ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼
ਬਲਵਿੰਦਰ ਬਾਲਮ ਗੁਰਦਾਸਪੁਰ
ਫੋਨ: +91-9815625409
(ਕਿਸ਼ਤ ਪਹਿਲੀ)
ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਕੁਦਰਤ ਦਾ ਖੂਬਸੂਰਤ ਵਰਣਨ ਮਾਨਵਤਾ ਲਈ ਪ੍ਰਤੀਕਾਤਮਿਕ ਸੰਦੇਸ਼ ਹੈ। ਗੁਰੂ ਜੀ ਨੇ ਮਾਨਵਤਾ ਨੂੰ ਸਿੱਧੇ ਰਸਤੇ ਪਾਉਣ ਲਈ ਅਧਿਆਤਮਿਕਤਾ ਦੇ ਸੱਚੇ ਰਸਤੇ ਉਪਰ ਚੱਲਣ ਲਈ ਸ਼ਬਦਾਂ ਦੇ ਰੂਪ ਵਿੱਚ ਬਾਣੀ ਦੀ ਖੋਜ ਕੀਤੀ ਹੈ। ਕਵੀ ਬਾਬੇ ਨਾਨਕ ਨੇ ਆਪਣੀ ਕਵਿਤਾ ਵਿੱਚ (ਬਾਣੀ ਵਿੱਚ) ਅਨੇਕਾਂ ਹੀ ਛੋਟੀਆਂ-ਵੱਡੀਆਂ ਬਹਿਰਾਂ (ਵਜ਼ਨ) ਦਾ ਪ੍ਰਯੋਗ ਕੀਤਾ ਹੈ। ਇਹ ਬਹਿਰਾਂ ਉਨ੍ਹਾਂ ਦੇ ਹਿਰਦੇ `ਚੋਂ ਆਪਣੇ ਆਪ ਵਾਹਿਗੁਰੂ ਦੀ ਦਾਤ ਬਣ ਕੇ ਉਤਰੀਆਂ| ਬਾਬੇ ਨਾਨਕ ਨੇ ਧੁਰੋਂ ਉਤਰੀ ਬਾਣੀ ਨੂੰ ਆਪਣੇ ਸ਼ਬਦਾਂ ਵਿੱਚ ਪਰੋ ਕੇ ਮਾਨਵਤਾ ਲਈ ਸੂਰਜਤਾ ਪੈਦਾ ਕੀਤੀ ਹੈ।
ਆਪਣੀ ਬਾਣੀ ਵਿੱਚ ਗੁਰੂ ਜੀ ਨੇ ਏਨੀਆਂ ਬਹਿਰਾਂ ਦਾ ਪ੍ਰਯੋਗ ਕੀਤਾ ਹੈ, ਜਿਨ੍ਹਾਂ ਦਾ ਜ਼ਿਕਰ ਹੋਰ ਕਿਸੇ ਗ੍ਰੰਥ ਵਿੱਚ ਨਹੀਂ ਮਿਲਦਾ। ਉਨ੍ਹਾਂ ਜੋ ਕੁਝ ਅੱਖੀਂ ਵੇਖਿਆ, ਉਸਨੂੰ ਆਪਣੀ ਅੱਖਰ ਜਨਨੀ ਵਿੱਚ ਪਰੋ ਕੇ ਖੂਬਸੂਰਤ ਐਨ ਢੁਕਦੇ ਬਿੰਬਾਂ, ਪ੍ਰਤੀਕਾਂ ਰਾਹੀਂ ਸਮਾਜ ਅੱਗੇ ਪੇਸ਼ ਕੀਤਾ। ਜੇ ਅਤਿ ਮੁਸ਼ਕਿਲ ਅਤੇ ਆਸਾਨ ਬਹਿਰਾਂ ਦੀ ਜਾਣਕਾਰੀ ਲੈਣੀ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਿਆ, ਘੋਖਿਆ ਜਾਵੇ|
ਕਵੀ ਬਾਬੇ ਨਾਨਕ ਨੇ ਆਪਣੀ ਬਾਣੀ ਵਿੱਚ ਕੁਦਰਤ ਅਤੇ ਸ੍ਰਿਸ਼ਟੀ ਦੇ ਕਣ-ਕਣ ਉਪਰ ਲਿਖਿਆ ਹੈ, ਪਰ ਅਸੀਂ ਇੱਥੇ ਸਿਰਫ਼ ਰੁੱਖ, ਮੌਸਮ, ਵਾਤਾਵਰਣ (ਕੁਦਰਤ) ਦੇ ਮਨਮੋਹਣੇ ਸੰਦੇਸ਼ਮਈ ਅਲੰਕਾਰਾਂ, ਪ੍ਰਤੀਕਾਂ, ਬਿੰਬਾਂ ਦਾ ਹੀ ਉਲੇਖ ਕੀਤਾ ਹੈ। ਜਿਸ ਖੂਬਸੂਰਤੀ ਅਤੇ ਅਧਿਆਤਮਿਕ ਸੱਚਖੰਡ ਦੀ ਸ਼ਕਤੀ ਨਾਲ ਬਾਣੀ ਲਿਖ ਕੇ ਮਾਨਵਤਾ ਨੂੰ ਜ਼ਿੰਦਗੀ ਦੇ ਸਹੀ ਅਰਥ ਸਮਝਾ ਦਿੱਤੇ ਹਨ| ਗੁਰੂ ਜੀ ਆਖਦੇ ਹਨ, “ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥ ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥ ਕੁਦਰਤਿ ਖਾਣਾ ਪੀਣਾ ਪੈਨਣੁ ਕੁਦਰਤਿ ਸਰਬ ਪਿਆਰੁ॥ ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥ ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥ ਕੁਦਰਤਿ ਪਾਉਣੁ ਪਾਣੀ ਬੈਸੰਤਰ ਕੁਦਰਤਿ ਧਰਤੀ ਖਾਕੁ॥ ਸਭ ਤੇਰੀ ਕੁਦਰਤਿ ਤੂੰ ਕਾਦਿਰੁ ਕਰਦਾ ਪਾਕੀ ਨਾਈ ਪਾਕੁ॥ ਨਾਨਕ ਹੁਕਮੈ ਅੰਦਰਿ ਵੇਖੈ ਵਰਤੈ ਤਾਕੋ ਤਾਕ॥” (ਪੰਨਾ 464)
ਭਾਵ ਜੀਵਾਂ ਦਾ ਵੇਖਣਾ, ਸੁਣਨਾ, ਵਾਹਿਗੁਰੂ ਦੇ ਡਰ ਅੰਦਰ ਰਹਿਣਾ, ਸੁਖ ਭੋਗਣੇ- ਸਭ ਵਾਹਿਗੁਰੂ ਦੀ ਕੁਦਰਤ ਹੈ। ਪਾਤਾਲ, ਆਕਾਸ਼, ਸਾਰੇ ਆਕਾਰਾਂ ਦੀ ਸਿਰਜਣਾ ਵਾਹਿਗੁਰੂ ਦੀ ਕੁਦਰਤ ਹੈ। ਵੇਦ ਆਦਿ ਧਰਮ ਗ੍ਰੰਥਾਂ ਦੀ ਰਚਨਾ ਹੋਈ ਅਤੇ ਇਨ੍ਹਾਂ ਦੇ ਵੀਚਾਰਾਂ ਦਾ ਫੈਲਾਉ ਹੋਣਾ ਵਾਹਿਗੁਰੂ ਤੇਰੀ ਕੁਦਰਤ ਹੈ। ਜੀਵਾਂ ਦਾ ਖਾਣ-ਪੀਣ, ਕੱਪੜੇ ਆਦਿ ਪਾਉਣ ਦੇ ਢੰਗ-ਤਰੀਕੇ ਅਤੇ ਤਰ੍ਹਾਂ-ਤਰ੍ਹਾਂ ਦੇ ਪ੍ਰੇਮ ਆਦਿ ਪਰਮਾਤਮਾ ਦੀ ਕੁਦਰਤ ਦਾ ਹਿੱਸਾ ਹਨ। ਅਨੇਕਾਂ ਜਾਤਾਂ, ਜਿਨਸਾਂ, ਰੰਗਾਂ ਅਨੁਸਾਰ ਜੀਵਾਂ ਦੀ ਸਿਰਜਣਾ, ਸੰਸਾਰ ਵਿੱਚ ਨੇਕੀਆਂ ਬਦੀਆਂ, ਅਨੇਕਾਂ ਮਾਨ-ਮਰਿਆਦਾ, ਅਨੇਕਾਂ ਤਰ੍ਹਾਂ ਦੇ ਹੰਕਾਰ, ਹਵਾ, ਪਾਣੀ, ਅੱਗ, ਧਰਤੀ ਦੀ ਬਣਤਰ ਆਦਿ। ਹੇ ਵਾਹਿਗੁਰੂ ਜੀ! ਸਭ ਤੇਰੀ ਕੁਦਰਤ ਹੈ ਅਤੇ ਤੂੰ ਇਸ ਕੁਦਰਤ ਦਾ ਕਰਤਾ ਮਾਲਿਕ ਹੈ ਅਤੇ ਤੇਰੀ ਵਡਿਆਈ ਬੜੀ ਪਾਕ-ਪਵਿੱਤਰ ਹੈ। ਇਹ ਸਾਰਾ ਕੁਝ ਤੇਰੇ ਹੁਕਮ ਅੰਦਰ ਹੈ ਅਤੇ ਤੂੰ ਇਸ ਸਾਰੇ ਵਰਤਾਰੇ ਨੂੰ ਇਕੱਲਾ ਖੁਦ ਹੀ ਦੇਖ, ਸੰਭਾਲ ਕਰ ਰਿਹਾ ਹੈ|
