਾਈਚਾਰੇ ਦੇ ਆਗੂਆਂ ਅਨੁਸਾਰ ਤਾਜ਼ਾ ਹਿੰਸਾ ਦਾ ਦੌਰ ਉਦੋਂ ਸ਼ੁਰੂ ਹੋਇਆ, ਜਦੋਂ ਕੁੱਕੀ ਕਬੀਲੇ ਨਾਲ ਸੰਬੰਧਤ ਖਾੜਕੂਆਂ ਵਲੋਂ ਮਿਜ਼ਾਈਲਾਂ ਅਤੇ ਡਰੋਨਾ ਨਾਲ ਧਮਾਕੇ ਕਰਨ ਦਾ ਅਮਲ ਸ਼ੁਰੂ ਕੀਤਾ। ਇਸ ਪੱਖ ਤੋਂ ਮਨੀਪੁਰ ਹਿੰਸਾ ਵਿੱਚ ਇਹ ਨਵਾਂ ਦੌਰ ਹੈ, ਜਿਸ ਵਿੱਚ ਹਾਈਟੈਕ ਹਥਿਆਰਾਂ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ ਹੈ। ਮਨੀਪੁਰ ਦੀ ਸਰਹੱਦ ਮਿਆਮਾਰ (ਬਰ੍ਹਮਾ) ਨਾਲ ਲਗਦੀ ਹੈ। ਸਰਕਾਰ ਦੀ ਦਲੀਲ ਹੈ ਕਿ ਮਿਆਮਾਰ ਦੀ ਫੌਜੀ ਹਕੂਮਤ ਚੀਨ ਦੇ ਪ੍ਰਭਾਵ ਹੇਠ ਹੈ ਅਤੇ ਉਸ ਪਾਸਿਉਂ ਕੁੱਕੀ ਖਾੜਕੂਆਂ ਨੂੰ ਹਥਿਆਰ ਦੀ ਸਪਲਾਈ ਤੇ ਨਸ਼ੇ ਦੀ ਸਮਗਲਿੰਗ ਹੁੰਦੀ ਹੈ। ਉਧਰ ਫੌਜ ਵੱਲੋਂ ਮਿਆਮਾਰ ਵਿੱਚ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਮਿਲਟਰੀ ਹਕੂਮਤ ਖਿਲਾਫ ਹਥਿਆਰਬੰਦ ਸੰਘਰਸ਼ ਚੱਲ ਰਿਹਾ ਹੈ।
ਮਨੀਪੁਰ ਵਿੱਚ ਮੁੱਖ ਮੰਤਰੀ ਬਿਰੇਨ ਸਿੰਘ ਦੀ ਅਗਵਾਈ ਵਿੱਚ ਭਾਰਤੀ ਜਨਤਾ ਪਾਰਟੀ ਦੀ ਹੀ ਸਰਕਾਰ ਹੈ। ਇੱਕ ਹਿਸਾਬ ਨਾਲ ਇਹ ਡਬਲ ਇੰਜਣ ਦੀ ਸਰਕਾਰ ਹੀ ਹੈ; ਪਰ ਹਿੰਸਾ ਅਤੇ ਦੁਫੇੜ ਦੀ ਹਾਲਤ ਇਹ ਹੋ ਗਈ ਹੈ ਕਿ ਮਾਮਲੇ ਨੂੰ ਨਜਿੱਠਣ ਵਿੱਚ ਕੇਂਦਰ ਸਰਕਾਰ ਤੇ ਮੁੱਖ ਮੰਤਰੀ ਵਿਚਕਾਰ ਵੀ ਮੱਤਭੇਦ ਬਣਨੇ ਸ਼ੁਰੂ ਹੋ ਗਏ ਹਨ। ਰਾਜ ਵਿੱਚ ਆਮ ਵਰਗੇ ਹਾਲਾਤ ਬਹਾਲ ਕੀਤੇ ਜਾਣ ਲਈ ਰਿਟਾਇਰ ਪੁਲਿਸ ਅਫਸਰ ਕੁਲਦੀਪ ਸਿੰਘ ਨੂੰ ਕੇਂਦਰ ਵੱਲੋਂ 31 ਮਈ ਨੂੰ ਵੱਖ-ਵੱਖ ਸੁਰੱਖਿਆ ਏਜੰਸੀਆਂ ਦੀ ਸਾਂਝੀ (ਯੂਨੀਫਾਈਡ) ਕਮਾਂਡ ਦਾ ਮੁੱਖੀ ਨਿਯੁਕਤ ਕੀਤਾ ਗਿਆ। ਇਸ ਤਰ੍ਹਾਂ ਰਾਜ ਵਿੱਚ ਸੁਰੱਖਿਆ ਦਸਤਿਆਂ ਦੇ ਉਪਰੇਸ਼ਨਾਂ ਦੀ ਕਮਾਂਡ ਕੇਂਦਰੀ ਗ੍ਰਹਿ ਮੰਤਰਾਲੇ ਅਧੀਨ ਹੈ। ਪਿਛਲੇ ਕੁਝ ਦਿਨਾਂ ਤੋਂ ਮਨੀਪੁਰ ਦੇ ਮੁੱਖ ਮੰਤਰੀ ਆਖ ਰਹੇ ਹਨ ਕਿ ਯੂਨੀਫਾਈਡ ਕਮਾਂਡ ਰਾਜ ਸਰਕਾਰ ਦੇ ਹੱਥ ਦਿੱਤੀ ਜਾਣੀ ਚਾਹੀਦੀ ਹੈ। ਇਹ ਕੇਂਦਰ ਸਰਕਾਰ ਕੋਲ ਹੋਣ ਕਾਰਨ ਹੀ ਮਨੀਪੁਰ ਵਿੱਚ ਹਿੰਸਾ ਦਾ ਕਾਲ ਚੱਕਰ ਖਤਮ ਨਹੀਂ ਹੋ ਰਿਹਾ। ਇਸ ਤੋਂ ਵੀ ਅੱਗੇ ਵੱਖ-ਵੱਖ ਪੁਲਿਸ ਫੋਰਸਾਂ ਦਾ ਰਵੱਈਆ ਵੀ ਫਿਰਕਿਆਂ ਦੀ ਵੰਡ ਦਾ ਸ਼ਿਕਾਰ ਹੋ ਗਿਆ ਹੈ। ਜਿੱਥੇ ਕੁੱਕੀ ਕਬੀਲੇ ਦੇ ਲੋਕ ਅਸਾਮ ਰਾਈਫਲਜ਼ ਦੀ ਤਾਇਨਾਤੀ ਨੂੰ ਜਾਰੀ ਰੱਖਣ ਦੀ ਮੰਗ ਕਰ ਰਹੇ ਹਨ, ਉਥੇ ਬਹੁਗਿਣਤੀ ਮੇਤੀ ਭਾਈਚਾਰਾ ਅਸਾਮ ਰਾਈਫਲਜ਼ ਨਾਲ ਸੰਬੰਧਤ ਸੁਰੱਖਿਆ ਦਸਤਿਆਂ ਨੂੰ ਰਾਜ ਵਿੱਚੋਂ ਬਾਹਰ ਕੱਢਣ ਦੀ ਮੰਗ ਕਰ ਰਿਹਾ ਹੈ। ਕੁੱਕੀ ਭਾਈਚਾਰੇ ਦੇ ਲੋਕ ਮਨੀਪੁਰ ਪੁਲਿਸ ‘ਤੇ ਦੋਸ਼ ਲਾਉਂਦੇ ਹਨ ਕਿ ਉਹ ਮੇਤੀ ਭਾਈਚਾਰੇ ਦਾ ਪੱਖ ਪੂਰ ਰਹੀ ਹੈ ਅਤੇ ਉਨ੍ਹਾਂ ਨਾਲ ਵਿਤਕਰਾ ਕਰਦੀ ਹੈ।
ਯਾਦ ਰਹੇ, ਬੀਤੀ 3 ਮਈ ਨੂੰ ਮਨੀਪੁਰ ਦੇ ਥੋਬਾਲ ਜ਼ਿਲ੍ਹੇ ਦੇ ਚੂਰਚਾਂਦਪੁਰ ਵਿੱਚ ਕੁੱਕੀ ਅਤੇ ਜੋਮੀ ਕਬੀਲੇ ਦੀਆਂ ਦੋ ਔਰਤਾਂ ਨੂੰ ਭੀੜ ਸਾਹਮਣੇ ਨੰਗਿਆਂ ਕਰਕੇ ਪਰੇਡ ਕਰਨ ਲਈ ਮਜਬੂਰ ਕੀਤਾ ਗਿਆ ਸੀ। ਇਸ ਬਾਰੇ ਕੀਤੀ ਗਈ ਪੜਤਾਲ ਵਿੱਚ ਸਾਹਮਣੇ ਆਇਆ ਸੀ ਕਿ ਇਸ ਮਾਮਲੇ ਨਾਲ ਸੰਬੰਧਤ ਦੋ ਕਥਿਤ ਦੋਸ਼ੀਆਂ ਨੇ ਮਨੀਪੁਰ ਪੁਲਿਸ ਦੀ ਜਿਪਸੀ ਵਿੱਚ ਬੈਠ ਕੇ ਖਿਸਕਣ ਦਾ ਯਤਨ ਕੀਤਾ ਸੀ। ਇਸ ਮੁੱਦੇ ‘ਤੇ ਕਾਂਗਰਸ ਪਾਰਟੀ ਖਾਸ ਕਰਕੇ ਰਾਹੁਲ ਗਾਂਧੀ ਨੇ ਜ਼ੋਰ ਨਾਲ ਅਵਾਜ਼ ਚੁੱਕੀ ਅਤੇ ਪ੍ਰਧਾਨ ਮੰਤਰੀ ਨੂੰ ਲੋਕ ਸਭਾ ਵਿੱਚ ਬਿਅਨ ਦੇਣ ਲਈ ਜ਼ੋਰ ਪਾਇਆ ਸੀ; ਪਰ ਪ੍ਰਧਾਨ ਮੰਤਰੀ ਵੱਲੋਂ ਇਸ ਮਸਲੇ ‘ਤੇ ਲਗਾਤਾਰ ਚੁੱਪ ਵੱਟੀ ਰੱਖੀ ਗਈ। ਅੰਤ ਵਿਰੋਧੀ ਧਿਰਾਂ ਨੇ ਸਰਕਾਰ ਵਿਰੁਧ ਅਵਿਸ਼ਵਾਸ ਮਤਾ ਲਿਆ ਕੇ ਪ੍ਰਧਾਨ ਮੰਤਰੀ ਨੂੰ ਮਨੀਪੁਰ ‘ਤੇ ਬੋਲਣ ਲਈ ਮਜਬੂਰ ਕੀਤਾ। ਅਵਿਸ਼ਵਾਸ ਮਤੇ ਦਾ ਰੱਦ ਹੋਣਾ ਤਾਂ ਤੈਅ ਹੀ ਸੀ, ਪਰ ਪ੍ਰਧਾਨ ਮੰਤਰੀ ਨੇ ਅਵਿਸ਼ਵਾਸ ਮਤੇ ‘ਤੇ ਬੋਲਦਿਆਂ ਵੀ ਮਨੀਪੁਰ ਦਾ ਕੁਝ ਮਿੰਟ ਲਈ ਰਸਮੀ ਜ਼ਿਕਰ ਹੀ ਕੀਤਾ। ਯੂਰਪੀਅਨ ਪਾਰਲੀਮੈਂਟ ਵਿੱਚ ਇਸ ਮਸਲੇ ਨੂੰ ਲੈ ਕੇ ਚਰਚਾ ਹੁੰਦੀ ਰਹੀ ਅਤੇ ਇਸ ਕਾਰਨ ਇਸ ਮਸਲੇ ਦਾ ਕੌਮਾਂਤਰੀਕਰਣ ਹੋ ਗਿਆ ਸੀ।
ਮਨੀਪੁਰ ਕਲੇਸ਼ ਵਿੱਚ ਘੱਟਗਿਣਤੀ ਕੁੱਕੀ ਭਾਈਚਾਰੇ ਦੀ ਸ਼ਾਮੂਲੀਅਤ ਹੋਣ ਕਾਰਨ ਪੱਛਮ ਦੇ ਕੁਝ ਮਨੁੱਖੀ ਅਧਿਕਾਰ ਸੰਗਠਨਾਂ ਨੇ ਵੀ ਇਸ ਹਿੰਸਾ ‘ਤੇ ਚਿੰਤਾ ਪਰਗਟ ਕੀਤੀ ਹੈ। ਬੀਤੇ ਮੰਗਲਵਾਰ ਇੰਫਾਲ ਰਾਜ ਭਵਨ ਵੱਲ ਮੇਤੀ ਲੋਕਾਂ ਅਤੇ ਵਿਦਿਆਰਥੀਆਂ ਦੀ ਵੱਡੀ ਭੀੜ ਵੱਲੋਂ ਮਾਰਚ ਕੀਤਾ ਗਿਆ। ਲੋਕ ਰਾਜ ਦੇ ਪੁਲਿਸ ਮੁਖੀ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ਦੌਰਾਨ ਪੁਲਿਸ ਨੇ ਭੀੜ ਨੂੰ ਰੋਕਣ ਲਈ ਪਾਣੀ ਦੀਆਂ ਬੁਛਾੜਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ। ਇਸ ਪ੍ਰਦਰਸ਼ਨ ਦੌਰਾਨ ਕੀਤੀ ਗਈ ਕਾਰਵਾਈ ਵਿੱਚ 44 ਵਿਅਕਤੀ ਜ਼ਖਮੀ ਹੋ ਗਏ ਹਨ। ਵਿਦਿਆਰਥੀਆਂ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ ਕਿ ਰਾਜ ਸਰਕਾਰ ਹਿੰਸਾ ਨੂੰ ਰੋਕਣ ਵਿੱਚ ਫੇਲ੍ਹ ਹੋ ਚੁੱਕੀ ਹੈ। ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਕੇਂਦਰ ਅਤੇ ਰਾਜ ਸਰਕਾਰ ਕਿਤੇ ਵੀ ਵਿਖਾਈ ਨਹੀਂ ਦਿੰਦੀ। ਇਸ ਦੌਰਾਨ ਇਹ ਅਫਵਾਹ ਵੀ ਫੈਲ ਗਈ ਕਿ ਪੁਲਿਸ ਵੱਲੋਂ ਕੀਤੀ ਫਾਇਰਿੰਗ ਨਾਲ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਪਰ ਬਾਅਦ ਵਿੱਚ ਪਤਾ ਲੱਗਾ ਕਿ ਵਿਦਿਆਰਥੀ ਦੀ ਮੌਤ ਓਵਰ ਬ੍ਰਿੱਜ ਤੋਂ ਡਿੱਗ ਜਾਣ ਕਾਰਨ ਹੋਈ ਹੈ।
ਕਾਂਗਰਸ ਪਾਰਟੀ ਦੇ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਕਿ ਮਨੀਪੁਰ ਵਿੱਚ ਡਬਲ ਇੰਜਣ ਦੀ ਸਰਕਾਰ ਫੇਲ੍ਹ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਵਿੱਚ ਫੈਲੀ ਹਿੰਸਾ ਅਤੇ ਨਫਰਤ ਦਾ ਮਾਹੌਲ ਭਾਰਤੀ ਜਨਤਾ ਪਾਰਟੀ ਦੀ ਫਿਰਕਾਪ੍ਰਸਤ ਨੀਤੀ ਦਾ ਸਿੱਟਾ ਹੈ, ਜਿਸ ਵਿੱਚ ਦੇਸ਼ ਦੇ ਬਹੁਗਿਣਤੀ ਧਾਰਮਿਕ ਭਾਈਚਾਰੇ ਨੂੰ ਘੱਟਗਿਣਤੀਆਂ ਦੇ ਖਿਲਾਫ ਖੜ੍ਹਾ ਕੀਤਾ ਜਾ ਰਿਹਾ ਹੈ। ਕੁਝ ਹੋਰ ਵਿਰੋਧੀ ਪਾਰਟੀਆਂ ਨੇ ਵੀ ਕੇਂਦਰ ਸਰਕਾਰ ਨੂੰ ਮਨੀਪੁਰ ਵਿੱਚ ਫੌਰੀ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਆਖਣਾ ਹੈ ਕਿ ਬੰਗਾਲ ਵਾਂਗ ਜਿਥੇ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਹਨ, ਉਥੇ ਕੇਂਦਰ ਸਰਕਾਰ ਬੜੀ ਜਲਦੀ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਗੱਲਾਂ ਕਰਨ ਲਗਦੀ ਹੈ, ਪਰ ਮਨੀਪੁਰ ਦੇਰ ਤੋਂ ਹਿੰਸਾ ਦੀ ਲਪੇਟ ਵਿੱਚ ਹੈ, ਇੱਥੇ ਨਾ ਤੇ ਕੇਂਦਰ ਅਤੇ ਨਾ ਹੀ ਰਾਜ ਸਰਕਾਰ ਕੁਝ ਕਰ ਪਾ ਰਹੀ ਹੈ।