ਸ਼ਿਕਾਗੋ (ਪੰਜਾਬੀ ਪਰਵਾਜ਼ ਬਿਊਰੋ): ਪਿਛਲੇ ਦਿਨੀਂ ਡਰੇਕ ਹੋਟਲ ਸ਼ਿਕਾਗੋ ਡਾਊਨਟਾਊਨ ਵਿਖੇ ਇੰਡੀਅਨ ਅਮੈਰਿਕਨ ਵੈਟਰਨਰੀ ਮੈਡੀਕਲ ਐਸੋਸੀਏਸ਼ਨ (ਮਿਡਵੈਸਟ ਚੈਪਟਰ) ਦੀ ਸਾਲਾਨਾ ਇਕੱਤਰਤਾ ਹੋਈ, ਜਿਸ ਵਿਚ ਇਲੀਨਾਏ ਅਤੇ ਵਿਸਕਾਨਸਿਨ ਦੇ ਡਾਕਟਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਆਪਣੇ ਖੇਤਰ ਦੇ ਤਜਰਬੇ ਸਾਂਝੇ ਕੀਤੇ ਅਤੇ ਐਸੋਸੀਏਸ਼ਨ ਦੇ ਮਿਡਵੈਸਟ ਚੈਪਟਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਹ ਇਕੱਤਰਤਾ ਇੱਕ ਤਰ੍ਹਾਂ ਨਾਲ ‘ਪੇਸ਼ੇ ਦੀਆਂ ਜ਼ਿੰਮੇਵਾਰੀਆਂ ਅਤੇ ਮਨੋਰੰਜਨ’ ਦਾ ਸੁਮੇਲ ਹੋ ਨਿਬੜੀ।
ਜ਼ਿਕਰਯੋਗ ਹੈ ਕਿ ਪਿਛੋਕੜ ਤੋਂ ਇਹ ਵੈਟਰਨਰੀ ਡਾਕਟਰ ਭਾਰਤ ਅਤੇ ਪਾਕਿਸਤਾਨ ਤੋਂ ਪੜ੍ਹਾਈ ਕਰਨ ਤੋਂ ਬਾਅਦ ਇੱਥੇ ਬਹੁਤ ਸਾਲਾਂ ਤੋਂ ਇਸ ਕਿੱਤੇ ਵਿਚ ਸਫਲਤਾ ਸਹਿਤ ਕੰਮ ਕਰ ਰਹੇ ਹਨ। ਇਹ ਗੱਲ ਵੀ ਧਿਆਨ ਦੇਣ ਯੋਗ ਹੈ ਕਿ ਕਈ ਡਾਕਟਰਾਂ ਨੂੰ ਤਾਂ ਇਸ ਖਿੱਤੇ ਵਿੱਚ ਚਾਲੀ ਸਾਲ ਤੋਂ ਵੀ ਉਪਰ ਹੋ ਚੁਕੇ ਹਨ। ਇਨ੍ਹਾਂ ਵਿੱਚੋਂ ਸਿਰ ਕੱਢਵੇਂ ਨਾਂ ਹਨ- ਡਾ. ਗੁਰਦਿਆਲ ਸਿੰਘ ਬਸਰਾਨ, ਡਾ. ਰਛਪਾਲ ਸਿੰਘ ਬਾਜਵਾ, ਡਾ. ਜਗਜੀਤ ਸਿੰਘ ਕਾਲੇਕਾ, ਡਾ. ਇਜਾਜ਼ ਅਲਵੀ, ਡਾ. ਜਗਜੀਤ ਸਿੰਘ ਬਰਾੜ ਅਤੇ ਹੋਰ। ਬਾਕੀ ਬਹੁਤੇ ਡਾਕਟਰ ਸਾਹਿਬਾਨ ਅੱਸੀਵੇਂ ਦਹਾਕੇ ਤੋਂ ਬਾਅਦ ਅਮਰੀਕਾ ਵਿੱਚ ਸਫਲ ਜੀਵਨ ਅਤੇ ਕਲੀਨੀਸ਼ੀਅਨ ਦਾ ਕੰਮ ਆਪੋ-ਆਪਣੀਆਂ ਪ੍ਰੈਕਟਿਸਾਂ ਵਿੱਚ ਕਰ ਰਹੇ ਹਨ।
ਇੰਡੀਅਨ ਅਮੈਰਿਕਨ ਵੈਟਰਨਰੀ ਮੈਡੀਕਲ ਐਸੋਸੀਏਸ਼ਨ (ਮਿਡਵੈਸਟ ਚੈਪਟਰ) ਦੀ ਪਿਛਲੇ ਦਿਨੀਂ ਹੋਈ ਇਸ ਸਾਲ ਦੀ ਮੀਟਿੰਗ ਵਿੱਚ ਤਕਰੀਬਨ ਪੱਚੀ ਡਾਕਟਰ ਸਾਹਿਬਾਨ ਨੇ ਹਾਜ਼ਰੀ ਭਰੀ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਿਲ ਹੋਏ। ਸ਼ਾਮ ਨੂੰ ਕਰੂਜ਼ ਰਾਹੀਂ ਸ਼ਿਕਾਗੋ ਰਿਵਰ ਦੀ ਗੇੜੀ ਲਾਉਂਦਿਆਂ ਸ਼ਹਿਰ ਦਾ ਨਜ਼ਾਰਾ ਲਿਆ ਗਿਆ, ਜਿਸ ਵਿੱਚ ਸ਼ਿਕਾਗੋ ਦਾ ਆਰਕੀਟੈਕਚਰ ਟੂਰ ਵੀ ਸ਼ਾਮਿਲ ਸੀ। ਇਹ ਕਰੂਜ਼ ਤਕਰੀਬਨ ਤਿੰਨ ਘੰਟੇ ਚੱਲਿਆ, ਜਿਸ ਵਿਚ ਪੰਜਾਬੀ ਗੀਤ-ਸੰਗੀਤ ਤੇ ਭੰਗੜੇ ਵੀ ਪਾਏ ਗਏ। ਅਗਲੇ ਦਿਨ ਮਰਕ ਫਾਰਮਾਸਿਉਟਿਕਲ ਦੇ ਉਦਮ ਨਾਲ ਇੱਕ ਸੈਮੀਨਾਰ ਵੀ ਕਰਵਾਇਆ ਗਿਆ, ਜਿਸ ਦੌਰਾਨ ਡਾ. ਗੁਰਦਿਆਲ ਸਿੰਘ ਬਸਰਾਨ ਸਮੇਤ ਹੋਰਨਾਂ ਡਾਕਟਰਾਂ ਨੇ ਸੰਬੋਧਨ ਕੀਤਾ। ਇਸ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਮਿਲਵਾਕੀ ਤੋਂ ਡਾ. ਰਾਜਿੰਦਰ ਸਿੰਘ ਸੰਧੂ ਨੇ ਆਏ ਡਾਕਟਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਇਸ ਸਫਲ ਮੀਟਿੰਗ `ਤੇ ਸਾਰਿਆਂ ਨੂੰ ਵਧਾਈਆਂ ਦੇ ਕੇ ਅਲਵਿਦਾ ਕਿਹਾ।
ਮੀਟਿੰਗ ਵਿੱਚ ਡਾ. ਇੰਦਰਬੀਰ ਸਿੰਘ ਗਿੱਲ, ਡਾ. ਭੁਪਿੰਦਰ ਬੇਰੀ, ਡਾ. ਅਮਰਦੀਪ ਸਿੰਘ ਸੰਘਾ, ਡਾ. ਮਨਦੀਪ ਸਿੰਘ ਸੋਖੀ, ਡਾ. ਉਮੇਸ਼ ਸ਼ਰਮਾ, ਡਾ. ਵਿਕਰਮਜੀਤ ਸਿੰਘ ਢਿੱਲੋਂ, ਡਾ. ਰਮਿੰਦਰ ਕੌਰ ਨੱਤ, ਡਾ. ਸੁਖਵਿੰਦਰ ਸਿੰਘ, ਡਾ. ਗੁਰਸ਼ਰਨ ਸਿੰਘ ਸੰਧੂ, ਡਾ. ਲਿਆਕਤ ਅਲੀ, ਡਾ. ਮੁਹੰਮਦ ਰਹਿਮਾਨ, ਡਾ. ਜਸਕਰਨ ਸਿੰਘ ਸੰਘਾ, ਡਾ. ਅਭੀਸ਼ੇਕ ਤ੍ਰਿਪਾਠੀ ਅਤੇ ਹੋਰ ਡਾਕਟਰ ਸਾਹਿਬਾਨ ਸ਼ਾਮਲ ਸਨ।