ਸੰਦੇਸ਼: ਉਹ ਵਾਹਿਗੁਰੂ, ਪਰਮਾਤਮਾ ਕਣ-ਕਣ ਵਿੱਚ ਬਿਰਾਜਮਾਨ ਹੈ ਅਤੇ ਕੁਦਰਤ ਦੀ ਸਾਰੀ ਹੋਂਦ ਉਸਦੀ ਕਿਰਪਾ ਸਦਕਾ ਹੀ ਹੈ। ਮਨੁੱਖ ਨੂੰ ਕੁਦਰਤ ਦੇ ਨਿਯਮਾਂ ਅਤੇ ਅਨੁਸ਼ਾਸਨ ਤੋਂ ਸਬਕ ਲੈਣਾ ਚਾਹੀਦਾ ਹੈ। ਕੁਦਰਤ ਦਾਨ ਕਰਦੀ ਹੈ, ਦਾਨ ਲੈਂਦੀ ਨਹੀਂ। ਆਕਾਸ਼, ਧਰਤੀ, ਪਾਣੀ, ਹਵਾ, ਅੱਗ ਆਦਿ ਮਨੁੱਖ ਨੂੰ ਦਾਨ ਕਰਦੇ ਹਨ। ਮਨੁੱਖ ਵੀ ਦੂਸਰਿਆਂ ਦੀ ਮਦਦ ਕਰੇ ਆਦਿ|
ਗੁਰੂ ਜੀ ਆਖਦੇ ਹਨ, “ਜਾ ਕੇ ਰੁਖ ਬਿਰਖ ਆਰਾਉ॥ ਜੇਹੀ ਧਾਤੁ ਤੇਹਾ ਤਿਨ ਨਾਉ॥ ਫੁਲੁ ਭਾਉ ਫਲੁ ਲਿਖਿਆ ਪਾਇ॥ ਆਪਿ ਬੀਜਿ ਆਪੇ ਹੀ ਖਾਇ॥”
ਭਾਵ ਜਿਸ ਮਾਲੀ ਨੇ ਰੁੱਖ, ਦਰਖਤ, ਬੂਟੇ ਲਾਏ ਹੁੰਦੇ ਨੇ, ਉਹ ਹੀ ਉਨ੍ਹਾਂ ਨੂੰ ਸੰਵਾਰਦਾ ਹੈ ਅਤੇ ਜਿਸ ਤਰ੍ਹਾਂ ਦਾ ਬੂਟੇ ਦਾ ਜੀਵਨ ਹੁੰਦਾ ਹੈ, ਉਸੇ ਹਿਸਾਬ ਨਾਲ, ਉਹੋ ਜਿਹਾ ਉਸਦਾ ਨਾਂ ਪੈ ਜਾਂਦਾ ਹੈ। ਮਨੁੱਖ ਦੇ ਜੀਵਨ ਦੇ ਜਿਸ ਤਰ੍ਹਾਂ ਫੁੱਲ ਹੁੰਦੇ ਹਨ, ਉਸੇ ਹੀ ਹਿਸਾਬ ਨਾਲ ਉਸਦਾ ਫਲ ਪੈਂਦਾ ਹੈ। ਜੋ ਕਰਮ ਕਰੇ, ਉਸੇ ਹਿਸਾਬ ਨਾਲ ਫਲ ਮਿਲੇਗਾ। ਮਨੁੱਖ ਜੋ ਬੀਜਦਾ ਹੈ, ਉਸਦਾ ਹੀ ਫਲ ਉਸਨੂੰ ਖਾਣਾ ਪੈਂਦਾ ਹੈ|
ਸੰਦੇਸ਼: ਮਨੁੱਖ ਨੂੰ ਚੰਗੇ-ਮਾੜੇ ਕਰਮਾਂ ਦੇ ਹਿਸਾਬ ਨਾਲ ਹੀ ਸਭ ਕੁਝ ਮਿਲਦਾ ਹੈ। ਆਦਮੀ ਜਿਸ ਤਰ੍ਹਾਂ ਦਾ ਕਰਮ ਕਰਦਾ ਹੈ, ਉਸਨੂੰ ਫਲ ਵੀ ਉਸੇ ਤਰ੍ਹਾਂ ਨਾਲ ਮਿਲਦਾ ਜਾਂਦਾ ਹੈ। ਮਨੁੱਖ ਨੇਕ ਕਰਮ ਕਰੇ|
ਗੁਰੂ ਜੀ ਕਹਿੰਦੇ ਹਨ, “ਸੁਇਨੇ ਕਾ ਬਿਰਖੁ ਪਤ ਪਰਵਾਲਾ ਫੁਲ ਜਵੇਹਰ ਲਾਲ॥ ਤਿਤੁ ਫਲ ਰਤਨ ਲਗਹਿ ਮੁਖਿ ਭਾਖਿਤ ਹਿਰਦੈ ਰਿਦੈ ਨਿਹਾਲੁ॥ ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ॥ ਅਠਿਸਿਠ ਤੀਰਥ ਗੁਰ ਕੀ ਚਰਣੀ ਪੁਜੈ ਸਦਾ ਵਿਸੇਖੁ॥”
