ਸ਼ਬਦੋ ਵਣਜਾਰਿਓ
ਪਰਮਜੀਤ ਢੀਂਗਰਾ
ਫੋਨ: +91-8847510125
ਮਹਾਨ ਕੋਸ਼ ਅਨੁਸਾਰ– ਸੂਤ 1. ਸੰ। ਸੰਗਯਾ– ਤਾਗਾ, ਡੋਰਾ, ‘ਦਇਆ ਕਪਾਹ ਸੰਤੋਖ ਸੂਤ’ (ਵਾਰ ਆਸਾ); 2. ਜਨੇਊ, ‘ਸੂਤ ਪਾਇ ਕਰੇ ਬੁਰਿਆਈ॥’; 3. ਪ੍ਰਬੰਧ, ਇੰਤਜ਼ਾਮ। 4. ਪਰਸਪਰ ਪ੍ਰੇਮ, ਮੇਲ-ਮਿਲਾਪ, ‘ਰਾਖਹੁ ਸੂਤ ਇਹੀ ਬਨ ਆਵੈ’ (ਗੁ.ਪ੍ਰ.ਸੂ.); 5. ਰੀਤਿ, ਰਿਵਾਜ, ‘ਹੁਤੋ ਸੰਸਾਰ ਸੂਤ ਇਹੁ ਦਾਸਾ’ (ਨਾ.ਪ੍ਰ.) ਸੰਸਾਰ ਰੀਤਿ ਅਨੁਸਾਰ ਇਹ ਸੇਵਕ ਸੀ। 6. ਠੀਕ, ਸਹੀ, ਦੁਰੁਸਤ। ‘ਮੰਦਲ ਨ ਬਾਜੈ ਨਟਪੈ ਸੂਤਾ’ (ਆਸਾ-ਕਬੀਰ); 7. ਸੂਤ੍ਰ ਆਕਾਰ ਦੀ ਮਿਠਾਈ ਜੋ ਖੰਡ ਵਿੱਚ ਪਾਗੀ ਜਾਂਦੀ ਹੈ,
ਸੇਵੀ, ਨੁਗਦੀ, ‘ਲਡੂਆ ਅਰ ਸੂਤ ਭਲੇ ਜੁ ਬਨੇ’ (ਕ੍ਰਿਸਨਾਵ); 8. ਸੰ। ਸੂਤ ਰਥਵਾਨ, ਰਥ ਹੱਕਣ ਵਾਲਾ, ‘ਪਾਰਥ ਸੂਤ ਕੀ ਡੋਰ ਲਗਾਏ’ (ਕ੍ਰਿਸਨਾਵ) ਅਰਜੁਨ ਨੇ ਰਥਵਾਨ ਦੀ ਡੋਰ ਕ੍ਰਿਸ਼ਨ ਜੀ ਨੂੰ ਫੜਾਈ। 9. ਸੂਰਜ; 10. ਅੱਕ; 11. ਬ੍ਰਾਹਮਣੀ ਦੀ ਪੇਟ ਤੋਂ ਛਤ੍ਰੀ ਦਾ ਪੁਤ੍ਰੁ, ਦੇਖੋ, ਔਸ਼ਨਸੀ ਸਿਮ੍ਰਿਤਿ ਸ: 2 ਅਤੇ 3; 12 ਬੰਦੀਜਨ, ਦੇਵਤਾ ਰਾਜਾ ਰਿਖੀ ਆਦਿ ਦੀ ਵੰਸ਼ਾਵਲੀ ਚੇਤੇ ਰੱਖਣ ਅਰ ਪੜ੍ਹਨ ਵਾਲਾ ਕਵੀ। 13. ਪਾਰਾ। 14. ਵਯਾਸ ਦਾ ਚੇਲਾ, ਲੋਮਹਰਸਣ, ਜੋ ਰਿਖੀਆਂ ਨੂੰ ਪੁਰਾਣਕਥਾ ਸੁਣਾਇਆ ਕਰਦਾ ਸੀ। 15. ਵਿ – ਪ੍ਰਸੂਤ। ਸੂਇਆ ਹੋਇਆ; 16 ਚੁਆਇਆ ਹੋਇਆ, ਟਪਕਾਇਆ ਹੋਇਆ। 17. ਸੰ। ਸੂਤ ਸੂੱਤ, ਦਿੱਤਾ ਹੋਇਆ, ਦਾਨ ਕੀਤਾ, ਦੇਖੋ, ਸਾਤ ਸੂਤ 2; 18. ਤੁਖਾਰੀ ਰਾਗ ਦੇ ਸੁਰਾਂ ਦਾ ਪ੍ਰਬੰਧ ਠਾਟ। (ਮ: ਪ) ਦੁਨੀਆ ਵਿੱਚ ਪ੍ਰੇਮ ਦੀ ਤਾਰ ਤਣਨ ਵਾਲੇ ਦੁਖ ਪਾਉਂਦੇ ਹਨ। ਸੂਤ ਕੇ ਲੱਡੂ – ਇੱਕ ਪ੍ਰਕਾਰ ਦੇ ਲੱਡੂ, ਪਹਿਲਾਂ ਮੈਦੇ ਦੀਆਂ ਸੇਵੀਆਂ ਜਾਂ ਮੱਠੀਆਂ ਘਿਓ ਵਿੱਚ ਤਲ ਕੇ ਕੁੱਟੀਦੀਆਂ ਹਨ, ਉਨ੍ਹਾਂ ਵਿੱਚ ਖੰਡ ਮਿਲਾ ਕੇ ਵੱਟ ਲਈਦੇ ਹਨ। ਪੁਰਾਣੇ ਜ਼ਮਾਨੇ ਵਿੱਚ ਲੱਡੂ ਅਤੇ ਸੂਤ੍ਰ (ਜਨੇਊ) ਖਾਸ ਮੌਕਿਆਂ ਪੁਰ ਬ੍ਰਾਹਮਣਾਂ ਦੇ ਘਰੀਂ ਵੰਡੇ ਜਾਂਦੇ ਸਨ। ਇਸ ਕਾਰਨ ਇਹ ਸੰਗਯਾ ਹੈ। ਸੂਤਣਾ, ਕਿਰਿਆ ਸੂਤ ਫੈਲਾਉਣਾ। ਖਿੱਚਣਾ, ਜਿਸ ਤਰ੍ਹਾਂ ਮਿਆਨੋਂ ਤਲਵਾਰ ਸੂਤਣੀ। ਸੂਤਧਰ– ਸੰ। ਸੂਤ੍ਰਧਾਰ, ਸੰਗਯਾ– ਨਟ, ਨਾਟਕ ਖੇਡਣ ਵਾਲਾ।
ਸੂਤਧਾਰ- ਜਿਸ ਦੇ ਹੱਥ ਪੁਤਲੀਆਂ ਦੀ ਡੋਰੀ ਹੈ, ਜਿਸ ਦੇ ਹੱਥ ਸਾਰੇ ਅਖਾੜੇ ਦਾ ਪ੍ਰਬੰਧ ਹੈ। ਸੂਤਧਾਰੀ– ਦੇਖੋ, ਸੂਤਧਾਰ। ਧਾਗਾ, ਸੂਤ ਦੀ ਡੋਰ, ‘ਮਨ ਮੋਤੀ ਜੇ ਗਹਿਣਾ ਹੋਵੈ ਪਉਣ ਹੋਵੈ ਸੂਤਧਾਰੀ।’ (ਆਸਾ ਮ: ੧) ਪਾਉਣ ਤੋਂ ਭਾਵ ਸਵਾਸ ਹੈ। ਸੂਤਧਾਰੁ– ਦੇਖੋ, ਸੂਤਧਾਰ, ‘ਆਪੇ ਹੀ ਸੂਤਧਾਰ ਹੈ ਪਿਆਰਾ॥’ (ਸੋਰ ਮ: ੪) ਸੂਤਰ, ਦੇਖੋ, ਸੂਤ੍ਰ। ਸੰ। ਸੂਤਰ ਵਿ- ਬਹੁਤ ਵਧੀਆ, ਅਤਯੰਤ ਸ੍ਰੇਸ਼ਠ। ਸੂਤਰਿ। ਸੰਗਯਾ– ਸੂਤ ਦਾ ਵੈਰੀ, ਬਲਰਾਮ, ਦੇਖੋ, ਲੋਮਹਰਸਣ। ਵਿ- ਰਥਵਾਹੀ ਦਾ ਵੈਰੀ, ‘ਪਵਨ ਸੁਤ ਅਨੁਜ ਸੂਤਰਿ।’ (ਸਨਾਮਾ) ਪੌਣ ਦਾ ਪੁਤ੍ਰੁ ਭੀਮ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਰਥਵਾਹੀ ਕ੍ਰਿਸ਼ਨ, ਉਸ ਦਾ ਵੈਰੀ ਤੀਰ। ਸੂਤਲੀ– ਸੰਗਿਯਾ-ਸੂਤਲ ਦੀ ਰੱਸੀ, ਡੋਰੀ; ਸੁਤੜੀ– ਦੇਖੋ, ਸੂਤਲੀ। ਵਿ– ਸੁੱਤੀ ਹੋਈ। ‘ਨਿਜ ਘਰਿ ਸੂਤੜੀਏ ਪਿਰਮੁ ਜਗਾਏ ਰਾਮ॥’ (ਬਿਲਾਵਲ ਛੰਤ ਮ: ੧) ਸੂਤਾ। ਵਿ– ਸੁਪੑਵ। ਸੁੱਤਾ। ‘ਹਰਿ ਧਨ ਜਾਗਤ ਸੂਤਾ॥’ (ਗੁਜਰੀ ਮ: ੫) ਸੰਗਯਾ– ਸੂਤਣ ਦੀ ਕ੍ਰਿਯਾ। ਜੈਸੇ– ਰੱਸੀ ਆਦਿ ਨੂੰ ਸੂਤਾ ਲਾਉਣਾ। ਸੂਤਿ। ਸੂਤ੍ਰ (ਡੋਰ) ਵਿੱਚ। ‘ਸਗਲ ਸਮਗ੍ਰੀ ਅਪਨੈ ਸੂਤਿ ਧਾਰੈ॥’ (ਸੁਖਮਨੀ) ਸੂਤ (ਪ੍ਰਬੰਧ) ਵਿੱਚ ਬਾਕਾਇਦਾ। ‘ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥’ (ਜਪੁ) ‘ਸਗਲ ਸਮਗ੍ਰੀ ਸੂਤਿ ਤੁਮਾਰੇ॥’ (ਸੂਹੀ ਮ: ੫) ਸੰ। ਸੰਗਯਾ– ਜਨਮ। ਉਤਪੱਤੀ। ਸੰਤਾਨ, ਔਲਾਦ। ਸੂਤ ਕੇ ਹਟੂਆ। ਸੂਤ ਦੀ ਹੱਟ ਕਰਨ ਵਾਲੇ। ਭਾਵ ਰੇਸ਼ਮ ਦੇ ਕੀੜੇ ਅਰ ਕਾਹਣੇ ਆਦਿ, ਜੋ ਆਪਣੇ ਸਰੀਰ ਤੋਂ ਸੂਤ ਕੱਢਦੇ ਅਤੇ ਆਪਣੇ ਤਾਣੇ ਵਿੱਚ ਆਪ ਹੀ ਬੰਨ੍ਹੇ ਹੋਏ ਮਰਦੇ ਹਨ। ‘ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ॥’ (ਸਵੈਯੇ ਸ੍ਰੀ ਮੁਖਵਾਕ) ਸੂਤੀ। ਵਿ– ਸੁੱਤੀ, ਸੋਈ ਹੋਈ। ‘ਹਰਿ ਸੰਗ ਸੂਤੀ’ (ਬਿਲਾਵਲ ਛੰਤ ਮ: ੧) ਭਾਵ ਸਹਵਾਸ ਵਾਲੀ। ਕਪਾਹ ਦੇ ਸੂਤ ਦਾ, ਜਿਵੇਂ ਸੂਤੀ ਕੱਪੜਾ।