ਜ਼ਿਕਰਯੋਗ ਹੈ ਕਿ ਇਹ ਐਸੋਸੀਏਸ਼ਨ 2016 ਵਿੱਚ ਬਣੀ ਸੀ। ਪੱਛਮੀ ਕੋਸਟ `ਤੇ ਪਹਿਲਾਂ ਹੀ ਕੁਝ ਸਾਲਾਂ ਤੋਂ ਉਥੋਂ ਦੇ ਵੈਟਰਨਰੀ ਡਾਕਟਰਾਂ ਨੇ ਇਹ ਐਸੋਸੀਏਸ਼ਨ ਬਣਾਈ ਹੋਈ ਸੀ, ਜਿਸ ਤੋਂ ਸੇਧ ਲੈ ਕੇ ਮਿਡਵੈਸਟ ਚੈਪਟਰ ਬਣਾਇਆ ਗਿਆ। ਇਸ ਵਿੱਚ ਇਲੀਨਾਏ, ਵਿਸਕਾਨਸਿਨ, ਮਿਸ਼ੀਗਨ, ਓਹਾਇਓ ਅਤੇ ਟੈਕਸਸ ਤੋਂ ਮੈਂਬਰ ਸ਼ਾਮਿਲ ਕੀਤੇ ਗਏ; ਪਰ ਪਿਛਲੇ ਸਾਲ ਤੋਂ ਮਿਸ਼ੀਗਨ ਦੇ ਮੈਬਰਾਂ ਨੇ ਆਪਣੀ ਐਸੋਸੀਏਸ਼ਨ ਵੱਖ ਕਰਨ ਦਾ ਫ਼ੈਸਲਾ ਕਰ ਲਿਆ ਸੀ।
ਮਿਡਵੈਸਟ ਚੈਪਟਰ ਦੇ ਪਹਿਲੇ ਪ੍ਰਧਾਨ ਡਾ. ਪਰਦੀਪ ਸਿੰਘ ਨੂੰ ਨਿਯੁਕਤ ਕੀਤਾ ਗਿਆ ਸੀ, ਉਪਰੰਤ ਡਾ. ਸਰਬਜੀਤ ਸਿੰਘ ਭੰਡਾਲ ਨੇ ਇਸਦੀ ਕਮਾਨ ਸੰਭਾਲੀ ਅਤੇ ਮਿਲਵਾਕੀ ਤੋਂ ਡਾ. ਗੁਰਚਰਨ ਸਿੰਘ ਗਰੇਵਾਲ ਇਸਦੇ ਤੀਜੇ ਪ੍ਰਧਾਨ ਸਨ। ਹਾਲ ਹੀ ਵਿੱਚ ਪ੍ਰਧਾਨਗੀ ਦੀ ਜ਼ਿੰਮੇਵਾਰੀ ਮਿਲਵਾਕੀ ਤੋਂ ਡਾ. ਰਾਜਿੰਦਰ ਸਿੰਘ ਸੰਧੂ ਕੋਲ ਹੈ। ਡਾ. ਗੁਰਦਿਆਲ ਸਿੰਘ ਬਸਰਾਨ, ਡਾ. ਸਰਬਜੀਤ ਸਿੰਘ ਭੰਡਾਲ, ਡਾ. ਲਖਵਿੰਦਰ ਸਿੰਘ ਢਿੱਲੋਂ ਅਤੇ ਡਾ. ਗੁਰਚਰਨ ਸਿੰਘ ਗਰੇਵਾਲ ਇਸਦੇ ਬੋਰਡ ਆਫ ਡਾਇਰੈਕਟਰ ਵਜੋਂ ਸੇਵਾ ਨਿਭਾਅ ਰਹੇ ਹਨ। ਅਗਜੈਕਟਿਵ ਬੋਰਡ ਵਿੱਚ ਪ੍ਰਧਾਨ ਡਾ. ਸੰਧੂ ਤੋਂ ਇਲਾਵਾ ਡਾ. ਹਰਜੀਤ ਸਿੰਘ ਲੈਹਲ, ਡਾ. ਗੁਰਪ੍ਰੀਤ ਸਿੰਘ ਬਾਜਵਾ ਅਤੇ ਡਾ. ਜਾਵੇਦ ਇਕਬਾਲ ਸ਼ਾਮਲ ਹਨ।
ਇਹ ਦੱਸਣਾ ਵੀ ਜ਼ਰੂਰੀ ਹੈ ਕਿ ਅਮਰੀਕਾ ਵਿੱਚ ਭਾਰਤੀ ਮੂਲ ਦੇ ਵੈਟਰਨਰੀ ਡਾਕਟਰ, ਜੋ ਆਪਣੀਆਂ ਪ੍ਰੈਕਟਿਸਾਂ ਚਲਾ ਰਹੇ ਹਨ, ਦੀ ਗਿਣਤੀ ਤਕਰੀਬਨ ਸਾਢੇ ਚਾਰ ਸੌ ਹੈ। ਐਨੇ ਕੁ ਹੀ ਗਿਣਤੀ ਵਿੱਚ ਕੈਨੇਡਾ ਵਿੱਚ ਵੀ ਹੋਣ ਦੀ ਸੰਭਾਵਨਾ ਹੈ।