ਭਾਵ ਗੁਰੂ ਇੱਕ ਸੋਨੇ ਦਾ ਰੁੱਖ ਹੈ, ਜਿਸਦੇ ਪੱਤੇ ਮੂੰਗੇ ਹਨ ਅਤੇ ਫੁੱਲ ਜਵਾਹਰ ਲਾਲ ਹਨ। ਅਮੋਲਕ ਬਚਨ ਫਲ ਹਨ, ਇਸ ਕਰਕੇ ਗੁਰੂ ਦੇ ਬਚਨਾਂ ਨੂੰ ਹੀ ਹਿਰਦੇ ਦੇ ਅੰਦਰ ਰੱਖ ਲੈ ਅਤੇ ਮੂੰਹ ਮੱਥੇ ਉਪਰ ਸ਼ੁੱਧ ਕਰਮ ਹੋਵੇ, ਤਾਂ ਗੁਰੂ ਦੇ ਚਰਨਾਂ ਨੂੰ ਹੀ 68 ਤੀਰਥ ਸਮਝ, ਵਿਸ਼ੇਸ ਜਾਣ|
ਸੰਦੇਸ਼: ਤੀਰਥਾਂ ਆਦਿ `ਤੇ ਜਾਣ ਨਾਲੋਂ ਚੰਗਾ ਹੈ ਕਿ ਗੁਰੂ ਦੇ ਚਰਨਾਂ ਨੂੰ ਹੀ ਸਭ ਕੁਝ ਸਮਝ। ਗੁਰੂ ਦੀ ਭਗਤੀ ਨਾਲ, ਵਾਹਿਗੁਰੂ ਦੀ ਸਾਧਨਾ ਨਾਲ ਜੁੜਨ ਵਾਲੇ ਮਨੁੱਖ ਹੀ ਸੱਚਾ ਮਾਰਗ ਲੱਭਦੇ ਹਨ। ਭਟਕਣਾ ਮਨੁੱਖ ਲਈ ਗਿਰਾਵਟ ਹੈ। ਗੁਰੂ ਸਾਹਿਬ ਨੇ ਗੁਰੂ ਨੂੰ ਰੁੱਖਾਂ ਵਾਂਗ, ਕੁਦਰਤ ਦੀ ਕਿਰਪਾ ਵਾਂਗ ਦੱਸਿਆ ਹੈ। ਮਨੁੱਖ ਵਹਿਮਾਂ-ਭਰਮਾਂ ਵਿੱਚ ਨਾ ਪਵੇ, ਆਦਿ|
“ਗਾਵਿਨ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ॥” ਭਾਵ ਪਰਮਾਤਮਾ ਦੀ ਉਸਤਤ ਤਾਂ ਹਵਾ, ਪਾਣੀ, ਅੱਗ ਵੀ ਗਾਉਂਦੇ ਹਨ; ਰਾਜੇ ਮਹਾਰਾਜੇ ਅਤੇ ਧਰਮ ਸਥਾਨਾਂ `ਤੇ ਵੀ ਉਸਦੀ ਮਹਿਮਾ ਹੈ|
ਸੰਦੇਸ਼: ਮਨੁੱਖ ਨੂੰ ਵੀ ਕੁਦਰਤ ਦੀ ਉਸਤਤ ਕਰਨੀ ਚਾਹੀਦੀ ਹੈ, ਉਸਦੀ ਮਰਿਆਦਾ ਵਿੱਚ ਰਹੇ, ਉਸਦਾ ਨਾਮ ਜਪੇ ਜਿਸਨੇ ਸਾਰੀ ਸ੍ਰਿਸ਼ਟੀ ਥਾਪੀ ਹੈ|
“ਤੁਧੁ ਆਪੇ ਸਿੑਸ਼ਟਿ ਸਭ ਉਪਾਈ ਜੀ ਤਧੁ ਆਪੇ ਸਿਰਜਿ ਸਭ ਗੋਈ॥ ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ॥” ਭਾਵ ਉਹ ਵਾਹਿਗੁਰੂ (ਪਰਮਾਤਮਾ) ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਅਤੇ ਪਾਲਣਹਾਰ ਹੈ, ਜੋ ਪਰਮਾਤਮਾ ਦੇ ਗੁਣ ਗਾਉਂਦਾ ਹੈ, ਜਿਸਨੇ ਸਭ ਨੂੰ ਜਨਮ ਦਿੱਤਾ ਹੈ। ਸਭ ਨੂੰ ਉਸਦਾ ਹੀ ਆਸਾਰਾ ਹੈ। ਨਾਨਕ ਦਾਸ ਵੀ ਉਸ ਕਰਤੇ ਦੇ ਗੁਣ ਗਾਉਂਦਾ ਹੈ, ਜੋ ਸਾਰਿਆਂ ਦੀ ਗੱਲ ਜਾਣਦਾ ਹੈ|