ਪੰਜਾਬੀ ਕੋਸ਼ ਅਨੁਸਾਰ ਸੂਤ੍ਰ– ਧਾਰਮਿਕ ਮਸਤੀ, ਸੂਤ, ਧਾਗਾ, ਜਨੇਊ, ਕਿਸਮ, ਅਸੂਲ; ਸੂਤ੍ਰਕਾਰ– ਪੰਡਿਤ, ਰਿਖੀ ਜੋ ਸੂਤ੍ਰਾਂ ਦੀ ਰਚਨਾ ਕਰੇ, ਜੁਲਾਹਾ, ਮੱਕੜੀ; ਸੂਤ੍ਰ ਪਾਤ- ਕੰਮ ਸ਼ੁਰੂ ਕਰਨ ਦਾ ਭਾਵ, ਮਕਾਨ ਬਣਾਉਣ ਵੇਲੇ ਸੂਤਰ ਨਾਲ ਜ਼ਮੀਨ ’ਤੇ ਨਿਸ਼ਾਨ ਲਾਉਣੇ। ਸੂਤਿਆ ਜਾਣਾ– ਲਿੱਸੇ ਹੋ ਜਾਣਾ; ਮੂੰਹ ਪਤਲਾ ਪੈ ਜਾਣਾ, ਸੂਤਰ– ਤਰਖਾਣਾਂ ਦੀ ਰੰਗਦਾਰ ਗਿੱਲੀ ਡੋਰੀ ਜਿਸ ਨਾਲ ਨਿਸ਼ਾਨ ਲਾ ਕੇ ਲੱਕੜ ਨੂੰ ਸਿੱਧੀ ਚੀਰਦੇ ਹਨ। ਰਾਜਾਂ ਦੀ ਡੋਰੀ ਅਥਵਾ ਸਾਲ੍ਹ, ਜਿਸ ਨਾਲ ਉਸਾਰੀ ਵਿੱਚ ਰਦਿਆਂ ਨੂੰ ਸੇਧ ਕਾਇਮ ਰੱਖਣ ਲਈ ਵਰਤਦੇ ਹਨ। ਸੁਤਲੀ ਜਾਂ ਸੂਤੜੀ– ਬੋਰੀਆਂ ਸਿਊਣ ਵਾਲਾ ਸੇਬਾ, ਡੋਰੀ; ਸੂਤੜਾ– ਇੱਕ ਗਹਿਣਾ ਜੋ ਔਰਤਾਂ ਪਾਉਂਦੀਆਂ ਹਨ; ਸੂਤਾ- ਮਾਂਝਾ, ਰੱਸੇ ਜਾਂ ਡੋਰ ਨੂੰ ਲਾਉਣ ਵਾਲਾ। ਸੂਤ ਦੀ ਏਨੀ ਮਹਿਮਾ ਤੇ ਏਨਾ ਵੱਡਾ ਕੁਨਬਾ ਦੇਣ ਦਾ ਅਰਥ ਹੈ ਕਿ ਧਾਗੇ ਦੇ ਮੂਲ ਵਿੱਚ ਸੂਤ ਪਿਆ ਹੈ। ਕਤਾਰ, ਲਾਈਨ, ਰੇਖਾ ਲਈ ਜਿੰਨੇ ਵੀ ਸ਼ਬਦ ਹਨ, ਉਨ੍ਹਾਂ ਦਾ ਸੰਬੰਧ ਜਾਂ ਤਾਂ ਬਿੰਦੂ ਨਾਲ ਹੈ ਜਾਂ ਤੰਤੂ ਨਾਲ। ਸੂਤ ਵੀ ਇੱਕ ਅਜਿਹਾ ਹੀ ਸ਼ਬਦ ਹੈ, ਜਿਸ ਵਿੱਚ ਰੇਸ਼ੇ, ਤੰਤੂ ਜਾਂ ਰੇਖਾ ਦੇ ਭਾਵ ਹਨ। ਸੂਤ ਅਰਥਾਤ ਰੂੰ ਤੋਂ ਕੱਤਿਆ ਹੋਇਆ ਧਾਗਾ। ਇਸ ਧਾਗੇ ਨਾਲ ਬੁਣੇ ਕੱਪੜੇ ਨੂੰ ਹੀ ਸੂਤੀ ਕੱਪੜਾ ਕਿਹਾ ਜਾਂਦਾ ਹੈ।