ਸੰਦੇਸ਼: ਜਿਸ ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਰਚੀ ਹੈ, ਸਭ ਦਾ ਪਾਲਣਹਾਰ ਹੈ, ਉਸਨੂੰ ਮਨੁੱਖ ਸਦਾ ਯਾਦ ਰੱਖੇ ਅਤੇ ਉਸਦੇ ਨਾਮ ਵਿੱਚ ਸਧਾ ਲੀਨ ਰਹੇ, ਤਾਂ ਹੀ ਮਨੁੱਖ ਦਾ ਜਨਮ ਸਫ਼ਲ ਹੋ ਸਕਦਾ ਹੈ|
“ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ਤਾਂ ਵਾਪਾਰੀ ਜਾਣੀਅਹੁ ਲਾਹਾ ਲੈਜਾਵਹੁ॥” ਭਾਵ ਧਰਮ ਨੂੰ ਧਰਤੀ ਦੀ ਤਰ੍ਹਾਂ ਬਣਾਓ, ਸੱਚਾਈ ਨੂੰ ਬੀਜ ਦੀ ਤਰ੍ਹਾਂ ਬਣਾ ਕੇ ਇਸ ਤਰ੍ਹਾਂ ਦੀ ਖੇਤੀ ਕਰੋ ਤਾਂ ਉਸ ਪ੍ਰਭੂ ਦੇ ਨਾਮ ਨੂੰ ਸਮਝ ਜਾਉਗੇ|
ਸੰਦੇਸ਼: ਮਨੁੱਖ ਨੂੰ ਖੂਬਸੂਰਤ ਪ੍ਰਤੀਕਾਂ ਨਾਲ ਸਮਝਾਇਆ ਗਿਆ ਹੈ ਕਿ ਧਰਤੀ ਵਰਗਾ ਧਰਮ ਹੋਵੇ, ਧਰਮ ਦਾਨੀ ਹੋਵੇ, ਨਿਰਸਵਾਰਥ ਹੋਵੇ, ਬਸ ਦੇਵੇ ਹੀ ਦੇਵੇ, ਲਵੇ ਕੁਝ ਨਾ; ਸੱਚ ਵਰਗਾ ਧਰਮ ਹੋਵੇ, ਧਰਤੀ ਵਾਂਗ ਇਸਦੀ ਪੂਜਾ ਹੋਵੇ। ਧਰਤੀ ਵਰਗੀ ਸ਼ਹਿਨਸ਼ਕਤੀ ਹੋਵੇ। ਸੱਚਾਈ ਨੂੰ ਬੀਜ ਦੀ ਤਰ੍ਹਾਂ ਸਮਝ, ਜਿਸ ਤਰ੍ਹਾਂ ਬੀਜ ਧਰਤੀ `ਚੋਂ ਉਗ ਕੇ ਹਰਿਆਵਲ ਦਿੰਦਾ ਹੈ, ਮਨੁੱਖ ਤੂੰ ਵੀ ਇੰਝ ਦਾ ਬਣ। ਇਸ ਤਰ੍ਹਾਂ ਦੀ ਕਰਮਰੂਪੀ ਖੇਤੀ ਕਰ, ਤਾਂ ਜੋ ਤੇਰਾ ਕਰਮ ਸ਼ੁੱਧ-ਸੁਖਦਾਇਕ ਹੋਵੇ|
“ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤ ਹੋਈ॥ ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ॥” ਭਾਵ ਅੰਮ੍ਰਿਤ ਦਾ ਰੁੱਖ ਇੱਕ ਹੀ ਹੈ, ਜਿਸਦਾ ਫਲ ਵੀ ਅੰਮ੍ਰਿਤ ਵਰਗਾ ਹੈ। ਜੋ ਸੱਚ ਨਾਲ ਰੱਜ ਗਏ ਹਨ, ਜਿਨ੍ਹਾਂ ਅੰਮ੍ਰਿਤ ਫਲ ਦਾ ਸਵਾਦ ਚੱਖਿਆ ਹੈ, ਉਨ੍ਹਾਂ ਨੂੰ ਅਗਿਆਨ ਨਹੀਂ, ਨਾ ਹੀ ਕਿਸੇ ਨਾਲ ਮਤਭੇਦ ਜਾਂ ਫਰਕ ਹੈ, ਪਰਮਾਤਮਾ ਨਾਲ ਰਸਨਾ ਰੰਗੀ ਗਈ ਹੈ। ਜੋ ਮਨੁੱਖ ਉਸਦੇ ਸੱਚੇ ਨਾਮ ਨਾਲ ਜੁੜ ਜਾਂਦੇ ਹਨ, ਉਨ੍ਹਾਂ ਵਿੱਚ ਛੋਟਾ-ਵੱਡਾ, ਉਚਾ-ਨੀਵਾਂ ਕੁਝ ਨਹੀਂ ਰਹਿ ਜਾਂਦਾ, ਉਹ ਮਨੁੱਖ ਉਸ ਹਰੀ ਦੇ ਨਾਮ ਵਿੱਚ ਰੰਗੇ ਜਾਂਦੇ ਹਨ|
ਸੰਦੇਸ਼: ਜੋ ਸਾਧਕ, ਜੋ ਮਨੁੱਖ ਉਸ ਪ੍ਰਭੂ ਨਾਲ ਇਕਮਿਕ ਹੋ ਜਾਂਦੇ ਹਨ, ਉਹ ਧੰਨ ਪੁਰਸ਼ ਹਨ। ਉਨ੍ਹਾਂ ਨੂੰ ਕਿਸੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। ਸਭ ਬਰਾਬਰ ਨਜ਼ਰ ਆਉਂਦੇ ਹਨ। ਮਨੁੱਖ ਨੂੰ ਸੱਚ ਦੇ ਰਸਤੇ ਚਲ ਕੇ ਮਾਨਵਤਾ ਨੂੰ ਪਿਆਰ ਕਰਨਾ ਚਾਹੀਦਾ ਹੈ, ਆਦਿ|
“ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ॥ ਓਇ ਜਿ ਆਵਹਿ ਆਸ ਕਰ ਜਾਹਿ ਨਿਰਾਸੇ ਕਿਤੁ॥ ਫਲ ਫਿਕੇ ਫੁਲ ਬਕਬਕੇ ਕੰਮਿ ਨ ਆਵਹਿ ਪਤ॥ ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ॥” ਭਾਵ ਗੁਰੂ ਸਾਹਿਬ ਨੇ ਕਿੰਨੀ ਖੂਬਸੂਰਤ ਤਸਬੀਹ ਨਾਲ ਮਨੁੱਖ ਨੂੰ ਸਮਝਾਇਆ ਹੈ। ਸਿੰਮਲ ਦਾ ਰੁੱਖ ਸਿੱਧਾ, ਲੰਬਾ ਅਤੇ ਗੁੱਛੇਦਾਰ ਹੁੰਦਾ ਹੈ। ਇਸ ਉਪਰ ਜੇ ਕੋਈ ਆਸ ਕਰਕੇ ਆਵੇ, ਤਾਂ ਉਹ ਨਿਰਾਸ਼ ਹੋ ਕੇ ਜਾਂਦਾ ਹੈ, ਕਿਉਂਕਿ ਇਸਦੇ ਫਲ ਫਿੱਕੇ ਤੇ ਫੁੱਲ ਬਕਬਕੇ ਹੁੰਦੇ ਹਨ ਅਤੇ ਪੱਤੇ ਕਿਸੇ ਵੀ ਕੰਮ ਨਹੀਂ ਆਉਂਦੇ|
ਸੰਦੇਸ਼: ਕੱਦ-ਕਾਠ ਦੇ ਉਚੇ ਵਿਅਕਤੀ ਕੋਲ ਜੇ ਗੁਣ ਨਹੀਂ, ਉਹ ਕਿਸੇ ਦੇ ਕੰਮ ਨਹੀਂ ਆਉਂਦਾ, ਤਾਂ ਉਹ ਬੇਕਾਰ ਹੈ। ਸਮਾਜ ਵਿੱਚ ਉਸਦੀ ਕੋਈ ਕਦਰ ਨਹੀਂ। ਜਿਸਦਾ ਸੁੱਖ ਕੋਈ ਨਹੀਂ, ਉਹ ਵਿਅਕਤੀ ਵੀ ਕੀ ਏ? ਨੀਵੀਂ ਚੀਜ਼ ਮਿੱਠੀ ਹੈ, ਤਾਂ ਉਸ ਵਿੱਚ ਚੰਗਿਆਈ ਦੇ ਤੱਤ ਹੁੰਦੇ ਹਨ। ਨੀਵੇਂ (ਨਿਮਰਤਾ) ਅਤੇ ਗੁਣਾਂ ਵਾਲੇ ਇਨਸਾਨ ਵਿੱਚ ਚੰਗਿਆਈ ਦੇ ਸਾਰੇ ਤੱਤ ਹੁੰਦੇ ਹਨ, ਆਦਿ|
“ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ॥ ਧੂਪ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ॥” ਭਾਵ ਅਸਮਾਨ ਰੂਪੀ ਥਾਲ ਹੈ, ਜਿਸ ਵਿੱਚ ਸੂਰਜ, ਚੰਨ, ਦੀਵੇ ਧਰੇ ਹੋਏ ਹਨ ਅਤੇ ਤਾਰਿਆਂ ਦਾ ਸਮੂਹ ਮੋਤੀ ਹਨ। ਗੁਰੂ ਨਾਨਕ ਸਾਹਿਬ ਨੇ ਕੁਦਰਤ ਦਾ ਸੁਹਣਾ ਚਿਤਰਨ ਆਰਤੀ ਦੇ ਰੂਪ ਵਿੱਚ ਕੀਤਾ ਹੈ। ਇਸ ਆਰਤੀ ਵਿੱਚ ਏਨੇ ਸ਼ਕਤੀਸ਼ਾਲੀ ਸ਼ਬਦ ਹਨ, ਜਿਸ ਨਾਲ ਵਾਤਾਵਰਣ ਅਤੇ ਮਾਨਵ ਦਾ ਹਿਰਦਾ ਸ਼ਾਂਤਮਈ ਤੇ ਅਧਿਆਤਮਿਕ ਹੋ ਜਾਂਦਾ ਹੈ, ਕੁਦਰਤ ਨਾਲ ਓਤ-ਪੋਤ ਹੋ ਜਾਂਦਾ ਹੈ|
ਸੰਦੇਸ਼: ਇਸ ਆਰਤੀ ਨਾਲ ਮਾਨਵਤਾ ਅਤੇ ਵਾਤਾਵਰਣ ਸ਼ੁੱਧ ਹੁੰਦੇ ਹਨ। ਇਸ ਵਿੱਚ ਬੈਠੇ ਸ਼ਕਤੀਸ਼ਾਲੀ ਸ਼ਬਦ ਹਨ, ਉਨ੍ਹਾਂ ਦੀ ਖੁਸ਼ਬੂ ਨਾਲ, ਉਨ੍ਹਾਂ ਦੇ ਉਚਾਰਣ ਨਾਲ ਸਭ ਕੁਝ ਸ਼ੁੱਧ ਹੋ ਜਾਂਦਾ ਹੈ। ਮਨੁੱਖ ਨੂੰ ਕੁਦਰਤ ਵਾਂਗੂ ਵਿਚਰਨਾ ਚਾਹੀਦਾ ਹੈ|
“ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ॥ ਸੋ ਫਲ ਕੰਮਿ ਨਾ ਆਵਨੀ ਤੇ ਗੁਣ ਮੈ ਤਨਿ-ਹੰਨਿ॥” ਭਾਵ ਮੇਰਾ (ਮਨੁੱਖ ਦਾ) ਸਰੀਰ ਸਿੰਮਲ ਦੇ ਰੁੱਖ ਵਰਗਾ ਹੈ, ਜਿਸਦੇ ਫਲ ਕਿਸੇ ਦੇ ਵੀ ਕੰਮ ਨਹੀਂ ਆਉਂਦੇ। ਮੈਨੂੰ ਵੇਖ ਕੇ ਲੋਕ ਭੁੱਲ ਜਾਂਦੇ ਹਨ, ਉਹੋ ਜਿਹੇ ਗੁਣ ਮੇਰੇ ਸਰੀਰ ਵਿੱਚ ਹਨ|
ਸੰਦੇਸ਼: ਸਿੰਮਲ ਦਾ ਰੁੱਖ ਸੂਹੇ ਲਾਲ ਫੁੱਲਾਂ ਨਾਲ ਭਰਪੂਰ ਹੁੰਦਾ ਹੋਇਆ ਵੀ ਖੁਸ਼ਬੂ ਰਹਿਤ ਹੁੰਦਾ ਹੈ, ਜਿਸਦਾ ਕੋਈ ਸੁੱਖ ਨਹੀਂ ਹੁੰਦਾ। ਸਿੰਮਲ ਰੁੱਖ ਦੇ ਫੁੱਲਾਂ ਦੀ ਖੂਬਸੂਰਤੀ ਤੇ ਉਚਾਈ ਵੇਖ ਕੇ ਉਸ ਉਪਰ ਪੰਛੀ (ਤੋਤੇ) ਬੈਠਦੇ ਹਨ, ਪਰ ਹਾਸਿਲ ਕੁਝ ਨਹੀਂ ਹੁੰਦਾ। ਆਦਮੀ ਆਪਣੇ ਹਰੀ ਨਾਮ ਨੂੰ ਲੋਕਾਂ ਤੱਕ ਵੰਡੇ, ਭਲਾਈ ਦੇ ਕਾਰਜ ਕਰੇ, ਆਦਿ; ਤਾਂ ਹੀ ਮਨੁੱਖ ਦਾ ਸੱਚਾ ਜੀਵਨ ਹੈ।
“ਪਉਣ ਪਾਣੀ ਅਗਨੀ ਬਿਸਰਾਊ॥ ਤਹੀ ਨਿਰੰਜਨੁ ਸਾਚੋ ਨਾਊ॥” ਭਾਵ ਹਵਾ ਪਾਣੀ ਅੱਗ ਵਰਗੀਆਂ ਚੀਜ਼ਾਂ ਨੂੰ ਵਿਸਾਰ ਦਿਓ। (ਭਟਕਣ ਨੂੰ ਵਿਸਾਰ ਦਿਓ), ਤਾਂ ਉਥੇ ਹੀ ਹਰੀ ਦਾ ਸੱਚਾ ਨਾਮ ਵੱਸਦਾ ਹੈ |
ਸੰਦੇਸ਼: ਮਨੁੱਖ ਆਪਣੀਆਂ ਇੱਛਾਵਾਂ ਨੂੰ ਕਾਬੂ ਵਿੱਚ ਰੱਖੇ, ਤਾਂ ਹੀ ਸੁੱਖ ਪ੍ਰਾਪਤ ਹੋ ਸਕਦਾ ਹੈ। ਕ੍ਰਿਤ ਨੂੰ ਛੱਡ ਕਰਤੇ ਨੂੰ ਯਾਦ ਰੱਖ|
“ਫਲੋਹਰ ਕੀਏ ਫੁਲ ਜਾਇ॥ ਰਸ ਕਸ ਖਾਏ ਸਾਦੁ ਗਵਾਇ॥” ਭਾਵ ਕਈ ਨਿਰੇ ਫਲ ਹੀ ਖਾਂਦੇ ਹਨ, ਪਰ ਇਸ ਵਰਤ ਦਾ ਫਲ ਨਹੀਂ ਮਿਲਦਾ। ਕਈ ਰਸਦਾਰ ਚੀਜ਼ਾਂ, ਸਵਾਦੀ ਚੀਜ਼ਾਂ ਖਾਂਦੇ ਹਨ, ਪਰ ਫਿਰ ਵੀ ਆਪਣਾ ਸਵਾਦ ਗੁਆ ਲੈਂਦੇ ਹਨ|
ਸੰਦੇਸ਼: ਹਰੀ ਪ੍ਰਭੂ ਦਾ ਨਾਮ ਲੈਣ ਵਾਲੇ ਮਹਾਂ ਪੁਰਸ਼ਾਂ ਨੂੰ ਸਵਾਦਾਂ ਦਾ ਸ਼ੌਕ ਨਹੀਂ ਹੁੰਦਾ। ਉਹ ਤਾਂ ਹਰੀ ਦੇ ਨਾਮ ਵਿੱਚ ਰੰਗੇ ਰਹਿੰਦੇ ਹਨ। ਸਵਾਦਾਂ ਤੋਂ ਉਪਰ ਸਰਵੋਤਮ ਸਵਾਦ ਹੈ ਹਰੀ ਸਿਮਰਨ। ਮਨੁੱਖ ਨੂੰ ਹਰੀ ਦੇ ਨਾਮ ਵਿੱਚ ਰੰਗੇ ਰਹਿਣਾ ਚਾਹੀਦਾ ਹੈ। ਸਵਾਦਾਂ ਤੋਂ ਉਪਰ ਉਠ ਕੇ ਚੰਗੇ ਕਰਮ ਕਰ ਮਨੁੱਖ, ਆਦਿ|
“ਬਰਸੈ ਅੰਮ੍ਰਿਤ ਧਾਰ ਬੂੰਦ ਸੁਹਾਵਣੀ॥ ਸਾਜਣ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ॥” ਭਾਵ ਧੁਰ ਅੰਦਰ ਠੰਡ ਵਰਤ ਗਈ ਹੈ, ਗੁਰਬਾਣੀ ਰੂਪ ਅੰਮ੍ਰਿਤ ਦੇ ਵੱਸਣ ਨਾਲ। ਬੂੰਦ ਸੁਹਾਵਣੀ ਪੈਣ ਨਾਲ ਠੰਡ ਪੈ ਗਈ ਹੈ। ਹਰੀ ਨਾਲ ਇਸ ਤਰ੍ਹਾਂ ਮਿਲਾਪ ਹੈ, ਜਿਸ ਤਰ੍ਹਾਂ ਸਾਜਣ ਦੇ ਮਿਲਣ ਵਾਂਗ, ਜਿਸਦੀ ਬਾਣੀ ਨਾਲ ਪ੍ਰੀਤ ਹੈ, ਉਹ ਹੀ ਉਸਦੀ ਪ੍ਰਾਪਤੀ ਪਾਉਂਦਾ ਹੈ|
ਸੰਦੇਸ਼: ਕਵੀ ਗੁਰੂ ਨਾਨਕ ਨੇ ਬਹੁਤ ਹੀ ਸੁੰਦਰ ਕੁਦਰਤੀ ਪ੍ਰਤੀਕ ਲੈ ਕੇ ਮਨੁੱਖ ਨੂੰ ਸਮਝਾਇਆ ਹੈ ਕਿ ਹਰੀ ਦੇ ਦਰਸ਼ਨਾਂ ਨਾਲ ਮਨੁੱਖ ਦੀ ਅਧਿਆਤਮਿਕ ਤ੍ਰਿਪਤੀ ਹੁੰਦੀ ਹੈ। ਮਨੁੱਖ ਨੂੰ ਉਸ ਪ੍ਰਭੂ ਦੇ ਨਾਮ ਨਾਲ ਸੱਚਾ ਲਗਾਓ ਹੋਣਾ ਚਾਹੀਦਾ ਹੈ|
(ਬਾਕੀ ਅਗਲੇ ਅੰਕ ਵਿੱਚ)