ਸੂਤ ਸ਼ਬਦ ਦੀ ਵਿਓਤਪਤੀ ਸੰਸਕ੍ਰਿਤ ਦੇ ਸ਼ਬਦ ‘ਸੂਤ੍ਰ’ ਤੋਂ ਹੋਈ ਹੈ, ਜਿਸਦਾ ਅਰਥ ਹੈ– ਬੰਨ੍ਹਣਾ, ਕੱਸਣਾ, ਲਪੇਟਣਾ। ਸਪਸ਼ਟ ਹੈ ਕਿ ਧਾਗਾ ਵੱਟਣ ਵਿੱਚ ਰੂੰ ਤੇ ਰੇਸ਼ਮ ਨੂੰ ਕਿਰਿਆ ਰੂਪ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਤੋਂ ਬਣੇ ਸੁਤਰਮੑ ਸ਼ਬਦ ਦਾ ਅਰਥ ਬਣਿਆ– ਧਾਗਾ, ਡੋਰਾ, ਡੋਰੀ, ਰੇਸ਼ਾ, ਤੰਤੂ, ਯਗੋਪਵੀਤ ਅਥਵਾ ਜਨੇਊ। ਸੂਤਰ ਦਾ ਇੱਕ ਅਰਥ ਰੇਖਾ ਵੀ ਹੈ। ਇੱਕ ਸੂਤਰ ਵਿੱਚ ਪਰੋਣਾ, ਕਤਾਰਬੱਧ ਕਰਨਾ, ਇੱਕ ਪ੍ਰਣਾਲੀ ਅਪਨਾਉਣਾ, ਠੀਕ ਪੱਦਤੀ ਵਿੱਚ ਰਖਣਾ ਆਦਿ ਭਾਵ ਇਸ ਵਿੱਚ ਹਨ। ਜਨੇਊ ਨੂੰ ਬ੍ਰਹਮਸੂਤਰ ਵੀ ਕਹਿੰਦੇ ਹਨ। ਸੰਸਕ੍ਰਿਤ ਸੁਤਰਮ ਦਾ ਅਰਥ ਸਿਰਫ ਕਪਾਹ ਤੋਂ ਬਣਿਆ ਰੇਸ਼ਾ ਨਹੀਂ ਸਗੋਂ ਰੇਸ਼ਮੀ ਧਾਗੇ ਨੂੰ ਵੀ ਸੂਤ ਹੀ ਕਿਹਾ ਜਾਂਦਾ ਹੈ। ਹਾਲਾਂਕਿ ਸੰਸਕ੍ਰਿਤ ਵਿੱਚ ਕਪਾਹ ਲਈ ‘ਸੁਤ੍ਰਪੁਸ਼ਪ:’ ਸ਼ਬਦ ਮਿਲਦਾ ਹੈ, ਸੂਤ ਦਾ ਇੱਕ ਅਰਥ ਗੁਰ ਅਥਵਾ ਵਿਧੀ ਜਾਂ ਤਰੀਕਾ ਵੀ ਹੈ। ਸੂਤਰਧਾਰ, ਸੂਤਰਪਾਤ ਭਾਵ ਡੋਰੀ ਤੇ ਪਾਤ ਦਾ ਅਰਥ ਹੈ- ਡੇਗਣਾ, ਡਿਗਣਾ, ਅਰੰਭ ਕਰਨਾ। ਪੈਮਾਇਸ਼ ਕਰਨ ਵਾਲੀ ਰੱਸੀ ਨੂੰ ਵੀ ਸੂਤਰਪਾਤ ਕਹਿੰਦੇ ਹਨ। ਸੰਸਕ੍ਰਿਤ ਦੀ ਇੱਕ ਧਾਤੂ ਹੈ ‘ਰਿਸ਼ ਜਾਂ ਰਿਛ’ ਜਿਸਦਾ ਅਰਥ ਹੈ- ਪੁੱਟਣਾ, ਜਖ਼ਮੀ ਕਰਨਾ। ਰਿਸ਼ ਅਸਲ ਵਿੱਚ ਅਪਭ੍ਰੰਸ਼ੀ ਰੂਪ ਹੈ, ਜਿਸਦਾ ਅਰਥ ਪੰਕਤੀ ਜਾਂ ਕਤਾਰ ਹੈ। ਮਰਾਠੀ ਵਿੱਚ ਰੇਖਾ ਲਈ ਰੇਸ਼ਾ ਸ਼ਬਦ ਮਿਲਦਾ ਹੈ। ਅੰਗਰੇਜ਼ੀ ਰੋ (੍ਰੋੱ) ਅਤੇ ਰੇਖਾ ਵਿੱਚ ਸਮਾਨਤਾ ਹੈ। ਰੋ ਹਾਊਸਿੰਗ ਸ਼ਬਦ ਇਹਦੀ ਕਤਾਰਬੰਦੀ ਤੋਂ ਬਣਿਆ ਹੈ। ਫ਼ਾਰਸੀ ਵਿੱਚ ਰਿਸ਼ਤਾ ਤੰਤੂ/ਸੂਤ ਜਾਂ ਧਾਗੇ ਨੂੰ ਕਿਹਾ ਜਾਂਦਾ ਹੈ, ਜਿਸਨੂੰ ਰੇਖਾ ਦੇ ਅਰਥਾਂ ਵਿੱਚ ਸਮਝਿਆ ਜਾ ਸਕਦਾ ਹੈ। ਸੰਸਕ੍ਰਿਤ, ਮਰਾਠੀ, ਪੰਜਾਬੀ ਦਾ ਰੇਸ਼ਾ ਇੱਕ ਹੀ ਰਿਸ਼ਤੇ ਵਿੱਚ ਬੱਝੇ ਹੋਏ ਹਨ। ਰੇਸ਼ਮ ਜਾਂ ਰੇਸ਼ਮੀ ਸ਼ਬਦ ਨਾਲ ਵੀ ਇਹਦੀ ਸਕੀਰੀ ਹੈ। ਰੇਸ਼ਮ ਮੂਲ ਰੂਪ ਵਿੱਚ ਇਕ ਨਰਮ, ਮੁਲਾਇਮ ਅਤੇ ਪਤਲਾ ਜਿਹਾ ਤੰਤੂ ਹੁੰਦਾ ਹੈ, ਜੋ ਰੇਸ਼ਮ ਦੇ ਕੀੜੇ ਤੋਂ ਮਿਲਦਾ ਹੈ। ਰਿਸ਼ਤਾ ਵੀ ਇੱਕ ਧਾਗਾ ਹੈ, ਜੋ ਦੋ ਧਿਰਾਂ ਅਥਵਾ ਜਣਿਆਂ ਨੂੰ ਆਪਸ ਵਿੱਚ ਜੋੜਦਾ ਹੈ।
ਅੰਗਰੇਜ਼ੀ ਦੇ ਰੈਂਕ ਨਾਲ ਵੀ ਇਹਦੀ ਸਕੀਰੀ ਹੈ। ਡੋਰੀ ਅਥਵਾ ਰੱਸੀ ਲਈ ਵੀ ਧਾਗਾ ਸ਼ਬਦ ਪ੍ਰਚਲਤ ਹੈ। ਮਹਾਨ ਕੋਸ਼ ਅਨੁਸਾਰ ਧਾਗਾ ਸੰਗਿਆ– ਤਾਗਾ, ‘ਸੂਈ ਧਾਗਾ ਸੀਵੈ (ਵਾਰ ਰਾਮਕਲੀ ਮ: ੧), ਜਨੇਊ, ਯਗੋਪਾਵੀਤ– ‘ਤਿਲਕ ਧਾਗਾ ਕਾਠ ਦੀ ਮਾਲਾ ਧਾਰੇ, ਸੋ ਤਨਖਾਹੀਆ (ਰਹਿ. ਦਯਾ ਸਿੰਘ); ਚੇਤਨਸੱਤਾ– ‘ਸਭ ਪਰੋਈ ਇਕਤੁ ਧਾਗੈ’ (ਮਾਝ ਮ: ੫); ਪੰਜਾਬੀ ਵਿੱਚ ਧਾਗੇ ਨਾਲ ਬਹੁਤ ਸਾਰੇ ਮੁਹਾਵਰੇ ਤੇ ਮਾਨਤਾਵਾਂ ਵੀ ਜੁੜੀਆਂ ਹੋਈਆਂ ਹਨ- ਧਾਗਾ ਕਰਨਾ- ਭੂਤਾਂ ਪ੍ਰੇਤਾਂ ਤੋਂ ਬਚਣ ਲਈ ਧਾਗੇ ’ਤੇ ਮੰਤਰ ਪੜ੍ਹਨਾ; ਧਾਗਾ ਕਰਾਉਣਾ– ਨਜ਼ਰ ਜਾਂ ਸਾਏ ਤੋਂ ਬਚਾਉਣ ਲਈ ਪੀਰ ਫਕੀਰ ਤੋਂ ਧਾਗਾ ਪੜ੍ਹਵਾਉਣਾ; ਧਾਗਾ ਖੋਲ੍ਹਣਾ– ਹਿੰਦੂ ਔਰਤਾਂ ਮੱਘਰ ਦੇ ਮਹੀਨੇ ਜਵਾਰ ਦੀ ਚੂਰੀ ਬਣਾ ਕੇ ਵੀਣੀ ਤੋਂ ਧਾਗਾ ਖੋਲ੍ਹਦੀਆਂ ਹਨ; ਧਾਗਾ ਟੁੱਟਣਾ– ਮਰਨ ਵੇਲੇ ਸਰੀਰ ਦਾ ਨਿਡਾਲ ਹੋਣਾ; ਧਾਗਾ ਤਵੀਤ– ਮੰਤਰ ਪੜ੍ਹਿਆ ਧਾਗਾ; ਧਾਗਾ ਪਰੋਣਾ; ਧਾਗਾ ਪਾਉਣਾ; ਧਾਗਾ ਬੰਨ੍ਹਣਾ– ਭਾਦਰੋਂ ਦੇ ਮਹੀਨੇ ਲੱਛਮੀ ਦਾ ਵਰਤ ਰੱਖ ਕੇ ਹਿੰਦੂ ਔਰਤਾਂ ਪੀਲੇ ਰੰਗ ਦਾ ਗੰਢਾਂ ਵਾਲਾ ਧਾਗਾ ਬਾਹਮਣੀਆਂ ਕੋਲੋਂ ਲੈ ਕੇ ਬੰਨ੍ਹਦੀਆਂ ਹਨ। ਧਾਗਾ ਲੰਮਾ ਨਹੀਂ ਗੰਮਾ, ਭਾਵ ਘਟੀ ਦਾ ਕੋਈ ਇਲਾਜ ਨਹੀਂ; ਧਾਗੇ ਵਿੱਚ ਪਰੋਣਾ– ਇੱਕ ਮੁੱਠ ਕਰਨਾ। ਇਸ ਤਰ੍ਹਾਂ ਧਾਗੇ ਦੀ ਲੜੀ ਵੀ ਦੇਖੀ ਜਾ ਸਕਦੀ ਹੈ। ‘ਤੰਤੂਅਗ੍ਰ >ਤਾਗੱਅ> ਤਾਗਾ> ਧਾਗਾ’ ਇਸ ਤਰ੍ਹਾਂ ਸਪਸ਼ਟ ਹੈ ਕਿ ਸੂਤ ਤੋਂ ਬਣੇ ਧਾਗੇ ਦੀ ਸਕੀਰੀ ਬੜੀ ਜਟਿਲ ਤੇ ਗੁੰਝਲਦਾਰ ਹੈ। ਇਸ ਦੇ ਕੁਨਬੇ ਵਿੱਚ ਹਰ ਰੋਜ਼ ਨਵੇਂ ਭਾਵ ਸ਼ਾਮਲ ਹੋ ਰਹੇ ਹਨ, ਜਿਵੇਂ ਧਾਗਾ ਮਿਲ, ਸੂਤ ਮੰਡੀ ਆਦਿ।